ਜਸਵੰਤ ਸਿੰਘ ਸੰਧੂ (ਘਰਿੰਡਾ)
ਫੋਨ: 510-516-5971
ਅੱਜ ਅਸੀਂ ਰੋਜ਼ ਵਾਪਰਦੀਆਂ ਘਟਨਾਵਾਂ ਟੀæਵੀæ ਰਾਹੀਂ ਵੇਖ-ਸੁਣ ਸਕਦੇ ਹਾਂ। ਜਿਸ ਸਮੇਂ ਦੀ ਇਹ ਗੱਲ ਹੈ, ਉਹ ਟੀæਵੀæ ਤੋਂ ਪਹਿਲਾਂ ਦਾ ਸਮਾਂ ਹੈ। ਉਸ ਵਕਤ ਰੇਡੀਓ ਸਟੇਸ਼ਨ ਜਲੰਧਰ ਤੇ ਲਾਹੌਰ ਸਾਡੇ ਇਲਾਕੇ ਵਿਚ ਸੁਣੇ ਜਾਂਦੇ ਸਨ। ਜਿਵੇਂ ਕਹਿੰਦੇ ਨੇ, 12 ਕੋਹ ਉਤੇ ਬੋਲੀ ਬਦਲ ਜਾਂਦੀ ਹੈ; ਮਾਝੇ, ਮਾਲਵੇ ਤੇ ਦੁਆਬੇ ਵਿਚ ਪੰਜਾਬੀ ਬੋਲੀ ਦਾ ਇਕ-ਦੂਜੀ ਤੋਂ ਥੋੜ੍ਹਾ ਫਰਕ ਹੈ।
ਜਲੰਧਰ ਰੇਡੀਓ ਤੋਂ ਵੀ ਪੇਂਡੂ ਭਰਾਵਾਂ ਲਈ ਵਧੀਆ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਸਨ, ਪਰ ਮਝੈਲ ਲਹਿਜੇ ਵਾਲੀ ਬੋਲੀ ਦਾ ਰੰਗ ਤੇ ਬੇਬਾਕ ਗੱਲਾਂ ਵਧੇਰੇ ਖਿੱਚ ਪਾਉਂਦੀਆਂ, ਇਸੇ ਕਰ ਕੇ ਬਾਰਡਰ ਦੇ ਲੋਕ ਰੇਡੀਓ ਸਟੇਸ਼ਨ ਲਾਹੌਰ ਜ਼ਿਆਦਾ ਸੁਣਦੇ ਸਨ, ਕਿਉਂ ਜੋ ਲਾਹੌਰ ਰੇਡੀਓ ਤੋਂ ‘ਸੋਹਣੀ ਧਰਤੀ’ ਨਾਂ ਦਾ ਪ੍ਰੋਗਰਾਮ ਠੇਠ ਪੰਜਾਬੀ ਵਿਚ ਪੇਂਡੂ ਭਰਾਵਾਂ ਲਈ ਨਸ਼ਰ ਹੁੰਦਾ ਸੀ।
ਚੌਧਰੀ ਨਿਜ਼ਾਮੁਦੀਨ ਤੇ ਉਸ ਦਾ ਸਾਥੀ ਚੌਧਰੀ ਸਾਹਿਬ ਇਹ ਪ੍ਰੋਗਰਾਮ ਪੇਸ਼ ਕਰਦੇ। ਦੋਵੇਂ ਵਧੀਆ ਰੇਡੀਓ ਕਲਾਕਾਰ ਸਨ। ਨਿਜ਼ਾਮੁਦੀਨ ਨੂੰ ਤਾਂ ਪਾਕਿਸਤਾਨ ਸਰਕਾਰ ਵੱਲੋਂ ਰੇਡੀਓ ਪਾਕਿਸਤਾਨ ਲਾਹੌਰ ਦਾ ਵਧੀਆ ਕਲਾਕਾਰ ਹੋਣ ਦਾ ਸਨਮਾਨ ਵੀ ਮਿਲਿਆ ਹੋਇਆ ਸੀ।
ਨਿਜ਼ਾਮੁਦੀਨ ਮੁਲਕ ਦੀ ਵੰਡ ਤੋਂ ਬਾਅਦ ਲਾਹੌਰ ਰੇਡੀਓ ਤੋਂ ਪੇਂਡੂ ਭਰਾਵਾਂ ਲਈ ਸ਼ਾਮ ਨੂੰ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਵਿਚ ਕਈ ਦਹਾਕਿਆਂ ਤੱਕ ਆਪਣੀ ਕਲਾ ਦੇ ਜੌਹਰ ਵਿਖਾਉਂਦਾ ਰਿਹਾ। ਰੇਡੀਓ ਉਤੇ ਗੱਲਬਾਤ ਕਰਦਿਆਂ ਉਹ ਆਪਣੇ ਪੁਰਾਣੇ ਪਿੰਡ ਅਤੇ ਜਾਣ-ਪਛਾਣ ਵਾਲੇ ਲੋਕਾਂ ਦਾ ਜ਼ਿਕਰ ਬੜੇ ਤੇਹ-ਮੋਹ ਨਾਲ ਕਰਦਾ। ਆਪਣੇ ਪਿੰਡ ਨੂੰ ਯਾਦ ਕਰਦਿਆਂ ਉਹ ਕਈ ਵਾਰ ਰੇਡੀਓ ਤੋਂ ਕਹਿ ਜਾਂਦਾ, “ਮੈਂ ਸੱਤ ਵਲੈਤਾਂ ਨੂੰ ਵਾਰ ਸੁੱਟਾਂ ਆਪਣੇ ਪਿੰਡ ਦੀ ਇਕ ਨਿੱਕੀ ਜਿਹੀ ਗਲੀ ਉਤੋਂ।”
