ਵਰਤਮਾਨ ਯੁੱਗ ਵਿਚ ਮਨੁੱਖ ਦੀ ਅਸਹਿਣਸ਼ੀਲਤਾ ਨੇ ਇਹ ਸਮੱਸਿਆ ਖੜ੍ਹੀ ਕਰ ਦਿੱਤੀ ਹੈ ਕਿ ਜਿਹੜੇ ਲੋਕ ਕੁਝ ਨਹੀਂ ਕਰ ਸਕਦੇ, ਉਹ ਈਰਖਾ ਦੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਕੁਝ ਲੋਕ ਉਹ ਕੰਮ ਕਰ ਰਹੇ ਹਨ ਜਿਸ ਵਿਚ ਸਫ਼ਲ ਹੋਣ ਦੀ ਉਨ੍ਹਾਂ ਕੋਲ ਯੋਗਤਾ ਹੀ ਨਹੀਂ। ਅੰਦਰੋਂ ਸਾੜਾ ਕਰਨ ਵਾਲੇ ਲੋਕਾਂ ਦੀ ਪਛਾਣ ਔਖੀ ਹੈ, ਇਸੇ ਲਈ ਇਹੋ ਤੁਹਾਡੇ ਲਈ ਵੱਧ ਖਤਰਨਾਕ ਹੋ ਰਹੇ ਹਨ। ਸਾਡੀ ਰਾਜਨੀਤੀ ਵਿਚ ਕਿਉਂਕਿ ਯੋਗਤਾ ਨਾਲੋਂ ਤਜਰਬਾ ਜਾਂ ‘ਖਾਨਦਾਨੀ ਵੈਦਾਂ’ ਵਾਲੀ ਮੁਹਾਰਤ ਦਾ ਭਰਮ ਵੱਧ ਪੈਦਾ ਹੋ ਗਿਆ ਹੈ, ਇਸੇ ਲਈ ਪੜ੍ਹਿਆਂ ਨੂੰ ਹੁਣ ਅਨਪੜ੍ਹ ਲੁੱਟਣ ਲੱਗ ਪਏ ਹਨ। ਇਸ ਕਰ ਕੇ ਕਈ ਉਥੇ ਬੈਠ ਗਏ ਹਨ ਜਿਥੇ ਬੈਠਣਾ ਖਤਰਾ ਹੀ ਖਤਰਾ ਹੈ।
ਕਥਨ ਹੈ ਕਿ ਵਿਰੋਧ ਜਦੋਂ ਬੇਅਸੂਲੇ ਹੋ ਜਾਣ, ਤਾਂ ਨਫ਼ਰਤ ਦੀ ਬਦਬੂ ਉਠਦੀ ਹੈ ਪਰ ਜਦੋਂ ਉਸਾਰੂ ਵਿਰੋਧ ਖਿਲਾਫ ਡਾਂਗ ਚੁੱਕ ਲਈ ਜਾਵੇ, ਤਾਂ ਨਾਅਰਿਆਂ ਨੇ ਮੁਜ਼ਾਹਰਿਆਂ ਵਿਚ ਬਦਲਣਾ ਹੀ ਹੁੰਦਾ ਹੈ। ਦੁਨੀਆਂ ਦਿਨ ਚੜ੍ਹਦੇ ਨਾਲ ਹੋਰ ਹੋ ਜਾਂਦੀ ਹੈ, ਤੇ ਜਿਹੜੇ ਫਿਰ ਵੀ ਇਕੋ ਥਾਂ ਖਲੋ ਕੇ ਪੁਰਾਣੇ ਕਾਰਜਾਂ ਲਈ ਨਵੇਂ ਹਾਰਾਂ ਨਾਲ ਸੁਆਗਤ ਦੀ ਉਡੀਕ ਵਿਚ ਹਨ, ਉਨ੍ਹਾਂ ਨੂੰ ਵਕਤ ਨੇ ਆਪਣੇ ਆਪ ਹੀ ਪਿਛਾਂਹ ਧੱਕ ਦੇਣਾ ਹੁੰਦਾ ਹੈ। ਅਜਿਹੇ ਮਿੱਤਰਾਂ ਨੇ ਫਿਰ ਜਾਂ ਤਾਂ ਈਰਖਾ ਕਰਨੀ ਹੁੰਦੀ ਹੈ, ਜਾਂ ਸਾੜਾ ਜਾਂ ਬਿਨ ਸਿਰ-ਪੈਰ ਵਾਲਾ ਵਿਰੋਧ। ਇਨ੍ਹਾਂ ਦੀ ਹਾਲਤ ਉਸੇ ਲੀਡਰ ਵਰਗੀ ਹੁੰਦੀ ਹੈ ਜਿਹੜਾ ਇਹ ਸੋਚਦਾ ਹੈ ਕਿ ਪਰਜਾ ਉਹੀ ਰਹੇ ਤੇ ਚੋਣ ਨਿਸ਼ਾਨ ਵੀ ਪੁਰਾਣਾ ਹੀ, ਪਰ ਪਾਰਟੀ ਬਦਲ ਜਾਵੇ। ਅਸਲ ਵਿਚ ਆਪਣੇ ਹੱਕ ਵਿਚ ਵੀ ਇਹ ਵਿਰੋਧੀ ਨਾਅਰਾ ਲਾ ਰਹੇ ਹੁੰਦੇ ਹਨ। ਕਈ ਲੋਕ ਤੁਹਾਨੂੰ ਮਿਲੇ ਤਾਂ ਇਕ ਵਾਰ ਹੁੰਦੇ ਹਨ ਪਰ ਰਹਿੰਦੇ ਹਮੇਸ਼ਾ ਤੁਹਾਡੇ ਨਾਲ ਹਨ। ਕਈ ਹਰ ਮੋੜ ਉਤੇ ਰੋਜ਼ ਟੱਕਰਦੇ ਰਹੇ, ਦਿਲ ਨੇ ਉਨ੍ਹਾਂ ਲਈ ਜਿੰਦਾ-ਕੁੰਡਾ ਖੋਲ੍ਹਿਆ ਹੀ ਨਹੀਂ। ਜਿਹੜੇ ਸੁਸਤੀ ਤੇ ਵਿਹਲੇ ਰਹਿਣ ਨੂੰ ਆਰਾਮ ਕਹਿੰਦੇ ਨੇ, ਜ਼ਿੰਦਗੀ ਉਨ੍ਹਾਂ ਨੂੰ ਨਾਲਾਇਕ ਸਵੀਕਾਰ ਕਰ ਰਹੀ ਹੁੰਦੀ ਹੈ। ਜਿਹੜੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੁਕਾਉਣ ਦਾ ਦਾਅਵਾ ਕਰਨ ਲੱਗ ਪੈਣ, ਉਨ੍ਹਾਂ ਕੋਲ ਮਾਲ੍ਹ ਹੀ ਹੁੰਦੀ ਹੈ, ਚਰਖਾ ਟੁੱਟ ਗਿਆ ਹੁੰਦਾ ਹੈ। ਦੁਨੀਆਂ ਚੰਗੇਜ਼ ਖਾਨ, ਹਿਟਲਰ ਤੇ ਔਰੰਗਜ਼ੇਬ ਨੂੰ ਧੱਕੇ ਮਾਰਦੀ ਹੈ ਅਤੇ ਸੁਕਰਾਤ, ਬੁੱਧ, ਲਿੰਕਨ ਤੇ ਨਿਊਟਨ ਦੀ ਆਰਤੀ ਉਤਰ ਰਹੀ ਹੁੰਦੀ ਹੈ। ਕਿਉਂ? ਇਹੋ ਜ਼ਿੰਦਗੀ ਦਾ ਭੇਤ ਹੈ। ਰਾਜਨੀਤੀ ਦੇ ਉਖੜੇ ਹਾਲਾਤ ਨੇ ਹੀ ਅਜਿਹੇ ਸੁਪਨਿਆਂ ਦੀ ਸਿਰਜਣਾ ਨਹੀਂ ਕੀਤੀ ਲਗਦੀ?
ਐਸ਼ ਅਸ਼ੋਕ ਭੌਰਾ
“ਬਿਜਲੀ ਸਹੁਰੀ ਦੀ ਸਾਰੀ ਪਾਕਿਸਤਾਨ ਨੂੰ ਦੇ’ਤੀ, ਉਪਰੋਂ ਅੱਗ ਵਰ੍ਹਦੀ ਐ। ਦਰਖ਼ਤ ਦਾ ਪੱਤਾ ਨ੍ਹੀਂ ਹਿਲਦਾ, ਫਿਰ ਕਹਿੰਦੇ ਵੋਟਾਂ ਪਾਓ। ਇਹ ਸਾਰੇ ਉਪਰ ਆਲੇ ਤੇ ਥੱਲੇ ਆਲੇ ਖੂਨ ਈ ਪੀਣ ਲੱਗੇ ਆ ਹਮਾਤੜਾਂ ਦਾæææਕਿਉਂ ਸਰਪੰਚਾ?” ਸੁੱਚਾ ਸਿਹੁੰ ਨੰਬਰਦਾਰ ਨੇ ਤਪਦੀਆਂ ਇੱਟਾਂ ‘ਤੇ ਬੈਠਦਿਆਂ, ‘ਮਰ ਗਏ, ਇਹ ਵੀ ਜਿਵੇਂ ਹੁਣੇ ਭੱਠੇ ਵਿਚੋਂ ਲਿਆ ਕੇ ਰੱਖੀਆਂ ਹੁੰਦੀਆਂ ਨੇ’, ਕਹਿੰਦਿਆਂ ਪਿੱਪਲ ਹੇਠ ਆਸਣ ਲਾ ਲਿਆ।
“ਆਹ ਤਾਂ ਬਾਈ ਅਖਬਾਰ ਭਰੀ ਪਈ ਐ ਕਿ ਬਾਹਰਲੇ ਮੁਲਕਾਂ ਵਿਚ ਬੜੀ ਕੁਪੱਤ ਹੋਈ ਐ ਸਾਡੇ ਲੀਡਰਾਂ ਨਾਲ।” ਸਰਪੰਚ ਤੇਜਾ ਸਿੰਘ ਨੇ ਗੱਲ ਬਦਲਦਿਆਂ ਸੂਈ ਦੂਜੇ ਪਾਸੇ ਰੱਖ ਦਿੱਤੀ।
“ਸਰਪੰਚਾ, ਬੁਖਾਰ ਜੇ ਚੜ੍ਹਦਾ ਹੁੰਦੈ ਤਾਂ ਉਤਰਦਾ ਵੀ ਆ। ਕੱਛਾਂ ਨਾ ਵਜਾ ਤੂੰ, ਜਿਹੜੀਆਂ ਅਗਾਊਂ ਈ ਟੰਗ’ਤੀਆਂ ਦੋ ਦੋ ਝੰਡੀਆਂ ਚੁਬਾਰੇ ‘ਤੇ। ਕੁਪੱਤ ਤੇਰੇ ਆਲਿਆਂ ਨਾਲ ਵੀ ਉਨੀ ਈ ਕਰਨ ਨੂੰ ਕਾਹਲੇ ਆ ਲੋਕ। ਹੌਲੀ ਹੌਲੀ ਨੱਚ ਜੰਡਿਆਲਾ ਨੇੜੇ ਈ ਆ।”
“ਤੂੰ ਬੜਾ ਤੱਤਾ ਹੋਇਆ ਫਿਰਦੈਂ, ਤੇਰੇ ਨਾਲ ਘਰੋਂ ਹੋਈ ਲੱਗਦੀ ਐ। ਗੱਲ ਅੱਧ ਵਿਚੋਂ ਈ ਬੋਚ’ਲੀ?”
“ਚੰਗਾ ਭਲਾ ਬੰਦਾ ਤਾਂ ਊਂਈ ਗਰਮੀ ਵਿਚ ਉਬਲਿਆ ਫਿਰਦੈ, ਤੂੰ ਹੋਰ ਕੋਲੇ ਸੁੱਟ’ਤੇ। ਲੈ ਆਹ ਵੀ ਆ ਗਿਆ ਨਸ਼ੇ ਦਾ ਭੰਨਿਆ ਜਾਗਰ ਅਮਲੀ। ਨਾ ਲਹਿੰਦੀ ਨਾ ਚੜ੍ਹਦੀ। ਦੂਰੋਂ ਈ ਹਿੜ ਹਿੜ ਕਰਦਾ ਆਉਂਦੈ। ਦੰਦ ਦੇਖੋ ਇਹਦੇ ਕਰੇੜੇ ਖਾਧੇ ਜਿਵੇਂ ਤਾਜੀ ਤਾਜੀ ਕੜੀ ਖਾ ਕੇ ਕੁਰਲੀ ਨਾ ਕੀਤੀ ਹੋਵੇ!”
