-ਸਵਰਨ ਸਿੰਘ ਟਹਿਣਾ
ਫੋਨ: 91-98141-78883
ਪੰਜਾਬ ਦੀ ਵਡਿੱਤਣ ‘ਚ ਬਥੇਰਾ ਕੁਝ ਲਿਖਿਆ ਗਿਐ ਤੇ ਬਥੇਰਾ ਕੁਝ ਲਿਖਿਆ ਜਾਵੇਗਾ ਪਰ ਜੇ ਹਕੀਕੀ ਪ੍ਰਸੰਗ ਵਿਚ ਦੇਖੀਏ ਤਾਂ ਸਿਵਾਏ ਕੁਫ਼ਰ ਦੇ ਹੋਰ ਕੁਝ ਨਹੀਂ ਲੱਭਦਾ। ਕਿੱਸੇ-ਕਹਾਣੀਆਂ ਤੇ ਗੀਤਾਂ ਵਿਚ ਪੰਜਾਬੀਆਂ ਨੂੰ ਸੂਰਬੀਰ, ਇੱਜ਼ਤਾਂ ਦੇ ਰਾਖੇ, ਗਊ-ਗ਼ਰੀਬ ਦੇ ਰਾਖੇ, ਅਣਖਾਂ ਦੇ ਸਿਰਨਾਵੇਂ ਤੇ ਹੋਰ ਪਤਾ ਨਹੀਂ ਕੀ ਕੁਝ ਆਖਿਆ ਜਾਂਦੈ, ਪਰ ਹਕੀਕਤ ਇਹ ਹੈ ਕਿ ਇਹ ਸਭ ਬੀਤੇ ਦੀਆਂ ਬਾਤਾਂ ਨੇ। ਅੱਜ ਇਸ ‘ਮਹਾਨ ਪੰਜਾਬ’ ਵਿਚ ਜੋ ਹੋ ਰਿਹੈ, ਉਹ ਜਾਨਣ ਲਈ ਕਿਸੇ ਵੀ ਦਿਨ ਦੀ ਅਖ਼ਬਾਰ ਪੜ੍ਹੀ ਜਾ ਸਕਦੀ ਏ।
‘ਪੰਜਾਬ ਵਸਦਾ ਗੁਰਾਂ ਦੇ ਨਾਂ ‘ਤੇ’ ਸਤਰ ਜਦੋਂ ਵੀ ਕੰਨੀਂ ਪੈਂਦੀ ਏ ਤਾਂ ਜਾਪਦੈ ਏਸ ਸਤਰ ਵਿਚ ਵੀ ‘ਸੀ’ ਪਾਉਣ ਦੀ ਜ਼ਰੂਰਤ ਏ, ‘ਪੰਜਾਬ ਵਸਦਾ ‘ਸੀ’ ਗੁਰਾਂ ਦੇ ਨਾਂ ‘ਤੇ।’ ਅੱਜ ਗੁਰੂਆਂ ਦੀ ਕੌਣ ਮੰਨਦੈ, ਕੌਣ ਤੇਰਾਂ-ਤੇਰਾਂ ਤੋਲਦੈ, ਕੌਣ ਪਰਾਏ ਹੱਕ ਨੂੰ ਛੱਡਦੈ, ਕੌਣ ਜ਼ਬਰ-ਜ਼ੁਲਮ ਖਿਲਾਫ਼ ਅਵਾਜ਼ ਉਠਾਉਂਦੈ? ਕੌਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਮੁਕਤ ਏ?
ਪੰਜਾਬ ਦਾ ਜੋ ਅਜੋਕਾ ਸਿਆਸੀ, ਸੱਭਿਆਚਾਰਕ ਤੇ ਸਮਾਜਿਕ ਮਾਹੌਲ ਹੈ, ਉਸ ਵੱਲ ਤੱਕ ‘ਦੁਨੀਆਂ ਦੇ ਦੁੱਖ ਦੇਖ-ਦੇਖ ਦਿਲ ਡੁੱਬਦਾ ਡੁੱਬਦਾ ਜਾਂਦਾ’ ਵਾਲੀ ਗੱਲ ਸੱਚ ਸਾਬਤ ਹੁੰਦੀ ਏ। ਸੱਚ ਇਹ ਹੈ ਕਿ ਪੰਜਾਬ ਅੰਦਰੋਂ ਖੋਖਲਾ ਹੋ ਚੁੱਕੈ, ਇਹ ਆਪਣੀ ਹਾਲਤ ‘ਤੇ ਹੰਝੂ ਵਹਾ ਰਿਹੈ, ਅਹਿਮਦ ਸ਼ਾਹ ਅਬਦਾਲੀ ਦੀ ਜ਼ਹਿਨੀਅਤ ਵਾਲੇ ਸਿਆਸਤਦਾਨ ਇਹਨੂੰ ਲੁੱਟਣ ਦੀ ਕੋਈ ਕਸਰ ਨਹੀਂ ਛੱਡ ਰਹੇ, ਗ਼ਰੀਬ ਦਾਲ਼-ਰੋਟੀ ਲਈ ਹਾੜੇ ਕੱਢ ਰਿਹੈ, ਲੋਕਤੰਤਰ ਦੇ ਮੰਦਰਾਂ ਵਿਚ ਧੀਆਂ-ਭੈਣਾਂ ਦੀਆਂ ਗਾਲਾਂ ਨਿਕਲ ਰਹੀਆਂ ਨੇ, ਨੰਨ੍ਹੀਆਂ ਛਾਂਵਾਂ ਦੀ ਰਾਖੀ ਦਾ ਰਾਗ ਅਲਾਪਿਆ ਜਾ ਰਿਹੈ ਪਰ ਜਵਾਨ ਧੀਆਂ ਦੀ ਆਬਰੂ ਹਰ ਮੋੜ ‘ਤੇ ਖਤਰੇ ‘ਚ ਹੈ, ਦੁੱਧ ਨਾਲੋਂ ਦਾਰੂ ਸਸਤੀ ਏ, ਪਿੰਡਾਂ ਵਿਚ ਸਕੂਲ ਭਾਵੇਂ ਇੱਕ ਵੀ ਨਾ ਹੋਵੇ, ਠੇਕੇ ਦੋ-ਦੋ ਨੇ, ਪੁਲਿਸ ਸੱਤਾਧਾਰੀਆਂ ਦੀ ਚਾਕਰ ਬਣੀ ਹੋਈ ਏ, ਜਨਤਾ ਮੂਕ ਦਰਸ਼ਕ ਬਣੀ ਸਭ ਕੁਝ ਦੇਖ ਰਹੀ ਏ, ਅਗਲੀਆਂ ਚੋਣਾਂ ਵਿਚ ਪੱਗਾਂ ਦਾ ਰੰਗ ਬਦਲਣ ਬਾਰੇ ਗੱਲਾਂ ਹੋ ਰਹੀਆਂ ਨੇ ਪਰ ਬਦਲੀਆਂ ਪੱਗਾਂ ਨੇ ਵੀ ਉਹੀ ਕਰਨੈ, ਜੋ ਅੱਜ ਹੋ ਰਿਹੈ।
ਚੋਣਾਂ ‘ਚ ਉਮੀਦਵਾਰ ਜਿੱਤਦੇ ਨੇ, ਫੇਰ ਸਾਢੇ ਚਾਰ ਸਾਲ ਛੁਪਣਛੋਤ ਹੋ ਜਾਂਦੇ ਨੇ। ਇਨ੍ਹਾਂ ਸਾਲਾਂ ਵਿਚ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਪਤਾ ਸਿਰਫ਼ ਵਿਧਾਨ ਸਭਾ ਦੇ ਸੈਸ਼ਨਾਂ ਤੋਂ ਮਿਲਦਾ ਹੈ। ਜੇ ਲੀਡਰ ਸੱਤਾਧਾਰੀ ਧਿਰ ਦਾ ਹੈ ਤਾਂ ਸਰਕਾਰ ਦੇ ਸੋਹਲੇ ਤੇ ਜੇ ਵਿਰੋਧੀ ਧਿਰ ਦਾ ਹੈ, ਤਾਂ ਵਾਕਆਊਟ ਦਾ ਟੰਟਾ। ਪ੍ਰਾਇਮਰੀ ਸਕੂਲ ਦੇ ਨਿਆਣਿਆਂ ਵਾਂਗ ਵਿਧਾਨ ਸਭਾ ‘ਚ ਲੜਦੇ ਲੀਡਰਾਂ ਵੱਲ ਦੇਖ ਇੰਜ ਜਾਪਦੈ ਕਿ ਇਨ੍ਹਾਂ ਦੀ ਸੋਚ ਅੱਜ ਵੀ ਛੋਟੀ ਹੈ, ਸਿਰ ਦੇ ਵਾਲ਼ ਭਾਵੇਂ ਸਾਰੇ ਚਿੱਟੇ ਹੋ ਗਏ ਹੋਣ।
ਪੰਜਾਬ ਵਿਧਾਨ ਸਭਾ ਦੇ ਹੁਣੇ-ਹੁਣੇ ਖ਼ਤਮ ਹੋਏ ਸੈਸ਼ਨ ਦੌਰਾਨ ਮਜੀਠੀਆ ਸਾਹਿਬ ਨੇ ਗਾਲਾਂ ਦੇ ਭਰ ਭਰ ਗੱਫ਼ੇ ਮਾਈਕ ਮੂਹਰੇ ਖੜ੍ਹ ਕੇ ਦਿੱਤੇ ਤੇ ਉਹ ਇਹ ਵੀ ਭੁੱਲ ਗਏ ਕਿ ਉਨ੍ਹਾਂ ਦੀ ਸਤਿਕਾਰਯੋਗ ਭੈਣ ‘ਨੰਨ੍ਹੀਆਂ ਛਾਂਵਾਂ’ ਦੀ ਗੱਲ ਕਰਦੀ ਏ ਤੇ ਗਾਲਾਂ ਵਿਚ ਉਨ੍ਹਾਂ ‘ਨੰਨ੍ਹੀਆਂ’ ਦੀ ਵਰਤੋਂ ਧੀ ਦੀæææਭੈਣ ਦੀæææ ਦੇ ਰੂਪ ਵਿਚ ਹੋਈ। ਵਿਰੋਧੀ ਧਿਰ ਨੂੰ ਮਾਮਲਾ ਉਠਾਉਣ ਦਾ ਮੌਕਾ ਮਿਲ ਗਿਆ ਤੇ ਸ਼ਰਮ ਨਾਲ ਸਿਰ ਨੀਵਾਂ ਕਰਨ ਦੀ ਥਾਂ ਇੱਕ ਧਿਰ ਨੇ ਆਖਿਆ, ‘ਸੱਤਾਧਾਰੀ ਧਿਰ ਗੁੰਡਿਆਂ ਵਾਲੀ ਭਾਸ਼ਾ ਵਰਤਣ ਲੱਗੀ ਏæææ’ ਤੇ ਦੂਜੀ ਨੇ ਆਖਿਆ, ‘ਵਿਰੋਧੀ ਪਾਰਟੀ ਹਰ ਗੱਲ ਨੂੰ ਮੁੱਦਾ ਬਣਾ ਛੱਡਦੀ ਏæææ।’
ਮੁਹੰਮਦ ਸਦੀਕ ਜਦੋਂ ਪਹਿਲੀ ਵਾਰ ਵਿਧਾਨ ਸਭਾ ਸੈਸ਼ਨ ‘ਚ ਪਹੁੰਚਿਆ ਤਾਂ ‘ਭਾਰਤ ਹੈ ਵਾਂਗ ਮੁੰਦਰੀ, ਵਿਚ ਨਗ ਪੰਜਾਬ ਦਾ’ ਗਾਣਾ ਸੁਣਾ ਕੇ ਵਿਵਾਦ ਸਹੇੜ ਬੈਠਾ। ਅਕਾਲੀਆਂ ਆਖਿਆ, ‘ਗਾਣਾ ਗਾਉਣ ਨਾਲ ਮਰਿਆਦਾ ਦੀ ਉਲੰਘਣਾ ਹੋ ਗਈ ਏ।’ ਤੇ ਹੁਣ ਗਾਲਾਂ ਨਾਲ ਵਿਧਾਨ ਸਭਾ ਦੀ ਮਰਿਆਦਾ ਨੂੰ ਜਿਹੜੇ ਚਾਰ ਚੰਨ ਲੱਗੇ ਨੇ, ਉਹਦੇ ਬਾਰੇ ਸਭ ਲੋਕ ਜਾਣਦੇ ਨੇ।
