ਕੁਰਸੀਏ ਹਤਿਆਰੀਏ, ਇਉਂ ਨਾ ਕਹਿਰ ਗੁਜ਼ਾਰੀਏæææ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਬੰਬ ਧਮਾਕਾæææ ਆਤਮਘਾਤੀ ਹਮਲਾæææ ਦਹਿਸ਼ਤਗਰਦਾਂ ਵੱਲੋਂ ਗੋਲਾਬਾਰੀæææ ਕਤਲੋਗਾਰਤ ਦਾ ਖੂਨੀ ਕਾਰਾæææ ਜਾਨ-ਮਾਲ ਦਾ ਖੂਨ-ਖਰਾਬਾæææ ਜਦ ਵੀ ਕਿਸੇ ਨਗਰ ਸ਼ਹਿਰ ਵਿਚ ਅਚਨਚੇਤੀ ਅਜਿਹਾ ਕੋਈ ਕਹਿਰ ਵਾਪਰਦਾ ਹੈ, ਤਦ ਕੋਈ ਵੱਡਾ ਰਾਜਸੀ ਆਗੂ ਘਟਨਾ ਸਥਾਨ ‘ਤੇ ਪਹੁੰਚ ਕੇ ਜਾਂ ਦੂਰ-ਨੇੜੇ ਦੇ ਕਿਸੇ ਹੋਰ ਸ਼ਹਿਰ ਵਿਚ ਪੱਤਰਕਾਰਾਂ ਸਾਹਮਣੇ ਗਰਮਾ-ਗਰਮ ਬਿਆਨ ਦਾਗਦਾ ਹੈ, ‘ਦਹਿਸ਼ਤਗਰਦੀ ਨੂੰ ਕੁਚਲ ਕੇ ਰੱਖ ਦਿੱਤਾ ਜਾਵੇਗਾæææ ਅਮਨ ਤੇ ਸ਼ਾਂਤੀ ਨੂੰ ਆਂਚ ਨਹੀਂ ਆਉਣ ਦਿਆਂਗੇæææ ਦੋਸ਼ੀ ਬਖ਼ਸ਼ੇ ਨਹੀਂ ਜਾਣਗੇæææ ਜਲਦ ਤੋਂ ਜਲਦ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂæææ

ਅਜਿਹੇ ਖੂਨੀ ਕਾਰੇ ਸਾਡਾ ਮਨੋਬਲ ਨਹੀਂ ਡੇਗ ਸਕਦੇæææ ਅਸੀਂ ਇਨ੍ਹਾਂ ਦੀ ਘੋਰ ਨਿੰਦਾ ਕਰਦੇ ਹਾਂæææ।'
ਮੀਡੀਆ ਵਿਚ ਇਹੋ ਜਿਹੀ ਸ਼ਬਦਾਵਲੀ ਵਾਲੇ ਬਿਆਨ ਪੜ੍ਹਦਿਆਂ ਸੁਣਦਿਆਂ ਆਮ ਜਨਤਾ ਸੋਚਦੀ ਹੈ ਕਿ ਸਾਡੇ ਨੇਤਾ ਜੀ ਕਿੰਨੀ ਦ੍ਰਿੜ੍ਹਤਾ ਨਾਲ ਅਤਿਵਾਦ ਦੀ ਨਿਖੇਧੀ ਕਰ ਰਹੇ ਹਨ ਅਤੇ ਉਹ ਬੇਦੋਸ਼ੇ ਲੋਕਾਂ ਦੀਆਂ ਜਾਨਾਂ ਜਾਣ 'ਤੇ ਤਨੋ-ਮਨੋ ਦੁਖੀ ਹਨ। ਅਤਿਵਾਦ ਦੀ ਲੜਾਈ ਵਿਰੁਧ ਸਰਕਾਰ ਚਲਾ ਰਹੇ ਆਗੂਆਂ ਦੀ 