ਮੁਹੰਮਦ ਰਫੀ ਨਾਲ ਬਿਤਾਇਆ ਪੂਰਾ ਦਿਨ

ਅਜੀਤ ਕਮਲ
ਫੋਨ: 91-94173-76895
31 ਮਈ 1976 ਦਾ ਮੁਬਾਰਕ ਦਿਨ ਮਨੋਂ ਵਿਸਰਦਾ ਨਹੀਂ ਜਿਸ ਦਿਨ ਮੁੰਬਈ ਦੇ ਮਹਿਬੂਬ ਸਟੂਡੀਓ ਵਿਚ ਸੁਰਾਂ ਦੇ ਸ਼ਹਿਨਸ਼ਾਹ ਮੁਹੰਮਦ ਰਫੀ ਦੇ ਦਰਸ਼ਨ ਨਸੀਬ ਹੋਏ ਸਨ| ਹੋਇਆ ਇਹ ਕਿ ਮੇਰੇ ਦੋਸਤ ਸ੍ਰੀ ਐਮæਐਸ æਗਿੱਲ ਨੇ ਮੇਰੀ ਕਹਾਣੀ ‘ਤੇ ਪੰਜਾਬੀ ਫਿਲਮ “ਚੰਨੀ”ਬਣਾਉਣ ਦਾ ਵਿਚਾਰ ਬਣਾਇਆ|

ਅਸੀਂ ਮੁੰਬਈ ਗਏ ਅਤੇ ਸੰਗੀਤਕਾਰ ਸੁਰਿੰਦਰ ਕੋਹਲੀ ਨਾਲ ਸਲਾਹ ਮਸ਼ਵਰਾ ਕਰਕੇ ਫਿਲਮ ਲਈ ਮੇਰੇ ਲਿਖੇ ਗੀਤ ਮੁਹੰਮਦ ਰਫੀ, ਮੀਨੂੰ ਪ੍ਰਸ਼ੋਤਮ, ਦਿਲਰਾਜ ਕੌਰ ਅਤੇ ਖੁਦ ਸੁਰਿੰਦਰ ਕੋਹਲੀ ਦੀ ਅਵਾਜ ਵਿਚ ਰਿਕਾਰਡ ਕਰਨ ਦਾ ਪ੍ਰੋਗਰਾਮ ਉਲੀਕਿਆ|
ਸੁਰਿੰਦਰ ਕੋਹਲੀ ਰਫੀ ਸਾਹਿਬ ਨੂੰ ਰਿਹਰਸਲ ਲਈ ਉਨ੍ਹਾਂ ਦੇ ਘਰ ਗਏ ਤਾਂ ਗੀਤ “ਦਿਲ ਛੱਡ ਨਾ ਹਿੰਮਤ ਹਾਰ” ਦਾ ਫਲੋਅ ਅੱਛਾ ਹੋਣ ਕਰਕੇ ਗੀਤ ਜਲਦੀ ਹੀ ਰਫੀ ਸਾਹਿਬ ਨੂੰ ਯਾਦ ਹੋ ਗਿਆ| ਇਹ ਗੀਤ ਰਫੀ ਸਾਹਿਬ ਨੇ ਬੜਾ ਪਸੰਦ ਕੀਤਾ ਅਤੇ ਕੋਹਲੀ ਨੂੰ ਕਿਹਾ ਕਿ ਗੀਤ ਦੇ ਲੇਖਕ ਨੂੰ ਉਨ੍ਹਾਂ ਨਾਲ ਜਰੂਰ ਮਿਲਾਉਣਾ| ਲਿਹਾਜਾ 31 ਮਈ 1976 ਦੇ ਸਵੇਰੇ 11æ00 ਕੁ ਵਜੇ ਰਫੀ ਸਾਹਿਬ ਮਹਿਬੂਬ ਸਟੂਡੀਓ ਵਿਚ ਆਏ ਤਾਂ ਕੋਹਲੀ ਜੀ ਮੈਨੂੰ ਉਨ੍ਹਾਂ ਕੋਲ ਲੈ ਗਏ ਅਤੇ ਮੇਰਾ ਤੁਆਰਫ ਰਫੀ ਸਾਹਿਬ ਨਾਲ ਕਰਵਾਇਆ| ਸਤਿਕਾਰ ਵਜੋਂ ਮੈਂ ਰਫੀ ਸਾਹਿਬ ਦੇ ਗੋਡਿਆਂ ਨੂੰ ਹੱਥ ਲਾ ਕੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ| ਉਨ੍ਹਾਂ ਨੇ ਗੀਤ ਦੀ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੈਨੂੰ ਪਹਿਲੀ ਵਾਰ ਵੇਖਿਆ ਹੈ| ਮੈਂ ਨਿਮਰਤਾ ਨਾਲ ਕਿਹਾ ਕਿ ਮੇਰਾ ਗੀਤ ਪਹਿਲੀ ਵਾਰ ਰਿਕਾਰਡ ਹੋ ਰਿਹਾ ਹੈ ਅਤੇ ਉਹ ਵੀ ਉਨ੍ਹਾਂ ਜਿਹੇ ਸੁਰ ਸਮਰਾਟ ਦੀ ਮਿੱਠੀ ਅਵਾਜ ਵਿਚ|
“ਦਿਲ ਛੱਡ ਨਾ ਹਿੰਮਤ ਹਾਰ” ਦਾ ਪਹਿਲਾ ਹਿੱਸਾ ਜਲਦੀ ਹੀ ਰਿਕਾਰਡ ਹੋ ਗਿਆ, ਪਰ ਇਸ ਗੀਤ ਦੇ ਦੋ ਅੰਤਰੇ ਧੀਮੀ ਸੁਰ ਵਿਚ ਰਿਕਾਰਡ ਕਰਨ ਸਮੇਂ ਪਹਿਲੇ ਅੰਤਰੇ ਦੇ ਛੇ ਰੀ-ਟੇਕ ਹੋ ਗਏ| ਹੋਇਆ ਇਹ ਕਿ ਅੰਤਰੇ ਵਿਚ ਦਰਜ ਸ਼ਬਦ “ਨੇਰ੍ਹਾ” ਨੂੰ ਕੋਹਲੀ ਸਾਹਿਬ ਨੇ “ਹਨੇਰਾ” ਲਿਖਾ ਦਿੱਤਾ ਸੀ,
ਅੱਜ ਡੁੱਬਿਆ ਸੂਰਜ ਤੇਰਾ
ਜੀਵਨ ਵਿਚ ਛਾਇਆ ਨੇਰ੍ਹਾ
ਪਰ ਇਕ ਦਿਨ ਆਊ ਸਵੇਰਾ
ਖੁੱਲ੍ਹ ਜਾਣੇ ਸੁਖ ਦੇ ਦੁਆਰæææ
ਕਰੇ ਹਿੰਮਤ ਬੇੜਾ ਪਾਰæææ।
ਹਨੇਰਾ ਸ਼ਬਦ ਬੋਲਦਿਆਂ ਗੀਤ ਦੀ ਲੈ ਉਖੜ ਜਾਂਦੀ ਸੀ| ਸਵੇਰੇ ਹੋਈ ਮੁਲਾਕਾਤ ਸਮੇਂ ਰਫੀ ਸਾਹਿਬ ਦੇ ਵਤੀਰੇ ਕਰਕੇ ਮੈਂ ਹੌਂਸਲਾ ਕਰਕੇ ਉਨ੍ਹਾਂ ਦੇ ਕੈਬਿਨ ਵਿਚ ਚਲਾ ਗਿਆ ਅਤੇ ਅਰਜ ਕੀਤੀ, “ਸਰ ਇਕ ਅਰਜ ਕਰਨੀ ਏ।” ਹਾਂ ਹਾਂ ਦੱਸੋæææ।” ਰਫੀ ਸਾਹਿਬ ਨੇ ਪਿਆਰ ਨਾਲ ਕਿਹਾ| ਮੈਂ ਕਿਹਾ “ਸਰ ਅੜਨ ਵਾਲਾ ਸ਼ਬਦ ‘ਹਨੇਰਾ’ ਨਹੀਂ, ‘ਨੇਰ੍ਹਾ’ ਹੈ| ਮੈਂ ਉਹ ਸਤਰ ਗਾ ਕੇ ਉਨ੍ਹਾਂ ਨੂੰ ਸੁਣਾਈ| ਉਨ੍ਹਾਂ ਨੇ ਮੂੰਹ ਵਿਚ ਸਤਰ ਨੇਰ੍ਹਾ ਸ਼ਬਦ ਨਾਲ ਗੁਣਗੁਣਾਈ ਤਾਂ ਉਨ੍ਹਾਂ ਦੇ ਮੂੰਹ ਤੇ ਮੁਸਕਾਨ ਆ ਗਈ| ਮੇਰੇ ਕੈਬਿਨ ਵਿਚ ਖੜੇ ਖੜੋਤੇ ਹੀ ਉਨ੍ਹਾਂ ਰਿਕਾਰਡਿਸਟ ਨੂੰ ਟੇਕ ਲੈਣ ਲਈ ਕਿਹਾ| ਖੁਸ਼ੀ ਦੀ ਗੱਲ ਕਿ ਉਹ ਅੰਤਰਾ ਪਹਿਲੇ ਟੇਕ ਵਿਚ ਹੀ ਓæਕੇ ਹੋ ਗਿਆ| ਰਫੀ ਸਾਹਿਬ ਬੜੇ ਖੁਸ਼ ਹੋਏ ਅਤੇ ਉਨ੍ਹਾਂ ਕਿਹਾ, ਬਹੁਤੇ ਗੀਤਕਾਰ ਉਨ੍ਹਾਂ ਨੂੰ ਸ਼ਬਦਾਂ ਦੇ ਉਚਾਰਣ ਬਾਰੇ ਦੱਸਦੇ ਹੀ ਨਹੀਂ|
ਮੈਂ ਆਗਿਆ ਲੈ ਕੇ ਕੈਬਿਨ ਚੋਂ ਬਾਹਰ ਆ ਗਿਆ ਅਤੇ ਦੂਜਾ ਅੰਤਰਾ ਪੜ੍ਹਿਆ:
ਇਸ ਜੁਲਮ ਤੋਂ ਨਾ ਘਬਰਾ ਤੂੰ
ਨਾ ਆਪਣਾ ਹੌਸਲਾ ਢਾਹ ਤੂੰ
ਦਿਲ ਆਪਣੇ ਨੂੰ ਸਮਝਾ ਤੂੰ
ਕੱਢ ਦਿਲ ਚੋਂ ਬੁਰੇ ਵਿਚਾਰ
ਕਰੇ ਹਿੰਮਤ ਬੇੜਾ ਪਾਰæææ।
ਵੀ ਬੜੀ ਅਸਾਨੀ ਨਾਲ ਰਿਕਾਰਡ ਹੋ ਗਿਆ| ਰਿਕਾਰਡਿਸਟ ਦੇ ਕਮਰੇ ਵਿਚ ਬੈਠੇ ਲੋਕ ਗੱਲਾਂ ਕਰ ਰਹੇ ਸਨ ਕਿ ਇਹ ਰਫੀ ਸਾਹਿਬ ਹੀ ਹਨ ਜੋ ਇਕ ਅੰਤਰੇ ਦੇ ਛੇ ਰੀ-ਟੇਕ ਹੋਣ ‘ਤੇ ਵੀ ਖਿਝੇ ਨਹੀਂ, ਜੇਕਰ ਕਿਸ਼ੋਰ ਕੁਮਾਰ ਹੁੰਦੇ ਤਾਂ ਉਨ੍ਹਾਂ ਨੇ ਰਿਕਾਰਡਿੰਗ ਵਿਚੇ ਛੱਡ ਕੇ ਚਲੇ ਜਾਣਾ ਸੀ|