ਮਾਪਿਆਂ ਨੇ ਨਿਜ਼ਾਮੁਦੀਨ ਦਾ ਨਾਂ ਸੁਲਤਾਨ ਬੇਗ ਰੱਖਿਆ ਸੀ, ਨਿਜ਼ਾਮੁਦੀਨ ਉਸ ਦਾ ਰੇਡੀਓ ਨਾਂ ਸੀ। ਇਹ ਦੋਵੇਂ ਜਦੋਂ ਪ੍ਰੋਗਰਾਮ ਪੇਸ਼ ਕਰਦੇ ਤਾਂ ਚੌਧਰੀ ਸਾਹਿਬ (ਅਸਲ ਨਾਂ ਅਬਦੁਲ ਲਤੀਫ਼ ਮੁਸਾਫ਼ਰ) ਦਾ ਰੋਲ ਪੜ੍ਹੇ-ਲਿਖੇ ਤੇ ਸਿਆਣੇ ਬੰਦੇ ਵਾਲਾ ਹੁੰਦਾ। ਉਹ ਕਿਸੇ ਵੀ ਮਸਲੇ ਬਾਰੇ ਆਪਣੀ ਫੈਸਲਾਕੁਨ ਰਾਏ ਦਿੰਦਾ ਅਤੇ ਨਿਜ਼ਾਮੁਦੀਨ ਸਿੱਧੇ ਸਾਦੇ ਪੇਂਡੂ ਵਾਲਾ ਰੋਲ ਅਦਾ ਕਰਦਾ। ਉਹਦੀਆਂ ਭੋਲੀਆਂ-ਭਾਲੀਆਂ ਅਤੇ ਝੱਲ-ਵਲੱਲੀਆਂ ਵਿਚ ਵੀ ਡੂੰਘਾ ਵਿਅੰਗ ਤੇ ਹਾਸਰਸ ਹੁੰਦਾ। ਉਹਦੀ ਬੋਲੀ ਦਾ ਪੇਂਡੂ ਲੋਕ ਮੁਹਾਵਰਾ ਅਜਿਹਾ ਜਾਨਦਾਰ ਤੇ ਉਸ ਵਿਚ ਪੰਜਾਬੀ ਸੁਭਾਅ ਦੀ ਅਜਿਹੀ ਮੜ੍ਹਕ ਤੇ ਖੁਸ਼ਬੂ ਹੁੰਦੀ ਕਿ ਲੋਕ ਉਹਦੀਆਂ ਗੱਲਾਂ ਦਾ ਰਸ ਲੈਣ ਲਈ ਉਚੇਚੇ ਤੌਰ ‘ਤੇ ‘ਲਾਹੌਰ’ ਸੁਣਦੇ।
ਅਗਲੇ ਦਿਨ ਲੋਕ ਉਹਦੀਆਂ ਕੀਤੀਆਂ ਗੱਲਾਂ ਦੁਹਰਾਉਂਦੇ ਤੇ ਇਨ੍ਹਾਂ ਵਿਚਲੇ ਤਿੱਖੇ ਵਿਅੰਗ ਤੇ ਹਾਸੇ ਦਾ ਸਵਾਦ ਵੀ ਲੈਂਦੇ। ਅੱਜ ਵੀ ਕਦੀ ਕਦੀ ਉਨ੍ਹਾਂ ਵੇਲਿਆਂ ਦੇ ਸਾਡੇ ਵਰਗੇ ਲੋਕ ਉਸ ਦੀ ਕਹੀ ਕੋਈ ਗੱਲ ਸੁਣਾ ਕੇ ਯਾਦ ਤਾਜ਼ਾ ਕਰ ਲੈਂਦੇ ਹਨ। ਉਹ ਪਿੰਡ ਦੀ ਆਤਮਾ ਨਾਲ ਜੁੜਿਆ ਹੋਇਆ ਸੀ।
ਚੌਧਰੀ ਨਿਜ਼ਾਮੁਦੀਨ ਦਾ ਜਨਮ ਪਿੰਡ ਮੋਦੇ (ਨੇੜੇ ਅਟਾਰੀ ਸ਼ਾਮ ਸਿੰਘ, ਤਹਿਸੀਲ ਤਰਨ ਤਾਰਨ) ਵਿਖੇ ਹੋਇਆ। ਉਸ ਦੇ ਖਾਨਦਾਨ ਦਾ ਸਬੰਧ ਪੱਟੀ ਦੇ ਮੁਗਲ ਘਰਾਣੇ ਨਾਲ ਸੀ। ਉਸ ਦੇ ਵਾਲਦ (ਪਿਤਾ) ਅਟਾਰੀ ਜ਼ੈਲ ਦੇ ਜ਼ੈਲਦਾਰ ਸਨ। ਬਚਪਨ ਤੋਂ ਹੀ ਉਸ ਦਾ ਸੁਭਾਅ ਹਾਸੇ-ਮਖੌਲ ਵਾਲਾ ਸੀ। ਮੇਰਾ ਪਿੰਡ ਉਸ ਦੇ ਪਿੰਡ ਤੋਂ ਅੱਠ ਮੀਲ ਹੈ। ਉਸ ਨੇ ਦਸਵੀਂ ਜਮਾਤ ਡੀæਬੀæ ਹਾਈ ਸਕੂਲ ਅਟਾਰੀ (ਅੰਮ੍ਰਿਤਸਰ) ਤੋਂ ਪਾਸ ਕੀਤੀ। ਮੈਂ ਵੀ ਇਸੇ ਸਕੂਲ ਤੋਂ 1959 ਵਿਚ ਦਸਵੀਂ ਪਾਸ ਕੀਤੀ ਸੀ। ਇਉਂ ਮੈਂ ਉਸ ਦਾ ਸਕੂਲ ਫੈਲੋ ਹਾਂ। ਉਚੇਰੀ ਵਿਦਿਆ ਉਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਸੀ।
ਵਿਦਿਆਰਥੀ ਜੀਵਨ ਵਿਚ ਵੀ ਉਹਦਾ ਸੁਭਾਅ ਹਾਸੇ-ਠੱਠੇ ਵਾਲਾ ਸੀ। ਉਸ ਦੇ ਇਕ ਜਮਾਤੀ ਨੇ ਗੱਲ ਸੁਣਾਈ ਕਿ ਅਟਾਰੀ ਸਕੂਲ ਦੇ ਦਸਵੀਂ ਦੇ 41 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਜਿਸ ਵਿਚੋਂ 39 ਫੇਲ੍ਹ ਹੋ ਗਏ। ਇਕ ਟੀਚਰ ਨੇ ਸੁਲਤਾਨ ਬੇਗ (ਨਿਜ਼ਾਮੁਦੀਨ) ਨੂੰ ਕਿਹਾ, “ਓ ਬੇਗਿਆ! ਪੜ੍ਹਿਆ ਕਰੋ, ਵੇਖ ਲੈ ਇਸ ਵਾਰ ਦਸਵੀਂ ਦਾ ਨਤੀਜਾ ਕਿੰਨਾ ਮਾੜਾ ਆਇਆ।” ਅੱਗਿਉਂ ਬੇਗੇ ਦਾ ਜਵਾਬ ਸੀ, “ਮਾਸਟਰ ਜੀ! ਨਤੀਜੇ ਮਾੜੇ ਦਾ ਤਾਂ ਮੈਨੂੰ ਪਤਾ ਨਹੀਂ, ਉਸ ਤਰ੍ਹਾਂ ਦੇਖ ਲਓ ਰੌਣਕ ਕਿਹੜੇ ਪਾਸੇ ਜ਼ਿਆਦਾ ਹੈ?”
ਪੜ੍ਹਾਈ ਖਤਮ ਕਰ ਕੇ ‘ਰਿਆਸਤ’ ਅਖਬਾਰ ਦੇ ਦਫ਼ਤਰ ਵਿਚ ਛੇ ਆਨੇ ਦਿਹਾੜੀ ਉਤੇ ਨੌਕਰੀ ਕੀਤੀ। ਜਦ ਦੂਜੀ ਸੰਸਾਰ ਜੰਗ ਲੱਗ ਗਈ ਤਾਂ ਉਹ 34 ਰੁਪਏ ਮਹੀਨੇ ਉਤੇ ਸਟੋਰ ਮੁਣਸ਼ੀ ਲੱਗ ਗਿਆ। ਲੜਾਈ ਖਤਮ ਹੋਣ ‘ਤੇ ਨੌਕਰੀਓਂ ਜਵਾਬ ਮਿਲ ਗਿਆ। ਪ੍ਰਸਿੱਧ ਫਿਲਮ ਐਕਟਰ ਓਮ ਪ੍ਰਕਾਸ਼ ਉਸ ਦਾ ਯਾਰ ਸੀ। ਉਸ ਨੇ ਦੱਸ ਪਾਈ, ਰੇਡੀਓ ਸਟੇਸ਼ਨ ਲਾਹੌਰ ‘ਤੇ ਇਕ ਜਗ੍ਹਾ ਖਾਲੀ ਹੈ, ਅਪਲਾਈ ਕਰ ਦੇ। ਉਸ ਵਕਤ ਲਾਹੌਰ ਦੇ ਲਾਹੌਰੀ ਦਰਵਾਜ਼ੇ ਤੋਂ ਜੇæਕੇæ ਬੱਸਾਂ ਜੰਮੂ ਕਸ਼ਮੀਰ ਨੂੰ ਚੱਲਦੀਆਂ ਸਨ। ਉਹ ਰੇਡੀਓ ਸਟੇਸ਼ਨ ਦੇ ਡਾਇਰੈਕਟਰ ਦੇ ਦਫਤਰ ਪੁੱਜਾ, ਅੱਗੇ ਨੇਮ ਪਲੇਟ ਲੱਗੀ ਸੀ ਜੇæਕੇæ ਮਹਿਰਾ। ਨਿਜ਼ਾਮੁਦੀਨ ਨੂੰ ਸ਼ਰਾਰਤ ਸੁੱਝੀ, ਉਹਨੇ ਡਾਇਰੈਕਟਰ ਨੂੰ ਕਿਹਾ, “ਜੀ, ਮੈਂ ਜੰਮੂ ਕਸ਼ਮੀਰ (ਜੇæਕੇæ) ਬੱਸ ਦੀ ਟਿਕਟ ਲੈਣੀ ਹੈ।” ਨਾਲ ਹੀ ਪੰਜਾਂ ਦਾ ਨੋਟ ਮੇਜ਼ ‘ਤੇ ਰੱਖ ਦਿੱਤਾ।
ਅੱਗਿਉਂ ਡਾਇਰੈਕਟਰ ਨੇ ਕਿਹਾ, “ਇਹ ਤਾਂ ਰੇਡੀਓ ਸਟੇਸ਼ਨ ਦਾ ਦਫਤਰ ਹੈ, ਤੈਨੂੰ ਭੁਲੇਖਾ ਲੱਗੈ।” ਨਿਜ਼ਾਮੁਦੀਨ ਨੇ ਕਿਹਾ, “ਜੀ ਬਾਹਰ ਜੇæਕੇæ ਮਹਿਰਾ ਲਿਖਿਆ, ਮੈਂ ਸਮਝਿਆ ਇਹ ਜੇæਕੇ ਬ੍ਰਾਂਚ ਦਾ ਦਫਤਰ ਹੈ ਤੇ ਇਥੇ ਬੱਸਾਂ ਦੀਆਂ ਟਿਕਟਾਂ ਮਿਲਦੀਆਂ।” ਜੁਗਲ ਕਿਸ਼ੋਰ ਮਹਿਰਾ ਉਸ ਦੇ ਜਵਾਬ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਉਸੇ ਵੇਲੇ ਅਰਜ਼ੀ ਲੈ ਕੇ ਉਹਨੂੰ 75 ਰੁਪਏ ਮਹੀਨੇ ਉਤੇ ਭਰਤੀ ਕਰ ਲਿਆ। 27 ਜਨਵਰੀ 1945 ਨੂੰ ਨਿਜ਼ਾਮੁਦੀਨ ਨੇ ਆਲ ਇੰਡੀਆ ਰੇਡੀਓ ਲਾਹੌਰ ਤੋਂ ਪਹਿਲਾ ਪ੍ਰੋਗਰਾਮ ਕੀਤਾ।
ਪਾਕਿਸਤਾਨ ਬਣਿਆ ਤਾਂ ਉਹ ਲਾਹੌਰ ਚਲਾ ਗਿਆ। ਉਹ ਆਪਣੇ ਪਿੰਡ, ਜਮਾਤੀਆਂ ਤੇ ਯਾਰਾਂ-ਦੋਸਤਾਂ ਨੂੰ ਨਾ ਭੁਲਾ ਸਕਿਆ। ਉਹ ਦੂਜੇ-ਤੀਜੇ ਸਾਲ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਪਣਾ ਘਰ ਵਿਖਾਉਂਦਾ। ਉਹ ਪੰਜਾਬ ਦਾ ਸੱਚਾ ਸਪੂਤ ਸੀ, ਪੰਜਾਬੀ ਜ਼ੁਬਾਨ ਨੂੰ ਪਿਆਰ ਕਰਨ ਵਾਲਾ। ਜਦ ਕੋਈ ਪੰਜਾਬੀ ਉਸ ਨਾਲ ਉਰਦੂ ਜਾਂ ਅੰਗਰੇਜ਼ੀ ਵਿਚ ਗੱਲ ਕਰਦਾ, ਉਹ ਉਸ ਨੂੰ ਬਿਮਾਰ ਆਦਮੀ ਕਹਿੰਦਾ।