'ਸਖ਼ਤੀ' ਭੋਲੇ-ਭਾਲੇ ਨਾਗਰਿਕਾਂ ਦਾ ਦਿਲ ਜਿੱਤ ਲੈਂਦੀ ਹੈ, ਪਰ ਜੀਵਨ ਦੇ ਲੰਬੇ ਤਜਰਬਿਆਂ ਨਾਲ ਤੀਖਣ-ਬੁੱਧ ਹੋਏ ਲੋਕ ਜਾਣਦੇ ਹੁੰਦੇ ਨੇ ਕਿ ਇਹ ਲੀਡਰਾਂ ਵੱਲੋਂ ਵਗਾਏ ਜਾ ਰਹੇ ਮਗਰਮੱਛ ਦੇ ਹੰਝੂ ਵੀ ਹੋ ਸਕਦੇ ਨੇ। ਚੇਤਨ ਵਰਗ ਹਮੇਸ਼ਾ ਸਿਆਸਤ ਤੇ ਤਬਾਹੀ ਦੇ ਆਪਸੀ ਨਾਪਾਕ ਸਬੰਧਾਂ ਤੋਂ ਵਾਕਫ਼ ਹੁੰਦਾ ਹੈ। ਅਜਿਹੇ ਲੋਕਾਂ ਦੀ ਸੋਚਣੀ ਆਮ ਪਬਲਿਕ ਨਾਲੋਂ ਇਕਦਮ ਵੱਖਰੀ ਹੁੰਦੀ ਹੈ। ਉਨ੍ਹਾਂ ਨੂੰ ਸਿਆਸਤਦਾਨਾਂ ਦੀਆਂ ਕਪਟੀ ਚਾਲਾਂ ਦਾ ਭੇਤ ਹੁੰਦਾ ਹੈ,
ਬੜਾ ਗਹਿਰਾ ਤੁਆਲਕ ਹੈ ਸਿਆਸਤ ਸੇ ਤਬਾਹੀ ਕਾ,
ਕੋਈ ਭੀ ਸ਼ਹਿਰ ਜਲਤਾ ਹੈ ਤੋ ਦਿੱਲੀ ਮੁਸਕਰਾਤੀ ਹੈ।
ਮਿਸਾਲ ਵਜੋਂ ਨਵੰਬਰ ਚੁਰਾਸੀ ਦਾ ਸਮਾਂ ਲੈ ਲਓ। ਇਹ ਦਿੱਲੀ ਦੀ ਮੁਸਕਰਾਹਟ ਦਾ ਹੀ ਨਤੀਜਾ ਸੀ ਕਿ ਪੁਲਿਸ, ਅਰਧ ਸੈਨਿਕ ਬਲਾਂ ਤੇ ਫੌਜ ਦੇ ਹੁੰਦਿਆਂ ਵੀ ਸਿੱਖਾਂ ਦਾ ਬੇਖ਼ੌਫ਼ ਕਤਲੇਆਮ ਹੁੰਦਾ ਰਿਹਾ। ਸਿੱਖਾਂ ਦੀ ਜਾਇਦਾਦ, ਮਕਾਨ, ਦੁਕਾਨਾਂ ਸੜਦੇ ਰਹੇ ਅਤੇ ਵਿਧਵਾਵਾਂ ਦੇ ਵੈਣ, ਦਿੱਲੀ ਖੁਸ਼ ਹੋ ਕੇ ਦੇਖਦੀ/ਸੁਣਦੀ ਰਹੀ। ਇਸ ਮਨਹੂਸ ਸਮੇਂ ਤੋਂ ਸਾਲ ਡੇਢ ਸਾਲ ਪਹਿਲੋਂ ਜਦੋਂ ਮੁਲਕ ਦਾ ਬਣਨ ਵਾਲਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਚੰਡੀਗੜ੍ਹ ਆ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ 'ਧਾਰਮਿਕ ਸ਼ਖਸੀਅਤ' ਕਹਿ ਰਿਹਾ ਸੀ, ਤਾਂ ਉਸ ਸਮੇਂ ਦੂਰ ਕਿਤੇ ਪਹਾੜੀਆਂ ਵਿਚ ਦਰਬਾਰ ਸਾਹਿਬ ਕੰਪਲੈਕਸ ਦਾ ਮਾਡਲ ਬਣਾ ਕੇ ਸੰਤ ਭਿੰਡਰਾਂਵਾਲੇ ਨੂੰ ਖਤਮ ਕਰਨ ਦੀਆਂ ਜੰਗੀ ਮਸ਼ਕਾਂ ਕੀਤੀਆਂ ਜਾ ਰਹੀਆਂ ਸਨ।
ਰਾਜਗੱਦੀ ਉਤੇ ਆਪਣੇ ਹੀ ਖਾਨਦਾਨ ਦਾ ਕਬਜ਼ਾ ਜਮਾਈ ਰੱਖਣ ਲਈ ਰਾਜੇ-ਮਹਾਰਾਜੇ ਵੀ ਛਲ-ਕਪਟ ਦਾ ਸਹਾਰਾ ਲੈਂਦੇ ਰਹੇ। ਸਿਰੇ ਦੀ ਐਸ਼ਪ੍ਰਸਤ ਕਰਤੂਤਾਂ ਕਰਦਿਆਂ, ਪਰਜਾ ਨੂੰ ਬੇਵਕੂਫ਼ ਬਣਾ ਕੇ ਧਰਮੀ ਦੇਵਤੇ ਹੋਣ ਦਾ ਢੌਂਗ ਕਰਦੇ ਰਹੇ। ਹੁਣ ਭਾਵੇਂ ਕਹਿਣ ਨੂੰ ਲੋਕਰਾਜ ਹੈ, ਪਰ ਜਿਸ ਦਾ ਕੁਰਸੀ ਨੂੰ ਇਕ ਵਾਰ ਹੱਥ ਪੈ ਜਾਂਦਾ ਹੈ, ਬੱਸ ਫਿਰ ਉਹ ਇਸ ਨੂੰ ਆਪਣੇ ਖਾਨਦਾਨ ਦੀ ਵਿਰਾਸਤ ਬਣਾਈ ਰੱਖਣ ਲਈ ਹਰ ਹਰਬਾ ਵਰਤਦਾ ਹੈ। ਸਾਡੇ ਦੇਸੀ ਹਾਕਮ, ਹੱਸਦੇ-ਵੱਸਦੇ ਫਿਰਕਿਆਂ ਵਿਚ ਵੰਡੀਆਂ ਪਾਉਣ ਲਈ ਗੁਪਤ ਢੰਗ-ਤਰੀਕਿਆਂ ਨਾਲ ਆਪਣੇ 'ਖਾਸ ਮਿਸ਼ਨ' ਨੇਪਰੇ ਚਾੜ੍ਹਦੇ ਰਹਿੰਦੇ ਹਨ। 'ਬਹੁਤ ਦੁਖੀ ਮਨ' ਨਾਲ ਬੰਬ ਧਮਾਕਿਆਂ ਜਾਂ ਹੋਰ ਅਤਿਵਾਦੀ ਘਟਨਾਵਾਂ ਦੀ 'ਸਖਤ ਨਿੰਦਾ' ਕਰਨ ਦੀ ਕਲਾ ਵਿਚ ਨਿਪੁੰਨ ਹੋ ਕੇ ਇਹ ਇਹੋ ਜਿਹੀਆਂ ਗੁੱਝੀਆਂ ਛੁਰੀਆਂ ਚਲਾਉਂਦੇ ਨੇ ਕਿ ਲੋਕ ਦੰਗ ਰਹਿ ਜਾਂਦੇ ਹਨ,
ਵੋਹ ਤੋਂ ਬਸ ਹਾਥ ਹਿਲਾਤਾ ਹੈ, ਗੁਜ਼ਰ ਜਾਤਾ ਹੈ,
ਸ਼ਹਿਰ ਆ ਜਾਤੇ ਹੈਂ, ਵਹਿਸ਼ਤ ਕੇ ਅਸਰ ਮੇਂ ਖ਼ੁਦ ਹੀ।
