ਕੈਨੇਡਾ ਵੱਸਦਾ ਨੌਜਵਾਨ ਹਰਪ੍ਰੀਤ ਸੇਖਾ ਬੁਨਿਆਦੀ ਰੂਪ ਵਿਚ ਕਹਾਣੀਕਾਰ ਹੈ। ਉਹਦੇ ਦੋ ਕਹਾਣੀ ਸੰਗ੍ਰਹਿ ‘ਬੀ ਜੀ ਮੁਸਕਰਾ ਪਏ’ ਅਤੇ ‘ਬਾਰਾਂ ਬੂਹੇ’ ਛਪ ਚੁੱਕੇ ਹਨ। ਇਨ੍ਹਾਂ ਕਹਾਣੀਆਂ ਵਿਚ ਕੈਨੇਡੀਅਨ ਸਮਾਜ ਅੰਦਰ ਜੂਝ ਰਹੇ ਜਿਉੜਿਆਂ ਦਾ ਜ਼ਿਕਰ ਹੈ।
ਆਪਣੀਆਂ ਰਚਨਾਵਾਂ ਵਿਚ ਉਹ ਪਾਤਰਾਂ ਦੀ ਮਾਨਸਿਕਤਾ ਨੂੰ ਪੜ੍ਹਦਾ, ਆਲੇ-ਦੁਆਲੇ ਦਾ ਬਿਰਤਾਂਤ ਬੰਨ੍ਹਦਾ ਹੈ। ‘ਟੈਕਸੀਨਾਮਾ’ ਉਹਦੀ ਨਿਵੇਕਲੀ ਰਚਨਾ ਹੈ ਜਿਸ ਵਿਚ ਉਹਨੇ ਟੈਕਸੀ ਚਲਾਉਣ ਵਾਲਿਆਂ ਦੇ ਕਿੱਤੇ ਅਤੇ ਮਨਾਂ ਅੰਦਰ ਭਰਵੀਂ ਝਾਤੀ ਮਾਰੀ ਹੈ। ਇਸ ਵਿਚੋਂ ਕਹਾਣੀ ਵਰਗਾ ਰਸ ਵੀ ਡੁੱਲ੍ਹ ਡੁੱਲ੍ਹ ਪੈਂਦਾ ਹੈ। ਆਪਣੇ ਪਾਠਕਾਂ ਲਈ ਇਹ ਰਚਨਾ ਲੜੀਵਾਰ ਛਾਪੀ ਜਾ ਰਹੀ ਹੈ। -ਸੰਪਾਦਕ
ਹਰਪ੍ਰੀਤ ਸਿੰਘ ਸੇਖਾ
ਫੋਨ: 778-231-1189
ਅਰਲੀ ਬਰਡ ਸਟੈਂਡ ‘ਤੇ ਪਹੁੰਚਿਆ ਤਾਂ ਧੌਲ਼ਾ ਸਾਹਬ ਦੀ ਟੈਕਸੀ ਪਹਿਲਾ ਨੰਬਰ ਲਈ ਮੂਹਰੇ ਖੜ੍ਹੀ ਸੀ। ‘ਚੱਲ, ਟਾਈਮ ਛੇਤੀ ਲੰਘ ਜਾਊ’, ਮੈਂ ਸੋਚਿਆ। ਕੰਮ ਬਹੁਤ ਮੰਦਾ ਸੀ। ਰੇਡੀਓ ਡਿਸਪੈਚ ਦੀ ਇਹ ਮੌਜ ਸੀ ਕਿ ਮੰਦੇ ਕੰਮ ਵਾਲੇ ਦਿਨ ਗੱਲਾਂ ਮਾਰ ਕੇ ਟਾਈਮ ਸੌਖਾ ਲੰਘ ਜਾਂਦਾ। ਪਤਾ ਹੁੰਦਾ ਸੀ ਕਿ ਕਿਹੜੀ ਟੈਕਸੀ ਦਾ ਜ਼ੋਨ ਵਿਚ ਕਿਹੜਾ ਨੰਬਰ ਹੈ ਅਤੇ ਸਟੈਂਡ ‘ਤੇ ਮੂਹਰੇ ਖੜ੍ਹੀ ਟੈਕਸੀ ਤੋਂ ਪਿੱਛੋਂ ਹੀ ਟ੍ਰਿੱਪ ਮਿਲੇਗਾ, ਇਸ ਕਰ ਕੇ ਪਿਛਲੀਆਂ ਟੈਕਸੀਆਂ ਵਾਲੇ ਮੂਹਰਲੀ ਟੈਕਸੀ ਵਿਚ ਜਾ ਬੈਠਦੇ। ਹੁਣ ਕੰਮ ਕੰਪਿਊਟਰ ਡਿਸਪੈਚ ‘ਤੇ ਹੋ ਗਿਆ ਹੈ। ਨਵੇਂ ਜ਼ੋਨ ਅਤੇ ਨਵੇਂ ਸਟੈਂਡ ਬਣ ਗਏ ਹਨ। ਆਪਣੀ ਆਪਣੀ ਟੈਕਸੀ ਵਿਚ ਬੈਠ ਕੇ ਉਡੀਕ ਕਰਨੀ ਪੈਂਦੀ ਹੈ। ਖੈਰ, ਮੈਂ ਆਪਣੀ ਟੈਕਸੀ ਵਿਚੋਂ ਨਿਕਲ ਕੇ ਧੌਲ਼ਾ ਸਾਹਬ ਦੀ ਟੈਕਸੀ ਦਾ ਮਗਰਲਾ ਦਰਵਾਜ਼ਾ ਖੋਲ੍ਹ ਕੇ ਵਿਚ ਬੈਠਦੇ ਨੇ “ਮਾਰ੍ਹਾਜ, ਧੌਲ਼ਾ ਸਾਹਬ” ਕਿਹਾ। ਅੱਗਿਉਂ ਧੌਲ਼ਾ ਸਾਹਬ ਨੇ ਵੀ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਦੋਹੇਂ ਹੱਥ ਮੱਥੇ ਤੋਂ ਥੋੜ੍ਹਾ ਉਪਰ ਜੋੜ ਕੇ ਘਰੋੜਵੀਂ ਆਵਾਜ਼ ਵਿਚ ਕਿਹਾ, “ਮਾਰ੍ਹਾਜ, ਲਖਾਰੀ ਸਾਹਬ।”
ਅਸਲ ਵਿਚ ‘ਧੌਲ਼ਾ ਸਾਹਬ’ ਉਨ੍ਹਾਂ ਦਾ ਅਸਲੀ ਨਾਂ ਨਹੀਂ ਸੀ। ਇਹ ਉਨ੍ਹਾਂ ਦੀ ਪਛਾਣ ਸੀ। ਤੇ ਇਹ ਅੱਲ ਵੀ ਉਨ੍ਹਾਂ ਦੀ ਉਸ ਮੌਕੇ ਪਈ ਸੀ ਜਦ ਉਹ ਮੇਰੇ ਨਾਲ ਗੱਲਬਾਤ ਕਰ ਰਹੇ ਸਨ। ਮੈਂ ਕਿਤੇ ਇਨ੍ਹਾਂ ਨੂੰ ਕਈ ਟੈਕਸੀ ਵਾਲਿਆਂ ਦੇ ਬੈਠਿਆਂ ‘ਅੰਕਲ ਜੀ’ ਆਖ ਦਿੱਤਾ। ਮੈਂ ਬਾਈ-ਤੇਈ ਸਾਲ ਦਾ ਸੀ ਤੇ ਇਨ੍ਹਾਂ ਦੀ ਉਮਰ ਮੈਨੂੰ ਪੰਜਾਹਾਂ ਦੇ ਗੇੜ ‘ਚ ਲੱਗੀ। ਇਹ ਮੈਂ ਇੰਡੋ-ਕੈਨੇਡੀਅਨ ਰਿਵਾਜ ਮੁਤਾਬਿਕ ਹੀ ਕਿਹਾ ਸੀ, ਪਰ ਇਹ ਸੰਬੋਧਨ ਸੁਣਦਿਆਂ ਹੀ ਉਹ ਭੜਕ ਕੇ ਬੋਲੇ, “ਗੱਲ ਸੁਣ ਓ ਮੁੰਡਿਆ, ਮੁੜ ਕੇ ਨਾ ਮੈਨੂੰ ਅੰਕਲ-ਊਂਕਲ ਕਹੀਂ। ਐਵੇਂ ਮੇਰੀ ਕੋਈ ‘ਅੱਲ’ ਪੁਆਏਂਗਾ, ਹੁਣ ਤਾਈਂ ਬਚੇ ਹੋਏ ਆਂ। ਨਾਲੇ ਮੈਂ ਕਿਧਰੋਂ ਤੈਨੂੰ ਅੰਕਲ ਲੱਗਦੈਂ? ਦਿਸਦਾ ਕੋਈ ਧੌਲ਼ਾ?” ਮੈਂ ਤਾਂ ਇਨ੍ਹਾਂ ਦੇ ਬੋਲਣ ਦੇ ਅੰਦਾਜ਼ ਤੋਂ ਸਹਿਮ ਜਿਹਾ ਗਿਆ, ਪਰ ਨਾਲ ਬੈਠਿਆਂ ‘ਚੋਂ ਕਿਸੇ ਨੇ ਕਿਹਾ, “ਧੌਲ਼ਾ ਤੇਰੇ ਕਿੱਥੋਂ ਦਿਸੂ? ਮੂੰਹ ਸਿਰ ਤਾਂ ਜਵਾਂ ਰਗੜ ਕੇ ਰੱਖਦੈਂ।”
“ਜਿੱਥੋਂ ਰਗੜ ਕੇ ਨ੍ਹੀਂ ਰੱਖਦਾ, ਉਥੋਂ ਦਿਖਾ ਦਿੰਨੈ”, ਇਨ੍ਹਾਂ ਦੇ ਇਹ ਕਹਿਣ ਸਾਰ ਹੀ ਹਾਸੜ ਮੱਚ ਗਈ। ਇਸ ਤਰ੍ਹਾਂ ਇਨ੍ਹਾਂ ਦਾ ਨਾਂ ਅੰਕਲ ਤਾਂ ਨਾ ਪਿਆ ਪਰ ‘ਧੌਲ਼ਾ ਸਾਹਬ’ ਜ਼ਰੂਰ ਪੈ ਗਿਆ।
ਸਬੱਬ ਨਾਲ ਮੇਰਾ ਨਾਂ ‘ਲਖਾਰੀ’ ਵੀ ਧੌਲ਼ਾ ਸਾਹਬ ਦੀ ਬਦੌਲਤ ਹੀ ਪਿਆ ਸੀ। ਧੌਲ਼ਾ ਸਾਹਬ ਕੋਲ ਚਾਰ ਟੈਕਸੀਆਂ ਸਨ। ਇਕ ਟੈਕਸੀ ਮੈਂ ਹਰ ਸਨਿੱਚਰਵਾਰ ਨੂੰ ਚਲਾਉਂਦਾ ਸੀ। ਇਸੇ ਤਰ੍ਹਾਂ ਇਕ ਦਿਨ ਅਸੀਂ ਕਿਸੇ ਸਟੈਂਡ ‘ਤੇ ਬੈਠੇ ਸੀ। ਧੌਲ਼ਾ ਸਾਹਬ ਮੈਨੂੰ ਕਹਿਣ ਲੱਗੇ, “ਕਿਓਂ ਬਈ ਮੁੰਡਿਆ, ਕੱਲ੍ਹ ਨੂੰ ਟੈਕਸੀ ਚਲਾ ਲਵੀਂ। ਸੰਡੇ ਆਲ਼ਾ ਡਰੈਵਰ ਸਾਲ਼ਾ ਛੁੱਟੀ ਕਰ ਗਿਆ।”
“ਸੰਡੇ ਤਾਂ ਮੈਂ ਛੁੱਟੀ ਕਰਦਾ ਹੁੰਨੈਂ।”
“ਮੁੰਡਾ-ਖੁੰਡੈਂ, ਐਸ ਉਮਰ ‘ਚ ਨ੍ਹੀਂ ਛੁੱਟੀਆਂ ਕਰੀਦੀਆਂ ਹੁੰਦੀਆਂ। ਕੀ ਕਰਦਾ ਹੁੰਨੈਂ ਸਾਰਾ ਦਿਨ ਘਰੇ?”
“ਛੁੱਟੀ ਮਨਾਈਦੀ ਐ, ਪੜ੍ਹ-ਲਿਖ ਲਈਦੈ ਕੁਛ।” ਸੁਣ ਕੇ ਧੌਲ਼ਾ ਸਾਹਬ ਪਲ ਭਰ ਲਈ ਇਕ ਟੱਕ ਮੇਰੇ ਵੱਲ ਇਸ ਤਰ੍ਹਾਂ ਵੇਖਦੇ ਰਹੇ ਜਿਵੇਂ ਉਨ੍ਹਾਂ ਨੂੰ ਮੇਰੀ ਗੱਲ ਦਾ ਯਕੀਨ ਨਾ ਆਇਆ ਹੋਵੇ। ਫਿਰ ਬੋਲੇ, “ਆਹ ਜਿਹੜੀਆਂ ਕਦੇ ਕਦੇ ਅਖਬਾਰ ‘ਚ ਤੇਰੀਆਂ ਘਾਣੀਆਂ ਜੀਆਂ ਛਪਦੀਆਂ ਹੁੰਦੀਐਂ, ਇਹ ਲਿਖਦਾ ਹੁੰਨੈਂ?”
“ਹਾਂ।”
“ਕੁਛ ਦਿੰਦੇ-ਲੈਂਦੇ ਵੀ ਆ ਓਹ ਤੈਨੂੰ?”
“ਦੇਣਾ ਕੀ ਐ?”
“ਫੇਰ?”
“ਬੱਸ ਚੰਗਾ ਲੱਗਦੈ ਲਿਖ ਕੇ।” ਇਹ ਸੁਣ ਕੇ ਧੌਲ਼ਾ ਸਾਹਬ ਜੋæਰ ਨਾਲ ਹੱਸੇ। ਫਿਰ ਬੋਲੇ, “ਅਖੇ ਚੰਗਾ ਲੱਗਦੈ, ਓਹ ਗੁਰੂਆæææ।” ਆਖ ਕੇ ਧੌਲ਼ਾ ਸਾਹਬ ਫਿਰ ਹੱਸ ਪਏ। ਉਨ੍ਹਾਂ ਵੱਲ ਵੇਖ ਕੇ ਹੋਰ ਬੈਠੇ ਬੰਦੇ ਵੀ ਹੱਸ ਪਏ। ਕੁਝ ਦੇਰ ਬਾਅਦ ਧੌਲ਼ਾ ਸਾਹਬ ਗੰਭੀਰ ਆਵਾਜ਼ ਵਿਚ ਬੋਲੇ, “ਬੰਦਾ ਬਣ ਕੇ ਕੰਮ ਕਰਿਆ ਕਰ। ਇਨ੍ਹਾਂ ਘਾਣੀਆਂ-ਘੂਣੀਆਂ ਨੇ ਕੁਛ ਨ੍ਹੀਂ ਦੇਣਾ ਤੈਨੂੰ, ਲਖਾਰੀ ਸਾਹਬ।” ਤੇ ਮੇਰਾ ਨਾਂ ‘ਲਖਾਰੀ ਸਾਹਬ’ ਪੈ ਗਿਆ। ਕਈ ਜਾੜ੍ਹ ਘੁੱਟ ਕੇ ਆਖਦੇ ਅਤੇ ਕਈ ਸੰਘ ਘਰੋੜ ਕੇ, ਜਿਵੇਂ ਹੁਣੇ ਹੁਣੇ ਧੌਲ਼ਾ ਸਾਹਬ ਨੇ ਕਿਹਾ ਸੀ।
“ਕਿਵੇਂ, ਅੱਜ ਕੰਮ ਬੜਾ ਸਲੋਅ ਕੀਤੈ?” ਮੈਂ ਸਵਾਰ ਕੇ ਬੈਠਦੇ ਨੇ ਕਿਹਾ।