“ਬੜਾ ਖੁਸ਼ ਐਂ ਜਾਗਰਾ, ਮੂੰਹ ਤਾਂ ਥੋੜ੍ਹਾ ਖੋਲ੍ਹ। ਆਏਂ ਲਗਦੈ, ਜਿੱਦਾਂ ਹਲਦੀ ਦਾ ਫੱਕਾ ਮਾਰਿਆ ਹੋਵੇ।” ਸਰਪੰਚ ਨੇ ਉਹਦੇ ਬੈਠਣ ਤੋਂ ਪਹਿਲਾਂ ਈ ਹੋਰ ਅੱਗ ਲਾ ਦਿੱਤੀ।
“ਗੱਲ ਸੁਣ ਓ ਸਰਪੰਚਾ! ਕੀ ਸਮਝਦਾਂ ਤੂੰ ਆਪਣੇ ਆਪ ਨੂੰ? ਡਾਂਗ ਜਿਹੀ, ਜਿਵੇਂ ਬਾਂਸ ਨੂੰ ਪਲਸਤਰ ਕੀਤਾ ਹੋਵੇ। ਗ੍ਰਾਂਟਾਂ ਤੂੰ ਸਾਰੀਆਂ ਖਾ ਲਈਆਂ। ਪੈਨਸ਼ਨਾਂ ਬੁੜ੍ਹਿਆਂ ਦੀਆਂ ਤੂੰ ਨ੍ਹੀਂ ਛੱਡਦਾ। ਰੇਤਾ ਵੇਚ ਕੇ ਖੱਡ ਖਾ ਲਈ ਸਾਰੀ। ਪੁਲਿਸ ਦਾ ਤੂੰ ਟਾਊਟ ਐਂ। ਪਹਿਲਾਂ ਚਿੱਟੀ ਬੰਨ੍ਹਦਾ ਸੀ, ਹੁਣ ਨੀਲੀ ਬੰਨਦੈਂ। ਚੁਫ਼ੇਰ-ਗੜ੍ਹੀਆ ਕਿਸੇ ਥਾਂ ਦਾ। ਵੱਡਾ ਜੂਸਫ਼ ਸਮਝਦਾ ਆਪਣੇ ਆਪ ਨੂੰæææਮੈਂ ਤਾਂ ਕੋਈ ਚੱਜ ਦੀ ਗੱਲ ਦੱਸਣੀ ਸੀ। ਕੰਜਰ ਦੇ ਨੇ ਨੱਚਦੇ ਮੋਰ ਦਾ ਖੰਭ ਈ ਖਿੱਚ’ਤਾ।”
“ਢੈਲ਼ਾ ਹੋ ਢੈਲ਼ਾ ਜਾਗਰਾ। ਫਿਰ ਵੀ ਮੁਖੀ ਆ ਪਿੰਡ ਦਾ।” ਨੱਥਾ ਸਿਹੁੰ ਨੇ ਗੱਲ ਮੱਠੀ ਪਾਉਂਦਿਆਂ ਕਿਹਾ।
“ਨਾ ਇਹ ਸਮਝਦਾ ਕੀ ਐæææਮੇਰੇ ਦੰਦ ਪਰਖਦੈ। ਇਹਦੇ ਕੋਲ ਸਰੀਰ ਈ ਸਰੀਰ ਆ, ਸਾਡੇ ਕੋਲ ਜ਼ਮੀਰ ਐ। ਜਿੱਦਣ ਬੰਤਾ ਅਮਲੀ ਅੱਧਾ ਸੇਰ ਡੋਡਿਆਂ ਨਾਲ ਫੜਿਆ, ਇਹਨੇ ਪੂਰਾ ਤੀਹ ਹਜ਼ਾਰ ਦੁਆਇਆ ਪੁਲਿਸ ਨੂੰ। ਰੋਡੇ ਹਰਜੀਤ ਦੀ ਭੱਠੀ ਫੜਾ’ਤੀ। ਘਰਵਾਲਾ ਦੋ ਮਰਲੇ ਥਾਂ ਵੇਚ ਕੇ ਛੁੱਟਿਆ ਅਗਲਾ। ਹੁਣ ਨ੍ਹੀਂ ਇਹਨੂੰ ਦੀਹਦਾ, ਪਈ ਪਿੰਡ ਦੀ ਅੱਧੀ ਜੁਆਨੀ ਸਮੈਕ ਕਿਹਨੇ ਪੀਣ ਲਾਈ ਐ। ਕੁਪੱਤ ਤਾਂ ਇਥੇ ਵੀ ਇੱਦਾਂ ਦਿਆਂ ਨਾਲ ਹੋਣ ਆਲੀ ਐ।”
“ਚੱਲ ਓ ਮਾਰ ਲੈ ਗੁੱਸੇ ਨੂੰ। ਸੁਣਾ ਕੋਈ ਹਾਸੇ-ਠੱਠੇ ਆਲੀ, ਮਹੌਲ ਬਦਲ ਥੋੜ੍ਹਾ।”
“ਨੱਥਿਆ ਹਟਦਾ ਈ ਨ੍ਹੀਂæææਜਿਥੇ ਵੇਖਦੈ, ਉਥੇ ਮੇਰੀ ਵੱਢਣੀ ਕਰਦੈ। ਲੈ ਸਰਪੰਚਾ, ਤੂੰ ਜਿਹੜਾ ਆਪਣੇ-ਆਪ ਨੂੰ ਹੇਮਾ ਮਾਲਣੀ ਦਾ ਫੁੱਫੜ ਸਮਝਦੈਂ, ਹੁਣ ਜਾਗਰ ਨੂੰ ਐਵੇਂ ਨਾ ਸਮਝੀ, ਬੀਰਬਲ ਦੀ ਕੁੱਲ ਵਿਚੋਂ ਆ।”
“ਚੱਲ ਗਲਤੀ ਹੋ’ਗੀ ਭਰਾਵਾ, ਤੱਤਾ ਨਾ ਹੋ। ਹਾਅ ਸੁਣਾ ਤੂੰ ਕਿ ਬੀਰਬਲ ਦੀ ਕੁੱਲ ਵਿਚੋਂ ਤੂੰ ਕਿਵੇਂ ਆਂ? ਇਹ ਤਾਂ ਤੂੰ ਅੱਜ ਈ ਦੱਸਿਆ।”
“ਲੈ ਫਿਰ ਸੁਣ, ਇਹ ਤਾਂ ਤੈਨੂੰ ਵੀ ਪਤਾ ਈ ਹੋਣਾ, ਬੀਰਬਲ ਕਾਲਾ ਵੀ ਰੱਜ ਕੇ ਸੀ ਤੇ ਬੇਢੱਬਾ ਜਿਹਾ ਵੀ।”
“ਆਹੋ।”
