ਪ੍ਰਿੰæ ਸਰਵਣ ਸਿੰਘ ਨੂੰ ਪਰਵਾਸੀ ਅਵਾਰਡ

ਪ੍ਰਿੰਸੀਪਲ ਸਰਵਣ ਸਿੰਘ ਪੰਜਾਬੀ ਦਾ ਪਹਿਲਾ ਖੇਡ ਲਿਖਾਰੀ ਤਾਂ ਹੈ ਹੀ, ਇਸ ਖੇਤਰ ਵਿਚ ਉਸ ਦੀਆਂ ਬੁਲੰਦੀਆਂ ਨੂੰ ਵੀ ਕੋਈ ਹੋਰ ਨਹੀਂ ਛੋਹ ਸਕਿਆ। ਪੰਜਾਬੀ ਦੇ ਨਾਮੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਇਸ ਲੇਖ ਵਿਚ ਪ੍ਰਿੰਸੀਪਲ ਸਰਵਣ ਸਿੰਘ ਦੀ ਪ੍ਰਤਿਭਾ ਨੂੰ ਅਜਿਹੇ ਸ਼ਬਦਾਂ ਦਾ ਜੱਫਾ ਮਾਰਿਆ ਹੈ ਕਿ ਕਿਸੇ ਧਾਵੀ ਵਾਂਗ ਪਾਠਕ ਨੂੰ ਪਾਣੇ ਦੇ ਅਗਲੇ ਪਾਰ ਯਾਨਿ

ਲਿਖਤ ਦੇ ਅੰਤ ਤਕ ਕਲਾਵੇ ਵਿਚੋਂ ਨਿਕਲਣ ਹੀ ਨਹੀਂ ਦਿੰਦਾ। -ਸੰਪਾਦਕ

ਪੰਜਾਬੀ ਵਾਰਤਕ ਦਾ ਉਚਾ ਬੁਰਜ ਸਰਵਣ ਸਿੰਘ
ਵਰਿਆਮ ਸਿੰਘ ਸੰਧੂ

ਲਿਖਣ ਦੇ ਮੈਦਾਨ ਵਿਚ ਪੈਰ ਧਰਦਿਆਂ ਸਰਵਣ ਸਿੰਘ ਨੇ ਪੈਂਦੀ ਸੱਟੇ ਸੋਲਾਂ ਹੱਥ ਲੰਮੀ ਛਾਲ ਮਾਰੀ ਤਾਂ ‘ਦਰਸ਼ਕਾਂ’ ਨੂੰ ਹੈਰਾਨੀ-ਭਰੀ ਖ਼ੁਸ਼ੀ ਹੋਈ। ਹਰ ਰੋਜ਼ ‘ਇਕੋ ਜਿਹੀ ਛਾਲ’ ਵੇਖਣ ਦੀਆਂ ਆਦੀ ਹੋ ਚੁੱਕੀਆਂ ਅੱਖਾਂ ਦੀ ਮੱਧਮ ਰੌਸ਼ਨੀ ਵਿਚ ਅਨੇਕਾਂ ਚਿਰਾਗ਼ ਬਲ ਉਠੇ। ਉਨ੍ਹਾਂ ਹੁਲਾਸ ਨਾਲ ਭਰ ਕੇ ਪ੍ਰਸੰæਸਾ ਤੇ ਲਾਡ ਨਾਲ ਸਰਵਣ ਸਿੰਘ ਵੱਲ ਵੇਖਿਆ। ਮੂੰਹੋਂ ਆਪ ਮੁਹਾਰੇ ਬੋਲ ਕਿਰ ਪਏ, “ਬਈ ਵਾਹ! ਸਵਾਦ ਆ ਗਿਆ ਸਰਵਣ ਸਿਅ੍ਹਾਂ! ਬੰਦਾ ਗੱਲ ਕਰੇ ਤਾਂ ਐਂ ਕਰੇ!”
ਇਨ੍ਹਾਂ ਪਾਠਕ ‘ਦਰਸ਼ਕਾਂ’ ਵਿਚ ਮੈਂ ਵੀ ਸਾਂ। 1960ਵਿਆਂ ਦੌਰਾਨ ‘ਆਰਸੀ’ ਵਿਚ ਖਿਡਾਰੀਆਂ ਬਾਰੇ ਉਹਦੇ ਰੇਖ਼ਾ ਚਿਤਰ ਛਪਣ ਲੱਗੇ ਤਾਂ ਉਹਦੀਆਂ ਲਿਖਤਾਂ ਨੇ ਮੈਨੂੰ ਵੀ ਕੀਲ ਲਿਆ। ਗੁਰਬਚਨ ਰੰਧਾਵੇ ਬਾਰੇ ਉਹਦਾ ਪਹਿਲਾ ਲੇਖ ‘ਆਰਸੀ’ ਵਿਚ ਛਪਿਆ, ‘ਮੁੜ੍ਹਕੇ ਦਾ ਮੋਤੀ’। ਉਸ ਗੁਰਬਚਨ ਦਾ ਅਜਿਹਾ ਜੀਵੰਤ ਚਿਤਰ ਖਿੱਚਿਆ ਕਿ ਸਾਹਮਣੇ ਸੱਚਮੁਚ ਦੀ ਫ਼ਿਲਮ ਚੱਲਦੀ ਨਜ਼ਰ ਆਉਣ ਲੱਗੀ। ਆਪਣੇ ਮਝੈਲ ‘ਭਾਊ’ ਬਾਰੇ ਘਿਓ-ਗੁੱਝੀ ਚੂਰੀ ਵਰਗਾ ਬਿਰਤਾਂਤ ਪੜ੍ਹ ਕੇ ਸਰਵਣ ਸਿੰਘ ਨਾਲ ਪੈਂਦੀ ਸੱਟੇ ਅਪਣੱਤ ਦਾ ਰਿਸ਼ਤਾ ਜੁੜ ਗਿਆ। ਅਗਲਾ ਰੇਖਾ-ਚਿਤਰ ਸੀ ਪਰਵੀਨ ਕੁਮਾਰ ਦਾ ‘ਧਰਤੀ ਧੱਕ’।
ਪਰਵੀਨ ਸਾਡਾ ਬੇਲੀ ਸੀ। 1962-64 ਵਿਚ ਜਦੋਂ ਮੈਂ ਸਰਹਾਲੀ ਤੋਂ ਜੇæ ਬੀæ ਟੀæ ਕੀਤੀ, ਪਰਵੀਨ ਉਦੋਂ ਸਰਹਾਲੀ ਦੇ ਖ਼ਾਲਸਾ ਸਕੂਲ ਵਿਚ ਨੌਵੀਂ ਦਾ ਵਿਦਿਆਰਥੀ ਸੀ। ਮੈਂ ਫੁੱਟਬਾਲ ਤੇ ਵਾਲੀਬਾਲ ਖੇਡਦਾ ਸਾਂ, ਉਚੀ ਤੇ ਲੰਮੀ ਛਾਲ ਵੀ ਲਾਉਂਦਾ। ਮੈਂ ਉਚੀ ਛਾਲ ਮਾਰਨ ਵਿਚ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ ‘ਤੇ ਆ ਗਿਆ। ਪਰਵੀਨ ਹੈਮਰ ਤੇ ਡਿਸਕਸ ਵਿਚ ਪਹਿਲੇ ਨੰਬਰ ‘ਤੇ ਸੀ। ਅਸੀਂ ਡਵੀਜ਼ਨ ਦੇ ਮੁਕਾਬਲਿਆਂ ਲਈ ਜਲੰਧਰ ਅੱਪੜੇ ਤਾਂ ਪਰਵੀਨ ਆਖੇ, “ਭਾਊ! ਮੈਂ ਧਾਡੇ ਨਾਲ ਰਹਿਣਾ। ਤੁਸੀਂ ਮੇਰੇ ਘਰ ਦੇ ਬੰਦੇ ਓ। ਮੈਂ ਇੰਚਾਰਜ ਨੂੰ ਕਹਿ ‘ਤਾ ਕਿ ਮੈਂ ਤਾਂ ਆਪਣੇ ਭਾਊਆਂ ਨਾਲ ਰਹੂੰ।”