ਮੰਦੇ ਭਾਗਾਂ ਨੂੰ ਹੁਣ ਮਰਨ-ਮਰਾਉਣ ਦੇ ਖੂਨੀ ਧੰਦੇ ਲਈ ਬੰਦੇ ਵੀ ਬਾਜ਼ਾਰ ਵਿਚ ਉਪਲਬਧ ਹੋਣ ਲੱਗੇ ਪਏ ਨੇ। ਬੱਸ, ਉਨ੍ਹਾਂ ਦਾ 'ਬਾਹਰੀ ਸਰੂਪ' ਲੋੜ ਮੁਤਾਬਕ ਅਦਲ-ਬਦਲ ਕਰ ਕੇ ਉਨ੍ਹਾਂ ਪਾਸੋਂ ਕੁਝ ਵੀ ਕਰਵਾਇਆ ਜਾ ਸਕਦਾ ਹੈ। ਕੋਈ ਹੁਕਮਰਾਨ ਦਹਿਸ਼ਤਗਰਦੀ ਦੀ ਕਿਸੇ ਖੂਨੀ ਵਾਰਦਾਤ ਉਪਰੰਤ ਕਿਸੇ ਦੀ ਘੋਰ ਨਿੰਦਾ ਕਰ ਰਿਹਾ ਹੋਵੇ, ਜਾਂ ਕਿਸੇ ਵਿਸ਼ੇਸ਼ ਧਿਰ ਦੀ ਪ੍ਰਸ਼ੰਸਾ, ਉਹ ਜ਼ਰੂਰੀ ਨਹੀਂ ਕਿ ਇੰਨ-ਬਿੰਨ ਸੱਚ ਹੋਵੇ। ਅੰਦਰਲੀ ਹਕੀਕਤ ਕੁਝ ਹੋਰ ਹੀ ਹੋ ਸਕਦੀ ਹੈ। ਆਪਣੇ ਉਲਟ ਜਾ ਰਹੀ ਕਿਸੇ ਲੋਕ ਲਹਿਰ ਨੂੰ ਔਝੜੇ ਪਾਉਣ ਜਾਂ ਆਪਣੇ ਹਿੱਤਾਂ ਮੁਤਾਬਕ ਢਾਲਣ ਲਈ ਹਾਕਮ ਲੋਕ 'ਖੂਨ ਪੀਣੇ ਨਾਟਕ' ਵੀ ਖੇਡਦੇ ਆਏ ਹਨ।
ਉਪਰੋਕਤ ਵਿਚਾਰਾਂ ਦੀ ਪ੍ਰੋੜਤਾ ਹਿੱਤ ਇਥੇ ਮੈਂ ਸਿੱਖ ਰਾਜ ਵੇਲੇ ਲਾਹੌਰ ਦਰਬਾਰ ਵਿਚ ਹੋਏ 'ਬਾਰੂਦੀ ਧਮਾਕੇ' ਦੀ ਇਤਿਹਾਸਕ ਝਾਕੀ ਵਰਣਨ ਕਰ ਰਿਹਾ ਹਾਂ। ਗ੍ਰੰਥਕਾਰਾਂ ਅਨੁਸਾਰ ਭਲੇ ਵੇਲਿਆਂ ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਸਿਹਤ ਪੱਖੋਂ ਕੁਝ ਕਮਜ਼ੋਰ ਹੋਇਆ ਤਾਂ ਦਰਬਾਰ ਵਿਚ ਉਸ ਦੇ ਜਾਨਸ਼ੀਨ ਦੀ ਗੱਲ ਚੱਲ ਪਈ। ਆਪਣੀ ਵਿਸ਼ੇਸ਼ 'ਸੁਨਹਿਰੀ ਕੁਰਸੀ' ਦੀ ਚਮਕ ਵੱਲ ਦੇਖ ਕੇ ਲਲਚਾਈਆਂ ਅੱਖਾਂ ਨਾਲ ਮਹਾਰਾਜੇ ਨੇ ਆਪਣੇ ਜਾਨਸ਼ੀਨ ਵਜੋਂ ਆਪਣੇ ਵੱਡੇ ਪੁੱਤਰ ਸ਼ਹਿਜ਼ਾਦਾ ਖੜਕ ਸਿੰਘ ਦਾ ਨਾਂ ਲਿਆ। ਕਹਿੰਦੇ, ਉਸੇ ਵੇਲੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਕਿਹਾ ਕਿ ਮਹਾਰਾਜਾ ਸਾਹਿਬ, ਇਹ ਕੋਈ ਖਾਨਦਾਨੀ ਰਾਜ ਨਹੀਂ। ਪੰਜਾਬ ਦੇ ਸਿੱਖਾਂ ਨੇ ਰਲ-ਮਿਲ ਕੇ ਖੂਨ ਡੋਲ੍ਹ ਕੇ ਸਿੱਖ ਰਾਜ ਕਾਇਮ ਕੀਤਾ ਹੈ, ਇਸ ਕਰ ਕੇ ਇਸ ਦਾ ਉਤਰਾਧਿਕਾਰੀ ਚੁਣਨ ਦਾ ਹੱਕ ਵੀ ਕਿਸੇ ਇਕੱਲੇ ਨੂੰ ਨਹੀਂ ਹੋ ਸਕਦਾ। ਯੋਗ ਸਮੇਂ ਸਿੱਖ ਆਪੇ ਹੀ ਵਾਰਿਸ ਚੁਣ ਲੈਣਗੇ। ਕੋਲ ਹੀ ਬੈਠੇ ਮਹਾਰਾਜੇ ਦੇ ਚਾਪਲੂਸ ਵਜ਼ੀਰ ਧਿਆਨ ਸਿੰਘ ਡੋਗਰੇ ਨੇ ਜਿਥੇ ਜਾਨਸ਼ੀਨੀ ਲਈ ਮਹਾਰਾਜੇ ਦੇ ਪੁੱਤਰ ਦੇ ਨਾਂ ਦੀ ਡਟ ਕੇ ਵਕਾਲਤ ਕੀਤੀ, ਉਥੇ ਸ਼ਾਮ ਸਿੰਘ ਅਟਾਰੀ ਦੇ ਸੁਝਾਅ ਦੀ ਕਰੜੀ ਨੁਕਤਾਚੀਨੀ ਕੀਤੀ। ਇਸ ਧੋਖੇਬਾਜ਼ ਵਜ਼ੀਰ ਨੇ ਲਾਹੌਰ ਦਰਬਾਰ ਵਿਚ ਐਸੇ ਹਾਲਾਤ ਬਣਾ ਦਿੱਤੇ ਕਿ ਅਟਾਰੀਵਾਲਾ ਸਰਦਾਰ ਆਪਣੇ ਘਰੇ ਜਾ ਬੈਠਾ (ਸਭਰਾਵਾਂ ਦੀ ਜੰਗ ਵੇਲੇ ਮਹਾਰਾਣੀ ਜਿੰਦਾਂ ਨੇ ਖ਼ਤ ਲਿਖ ਕੇ ਇਸ ਸਰਦਾਰ ਨੂੰ ਮਦਦ ਲਈ ਸੱਦਿਆ ਸੀ)।
ਮਹਾਰਾਜੇ ਦੇ ਅੱਖਾਂ ਮੀਟਦਿਆਂ ਹੀ ਧਿਆਨ ਸਿੰਘ ਖੁਦ ਮਹਾਰਾਜਾ ਬਣਨ ਦੇ ਸੁਪਨੇ ਲੈਣ ਲੱਗਾ। ਆਪਣੇ ਸੁਪਨੇ ਸਾਕਾਰ ਕਰਨ ਲਈ ਖੂਨੀ ਕਾਰੇ ਕਰਨੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਰਣਜੀਤ ਸਿੰਘ ਦੀ ਮੌਤ ਤੋਂ ਡੇਢ ਕੁ ਸਾਲ ਬਾਅਦ ਹੀ ਪੰਜ ਨਵੰਬਰ 1940 ਨੂੰ ਰਾਜਗੱਦੀ ਉਤੇ ਬੈਠੇ ਸ਼ਹਿਜ਼ਾਦਾ ਖੜਕ ਸਿੰਘ ਨੂੰ ਸਦਾ ਦੀ ਨੀਂਦ ਸੁਆ ਦਿੱਤਾ। ਖੜਕ ਸਿੰਘ ਦੇ ਅੰਤਿਮ ਸਸਕਾਰ ਮੌਕੇ ਹੀ ਉਸ ਦੇ ਹੋਣਹਾਰ ਨੌਜਵਾਨ ਪੁੱਤਰ ਕੰਵਰ ਨੌਨਿਹਾਲ ਸਿੰਘ ਨਾਲ ਜੋ ਸਲੂਕ ਕੀਤਾ, ਉਹ ਦਿਲ 'ਤੇ ਪੱਥਰ ਰੱਖ ਕੇ ਸੁਣਨ ਵਾਲਾ ਹੈ।
ਇਤਿਹਾਸਕਾਰਾਂ ਅਨੁਸਾਰ ਆਪਣੇ ਬਾਪ ਦੀ ਚਿਖਾ ਨੂੰ ਅੱਗ ਦੇਣ ਸਮੇਂ ਕੰਵਰ ਨੌਨਿਹਾਲ ਸਿੰਘ ਨੇ ਭਾਂਪਿਆ ਕਿ ਧਿਆਨ ਸਿੰਘ ਆਪਣੇ ਸਹਿਯੋਗੀਆਂ ਨਾਲ ਕੁਝ ਸ਼ੱਕੀ ਢੰਗ ਨਾਲ ਕਾਨਾਫੂਸੀ ਕਰ ਰਿਹਾ ਹੈ। ਕਿਸੇ ਸੰਭਾਵੀ ਖਤਰੇ ਦੇ ਬਚਾਅ ਲਈ, ਸ਼ਾਹੀ ਕਿਲ੍ਹੇ ਨੂੰ ਵਾਪਸ ਮੁੜਦਿਆਂ ਕੰਵਰ ਨੌਨਿਹਾਲ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਸਕੇ ਭਤੀਜੇ ਮੀਆਂ ਊਧਮ ਸਿੰਘ ਦੀ ਬਾਂਹ ਵਿਚ ਬਾਂਹ ਪਾ ਲਈ। ਇਹ ਦੋਵੇਂ ਨੌਜਵਾਨ ਡਿਓੜੀ ਦੇ ਉਸ ਦਰਵਾਜ਼ੇ ਵੱਲ ਤੁਰੇ ਜਾ ਰਹੇ ਸਨ ਜਿਸ ਦੇ ਛੱਜੇ ਦੀਆਂ ਕੁਝ ਇੱਟਾਂ ਪੁੱਟ ਕੇ ਇਸ ਵਿਚ ਬਾਰੂਦ ਭਰਿਆ ਹੋਇਆ ਸੀ। ਕਰਨਲ ਬਿਜੈ ਸਿੰਘ ਕੁਝ ਸਿਪਾਹੀਆਂ ਸਮੇਤ ਲੁਕਵੇਂ ਢੰਗ ਨਾਲ ਬੈਠਾ ਬਾਰੂਦ ਨੂੰ ਪਲੀਤਾ ਲਾਉਣ ਲਈ 'ਗੁਪਤ ਇਸ਼ਾਰੇ' ਦੀ ਉਡੀਕ ਕਰ ਰਿਹਾ ਸੀ ਜੋ ਰੁਮਾਲ ਹਿਲਾ ਕੇ ਧਿਆਨ ਸਿੰਘ ਦੇ ਪੁੱਤ ਹੀਰਾ ਸਿੰਘ ਨੇ ਕਰਨਾ ਸੀ। ਹੀਰਾ ਸਿੰਘ ਨੇ ਜਦੋਂ ਦੇਖਿਆ ਕਿ ਉਹਦੇ ਚਾਚੇ ਦਾ ਪੁੱਤ ਭਰਾ 'ਸ਼ਿਕਾਰ' ਦੇ ਨਾਲ ਨਾਲ ਆ ਰਿਹਾ ਹੈ, ਉਸ ਨੇ ਇਸ਼ਾਰਿਆਂ ਨਾਲ ਆਪਣੇ ਬਾਪ ਨੂੰ ਪੁੱਛਿਆ ਕਿ ਹੁਣ ਕੀ ਕੀਤਾ ਜਾਏ?
