ਸਿਆਸਤ ਦੀ ਕਬੱਡੀ ਤੇ ਕਬੱਡੀ ਦੀ ਸਿਆਸਤ

ਪ੍ਰਿੰæ ਸਰਵਣ ਸਿੰਘ
ਫੋਨ: 905-799-1661
ਲੁਧਿਆਣੇ ਦਾ ਗੁਰੂ ਨਾਨਕ ਸਟੇਡੀਅਮ ਨੱਕੋ-ਨੱਕ ਭਰਿਆ ਹੋਇਆ ਸੀ। ਤੀਜੇ ਕਬੱਡੀ ਵਿਸ਼ਵ ਕੱਪ ਦਾ ਸਮਾਪਤੀ ਸਮਾਰੋਹ ਸੀ। ਲੱਖਾਂ ਦਰਸ਼ਕ ਟੀæ ਵੀæ ਰਾਹੀਂ ਜੁੜੇ ਹੋਏ ਸਨ। ਬਾਲੀਵੁੱਡ ਦੀ ਸੋਹਣੀ ਸੁਨੱਖੀ ਐਕਟ੍ਰੈਸ ਕੈਟਰੀਨਾ ਕੈਫ ਨੱਚ ਚੁੱਕੀ ਸੀ। ਸੁਖਵਿੰਦਰ ਤੇ ਦਿਲਜੀਤ ਦੁਸਾਂਝ ਹੋਰੀਂ ਗਾ ਚੁੱਕੇ ਸਨ। ਕਵੀ ਸੁਰਜੀਤ ਪਾਤਰ ਨੇ ਰਾਵੀਓਂ ਪਾਰ ਵਸਦੇ ਭਰਾਵਾਂ ਦੀ ਖ਼ੈਰ ਸੁਖ ਮੰਗਦਿਆਂ ਤਰੰਨਮ ਵਿਚ ਕਵਿਤਾ ਪੇਸ਼ ਕੀਤੀ ਸੀ-ਅਸੀਂ ਮੰਗਦੇ ਹਾਂ ਖ਼ੈਰ ਸੁਬ੍ਹਾ ਸ਼ਾਮ ਆਖਣਾ, ਜੀ ਸਲਾਮ ਆਖਣਾ। ਉਹਨੇ ਸਰੋਤਿਆਂ ਉਤੇ ਟੂਣਾ ਕਰ ਦਿੱਤਾ ਸੀ। ਭਾਰਤ ਤੇ ਪਾਕਿਸਤਾਨ ਦੇ ਖਿਡਾਰੀ ਫਾਈਨਲ ਮੈਚ ਖੇਡ ਰਹੇ ਸਨ। ਖਿਡਾਰੀਆਂ ਦੇ ਦਮ ਲੈਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਸ਼ ਪ੍ਰਕਾਸ਼ ਸਿੰਘ ਬਾਦਲ ਨੇ ਇਕ ਗੱਲ ਹਾਸੇ ਭਾਣੇ ਕਹੀ, ਮੈਂ ਕਬੱਡੀ ਤਾਂ ਨਹੀਂ ਖੇਡੀ ਪਰ ਸਿਆਸਤ ਦੀ ਕਬੱਡੀ ਬਥੇਰੀ ਖੇਡੀ ਐ ਤੇ ਜਿੱਤਦਾ ਵੀ ਰਿਹਾਂ।
ਮੇਰਾ ਸ਼ੌਕ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣਾ ਹੈ। ਬਾਦਲ ਸਾਹਿਬ ਨੇ ਸਿਆਸੀ ਖੇਡ ਦੀ ਗੱਲ ਕਹਿ ਕੇ ਮੈਨੂੰ ਉਨ੍ਹਾਂ ਦੀ ਖੇਡ ਬਾਰੇ ਲਿਖਣ ਦਾ ਮੌਕਾ ਦੇ ਦਿੱਤਾ ਹੈ। ਤੇ ਦੇ ਵੀ ਉਸੇ ਰੌਂਅ ਵਿਚ ਦਿੱਤਾ ਹੈ ਜਿਸ ਵਿਚ ਉਨ੍ਹਾਂ ਨੇ ਆਪਣੀ ਖੇਡ ਦੀ ਗੱਲ ਕੀਤੀ ਹੈ। ਉਹ ਵਿਰੋਧੀ ਟੀਮਾਂ ਦੇ ਖਿਡਾਰੀਆਂ ਨੂੰ ਤਾਂ ਤਾਰੇ ਵਿਖਾਉਂਦੇ ਹੀ ਰਹੇ, ਨਾਲ ਆਪਣੀ ਟੀਮ ਦੇ ਖਿਡਾਰੀਆਂ ਨੂੰ ਵੀ ਗੁੱਠੇ ਲਾਉਂਦੇ ਰਹੇ। ਵਿਰੋਧੀ ਟੀਮ ਨੂੰ ਹਰਾਉਣ ਲਈ ਆਪਣੀ ਟੀਮ ਦੇ ਮੈਂਬਰਾਂ ਨੂੰ ਪਹਿਲਾਂ ਪਾਲਦੇ ਪਲੋਸਦੇ, ਦਾਅ ਪੇਚ ਦਸਦੇ ਤੇ ਫਿਰ ਪੂਰੀ ਤਿਆਰੀ ਨਾਲ ਮੈਚ ਜਿੱਤਦੇ। ਜਿਵੇਂ ਹੰਢੇ ਹੋਏ ਉਸਤਾਦ ਆਪਣੇ ਪੱਠਿਆਂ ਨੂੰ ਅਖ਼ੀਰਲਾ ਦਾਅ ਨਹੀਂ ਦਸਦੇ ਕਿ ਉਸਤਾਦ ਨੂੰ ਹੀ ਨਾ ਪੈ ਜਾਣ, ਉਵੇਂ ਉਨ੍ਹਾਂ ਨੇ ਵੀ ਆਪਣੀ ਟੀਮ ਦੇ ਮੈਂਬਰਾਂ ਨੂੰ ਅਖ਼ੀਰਲਾ ਦਾਅ ਨਹੀਂ ਦੱਸਿਆ। ਨਾ ਕਿਸੇ ਖਿਡਾਰੀ ਨੂੰ ਬਹੁਤਾ ਉਭਰਨ ਦਿੱਤਾ ਮਤਾਂ ਟੀਮ ਦੀ ਕਪਤਾਨੀ ਨੂੰ ਪੈ ਜਾਵੇ!
ਸਿਆਸਤਦਾਨਾਂ ਵਿਚੋਂ ਸਰਵੋਤਮ ਧਾਵੀ ਚੁਣਨਾ ਹੋਵੇ ਤਾਂ ਬਾਦਲ ਸਾਹਿਬ ਨੇ ਹਾਲੇ ਤਕ ਕਿਸੇ ਨੂੰ ਡਾਹੀ ਨਹੀਂ ਦਿੱਤੀ। ਉਹ ਝਕਾਨੀ ਦੇ ਕੇ ਨਿਕਲਣ ਦੇ ਵੀ ਮਾਹਿਰ ਹਨ। ਦਿੱਲੀਓਂ ਉਹ ਝਕਾਨੀ ਮਾਰ ਕੇ ਈ ਨਿਕਲੇ ਸਨ। ਵਿਰੋਧੀਆਂ ਨੂੰ ਹਲਕਾ ਜਿਹਾ ‘ਟੱਚ’ ਹੀ ਕਰਦੇ ਹਨ, ਜੱਫੋ-ਜੱਫੀ ਨਹੀਂ ਹੁੰਦੇ। ਦਮ ਰੱਖ ਕੇ ਪੈਂਟ੍ਹ ਲੈਂਦੇ ਹਨ ਤੇ ਦੇਵੀ ਦਿਆਲ ਵਾਂਗ ਪਿੰਡੇ ਨੂੰ ਮਿੱਟੀ ਨਹੀਂ ਲੱਗਣ ਦਿੰਦੇ। ਸਰਵੋਤਮ ਜਾਫੀ ਚੁਣਨਾ ਹੋਵੇ ਤਦ ਵੀ ਬਾਦਲ ਸਾਹਿਬ ਦੇ ਜੱਫੇ ‘ਚੋਂ ਕੋਈ ਮਾਈ ਦਾ ਲਾਲ ਨਿਕਲਦਾ ਨਹੀਂ ਵੇਖਿਆ। ਜਥੇਦਾਰ ਟੌਹੜਾ ਵਰਗੇ ਘਾਗ ਖਿਡਾਰੀ, ਸ਼ ਬਰਨਾਲਾ ਵਰਗੇ ਲੰਮੇ-ਝੰਮੇ ਤੇ ਛਾਂਟਵੇਂ ਜੁੱਸੇ ਵਾਲੇ ਅਤੇ ਜਥੇਦਾਰ ਤਲਵੰਡੀ ਜਿਹੇ ਗੋਲਮੋਲ ਖਿਡਾਰੀ ਵੀ ਬਾਦਲ ਸਾਹਿਬ ਤੋਂ ਠਿੱਬੀਆਂ ਖਾਂਦੇ ਤੇ ਕੈਂਚੀਆਂ ਲੁਆਉਂਦੇ ਰਹੇ। ਦੁਆਬੇ ਦੀ ਟੀਮ ਦਾ ਧਾਵੀ ਵਡਾਲਾ ਡਬਲ ਟੱਚ ‘ਚ ਕੱਟਿਆ ਗਿਆ। ਮਾਝੇ ਦੇ ਖਿਡਾਰੀ ਬ੍ਰਹਮਪੁਰਾ ‘ਚ ਕੁਝ ਦਮ ਸੀ ਪਰ ਉਹਨੂੰ ਵੀ ਭੁੰਜੇ ਸੁੱਟ ਲਿਆ। ਕੁਝ ਬਾਦਲ ਸਾਹਿਬ ਦੇ ਜੱਫੇ ‘ਚ ਅਜਿਹੇ ਫਸੇ ਕਿ ਮੁੜ ਕੇ ਤਾਬ ਨਹੀਂ ਆਏ। ਸਿਮਰਨਜੀਤ ਸਿੰਘ ਮਾਨ ਕਿਰਪਾਨ ਨਾਲ ਕਬੱਡੀ ਪਾਉਂਦਾ ਰੈਡ ਕਾਰਡ ਲੈ ਬੈਠਾ! ਕੈਪਟਨ ਕੰਵਲਜੀਤ ਸਿੰਘ ਨਾਲ ਕਬੱਡੀ ਦੇ ਚੜ੍ਹਦੇ ਸੂਰਜ ਹਰਜੀਤ ਬਾਜਾਖਾਨਾ ਵਾਲੀ ਹੋਈ ਜੋ ਸਿਖਰ ਦੁਪਹਿਰੇ ਹੀ ਛਿਪ ਗਿਆ। ਸ਼ ਢੀਂਡਸਾ ਤੇ ਭੂੰਦੜ ਵਰਗੇ ਸੀਨੀਅਰ ਖਿਡਾਰੀਆਂ ਦੇ ਮੁੰਡੇ ਟੀਮ ਵਿਚ ਪਾ ਕੇ ਕਿਹਾ ਕਿ ਤੁਸੀਂ ਸਿਆਣੇ ਬਿਆਣੇ ਓਂ, ਮੁੰਡਿਆਂ ਨੂੰ ਮੈਚ ਖਿਡਾਓ!
ਕੈਪਟਨ ਅਮਰਿੰਦਰ ਸਿੰਘ ਕਾਬੂ ਆਉਣ ਵਾਲਾ ਧਾਵੀ ਨਹੀਂ ਸੀ ਪਰ ਉਹਦੀ ਵੀ ਬਾਦਲ ਸਾਹਿਬ ਨੇ ਲੋਟ ਪੋਟਣੀ ਪਵਾ ਦਿੱਤੀ। ਕਿਸੇ ਦੀਆਂ ਬਗਲਾਂ ਭਰ ਲਈਆਂ ਤੇ ਕਿਸੇ ਨੂੰ ਲੱਕੋਂ ਚੁੱਕ ਲਿਆ। ਬੀਬੀ ਭੱਠਲ ਨੂੰ ਹੱਲਾਸ਼ੇਰੀ ਦਿੱਤੀ ਕਿ ਬੀਬੀ ਚੜ੍ਹ ਕੇ ਕੌਡੀ ਪਾ। ਉਹ ਚੜ੍ਹ ਕੇ ਕੌਡੀ ਪਾਉਂਦੀ ਬਾਹਰਲੀ ਲਾਈਨ ਤੋਂ ਈਂ ਬਾਹਰ ਨਿਕਲ ਗਈ! ਜਦੋਂ ਵੀ ਕੋਈ ਖਿਡਾਰੀ ਬਰਾਬਰ ਦਾ ਹੁੰਦਾ ਦਿਸਿਆ ਤਾਂ ਉਹਦਾ ਡੋਪ ਟੈਸਟ ਕਰਵਾ ਦਿੱਤਾ ਤੇ ਕਿਸੇ ਨੂੰ ਫੂਕ ਛਕਾ ਕੇ ਉਹਦੀ ਖੇਡ ‘ਚੋਂ ਈਂ ਫੂਕ ਕੱਢ ਦਿੱਤੀ। ਉਹ ਸਿਆਸਤ ਦੇ ਰੁਸਤਮ ਜੁ ਹੋਏ ਭਾਵੇਂ ਕਿ ਪੱਤਰਕਾਰ ਜਸਵੀਰ ਸ਼ਮੀਲ ਨੇ ਹਰਕਿਸ਼ਨ ਸਿੰਘ ਸੁਰਜੀਤ ਦੀ ਜੀਵਨੀ ਦਾ ਨਾਂ ‘ਸਿਆਸਤ ਦਾ ਰੁਸਤਮ’ ਰੱਖਿਆ ਹੈ। ਫਰਕ ਸਿਰਫ਼ ਏਨਾ ਹੈ ਕਿ ਸੁਰਜੀਤ ਭਾਰਤੀ ਸਿਆਸਤ ਦੇ ਅਖਾੜੇ ਦਾ ਰੁਸਤਮ ਸੀ ਤੇ ਬਾਦਲ ਪੰਜਾਬ ਦੇ ਅਖਾੜੇ ਦਾ ਰੁਸਤਮ ਹੈ।
ਬਾਦਲ ਸਾਹਿਬ ਛਿਆਸੀ ਸਾਲਾਂ ਦੇ ਬਜ਼ੁਰਗ ਹਨ ਤੇ ਸਿਆਸਤ ਦੀ ਕਬੱਡੀ ਉਹ ਬੁੱਢੇਵਾਰੇ ਵੀ ਖੇਡੀ ਜਾਂਦੇ ਹਨ। ਹੋ ਸਕਦੈ ਉਹ ਬੰਗਾਲ ਦੇ ਜਿਓਤੀ ਬਾਸੂ ਤੋਂ ਵੀ ਵੱਧ ਨੰਬਰ ਲੈ ਲੈਣ। ਉਨ੍ਹਾਂ ਦਾ ਸਪੁੱਤਰ ਸ਼ ਸੁਖਬੀਰ ਸਿੰਘ ਬਾਦਲ ਹਾਲੇ ਨੌਜਵਾਨ ਹੈ। ਉਹਨੂੰ ਉਹ ਖੇਡ ਦੇ ਦਾਅ ਸਿਖਾਈ ਜਾਂਦੇ ਹਨ ਪਰ ਅਜੇ ਅਖ਼ੀਰਲਾ ਦਾਅ ਨਹੀਂ ਸਿਖਾਇਆ ਜਿਸ ਕਰਕੇ ਉਹ ਸਿਆਸਤ ਦੀ ਕਬੱਡੀ ਨਹੀਂ, ਕਬੱਡੀ ਦੀ ਸਿਆਸਤ ਖੇਡਦਾ ਹੈ। ਉਹਦੀ ਸਿਆਸਤ ਨਾਲ ਹੋਰ ਕਿਸੇ ਦੇ ਵਾਰੇ ਨਿਆਰੇ ਹੋਣ ਜਾਂ ਨਾ ਹੋਣ ਪਰ ਉਹਦੇ ਆਪਣੇ ਵਾਰੇ ਨਿਆਰੇ ਤਾਂ ਹੋ ਹੀ ਰਹੇ ਨੇ। ਉਹ ਆਪਣੇ ਜ਼ੋਰਦਾਰ ਭਾਸ਼ਨ ਨਾਲ ਕਬੱਡੀ ਪਾਉਂਦਾ ਹੈ, ਜੀਹਨੂੰ ਜੱਫਾ ਲਾਉਣ ਤੋਂ ਹਰ ਜਾਫੀ ਡਰਦਾ ਹੈ। ਕੀ ਪਤਾ ਅਗਲਾ ਜੱਫਾ ਲਾਉਣ ਜੋਗਾ ਹੀ ਨਾ ਛੱਡੇ!
ਕੁਮੈਂਟੇਟਰ ਵੀ ਕਬੱਡੀ ਦੀ ਕੁਮੈਂਟਰੀ ਕਰਨ ਨਾਲੋਂ ਸੁਖਬੀਰ ਬਾਦਲ ਦੀ ਬੱਲੇ-ਬੱਲੇ ਵਧ ਕਰਦੇ ਹਨ। ਨਹੀਂ ਕਰਦੇ ਤਾਂ ਕਾਹਦੀ ਕੁਮੈਂਟਰੀ ਐ? ਪੀæ ਟੀæ ਸੀæ ਵਾਲੇ ਤਾਂ ਹੋਏ ਈ ਘਰ ਦੇ ਬੰਦੇ। ਕੈਮਰੇ ਦਾ ਮੂੰਹ ਉਧਰ ਈ ਹੁੰਦੈ ਜਿਧਰੋਂ ਸ਼ ਬਾਦਲ ਦਾ ਚਿਹਰਾ ਦਿਸਦਾ ਹੋਵੇ। ਉਹਦੇ ਬਿਨਾਂ ਮੇਲਾ ਸੁੰਨਾ ਹੈ। ਇਹ ਐ ਕਬੱਡੀ ਦੀ ਸਿਆਸਤ! ਕਬੱਡੀ ਕੋਈ ਚੰਗੀ ਖੇਡੇ ਮਾੜੀ ਖੇਡੇ, ਟੀਮਾਂ ਤਕੜੀਆਂ ਹੋਣ, ਮਾੜੀਆਂ ਹੋਣ, ਗੱਲ ਤਾਂ ਮਸ਼ਹੂਰੀ ਦੀ ਹੈ ਜਿਸ ਨਾਲ ਉਹਨੇ ਅਗਲਾ ਮੁੱਖ ਮੰਤਰੀ ਬਣਨਾ ਹੈ।
ਸੁਖਬੀਰ ਦਾ ਸ਼ਰੀਕ ਭਰਾ ਮਨਪ੍ਰੀਤ ਸਿੰਘ ਬਾਦਲ ਵੀ ਕਹਿੰਦਾ ਕਹਾਉਂਦਾ ਖਿਡਾਰੀ ਹੈ ਪਰ ਛੋਟੇ ਭਰਾ ਨੇ ਉਹਦੀ ਟੀਮ ਹੀ ਖਿੰਡਾ ਛੱਡੀ ਹੈ। ਮਨਪ੍ਰੀਤ ਜਦੋਂ ਹੰਧਿਆਂ ਵੱਲ ਵਧਦਾ ਹੈ ਤਾਂ ਪਿੱਛੋਂ ਉਹਦੀ ਟੀਮ ਦੇ ਖਿਡਾਰੀ ਚੁੱਕ ਲਏ ਜਾਂਦੇ ਹਨ ਜਾਂ ਲੈ ਦੇ ਕੇ ਮੈਚ ਫਿਕਸ ਕਰ ਲਿਆ ਜਾਂਦਾ ਹੈ। ਮਨਪ੍ਰੀਤ ਮੁੜ ਕੇ ਵੇਖਦਾ ਹੈ ਤਾਂ ਵੇਖਦਾ ਈ ਰਹਿ ਜਾਂਦਾ ਹੈ। ਉਹ ਫੇਰ ਟੀਮ ‘ਕੱਠੀ ਕਰਦਾ ਹੈ ਤੇ ਫਿਰ ਇਹੋ ਕੁਝ ਹੁੰਦਾ ਹੈ। ਛੋਟਾ ਭਰਾ ਕਬੱਡੀ ਦੀ ਸਿਆਸਤ ਦਾ ਰੁਸਤਮ ਜੁ ਹੋਇਆ। ਉਹਨੇ ਕਬੱਡੀ ਦੇ ਵਿਸ਼ਵ ਕੱਪਾਂ ਨਾਲ ਅਕਾਲੀ-ਭਾਜਪਾ ਸਰਕਾਰ ਦੁਬਾਰਾ ਤਾਕਤ ਵਿਚ ਲਿਆਂਦੀ ਹੈ, ਨਹੀਂ ਤਾਂ ਕਾਂਗਰਸੀ ਉਨ੍ਹਾਂ ਨੂੰ ਪੈ ਚੱਲੇ ਸਨ। ਕਬੱਡੀ ਦੋ ਫੀਸਦੀ ਵੋਟਾਂ ਵੀ ਵਧਾ ਦੇਵੇ ਤਾਂ ਵਿਧਾਨ ਸਭਾ ਵਿਚ ਦਸਾਂ ਮੈਂਬਰਾਂ ਦਾ ਵਾਧਾ ਹੋ ਜਾਂਦੈ। ਸ਼ ਮਲੂਕਾ ਦਾ ਮੰਨਣਾ ਹੈ ਕਿ ਉਹ ਜਿੱਤਿਆ ਹੀ ਕਬੱਡੀ ਦੇ ਸਿਰ ‘ਤੇ ਹੈ।
ਜਦੋਂ ਸ਼ ਪਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸੀ ਤਾਂ ਅਕਾਲੀਆਂ ਨੇ ਮੁਕਤਸਰ ਦੇ ਮੇਲੇ ਵਿਚ ਕਾਨਫਰੰਸ ਰੱਖੀ। ਕੈਰੋਂ ਨੇ ਕੋਲ ਬੈਠਿਆਂ ਨੂੰ ਪੁੱਛਿਆ ਕਿ ਅਕਾਲੀਆਂ ਦੀ ਕਾਨਫਰੰਸ ਫੇਲ੍ਹ ਕਿਵੇਂ ਕੀਤੀ ਜਾਵੇ? ਜਗਤਪੁਰ ਦਾ ਮੁਖਤਾਰ ਸਿੰਘ ਬੀæ ਡੀæ ਓæ ਸੀ। ਉਸ ਨੇ ਕਿਹਾ, “ਇਕ ਜੀਪ, ਇਕ ਲਾਊਡ ਸਪੀਕਰ ਤੇ ਇਕ ਹੋਕਾ ਦੇਣ ਵਾਲਾ ਦੇ ਦਿਓ। ਅਕਾਲੀ ਕਾਨਫਰੰਸ ਫੇਲ੍ਹ ਹੋਈ ਦੇਖਿਓ!”
