ਸੁਰਜੀਤ ਸਿੰਘ ਪੰਛੀ
‘ਪੰਜਾਬ ਟਾਈਮਜ਼’ ਦੇ 18 ਜੁਲਾਈ 2015 ਦੇ ਅੰਕ ਵਿਚ ਸ਼ ਹਾਕਮ ਸਿੰਘ ਆਪਣੇ ਲੇਖ ‘ਗੁਰਮਤਿ ਅਤੇ ਸਿੱਖ ਧਰਮ’ ਵਿਚ ਲਿਖਦੇ ਹਨ, “ਕਈ ਵਿਦਵਾਨ ਭਗਤੀ ਲਹਿਰ ਅਤੇ ਗੁਰਬਾਣੀ ਦਾ ਮਨੋਰਥ ਸਮਾਜ ਸੁਧਾਰ ਦੱਸਦੇ ਹਨ। ਗੁਰਬਾਣੀ ਵਿਚ ਤਾਂ ਕੇਵਲ ਵਿਅਕਤੀ ਦੇ ਆਪਣੇ ਮਨ ‘ਤੇ ਕਾਬੂ ਪਾਉਣ ਦੀ ਗੱਲ ਕੀਤੀ ਗਈ ਹੈ। ਸਮਾਜ ਸੁਧਾਰ ਬਾਰੇ ਗੁਰਬਾਣੀ ਵਿਚ ਕੋਈ ਪ੍ਰਮਾਣ ਨਹੀਂ ਮਿਲਦਾ। ਦਰਅਸਲ ਸੰਸਾਰ ਵਿਚ ਮਾਇਆ ਤਾਂ ਪ੍ਰਭੂ ਨੇ ਆਪ ਥਾਪੀ ਹੋਈ ਹੈ।
ਮਨੁੱਖ ਸੰਸਾਰ ਦਾ ਕੀ ਸੁਧਾਰ ਕਰ ਸਕਦਾ ਹੈ?”
ਸਮਾਜਕ ਤੇ ਧਾਰਮਿਕ ਸੁਧਾਰਕ ਅਤੇ ਕ੍ਰਾਂਤੀਕਾਰੀ ਲੋਕ ਪੁਰਾਣੇ ਅਤੇ ਅਸਮਾਜਕ ਰੀਤਾਂ-ਰਿਵਾਜ਼ਾਂ ਵਿਚ ਸੁਧਾਰ ਕਰਨ ਜਾਂ ਇਨ੍ਹਾਂ ਨੂੰ ਖਤਮ ਕਰਨ ਵਾਲੇ ਹੁੰਦੇ ਹਨ। ਉਹ ਪੁਰਾਣੇ ਖੰਡਰਾਂ ‘ਤੇ ਨਵੇਂ ਨਿਯਮਾਂ ਦੇ ਮਹਿਲ ਉਸਾਰਦੇ ਹਨ। ਉਹ ਆਪਣੇ ਯੁੱਗ ਵਿਚ ਪ੍ਰਚਲਿਤ ਘਸੇ-ਪਿਟੇ ਰੀਤੀ-ਰਿਵਾਜ਼ਾਂ ਤੇ ਕੌਤਕਾਂ ਨੂੰ ਨਿੰਦਦੇ ਤੇ ਬੰਦ ਕਰਨ ਲਈ ਕਹਿੰਦੇ ਹਨ। ਉਹ ਲੋਕਾਂ ਨੂੰ ਉਨ੍ਹਾਂ ਵੱਲੋਂ ਪ੍ਰਚਾਰੇ ਗਏ ਨਵੇਂ ਢੰਗ-ਤਰੀਕਿਆਂ ਨੂੰ ਪ੍ਰਵਾਨ ਕਰਨ ਅਤੇ ਅਨਿਆਂ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਕਹਿ ਕੇ ਸੁਧਾਰ ਕਰਨ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦੇ ਕਦਮ ਤੇਜ਼ ਹੁੰਦੇ ਹਨ ਅਤੇ ਉਹ ਲੰਮੇ ਸਮੇਂ ਲਈ ਸਬਰ ਨਹੀਂ ਕਰ ਸਕਦੇ। ਉਹ ਦਲੇਰੀ ਨਾਲ ਪੁਰਾਣੀਆਂ ਰਸਮਾਂ ਦੇ ਹਮਾਇਤੀਆਂ ਦੀ ਨਾਰਾਜ਼ਗੀ ਦੀ ਪ੍ਰਵਾਹ ਨਹੀਂ ਕਰਦੇ ਤੇ ਆਪਣੀਆਂ ਯੋਜਨਾਵਾਂ ਦੇ ਵਿਰੋਧ ਤੋਂ ਨਹੀਂ ਡਰਦੇ। ਜੇਲ੍ਹਾਂ ਵਿਚ ਜਾਣ ਅਤੇ ਕੁਰਬਾਨੀਆਂ ਦੇਣ ਤੋਂ ਵੀ ਨਹੀਂ ਝਿਜਕਦੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਸਮਾਜ ਸੁਧਾਰ ਬਾਰੇ ਅਨੇਕਾਂ ਪ੍ਰਮਾਣ ਮਿਲਦੇ ਹਨ। ਸਿੱਖ ਧਰਮ ਮੁੱਢ ਤੋਂ ਨਾਮ ਜਪਣ ਦੇ ਸੰਦੇਸ਼ ਦੇ ਨਾਲ ਨਾਲ ਸੁਧਾਰ ਉਤੇ ਕੇਂਦਰਿਤ ਹੈ। ਗੁਰੂਆਂ ਦੇ ਸਮੇਂ ਸਤੀ ਦੀ ਭੈੜੀ ਪ੍ਰਥਾ ਚਾਲੂ ਸੀ। ਗੁਰੂ ਜੀ ਨੇ ਇਸ ਸਮਾਜਕ ਬੁਰਾਈ ਵਿਚ ਸੁਧਾਰ ਕਰਨ ਦਾ ਯਤਨ ਕੀਤਾ। ਸਤੀ ਕੌਣ ਹੈ, ਦੀ ਉਹ ਵਿਆਖਿਆ ਕਰਦੇ ਹਨ,
ਸਤੀਆ ਏਹਿ ਨਾ ਆਖੀਅਨਿ
ਜੋ ਮੜਿਆ ਲਗਿ ਜਲੰਨ੍ਹਿ॥
ਨਾਨਕ ਸਤੀਆ ਜਾਣੀਅਨਿ
ਜਿ ਬਿਰਹੇ ਚੋਟਿ ਮਰੰਨ੍ਹਿ॥ (ਪੰਨਾ 787)
ਇਸਤਰੀ ਲਈ ਪੈਰ ਦੀ ਜੁੱਤੀ ਆਦਿ ਭੈੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਨੇ ਇਸਤਰੀ ਦਾ ਸਤਿਕਾਰ ਕਰਨ ਲਈ ਕਿਹਾ,
ਭੰਡੁ ਮੁਆ ਭੰਡੁ ਭਾਲੀਐ
ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ॥ (ਪੰਨਾ 473)
ਸਿੱਖ ਧਰਮ ਵਿਚ ਅਕਾਲ ਪੁਰਖ ਦਾ ਸੰਕਲਪ ਦੂਜੀਆਂ ਭਗਤੀ ਲਹਿਰਾਂ ਨਾਲੋਂ ਵੱਖਰਾ ਹੈ। ਉਹ ਸਰੀਰ ਰਹਿਤ ਹੈ। ਉਹ ਜਨਮ-ਮਰਨ ਦੇ ਚੱਕਰ ਤੋਂ ਉਪਰ ਹੈ। ਹਿੰਦੂ ਧਰਮ ਰਾਮ ਅਤੇ ਕ੍ਰਿਸ਼ਨ ਆਦਿ ਨੂੰ ਅਵਤਾਰ ਮੰਨਦਾ ਹੈ, ਜਿਨ੍ਹਾਂ ਦਾ ਜਨਮ ਇਸਤਰੀ ਦੇ ਪੇਟੋਂ ਹੋਇਆ। ਗੁਰੂ ਨਾਨਕ ਨੇ ਇਸ ਬਾਰੇ ਕਿਹਾ ਕਿ ਮਨੁੱਖੀ ਦੇਹ ਨਸ਼ਟ ਹੋ ਜਾਣ ਵਾਲੀ ਅਤੇ ਮੌਤ ਦਾ ਵਿਸ਼ਾ ਹੈ। ਉਹ ਲਿਖਦੇ ਹਨ ਕਿ ਅਕਾਲ ਪੁਰਖ ਇਸਤਰੀ ਦੇ ਪੇਟੋਂ ਨਾ ਜਨਮ ਲੈਣ ਵਾਲਾ ਕੇਵਲ ਇਕੋ ਹੈ,
ਭੰਡਹੁ ਹੀ ਭੰਡੁ ਉਪਜੈ
ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ
ਏਕੋ ਸਚਾ ਸੋਇ॥ (ਪੰਨਾ 473)
ਕੁਝ ਧਾਰਮਿਕ ਸੰਪਰਦਾਵਾਂ ਮਾਸ ਖਾਣ ਦੇ ਕਾਰਨ ਸਿੱਖ ਧਰਮ ਨਾਲੋਂ ਵਖਰੇਵਾਂ ਰੱਖਦੀਆਂ ਹਨ। ਗੁਰੂ ਜੀ ਪੰਡਤ ਨੂੰ ਮਾਸ ਅਤੇ ਸਾਗ ਦੇ ਅੰਤਰ ਬਾਰੇ ਦੱਸਦੇ ਹਨ,
ਪਾਂਡੇ ਤੂ ਜਾਣੈ ਹੀ ਨਾਹੀ
ਕਿਥਹੁ ਮਾਸੁ ਉਪੰਨਾ॥
ਤੋਇਅਹੁ ਅੰਨੁ ਕਮਾਦੁ ਕਪਾਹਾਂ
ਤੋਇਅਹੁ ਤ੍ਰਿਭਵਣੁ ਗੰਨਾ॥ (ਪੰਨਾ 1290)
ਗੁਰੂ ਨਾਨਕ ਜਨੇਊ ਦੀ ਰਸਮ ਦਾ ਵੀ ਵਿਰੋਧ ਕਰਦਿਆਂ ਇਸ ਨੂੰ ਪਖੰਡ ਕਹਿੰਦੇ ਹਨ। ਉਹ ਪੰਡਤ ਨੂੰ ਜੀਅ ਦਾ ਜਨੇਊ ਪਾਉਣ ਲਈ ਕਹਿੰਦੇ ਹਨ, ਜਿਹੜਾ ਦਇਆ ਅਤੇ ਸੰਤੋਖ ਦਾ ਬਣਿਆ ਹੋਵੇ,
ਦਇਆ ਕਪਾਹ ਸੰਤੋਖੁ ਸੂਤੁ
ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ
ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ
ਨਾ ਏਹੁ ਜਲੈ ਨਾ ਜਾਇ॥
ਧੰਨੁ ਸੁ ਮਾਣਸ ਨਾਨਕਾ
ਜੋ ਗਲਿ ਚਲੇ ਪਾਇ॥ (ਪੰਨਾ 471)