ਕਹਿੰਦੇ ਨੇ, ਬੇਕਿਰਕ ਤੇ ਬੇਰਹਿਮ ਧਿਆਨ ਸਿੰਘ ਡੋਗਰੇ ਨੇ ਸੈਨਤਾਂ ਨਾਲ ਕਿਹਾ, 'ਸਾਡਾ ਇਕ ਊਧਮ ਸਿੰਘ ਮਰ ਜਾਵੇ, ਕੋਈ ਪਰਵਾਹ ਨਹੀਂ, ਪਰ ਕੰਵਰ ਜਿਉਂਦਾ ਕਿਲ੍ਹੇ ਵਿਚ ਨਹੀਂ ਜਾਣਾ ਚਾਹੀਦਾ।'
ਬਾਰੂਦ ਨੂੰ ਅੱਗ ਦੇ ਦਿੱਤੀ ਗਈ, ਛੱਜਾ ਸੁੱਟਿਆ ਗਿਆ। ਮੀਆਂ ਊਧਮ ਸਿੰਘ ਥਾਂਏਂ ਮਰ ਗਿਆ, ਪਰ ਕੰਵਰ ਦੇ ਕੰਨ ਕੋਲ ਮਾਮੂਲੀ ਜਿਹੀ ਸੱਟ ਲੱਗੀ। ਆਪਣੀ ਗਿਣੀ ਮਿਥੀ ਸਾਜ਼ਿਸ਼ ਨੂੰ ਪੂਰਾ ਕਰਨ ਲਈ ਧਿਆਨ ਸਿੰਘ ਦੇ ਸਹਿਯੋਗੀਆਂ ਨੇ ਮਾਮੂਲੀ ਫੱਟੜ ਕੰਵਰ ਨੌਨਿਹਾਲ ਸਿੰਘ ਨੂੰ ਪਾਲਕੀ ਵਿਚ ਪਾ ਕੇ ਫਟਾ-ਫਟ ਕਿਲ੍ਹੇ ਵਿਚ ਪਹੁੰਚਾ ਦਿੱਤਾ। ਮੁੱਕਦੀ ਗੱਲ, ਅੰਦਰ ਲਿਜਾ ਕੇ ਕੰਵਰ ਦੇ ਸਿਰ 'ਤੇ ਪੱਥਰ ਮਾਰ ਮਾਰ ਕੇ ਉਸ ਨੂੰ ਮੁਰਦਾ ਬਣਾ ਦਿੱਤਾ।
ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਦਰਬਾਰੀ ਡਾਕਟਰ ਮਿਸਟਰ ਜੇæਐਮæ ਹੌਨਿੰਗਬਰਗਰ ਅੰਦਰ ਬੁਲਾਇਆ ਗਿਆ। ਹੁਣ ਦੇਖੋ ਧਿਆਨ ਸਿੰਘ ਦੀ ਕਰਤੂਤ, ਅੰਦਰ ਆਏ ਡਾਕਟਰ ਨੂੰ ਘੂਰ ਕੇ ਕਹਿ ਦਿੱਤਾ ਕਿ ਕੰਵਰ ਦੀ ਮੌਤ ਦੀ ਖ਼ਬਰ ਬਾਹਰ ਨਾ ਨਿਕਲੇ, ਪਰ ਜਦੋਂ ਡਾਕਟਰ ਬਾਹਰ ਮੁੜਿਆ ਜਾ ਰਿਹਾ ਸੀ, ਤਾਂ ਨੀਚ ਧਿਆਨ ਸਿੰਘ ਨੇ ਉਚੀ ਆਵਾਜ਼ ਵਿਚ ਡਾਕਟਰ ਨੂੰ ਪੁੱਛਿਆ, "ਡਾਕਟਰ ਜੀ, ਕੰਵਰ ਸਾਹਿਬ ਕੁੱਕੜ ਦੀ ਤਰੀ ਮੰਗਦੇ ਹਨ, ਦੇ ਦੇਈਏ?"