ਕੈਰੋਂ ਸਾਹਿਬ ਨੇ ਹੁਕਮ ਕਰ ਦਿੱਤਾ ਤੇ ਮੁਖਤਾਰ ਸਿੰਘ ਨੇ ਮੇਲੇ ‘ਚ ਜੀਪ ਘੁਮਾ ਕੇ ਲਾਊਡ ਸਪੀਕਰ ਤੋਂ ਡੌਂਡੀ ਪਿਟਵਾ ਦਿੱਤੀ ਪਈ ਕਾਨਫਰੰਸ ਸਮੇਂ ਮਾਝੇ-ਮਾਲਵੇ ਦਾ ਕਬੱਡੀ ਮੈਚ ਹੋ ਰਿਹੈ। ਫੇਰ ਕੀ ਸੀ ਅਕਾਲੀ ਕਾਨਫਰੰਸ ਦੀਆਂ ਡਿਊਟੀਆਂ ‘ਚ ਲੱਗੇ ਸੇਵਾਦਾਰ ਤੇ ਜਥੇਦਾਰ ਵੀ ਡਿਊਟੀਆਂ ਛੱਡ ਕੇ ਮਾਝੇ-ਮਾਲਵੇ ਦਾ ਕਬੱਡੀ ਮੈਚ ਵੇਖਣ ਦਾਇਰੇ ਦੁਆਲੇ ਜਾ ਖੜ੍ਹੇ। ਕਾਨਫਰੰਸ ਵਿਚ ਕਾਂ ਪੈਣ ਲੱਗੇ। ਮੈਂ ਆਪਣੀ ਕਿਤਾਬ ‘ਕਬੱਡੀ ਕਬੱਡੀ ਕਬੱਡੀ’ ਸ਼ੁਰੂ ਹੀ ਇਨ੍ਹਾਂ ਸਤਰਾਂ ਨਾਲ ਕੀਤੀ ਸੀ, “ਝੱਖੜ ਝੁਲਦਾ ਹੋਵੇ, ਬਿਜਲੀ ਕੜਕਦੀ ਹੋਵੇ, ਨਦੀ ਚੜ੍ਹੀ ਹੋਵੇ ਤੇ ਸ਼ੀਹਾਂ ਨੇ ਪੱਤਣ ਮੱਲੇ ਹੋਣ ਪਰ ਪਤਾ ਲੱਗ ਜਾਵੇ ਸਹੀ ਕਿ ਨਦੀ ਦੇ ਪਰਲੇ-ਪਾਰ ਕਬੱਡੀ ਦਾ ਫਸਵਾਂ ਮੈਚ ਹੋ ਰਿਹੈ। ਫਿਰ ਕਿਹੜਾ ਪੰਜਾਬੀ ਹੈ ਜਿਹੜਾ ਵਗਦੀ ਨੈਂ ਨਾ ਠਿੱਲ੍ਹੇ? ਉਹ ਰਾਹ ਵਿਚ ਪੈਂਦੇ ਸੱਪਾਂ ਸ਼ੀਹਾਂ ਦੀ ਵੀ ਪਰਵਾਹ ਨਹੀਂ ਕਰੇਗਾ ਤੇ ਕਬੱਡੀ ਦੇ ਦਾਇਰੇ ਦੁਆਲੇ ਜਾ ਖੜ੍ਹੇਗਾ। ਜਿਵੇਂ ਹਿੰਦ ਮਹਾਂਦੀਪ ਦੇ ਵਸਨੀਕਾਂ ਨੂੰ ਕ੍ਰਿਕਟ ਨੇ ਪੱਟਿਆ, ਜੱਗ ਜਹਾਨ ਦੇ ਗੋਰੇ-ਕਾਲਿਆਂ ਨੂੰ ਫੁੱਟਬਾਲ ਨੇ ਕਮਲੇ ਕੀਤਾ, ਉਵੇਂ ਦੇਸ਼-ਵਿਦੇਸ਼ ਦੇ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ।”
ਤਿੰਨ ਕੁ ਸਾਲ ਪਹਿਲਾਂ ਅਸੀਂ ਸਚਿੱਤਰ ਮੈਗਜ਼ੀਨ ‘ਖੇਡ ਸੰਸਾਰ’ ਦਾ ਕਬੱਡੀ ਅੰਕ ਕੱਢਿਆ। ਸੰਤੋਖ ਸਿੰਘ ਮੰਡੇਰ ਨੇ ਉਹ ਸੁਖਬੀਰ ਸਿੰਘ ਬਾਦਲ ਤਕ ਪੁਚਾਇਆ। ਉਹਨੇ ਉਹਦੇ ਪੰਨੇ ਪਰਤੇ ਤੇ ਕਬੱਡੀ ਦੇ ‘ਕੱਠਾਂ ਦੀਆਂ ਤਸਵੀਰਾਂ ਤੱਕੀਆਂ। ਦੱਸਣ ਵਾਲੇ ਦੱਸਦੇ ਹਨ ਕਿ ਕਬੱਡੀ ਦਾ ਵਿਸ਼ਵ ਕੱਪ ਸ਼ੁਰੂ ਕਰਨ ਲਈ ਉਹ ਅੰਕ ਸੰਦ ਬਣਿਆ। ਮੈਂ ਸੰਪਾਦਕੀ ਵਿਚ ਲਿਖਿਆ ਸੀ ਕਿ ਕਬੱਡੀ ਪੰਜਾਬੀਆਂ ਲਈ ਸਰੀਰਕ ਕਰਤਬਾਂ ਦੀ ਸ਼ਾਇਰੀ ਹੈ। ਪੰਜਾਬੀ ਜਿਥੇ ਵੀ ਹੋਣ ਕਬੱਡੀ ਖੇਡੇ ਤੇ ਵੇਖੇ ਬਿਨਾਂ ਨਹੀਂ ਰਹਿ ਸਕਦੇ। ਜਦੋਂ ਚੰਦ ‘ਤੇ ਆਉਣ ਜਾਣ ਹੋਇਆ ਤਾਂ ਪੰਜਾਬੀ ਓਥੇ ਵੀ ਕਬੱਡੀ ਦੇ ਟੂਰਨਾਮੈਂਟ ਕਰਾਉਣਗੇ!
ਪੰਜਾਬ ਦੇ ਸਭਿਆਚਾਰਕ ਮੇਲਿਆਂ ਤੇ ਧਾਰਮਿਕ ਜੋੜ ਮੇਲਿਆਂ ਉਤੇ ਲੋਕ ਵੱਡੀ ਗਿਣਤੀ ਵਿਚ ਜੁੜਦੇ ਹੋਣ ਕਾਰਨ ਰਾਜਸੀ ਪਾਰਟੀਆਂ ਆਪਣੀਆਂ ਕਾਨਫਰੰਸਾਂ ਕਰਨ ਲਈ ਢੁੱਕਵੀਂ ਥਾਂ ਸਮਝਦੀਆਂ ਹਨ। ਇੰਜ ਕਾਨਫਰੰਸਾਂ ਸਸਤੀਆਂ ਪੈਂਦੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਸਿਆਸੀ ਦ੍ਰਿਸ਼ਟੀ ਨਾਲ ਕਬੱਡੀ ਦੇ ‘ਕੱਠਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਕਬੱਡੀ ਵਿਸ਼ਵ ਕੱਪ ਕਰਾਉਣੇ ਸ਼ੁਰੂ ਕੀਤੇ। ਪਹਿਲਾ ਕੱਪ ਚੋਣਾਂ ਤੋਂ ਪੌਣੇ ਦੋ ਸਾਲ ਪਹਿਲਾਂ ਕਰਾਇਆ ਤੇ ਦੂਜਾ ਚੋਣਾਂ ਤੋਂ ਸਿਰਫ਼ ਤਿੰਨ ਮਹੀਨੇ ਪਹਿਲਾਂ। ਮੈਚ 16 ਥਾਂਵਾਂ ਉਤੇ ਰੱਖੇ ਯਾਨਿ ਮੈਚਾਂ ਦੇ ਨਾਂ ‘ਤੇ 16 ਸਿਆਸੀ ਰੈਲੀਆਂ ਕੀਤੀਆਂ! ਪਾਰਟੀ ਦੀ ਨਾ ਹਿੰਗ ਲੱਗੀ ਨਾ ਫੜਕੜੀ। ਜ਼ਿਲ੍ਹਿਆਂ ਦੇ ਅਫਸਰਾਂ ਨੂੰ ਬੱਸ ਫੋਨ ਈ ਕਰਨੇ ਪਏ। 20 ਕਰੋੜ ਦੇ ਖਰਚੇ ‘ਚੋਂ ਚੌਥਾ ਹਿੱਸਾ ਸਰਕਾਰ ਦਾ ਲੱਗਾ ਤੇ ਬਾਕੀ ਵਪਾਰੀਆਂ ਤੇ ਕਾਰੋਬਾਰੀਆਂ ਦਾ ਲੁਆ ਦਿੱਤਾ। ਕਬੱਡੀ ਦੀ ਮਲਾਈ ਆਪ ਲਾਹੀ। ਕਬੱਡੀ ਪ੍ਰੇਮੀ ਤਾਂ ਐਵੇਂ ਰੂੰਗੇ ‘ਚ ਹੀ ਫੁੱਲੇ ਫਿਰਦੇ ਹਨ!