“ਜਵਾਂ ਭੱਠਾ ਬਹਿੰਦਾ ਜਾਂਦੈ ਦਿਨੋ-ਦਿਨ ਬਿਜਨਸ ਵਾਲਾ। ਜਦੋਂ ਦੇ ਆ ਬੂਝੇ ਆਉਣ ਲੱਗੇ ਆ ਨਾ ਇੰਡੀਆ ਤੋਂ, ਕੰਮ ਆਲ਼ਾ ਬੇੜਾ ਗਰਕ ਕਰ ਕੇ ਰੱਖ’ਤਾ। ਇਕ ਸਾਲ਼ਾ ਹੋਰ ਆਇਐ ਨਵਾਂ।”
“ਕਿਹੜਾ?”
“ਹੈਗਾ ਇਕ ਕਿਸ਼ਤਾ ਮੱਲ।”
“ਇਹ ਕਿਹੜਾ ਹੋਇਆ?”
“ਮ੍ਹੀਨਾ ਕੁ ਹੋਇਐ ਨਵਾਂ ਟੈਕਸੀ ਚਲਾਉਣ ਲੱਗੈ। ਸਾਲੇ ਨੇ ਨਾ ਕਦੇ ਗੱਡੀ ਵੈਕਿਊਮ ਕਰਨੀ, ਨਾ ਕੁਛ ਹੋਰ। ਗੋਰੇ ਕਿਉਂ ਲੈਣ ਬਈ ਟੈਕਸੀਆਂ, ਜਦੋਂ ਵਿਚ ਬੈਠੋ ਸਾਲਾ ਮੁਸ਼ਕ ਮਾਰਦੈ। ਦਿਨਾਂ ‘ਚ ਇੰਜਣ ਬਠਾ ਕੇ ਰੱਖ’ਤਾ।”
“ਕੀਹਦੇ ਆਲ਼ੀ ਟੈਕਸੀ ਚਲਾਉਂਦਾ ਸੀ?”
“ਘੋੜੇ ਦੀ।”
“ਓਹੀ ਐ ਨਾ ਘੋੜਾ ਜਿਹੜਾ ਕਹਿੰਦੇ ਘੋੜੇ ਆਂਗੂ ਟਪੂਸੀ ਮਾਰ ਕੇ ਇਕ ਜ਼ੋਨ ‘ਚੋਂ ਦੂਜੇ ਜ਼ੋਨ ‘ਚ ਜਾਣ ਨੂੰ ਮਿੰਟ ਈ ਲਾਉਂਦੈ। ਬਲੂਅ ਸੈਵਨ ਆਲਾ?”
“ਹੋਰ ਕਿਹੜਾ। ਏਸੇ ਕਰ ਕੇ ਤੈਨੂੰ ਕਹਿੰਨੈ ਬਈ ਪੱਕੀ ਚਲਾਉਣ ਲੱਗ ਜਾ, ਸਾਰਿਆਂ ਨੂੰ ਜਾਨਣ ਲੱਗ ਪਵੇਂਗਾ।” ਧੌਲ਼ਾ ਸਾਹਬ ਮੈਨੂੰ ਕਈ ਵਾਰ ਆਖ ਚੁੱਕੇ ਸਨ ਕਿ ਮੈਂ ਮਸ਼ੀਨ ਸ਼ਾਪ ‘ਚੋਂ ਕੰਮ ਛੱਡ ਕੇ ਫੁੱਲ-ਟਾਈਮ ਟੈਕਸੀ ਚਲਾਉਣ ਲੱਗ ਜਾਵਾਂ, ਪਰ ਮੈਂ ਟੈਕਸੀ ਚਲਾਉਣ ਦੇ ਕੰਮ ਨੂੰ ਸਨਿੱਚਰਵਾਰ ਤੱਕ ਹੀ ਸੀਮਤ ਰੱਖਣਾ ਚਾਹੁੰਦਾ ਸੀ। ਇਸ ਕਰ ਕੇ ਪਹਿਲਾਂ ਵਾਂਗ ਹੀ ਮੈਂ ਗੱਲ ਨੂੰ ਹੋਰ ਪਾਸੇ ਪਾਉਣ ਲਈ ਪੁੱਛ ਲਿਆ, “ਕਿਵੇਂ ਇੰਜਣ ਬਠਾ’ਤਾ ਓਹਨੇ?”