ਬਹੁਤ ਸਾਰੇ ਭਗਤ ਪਰਮਾਤਮਾ ਦੀ ਇਕੋ-ਇਕ ਹੋਂਦ ਨੂੰ ਮੰਨਦੇ ਤੇ ਵਿਸ਼ਵਾਸ ਕਰਦੇ ਸਨ ਪਰ ਉਹ ਕਿਸੇ ਮੂਰਤੀ ਜਾਂ ਤਸਵੀਰ ਦੁਆਰਾ ਸ਼ਿਵਜੀ, ਵਿਸ਼ਨੂੰ, ਹਨੂੰਮਾਨ ਆਦਿ ਦੀ ਪੂਜਾ ਦਾ ਵਿਰੋਧ ਨਹੀਂ ਕਰਦੇ ਸਨ। ਗੁਰੂ ਨਾਨਕ ਨੇ ਮੂਰਤੀ ਪੂਜਾ ਨੂੰ ਰੱਦ ਕੀਤਾ, ਕਿਉਂਕਿ ਮੂਰਤੀਆਂ ਨੂੰ ਇਕਾਗਰਤਾ ਦੇ ਉਦੇਸ਼ ਨਾਲੋਂ ਪਰਮਾਤਮਾ ਹੀ ਸਮਝਾਇਆ ਗਿਆ,
ਜੋ ਪਾਥਰ ਕਉ ਕਹਤੇ ਦੇਵ॥
ਤਾ ਕੀ ਬਿਰਥਾ ਹੋਵੈ ਸੇਵ॥ (ਪੰਨਾ 1160)
ਬੁਤ ਪੂਜਿ ਪੂਜਿ ਹਿੰਦੂ ਮੂਏ
ਤੁਰਕ ਮੂਏ ਸਿਰੁ ਨਾਈ॥
ਓਇ ਲੇ ਜਾਰੇ ਓਇ ਲੇ ਗਾਡੇ
ਤੇਰੀ ਗਤਿ ਦੁਹੂ ਨਾ ਪਾਈ॥ (ਪੰਨਾ 654)
ਪਾਖਾਨ ਗਢਿ ਕੈ ਮੂਰਤਿ ਕੀਨੀ
ਦੇ ਕੈ ਛਾਤੀ ਪਾਉ॥
ਜੇ ਏਹ ਮੂਰਤਿ ਸਾਚੀ ਹੈ
ਤਉ ਗੜ੍ਹਣਹਾਰੇ ਖਾਉ॥ (ਪੰਨਾ 479)
ਹਿੰਦੂ ਧਰਮ, ਪਰਮਾਤਮਾ ਨਾਲ ਮਿਲਾਪ ਲਈ ਤਪ, ਜਲ ਧਾਰੇ ਅਤੇ ਸਨਿਆਸ ਆਦਿ ਬਾਰੇ ਕਹਿੰਦੇ ਹਨ, ਜਦਕਿ ਸਿੱਖ ਧਰਮ ਸੰਸਾਰ ਦਾ ਤਿਆਗ ਕਰਨ ਤੋਂ ਵਰਜਦਾ ਹੈ,
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ
ਵਣਿ ਕੰਡਾ ਮੋੜੇਹਿ॥
ਵਸੀ ਰਬੁ ਹਿਆਲੀਐ
ਜੰਗਲੁ ਕਿਆ ਢੂਢੇਹਿ॥ (ਪੰਨਾ 1378)
ਕਾਹੇ ਰੇ ਬਨ ਖੋਜਨ ਜਾਈ॥
ਸਰਬ ਨਿਵਾਸੀ ਸਦਾ ਅਲੇਪਾ
ਤੋਹੀ ਸੰਗਿ ਸਮਾਈ॥ (ਪੰਨਾ 684)
ਗੁਰਬਾਣੀ ਘਰ ਤਿਆਗਣ ਦੀ ਥਾਂ ਗ੍ਰਹਿਸਥੀ ਜੀਵਨ ਜਿਉਣ ਲਈ ਕਹਿੰਦੀ ਹੈ,
ਇਕਿ ਗਿਰਹੀ ਸੇਵਕ
ਸਾਧਿਕਾ ਗੁਰਮਤੀ ਲਾਗੇ॥
ਨਾਮੁ ਦਾਨੁ ਇਸਨਾਨੁ ਦ੍ਰਿੜੁ