ਹੈਰਾਨੀ ਦੀ ਗੱਲ ਏ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਸਿਆਸੀ ਪਨਾਹ ਵਾਲੇ ਗੁੰਡਿਆਂ ਵੱਲੋਂ ਸ਼ਰੇਆਮ ਗੋਲੀਆਂ ਮਾਰੀਆਂ ਜਾਂਦੀਆਂ ਨੇ, ਪੁਲਿਸ ਮੁਲਾਜ਼ਮਾਂ ਦੀਆਂ ਲੱਤਾਂ ਤੋੜੀਆਂ ਜਾਂਦੀਆਂ ਨੇ, ਕੁੜੀਆਂ ਚੁੱਕ ਕੇ ਲਿਜਾਣ ਵਾਲਿਆਂ ਨੂੰ ਸਿਆਸੀ ਪਨਾਹ ਮਿਲਦੀ ਏ, ਪਰ ਛੋਟੇ ਬਾਦਲ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਅਪਰਾਧ ਮੁਕਤ ਸੂਬਿਆਂ ਵਿਚ ਸ਼ਾਮਲ ਹੈ, ਜਿੱਥੋਂ ਦੀ ਪੁਲਿਸ ਸਭ ਤੋਂ ਵੱਧ ਮੁਸ਼ਤੈਦੀ ਨਾਲ ਕੰਮ ਕਰ ਰਹੀ ਏ, ਅਮਨ-ਕਾਨੂੰਨ ਦੀ ਸਥਿਤੀ ਨੂੰ ਕੋਈ ਕੋਈ ਖਤਰਾ ਹੈ ਹੀ ਨਹੀਂ।
ਪੰਜਾਬ ਵਿਚ ਆਟੇ ਨਾਲੋਂ ਮਹਿੰਗੀ ਰੇਤ ਵਿਕ ਰਹੀ ਏ, ਭੱਠਾ ਮਾਲਕਾਂ ਦੀਆਂ ਹੜਤਾਲਾਂ ਨੇ ਘਰ ਬਣਾਉਣ ਦੇ ਚਾਹਵਾਨਾਂ ਦੀਆਂ ਸੱਧਰਾਂ ਦਾ ਭੱਠਾ ਬਿਠਾ ਛੱਡਿਐ, ਜ਼ਮੀਨਾਂ ‘ਤੇ ਧੱਕੇ ਨਾਲ ਕਬਜ਼ੇ ਹੋ ਰਹੇ ਨੇ, ਬੇਰੁਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਲਈ ਰੋਜ਼ਾਨਾ ਪੁਲਸੀਆਂ ਦੀਆਂ ਡਾਂਗਾਂ ਖਾਂਦੇ ਨੇ, ਥਾਣਿਆਂ ਵਿਚ ਕੰਮ ਕਰਦੀ ਖਾਕੀ ਵਰਦੀ ‘ਉਪਰੋਂ ਆਏ ਹੁਕਮਾਂ’ ਮੁਤਾਬਕ ਚੱਲਦੀ ਏ ਜਾਂ ਰੰਗ-ਬਰੰਗੇ ਨੋਟਾਂ ਨਾਲ, ਚਪੜਾਸੀ ਤੋਂ ਲੈ ਕੇ ਉਪਰ ਤੱਕ ਹਰ ਕੋਈ ਵਿਕਿਆ ਹੋਇਐ ਤੇ ਅਸੀਂ ਫੇਰ ਵੀ ਆਖਦੇ ਹਾਂ, ‘ਮੇਰੇ ਸੋਹਣੇ ਦੇਸ ਪੰਜਾਬ ਨੂੰ ਕਦੇ ਨਜ਼ਰ ਨਾ ਲੱਗੇæææ।’
