ਬਲਜੀਤ ਬਾਸੀ
ਰਾਜਪੂਤ ਆਪਣੇ ਰਾਜੇ-ਰਾਣੀਆਂ ਦੇ ਇਤਿਹਾਸ ਵਿਚ ਵਾਪਰੇ ਜੌਹਰਾਂ ਦਾ ਬਹੁਤ ਫਖ਼ਰ ਕਰਦੇ ਹਨ। ਮੱਧਕਾਲ ਵਿਚ ਰਾਜਪੂਤਾਨੇ ਦੇ ਰਾਜਪੂਤ ਰਾਜਿਆਂ ਵਿਚ ਇਕ ਪ੍ਰਥਾ ਸੀ ਕਿ ਜਦ ਉਨ੍ਹਾਂ ਨੂੰ ਯੁਧ ਦੌਰਾਨ ਹਾਰ ਯਕੀਨੀ ਹੋ ਜਾਂਦੀ, ਉਨ੍ਹਾਂ ਦੀਆਂ ਰਾਣੀਆਂ, ਹੋਰ ਔਰਤਾਂ ਅਤੇ ਕਈ ਹਾਲਤਾਂ ਵਿਚ ਬੱਚੇ ਵੀ ਆਤਮਦਾਹ ਕਰ ਲੈਂਦੇ। ਅਜਿਹਾ ਉਹ ਪਕੜੇ ਜਾਣ ਤੋਂ ਬਚਣ ਅਤੇ ਆਪਣੇ ਸਤੀਤਵ ਦੀ ਰਾਖੀ ਲਈ ਕਰਦੀਆਂ ਸਨ। ਇਸ ਆਪ ਸਹੇੜੀ ਮੌਤ ਨੂੰ ਜੌਹਰ ਆਖਿਆ ਜਾਂਦਾ ਹੈ।
ਇਹ ਰਸਮ ਸਤੀ ਜਿਹੀ ਹੀ ਸੀ ਤੇ ਮਕਸਦ ਵੀ ਲਗਭਗ ਉਹੋ। ਕਿਲੇ ਨੂੰ ਬਚਾਉਂਦੇ ਰਾਜਪੂਤ ਸੈਨਿਕਾਂ ਨੂੰ ਜਦ ਹਾਰ ਦਿਸਣ ਲਗਦੀ ਤਾਂ ਉਹ ਆਖਰੀ ਵਾਰ ਇਕ ਜ਼ੋਰ ਦਾ ਹੱਲਾ ਬੋਲਦੇ। ਜੇ ਆਪਣੇ ਯਤਨ ਵਿਚ ਸਫਲ ਨਾ ਹੋ ਸਕਦੇ ਤਾਂ ਕਿਲੇ ਦੀਆਂ ਸਾਰੀਆਂ ਔਰਤਾਂ ਆਤਮਦਾਹ ਕਰ ਲੈਂਦੀਆਂ। ਉਹ ਆਪਣੇ ਵਿਆਹ ਵਾਲੇ ਕੱਪੜੇ ਪਹਿਨ ਲੈਂਦੀਆਂ ਅਤੇ ਆਪਣੇ ਬੱਚਿਆਂ ਨੂੰ ਆਪਣੀ ਗੋਦੀ ਵਿਚ ਲੈ ਕੇ ਇਕ ਬਲਦੀ ਹੋਈ ਸਮੂਹਕ ਚਿਤਾ ਵਿਚ ਕੁੱਦ ਪੈਂਦੀਆਂ। ਆਪਣੀ ਵੀਰਤਾ ਦੀ ਨਿਸ਼ਾਨੀ ਵਜੋਂ ਉਹ ਆਪਣੇ ਸੱਜੇ ਪੰਜੇ ਦਾ ਨਿਸ਼ਾਨ ਇੱਕ ਮਿੱਟੀ ਦੀ ਕੰਧ ਤੇ ਲਾ ਦਿੰਦੀਆਂ ਸਨ। ਇਹ ਆਤਮਦਾਹ ਰਾਤ ਵੇਲੇ ਵੇਦਾਂ ਦੇ ਮੰਤਰਾਂ ਨਾਲ ਹੁੰਦਾ ਸੀ।