ਹਰਿ ਭਗਤਿ ਸੁ ਜਾਗੇ॥ (ਪੰਨਾ 419)
ਗਿਰਹੀ ਮਹਿ ਸਦਾ ਹਰਿ ਜਨ
ਉਦਾਸੀ ਗਿਆਨ ਤਤ ਬੀਚਾਰੀ॥ (ਪੰਨਾ 599)
ਗੁਰੂ ਨਾਨਕ ਉਨ੍ਹਾਂ ਧਾਰਮਿਕ ਪੰਡਤਾਂ ਤੇ ਕਾਜ਼ੀਆਂ ਦੀ ਸਿੱਖਿਆ ਨੂੰ ਨਹੀਂ ਮੰਨਦੇ ਜੋ ਕਿਰਾਇਆ (ਪੈਸੇ) ਲੈ ਕੇ ਵਿਆਹ ਆਦਿ ਦੀਆਂ ਧਾਰਮਿਕ ਰਸਮਾਂ ਪੂਰਾ ਕਰਦੇ ਹਨ। ਹੁਣ ਤਾਂ ਗੁਰਦੁਆਰਿਆਂ ਦੇ ਗ੍ਰੰਥੀ ਵੀ ਪੈਸੇ ਲੈ ਕੇ ਅਰਦਾਸਾਂ ਅਤੇ ਵਿਆਹ ਆਦਿ ਦੀਆਂ ਰਸਮਾਂ ਨਿਭਾਉਂਦੇ ਹਨ,
ਲੈ ਭਾੜਿ ਕਰੇ ਵੀਆਹੁ॥
ਕਢਿ ਕਾਗਲੁ ਦਸੇ ਰਾਹੁ॥ (ਪੰਨਾ 471)
ਧਾਰਮਿਕ ਪੁਜਾਰੀ ਸੰਤ ਹੋਣ ਦਾ ਢੌਂਗ ਕਰਦੇ ਹਨ ਅਤੇ ਜੀਵਾਂ ਨਾਲ ਵਿਸਾਹਘਾਤ ਕਰਦੇ ਹਨ। ਇਹ ਜ਼ੋਰਾਵਰਾਂ ਅਤੇ ਧਨੀਆਂ ਤੋਂ ਰਿਸ਼ਵਤ ਲੈ ਕੇ ਲੋਕਾਂ ਨਾਲ ਅਨਿਆਂ ਕਰਦੇ ਹਨ,
ਕਾਜੀ ਹੋਇ ਕੈ ਬਹੈ ਨਿਆਇ॥
ਫੇਰੇ ਤਸਬੀ ਕਰੇ ਖੁਦਾਇ॥
ਵਢੀ ਲੈ ਕੈ ਹਕੁ ਗਵਾਏ॥ (ਪੰਨਾ 951)
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਉਜਾੜੇ ਕਾ ਬੰਧੁ॥ (ਪੰਨਾ 662)
ਗੁਰੂ ਨਾਨਕ ਤਾਂ ਤਪ ਕਰ ਕੇ ਸਰੀਰ ਨੂੰ ਕਸ਼ਟ ਦੇਣ ਤੋਂ ਵੀ ਵਰਜਦੇ ਹਨ। ਤਪੱਸਵੀ ਨੂੰ ਕਹਿੰਦੇ ਹਨ ਕਿ ਤੂੰ ਆਪਣੇ ਅੰਦਰੋਂ ਭਾਲ ਕਰ,
ਤਨੁ ਨਾ ਤਪਾਇ ਤਨੂਰ ਜਿਉ
ਬਾਲਣੁ ਹਡ ਬਾਲਿ॥
ਸਿਰਿ ਪੈਰੀ ਕਿਆ ਫੇੜਿਆ
ਅੰਦਰਿ ਪਿਰੀ ਨਿਹਾਲਿ॥ (ਪੰਨਾ 1384)