ਪਾਕਿਸਤਾਨ ਮਜ਼ਹਬ ਦੇ ਨਾਂ ‘ਤੇ ਬਣਿਆ ਸੀ, ਪਰ ਉਹ ਮਜ਼ਹਬਾਂ ਤੋਂ ਉਪਰ ਸੋਚ ਦਾ ਮਾਲਕ ਸੀ। ਮੈਂ ਪਹਿਲੀ ਵਾਰ ਉਸ ਨੂੰ 1961 ਵਿਚ ਸੁਣਿਆ ਜਦੋਂ ਉਹ ਨੂਰਦੀਪ (ਸੁਲਤਾਨ ਖੂਸਟ ਜੋ ਪਾਕਿਸਤਾਨੀ ਡਰਾਮੇ ‘ਅੰਧੇਰਾ ਉਜਾਲਾ’ ਦੇ ਹੌਲਦਾਰ ਪਾਤਰ ਇਰਫ਼ਾਨ ਖੂਸਟ ਦਾ ਬਾਪ ਸੀ) ਨਾਲ ਪ੍ਰੋਗਰਾਮ ਦਿੰਦਾ ਹੁੰਦਾ ਸੀ। ਨੂਰਦੀਨ ਦੀ ਮੌਤ ਤੋਂ ਬਾਅਦ ਚੌਧਰੀ ਸਾਹਿਬ ਉਸ ਦਾ ਸਾਥੀ ਬਣਿਆ। ਉਸ ਨੇ ਕਈ ਵਾਰ ਗੁਰੂ ਨਾਨਕ ਦੀ ਬਾਣੀ ਦੀਆਂ ਤੁਕਾਂ ਰੇਡੀਓ ਲਾਹੌਰ ਤੋਂ ਬੜੇ ਅਦਬ ਨਾਲ ਬੋਲਣੀਆਂ। ਰੇਡੀਓ ਤੋਂ ਬਾਬੇ ਨਾਨਕ ਦਾ ਜ਼ਿਕਰ ਸੁਣ ਕੇ ਮੈਨੂੰ ਉਸ ਦਾ ਬੜਾ ਲਾਡ ਆਉਂਦਾ।
1965 ਦੀ ਜੰਗ ਲੱਗ ਗਈ। ਸਭ ਅਖਬਾਰਾਂ ਪਿੰਡ ਵਿਚ ਆਉਣੋਂ ਬੰਦ ਹੋ ਗਈਆਂ। ਉਹ ਰੇਡੀਓ ਤੋਂ ਆਪਣੀ ਫੌਜ ਅਤੇ ਲੋਕਾਂ ਦੇ ਹੌਸਲੇ ਬੁਲੰਦ ਰੱਖਣ ਲਈ ਧੜੱਲੇ ਦਾ ਪ੍ਰਚਾਰ ਕਰਦਾ। ਉਹਦੇ ਪ੍ਰਚਾਰ ਪਿੱਛੇ ਬੜਾ ਕੁਝ ਛੁਪਿਆ ਹੁੰਦਾ। ਉਹ ਸਿੱਖਾਂ ਨੂੰ ਬੜਾ ਸਲਾਹੁੰਦਾ। ਇਕ ਵਾਰ ਰੇਡੀਓ ਤੋਂ ਕਹਿ ਰਿਹਾ ਸੀ, “ਚੌਧਰੀ ਜੀ! ਆਹ ਸਾਨੂੰ ਵਾਘੇ ਤੋਂ ਲੈ ਕੇ ਅੰਬਾਲੇ ਤੱਕ ਥੋੜ੍ਹੀ ਜਿਹੀ ਰੁਕਾਵਟ ਪੈਣੀ ਆਂ। ਅੱਗੇ ਤਾਂ ਭਾਵੇਂ ਡੀæਡੀæਟੀæ ਛਿੜਕੀ ਜਾਈਏ, ਹਥਿਆਰਾਂ ਦੀ ਲੋੜ ਈ ਨਹੀਂ ਪੈਣੀ।” ਅੱਗਿਉਂ ਚੌਧਰੀ ਨੇ ਕਿਹਾ, “ਉਹ ਕਿਉਂ?” ਕਹਿੰਦਾ, “ਓ ਜੀ! ਇਥੇ ਬਹਾਦਰ ਸਿੱਖ ਕੌਮ ਵਸਦੀ ਹੈ। ਅਸੀਂ ਆਹਨੇ ਆਂæææ ਭਾਵੇਂ ਦੁਸ਼ਮਣ ਹੋਏ, ਪਰ ਹੋਏ ਬਹਾਦਰ।”
ਪਿਆਰ ਤੇ ਇੱਜ਼ਤ-ਮਾਣ ਮਨੁੱਖ ਨੂੰ ਜੋੜਦਾ ਹੈ ਪਰ ਨਫ਼ਰਤ ਤੇ ਨਿਰਾਦਰੀ ਮਨੁੱਖ ਨੂੰ ਤੋੜਦੀ ਹੈ। ਮੁਲਕ ਦੀ ਵੰਡ ਦਾ ਕਾਰਨ ਵੀ ਸ਼ਾਇਦ ਇਹੋ ਸੀ। ‘ਸਾਰੇ ਜਹਾਂ ਸੇ ਅੱਛਾ, ਹਿੰਦੁਸਤਾਨ ਹਮਾਰਾ’ ਲਿਖਣ ਵਾਲੇ ਸ਼ਾਇਰ ਨੂੰ ਆਖਰ ਕਿਉਂ ਪਾਕਿਸਤਾਨ ਬਣਾਉਣ ਦਾ ਵਿਚਾਰ ਪੇਸ਼ ਕਰਨਾ ਪਿਆ। ਕੀ ਉਹਦੇ ਇਸੇ ਤਰਾਨੇ ਵਿਚ ਹੀ ਹਕੀਕਤ ਨਹੀਂ ਸੀ ਛੁਪੀ ਹੋਈ, ਜਦੋਂ ਉਸ ਨੇ ਇਹ ਵੀ ਕਿਹਾ,
ਇਕਬਾਲ ਕੋਈ ਮਹਿਰਮ ਅਪਨਾ ਨਹੀਂ ਜਹਾਂ ਮੇਂ
ਕੋਈ ਨਹੀਂ ਜੋ ਸਮਝੇ ਦਰ ਸੇ ਨਿਹਾਂ ਹਮਾਰਾ।