ਫਿਰ ਕਰਾਇਆ ਤੀਜਾ ਕਬੱਡੀ ਵਿਸ਼ਵ ਕੱਪ। ਪਹਿਲੇ ‘ਚ 9 ਟੀਮਾਂ ਸੀ, ਦੂਜੇ ‘ਚ 20 ਤੇ ਤੀਜੇ ‘ਚ 22 ਹੋ ਗਈਆਂ। ਕਹਿੰਦੇ ਆ ਅਗਲੀ ਵਾਰ 25 ਟੀਮਾਂ ਹੋਣਗੀਆਂ। ਬਾਦਲ ਜੀਓ ਇਕ ਦਾਅ ਅਸੀਂ ਵੀ ਤੁਹਾਨੂੰ ਦੱਸ ਦਿੰਨੇ ਆਂ, ਤੁਹਾਡੇ ਸ਼ੁਭਚਿੰਤਕ ਜੁ ਹੋਏ। ਵਿਸ਼ਵ ਕੱਪਾਂ ਦੇ ਮੈਚ ਇਕਪਾਸੜ ਹੋਈ ਜਾਂਦੇ ਨੇ ਤੇ ਲੋਕ ਇਨ੍ਹਾਂ ਨਾਲੋਂ ਟੁੱਟਦੇ ਜਾਂਦੇ ਨੇ। ਕਬੱਡੀ ਦੀ ਸਿਆਸਤ ਖੇਡਣ ਲਈ ਅਗਲਾ ਗੁਰ ਹੈ, ਕਬੱਡੀ ਦੀ ਵਿਸ਼ਵ ਲੀਗ ਸ਼ੁਰੂ ਕਰਨਾ ਜਿਸ ਵਿਚ ਛੇ ਜਾਂ ਅੱਠ ਚੋਟੀ ਦੀਆਂ ਟੀਮਾਂ ਹੋਣ। ਫਿਰ ਵੇਖਿਓ ਲੋਕਾਂ ਦੇ ‘ਕੱਠ! ਫਿਰ ਨਾ ਅਕਸ਼ੈ ਕੁਮਾਰ ਨੂੰ ਸੱਦਣ ਤੇ ਨਾ ਕੈਟਰੀਨਾ ਕੈਫ ‘ਤੇ ਕਰੋੜਾਂ ਖਰਚਣ ਦੀ ਲੋੜ।
ਜਿਸ ਵੇਲੇ ਕਬੱਡੀ ਦੇ ਅਖਾੜੇ ਕੋਲ ਕੈਟਰੀਨਾ ਕੈਫ ਨੱਚੀ ਉਸ ਵੇਲੇ ਹਿੰਦ-ਪਾਕਿ ਦੇ ਕਬੱਡੀ ਮੈਚ ਨੂੰ ਵੇਖਣ ਲਈ ਦੇਸ਼ ਵਿਦੇਸ਼ ਦੇ ਪੰਜਾਬੀਆਂ ਦੀਆਂ ਘੱਟੋਘੱਟ ਕਰੋੜ ਅੱਖਾਂ ਟੀæ ਵੀæ ਦੀਆਂ ਸਕਰੀਨਾਂ ਵੱਲ ਲੱਗੀਆਂ ਹੋਈਆਂ ਸਨ। ਉਸ ਵੇਲੇ, ਐਨ ਉਸ ਵੇਲੇ, ਤੁਸੀਂ ਪੰਜਾਬ ਦੀ ਤਰੱਕੀ ਦੀ ਜੋ ਡਾਕੂਮੈਂਟਰੀ ਪੇਸ਼ ਕੀਤੀ, ਜੋ ਮੈਟਰੋ ਚਲਦੀ ਵਿਖਾਈ, ਸੜਕਾਂ ਤੇ ਪੁਲ ਵਿਖਾਏ, ਮਾਲ ਤੇ ਹਵਾਈ ਅੱਡੇ, ਸਿੱਖਿਆ ਤੇ ਸਿਹਤ ਸਹੂਲਤਾਂ ਦੇ ਅਦਾਰੇ, ਬਠਿੰਡੇ ਦੀ ਰੀਫਾਇਨਰੀ, ਨੌਜੁਆਨਾਂ ਨੂੰ ਰੁਜ਼ਗਾਰ, ਸ਼ੁਧ ਪੌਣ ਪਾਣੀ ਤੇ ਪੰਜਾਬ ਦਾ ਅਮਨ ਅਮਾਨ, ਇਹ ਸੀ ਤੁਹਾਡੀ ਕਬੱਡੀ ਦੀ ਸਿਆਸਤ। ਮੰਨ ਗਏ ਤੁਹਾਡੀ ਸਿਆਸਤ ਨੂੰ!

Be the first to comment

Leave a Reply

Your email address will not be published.