ਵਰਣ-ਵੰਡ ਨਾਲ ਮਨੁੱਖ ਜਾਤੀ, ਜਾਤਾਂ ਵਿਚ ਵੰਡੀ ਗਈ। ਸ਼ੂਦਰ ਜਾਤੀ ਨੂੰ ਸਭ ਤੋਂ ਨੀਵਾਂ ਕਿਹਾ ਗਿਆ। ਗੁਰੂ ਜੀ ਕਹਿੰਦੇ ਹਨ ਕਿ ਆਪਣੇ ਆਪ ਨੂੰ ਉਚਾ ਕਹਿਣ ਵਾਲਾ ਕੋਈ ਉਚਾ ਨਹੀਂ ਹੋ ਜਾਂਦਾ ਅਤੇ ਨਾ ਹੀ ਕਿਸੇ ਨੂੰ ਨੀਵਾਂ ਕਹਿਣ ਨਾਲ ਕੋਈ ਨੀਵਾਂ ਹੋ ਜਾਂਦਾ ਹੈ, ਕਿਉਂਕਿ ਜਾਤਿ ਆਦਿ ਦੇ ਦਾਅਵੇ ਝੂਠੇ ਹਨ,
ਫਕੜ ਜਾਤੀ ਫਕੜੁ ਨਾਉ॥
ਸਭਨਾ ਜੀਆ ਇਕਾ ਛਾਉ॥
ਆਪਹੁ ਜੇ ਕੋ ਭਲਾ ਕਹਾਏ॥
ਨਾਨਕ ਤਾ ਪਰੁ ਜਾਪੈ
ਜਾ ਪਤਿ ਲੇਖੈ ਪਾਏ॥ (ਪੰਨਾ 83)
ਜਾਣਹੁ ਜੋਤਿ ਨ ਪੂਛਹੁ ਜਾਤੀ
ਆਗੈ ਜਾਤਿ ਨ ਹੇ॥ (ਪੰਨਾ 349)
ਗੁਰੂ ਨਾਨਕ ਦੇ ਸਮੇਂ ਅਨਿਆਂ ਅਤੇ ਅਸ਼ਾਂਤੀ ਫੈਲੀ ਹੋਈ ਸੀ। ਰਾਜੇ ਪਰਜਾ (ਜੋ ਹਿੰਦੂ ਸੀ) ਉਤੇ ਜ਼ੁਲਮ ਕਰਨ ਵਾਲੇ ਸਨ। ਸਰਕਾਰੀ ਕਰਮਚਾਰੀ ਸ਼ਹਿਨਸ਼ਾਹ ਨਾਲੋਂ ਵੀ ਵੱਧ ਜ਼ੁਲਮ ਕਰਦੇ ਸਨ। ਸ਼ਾਸਕ ਤੇ ਕਰਮਚਾਰੀ ਕਸਾਈਆਂ ਵਰਗੇ ਹੋ ਚੁੱਕੇ ਸਨ। ਸੱਚਾਈ ਸੰਸਾਰ ਤੋਂ ਲੋਪ ਹੋ ਚੁੱਕੀ ਸੀ। ਗੁਰੂ ਜੀ ਕਹਿੰਦੇ ਹਨ,
ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ 1288)
ਰਤੁ ਪੀਣੇ ਰਾਜੇ ਸਿਰੈ ਉਪਰਿ
ਰਖੀਅਹਿ ਏਵੈ ਜਾਪੈ ਭਾਉ॥ (ਪੰਨਾ 142)
ਕਲਿ ਕਾਤੀ ਰਾਜੇ ਕਾਸਾਈ
ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ
ਦੀਸੈ ਨਾਹੀ ਕਹ ਚੜਿਆ॥ (ਪੰਨਾ 145)
ਕੀ ਰਾਜੇ ਨੂੰ ਸ਼ੇਰ ਕਹਿ ਦੇਣਾ ਅਤੇ ਕਰਮਚਾਰੀਆਂ ਨੂੰ ਕੁੱਤੇ ਕਹਿ ਦੇਣਾ ਉਸ ਸਮੇਂ ਅਨੁਸਾਰ ਬਾਣੀ ਸੁਧਾਰਕ ਦੇ ਨਾਲੋਂ ਵੀ ਅੱਗੇ ਕ੍ਰਾਂਤੀਕਾਰੀ ਨਹੀਂ ਸੀ?