“ਤੇਲ ਨ੍ਹੀਂ ਸੀ ਚੈਕ ਕਰਦਾ। ਬਿਨਾਂ ਤੇਲ ਤੋਂ ਹੀ ਦੱਬੀ ਫਿਰਦਾ ਰਿਹਾ। ਜਦੋਂ ਘੋੜੇ ਨੇ ਪੁੱਛਿਆ, ਬਈ ਤੇਲ ਕਾਹਤੋਂ ਨ੍ਹੀਂ ਸੀ ਚੈਕ ਕਰਦਾ ਤਾਂ ਅੱਗਿਉਂ ਕਹਿੰਦਾ, ਬਈ ਕਿਸ਼ਤੀ ਜ੍ਹੀ ਦਾ ਸਾਈਨ ਤਾਂ ਆਇਆ ਨ੍ਹੀਂ, ਮੈਂ ਕਿਹਾ ਠੀਕ ਈ ਹੋਊ।”
“ਕਿਹੜੀ ਕਿਸ਼ਤੀ?”
“ਓਹੀ ਯਾਰ ਜਿਹੜਾ ਇੰਜਣ-ਆਇਲ ਦੇ ਘਟੇ ਤੋਂ ਸਾਈਨ ਜਿਹਾ ਨ੍ਹੀਂ ਆਉਂਦਾ ਹੁੰਦਾ।”
“ਓ ਅੱਛਾ ਅੱਛਾæææਤਾਂ ਹੀ ਤੁਸੀਂ ਉਹਨੂੰ ਕਿਸ਼ਤਾ ਮੱਲ ਕਿਹਾ ਸੀ”, ਮੈਂ ਹੱਸ ਕੇ ਕਿਹਾ।
“ਤੈਨੂੰ ਆਉਂਦੈ ਹਾਸਾ, ਘੋੜੇ ਨੂੰ ਪੁੱਛ ਕੇ ਵੇਖ, ਜੀਹਨੂੰ ਥੁੱਕ ਲੱਗੈ। ਹੁਣੇ ਤੇਰੇ ਮੂਹਰੇ ਮੂਹਰੇ ਰੋਂਦਾ ਗਿਐ।”
ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਹੀ ਰਹੇ ਸੀ ਕਿ ਡਿਸਪੈਚ ਰੇਡੀਓ ‘ਤੇ ਕਿਸੇ ਡਰਾਈਵਰ ਦੀ ਚੀਕਵੀਂ ਜਿਹੀ ਆਵਾਜ਼ ਸੁਣਾਈ ਦਿੱਤੀ। ਅਸੀਂ ਗੱਲਾਂ ਕਰਨੀਆਂ ਰੋਕ ਕੇ ਰੇਡੀਓ ਸੁਣਨ ਲੱਗੇ। ਡਰਾਈਵਰ ਆਖ ਰਿਹਾ ਸੀ, “ਮਾਈ ਟਾਇਰ ਪੰਚਰ, ਆਈ ਐਮ ਆਨ ਪਟਰੌਲ ਪੰਪ, ਨੋ ਸਟਿੱਪਨੀ ਐਂਡ ਟਾਇਰਪਾਨਾ ਇਨ ਡਿੱਕੀæææ।