ਉਪਰੋਕਤ ਵਿਚਾਰਾਂ ਦੀ ਰੋਸ਼ਨੀ ਵਿਚ ਪਾਕਿਸਤਾਨ ਬਣਨ ਦੇ ਹੱਕ ਵਿਚ ਨਿਜ਼ਾਮੁਦੀਨ ਰੇਡੀਓ ਲਾਹੌਰ ਤੋਂ ਮਿਸਾਲ ਦੇ ਰਿਹਾ ਸੀ, “ਚੌਧਰੀ ਜੀ! ਪਾਕਿਸਾਤਨ ਬਣਨ ਨਾਲ ਸਾਨੂੰ ਸਾਡਾ ਘਰ ਮਿਲਿਐ। ਇਜ਼ਤ ਤੇ ਆਬਰੂ ਮਿਲੀ। ਪਾਕਿਸਤਾਨ ਬਣਨ ਤੋਂ ਪਹਿਲਾਂ ਸਾਡੇ ਮੁਸਲਮਾਨਾਂ ਦੀ ਹਾਲਤ ਕੀ ਸੀ, ਉਹ ਵੀ ਸੁਣ ਲਓ, ਸਾਡੇ ਪਿੰਡ ਦਾ ਇਕ ਕਾਂਸ਼ੀ ਬਾਹਮਣ ਹੁੰਦਾ ਸੀ। ਉਹਦੀ ਕੁੜੀ ਦਾ ਵਿਆਹ ਸੀ। ਉਨ੍ਹਾਂ ਨੇ ਹਲਵਾ ਬਣਾ ਕੇ ਪਰਾਤਾਂ ਵਿਚ ਪਾ ਕੇ ਬਾਹਰ ਵਿਹੜੇ ਵਿਚ ਠੰਢਾ ਹੋਣ ਲਈ ਰੱਖਿਆ। ਉਨ੍ਹਾਂ ਦੇ ਵਿਹੜੇ ਦੀ ਇਕ ਕੰਧ ‘ਤੇ ਮੁਸਲਮਾਨ ਸਨ, ਤੇ ਦੂਜੀ ‘ਤੇ ਕੁੱਤੇ। ਘੁਰ ਘੁਰ ਕਰਦੇ ਕੁੱਤੇ ਆਪਸ ਵਿਚ ਲੜ ਪਏ ਤੇ ਇਕ ਕੁੱਤਾ ਪਰਾਤ ਵਿਚ ਡਿੱਗ ਪਿਆ। ਉਸ ਪਰਾਤ ਵਾਲਾ ਹਲਵਾ ਉਨ੍ਹਾਂ ਨੇ ਸਾਡੇ ਮੁਸਲਮਾਨਾਂ ਵਿਚ ਵੰਡਿਆ। ਇਹ ਸੀ ਹਾਲਤ ਸਾਡੇ ਮੁਸਲਮਾਨਾਂ ਦੀ।”
ਨਿਜ਼ਾਮੁਦੀਨ ਦਾ ਹਸਾਉਣੇ ਢੰਗ ਨਾਲ ਹੀ ਕਾਟਵੀਂ ਗੱਲ ਕਰਨ ਦਾ ਆਪਣਾ ਹੀ ਅੰਦਾਜ਼ ਸੀ। ਕੱਟੜ ਹਿੰਦੂ ਭਾਈਚਾਰੇ ਨੇ ਮੁਸਲਮਾਨ ਨੂੰ ਕਦੀ ਵੀ ਆਪਣੇ ਬਰਾਬਰ ਨਹੀਂ ਸੀ ਸਮਝਿਆ। ਉਨ੍ਹਾਂ ਦੀ ਹਾਲਤ ਨੂੰ ਇਨਸਾਨ ਦੀ ਕੁੱਤੇ ਨਾਲ ਤੁਲਨਾ ਵਜੋਂ ਪੇਸ਼ ਕਰਨਾ ਬਹੁਤ ਵੱਡਾ ਦੁਖਾਂਤਕ ਵਿਅੰਗ ਸੀ। ‘ਹਿੰਦੂ ਪਾਣੀ ਮੁਸਲਮਾਨ ਪਾਣੀ’ ਨੇ ਮੁਲਕ ਦੀ ਵੰਡ ਦਾ ਮੁੱਢ ਬੰਨ੍ਹਿਆ।
ਉਹ ਆਪਣੀ ਗੱਲ ਵਿਚ ਪੇਂਡੂ ਮੁਹਾਵਰੇ ਵਿਚ ਬੜੇ ਮੁੱਲਵਾਨ ਲਤੀਫ਼ੇ ਸੁਣਾਉਂਦਾ ਰਹਿੰਦਾ। ਉਹਦੇ ਲਤੀਫਿਆਂ ਤੋਂ ਆਦਮੀ ਨੂੰ ਸੇਧ ਮਿਲਦੀ। ਰੇਡੀਓ ਸਟੇਸ਼ਨ ਨੂੰ ਕਿਸੇ ਨੇ ਖਤ ਲਿਖਿਆ, “ਜੀ ਮੈਂ ਸ਼ਾਇਰ ਹਾਂ ਤੇ ਆਪਣਾ ਕਲਾਮ ਰੇਡੀਓ ਤੋਂ ਨਸ਼ਰ ਕਰਵਾਉਣਾ ਚਾਹੁੰਦਾ ਹਾਂ, ਦੱਸੋ ਮੈਂ ਕਿਵੇਂ ਕਰਾਂ?” ਨਿਜ਼ਾਮੁਦੀਨ ਨੇ ਕਿਹਾ, “ਜੀ ਆਪਣਾ ਕਲਾਮ ਏਸੇ ਪਤੇ ‘ਤੇ ਭੇਜ ਦਿਓ। ਜੇ ਤੁਹਾਡਾ ਕਲਾਮ ਨਸ਼ਰ ਕਰਨ ਵਾਲਾ ਹੋਇਆ ਤਾਂ ਨਸ਼ਰ ਕਰ ਦਿੱਤਾ ਜਾਵੇਗਾ, ਤੇ ਜੇ ਤੁਹਾਡਾ ਕਲਾਮ ‘ਬਦਕਲਾਮ’ ਹੋਇਆ ਤਾਂ ਤੁਹਾਨੂੰ ਵਾਪਸ ਕਰ ਦਿੱਤਾ ਜਾਵੇਗਾ।”
ਪਾਕਿਸਤਾਨ ਬਣਨ ਤੋਂ ਪਹਿਲਾਂ ਉਸ ਦੇ ਪਰਿਵਾਰ ਦੀ ਰਿਹਾਇਸ਼ ਪਿੰਡ ਮੋਦੇ ਵਿਚ ਸੀ। ਨਿਜ਼ਾਮੁਦੀਨ ਦਾ ਆਪਣੇ ਬਾਪ ਨਾਲ ਬੜਾ ਪਿਆਰ ਸੀ। ਉਹ ਉਸ ਨੂੰ ਆਪਣਾ ਮੁਰਸ਼ਦ ਮੰਨਦਾ। ਉਹ ਰੇਡੀਓ ਸਟੇਸ਼ਨ ਲਾਹੌਰ ‘ਤੇ ਡਿਊਟੀ ਦੇ ਕੇ ਰੇਲ ਰਾਹੀਂ ਰੋਜ਼ ਪਿੰਡ ਆ ਜਾਂਦਾ। ਇਕ ਵਾਰ ਉਸ ਦਾ ਬਾਪ ਸਖਤ ਬਿਮਾਰ ਹੋ ਗਿਆ। ਨਿਜ਼ਾਮੁਦੀਨ ਆਪਣੇ ਬਾਪ ਦੇ ਗਲ ਲੱਗ ਕੇ ਰੋਣ ਲੱਗਾ, ਤਾਂ ਬਾਪ ਨੇ ਹੌਸਲਾ ਦਿੰਦਿਆਂ ਕਿਹਾ, “ਸੁਲਤਾਨ! ਤੂੰ ਤਾਂ ਐਂ ਕਰਦਾ ਜਿਵੇਂ ਤੂੰ ਮੈਨੂੰ ਘਰ ਈ ਰੱਖ ਲੈਣਾ ਏ। ਤੇਰਾ ਮੇਰਾ ਸੌਦਾ ਹੋਇਆ ਏ, ਮੈਂ ਵਾਲਦ ਤੋਂ ਚਾਬੀਆਂ ਲਈਆਂ, ਤੇ ਤੈਨੂੰ ਦੇ ਜਾਣੀਆਂ, ਤੇ ਤੂੰ ਅਗਾਂਹ ਦੇ ਜਾਵੀਂ। ਯਾਦ ਰੱਖ, ਸੌ ਪਿਓ ਰਲ ਕੇ ਇਕ ਪੁੱਤਰ ਦਾ ਮਰਨਾ ਨਹੀਂ ਝੱਲ ਸਕਦੇ, ਪਰ ਇਕ ਪੁੱਤਰ ਸੌ ਬਜ਼ੁਰਗ ਪਿਓਆਂ ਦਾ ਮਰਨਾ ਝੱਲ ਸਕਦਾ ਹੈ।”
ਕਹਾਣੀਕਾਰ ਵਰਿਆਮ ਸਿੰਘ ਸੰਧੂ ਲੇਖਕਾਂ ਦੀ ਗੋਸ਼ਟੀ ਦੀ ਪ੍ਰਧਾਨਗੀ ਕਰ ਰਹੇ ਸਨ ਜਿਸ ਵਿਚ ਆਲੋਚਕਾਂ ਨੇ ਪੁਰਾਣੇ ਲੇਖਕਾਂ ਦੀਆਂ ਸਾਧਾਰਨ ਲਿਖਤਾਂ ਦੀ ਜ਼ਿਆਦਾ ਹੀ ਤਾਰੀਫ਼ ਕਰ ਦਿੱਤੀ, ਪਰ ਨਵੇਂ ਪੁੰਗਰ ਰਹੇ ਲੇਖਕਾਂ ਦੀਆਂ ਚੰਗੀਆਂ ਲਿਖਤਾਂ ਵੱਲ ਘੱਟ ਹੀ ਧਿਆਨ ਦਿੱਤਾ। ਉਨ੍ਹਾਂ ਚੌਧਰੀ ਨਿਜ਼ਾਮੁਦੀਨ ਦੇ ਇਕ ਲਤੀਫ਼ੇ ਰਾਹੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ, ਇਕ ਵਾਰ ਨਿਜ਼ਾਮੁਦੀਨ ਸੜਕ ‘ਤੇ ਤੁਰਿਆ ਜਾ ਰਿਹਾ ਸੀ। ਕੋਈ ਬੰਦਾ ਸੜਕ ਕੰਢੇ ਛਾਬਾ ਲਾ ਕੇ ਸੰਤਰੇ ਵੇਚ ਰਿਹਾ ਸੀ। ਨਿਜ਼ਾਮੁਦੀਨ ਨੇ ਸੰਤਰਿਆਂ ਦਾ ਭਾਅ ਪੁੱਛਿਆ, ਤਾਂ ਉਸ ਨੇ ਇਕ ਸੰਤਰੇ ਦਾ ਮੁੱਲ ਦੋ ਆਨੇ ਦੱਸਿਆ। ਨਿਜ਼ਾਮੁਦੀਨ ਨੇ ਕਿਹਾ, ‘ਯਾਰ! ਸੰਤਰੇ ਤੇ ਛੋਟੇ ਨੇ, ਭਾਅ ਤੂੰ ਜ਼ਿਆਦਾ ਲਾ ਰਿਹਾ ਏਂ?’ ਬੰਦੇ ਨੇ ਜਵਾਬ ਦਿੱਤਾ, ‘ਚੌਧਰੀ ਸਾਹਬ! ਜਿਥੋਂ ਤੁਸੀਂ ਵੇਖ ਰਹੇ ਹੋ, ਉਥੋਂ ਛੋਟੇ ਹੀ ਦਿਸਦੇ ਨੇ, ਬਹਿ ਕੇ ਵੇਖੋ ਤਾਂ ਸੰਤਰੇ ਵਾਹਵਾ ਵੱਡੇ ਨੇ’।
ਇਕ ਵਾਰ ਰੇਡੀਓ ਸਟੇਸ਼ਨ ਤੋਂ ਮੰਡੀਆਂ ਦੇ ਭਾਅ ਦੱਸਦਿਆਂ ਚੌਧਰੀ ਸਾਹਿਬ ਨੇ ਕਿਹਾ, “ਨਿਜ਼ਾਮੁਦੀਨ ਜੀ! ਅੱਜ ਕੱਲ੍ਹ ਸਬਜ਼ੀਆਂ ਦੇ ਭਾਅ ਆਸਮਾਨੀ ਚੜ੍ਹ ਗਏ ਆ, ਅੱਗ ਲੱਗੀ ਪਈ ਏ।” ਨਿਜ਼ਾਮੁਦੀਨ ਨੇ ਕਿਹਾ, “ਚੌਧਰੀ ਜੀ! ਸਬਜ਼ੀਆਂ ਦੇ ਭਾਵਾਂ ਨੂੰ ਅੱਗ ਲੱਗੇ ਵੀ ਕਿਉਂ ਨਾ? ਅਰਾਈਂਆਂ ਦਾ ਰਾਜ ਜੂ ਹੋਇਆ।” ਅਰਾਈਂ ਲੋਕ ਸਬਜ਼ੀਆਂ ਬੀਜਣ ਤੇ ਵੇਚਣ ਦਾ ਕੰਮ ਕਰਦੇ ਹਨ। ਉਨ੍ਹਾਂ ਦਿਨਾਂ ਵਿਚ ਪਾਕਿਸਤਾਨ ਵਿਚ ਜਨਰਲ ਜ਼ਿਆ-ਉਲ ਹੱਕ ਦੀ ਹਕੂਮਤ ਸੀ ਅਤੇ ਉਹ ਅਰਾਈਂ ਸੀ। ਕਿਸੇ ਦੋਖੀ ਨੇ ਉਸ ਦੀ ਸ਼ਿਕਾਇਤ ਕਰ ਦਿੱਤੀ। ਦੋਖੀ ਨੇ ਜੋ ਚਾਹਿਆ, ਉਹੋ ਹੋ ਗਿਆ। ਨਿਜ਼ਾਮੁਦੀਨ ਨੂੰ ਨੌਕਰੀ ਤੋਂ ਲਾਹ ਦਿੱਤਾ ਗਿਆ। ਇਹ ਵੱਖਰੀ ਗੱਲ ਹੈ ਕਿ ਪਿਛੋਂ ਉਸ ਦੇ ਬਹੁਤ ਵੱਡੇ ਪ੍ਰਸ਼ੰਸਕ ਦਾਇਰੇ ਵੱਲੋਂ ਨਿਜ਼ਾਮੁਦੀਨ ਦੀ ਉਚੀ ਪ੍ਰਤਿਭਾ ਬਾਰੇ ਜਨਰਲ ਜ਼ਿਆ-ਉਲ ਹੱਕ ਨੂੰ ਦੱਸਿਆ ਤਾਂ ਉਸ ਦੀ ਨੌਕਰੀ ਬਹਾਲ ਹੋ ਗਈ।