ਗੁਰੂ ਨਾਨਕ ਬਾਬਰ ਵੱਲੋਂ ਫੌਜ ਲੈ ਕੇ ਆਉਣ ਨੂੰ ਪਾਪ ਦੀ ਜੰਞ ਕਹਿੰਦੇ ਹਨ ਜੋ ਧੱਕੇ ਨਾਲ ਇਸਤਰੀਆਂ ਦੀ ਬੇਪਤੀ ਕਰਦੇ ਹਨ। ਸ਼ਰਮ ਧਰਮ ਲੋਪ ਹੋ ਗਏ ਸਨ। ਚਾਰ ਚੁਫੇਰੇ ਝੂਠ ਦਾ ਪਸਾਰਾ ਸੀ। ਚਾਰ ਚੁਫੇਰੇ ਕਤਲੋ-ਗਾਰਤ ਹੋ ਰਹੀ ਸੀ, ਖੂਨ ਵਹਿ ਰਿਹਾ ਸੀ,
ਪਾਪ ਕੀ ਜੰਝ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ
ਕੂੜ ਫਿਰੈ ਪਰਧਾਨੁ ਵੇ ਲਾਲੋ॥
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ
ਰਤੁ ਕਾ ਕੁੰਗੂ ਪਾਇ ਵੇ ਲਾਲੋ॥ (ਪੰਨਾ 22-23)
ਜਦੋਂ ਰਾਜਾ ਪਰਜਾ ਦੇ ਭਲੇ ਦਾ ਕੰਮ ਨਹੀਂ ਸਕਦਾ ਜਾਂ ਉਸ ਕੋਲ ਭਲਾ ਕਰਨ ਦੀ ਸ਼ਕਤੀ ਨਹੀਂ ਹੈ ਤਾਂ ਉਸ ਨੂੰ ਸ਼ਕਤੀਸ਼ਾਲੀ ਪਦ ‘ਤੇ ਬੈਠਣ ਦਾ ਕੋਈ ਹੱਕ ਨਹੀਂ। ਕੇਵਲ ਉਸ ਰਾਜੇ ਨੂੰ ਤਖ਼ਤ ‘ਤੇ ਬੈਠਣ ਦਾ ਹੱਕ ਹੈ ਜੋ ਇਸ ਉਤੇ ਬੈਠ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਹੋਵੇ। ਇਸ ਤਰ੍ਹਾਂ ਗੁਰੂ ਜੀ ਲੋਕਤੰਤਰ ਦਾ ਵਿਚਾਰ ਰੱਖਦੇ ਹਨ,
ਤਖਤਿ ਬਹੈ ਤਖਤੈ ਕੀ ਲਾਇਕ॥
ਪੰਚ ਸਮਾਏ ਗੁਰਮਤਿ ਪਾਇਕ॥ (ਪੰਨਾ 1039)
ਗੁਰੂ ਨਾਨਕ ਅਨੁਸਾਰ ਲੋੜ ਤੋਂ ਵੱਧ ਧਨ ਦਾ ਲੋਭ, ਮਨੁੱਖ ਨੂੰ ਚੰਗਿਆਈਆਂ ਨੂੰ ਛੱਡ ਕੇ ਬੁਰਿਆਈਆਂ ਰਾਹੀਂ ਧਨ ਇਕੱਤਰ ਕਰਨ ਅਤੇ ਮਾਨਵਤਾ ਦਾ ਘਾਣ ਕਰਨ ਲਈ ਪ੍ਰੇਰਦਾ ਹੈ। ਐਮਨਾਬਾਦ ਵਿਚ ਬਾਬਰ ਦੇ ਹਮਲੇ ਸਮੇਂ ਅਜਿਹਾ ਹੀ ਹੋਇਆ ਸੀ ਜਿਸ ਵਿਰੁਧ ਗੁਰੂ ਜੀ ਨੇ ਆਵਾਜ਼ ਬੁਲੰਦ ਕੀਤੀ।