“ਹੁਣ ਚੁੱਪ ਕਰ ਕੇ ਸੁਣ ਜਿਵੇਂ ਲੀਡਰ ਹੁਣੇ ਹੁਣੇ ਬਾਹਰਲਿਆਂ ਦੀ ਸੁਣ ਕੇ ਆਏ ਆ।”
“ਡੱਟ ਈ ਘੁਮਾਈ ਜਾਨੈਂ, ਬੋਤਲ ਵੀ ਖੋਲ੍ਹ ਹੁਣ।”
“ਕਿੱਦਾਂ ਦਿਨ ਖੜ੍ਹੇ ਇਹਦੇ ਅੱਗ ਲੱਗੀ ਪਈ ਆ। ਨੱਥਿਆ ਇਹਨੇ ਤਾਂ ਵਿਚੇ ਟੋਕੀ ਜਾਣਾ, ਤੂੰ ਸੁਣæææ।”
“ਹਾਂ ਸੁਣਦੇ ਆਂ ਅਸੀਂ ਦੋਏ, ਹੁਣ ਨ੍ਹੀਂ ਮੂੰਹ ਖੋਲ੍ਹਦਾ ਕੋਈ।”
“ਅਕਬਰ ਨੇ ਇਕ ਵਾਰ ਬੀਰਬਲ ਨੂੰ ਕਿਹਾ, ਸਾਰੇ ਦਰਬਾਰੀ ਹੱਸਦੇ ਰਹਿੰਦੇ ਆ ਕਿ ਅਸੀਂ ਗੋਰੇ ਆਂ, ਤੇ ਇਹ ਕਾਲਾ ਪਰ ਗਿਆਨ ਧਿਆਨ ਬੜਾ ਜਾਣਦੈ।”
“ਜਾਗਰਾ ਆਹ ਲਿਆਂਦਾ ਸੁਆਦ, ਬੰਨ੍ਹ ਦੇ ਰੰਗ।”
“ਨੱਥਿਆ ਝਾੜ-ਝੰਬ ਮੈਂ ਤੇਰੀ ਵੀ ਕਰ ਦੇਣੀ ਆਂ, ਚੁੱਪ ਕਰ ਕੇ ਸੁਣ। ਬੀਰਬਲ ਕਹਿਣ ਲੱਗਾ, ਰੱਬ ਨੇ ਪਹਿਲਾਂ ਸ੍ਰਿਸ਼ਟੀ ਸਾਜੀ, ਫਿਰ ਬ੍ਰਿਛ, ਬੂਟੇ ਤੇ ਦਰਖਤ ਬਣਾਏ ਪਰ ਉਹਦਾ ਦਿਲ ਨਾ ਰੱਜਿਆ। ਫਿਰ ਉਹਨੇ ਸੋਚਿਆ, ਚਲੋ ਪਸ਼ੂ-ਪੰਛੀ ਬਣਾ ਕੇ ਦੇਖ ਲਓ। ਤੋਤੇ, ਮੋਰ, ਮੱਝਾਂ, ਗਾਵਾਂ, ਊਠ ਤੇ ਸ਼ੇਰ ਬਣਾ ਦਿੱਤੇ। ਚਿੱਤ ਫਿਰ ਵੀ ਨਾ ਰਾਜੀ ਹੋਇਆ, ਤਾਂ ਜਾ ਕੇ ਉਹਦਾ ਮਨ ਕੀਤਾ ਕਿ ਚਲੋ ਬੰਦੇ ਬਣਾਉਂਦੇ ਆਂ।”
“ਬੱਲੇ ਓਏ ਤੇਰੇ ਜਾਗਰਾæææ।”
“ਠਹਿਰ ਜਾ ਜਰਾ ਬੱਲੇ ਬੱਲੇ ਤਾਂ ਪੂਰੀ ਕਰੇਂਗਾ। ਚਾਰ ਰੁੱਤਾਂ ਤੇ ਚਾਰ ਦਿਸ਼ਾਵਾਂ ਵਾਂਗ ਚਾਰ ਬੰਦੇ ਬਣਾ ਲਏ। ਉਨ੍ਹਾਂ ਨੂੰ ਰੱਬ ਨੇ ਇਕ ਲਾਈਨ ਵਿਚ ਖੜ੍ਹਾ ਕਰ ਲਿਆ। ਸਾਹਮਣੇ ਚਾਰ ਨੁੱਕਰਾਂ ਵਿਚ ਧਨ, ਸੂਰਤ, ਅਕਲ ਤੇ ਬਲ ਰੱਖ’ਤੇ। ਰੱਬ ਨੇ ਹੁਕਮ ਚਾੜ੍ਹਿਆ, ਚੱਕੋ ਬਈ ਜਿਹਦਾ ਜੋ ਜੀਅ ਕਰਦਾ। ਬੀਰਬਲ ਨੇ ਭੱਜ ਕੇ ਅਕਲ ਚੱਕ ਲਈ, ਕਿਸੇ ਨੇ ਦਾਰਾ ਸਿਹੁੰ ਵਾਂਗੂੰ ਬਲ।”
“ਬਾਕੀ?”
“ਉਹ ਵੀ ਦੱਸਦਾਂæææਜਿਹੜੇ ਪੈਸੇ ਚੱਕਣ ਦੌੜੇ, ਉਹ ਲੀਡਰ ਬਣ ਗਏ, ਤੇ ਜਿਹੜੇ ਸਰਪੰਚ ਵਾਂਗੂੰ ਸੂਰਤ ਪਿੱਛੇ ਪੈ ਗਏ, ਉਹ ਰਹਿ ਗਏ ਫਿਰ ਅਕਲੋਂ ਖਾਲੀ।”
“ਸਦਕੇ ਤੇਰੇ ਜਾਗਰਾ, ਅੱਜ ਢਾਹਿਆ ਈ ਸਰਪੰਚ।” ਤੇਜਾ ਸਿੰਘ ਨੇ ਦੋ ਹੱਥ ਹੁੰਦੇ ਵੇਖ ਕੇ ਆਪ ਹੀ ਮਜ਼ਾਕ ਵਿਚ ਹੱਥ ਪਿਛਾਂਹ ਖਿੱਚ ਲਏ।
“ਲਓ ਬਈ ਆ ਗਿਆ ਮੱਦੋਕਿਆਂ ਦਾ ਪੂਰਨ ਵੀ, ਇਹ ਵੀ ਪਾਊ ਪੂਰੀ। ਇਹ ਤਾਂ ਨੱਥੇ ਨਾਲੋਂ ਵੀ ਵੱਧ ਖੁਸ਼ ਲਗਦੈ!” ਸਰਪੰਚ ਦੀ ਗੱਲ ਵਿਚੋਂ ਟੋਕ ਕੇ ਨੱਥਾ ਸਿਹੁੰ ਕਹਿਣ ਲੱਗਾ, “ਚੰਡੀਗੜ੍ਹ ਮਿਲ ਗਿਐ?”
“ਧਾਰਾਂ ਲੈਣੀਆਂ! ਅਸੀਂ ਤਾਂ ਸੁਣਿਆਂ ਈ ਆ, ਵੇਖਿਆ ਤਾਂ ਹੈ ਈ ਨ੍ਹੀਂ ਪਰ ਰਾਤੀਂ ਜਿਹੜਾ ਸੁਫ਼ਨਾ ਆਇਆ, ਉਹਦੀਆਂ ਕਿਆ ਬਾਤਾਂ। ਚੰਡੀਗੜ੍ਹ ਤਾਂ ਸ਼ੈਅ ਈ ਕੁਛ ਨ੍ਹੀਂ।” ਪੂਰਨ ਥੜ੍ਹੇ ਨਾਲ ਢਾਸਣਾ ਲਾ ਕੇ ਹੀ ਖਲੋ ਗਿਆ।
“ਤੂੰ ਦੱਸ ਕਿਹੜਾ ਲਾਹੌਰ ਵਿਚ ਗਿੱਧਾ ਪੈਂਦਾ ਦੇਖਿਆ?”
“ਬਈ ਰਾਤੀਂ ਹਾੜੇ ਤਾਂ ਚਾਰ ਕੁ ਈ ਲਾਏ ਸੀ, ਨੀਂਦ ਦੀਆਂ ਕਮਾਲਾਂ ਹੋ ਗਈਆਂ।”
“ਡੰਗਰਾਂ ਕੋਲ ਸੌਂਦਾਂ, ਮੱਖੀਆਂ ਵਰਗਾ ਮੱਛਰ ਐ, ਚੱਕਿਆ ਨੀਂਦ ਦਾ, ਪੱਖਾ ਵੀ ਇਕ ਐ।”
“ਹਾ ਹੀ ਤਾਂ ਗੱਲ ਐ ਨੱਥਿਆ। ਬਹੂ ਤੇ ਮੁੰਡਾ ਪਾਲਾ ਸਹੁਰੀਂ ਗਏ ਤੀ। ਭਰਜਾਈ ਤੇਰੀ ਆਂਹਦੀ, ਲਾਹ ਅੱਜ ਨੀਂਦ ਰੱਜ ਕੇ। ਪਹਿਲਾਂ ਮੰਜਾ ਆਪਣਾ, ਫੇਰ ਮੇਰਾ ਤੇ ਅੱਗੇ ਫਰਾਟੇ ਆਲਾ ਪੱਖਾ। ਬਿਜਲੀ ਵੀ ਇਕ ਬਿੰਦ ਨ੍ਹੀਂ ਗਈ।”
“ਇਹ ਫਿਰ ਕਿਹੜੀ ਖਾਸ ਗੱਲ ਐ?”
“ਅੱਗੇ ਤਾਂ ਸੁਣ, ਅੱਖ ਲੱਗਣ ਦੀ ਦੇਰ ਤੀ, ਮੈਂ ਚੰਡੀਗੜ੍ਹæææਉਥੇ ਰੌਲਾ ਪਵੇ ਕਿ ਅਕਬਰ ਬਹਿ ਗਿਆ ਗੱਦੀ ‘ਤੇ। ਸਲਾਹਕਾਰ ਵੀ ਉਹੀ ਬੀਰਬਲ, ਤੇ ਦਰਬਾਰ ਲੱਗਾ ਹੋਇਆ।”
“ਉਥੇ ਤਾਂ ਚਿੜੀ ਨ੍ਹੀਂ ਫੜਕਦੀ, ਤੈਨੂੰ ਲੈ ਗਏ ਅੰਦਰ ਸੈਕਟਰੀਏਟ ਸ਼ਰਾਬੀ-ਕਬਾਬੀ ਨੂੰ।”
“ਨੱਥਾ ਤਾਂ ਹੀ ਕਹਿੰਦਾ, ਪਈ ਸਰਪੰਚਾæææਸ਼ਕਲ ਈ ਸ਼ਕਲ ਐ, ਅਕਲ ਦਾ ਤਾਂ ਭੋਰਾ ਨ੍ਹੀਂ। ਮੈਂ ਸੁਫ਼ਨਾ ਸੁਣਾਉਨੈ।”
“ਅੱਛਾ ਠੀਕ ਐ, ਸੁਣਾ ਫਿਰ!”
“ਪੂਰਨਾ, ਬਈ ਤੂੰ ਤੇ ਜਾਗਰ ਤਾਂ ਜਿਵੇਂ ਸਲਾਹ ਕਰ ਕੇ ਈ ਆਏ ਹੁੰਦੇ ਓ, ਉਹ ਵੀ ਅਕਬਰ-ਬੀਰਬਲ ਦੀਆਂ ਕਹਾਣੀਆਂ ਈ ਸੁਣਾ ਕੇ ਹਟਿਐ।”
“ਜਾਗਰਾ, ਰਾਤ ਜਿੱਦਾਂ ਮੇਰੀ ਪਹਿਲੀ ਰਾਤ ਵਾਂਗੂ ਲੰਘੀ, ਉਹ ਸੁਣ।”
“ਛੜਾ ਸਾਲਾ ਜਾਗਰ, ਇਹਨੂੰ ਕੀ ਪਤਾ ਰਾਤਾਂ ਰੂਤਾਂ ਦਾ। ਤੂੰ ਗੱਲ ਕਰ ਅੱਗੇæææ।”
“ਅੱਛਾ! ਅਕਬਰ ਬਹਿ ਗਿਆ ਕੁਰਸੀ ‘ਤੇ। ਪੂਰਾ ਭੀੜ-ਭੜੱਕਾ। ਖਬਰਾਂ ਵਾਲੇ, ਟੈਲੀਵਿਜ਼ਨ ਆਲੇ ਭੱਜੇ ਫਿਰਨ। ਚਿੱਟੀਆਂ ਟੋਪੀਆਂ ਆਲੇ ਆਮ ਬੰਦੇ ਪਿੱਛੇ ਖੜ੍ਹੇ ਹੈਰਾਨ ਹੋਣ, ਪਈ ਵਾਰੀ ਤਾਂ ਸਾਡੀ ਆਉਣ ਵਾਲੀ ਸੀ, ਇਹ ਅਕਬਰ ਬੀਰਬਲ ਕਿਧਰੋਂ ਆ ਗਏ।”
“ਫੋੜਾ ਛਿੱਲੇਂਗਾ, ਤਪਿਆਂ ਨੂੰ ਹੋਰ ਤਪਾਏਂਗਾæææਚੱਲ ਫਿਰ ਕੀ ਕਹਿੰਦੇ ਸੀ ਲੋਕ?”
“ਅਕਬਰ ਹਾਲੇ ਲੋਕਾਂ ਦੀ ਗੱਲ ਸੁਣਨ ਹੀ ਲੱਗਾ ਤੀ, ਭਰਾਵੋæææਇਕ ਤੀਵੀਂ ਤਵੇ ਦੀ ਥਾਂ ਰੋਟੀਆਂ ਪਕਾਉਣ ਵਾਲੀ ਵੱਡੀ ਤਵੀ ਚੱਕ ਕੇ ਗਈ ਭੱਜੀ ‘ਗਹਾਂ ਨੂੰ। ਅਖੇ, ਮੈਂ ਇਹਦਾ ਪਾਰਸ ਬਣਾਉਣੈ ਰਾਜੇ ਦਾ ਹੱਥ ਲੁਆ ਕੇ। ਉਹਨੂੰ ਪਹਿਰੇਦਾਰਾਂ ਨੇ ਮਸਾਂ ਰੋਕਿਆ, ਬੀਬੀ ਮਹਾਰਾਜਾ ਰਣਜੀਤ ਸਿਹੁੰ ਨ੍ਹੀਂ, ਇਹ ਅਕਬਰ ਐ! ਉਹ ਵਿਚਾਰੀ ਦੁਹੱਥੜਾਂ ਮਾਰ ਕੇ ਪਿੱਟੇ ਕਿ ਮੈਂ ਤਾਂ ਵਾਹੋ-ਦਾਹੀ ਦੌੜੀ ਆਈ ਸੀ, ਪਈ ਕਈ ਸਾਲਾਂ ਦਾ ਰੌਲਾ ਪੈਂਦਾ ਸੀ ਕਿ ਰਾਜੇ ਰਣਜੀਤ ਸਿਹੁੰ ਦਾ ਰਾਜ ਆਉਣ ਵਾਲੈ, ਜਿਹੜਾ ਲੋਹੇ ਦਾ ਪਾਰਸ ਬਣਾਉਂਦਾ ਹੁੰਦਾ ਸੀ।”
“ਆਹ ਦੇਖ ਲੈ ਨੱਥਿਆ, ਇਹਨੂੰ ਸ਼ਰਾਬੀ-ਕਬਾਬੀ ਪੂਰਨ ਕਹਿੰਦੇ ਆ, ਕਾਂ ਵਾਂਗੂੰ ਟਕਾ ਟਕਾ ਕੇ ਠੋਲੇ ਮਾਰਦੈ ਸਿਰ ਵਿਚ।” ਸਰਪੰਚ ਤੇਜਾ ਸਿਹੁੰ ਨੇ ਟੋਰਾ ਲਾਇਆ।
“ਚੱਲ ਤੂੰ ਗੱਲ ਪੂਰੀ ਕਰ।”
“ਬਈ ਜਾਗਰਾ, ਬੀਰਬਲ ਅਕਬਰ ਨੂੰ ਕਹਿਣ ਲੱਗਾ, ਜਹਾਂ ਪਨਾਹ! ਜ਼ਮਾਨਾ ਹੁਣ ਮਸ਼ੀਨਾਂ ਦਾ ਐ। ਗੱਲ ਲੋਕਾਂ ਦੀ ਸੁਣੋ, ਹੁਣ ਉਹ ਪੁਰਾਣੀਆਂ ਗੱਲਾਂ ਨ੍ਹੀਂ ਰਹੀਆਂ, ਤੇ ਨਾ ਚੰਮ ਦੀਆਂ ਚੱਲਣੀਆਂæææ। ਬਈ ਇਹ ਕਹਿਣ ਦੀ ਦੇਰæææਬੀਬੀ ਇਕ ਖੜ੍ਹ ਗਈ ਚੜ੍ਹ ਕੇ ਕੁਰਸੀ ‘ਤੇ। ਆਂਹਦੀ ਚੰਮ ਦੀਆਂ ਚਲਾਉਣ ਆਲਿਆਂ ਤੋਂ ਰੱਜ ਕੇ ਦੁਖੀ ਆਂ। ਪਹਿਲਾਂ ਵੋਟਾਂ ਮੰਗਦੇ ਆ, ਫਿਰ ਲੁੱਟਦੇ ਆ, ਉਤੋਂ ਕੁੱਟਦੇ ਵੀ ਆ, ਫਿਰ ਸਿਰ ਪਲੋਸਦੇ ਆ ਕਿ ਘੁੱਟ ਲਾ ਲਓ, ਛਿੱਟ ਲਾ ਲਓ, ਚਿੱਟਾ ਖਿੱਚ ਲੋ। ਜੇ ਭਾਈ ਤੂੰ ਵੀ ਮੂਰਖ ਬਣਾਉਣੈਂ, ਤਾਂ ਹੁਣੇ ਭੱਜ ਲੈ!”
“ਫਿਰ ਕੀ ਬੋਲਿਆ ਅਕਬਰ?”