ਜਦ ਨਿਜ਼ਾਮੁਦੀਨ ਨੂੰ ਉਸ ਦੀ ਨੌਕਰੀ ਖੁੱਸਣ ਅਤੇ ਮੁੜ ਮਿਲਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਵਾਰਤਾ ਸੁਣਾ ਛੱਡੀ, “ਇਕ ਵਾਰ ਮੇਰੇ ਵਰਗੇ ਨੂੰ ਰਾਤ ਚੋਰਾਂ ਦੀ ਢਾਣੀ ਮਿਲ ਗਈ। ਉਸ ਨੇ ਪੁੱਛਿਆ, ‘ਕਿਧਰ ਚੱਲੇ ਜੇ?’ ਉਨ੍ਹਾਂ ਆਪਣੀ ਹਕੀਕਤ ਦੱਸ ਕੇ ਕਿਹਾ, ‘ਜੇ ਨਾਲ ਜਾਣਾ ਈ ਤੇ ਆ ਜਾ।’ ਉਹ ਵੀ ਤੁਰ ਪਿਆ। ਕਿਸੇ ਦੇ ਘਰ ਜਾ ਕੇ ਚੋਰ ਤਾਂ ਆਪਣੇ ਕੰਮ ਲੱਗ ਗਏ, ਉਹ ਵਿਚਾਰਾ ਸਿਆਲ ਦੇ ਦਿਨ ਸਨ, ਘਰੋਂ ਕਣਕ ਮੁੱਕੀ ਹੋਈ ਸੀ, ਗਰੀਬੀ ਦਾ ਮਾਰਿਆ। ਉਹ ਉਤੇ ਲਿਆ ਖੇਸ ਵਿਛਾ ਕੇ ਦਾਣੇ ਪਾਉਣ ਲੱਗ ਪਿਆ ਤੇ ਪਾਈ ਗਿਆ। ਚੋਰਾਂ ਨੇ ਵਿਹਲੇ ਹੋ ਕੇ ਆਖਿਆ, ‘ਚੱਲ ਚਲੀਏ, ਛੇਤੀ ਛੇਤੀ ਕਰ।’ ਉਸ ਨੇ ਲਾਲਚ ਨਾਲ ਏਨੀ ਕਣਕ ਪਾ ਲਈ ਕਿ ਖੇਸ ਦੀਆਂ ਚਾਰੇ ਕੰਨੀਆਂ ਵੀ ਕਣਕ ਹੇਠ ਲੁਕ ਗਈਆਂ। ਗੱਲਾਂ ਸੁਣ ਕੇ ਘਰ ਵਾਲੇ ਜਾਗ ਪਏ, ਪਰ ਉਹ ਖੇਸ ਦੀਆਂ ਕੰਨੀਆਂ ਲੱਭਦਾ ਲੱਭਦਾ ਕਾਬੂ ਆ ਗਿਆ। ਘਰਦਿਆਂ ਨੇ ਵੇਖ ਕੇ ਕਿਹਾ, ‘ਉਇ ਤੇਰਾ ਬੇੜਾ ਗਰਕ, ਤੂੰ ਤਾਂ ਚੋਰ ਏਂ!’ ਉਹ ਅੱਗਿਉਂ ਕਹਿੰਦਾ, ‘ਜਨਾਬ! ਮੈਂ ਕੋਈ ਚੋਰ-ਚਾਰ ਨਹੀਂ ਜੇ। ਰੱਬ ਦਾ ਨਾਂ ਲੈ ਕੇ ਮੇਰਾ ਖੇਸ ਕਢਾ ਦਿਓ। ਜੇ ਮੈਂ ਮੁੜ ਇਧਰ ਆ ਗਿਆ ਤਾਂ ਮੈਨੂੰ ਆਖਿਓ’।”
ਉਹ ਰੇਡੀਓ ਤੋਂ ਇਸਲਾਮ ਅਤੇ ਦੇਸ਼ ਭਗਤੀ ਦਾ ਪ੍ਰਚਾਰ ਕਰਦਾ, ਪਰ ਦਿਲ ਉਹਦਾ ਦੋਹਾਂ ਪੰਜਾਬਾਂ ਨਾਲ ਜੁੜਿਆ ਹੋਇਆ ਸੀ। 1983 ਵਿਚ ਉਹ ਚੜ੍ਹਦੇ ਪੰਜਾਬ ਵਿਚ ਮੁੱਖ ਮੰਤਰੀ ਦਰਬਾਰਾ ਸਿੰਘ ਦਾ ਸਰਕਾਰੀ ਮਹਿਮਾਨ ਬਣ ਕੇ ਐਮæਐਲ਼ਏæ ਫਲੈਟ ਵਿਚ ਠਹਿਰਿਆ ਹੋਇਆ ਸੀ। ਪ੍ਰਸਿੱਧ ਲਿਖਾਰੀ ਸ਼ਮਸ਼ੇਰ ਸਿੰਘ ਸੰਧੂ ਨੇ ਉਸ ਦੀ ਇੰਟਰਵਿਊ ਲੈਂਦਿਆਂ ਪੁੱਛਿਆ, “ਤੁਸੀਂ ਪੈਂਹਟ ਦੀ ਲੜਾਈ ਵਿਚ ਚੜ੍ਹਦੇ ਪੰਜਾਬ (ਭਾਰਤ) ਵਿਰੁਧ ਧੂੰਆਂਧਾਰ ਪ੍ਰਚਾਰ ਦਿਲੋਂ ਕਰਦੇ ਸੀ ਜਾਂ ਤੁਹਾਡੀ ਮਜਬੂਰੀ ਸੀ?”