ਗੁਰੂ ਨਾਨਕ ਨੇ ਸਿੱਖਾਂ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਲਈ ਕਿਹਾ ਜੋ ਸਿੱਖ ਧਰਮ ਦੇ ਤਿੰਨ ਮੁੱਢਲੇ ਸਿਧਾਂਤ ਹਨ। ਗੁਰੂ ਜੀ ਕਹਿੰਦੇ ਹਨ ਕਿ ਜਿਹੜਾ ਮਨੁੱਖ ਮਿਹਨਤ ਕਰ ਕੇ ਕਮਾ ਕੇ ਖਾਂਦਾ ਹੈ ਅਤੇ ਆਪਣੀ ਕਿਰਤ ਵਿਚੋਂ ਆਪਣੇ ਹੱਥ ਨਾਲ ਲੋੜਵੰਦਾਂ ਨੂੰ ਵੀ ਦਾਨ ਦਿੰਦਾ ਹੈ, ਉਹ ਜੀਵਨ ਦਾ ਸਹੀ ਰਸਤਾ ਜਾਣਦਾ ਹੈ; ਭਾਵ ਗੁਰੂ ਜੀ ਮਨੁੱਖ ਨੂੰ ਕਿਰਤ ਕਰਨ ਤੇ ਵੰਡ ਛਕਣ ਦਾ ਸੰਦੇਸ਼ ਦਿੰਦੇ ਹਨ,
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਗੁਰੂ ਜੀ ਨੇ ਲੰਗਰ ਦੀ ਪ੍ਰਥਾ ਨਾਲ ਊਚ-ਨੀਚ ਤੇ ਭੇਦ ਨੂੰ ਸਮਾਪਤ ਕਰਨ ਦਾ ਯਤਨ ਕੀਤਾ। ਲੰਗਰ ਸਭ ਅਮੀਰ-ਗਰੀਬ ਪੰਗਤ ਵਿਚ ਬੈਠ ਕੇ ਛਕਦੇ ਹਨ।
ਗੁਰਬਾਣੀ ਸਮਾਜ ਸੁਧਾਰ ਦੇ ਪ੍ਰਮਾਣਾਂ ਨਾਲ ਭਰੀ ਪਈ ਹੈ। ਇਨ੍ਹਾਂ ਵਿਚਾਰਾਂ ਤੋਂ ਬਿਨਾਂ ਹੋਰ ਵਿਸ਼ਿਆਂ ‘ਤੇ ਵੀ ਪ੍ਰਮਾਣ ਮਿਲਦੇ ਹਨ।
ਮੈਕਾਲਫ਼, ਭਾਈ ਕਾਨ੍ਹ ਸਿੰਘ ਨਾਭਾ ਅਤੇ ਤੇਜਾ ਸਿੰਘ ਦੇ ਵਿਚਾਰਾਂ ਅਨੁਸਾਰ ਸਮਾਜ ਸੁਧਾਰਕ ਦੇ ਨਾਲ ਨਾਲ ਗੁਰੂ ਜੀ ਕ੍ਰਾਂਤੀਕਾਰੀ ਵੀ ਸਨ, ਕਿਉਂਕਿ ਉਨ੍ਹਾਂ ਚੱਲ ਰਹੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਖਤਮ ਕਰਨ ਦਾ ਯਤਨ ਕੀਤਾ। ਫੋਕੇ ਵਹਿਮ-ਭਰਮ, ਜਾਤ-ਪਾਤ, ਉਚ-ਨੀਚ, ਅਤੇ ਅਮੀਰ-ਗਰੀਬ ਦਾ ਵਿਤਕਰਾ ਖਤਮ ਕਰਨ ਲਈ ਆਵਾਜ਼ ਬੁਲੰਦ ਕੀਤੀ; ਆਪਣੇ ਸਮੇਂ ਦੇ ਸਮਾਜਕ ਢਾਂਚੇ ਨੂੰ ਬਦਲਣ ਦੇ ਸੁਝਾਅ ਦਿੱਤੇ; ਦਲੀਲਾਂ ਰਾਹੀਂ ਪੁਰਾਣੀਆਂ ਰੀਤਾਂ, ਰਸਮਾਂ ਆਦਿ ਨੂੰ ਖਤਮ ਕਰ ਕੇ ਪੁਰਾਣੇ ਦੀ ਥਾਂ ਨਵਾਂ ਸਮਾਜ ਸਿਰਜਣ ਦਾ ਯਤਨ ਕੀਤਾ। ਡਾæ ਗੰਡਾ ਸਿੰਘ ਲਿਖਦੇ ਹਨ, “ਗੁਰੂ ਕੇਵਲ ਸੁਧਾਰਕ ਹੀ ਨਹੀਂ ਸੀ, ਸਗੋਂ ਨਵੇਂ ਧਰਮ ਦੇ ਮੋਢੀ ਸਨ।”
ਸੋ, ਕਹਿ ਸਕਦੇ ਹਾਂ ਕਿ ਗੁਰਬਾਣੀ ਵਿਚ ਸਮਾਜ ਸੁਧਾਰ ਦੇ ਅਨੇਕਾਂ ਪ੍ਰਮਾਣ ਮਿਲਦੇ ਹਨ। ਇਹ ਕਹਿਣਾ ਕਿ ਸਮਾਜ ਸੁਧਾਰ ਬਾਰੇ ਗੁਰਬਾਣੀ ਵਿਚ ਕੋਈ ਪ੍ਰਮਾਣ ਨਹੀਂ ਮਿਲਦਾ, ਸਹੀ ਨਹੀਂ ਹੈ।