“ਬੋਲਿਆ ਤਾਂ ਚਲੋ ਨਹੀਂ, ਮੂੰਹ ਜ਼ਰੂਰ ਢਿੱਲਾ ਜਿਹਾ ਕਰ ਲਿਆ, ਪਈ ਸਾਡੇ ਵੇਲੇ ਤਾਂ ਇੱਦਾਂ ਦਾ ਹੁੰਦਾ ਈ ਕੁਝ ਨ੍ਹੀਂ ਸੀ। ਗੱਲ ਅੱਗੇ ਤੁਰ ਪਈ। ਦੂਜੇ ਬੰਨਿਓਂ ਇਕ ਹੋਰ ਬੋਲ ਪਿਆ ਕਿ ਬਾਦਸ਼ਾਹ ਸਲਾਮਤ! ਕਰੋ ਭਲਾ, ਤੁਸੀਂ ਜ਼ਮਾਨੇ ਨੂੰ ਛੱਡੋ, ਉਹੀ ਟਾਂਗੇ ਚਲਾ ਦਿਓ, ਬੱਸਾਂ ਵਿਚ ਤਾਂ ਸਾਡੀਆਂ ਧੀਆਂ-ਭੈਣਾਂ ਹਉਕੇ ਲੈ ਲੈ ਚੜ੍ਹਦੀਆਂ। ਮੰਤਰੀ ਕੁੱਟਦੇ ਆ, ਡਾਂਗਾਂ ਵਰ੍ਹਦੀਆਂ। ਖਜ਼ਾਨਾ ਖਾਲੀ ਐ, ਘਰ ਭਰੇ ਪਏ ਆ। ਜੀਅ ਨ੍ਹੀਂ ਹੁੰਦਾ, ਬੱਸ ਹੁਣ ਤੁਸੀਂ ਨਾ ਛੱਡ ਕੇ ਜਾਇਓ।”
“ਪੂਰਨਾ, ਬੀਰਬਲ ਤਾਂ ਬੜਾ ਚਤੁਰ ਬੰਦਾ ਸੀ, ਉਹਨੇ ਬਾਦਸ਼ਾਹ ਨੂੰ ਕੋਈ ਸਵਾਲ ਨ੍ਹੀਂ ਕੀਤਾ।”
“ਉਹਨੇ ਕੀ ਕਰਨਾ ਸੀ, ਅਕਬਰ ਨੇ ਹੀ ਉਸ ਨੂੰ ਪੁੱਛ ਲਿਆ, ਲੋਕ ਦੁਖੀ ਕਿਉਂ ਨੇ, ਧੀਆਂ-ਭੈਣਾਂ ਸਿਆਪੇ ਕਿਉਂ ਕਰ ਰਹੀਆਂ ਨੇ, ਨੌਜਵਾਨ ਕੁਰਾਹੇ ਕਿਉਂ ਪੈ ਗਏ ਨੇ, ਬੀਰਬਲ ਰਾਜ਼ ਕੀ ਐ? ਬੀਰਬਲ ਦੀ ਹਾਜ਼ਰ ਜੁਆਬੀ ਦਾ ਪਤਾ ਈ ਐæææਬੋਲਿਆ, ਬਾਦਸ਼ਾਹ ਸਲਾਮਤ! ਰਾਜ਼ ਇਹੋ ਹੈ ਕਿ ਇਹ ਸਭ ਕੁਝ ਉਥੇ ਵਾਪਰਦਾ ਹੈ ਜਿਥੇ ਰਾਜ ਨਾ ਹੋਵੇ। ਅਕਬਰ ਤਾਂ ਭਰਾਵੋ ਗੁੱਸੇ ਹੋ ਗਿਆ, ਪੁੱਛਣ ਲੱਗਾ ਕਿ ਇਥੇ ਦੀ ਪੁਲਿਸ ਕੀ ਕਰਦੀ ਐ? ਬੀਰਬਲ ਨੇ ਆਉਂਦੀ ਫਿਰ ਬੋਚ ਲਈ, ਜਹਾਂ ਪਨਾਹ! ਲੋਕਾਂ ਦੀਆਂ ਜੇਬਾਂ ਖਾਲੀ ਕਰਦੀ ਐ, ਛਿੱਤਰਪ੍ਰੇਡ ਕਰਦੀ ਐ, ਝੂਠੇ ਪਰਚੇ ਦਰਜ ਕਰਦੀ ਐ, ਆਪ ਨਸ਼ੇ ਕਰਦੀ ਐ, ਮੰਤਰੀਆਂ ਦੀ ਜੀ ਹਜ਼ੂਰੀ ਕਰਦੀ ਐ। ਅੱਛਾæææਬੀਰਬਲ! ਫਿਰ ਤਾਂ ਆਪਾਂ ਨੂੰ ਕੁਛ ਕਰਨਾ ਈ ਪੈਣਾਂ। ਪਿੱਛੇ ਖੜ੍ਹੇ ਮਾਸਟਰਾਂ ਨੇ ਵੀ ਨਾਅਰੇ ਲਾ’ਤੇ- ਬਾਦਸ਼ਾਹ ਜਾਇਓ ਨਾ, ਸਾਡੇ ਟੱਬਰ ਭੁੱਖੇ ਮਰ ਰਹੇ ਨੇ। ਸਾਲ ਸਾਲ ਤਨਖਾਹਾਂ ਨ੍ਹੀਂ ਮਿਲਦੀਆਂæææ।”
“ਬੀਰਬਲ ਖਜ਼ਾਨੇ ਦੀ ਕੀ ਪੁਜ਼ੀਸ਼ਨ ਹੈ? ਅਕਬਰ ਨੇ ਪੁੱਛਿਆ, ਤਾਂ ਉਹ ਕਹਿਣ ਲੱਗਾ-ਬਾਦਸ਼ਾਹ ਸਲਾਮਤ! ਇਹੋ ਗੱਲ ਔਖੀ ਹੈ, ਟੁੱਟੀ ਬੰਸਰੀ ਨਾਲ ਕ੍ਰਿਸ਼ਨ ਨਹੀਂ ਬਣਿਆ ਜਾਣਾ। ਖਜ਼ਾਨਾ ਗੰਜੇ ਦੇ ਸਿਰ ਵਾਂਗ ਜਮ੍ਹਾਂ ਖਾਲੀæææਉਲਟਾ ਕਰਜ਼ਾ ਆ ਗੋਡੇ ਗੋਡੇ।”
“ਪੈਸਾ ਗਿਆ ਕਿਥੇ?”
“ਉਨ੍ਹਾਂ ਦੀ ਜੇਬ ਵਿਚ।”
“ਕਿਨ੍ਹਾਂ ਦੀ?”
“ਜਿਨ੍ਹਾਂ ਕੋਲ ਚਾਬੀਆਂ ਸਨ।”
ਜਦ ਨੂੰ ਇਕ ਬੀਬੀ ਲੇਰ ਮਾਰ ਕੇ ਦੁਹੱਥੜ ਪਿੱਟੀ, ‘ਬਾਦਸ਼ਾਹ ਜੀ! ਮੇਰੇ ਦੋ ਪੁੱਤ ਸਮੈਕ ਪੀ ਕੇ ਮਰ ਗਏ ਨੇ, ਮੈਂ ਕੀ ਕਰਾਂ? ਤੁਸੀਂ ਹੁਣ ਗੱਦੀ ਨਾ ਛੱਡਿਓ।’
ਅਕਬਰ ਬੋਲਿਆ, ‘ਬੀਰਬਲ ਇਹ ਸਮੈਕ ਕੀ ਬਲਾ ਐ, ਮੈਂ ਪਹਿਲੀ ਵਾਰ ਨਾ ਸੁਣਿਆਂ।’
‘ਸਰਕਾਰੀ ਗ੍ਰਾਂਟ।’
‘ਕਰ ਦਿਓ ਹੁਕਮ ਅੱਜ ਤੋਂ ਅਕਬਰ ਦਾ ਰਾਜ ਐæææ ਸਭ ਖੁਸ਼ੀ ਵੱਸਣਗੇ। ਖਜ਼ਾਨਾ ਜਿੱਥੇ ਗਿਆ, ਵਾਪਸ ਲਿਆਂਦਾ ਜਾਵੇਗਾ।’
ਬਈ ਜਦ ਨੂੰ ਵੱਜ ਪਏ ਹੂਟਰ, ਆ ਗਈ ਪੁਲਿਸ਼ææਇਹ ਅਕਬਰ ਹੁੰਦਾ ਕੌਣ ਐ ਸਾਡੀ ਜੱਦੀ ਜਗੀਰ ਉਤੇ ਕਬਜ਼ੇ ਕਰਨ ਦੇ ਸੁਪਨੇ ਲੈਣ ਵਾਲਾ?