ਰਾਜਸਥਾਨ ਦੇ ਲੋਕ ਗੀਤਾਂ ਵਿਚ ਇਸ ਵੀਰਤਾ ਦਾ ਭਰਪੂਰ ਜ਼ਿਕਰ ਆਉਂਦਾ ਹੈ। ਇਸ ਤਰ੍ਹਾਂ ਉਨ੍ਹਾਂ ਦਾ ਸਰੀਰ ਦੁਸ਼ਮਣ ਦੇ ਹਮਲੇ ਤੋਂ ਅਣਲੱਗ ਤੇ ਸੁੱਚਾ ਰਹਿੰਦਾ ਸੀ। ਹਿੰਦੂ ਧਰਮ ਅਨੁਸਾਰ ਅਗਨੀ ਪਵਿਤਰਤਾ ਅਤੇ ਆਤਮ-ਮੁਕਤੀ ਦਾ ਦੁਆਰ ਹੈ। ਦੁਨੀਆਂ ਭਰ ਵਿਚ ਘੋਰ ਸਮਾਜਕ ਬਿਪਤਾ ਦੀ ਸਭ ਤੋਂ ਵਧ ਸਰੀਰਕ ਤੇ ਮਾਨਸਿਕ ਹਾਨੀ ਔਰਤਾਂ ਤੇ ਬੱਚਿਆਂ ਦੀ ਹੀ ਹੁੰਦੀ ਹੈ।
ਚਿਤੌੜ ਦੇ ਕਿਲੇ ਵਿਚ ਹੋਏ ਤਿੰਨ ਜੌਹਰ ਬਹੁਤ ਉਘੇ ਹਨ। 1303 ਵਿਚ ਦਿੱਲੀ ਦੇ ਸੁਲਤਾਨ ਅਲਾਉਦੀਨ ਖਿਲਜੀ ਨੇ ਚਿਤੌੜ ਦਾ ਕਿਲਾ ਘੇਰ ਲਿਆ। ਕਹਿੰਦੇ ਹਨ, ਗੁਹੀਲਿਆਂ ਨੇ ਬਹੁਤ ਬਹਾਦਰੀ ਨਾਲ ਕਿਲੇ ਦੀ ਰੱਖਿਆ ਕੀਤੀ ਪਰ ਅੰਤ ਹਾਰ ਗਏ। ਇਸ ਵਿਚ ਰਾਣੀ ਪਦਮਣੀ ਦੀ ਅਗਵਾਈ ਵਿਚ ਜੌਹਰ ਕੀਤਾ ਗਿਆ ਜਿਸ ਵਿਚ ਦੰਦ-ਕਥਾ ਅਨੁਸਾਰ 16000 ਰਮਣੀਆਂ ਸਤੀ ਹੋਈਆਂ। ਰਾਣਾ ਸਾਂਗਾ ਦੀ ਮੌਤ ਪਿਛੋਂ ਮੇਵਾੜ ਦਾ ਰਾਜ ਉਸ ਦੀ ਵਿਧਵਾ ਰਾਣੀ ਕਰਨਵਤੀ ਨੇ ਸੰਭਾਲਿਆ। ਇਸ ਦੌਰਾਨ ਗੁਜਰਾਤ ਦੇ ਰਾਜੇ ਬਹਾਦਰ ਸ਼ਾਹ ਨੇ ਹੱਲਾ ਬੋਲ ਦਿੱਤਾ। ਦੰਦ ਕਥਾ ਅਨੁਸਾਰ ਰਾਣੀ ਨੇ ਮੁਗਲ ਰਾਜੇ ਹਮਾਯੂੰ ਤੋਂ ਸਹਾਇਤਾ ਮੰਗੀ ਪਰ ਬਹੁਤ ਦੇਰੀ ਹੋ ਚੁੱਕੀ ਸੀ। ਬਹਾਦਰ ਸ਼ਾਹ ਨੇ ਕਿਲਾ ਤਹਿਸ-ਨਹਿਸ ਕਰ ਦਿੱਤਾ। ਰਾਣੀ ਕਰਨਵਤੀ ਦੀ ਅਗਵਾਈ ਵਿਚ ਦੂਜਾ ਵੱਡਾ ਜੌਹਰ ਵਾਪਰਿਆ। ਚਿਤੌੜ ਦਾ ਤੀਜਾ ਵੱਡਾ ਜੌਹਰ 22-23 ਫਰਵਰੀ ਦੀ ਰਾਤ ਨੂੰ ਹੋਇਆ, ਇਸ ਵਾਰੀ ਮੁਗਲ ਬਾਦਸ਼ਾਹ ਅਕਬਰ ਦੀਆਂ ਫੌਜਾਂ ਦੇ ਹਮਲੇ ਕਾਰਨ।
ਅਬੁਲ ਫਜ਼ਲ ਅਨੁਸਾਰ ਇਸ ਜੌਹਰ ਵਿਚ 300 ਔਰਤਾਂ ਨੇ ਆਤਮਦਾਹ ਕੀਤਾ। ਇਨ੍ਹਾਂ ਵਿਚ 9 ਰਾਣੀਆਂ, ਪੰਜ ਸ਼ਹਿਜ਼ਾਦੀਆਂ, ਉਨ੍ਹਾਂ ਦੀਆਂ ਧੀਆਂ, ਦੋ ਦੁੱਧ ਚੁੰਘਦੇ ਬਾਲ ਤੇ ਉਸ ਵਕਤ ਹਾਜ਼ਰ ਹੋਰ ਸਰਦਾਰਾਂ ਦੀਆਂ ਸੁਆਣੀਆਂ ਸ਼ਾਮਲ ਸਨ।
ਅੱਜ ਜੌਹਰ ਨੂੰ ਚਰਚਾ ਦਾ ਵਿਸ਼ਾ ਬਣਾਏ ਜਾਣ ਦਾ ਖਾਸ ਸਬੱਬ ਹੈ। ਪਿਛਲੇ ਦਿਨੀਂ ਮੈਂ ਪੰਜਾਬੀ ਲੇਖਕ ਤੇ ਆਲੋਚਕ ਜਲੌਰ ਸਿੰਘ ਖੀਵਾ ਦਾ ਇਕ ਲੇਖ ਪੜ੍ਹ ਰਿਹਾ ਸਾਂ, “ਜੰਗੀ ਮੁਹਾਵਰੇ ਤੇ ਕਹਾਵਤਾਂ”। ਇਸ ਵਿਚ Ḕਜੌਹਰ ਵਿਖਾਉਣਾḔ ਮੁਹਾਵਰੇ ਬਾਰੇ ਮੇਰੇ ਖਿਆਲ ਵਿਚ ਗਲਤ ਤਰ੍ਹਾਂ ਵਿਆਖਿਆ ਕੀਤੀ ਗਈ ਹੈ। ਲੇਖਕ ਅਨੁਸਾਰ “ਰਾਣੀਆਂ, ਦਾਸੀਆਂ, ਤੇ ਨੌਜਵਾਨ ਲੜਕੀਆਂ ਵਲੋਂ ਪਤ ਬਚਾਉਣ ਵਾਲੀ ਰੀਤ ਨੂੰ Ḕਜੌਹਰ ਵਿਖਾਉਣਾḔ ਦਾ ਨਾਂ ਦਿੱਤਾ ਗਿਆ ਹੈ ਪਰ ਬਾਅਦ ਵਿਚ ਸਮਾਂ ਪਾ ਕੇ ਇਸ ਮੁਹਾਵਰੇ ਦਾ ਅਰਥ ਬਦਲ ਕੇ ਬਹਾਦਰੀ ਵਿਖਾਉਣਾ ਬਣ ਗਿਆ ਜਿਵੇਂ ਅੱਜ ਕਲ੍ਹ ਅਸੀਂ ਵਰਤਦੇ ਹਾਂ।”
ਮੇਰੇ ਗਿਆਨ ਅਨੁਸਾਰ ਔਰਤਾਂ ਵਲੋਂ ਪਤ ਬਚਾਉਣ ਵਾਲੀ ਰੀਤ ਦੇ ਪ੍ਰਸੰਗ ਵਿਚ ਕਦੇ ਵੀ Ḕਜੌਹਰ ਵਿਖਾਉਣਾḔ ਮੁਹਾਵਰੇ ਦੀ ਵਰਤੋਂ ਨਹੀਂ ਹੋਈ ਬਲਕਿ ਇਸ ਲਈ Ḕਜੌਹਰ ਕਰਨਾḔ ਜਿਹੀ ਉਕਤੀ ਦੀ ਵਰਤੋਂ ਹੀ ਕੀਤੀ ਜਾਂਦੀ ਹੈ। ਦਰਅਸਲ ਜੌਹਰ ਨਾਂ ਦੇ ਦੋ ਹਮਨਾਮ ਸ਼ਬਦ ਹਨ। ਔਰਤਾਂ ਵਲੋਂ ਆਤਮਦਾਹ ਦੇ ਪ੍ਰਸੰਗ ਵਿਚ ਵਰਤੇ ਜਾਂਦੇ ਸ਼ਬਦ ਜੌਹਰ ਦੀ ਦੋ ਤਰ੍ਹਾਂ ਵਿਉਤਪਤੀ ਕੀਤੀ ਜਾਂਦੀ ਹੈ। ਇਕ ਅਨੁਸਾਰ ਇਹ ਬਣਿਆ ਹੈ ਜੀਵ+ਹਰ ਤੋਂ। ਇਥੇ ਜੀਵ ਤੋਂ ਭਾਵ ਮਨੁੱਖ ਦੇ ਅੰਦਰਲੀ ਜੀਵ ਆਤਮਾ ਜਾਂ ਜਾਨ ਹੈ ਤੇ ਹਰ ਤੋਂ ਭਾਵ ਹੈ ਨਾਸ ਕਰਨਾ ਜਾਂ ਖਤਮ ਕਰਨਾ। ਜੀਵ ਬਾਰੇ ਵੱਖਰਾ ਲੇਖ ਲਿਖਿਆ ਜਾ ਚੁੱਕਾ ਹੈ। ਹਰ ਸ਼ਬਦ ਦਾ ਧਾਤੂ ‘ਹ੍ਰੀ’ ਹੈ ਜਿਸ ਵਿਚ ਲੈ ਜਾਣਾ, ਚੁਰਾਉਣਾ, ਮਿਟ ਜਾਣਾ ਆਦਿ ਦੇ ਭਾਵ ਹਨ। ਹਿਰੇ ਦਾ ਅਰਥ ਹੁੰਦਾ ਹੈ, ਮਿਟਾਏ, “ਕੋਟਿ ਬਿਘਨ ਹਿਰੇ ਖਿਨ ਮਾਹਿ” (ਗੁਰੂ ਅਰਜਨ ਦੇਵ) ਅਰਥਾਤ ਕਰੋੜਾਂ ਰੁਕਾਵਟਾਂ ਪਲ ਵਿਚ ਮਿਟ ਜਾਂਦੀਆਂ ਹਨ। “ਜਿਸ ਪੇਖਤ ਕਿਲਵਿਖ ਹਿਰਹਿ” (ਗੁਰੂ ਅਰਜਨ ਦੇਵ); “ਕਈ ਜਨਮ ਗਰਭ ਹਿਰਿ ਖਰਿਆ” (ਗੁਰੂ ਅਰਜਨ ਦੇਵ)। Ḕਸੀਤਾ ਹਰਨḔ ਅਤੇ Ḕਚੀਰ ਹਰਨḔ ਸ਼ਬਦ ਜੁੱਟਾਂ ਵਿਚ ਆਇਆ ਇਹ ਸ਼ਬਦ ਸਭ ਨੇ ਪੜ੍ਹਿਆ-ਸੁਣਿਆ ਹੋਵੇਗਾ। ਸੀਤਾ ਹਰਨ ਵਿਚ ਰਾਵਣ ਵਲੋਂ ਸੀਤਾ ਨੂੰ ਚੁੱਕ ਲਿਜਾਣ ਤੋਂ ਭਾਵ ਹੈ ਅਤੇ ਚੀਰ ਹਰਨ ਵਿਚ ਦਰੋਪਦੀ ਦੇ ਕੱਪੜੇ ਲਹਿ ਜਾਣ ਤੋਂ।