‘ਧਰਤੀ ਧੱਕ’ ਪੜ੍ਹ ਕੇ ਲੱਗਾ, ਸਾਡਾ ਪਰਵੀਨ ਉਹ ਸਾਰੇ ਹਾਸੇ ਠੱਠੇ, ਜਿਹੜੇ ਸਰਵਣ ਸਿੰਘ ਨੇ ਬਿਆਨ ਕੀਤੇ ਸਨ, ਸਾਡੇ ਨਾਲ ਹੀ ਕਰਦਾ ਤੁਰਿਆ ਫਿਰਦਾ ਹੈ। ਮੇਰੇ ਲਈ ਵਰਤੇ ਜਾਣ ਵਾਲੇ ਉਮਪਾ-ਅਲੰਕਾਰ ਨਾਲ ਉਹ ਕਿਸੇ ਪਤਲੀਆਂ ਲੱਤਾਂ ਵਾਲੇ ਸਾਥੀ ਅਥਲੀਟ ਦੀ ‘ਵਡਿਆਈ’ ਕਰ ਰਿਹਾ ਸੀ, “ਲੱਤਾਂ ਵੇਖ, ਜਿਵੇਂ ਝੋਲੇ ‘ਚ ਪੰਪ ਪਾਇਆ ਹੁੰਦਾ!” ਉਹਨੇ ਸਾਨੂੰ ਆਪਣੀ ਲਿਖਤ ਦਾ ਸ਼ੈਦਾਈ ਬਣਾ ਲਿਆ।
ਮੈਂ ਤੇ ਮੇਰਾ ਦੋਸਤ ਭੂਪਿੰਦਰ ਚੜ੍ਹੇ ਮਹੀਨੇ ਅੰਬਰਸਰ ਪਹੁੰਚ ਕੇ ‘ਆਰਸੀ’ ਹੱਥ ਹੇਠਾਂ ਕਰਦੇ। ਸਾਨੂੰ ਸਰਵਣ ਸਿੰਘ ਦੇ ਖੇਡ ਨਾਇਕਾਂ ਨੂੰ ਮਿਲਣ ਦੀ ਕਾਹਲ, ਖੁਤਖੁਤੀ ਤੇ ਖਿੱਚ ਹੁੰਦੀ। ਉਦੋਂ ‘ਪ੍ਰੀਤ ਲੜੀ’ ਪੜ੍ਹਨਾ ਸਾਡੀ ਪਹਿਲ ਹੁੰਦੀ ਸੀ ਪਰ ਸਰਵਣ ਸਿੰਘ ਦੀ ਲਿਖਤ ਦੀ ਧੂਹਵੀਂ ਖਿੱਚ ਨੇ ‘ਆਰਸੀ’ ਪਹਿਲੇ ਨੰਬਰ ‘ਤੇ ਲੈ ਆਂਦੀ। ਇੱਕ ਤਰ੍ਹਾਂ ਨਾਲ ਸਰਵਣ ਸਿੰਘ ਪੰਜਾਬੀ ਵਾਰਤਕ ਦੇ ਸੁਲਤਾਨ ਗੁਰਬਖ਼ਸ਼ ਸਿੰਘ ‘ਪ੍ਰੀਤ ਲੜੀ’ ਤੋਂ ਵੀ ਬਾਜ਼ੀ ਮਾਰ ਗਿਆ ਸੀ। ਉਹਦੀ ਲਿਖਤ ਮੈਂ ਚਾਹਤ ਨਾਲ ਉਡੀਕਦਾ ਤੇ ਉਡ ਕੇ ਪੜ੍ਹਦਾ। ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਜੇ ਉਨ੍ਹਾਂ ਦਿਨਾਂ ਵਿਚ ਮੇਰੇ ‘ਦਿਮਾਗ਼’ ਦੇ ਨੇੜੇ ਸੀ ਤਾਂ ਸਰਵਣ ਸਿੰਘ ‘ਦਿਲ’ ਦੇ ਨੇੜੇ ਹੋ ਗਿਆ।
ਸਰਵਣ ਸਿੰਘ ਦੀਆਂ ਖੇਡ ਲਿਖਤਾਂ ਪੜ੍ਹੀਆਂ ਤਾਂ ਮੈਂ ਵੀ ਜੂੜੇ ‘ਤੇ ਚਿੱਟਾ ਰੁਮਾਲ ਬੰਨ੍ਹੀ ਮਿਲਖਾ ਸਿੰਘ ਨਾਲ ਸਾਹੋ ਸਾਹ ਦੌੜਨ ਲੱਗਾ, ਦਿਓ-ਕੱਦ ਪਰਵੀਨ ਕੁਮਾਰ ਨੇ ਹੈਮਰ ਤੇ ਡਿਸਕ ਅਸਮਾਨ ਵੱਲ ਉਛਾਲੀ ਤਾਂ ਨਾਲ ਹੀ ਮੈਂ ਵੀ ਅਸਮਾਨ ਵੱਲ ਉਛਲਿਆ। ਮਹਿੰਦਰ ਗਿੱਲ ਹਿਰਨਾਂ ਵਾਂਗ ਚੁੰਗੀਆਂ ਭਰਦਾ ਤੀਹਰੀ ਛਾਲ ਲਾਉਂਦਾ ਦਿਸਿਆ ਤਾਂ ਮੇਰੇ ਕਦਮ ਵੀ ਛਾਲਾਂ ਲਾਉਣ ਲੱਗੇ। ਪ੍ਰਿਥੀਪਾਲ ਦੀ ਹਾਕੀ ਨੇ ਗੋਲਾਂ ਦਾ ‘ਠਾਹ’ ਫੱਟਾ ਖੜਕਾਇਆ ਤਾਂ ਮੈਂ ਆਪਣੇ ਗੁੱਟ ਦੀ ਤਾਕਤ ਨੂੰ ਚੁੰਮ ਲਿਆ। ਸੁਰਜੀਤ ਦੀਆਂ ਅੱਖਾਂ ਦੀ ਗਹਿਰ ਮੇਰੀਆਂ ਅੱਖਾਂ ‘ਚੋਂ ਝਾਕਣ ਲੱਗੀ। ਮੇਰੇ ਮੁੱਕੇ ‘ਚ ਮੁਹੰਮਦ ਅਲੀ ਦੇ ਮੁੱਕੇ ਦੀ ਤਾਕਤ ਉਸਲਵੱਟੇ ਲੈਣ ਲੱਗੀ। ਦੌੜਦਿਆਂ ਮੈਂ ਕਾਰਲ ਲੂਈਸ ਨੂੰ ਪਿੱਛੇ ਛੱਡਣ ਲੱਗਾ। ਮੇਰੇ ਅੰਦਰਲਾ ‘ਗਵਾਚਾ ਖਿਡਾਰੀ’ ਸਰਵਣ ਸਿੰਘ ਦੀਆਂ ਲਿਖਤਾਂ ‘ਚੋਂ ਉਠ ਖੜ੍ਹਿਆ। ਉਸ ਦੀਆਂ ਲਿਖਤਾਂ ਨੇ ਪਾਠਕ ਦੇ ਮਨਾਂ ਉਤੋਂ ਸਵਾਹ ਪਾਸੇ ਕੀਤੀ ਤੇ ਹਰੇਕ ਬੰਦੇ ਦੇ ਮਨ ਅੰਦਰ ਧੁਰ ਹੇਠਾਂ ‘ਗਵਾਚੇ ਖਿਡਾਰੀ’ ਦੀ ਧੁਖਦੀ ਰੂਹ ਵਿਚ ਮਤਾਬੀਆਂ ਬਾਲ ਦਿੱਤੀਆਂ। ਉਹ ਅਨੇਕਾਂ ਅਧਵਾਟੇ ਰਹੇ ਖਿਡਾਰੀਆਂ ਦੀਆਂ ਅਤ੍ਰਿਪਤ ਰੀਝਾਂ ਦਾ ਰੱਜ ਹੋ ਨਿੱਬੜਿਆ। ਉਹ ਮੇਰੇ ਵਰਗੇ ਲੱਖਾਂ ਅਸਫ਼ਲ ਖਿਡਾਰੀਆਂ ਦਾ ਪਹਿਲਾ ਸਫ਼ਲ ਖੇਡ ਲੇਖਕ ਬਣ ਗਿਆ।
ਸਰਵਣ ਸਿੰਘ ਪਹਿਲੇ ਫ਼ਿਕਰੇ ਤੋਂ ਹੀ ਪੜ੍ਹਨ ਵਾਲੇ ਨੂੰ ਕਿਰਪਾਲ ਸਾਧ ਵਾਂਗ ‘ਗੁੱਟ’ ਤੋਂ ਐਸਾ ਫੜਦਾ ਕਿ ਪਾਠਕ ਕਿਸੇ ਹੋਰ ਪਾਸੇ ਸੋਚਣ ਜਾਂ ਜਾਣ ਦੀ ਤਾਕਤ ਗਵਾ ਬਹਿੰਦਾ। ਪਹਿਲੇ ਪੈਰੇ ਵਿਚ ਹੀ ਉਹ ਕਲਮ ਦੀ ਇੱਕੋ ਅੜੇਸ ਨਾਲ ਖਿਡਾਰੀ ਬਾਰੇ ਜਾਣਕਾਰੀ ਦਾ ਭਰਿਆ-ਭਰਾਇਆ ਗੱਡਾ ਉਲੱਦ ਸੁੱਟਦਾ। ਇਸ ਗੱਡੇ ਤੋਂ ‘ਬੋਰੀਆਂ’ ਦੀ ਥਾਂ ਸੋਨ-ਰੰਗੇ ਸ਼ਬਦਾਂ ਦੀਆਂ ਮੋਹਰਾਂ ਡਿੱਗਦੀਆਂ। ਉਹਦੇ ਫ਼ਿਕਰਿਆਂ ਦੀ ਲਿਸ਼ਕ ਵਿਚ ਖਿਡਾਰੀ ਦਾ ਮਾਣ-ਮੱਤਾ ਆਪਾ ਹੱਸਦਾ-ਮੁਸਕਰਾਉਂਦਾ ਸਾਡੀਆਂ ਅੱਖਾਂ ‘ਚੋਂ ਲੰਘ ਕੇ ਸਮੂਲਚਾ ਸਾਡੇ ਮਨ-ਮਸਤਕ ਵਿਚ ਆਣ ਬਹਿੰਦਾ। ਖਿਡਾਰੀਆਂ ਦੀਆਂ ਨਾੜੀਆਂ ਵਿਚ ਦੌੜ ਰਿਹਾ ਗਰਮ ਖੂਨ ਪਾਠਕਾਂ ਦੀਆਂ ਰਗ਼ਾਂ ਵਿਚ ਉਬਾਲੇ ਲੈਣ ਲੱਗਦਾ। ਉਹ ਖਿਡਾਰੀ ਨਾਲ ਜੁੜੇ ਸਾਰੇ ਜੀਵਨ-ਵੇਰਵੇ ਅਜਿਹੀ ਸੁਹਜੀਲੀ-ਜੜਤ ਵਿਚ ਪੇਸ਼ ਕਰਦਾ ਕਿ ਖਿਡਾਰੀ ਦਾ ਪਿਛੋਕੜ, ਉਹਦੀ ਮਾਨਸਿਕਤਾ ਤੇ ਉਹਦਾ ਵਿਹਾਰ ਸਜਿੰਦ ਰੂਪ ਵਿਚ ਉਭਰ ਕੇ ਸਾਹਮਣੇ ਆ ਜਾਂਦਾ। ਉਹ ਨਿਹਾਇਤ ਉਮਦਾ ਕਾਰਾਗਰੀ ਨਾਲ ਸ਼ਬਦਾਂ ਤੇ ਵਾਕਾਂ ਨੂੰ ਸੰਜੋਦਾ-ਬੀੜਦਾ ਕਿ ਖਿਡਾਰੀ ਸਾਮਰਤੱਖ ਜ਼ਿੰਦਗੀ ਤੇ ਖੇਡ ਦੇ ਮੈਦਾਨ ਵਿਚ ਕਾਰਜਸ਼ੀਲ ਹੋਇਆ ਦਿਸਣ ਲੱਗਦਾ। ਜੇ ਟੀਮ ਹਾਰ ਜਾਂਦੀ ਤਾਂ ਉਹ ਮੈਦਾਨ ਵਿਚ ਢੱਠੇ, ਹਾਰੇ, ਅੱਥਰੂ ਕੇਰਦੇ ਖਿਡਾਰੀਆਂ ਦਾ ਅਜਿਹਾ ਮਾਰਮਿਕ ਦ੍ਰਿਸ਼ ਬਿਆਨਦਾ ਕਿ ਲਿਖਤ ਪੜ੍ਹਨ ਤੋਂ ਬਾਅਦ ਵੀ ਪਾਠਕ ਉਸ ਹਾਰ ਦਾ ਦੁੱਖ, ਪੀੜ ਤੇ ਨਮੋਸ਼ੀ ਆਪਣੇ ਨਾਲ ਨਾਲ ਚੁੱਕੀ ਫਿਰਦਾ। ਉਹਦੇ ਏਸੇ ਲਿਖਣ-ਅੰਦਾਜ਼ ਨੂੰ ਡਾæ ਹਰਿਭਜਨ ਸਿੰਘ ਨੇ ‘ਅਥਲੈਟਿਕ ਸ਼ੈਲੀ’ ਕਿਹਾ ਸੀ।
ਸਰਵਣ ਸਿੰਘ ਦੀਆਂ ‘ਆਰਸੀ’ ਵਿਚ ਛਪ ਰਹੀਆਂ ਪਹਿਲੀਆਂ ਰਚਨਾਵਾਂ ਹੀ ਮਾਊਂਟ-ਐਵਰੈਸਟੀ ਬੁਲੰਦੀ ਤੋਂ ਬੋਲਦੀਆਂ ਸਨ। ਉਸ ਕੋਲ ਸ਼ਬਦਾਂ ਦੇ ਹੁਸਨ ਨੂੰ ਪਛਾਨਣ, ਤਰਤੀਬਣ ਤੇ ਵਿਉਂਤਣ ਦੀ ਅਲੋਕਾਰੀ ਸਮਰੱਥਾ ਸੀ। ਉਹ ਕਵਿਤਾ ਲਿਖਣ ਵਾਂਗ ‘ਕੱਲੇ ‘ਕੱਲੇ ਸ਼ਬਦ ਦੀ ਚੋਣ ਕਰਦਾ। ਜਿਵੇਂ ਸੂਝਵਾਨ ਸੁਨਿਆਰਾ ਛੋਟੀ ਚਿਮਟੀ ਨਾਲ ਨਗੀਨਿਆਂ ਨੂੰ ਪੂਰੀ ਸਿਆਣਪ, ਕਾਰੀਗਰੀ ਤੇ ਕਲਾਕਾਰੀ ਨਾਲ ਜੜਦਾ ਹੈ, ਓਵੇਂ ਹੀ ਸਰਵਣ ਸਿੰਘ ਇਨ੍ਹਾਂ ‘ਨਗੀਨੇ ਸ਼ਬਦਾਂ’ ਨੂੰ ਵਾਕਾਂ ਵਿਚ ਇਸ ਅੰਦਾਜ਼ ਨਾਲ ਜੋੜਦਾ-ਬੀੜਦਾ ਕਿ ਸ਼ਬਦਾਂ ਦੀ ਇਸ ਸੁਹਜੀਲੀ ਜੜਤ ਦੇ ਜਲੌਅ ਵਿਚੋਂ ਜ਼ਿੰਦਗੀ ਦਾ ਬਹੁਰੰਗਾ, ਬਹੁ-ਅਰਥੀ ਤੇ ਬਹੁ-ਪ੍ਰਭਾਵੀ ਹੁਸਨ ਝਲਕਾਰੇ ਮਾਰਨ ਲੱਗਦਾ। ਸ਼ਬਦਾਂ ਨਾਲ ਖੇਡਣ ਦਾ ਉਹ ਚੈਂਪੀਅਨ ਹੋ ਨਿੱਬੜਿਆ। ਉਹਦਾ ਦਿਲ ਕਰਦਾ ਤਾਂ ਸ਼ਬਦਾਂ ਵਿਚ ਅਜਿਹੇ ਰੰਗ ਘੋਲਦਾ ਕਿ ਪੜ੍ਹਨ ਵਾਲੇ ਸਾਹਮਣੇ ਸਾਕਾਰ ਮੂਰਤਾਂ ਪ੍ਰਤੱਖ ਹੋਣ ਲੱਗਦੀਆਂ। ਦਿਲ ਚਾਹੁੰਦਾ ਤਾਂ ਸ਼ਬਦਾਂ ਦੀ ਐਸੀ ਫ਼ਿਲਮੀ ਰੀਲ ਚਲਾਉਂਦਾ ਕਿ ਪਾਠਕ ‘ਦਰਸ਼ਕ’ ਬਣ ਕੇ ਰੰਗ-ਰਸ ਭਰੀ ਚੱਲਦੀ ਫ਼ਿਲਮ ਦਾ ਆਨੰਦ ਮਾਨਣ ਲੱਗਦੇ। ਇੰਜ ਉਹ ‘ਅਥਲੈਟਿਕ ਸ਼ੈਲੀ’ ਦੇ ਨਾਲ ‘ਚਿਤ੍ਰਾਤਮਕ ਸ਼ੈਲੀ’, ‘ਦ੍ਰਿਸ਼ਾਤਮਕ ਸ਼ੈਲੀ’ ਤੇ ‘ਫ਼ਿਲਮਾਂਕਣ ਸ਼ੈਲੀ’ ਦਾ ਉਸਤਾਦ ਹੋ ਨਿੱਬੜਿਆ।
‘ਅੱਖਾਂ’ ਦੀ ਭੁੱਖ ਤ੍ਰਿਪਤ ਕਰਨ ਲਈ ਹਰੀਆਂ ਫ਼ਸਲਾਂ, ਖਿੜੇ-ਮਹਿਕੇ ਫੁੱਲਾਂ, ਝੀਲਾਂ-ਦਰਿਆਵਾਂ ਦੇ ਪਾਣੀ ਦੀਆਂ ਲਿਸ਼ਕੋਰਾਂ, ਅਸਮਾਨ ਵਿਚ ਉਡਦੀਆਂ ਤਿੱਤਰ-ਖੰਭੀਆਂ ਬਦਲੀਆਂ, ਭੁੱਜਦੇ ਰੇਤੇ, ਉਡਦੀ ਧੂੜ, ਵਰ੍ਹਦੇ ਮੂਸਲੇਧਾਰ ਮੀਂਹਾਂ, ਸਿਰ ‘ਤੇ ਆਏ ਸੂਰਜ ਦੀ ਲਿਸ਼ਕ ਤੇ ਡੁੱਬਦੇ ਸੂਰਜ ਦੀ ਲਾਲੀ ਆਦਿ ਦੇ ਦ੍ਰਿਸ਼ ਸਿਰਜ ਕੇ ਉਹ ਆਪਣੀ ਰਚਨਾ ਵਿਚ ਪ੍ਰਕਿਰਤੀ ਦਾ ਹੁਸਨ ਪੂਰੇ ਜਲੌਅ ਵਿਚ ਦ੍ਰਿਸ਼ਟਮਾਨ ਕਰ ਦਿੰਦਾ ਹੈ। ਖਿਡਾਰੀਆਂ ਦੇ ਟਰੈਕ ਸੂਟਾਂ ਦੇ ਰੰਗ, ਧਾਰੀਆਂ, ਉਨ੍ਹਾਂ ਦੇ ਪਿੰਡੇ ਤੋਂ ਵਹਿੰਦਾ ਮੁੜ੍ਹਕਾ, ਮੱਥੇ ਦੇ ਵੱਟ, ਅੱਖਾਂ ਦੀ ਗਹਿਰ, ਜਿੱਤ ਦਾ ਖੇੜਾ ਤੇ ਹਾਰ ਦੀ ਨਮੋਸ਼ੀ, ਪਿੰਡਿਆਂ ਅਤੇ ਪੰਡਾਲਾਂ ਦੇ ਰੰਗ ਪਾਠਕ ਨੂੰ ਸਾਕਾਰ ਦਿਸਣ ਲਾ ਦਿੰਦਾ ਹੈ।
‘ਕੰਨ-ਰਸ’ ਲਈ ਉਹਦੀ ਵਾਰਤਕ ਵਿਚ ਕਿਤੇ ਵੰਝਲੀਆਂ, ਸਾਰੰਗੀਆਂ ਤੇ ਅਲਗੋਜ਼ਿਆਂ ਦੀਆਂ ਸੁਰਾਂ ਸੁਣਦੀਆਂ ਹਨ; ਕਿਤੇ ਨਚਾਰ ਦੇ ਪੈਰਾਂ ਨਾਲ ਬੱਝੇ ਘੁੰਗਰੂ ਛਣਕਦੇ ਹਨ; ਕਿਤੇ ਰਣਜੀਤ ਸਿੰਘ ਸਿਧਵਾਂ ਤੇ ਚੰਦ ਸਿੰਘ ਜੰਡੀ ਦੀ ਬੁਲੰਦ ਆਵਾਜ਼ ਵਿਚ ‘ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ’ ਦੀ ਉਚੀ ਹੇਕ ਸੁਣਾਈ ਦਿੰਦੀ ਹੈ। ਜੇ ਸੁੰਘਣ-ਸੁਆਦ ਨੂੰ ਤ੍ਰਿਪਤ ਕਰਨ ਲਈ ਉਹਦੀਆਂ ਲਿਖਤਾਂ ਵਿਚ ਤਲ਼ੇ ਜਾਂਦੇ ਪਕੌੜਿਆਂ, ਜਲੇਬੀਆਂ, ਪੱਤ ਚੜ੍ਹਨ ‘ਤੇ ਆਏ ਗੁੜ ਦੀ ਮਹਿਕ, ਮਸਾਲੇਦਾਰ ਤੜਕੇ ਦੀ ਵਾਸ਼ਨਾ, ਭੱਠੀ ‘ਚੋਂ ਨਿਕਲਦੀ ਸੌਂਫੀਆ ਸ਼ਰਾਬ ਦੀ ‘ਖ਼ੁਸ਼ਬੋ’ ਨਾਸਾਂ ਵਿਚ ਜਲੂਣ ਛੇੜਦੀ ਹੈ ਤਾਂ ਨਾਲ ਹੀ ਬੱਕਰੀ ਦਾ ਦੁੱਧ ਪਾ ਕੇ ਬਣਾਈ ਕੁੜੰਘੀ ਚਾਹ, ਭਾਫ਼ਾਂ ਛੱਡਦੇ ਗਰਮ ਤੜਕਾਏ ਸਾਗ ਵਿਚ ਘੁਲਦੀ ਮੱਖਣੀ, ਕਾੜ੍ਹਨੀ ਵਿਚ ਕੜ੍ਹਦੇ ਦੁੱਧ ਉਤੇ ਤਰਦੀ ਗੇਰੂਆ ਮਲਾਈ ਦਾ ਸਵਾਦ ਵੀ ਜੀਭ ਉਤੇ ਤੈਰਨ ਲੱਗਦਾ ਹੈ।
ਇਹ ਸਭ-ਕੁਝ ਕਰਨਾ ਸਰਵਣ ਸਿੰਘ ਦੀ ਰਚਨਾ-ਜੁਗਤ ਦਾ ਹਿੱਸਾ ਹੈ। ਉਹ ਮਨੁੱਖ ਦੇ ਮਨ ਅੰਦਰ ਪਏ ਸਥਾਈ ਭਾਵਾਂ ਨੂੰ ਟੁੰਬਣ ਦਾ ਹੁਨਰ ਵੀ ਬਾਖ਼ੂਬੀ ਜਾਣਦਾ ਹੈ। ਸੂਖ਼ਮ ਕਿਸਮ ਦਾ ਹਾਸ-ਵਿਅੰਗ ਤੇ ਟਿੱਚਰ-ਵਿਨੋਦ ਉਹਦੀ ਰਚਨਾ ਜੁਗਤ ਦਾ ਮੀਰੀ ਗੁਣ ਹੈ। ਉਹ ਪਾਠਕ ਨੂੰ ਕੁਤਕੁਤਾਰੀਆਂ ਕੱਢੀ ਜਾਂਦਾ ਹੈ ਤੇ ਜ਼ਿੰਦਗੀ ਦੀ ਕਿਸੇ ਟੇਢ, ਨੁਕਸ ਤੇ ਬੇਤਰਤੀਬੀ ਦੀ ਸੁਹਜਮਈ ਠੁਕਾਈ ਵੀ ਕਰੀ ਜਾਂਦਾ ਹੈ। ਉਸ ਦੀ ਲਿਖਤ ਵਿਚ ਅਕਸਰ ਉਤਸ਼ਾਹ, ਖੇੜੇ, ਹੁਲਾਸ ਅਤੇ ਅਨੰਦ ਦਾ ਬੋਲਬਾਲਾ ਹੁੰਦਾ ਹੈ, ਲੋੜ ਪੈਣ ‘ਤੇ ਉਹ ਅੱਥਰੂਆਂ ਦਾ ਛੱਟਾ ਵੀ ਦੇਈ ਜਾਂਦਾ ਹੈ ਪਰ ਪਾਠਕ ਨੂੰ ਅੱਥਰੂਆਂ ਵਿਚ ਡੁੱਬਣ ਨਹੀਂ ਦਿੰਦਾ। ਮਾੜੀਆਂ ਜਿਹੀਆਂ ਅੱਖਾਂ ਸਿੱਲ੍ਹੀਆਂ ਹੁੰਦੀਆਂ ਹਨ ਤਾਂ ਉਹ ਫਿਰ ਪਾਠਕ ਦੀ ਵੱਖੀ ਕੁਤਕੁਤਾ ਦਿੰਦਾ ਹੈ। ਰੋਂਦੇ ਬੰਦੇ ਦੇ ਬੁੱਲ੍ਹਾਂ ‘ਤੇ ਮੁੜ ਮੁਸਕਣੀ ਖਿੜ ਉਠਦੀ ਹੈ। ਉਹਦੀ ਰਚਨਾ ਪੜ੍ਹਦਿਆਂ ਪਾਠਕ ਰੰਗ, ਰਸ, ਗੰਧ ਦਾ ਸਵਾਦ ਵੀ ਮਾਣਦਾ ਹੈ; ਹੱਸਦਾ-ਮੁਸਕਰਾਉਂਦਾ ਵੀ ਹੈ; ਉਹਦੀਆਂ ਅੱਖਾਂ ਵੀ ਭਿੱਜਦੀਆਂ ਹਨ; ਮੁੜ੍ਹਕੋ-ਮੁੜ੍ਹਕੀ ਵੀ ਹੁੰਦਾ ਹੈ; ਰੋਹ ਵਿਚ ਵੀ ਆਉਂਦਾ ਹੈ, ਜਿੱਤ ਦੇ ਮੰਚ ‘ਤੇ ਖਿਡਾਰੀ ਨਾਲ ਖਲੋ ਕੇ ਆਨੰਦਤ ਵੀ ਹੁੰਦਾ ਹੈ, ਅਸਫ਼ਲ ਹੋਣ ‘ਤੇ ਨਿੰਮੋਝੂਣ ਉਦਾਸੀ ਵਿਚ ਸਿਰ ਵੀ ਸੁੱਟਦਾ ਹੈ ਤੇ ਜ਼ਿੰਦਗੀ ਦੇ ਅਨੇਕਾਂ ਵਰਤਾਰਿਆਂ ਦੀ ਸਹਿਜ ਸਮਝ ਵੀ ਪ੍ਰਾਪਤ ਕਰਦਾ ਹੈ।
ਨਿਸਚੈ ਹੀ ਸਰਵਣ ਸਿੰਘ ਦਾ ਪੰਜਾਬੀ ਵਾਰਤਕ ਦੇ ਖੇਤਰ ਵਿਚ ਵਿਲੱਖਣ ਸਥਾਨ ਹੈ। ਉਹ ਪੰਜਾਬੀ ਵਿਚ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਵਾਲਾ ਪਹਿਲਾ, ਵੱਡਾ ਤੇ ਪ੍ਰਮਾਣਿਕ ਲੇਖਕ ਹੈ। ਉਸ ਨੇ ਸਿਰਫ਼ ਖੇਡਾਂ ਜਾਂ ਖਿਡਾਰੀਆਂ ਬਾਰੇ ਹੀ ਨਹੀਂ ਲਿਖਿਆ, ਪੰਜਾਬ ਦਾ ਪਿੰਡ ਆਪਣੇ ਸਾਰੇ ਰੰਗਾਂ, ਸੁਰਤੀਆਂ-ਬਿਰਤੀਆਂ ਵਿਚ ਉਠਦਾ, ਜਾਗਦਾ, ਅੰਗੜਾਈਆਂ ਭਰਦਾ, ਹੱਸਦਾ-ਖੇਡਦਾ, ਤਰਦਾ-ਡੁੱਬਦਾ, ਚੜ੍ਹਦਾ-ਤਿਲਕਦਾ, ਖਲੋਤਾ-ਤੁਰਦਾ, ਲਲਕਾਰੇ ਮਾਰਦਾ ਤੇ ਭੁੱਬੀਂ ਰੋਂਦਾ ਦਿਖਾਈ ਦਿੰਦਾ ਹੈ। ਅੱਜ ਤੱਕ ਪੰਜਾਬ ਦੇ ਪਿੰਡਾਂ ਬਾਰੇ ਸਭ ਤੋਂ ਪ੍ਰਮਾਣਿਕ ਪੁਸਤਕ ਗਿਆਨੀ ਗੁਰਦਿੱਤ ਸਿੰਘ ਦੀ ‘ਮੇਰਾ ਪਿੰਡ’ ਗਿਣੀ ਜਾਂਦੀ ਹੈ। ਗੁਰਦਿੱਤ ਸਿੰਘ ਨੇ ਪੰਜਾਬ ਦੇ ਪਿੰਡ ਦੀ ਕਹਾਣੀ ਨੂੰ ਜਿੱਥੇ ਛੱਡਿਆ ਸੀ, ਸਰਵਣ ਸਿੰਘ ਨੇ ਇਹ ‘ਦੌੜ’ ਉਸ ਤੋਂ ਅੱਗੇ ਸ਼ੁਰੂ ਕੀਤੀ ਹੈ। ‘ਪਿੰਡ ਦੀ ਸੱਥ ਚੋਂ’, ‘ਬਾਤਾਂ ਵਤਨ ਦੀਆਂ’ ਤੇ ‘ਫੇਰੀ ਵਤਨਾਂ ਦੀ’ ਪੜ੍ਹ ਕੇ ਹੀ ਪਤਾ ਲੱਗੇਗਾ ਕਿ ਗੁਰਦਿੱਤ ਸਿੰਘ ਤੋਂ ‘ਬੈਟਨ’ ਫੜ ਕੇ ਸਰਵਣ ਸਿੰਘ ਨੇ ‘ਆਪਣੇ ਹਿੱਸੇ ਦੀ ਦੌੜ’ ਕਿੰਨੇ ਤਾਣ ਤੇ ਸ਼ਾਨ ਨਾਲ ਦੌੜ ਲਾਈ ਹੈ!
ਪਿਛਲੇ ਪੰਜਾਹ-ਸੱਠ ਸਾਲਾਂ ਵਿਚ ਪੰਜਾਬ ਦਾ ਪਿੰਡ ਕਿਵੇਂ ਜੀਵਿਆ, ਵਿਚਰਿਆ ਤੇ ਬਦਲਿਆ, ਇਸ ਦੀ ਸਭ ਤੋਂ ਵੱਡੀ ਝਾਕੀ ਸਰਵਣ ਸਿੰਘ ਦੀਆਂ ਲਿਖਤਾਂ ਵਿਚੋਂ ਹੀ ਮਿਲੇਗੀ। ਇਨ੍ਹਾਂ ਲਿਖਤਾਂ ਵਿਚ ਬਦਲ ਰਹੇ ਪੰਜਾਬ ਦੀ ਆਤਮਾ ਦੇ ਬਹੁ-ਰੰਗੇ ਝਲਕਾਰੇ ਦ੍ਰਿਸ਼ਟਮਾਨ ਹੁੰਦੇ ਹਨ। ਉਹਨੇ ਗਿਆਨੀ ਗੁਰਦਿੱਤ ਸਿੰਘ ਦੇ ਬੁਲੰਦ ਝੰਡੇ ਦੇ ਨਾਲ ਆਪਣਾ ਝੰਡਾ ਵੀ ਬਰਾਬਰ ਗੱਡ ਦਿੱਤਾ ਹੈ। ਜੇ ਇਹ ਝੰਡਾ ਗਿਆਨੀ ਹੁਰਾਂ ਦੇ ਝੰਡੇ ਤੋਂ ਉਚਾ ਨਹੀਂ ਤਾਂ ਛੋਟਾ ਤਾਂ ਕਿਸੇ ਸੂਰਤ ਵਿਚ ਵੀ ਨਹੀਂ।
ਮੇਰਾ ਧਿਆਨ ਸਰਵਣ ਸਿੰਘ ਦੀਆਂ ਗਾਹੇ-ਬ-ਗਾਹੇ ਲਿਖੀਆਂ ਚੰਦ ਕੁ ਕਹਾਣੀਆਂ ਵੱਲ ਵੀ ਜਾਂਦਾ ਹੈ। ਉਹਨੇ ਲਿਖੀਆਂ ਤਾਂ ਭਾਵੇਂ ਘੱਟ ਹੀ, ਪਰ ਉਨ੍ਹਾਂ ਵਿਚੋਂ ਘੱਟੋ ਘੱਟ ਅੱਧੀਆਂ ਦਾ ਕੱਦ ਤਾਂ ਪੰਜਾਬੀ ਵਿਚ ਲਿਖੀਆਂ ਗਈਆਂ ਬਿਹਤਰੀਨ ਕਹਾਣੀਆਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ‘ਨਚਾਰ’ ਜਿੱਥੇ ਦੂਹਰੇ ਮਨੁੱਖੀ ਕਿਰਦਾਰ ਦੀ ਸਹਿਜ ਤੇ ਕਲਾਤਮਕ ਅੱਕਾਸੀ ਦੀ ਯਾਦਗਾਰੀ ਤਸਵੀਰ ਹੈ ਓਥੇ ਪੰਜਾਬ ਦੇ ਪੇਂਡੂ ਸਭਿਆਚਾਰ ਨਾਲ ਜੁੜੇ ਪਾਤਰਾਂ ਦੇ ਮਨਪ੍ਰਚਾਵੇ, ਮਾਹੌਲ, ਮਾਨਸਿਕਤਾ ਦਾ ਜੀਵੰਤ ਚਿਤਰ ਵੀ ਹੈ। ‘ਬੁੱਢਾ ਤੇ ਬੀਜ’ ਉਸ ਸਿਰੜੀ, ਸਿਦਕੀ, ਸਬਰ-ਸਬੂਰੀ ਵਾਲੇ ਸੰਘਰਸ਼ਸ਼ੀਲ ਪੰਜਾਬੀ ਦੀ ਸਦਾ ਲਈ ਚੇਤਿਆਂ ਵਿਚ ਵੱਸ ਜਾਣ ਵਾਲੀ ਕਲਾਮਈ ਦਾਸਤਾਨ ਹੈ ਜਿਹੜਾ ਹਾਲਾਤ ਅੱਗੇ ਕਦੀ ਵੀ ਹਾਰ ਨਹੀਂ ਮੰਨਦਾ; ਜੋ ਬਾਰ ਬਾਰ ਡਿੱਗ ਕੇ ਮੁੜ ਉਠਦਾ ਹੈ ਤੇ ਹਰੇਕ ਅਸਾਵੀਂ ਤੇ ਅਣਸੁਖਾਵੀਂ ਸਥਿਤੀ ਵਿਚ ਨਵੀਂ ਲੜਾਈ ਲੜਨ ਲਈ ਤਿਆਰ ਰਹਿੰਦਾ ਹੈ। ‘ਪੰਜ ਰੁਪਿਆਂ ਦਾ ਭਾਰ’ ਕਹਾਣੀ ਮਨੁੱਖੀ ਮਨ ਦੀ ਬਹੁ-ਰੰਗਤਾ, ਤਰਲਤਾ ਤੇ ਤਰੰਗਤਾ ਦਾ ਦਿਲ ਨੂੰ ਛੂਹ ਜਾਣ ਵਾਲਾ ਅਜਿਹਾ ਸਜਿੰਦ ਬਿਰਤਾਂਤ ਹੈ ਕਿ ਕਹਾਣੀ ਪੜ੍ਹਦਿਆਂ ਬਿਰਤਾਂਤਕਾਰ ਤੇ ਬੱਸ ਦੇ ਡਰਾਈਵਰ ਦੇ ਨਾਲ ਪਾਠਕ ਦੀਆਂ ਅੱਖਾਂ ਵੀ ਸਿੱਲ੍ਹੀਆਂ ਹੋ ਜਾਂਦੀਆਂ ਹਨ। ਬਿਰਤਾਂਤਕਾਰ ਆਪਣੀ ਗੱਲ ਕਹਿ ਕੇ ਤੇ ਡਰਾਈਵਰ ਬੱਸ ਵਿਚ ਬਹਿ ਕੇ ਆਪ ਤਾਂ ਦ੍ਰਿਸ਼ ਤੋਂ ਅਲੋਪ ਹੋ ਜਾਂਦੇ ਹਨ ਪਰ ਜਾਂਦੇ ਜਾਂਦੇ ਆਪਣੇ ਮਨ ਦਾ ਸਾਰਾ ਭਾਰ ਪਾਠਕ ਦੇ ਮਨ ‘ਤੇ ਉਲੱਦ ਜਾਂਦੇ ਹਨ। ਮੈਂ ਜਦ ਵੀ ਇਸ ਕਹਾਣੀ ਦੇ ਅੰਤ ਨੂੰ ਚੇਤੇ ਕਰਦਾ ਹਾਂ ਤਾਂ ਓਸੇ ਵੇਲੇ ਦੋਵਾਂ ਪਾਤਰਾਂ ਦੇ ਮਨ ਦਾ ਭਾਰ ਮੇਰੇ ਮਨ ‘ਤੇ ਆਣ ਟਿਕਦਾ ਹੈ। ਇੰਜ ਹੀ ‘ਨਿਧਾਨਾ ਸਾਧ ਨਹੀਂ’ ਅਤੇ ‘ਉਡਦੀ ਧੂੜ ਦਿਸੇ’ ਕਹਾਣੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਹ ਸਤਰਾਂ ਲਿਖਦਿਆਂ ਮੈਨੂੰ ਆਪ ਵੀ ਸੰਗ ਆ ਰਹੀ ਹੈ ਕਿ ਕੁਝ ਮਹੱਤਵਪੂਰਨ ਕਹਾਣੀ ਸੰਗ੍ਰਹਿ ਸੰਪਾਦਤ ਕਰਨ ਸਮੇਂ ਮੈਨੂੰ ਇਨ੍ਹਾਂ ਕਹਾਣੀਆਂ ਨੂੰ ਉਨ੍ਹਾਂ ਸੰਗ੍ਰਹਿਆਂ ਵਿਚ ਸ਼ਾਮਲ ਕਰਨ ਦਾ ਖ਼ਿਆਲ ਕਿਉਂ ਨਾ ਆਇਆ?
ਇਸ ਵਿਚ ਕਸੂਰ ਮੇਰਾ ਵੀ ਹੈ ਤੇ ਸਰਵਣ ਸਿੰਘ ਦਾ ਵੀ। ਮੇਰਾ ਇਸ ਕਰਕੇ ਕਿ ਮੈਂ ਖੇਡ ਲੇਖਣੀ ਦੇ ਸਿਕੰਦਰੇ-ਆਜ਼ਮ ਸਰਵਣ ਸਿੰਘ ਦੇ ਡਲ੍ਹਕਾਂ ਮਾਰਦੇ ਹੀਰਿਆਂ ਜੜੇ ਤਾਜ ਵੱਲ ਹੀ ਇੱਕ-ਟੱਕ ਵੇਖੀ ਗਿਆ; ਉਸ ਦੀ ਸ਼ਹਿਨਸਾæਹੀ ਦੇ ਜਲੌਅ ਨੇ ਕਿਸੇ ਹੋਰ ਪਾਸੇ ਨਜ਼ਰ ਜਾਣ ਹੀ ਨਾ ਦਿੱਤੀ। ਉਹਦਾ ਕਸੂਰ ਇਹ ਹੈ ਕਿ ਉਹ ਆਪਣੇ ਆਪ ਨੂੰ ਖੇਡ-ਲੇਖਕ ਵਜੋਂ ਸਥਾਪਤ ਕਰਨ ਵਿਚ ਰੁੱਝ ਗਿਆ ਤੇ ਪੈਂਦੀ ਸੱਟੇ ਇਸ ਖ਼ੇਤਰ ਵਿਚ ਬਣੀ ਸਰਬ ਪ੍ਰਵਾਨਿਤ ਸਰਦਾਰੀ ਨਾਲ ਏਨਾ ਸਰੂਰਿਆ ਗਿਆ ਕਿ ਬਾਕੀ ਦੀਆਂ ਸਾਹਿਤਕ ਵਿਧਾਵਾਂ ਨੂੰ ਊਂ ਹੀ ਟਿੱਚ ਸਮਝਣ ਲੱਗਾ। ਉਸ ਦਾ ਕਥਨ ਹੈ, “ਕਹਾਣੀਆਂ ਲਿਖੀ ਜਾਂਦਾ ਤਾਂ ਨਾ ਮੈਂ ਤਿੰਨਾਂ ‘ਚ ਹੁੰਦਾ ਤੇ ਨਾ ਤੇਰ੍ਹਾਂ ‘ਚ। ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ‘ਚ ਮੈਂ ਪਹਿਲੇ ਨੰਬਰ ‘ਤੇ ਹਾਂ।”