ਅਸੀਂ ਦੋਵੇਂ ਹੱਸ ਪਏ। ਮੈਨੂੰ ਇੰਡੀਆ ਤੋਂ ਆਏ ਨੂੰ ਹਾਲੇ ਥੋੜ੍ਹਾ ਸਮਾਂ ਹੋਇਆ ਹੋਣ ਕਰ ਕੇ ਇਹ ਨਾਂ ਓਪਰੇ ਤਾਂ ਲੱਗੇ, ਪਰ ਬਹੁਤੇ ਨਾ। ਇਥੇ ਟਾਇਰ ਪੈਂਚਰ ਦੀ ਥਾਂ ਫਲੈਟ ਟਾਇਰ ਆਖਦੇ ਹਨ, ਪੈਟਰੌਲ ਪੰਪ ਦੀ ਥਾਂ ਗੈਸ ਸਟੇਸ਼ਨ ਲਫ਼ਜ਼ ਵਰਤਦੇ ਹਨ, ਟਾਇਰਪਾਨਾ ਨੂੰ ਰੈਂਚ ਆਖਿਆ ਜਾਂਦਾ ਹੈ ਤੇ ਡਿੱਕੀ ਨੂੰ ਟਰੰਕ। ਡਰਾਈਵਰ ਵੱਲੋਂ ਪੰਜਾਬੀ ਲਹਿਜੇæ ਵਿਚ ਘੋਟ ਘੋਟ ਕੇ ਬੋਲੀ ਜਾਂਦੀ ਅੰਗਰੇਜ਼ੀ ਸੁਣ ਕੇ ਧੌਲ਼ਾ ਸਾਹਬ ਦਾ ਹਾਸਾ ਰੁਕਣ ‘ਚ ਨਾ ਆਵੇ। ਫਿਰ ਉਨ੍ਹਾਂ ਆਪਣਾ ਹਾਸਾ ਰੋਕ ਕੇ ਕਿਹਾ,
“ਇਹ ਤਾਂ ਸੱਜਰਾ ਈ ਜ੍ਹਾਜ ‘ਚੋਂ ਉਤਰਿਐ”, ਤੇ ਉਹ ਫਿਰ ਹੱਸ ਪਏ ਤੇ ਮੈਂ ਵੀ। ਅਸੀਂ ਇਸ ਤਰ੍ਹਾਂ ਹੱਸ ਹੀ ਰਹੇ ਸੀ ਕਿ ਰੇਡੀਓ ‘ਤੇ ਇਕ ਹੋਰ ਡਰਾਈਵਰ ਦੀ ਆਵਾਜ਼ ਸੁਣਾਈ ਦਿੱਤੀ। ਉਹ ਡਿਸਪੈਚਰ ਤੋਂ ਪੁੱਛ ਰਿਹਾ ਸੀ, “ਪਲੀਜ਼, ਆਸਕ ਮਿਸਟਰ ‘ਟਾਇਰਪਾਨਾ’ ਦੈਟ ਵੇਅਰ ਅਬਾਊਟ ਹੀ ਇਜ਼। ਸੋ ਆਈ ਕੈਨ ਹੈਲਪ ਹਿਮ।”
“ਲੈ ਇਕ ਹੋਰ ਡਰਾਈਵਰ ਦੀ ਪਛਾਣ ਬਣ ਗਈ। ਚੱਲ, ਚੇਤੇ ਰੱਖਣਾ ਸੌਖਾ ਰਹੂ। ਐਨੀ ਖਲਕਤ ਦੇ ਨਾਂ ਕਿਹੜਾ ਚੇਤੇ ਰੱਖਣੇ ਆਸਾਨ ਹੁੰਦੇ ਐ। ‘ਟਾਇਰਪਾਨਾ’ ਆਖ ਕੇ ਧੌਲ਼ਾ ਸਾਹਬ ਫਿਰ ਹੱਸ ਪਏ ਤੇ ਮੈਂ ਵੀ।
(ਚਲਦਾ)