ਟਰਨਰ ਅਨੁਸਾਰ ਇਹ ‘ਜੌਹਰ’ ਬਣਿਆ ਹੈ ‘ਜਤੁ+ਘਰ’ ਤੋਂ। ਇਥੇ ‘ਜਤੁ’ ਦਾ ਅਰਥ ਲਾਖ ਜਾਂ ਇਸ ਤੋਂ ਉਤਪੰਨ ਰਾਲ ਜਾਂ ਗੂੰਦ ਵੀ ਹੈ। ਜਤੁਘਰ ਜਿਸ ਨੂੰ ਸੰਸਕ੍ਰਿਤ ਵਿਚ ‘ਜਤੁ-ਗ੍ਰਹਿਮ’ ਕਿਹਾ ਜਾਂਦਾ ਹੈ, ਦਾ ਅਰਥ ਹੋਇਆ ਲਾਖ ਅਤੇ ਹੋਰ ਜਲਣਸ਼ੀਲ ਪਦਾਰਥਾਂ ਨਾਲ ਲਿਪਿਆ ਘਰ। ਮਹਾਭਾਰਤ ਵਿਚ ਇਸ ਸ਼ਬਦ ਦਾ ਜ਼ਿਕਰ ਆਇਆ ਹੈ। ਦੁਰਯੋਧਨ ਦੇ ਕਹਿਣ ਤੇ ਪੁਰੋਚਨ ਨੇ ਸੁੱਤੇ ਪਏ ਪਾਂਡਵਾਂ ਨੂੰ ਜਲਾਉਣ ਲਈ ਅਜਿਹਾ ਘਰ ਬਣਾਇਆ ਸੀ ਪਰ ਪਾਂਡਵਾਂ ਨੂੰ ਇਸ ਦਾ ਪਤਾ ਲੱਗ ਗਿਆ ਤਾਂ ਉਨ੍ਹਾਂ ਇਕ ਸੁਰੰਗ ਪੁੱਟ ਲਈ। ਫਿਰ ਪੰਜ ਪੁੱਤਰਾਂ ਵਾਲੀ ਇਕ ਸ਼ੂਦਰ ਔਰਤ ਨੂੰ ਸ਼ਰਾਬ ਪਿਲਾ ਕੇ ਪੁਰੋਚਨ ਅਤੇ ਬੱਚਿਆਂ ਸਮੇਤ ਘਰ ਜਲਾ ਕੇ ਮਾਰ ਦਿੱਤਾ ਤੇ ਆਪ ਸੁਰੰਗ ਤੋਂ ਬਾਹਰ ਆ ਗਏ। ਜੌਹਰ ਦੀ ਕਿਰਿਆ ਇਸ ਨਾਲ ਮਿਲਦੀ-ਜੁਲਦੀ ਹੈ ਤੇ ਸੰਭਵ ਹੈ, ਜਤੁਘਰ ਤੋਂ ਹੀ ਵਿਗੜਦਾ-ਵਿਗੜਦਾ ਜੌਹਰ ਸ਼ਬਦ ਬਣ ਗਿਆ ਹੋਵੇ। ਮੈਨੂੰ ਇਹ ਵਿਉਤਪਤੀ ਵਧੇਰੇ ਤਾਰਕਿਕ ਲਗਦੀ ਹੈ।
Ḕਜੌਹਰ ਦਿਖਾਉਣਾḔ ਮੁਹਾਵਰੇ ਵਿਚ ਆਇਆ ਜੌਹਰ ਫਾਰਸੀ ਅਸਲੇ ਦਾ ਹੈ ਤੇ ਇਸ ਦਾ ਉਪਰ ਵਰਣਿਤ ਜੌਹਰ ਨਾਲ ਕੋਈ ਸਬੰਧ ਨਹੀਂ। ਇਹ ਜੌਹਰ ਮੁਢਲੇ ਤੌਰ ‘ਤੇ ਫਾਰਸੀ ਸ਼ਬਦ ਹੈ ਤੇ ਇਸ ਵਿਚ ਇਸ ਦਾ ਪਹਿਲਾ ਰੂਪ ਸੀ ਗੌਹਰ। ਅਰਬੀ ਵਿਚ ਆ ਕੇ ਇਸ ਦਾ ਰੂਪ ਹੋਇਆ ਜੌਹਰ ਕਿਉਂਕਿ ਅਰਬੀ ਵਿਚ ‘ਗ’ ਧੁਨੀ ਨਹੀਂ ਸੀ ਹੁੰਦੀ। ਇਹ ਗੌਹਰ ਮੁੜ ਫਾਰਸੀ ਵਿਚ ਜੌਹਰ ਦੇ ਰੂਪ ਵਿਚ ਆ ਗਿਆ ਤੇ ਸਾਡੀਆਂ ਭਾਸ਼ਾਵਾਂ ਵਿਚ ਵੀ ਇਸ ਦਾ ਰੂਪ ਜੌਹਰ ਹੀ ਹੈ।
ਫਾਰਸੀ ਵਿਚ ਇਸ ਦਾ ਗੌਹਰ ਰੂਪ ਵੀ ਮਿਲਦਾ ਹੈ। ਦੋਨੋਂ ਸ਼ਬਦਾਂ ਦੇ ਲਗਭਗ ਇਕੋ ਅਰਥ ਹੀ ਹਨ ਯਾਨਿ ਕੀਮਤੀ ਪੱਥਰ, ਰਤਨ, ਮੋਤੀ; ਕਿਸੇ ਚੀਜ਼ ਦਾ ਸਾਰ, ਤੱਤ, ਅਸਲਾ, ਗੁਣ, ਖੂਬੀ; ਤਲਵਾਰ ਆਦਿ ਦੀ ਚਮਕ ਜੋ ਇਸ ਦੇ ਵਧੀਆ ਹੋਣ ਦੀ ਸੂਚਕ ਹੈ, “ਵਾਰਸ ਸ਼ਾਹ ਜਾਂ ਜ਼ੌਕ ਦੀ ਲੱਗੀ ਗੱਦੀ, ਜੌਹਰ ਨਿਕਲੇ ਅਸਲ ਤਲਵਾਰ ਦੇ ਨੇ।”
ਧਿਆਨ ਨਾਲ ਦੇਖੀਏ ਤਾਂ ਸਭ ਅਰਥਾਂ ਦਾ ਆਪਸ ਵਿਚ ਤਾਰਕਿਕ ਜੋੜ ਹੈ। ਇਸ ਵਿਚ ਮੁਖ ਭਾਵ ਚਮਕ ਆਦਿ ਦੇ ਦਿਖਾਈ ਦਿੰਦੇ ਹਨ। ਰਤਨ, ਮੋਤੀ ਜਾਂ ਹੋਰ ਕੀਮਤੀ ਪੱਥਰ ਚਮਕਦਾਰ ਹੀ ਹੁੰਦੇ ਹਨ। ਚਮਕ ਕਿਸੇ ਵੀ ਵਸਤੂ ਦੇ ਵਧੀਆ ਅਤੇ ਮੌਲਿਕ ਹੋਣ ਦਾ ਸਬੂਤ ਹੈ ਇਸ ਲਈ ਇਸ ਵਿਚ ਤੱਤ, ਸਾਰ, ਅਸਲਾ ਗੁਣ ਆਦਿ ਦੇ ਭਾਵ ਸਮਾ ਗਏ। ਜਦੋਂ ਅਸੀਂ ਕਹਿੰਦੇ ਹਾਂ ਕਿ ਉਹ ਤਾਂ ਹੀਰਾ ਹੈ ਤਾਂ ਇਸ ਦਾ ਭਾਵ ਹੁੰਦਾ ਹੈ ਕਿ ਉਹ ਹੀਰੇ ਦੀ ਤਰ੍ਹਾਂ ਗੁਣਵਾਨ, ਆਭਾ ਵਾਲਾ ਹੈ। ਹੀਰੇ ਦਾ ਮੁਖ ਗੁਣ ਇਸ ਦੀ ਚਮਕ ਹੀ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕੁਝ ਇਕ ਵਾਰੀ ਗਉਹਰ ਸ਼ਬਦ ਆਇਆ ਹੈ ਪਰ ਇਥੇ ਇਸ ਦਾ ਭਾਵ ਗਹਿਰਾ, ਗੰਭੀਰ ਹੈ, ਇਸ ਦਾ ਚਰਚਾ ਅਧੀਨ ‘ਗੌਹਰ’ ਨਾਲ ਕੋਈ ਸਬੰਧ ਨਹੀਂ। ਹਾਂ, ਮਹਾਨ ਕੋਸ਼ ਵਿਚ ਇਸ ਨੂੰ ਇਕ ਦੋ ਥਾਂਵਾਂ ‘ਤੇ ਮੋਤੀ ਆਦਿ ਅਰਥਾਂ ਵਿਚ ਦਰਸਾਇਆ ਗਿਆ ਹੈ ਜਿਵੇਂ, “ਗੁਰ ਗਉਹਰ ਦਰੀਆਉ” ਦਾ ਅਰਥ ਕੀਤਾ ਗਿਆ ਹੈ, “ਸਤਿਗੁਰੂ ਮੋਤੀਆਂ ਦਾ ਨਦ ਹੈ।” ਮੇਰੀ ਸਮਝ ਅਨੁਸਾਰ ਇਥੇ ਭਾਵ ‘ਸਤਿਗੁਰੂ ਗੰਭੀਰ ਹੈ’ ਹੋਣਾ ਚਾਹੀਦਾ ਹੈ। ਇਥੇ ਆ ਕੇ ਹੀ ਅਸੀਂ ‘ਜੌਹਰ ਦਿਖਾਉਣਾ’ ਮੁਹਾਵਰੇ ਦੇ ਅਰਥ ਸਮਝ ਸਕਦੇ ਹਾਂ। ਇਸ ਵਿਚ ਮੁਢਲਾ ਭਾਵ ਹੈ, ਆਪਣੇ ਅੰਦਰੂਨੀ ਗੁਣ ਪ੍ਰਗਟ ਕਰਨੇ, ਆਪਣਾ ਅਸਲਾ ਦਿਖਾਉਣਾ ਜਿਵੇਂ ‘ਸਿੱਖਾਂ ਨੇ ਅਮਰੀਕੀ ਆਜ਼ਾਦੀ ਦੇ ਸਮਾਗਮਾਂ ਵਿਚ ਗਤਕੇ ਦੇ ਜੌਹਰ ਦਿਖਾਏ।’
ਜੌਹਰ ਖੁਲ੍ਹਣਾ ਜਾਂ ਖੋਲ੍ਹਣਾ ਦਾ ਅਰਥ ਦਿੰਦਾ ਹੈ, ਅੰਦਰੂਨੀ ਗੁਣ ਪ੍ਰਗਟ ਹੋਣੇ ਜਾਂ ਕਰਨੇ। ਅੱਠਵੀਂ ਜਮਾਤ ਵਿਚ ਮੈਨੂੰ ਭੌਤਿਕ-ਵਿਗਿਆਨ ਦਾ ਇਕ ਪਦ ‘ਜੌਹਰ ਉਡਾਉਣਾ’ ਬੜਾ ਅਜੀਬ ਜਿਹਾ ਲਗਦਾ ਸੀ। ਦਰਅਸਲ ਇਹ ਅੰਗਰੇਜ਼ੀ ਟਰਮ ਸੁਬਲਮਿe ਦਾ ਉਰਦੂ/ਫਾਰਸੀ ਅਨੁਵਾਦ ਹੈ ਜੋ ਪੰਜਾਬੀ ਵਿਚ ਅਪਨਾ ਲਿਆ ਗਿਆ। ਜੌਹਰ ਉਡਾਉਣਾ ਹੁੰਦਾ ਹੈ, ਕਿਸੇ ਠੋਸ ਵਸਤੂ ਨੂੰ ਗਰਮ ਕਰਕੇ ਤਰਲ ਅਵਸਥਾ ਵਿਚ ਲਿਜਾਏ ਬਿਨਾਂ ਵਾਸ਼ਪਾਂ ਵਿਚ ਬਦਲਨਾ। ਹਿਕਮਤ ਵਿਚ ਇਸ ਢੰਗ ਨਾਲ ਦਵਾਈਆਂ ਬਣਾਈਆਂ ਜਾਂਦੀਆਂ ਹਨ; ਤਦੇ ਤਾਂ ‘ਮਹਾਨ ਕੋਸ਼’ ਵਿਚ ਜੌਹਰ ਦਾ ਇਕ ਅਰਥ ਇਸ ਤਰ੍ਹਾਂ ਦਿੱਤਾ ਗਿਆ ਹੈ, “ਆਂਚ ਨਾਲ ਉਡਾਈ ਦਵਾ ਦਾ ਸਾਰ।” ਫਾਰਸੀ ਵਿਚ ‘ਜੌਹਰੀ ਤਮਰ’ ਇਮਲੀ ਦੇ ਸਤ (ਗਲਤ ਤੌਰ ‘ਤੇ ਟਾਟਰੀ) ਨੂੰ ਆਖਿਆ ਜਾਂਦਾ ਹੈ। ਇਸ ਤਰ੍ਹਾਂ ਬਣਾਈਆਂ ਕਈ ਦਵਾਈਆਂ ਦੇ ਨਾਂਵਾਂ ਵਿਚ ਜੌਹਰ ਸ਼ਬਦ ਆਉਂਦਾ ਹੈ।
ਜੌਹਰ ਤੋਂ ਹੀ ਜੌਹਰੀ ਸ਼ਬਦ ਬਣਿਆ ਅਰਥਾਤ ਹੀਰੇ ਜਵਾਹਰਾਂ ਦਾ ਪਾਰਖੂ। ‘ਨਾਨਕ ਪ੍ਰਕਾਸ਼’ ਵਿਚ ਇਕ ਚੌਪਈ ਹੈ,
ਵੇਚਹੁ ਜਾਇ ਤਹਾਂ ਇਹੁ ਲਾਲਾ
ਸੁਨਤਿ ਸ੍ਰੋਨ ਗਮਨੋ ਤਤਕਾਲਾ
ਜਾਇ ਜੌਹਰੀ ਕੋ ਦਿਖਰਾਯੋ
ਤੀਨਤਾਂਬ੍ਰਪਣ ਸਹਨਾਯੋ
ਕਈ ਸ਼ਹਿਰਾਂ ਵਿਚ ਜੌਹਰੀ ਬਾਜ਼ਾਰ ਹੁੰਦੇ ਹਨ। ਜੌਹਰ ਦਾ ਬਹੁਵਚਨ ਹੈ ਜਵਾਹਰ ਪਰ ਅਸੀਂ ਇਸ ਨੂੰ ਇਕਵਚਨ ਵਜੋਂ ਹੀ ਲੈਂਦੇ ਹਾਂ, “ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ” (ਗੁਰੂ ਨਾਨਕ ਦੇਵ)। ਇਸ ਬਹੁਵਚਨ ਦਾ ਹੋਰ ਬਹੁਵਚਨ ਬਣਾ ਲਿਆ ਗਿਆ ਹੈ, ਜਵਾਹਰਾਤ। ਵਿਅਕਤੀ ਨਾਂਵਾਂ ਵਿਚ ਵੀ ਇਸ ਦੀ ਵਰਤੋਂ ਹੁੰਦੀ ਹੈ ਜਿਵੇਂ ਜਵਾਹਰ ਲਾਲ।