ਜਵਾਬ ਸੀ, “ਚੜ੍ਹਦੇ ਪੰਜਾਬ ਵਿਚ ਮੇਰਾ ਪਿੰਡ, ਮੇਰੇ ਬਚਪਨ ਦੇ ਯਾਰ-ਦੋਸਤ ਅਤੇ ਮੇਰੇ ਪੰਜਾਬੀ ਭਰਾ ਵੱਸਦੇ ਸਨ। ਸਰਕਾਰੀ ਨੌਕਰੀ ਕਰ ਕੇ ਚੜ੍ਹਦੇ ਪੰਜਾਬ ਵਿਰੁਧ ਪ੍ਰਚਾਰ ਕਰਨਾ ਮੇਰੀ ਮਜਬੂਰੀ ਸੀ। ਇਹ ਪ੍ਰਚਾਰ ਮੈਂ ਆਪਣੇ ਦਿਲ ‘ਤੇ ਪੱਥਰ ਰੱਖ ਕੇ ਕਰਦਾ ਸੀ। ਦੋਹਾਂ ਪੰਜਾਬਾਂ ਵਿਚ ਮੇਰੇ ਪ੍ਰਸ਼ੰਸਕ ਬਹੁਤ ਹਨ। ਹੁਣ ਜਦੋਂ ਮੈਂ ਰੇਡੀਓ ਤੋਂ ਰਿਟਾਇਰ ਹੋਇਆ ਹਾਂ, ਤਾਂ ਮੈਨੂੰ ਹਜ਼ਾਰਾਂ ਖਤ ਦੋਹਾਂ ਪੰਜਾਬਾਂ ਤੋਂ ਆਏ ਨੇ, ਲਿਖਿਆ ਏ, ‘ਤੂੰ ਮਰ ਜਾਨੋਂ ਤਾਂ ਅਸੀਂ ਤੇਰਾ ਵਿਛੋੜਾ ਝੱਲ ਲੈਂਦੇ, ਪਰ ਰੇਡੀਓ ਤੋਂ ਤੇਰੀ ਗੈਰ-ਹਾਜ਼ਰੀ ਤੇਰੇ ਜਿਉਂਦਿਆਂ ਅਸੀਂ ਨਹੀਂ ਝੱਲ ਸਕਦੇ’।”
ਇਸਲਾਮਿਕ ਜਮਹੂਰੀਅਤ ਦੇ ਬਿਜਲਈ ਮੀਡੀਏ ਦਾ ਮੁਲਾਜ਼ਮ ਹੁੰਦਾ ਹੋਇਆ ਵੀ ਉਹ ਆਪਣੇ ਹਮ-ਮਜ਼ਹਬ ਬੰਦਿਆਂ ਨੂੰ ਮੁਆਫ਼ ਨਹੀਂ ਸੀ ਕਰਦਾ। ਇਕ ਵਾਰ ਚੌਧਰੀ ਤੇ ਨਿਜ਼ਾਮੁਦੀਨ ਗੱਲਾਂ ਕਰ ਰਹੇ ਸਨ, “ਨਜ਼ਾਮਦੀਨ ਜੀ! ਅੱਲਾ ਦੇ ਫਜ਼ਲ-ਓ-ਕਰਮ ਨਾਲ ਪਾਕਿਸਤਾਨ ਦੀ ਸਰਜ਼ਮੀਂ, ਇਹ ਖਿੱਤਾ ਇਸਲਾਮਿਕ ਸਟੇਟ ਤਾਂ ਅਸੀਂ ਬਣਾ ਲਿਆ, ਪਰ ਹੁਣ ਸਾਨੂੰ ਸੱਚੇ ਸੁੱਚੇ ਮੁਸਲਮਾਨ ਬਣਨ ਲਈ ਸਦਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਏ।” ਚੌਧਰੀ ਨੇ ਆਖਿਆ ਤਾਂ ਨਿਜ਼ਾਮੁਦੀਨ ਕਹਿਣ ਲੱਗਾ, “ਇਕ ਕੋਸ਼ਿਸ਼ ਤਾਂ ਮੈਂ ਵੀ ਕੀਤੀ ਸੀ, ਪਰ ਉਸ ਨਾਲੋਂ ਵੱਡੀ ਕੋਸ਼ਿਸ਼ ਮੇਰੇ ਕੁਝ ਹੋਰ ਭਰਾਵਾਂ ਨੇ ਕਰ ਦਿੱਤੀ। ਕਾਨ੍ਹੇ ਕਾਛੇ ਮੇਰੀ ਜ਼ਮੀਨ ਵਿਚੋਂ ਸੂਆ ਲੰਘਦਾ ਏ। ਸੂਏ ਦੇ ਕੰਢੇ ਮੇਰਾ ਛੋਟਾ ਜਿਹਾ ਬਾਗ ਏ। ਮੈਂ ਸੋਚਿਆ ਵਗਦਾ ਰਾਹ ਏ, ਆਉਂਦੇ ਜਾਂਦੇ ਰਾਹਗੀਰਾਂ ਲਈ ਸਾਹ ਲੈਣ ਤੇ ਛਾਂਵੇਂ ਬਹਿਣ ਦਾ ਨਿੱਕਾ ਜਿਹਾ ਜੁਗਾੜ ਹੀ ਕਰ ਛੱਡਾਂ। ਮੈਂ ਜੀ ਰੁੱਖਾਂ ਦੀ ਛਾਂਵੇਂ ਤਖ਼ਤਪੋਸ਼ ਬਣਵਾ ਦਿੱਤਾ। ਦੋ ਬੈਂਚ ਰਖਵਾ ਦਿੱਤੇ, ਇਕ ਨਲਕਾ ਲਵਾ ਦਿੱਤਾ। ਨੇੜੇ ਗੜਵਾ ਤੇ ਲੋਟਾ ਰੱਖਵਾ ਦਿੱਤਾ। ਸਫ਼ਾਂ ਵੀ ਰੱਖ ਦਿੱਤੀਆਂ। ਸੋਚਿਆ, ਲੰਘਦੇ ਆਉਂਦੇ ਮੁਸਾਫ਼ਰ ਨਾਲੇ ਆਰਾਮ ਕਰਨਗੇ, ਪਾਣੀ-ਧਾਣੀ ਪੀ ਲੈਣਗੇ, ਤੇ ਨਾਲੇ ਜੀ ਚਾਹੇ ਤਾਂ ਵੁਜ਼ੂ ਕਰ ਕੇ ਨਮਾਜ਼ ਪੜ੍ਹ ਲੈਣਗੇ। ਸਵਾਬ (ਪੁੰਨ) ਦਾ ਕੰਮ ਸੀ ਜੀ, ਪਰ ਦੋ ਹਫ਼ਤਿਆਂ ਬਾਅਦ ਜਾ ਕੇ ਵੇਖਿਆ ਤਾਂ ਸੱਚੇ ਸੁੱਚੇ ਮੁਸਲਮਾਨ ਭਰਾਵਾਂ ਦੀ ਬਦੌਲਤ ਨਲਕੇ ਦੀ ਹੱਥੀ, ਉਤਲਾ ਕੱਪ ਜਿਹਾ, ਛੋਟੇ ਬੈਂਚ ਤੇ ਭਾਂਡਿਆਂ ਸਮੇਤ ਸਫ਼ਾਂ ਵਲ੍ਹੇਟੀਆਂ ਜਾ ਚੁੱਕੀਆਂ ਸਨ। ਮਸ਼ੀਨ ਪੁੱਟਣੀ ਤੇ ਤਖ਼ਤਪੋਸ਼ ਚੁਕਣਾ ਵਧੇਰੇ ਬੰਦਿਆਂ ਦਾ ਕੰਮ ਹੋਣ ਕਰ ਕੇ ਉਹ ਇਹ ਕੰਮ ਅਗਲੇ ਹਫ਼ਤੇ ਉਤੇ ਪਾ ਗਏ ਨੇ। ਇਸ ਵਾਸਤੇ ਪਾਕਿਸਤਾਨ ਬਣਾਇਆ ਸੀ ਅਸੀਂ?”