ਉਹਦੇ ਇਸ ਕਥਨ ਬਾਰੇ ਮੈਂ ਸਿਰਫ਼ ਏਨੀ ਟਿੱਪਣੀ ਕਰਨੀ ਹੈ ਕਿ ਸਰਵਣ ਸਿੰਘ ਨਾਲੋ ਨਾਲ ਕਹਾਣੀਆਂ ਵੀ ਲਿਖੀ ਜਾਂਦਾ ਤਾਂ ਉੁਹ ‘ਤਿੰਨਾਂ’ ਵਿਚ ਹਰ ਹਾਲਤ ਵਿਚ ਹੀ ਹੁੰਦਾ। ਇਹ ਵੀ ਵੱਡੀ ਗੱਲ ਨਹੀਂ ਕਿ ਕਹਾਣੀਕਾਰ ਵੀ ਪਹਿਲੇ ਨੰਬਰ ਦਾ ਹੀ ਬਣ ਜਾਂਦਾ ਤੇ ਹੁਣ ਤੋਂ ਕਈ ਚਿਰ ਪਹਿਲਾਂ ਸਾਹਿਤ ਅਕਾਦਮੀ ਦਾ ਇਨਾਮ ਵੀ ਕੁੱਟ ਚੁੱਕਾ ਹੁੰਦਾ। ਉਹਦੀ ਸਵੈਜੀਵਨੀ ਤੇ ਸਫ਼ਰਨਾਮੇਂ ਪੜ੍ਹ ਕੇ ਵੇਖ ਲਵੋ ਮੇਰੇ ਆਖੇ ਦੀ ਸਦਾਕਤ ਜਾਣ ਜਾਵੋਗੇ। ‘ਅੱਖੀਂ ਵੇਖ ਨਾ ਰੱਜੀਆਂ’ ਸਫ਼ਰਨਾਮੇ ਦਾ ਪੰਜਾਬੀ ਦੇ ਚੋਣਵੇਂ ਸਫ਼ਰਨਾਮਿਆਂ ਵਿਚ ਜ਼ਿਕਰ ਕੀਤਾ ਜਾਂਦਾ ਹੈ। ਸਵੈ-ਜੀਵਨੀ ‘ਹਸੰਦਿਆਂ ਖੇਲੰਦਿਆਂ’ ਦਾ ਸ਼ੁਮਾਰ ਵੀ ਪੰਜਾਬੀ ਦੀਆਂ ਪ੍ਰਮਾਣਿਕ ਤੇ ਯਾਦ-ਯੋਗ ਸਵੈ-ਜੀਵਨੀਆਂ ਵਿਚ ਕੀਤਾ ਜਾਵੇਗਾ।
ਹਾਲ ਦੀ ਘੜੀ ਮੈਂ ਲੇਖਕ ਸਰਵਣ ਸਿੰਘ ਬਾਰੇ ਹੀ ਲਿਖਿਆ ਹੈ, ਸੋਹਣੇ ਸੱਜਣ ਸਰਵਣ ‘ਬੰਦੇ’ ਬਾਰੇ ਕਦੀ ਫੇਰ ਗੱਲਾਂ ਕਰਾਂਗੇ। ਉਂਜ ਬੰਦੇ ਦਾ ਹੋਣਾ, ਜੀਣਾ-ਥੀਣਾ ਉਹਦਾ ਵਿਚਾਰ ਤੇ ਵਿਹਾਰ ਹੀ ਰਚਨਾ ਵਿਚੋਂ ਸਫ਼ੁਟਤ ਹੁੰਦਾ ਹੈ। ਉਹ ਸਿਰੜ੍ਹੀ ਤੇ ਸਿਦਕਵਾਨ ਹੈ। ਸਹਿਜ ਅਤੇ ਸੰਤੁਲਤ ਹੈ। ਰੀਂ ਰੀਂ ਕਰਨ ਵਾਲਾ ਰੋਂਦੂ ਨਹੀਂ; ਹਸੰਦੜਾ-ਖੇਲੰਦੜਾ ਹੈ; ਜ਼ਿੰਦਗੀ ਜਿਊਣ ਅਤੇ ਮਾਨਣ ਦੇ ਚਾਅ ਨਾਲ ਗਲ਼-ਗ਼ਲ਼ ਤੱਕ ਡੁੱਬਾ ਹੋਇਆ ਜ਼ਿੰਦਗੀ ਦਾ ਆਸ਼ਕ ਹੈ। ਸੰਸਾਰ ਦੇ ਸਾਰੇ ਸੁਹੱਪਣ ਨੂੰ ਇਕੋ ਵਾਰ ਗਲਵੱਕੜੀ ਵਿਚ ਲੈ ਲੈਣ ਲਈ ਕਾਹਲਾ। ਇਹ ਸਾਰਾ ਕੁਝ ਉਹਦੀ ਲਿਖਤ ਵਿਚੋਂ ਵੀ ਡੁੱਲ੍ਹ ਡੁੱਲ੍ਹ ਪੈਂਦਾ ਹੈ। ਸਫ਼ਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਦਾ ਨਾਮਕਰਨ ਉਹਦੀ ਜੀਵਨ ਨੂੰ ਰੱਜ ਰੱਜ ਕੇ ਵੇਖਣ ਤੇ ਮਾਨਣ ਦੀ ਚਾਹਤ ਦਾ ਹੀ ਪ੍ਰਗਟਾਵਾ ਹੈ। ਸਵੈ-ਜੀਵਨੀ ‘ਹਸੰਦਿਆਂ ਖੇਲੰਦਿਆਂ’ ਦਾ ਸਿਰਲੇਖ ਜੀਵਨ ਪ੍ਰਤੀ ਉਹਦੇ ਹਾਂ-ਮੁਖੀ ਰਵੱਈਏ ਦੀ ਸ਼ਾਹਦੀ ਭਰਦਾ ਹੈ। ਉਹਦੀ ਲਿਖਤ ਵਿਚ ਕਿਧਰੇ ਵੀ ਬੇਲੋੜੀ ਉਪਭਾਵਕਤਾ ਦਾ ਲਿਜ਼ਲਿਜ਼ਾ ਪ੍ਰਦਰਸ਼ਨ ਨਹੀਂ ਹੋਇਆ, ਕਿਧਰੇ ਵੀ ਸੰਘਣੀ ਉਦਾਸੀ ਦੇ ਲੰਮੇ ਪ੍ਰਛਾਵੇਂ ਨਹੀਂ ਦਿਸਦੇ। ਨਾ ਉਹ ਜ਼ਿੰਦਗੀ ਵਿਚ ਕਿਸੇ ਨਾਲ ਈਰਖ਼ਾ ਤੇ ਸਾੜਾ ਕਰਦਾ ਹੈ ਨਾ ਹੀ ਉਹਦੀ ਲਿਖਤ ਵਿਚ ਕਿਸੇ ਨਾਲ ਵੈਰ-ਭਾਵ ਦੀ ਹੁਮਕ ਆਉਂਦੀ ਹੈ। ਉਹ ਤਾਂ ਖੂæਬਸੂਰਤ ਤੇ ਖ਼ੁਸ਼ਬੂਦਾਰ ਇਨਸਾਨ ਹੈ। ਇੰਜ ਦੀ ਹੀ ਉਹਦੀ ਲਿਖਤ ਹੈ। ਹਰ ਵੇਲੇ ਮਹਿਕਾਂ ਵੰਡਦੀ, ਉਤਸ਼ਾਹ ਤੇ ਪ੍ਰੇਰਨਾ ਦਿੰਦੀ, ਡਿੱਗਿਆਂ ਨੂੰ ਉਠਣ ਤੇ ਤੁਰਨ ਲਈ ਵੰਗਾਰਦੀ ਤੇ ਸਾਰੀ ਦੁਨੀਆਂ ਨੂੰ ਆਪਣੀ ਹਿੱਕ ਅਤੇ ਮੁਹੱਬਤ ਦੇ ਜ਼ੋਰ ‘ਤੇ ਫ਼ਤਿਹ ਕਰ ਲੈਣ ਲਈ ਹੌਂਸਲਾ ਦਿੰਦੀ ਹੋਈ।
ਸਰਵਣ ਸਿੰਘ ਰੌਸ਼ਨੀ ਦਾ ਆਸ਼ਕ ਹੈ, ਕਾਲਖ਼ ਦਾ ਵਣਜਾਰਾ ਨਹੀਂ। ਉਹ ਕਲਮ ਦੀ ਬੁਰਸ਼-ਛੁਹ ਨਾਲ ਮਨਾਂ ਨੂੰ ਲਬੇੜਨ ਵਾਲਾ ਨਹੀਂ ਸਗੋਂ ਮਨਾਂ ਦੀ ਮੈਲ਼ ਧੋਣ ਵਾਲਾ ਲੇਖਕ ਹੈ। ‘ਬੀਮਾਰ’ ਦ੍ਰਿਸ਼ਟੀ ਦੀ ਥਾਂ ਉਸ ਨੇ ‘ਸਿਹਤਮੰਦ’ ਨਜ਼ਰ ਨਾਲ ਜੀਵਨ ਨੂੰ ਵੇਖਿਆ ਹੈ। ਸਰਵਣ ਸਿੰਘ ‘ਕਾਗ’ ਨਹੀਂ ‘ਹੰਸ’ ਹੈ। ਉਹਦੀ ਹੰਸ-ਬੁੱਧ ਮੋਤੀਆਂ ਦੀ ਮੁਤਲਾਸ਼ੀ ਹੈ।