ਇਹ ਸੀ ਰਾਜੇ ਰਣਜੀਤ ਸਿੰਘ ਦੀ ਸੁਨਹਿਰੀ ਕੁਰਸੀ ਉਤੇ ਆਪ ਬਹਿਣ ਦੇ ਸੁਪਨੇ ਲੈਂਦਿਆਂ ਅਕ੍ਰਿਤਘਣ ਗੋਂਦਾਂ ਗੁੰਦਣ ਵਾਲਾ ਧਿਆਨ ਸਿੰਘ, ਜਿਸ ਨੇ ਸ਼ੇਰੇ-ਪੰਜਾਬ ਦੇ ਜਿਉਂਦੇ ਜੀਅ ਆਪਣੇ ਧਰਮ ਗ੍ਰੰਥਾਂ ਉਤੇ ਹੱਥ ਰੱਖ ਕੇ ਸਿੱਖ ਰਾਜ ਦਾ ਵਫ਼ਾਦਾਰ ਰਹਿਣ ਦੀਆਂ ਕਸਮਾਂ ਖਾਧੀਆਂ ਸਨ, ਪਰ ਕੁਰਸੀ ਦੀ ਲਾਲਸਾ ਨੇ ਇਸ ਨੂੰ ਆਦਮੀ ਤੋਂ ਆਦਮਖੋਰ ਬਣਾ ਦਿੱਤਾ।
ਪੱਛਮੀ ਵਿਦਵਾਨ ਜੇਮਜ਼ ਫਰੀਮੈਨ ਕਲਾਰਕ ਲਿਖਦਾ ਹੈ, 'ਪੇਸ਼ਾਵਰ ਸਿਆਸਤਦਾਨ ਅਤੇ ਨੀਤੀਵਾਨ ਵਿਚ ਇਹੀ ਅੰਤਰ ਹੁੰਦਾ ਹੈ ਕਿ ਸਿਆਸਤਦਾਨ ਅਗਲੀਆਂ ਚੋਣਾਂ ਬਾਰੇ ਹੀ ਸੋਚਦਾ ਹੈ, ਜਦ ਕਿ ਨੀਤੀਵਾਨ ਅਗਲੀ ਵੰਸ਼ ਬਾਰੇ ਸੋਚਦਾ ਹੈ।'
ਸਾਡੇ ਮੁਲਕ ਵਿਚ 'ਅਗਲੀਆਂ ਚੋਣਾਂ ਦਾ ਫਿਕਰ' ਕਰਨ ਵਾਲੇ ਆਗੂ ਤਾਂ 'ਹਰ ਸ਼ਾਖ' ਉਤੇ ਬੈਠੇ ਹਨ, ਪਰ ਅਗਲੀ ਵੰਸ਼ ਬਾਰੇ ਸੋਚਣ ਵਾਲੇ ਨਦਾਰਦ ਹਨ! ਉਹ ਅਗਲੀਆਂ ਚੋਣਾਂ ਬਾਰੇ ਜੰਮ ਜੰਮ ਸੋਚਣ, ਪਰ ਅਗਲੀਆਂ ਚੋਣਾਂ 'ਜਿੱਤਣ ਲਈ' æææਕੁਰਸੀ ਮੱਲਣ ਵਾਸਤੇ ਜੀਆ-ਘਾਤ ਵਾਲੇ ਖੂਨੀ ਕਾਰੇ ਤਾਂ ਨਾ ਕਰਨ-ਕਰਵਾਉਣ ਸਾਡੇ ਇਹ ਲੀਡਰ ਲੋਕ।