ਹਫੜਾ-ਦਫੜੀ ਮੱਚ ਗਈ। ਜਾਣ ਨਾ, ਫੜ ਲਵੋ, ਢਾਅ ਲਵੋæææਮੈਂ ਵੀ ਭੱਜਣ ਲੱਗਾ ਤਾਂ ਪੱਖੇ ਵਿਚ ਵੱਜੀ ਲੱਤæææ ਪੱਖਾ ਲੱਗਾ ਮੱਝ ਦੇ ਗਿੱਟੇ ਵਿਚ, ਤੇ ਮੱਝ ਨੇ ਮਾਰੀ ਲੱਤ, ਭਾਨੀ ਦਾ ਦੁੱਧ ਢੇਰੀ। ਫਿਰ ਉਹਨੇ ਲਾਹ ਲਈ- ਬਿਮਾਰੀ ਪੈਣਾ, ਇਹਨੂੰ ਪੱਖੇ ਥੱਲੇ ਵੀ ਨ੍ਹੀਂ ਚੈਨ, ਮਾਰਾਂ ਤੇਰੇ ਫੌੜਾ ਸਿਰ ਵਿਚ, ਡੂਢ ਸੌ ਦਾ ਦੁੱਧ ਰੋੜ੍ਹ’ਤਾæææ।”
“ਚਲੋ ਫਿਰ ਚਲੀਏ ਸਰਪੰਚ ਸਾਹਿਬ। ਤੁਸੀਂ ਤਾਂ ਸੱਚੀਂ ਸੂਰਤ ਹੀ ਚੁੱਕੀ ਫਿਰਦੇ ਓ, ਵੇਖ ਲਈ ਅਮਲੀਆਂ ਦੀ ਅਕਲ।”
“ਤੇ ਫਿਰ ਭਲਾ ਕੁਪੱਤ ਤੋਂ ਅੰਦਰੋਂ ਬਾਹਰੋਂ ਕਾਹਨੂੰ ਡਰਦੇ ਆ?” ਜਾਗਰ ਤੇ ਨੱਥਾ ਸਿਹੁੰ ਵੀ ਪੂਰਨ ਨੂੰ ਉਥੇ ਛੱਡ ਚਲੇ ਗਏ।
ਲਗਦੈ, ਸੂਰਜ ਹੁਣ ਸਿਆਲ ਵਿਚ ਨਿੱਘਾ ਨਹੀਂ ਹੋਵੇਗਾæææ।
ਲੱਛੀ ਦੇ ਭਾਗ
ਸਾਜ਼ ਬਦਲ ਗਏ ਵਾਦਕ ਬਦਲੇ, ਨਹੀਂ ਬਦਲਣੇ ਰਾਗ ਮੀਆਂ।
ਬਿਨਾਂ ਸਪੇਰੇ ਬੀਨ ਦੇ ਉਤੇ, ਤਾਂ ਮੇਲਦਾ ਨਾਗ ਮੀਆਂ।
ਚਿੱਟੀ ਟੋਪੀ ਚਿੱਟੇ ਲੀੜੇ, ਪਾ ਕੇ ਬਣਦਾ ਖਾਸ ਬੜਾ,
ਪਰ ਮੱਥੇ ਤੋਂ ਨ੍ਹੀਂ ਮਿਟਣਾ, ਲੱਖ ਲਾਹਣਤ ਦਾ ਦਾਗ ਮੀਆਂ।
ਭਰੇ ਕਟੋਰੇ ਲੈ ਕੇ ਬੈਠੇ, ਪਿਆਰ ਮੁਹੱਬਤ ਵਾਲੇ ਲੋਕ,
ਧਰਮ ਦੇ ਨਾਂ ‘ਤੇ ਲੱਗੀ ਜਾਂਦਾ, ਨਫਰਤ ਦਾ ਇਹ ਜਾਗ ਮੀਆਂ।
ਜੂਸਫ ਦੇ ਹੁਣ ਮਾਤਾ ਨਿਕਲੀ, ਤੇਈਆ ਚੜ੍ਹੇ ਜ਼ੁਲੈਖਾਂ ਨੂੰ,
ਜਮ੍ਹਾਂ ਉਜੜ ਗਿਆ ਹੀਰ ਤੱਤੀ ਦਾ, ਬੜੀ ਦੇਰ ਦਾ ਬਾਗ ਮੀਆਂ।
ਅੰਦਰੋਂ ਕਈ ਸੜ੍ਹਿਆਂਦ ਮਾਰਦੇ, ਬਾਹਰੋਂ ਛਿੜਕਣ ਅਤਰ ਬੜੇ,
ਬਿਨ ਬੱਤੀਓਂ ਹੀ ਦੀਵੇ ਹੁੰਦੇ, ਹੁੰਦੇ ਬੁਝੇ ਚਿਰਾਗ ਮੀਆਂ।
ਲੋਕ ਦੁਖੀ ਨੇ ਫਿਰ ਵੀ ਗੱਦੀ, ਬਖਸ਼ੀ ਜਾਣ ਨਿਮਾਣੇ ਨੂੰ।
ਉਂਜ ਕਹਿੰਦੇ ਨੇ ਲੋਕ ਸਿਆਣੇ, ਬੜਾ ਸਿਆਸੀ ਘਾਗ ਮੀਆਂ।
ਪੰਜੇ ਸੋਚਣ ਬਿਖਰੇ ਹੋਏ, ਹਉਕਾ ਲੈ ਕੇ ਆਬ ḔਭੌਰੇḔ,
ਆਸ ਬੱਝੀ ਜਾਗਣ ਦੀ ਹਾਲੇ, ਫੇਰ ਲੱਛੀ ਦੇ ਭਾਗ ਮੀਆਂ।