ਗਾਰਗੀ ਦੀ ਵਾਰਤਕ ਤੋਂ ਪ੍ਰਭਾਵਤ ਹੋ ਕੇ ਵੀ ਉਹ ਗਾਰਗੀ ਤੋਂ ਕਿਤੇ ਵੱਖਰਾ ਅਤੇ ਵਿੱਥ ‘ਤੇ ਖਲੋਤਾ ਅਸਮਾਨੀ ਸਿਖ਼ਰਾਂ ਛੁਹ ਰਿਹਾ ਹੈ; ਲਾਹੌਰ ਦੇ ਉਚੇ ਬੁਰਜ ਵਾਂਗ; ਜਿਸ ਦੇ ਹੇਠੋਂ ਸਿਰਜਣਾ ਦੇ ਭਰ-ਵਹਿੰਦੇ ਦਰਿਆ ਵਗਦੇ ਹਨ, ਜਿਨ੍ਹਾਂ ਦਾ ਪਾਣੀ ਰੂਹਾਂ ਨੂੰ ਸਿੰਜਦਾ, ਮਨਾਂ ਦੀਆਂ ਹਰਿਆਵਲਾਂ ਨੂੰ ਹੋਰ ਹਰੀਆਂ ਕਰਦਾ, ਆਸਾਂ-ਉਮੀਦਾਂ ਦੇ ਬੂਟਿਆਂ ਨੂੰ ਨਵੇਂ-ਨਵੇਂ ਫ਼ਲ-ਫੁੱਲ ਲਾਉਂਦਾ, ਜ਼ਿੰਦਗੀ ਦੀ ਫ਼ਸਲ ਨੂੰ ਲਹਿਲਹਾਉਣ ਲਾ ਦਿੰਦਾ ਹੈ।
ਕਿਹਾ ਜਾਂਦਾ ਹੈ ਕਿ ਕਾਮ ਅਤੇ ਕਰੁਣਾ ਦਾ ਬਿਆਨ ਅਤੇ ਵਰਣਨ ਕਿਸੇ ਵੀ ਲਿਖਤ ਨੂੰ ਸਭ ਤੋਂ ਵੱਧ ਪੜ੍ਹਨ-ਯੋਗ ਬਨਾਉਣ ਦੀ ਢੁਕਵੀਂ ਜੁਗਤ ਹੈ। ਪਰ ਇਹ ਸਰਵਣ ਸਿੰਘ ਦੀ ਲਿਖਤ ਦਾ ਕਮਾਲ ਹੀ ਹੈ ਕਿ ਉਹਨੇ ਆਪਣੀ ਰਚਨਾ ਵਿਚ ਇਨ੍ਹਾਂ ਸੰਦਾਂ ਦੀ ਵਰਤੋਂ ਤੋਂ ਬਗ਼ੈਰ ਹੀ ਲਟ ਲਟ ਬਲਦੇ ਜਲੌਅ ਵਾਲੀ ਅਜਿਹੀ ਸੋਹਣੀ ਤੇ ਸੁਹੰਢਣੀ ਵਾਰਤਕ ਸਿਰਜੀ ਹੈ ਕਿ ਪੜ੍ਹਨਯੋਗਤਾ ਦਾ ਇੱਕ ਨਵਾਂ ਤੇ ਨਿਆਰਾ ਮਿਆਰ ਸਥਾਪਤ ਕਰ ਦਿੱਤਾ ਹੈ। ਇਹ ਮਿਆਰ ਹੋਰਨਾਂ ਲੇਖਕਾਂ ਲਈ ਵੀ ਵੰਗਾਰ ਹੈ। ਸਾਡੀ ਤਮੰਨਾ ਹੈ ਕਿ ਕੋਈ ਸੂਰਮਾ ਰਚਨਾਕਾਰ ਆਵੇ ਤੇ ਸਰਵਣ ਸਿੰਘ ਦੇ ਮੈਦਾਨ ਵਿਚ ਰੱਖੇ ‘ਪਾਨਾਂ ਦੇ ਬੀੜੇ’ ਨੂੰ ਚੁੱਕਣ ਦਾ ਸਾਹਸ ਕਰੇ!
ਸਰਵਣ ਸਿੰਘ ਬੜਾ ਧੱਕੜ-ਧਾਵੀ ਲਿਖਾਰੀ ਹੈ। ਮੈਂ ਬੜਾ ਜ਼ੋਰ ਲਾਇਆ ਕਿ ਉਸ ਨੂੰ ਕਿਸੇ ਨਾ ਕਿਸੇ ਪਾਸਿਓਂ ਕਾਬੂ ਕਰਾਂ। ਗੁੱਟ ਫੜਾਂ ਤਾਂ ਤੁਰਤ ਹੁਜਕਾ ਮਾਰ ਕੇ ਛੁਡਾ ਲੈਂਦਾ ਹੈ, ਲੱਤਾਂ ਨੂੰ ਜੱਫਾ ਮਾਰਨ ਪਾਵਾਂ ਤਾਂ ਹਿਰਨ ਵਾਂਗ ਚੁੰਗੀ ਭਰ ਕੇ ਮੇਰੇ ਉਤੋਂ ਦੀ ਛਾਲ ਮਾਰ ਜਾਂਦਾ ਹੈ। ਕੈਂਚੀ ਮਾਰਾਂ ਤਾਂ ਮੈਨੂੰ ਕੁੱਛੜ ਚੁੱਕੀ ਲਕੀਰ ਟੱਪ ਜਾਂਦਾ ਹੈ। ਗੱਲ ਕੀ; ਉਹਦੇ ‘ਚ ਜਾਨ ਹੀ ਏਨੀ ਹੈ, ਜਿਸਮ ਈ ਏਨਾਂ ਤਿਲ੍ਹਕਵਾਂ ਹੈ ਕਿ ਜਿਹੜੇ ਵੀ ਅੰਗ ਨੂੰ ਹੱਥ ਪਾਵਾਂ ਉਹ ਬਦੋ-ਬਦੀ ਹੱਥਾਂ ‘ਚੋਂ ਤਿਲ੍ਹਕ ਕੇ ਨਿਕਲ ਜਾਂਦਾ ਹੈ।
ਹਾਰ ਕੇ ਮੈਂ ਸੋਚਿਆ ਕਿ ਉਹ ‘ਕੱਲੇ ਨਾਲ ‘ਕੱਲੇ ਦੀ ‘ਕਬੱਡੀ’ ਵਿਚ ਤਾਂ ਮੇਰੇ ਕਾਬੂ ਨਹੀਂ ਆ ਸਕਣਾ ਕਿਉਂ ਨਾ ਉਸਨੂੰ ‘ਸਾਂਝਾ ਜੱਫਾ’ ਲਾਇਆ ਜਾਵੇ। ਪਰ ਸੱਚੀ ਗੱਲ ਹੈ ਕਿ ਕਾਬੂ ਉਹ ਸਾਡੀ ਸਾਂਝੀ ਟੀਮ ਤੋਂ ਵੀ ਨਹੀਂ ਆਇਆ। ਬਿਨਾਂ ਪਿੰਡੇ ਨੂੰ ਮਿੱਟੀ ਲਵਾਇਆਂ ਉਹ ਸਾਥੋਂ ਛੁੱਟ ਕੇ ਹੰਦਿਆਂ ਦੇ ਪਾਰ ਖਲੋਤਾ, ਪਿੱਛੇ ਮੁੜ ਕੇ ਸਾਡੇ ਵੱਲ ਵਿੰਹਦਾ ਖਿੜ ਖਿੜ ਹੱਸੀ ਜਾਂਦਾ ਹੈ ਤੇ ਬਾਂਹ ਉਚੀ ਕਰਕੇ ਸਾਨੂੰ ਵੰਗਾਰ ਰਿਹਾ ਹੈ।
ਕੋਈ ਗੱਲ ਨਹੀਂ ਭਾਅ ਸਰਵਣ ਸਿਅ੍ਹਾਂ! ਸਾਨੂੰ ਤੇਰੇ ਤੋਂ ਹਾਰ ਜਾਣ ਦੀ ਕੋਈ ਨਮੋਸ਼ੀ ਨਹੀਂ। ਇਸ ਹਾਰ ਵਿਚ ਹੀ ਜਿੱਤ ਦਾ ਅਸਲੀ ਸਵਾਦ ਹੈ। ਤੂੰ ਲਿਖਣ ਦੇ ਮੈਦਾਨ ਵਿਚ ਏਦਾਂ ਹੀ ਮੱਲਾਂ ਮਾਰਦਾ ਰਹੁ। ਜਿੱਤਾਂ ਜਿੱਤਦਾ ਰਹੁ! ਸਾਡੀਆਂ ਦੁਆਵਾਂ ਤੇਰੇ ਨਾਲ ਨੇ!!