‘ਮਹਾਨ ਪੰਜਾਬ’ ਦਾ ਪਾਣੀ ਏਨਾ ਜ਼ਹਿਰੀਲਾ ਹੋ ਚੁੱਕੈ ਕਿ ਹਜ਼ਾਰਾਂ ਨਹੀਂ ਲੱਖਾਂ ਲੋਕ ਕੈਂਸਰ ਤੇ ਕਾਲੇ ਪੀਲੀਏ ਜਿਹੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਚੁਕੇ ਹਨ ਤੇ ਸੈਂਕੜੇ ਲੋਕ ਹਰ ਸਾਲ ਇਲਾਜ ਲਈ ਤਰਸਦੇ ਜਹਾਨੋਂ ਜਾ ਰਹੇ ਨੇ। ਸਾਰੇ ਲੋਕ ਬਾਦਲਾਂ ਜਿੰਨੇ ਅਮੀਰ ਨਹੀਂ ਕਿ ਬਿਮਾਰੀਆਂ ਦੇ ਇਲਾਜ ਲਈ ਅਮਰੀਕਾ ਜਾ ਸਕਣ, ਉਨ੍ਹਾਂ ਦੀ ਪਹੁੰਚ ਤਾਂ ਕੈਂਸਰ ਦੇ ਇਲਾਜ ਲਈ ਬੀਕਾਨੇਰ ਤੱਕ ਸੀਮਤ ਹੈ। ਮੰਤਰੀਆਂ ਵੱਲੋਂ ਪੰਜਾਬ ਦੇ ਕੈਂਸਰ ਪੀੜਤਾਂ ਨੂੰ ਇਲਾਜ ਲਈ ਵਿਸ਼ੇਸ਼ ਰਾਸ਼ੀਆਂ ਦੇਣ ਦਾ ਐਲਾਨ ਕੀਤਾ ਜਾਂਦੈ ਪਰ ਬਾਅਦ ਵਿਚ ਸਕੈਂਡਲ ਸਾਹਮਣੇ ਆਉਂਦੈ ਕਿ ਪੀੜਤਾਂ ਦੀ ਰਾਸ਼ੀ ਡਾਕਟਰਾਂ ਅਤੇ ਹੋਰ ਅਮਲੇ ਫੈਲੇ ਨੇ ਮਿਲ-ਮਿਲਾ ਕੇ ਛਕ ਲਈ ਏ।
ਖਾਣ ਲਈ ਕਣਕ, ਦੁੱਧ, ਦਾਲ਼ਾਂ, ਦਵਾਈਆਂ ਕੁਝ ਵੀ ਸ਼ੁੱਧ ਨਹੀਂ, ਜਿਸ ਕਰਕੇ ਲੋਕ ਮਰ ਰਹੇ ਨੇ ਤੇ ਤੁਰ ਗਿਆਂ ਨੂੰ ਸਿਰਫ਼ ‘ਰੱਬ ਦੇ ਭਾਣੇ’ ਨਾਲ ਜੋੜ ਕੇ ਦੇਖਿਆ ਜਾਂਦੈ। ਦੇਸ਼ ਦੇ ਨਿਰਮਾਤਾ ਪੈਦਾ ਕਰਨ ਵਾਲੇ ਸਰਕਾਰੀ ਵਿੱਦਿਅਕ ਅਦਾਰਿਆਂ ਦਾ ਬੁਰਾ ਹਾਲ ਏ ਤੇ ਪ੍ਰਾਈਵੇਟ ਅਦਾਰਿਆਂ ਦੀ ਲੁੱਟ-ਖਸੁੱਟ ਸਧਾਰਨ ਲੋਕ ਬਰਦਾਸ਼ਤ ਕਰਨ ਦੇ ਸਮਰੱਥ ਨਹੀਂ। ਪੰਜਾਬ ਦੇ 30% ਤੋਂ ਵੱਧ ਲੋਕਾਂ ਨੂੰ ਸ਼ਾਮ ਦੇ ਅੱਠ ਵਜੇ ਤੱਕ ਲਾਲ ਪਰੀ ਦੇ ਸਰੂਰ ਵਿਚ ਇਹ ਪਤਾ ਨਹੀਂ ਹੁੰਦਾ ਕਿ ਉਹ ਪੰਜਾਬ ਦੇ ਵਾਸੀ ਹਨ ਜਾਂ ਬਿਹਾਰ ਦੇ। ਸਵੇਰ ਨੂੰ ਜਦੋਂ ਦਾਰੂ ਉਤਰਦੀ ਏ ਤਾਂ ਪਤਾ ਲੱਗਦੈ ਕਿ ਉਹ ‘ਗੁਰੂਆਂ ਦੀ ਧਰਤੀ’ ਦੇ ਜਾਏ ਨੇ। ਸਵੇਰੇ ਚਾਰ ਵਜੇ ਗੁਰਧਾਮ ਖੁੱਲ੍ਹਦੇ ਨੇ ਤੇ ਸਾਢੇ ਪੰਜ ਵਜੇ ਠੇਕਿਆਂ ਦੇ ਜਿੰਦੇ ਖੁੱਲ੍ਹ ਜਾਂਦੇ ਨੇ ਤੇ ਜਿੰਨੇ ਕੁ ਲੋਕ ਸਿਰ ਨਿਵਾਉਣ ਧਾਰਮਿਕ ਥਾਂਵਾਂ ‘ਤੇ ਜਾਂਦੇ ਨੇ, ਓਨੇ ਕੁ ਹੀ ਠੇਕਿਆਂ ਮੂਹਰੇ ਖੜ੍ਹੇ, ‘ਇੱਕ ਰਸਭਰੀ ਦੇਈਂæææਇੱਕ ‘ਸ਼ਰਮੀਲੀ’ ਫੜਾਈਂæææ’ਗੱਭਰੂ’ ਦਾ ਅਧੀਆ ਦੇ ਦਿਓ’ ਕਹਿ ਰਹੇ ਹੁੰਦੇ ਨੇ।
ਜਦੋਂ ਇਹ ਸਾਰਾ ਕੁਝ ਮੇਰੇ ਗੁਲਾਬ ਵਰਗੇ ਸੂਬੇ ਵਿਚ ਹੋ ਰਿਹਾ ਹੋਵੇ, ਉਦੋਂ ਦੱਸੋ ਇਸ ਦੀ ‘ਸਿਫ਼ਤ’ ਵਿਚ ਹੋਰ ਕੀ-ਕੀ ਆਖੀਏ? ਸ਼ਾਲਾ, ਇਹ ਪੰਜਾਬ ਪਹਿਲਾਂ ਵਰਗਾ ਬਣ ਜਾਵੇ, ਜਦੋਂ ਸਿਆਸਤ ਵਿਚ ਅੱਜ ਜਿੰਨਾ ਗੰਧਲਾਪਣ ਨਹੀਂ ਸੀ ਆਇਆ, ਸ਼ਰਧਾ ਵਪਾਰ ਦਾ ਹਿੱਸਾ ਨਹੀਂ ਸੀ ਬਣੀ, ਲੋਕ ਸਿੱਧੇ-ਸਾਦੇ ਸਨ ਤੇ ਜ਼ਿੰਦਗੀ ਦੀਆਂ ਲੋੜਾਂ ਵੀ ਏਨੀਆਂ ਨਹੀਂ ਸਨ। ਜੀਵਨ ਨਿਰਬਾਹ ਲਈ ਖੂਨ ਦਾ ਰੰਗ ਬਦਲਣ ਦੀ ਜ਼ਰੂਰਤ ਨਹੀਂ ਸੀ ਪੈਂਦੀ।
2012 ਅਲਵਿਦਾ ਆਖ ਚੁੱਕੈ ਤੇ 2013 ਨੂੰ ਲੋਕਾਂ ਬੜੀ ਸ਼ਿੱਦਤ ਨਾਲ ਖੁਸ਼ਆਮਦੀਦ ਆਖਿਐ। ਪਰ ਦੇਖਿਆ ਜਾਵੇ ਤਾਂ ਤਰੀਕ ਤੇ ਸਾਲ ਬਦਲਿਐ, ਬੰਦਾ ਜਾਂ ਬੰਦੇ ਦੀ ਸੋਚ ਨਹੀਂ। ਟੀæਵੀæ ਚੈਨਲਾਂ ‘ਤੇ ਰੰਗ-ਬਰੰਗੇ ਪ੍ਰੋਗਰਾਮ ਪੇਸ਼ ਹੋਏ ਕਿ ਨਵਾਂ ਸਾਲ ਖੁਸ਼ੀਆਂ ਏਦਾਂ ਲਿਆ ਰਿਹੈ, ਨਵੇਂ ਸਾਲ ‘ਚ ਵਿਗਿਆਨ ਨੇ ਆਹ ਕਰ ਛੱਡਣੈ-ਔਹ ਕਰ ਦੇਣੈ, ਪਰ ਕਿਸੇ ਨੇ ਨਵੇਂ ਸਾਲ ਮੌਕੇ ਬੰਦੇ ਨੂੰ ਬੰਦਾ ਬਣਨ ਲਈ ਨਾ ਕਿਹਾ।
ਚੁਣੌਤੀਆਂ ਉਹੀ ਨੇ, ਲੀਡਰਸ਼ਿਪ ਵੀ ਉਹੀ ਤੇ ਆਮ ਲੋਕ ਵੀ ਉਹੀ, ਫੇਰ ਵੀ ਨਵੇਂ ਸਾਲ ਵਿਚ ਦਾਖਲ ਹੋਣ ‘ਤੇ ਆਮ ਬੰਦਾ ਚਾਹੁੰਦਾ ਹੈ ਕਿ ਕਦੇ ਉਹਦੀ ਵੀ ਸੁਣੀ ਜਾਵੇ, ਉਹਨੂੰ ਵੀ ਪੁੱਛਿਆ ਜਾਵੇ ਕਿ ਕੀ ਸੋਚਦਾ ਏ ਉਹੋ?
Leave a Reply