ਬਾਅਦ ਦੁਪਹਿਰ ਦੂਜੀ ਸ਼ਿਫਟ ਵਿਚ ‘ਭੰਗੜਾ’ ਰਫੀ ਸਾਹਿਬ ਅਤੇ ਮੀਨੂੰ ਪ੍ਰਸ਼ੋਤਮ ਦੀ ਆਵਾਜ਼ ਵਿਚ ਰਿਕਾਰਡ ਹੋਣਾ ਸੀ| ਭੰਗੜੇ ਦੇ ਬੋਲ ਸਨ,
‘ਤੇਰੀ ਗੁੱਤ ਦਾ ਪਰਾਂਦਾ ਭੁੰਜੇ ਡਿੱਗਿਆ
ਕਿ ਸੱਪ ਵਾਂਗੂ ਵਲ ਖਾਂਵਦਾ
ਮੇਰੇ ਹੱਥ ਚ ਫੜਾ ਦੇ ਇਹਨੂੰ ਚੁੱਕ ਕੇ
ਵੇ ਕਿਹੜੀ ਗੱਲੋਂ ਡਰ ਆਂਵਦਾ|
ਇਹ ਭੰਗੜਾ ਗੀਤ ਵੀ ਰਫੀ ਸਾਹਿਬ ਨੇ ਬੜੇ ਮੂਡ ਵਿਚ ਰਿਕਾਰਡ ਕਰਾਇਆ| ਇਥੋਂ ਤੱਕ ਕਿ ਭੰਗੜੇ ਵਿਚ ਵੰਨ-ਸਵੰਨੀਆਂ ਅਵਾਜ਼ਾਂ ਅਤੇ ਸੀਟੀਆਂ ਵਜਾਉਣ ਵਿਚ ਵੀ ਰਫੀ ਸਾਹਿਬ ਨੇ ਪੂਰਾ ਯੋਗਦਾਨ ਪਾਇਆ|
ਯਾਦ ਰੱਖਣ ਵਾਲੀ ਵੱਡੀ ਗੱਲ ਇਹ ਹੈ ਕਿ ਰਿਕਾਰਡਿੰਗ ਉਪਰੰਤ ਸ਼ਾਮੀ ਸਾਢੇ ਛੇ ਵਜੇ ਫੋਟੋ ਸੈਸ਼ਨ ਸਮੇਂ ਮੈਂ ਸੰਗਦਾ ਹੋਇਆ ਸਾਹਮਣੇ ਸੋਫੇ ਤੇ ਬੈਠਾ ਰਿਹਾ ਅਤੇ ਰਫੀ ਸਾਹਿਬ ਤੇ ਮੀਨੂੰ ਪ੍ਰਸ਼ੋਤਮ ਨਾਲ ਫੋਟੋ ਖਿਚਾਉਣ ਲਈ ਕਾਫੀ ਲੋਕ ਖੜੇ ਹੋ ਗਏ| ਜਦੋਂ ਰਫੀ ਸਾਹਿਬ ਦਾ ਧਿਆਨ ਮੇਰੇ ਵਲ ਗਿਆ ਤਾਂ ਕਹਿਣ ਲੱਗੇ “ਕਾਕਾ ਜੀ, ‘ਗੀਤ ਤੁਸੀਂ ਲਿਖਿਆ ਤੇ ਗਾਇਆ ਮੈਂ, ਫੋਟੋ ਤਾਂ ਸਾਡੀ ਹੋਣੀ ਚਾਹੀਦੀ ਹੈ, ਆਓæææ|” ਮੈਂ ਉਠ ਕੇ ਉਨ੍ਹਾਂ ਕੋਲ ਗਿਆ ਤਾਂ ਉਨ੍ਹਾਂ ਨੇ ਮੈਨੂੰ ਆਪਣੇ ਖੱਬੇ ਪਾਸੇ ਖਲ੍ਹਾਰ ਕੇ ਆਪਣਾ ਖੱਬਾ ਹੱਥ ਮੇਰੇ ਮੋਢੇ ‘ਤੇ ਰੱਖ ਕੇ ਮੁਸਕਰਾਉਂਦੇ ਹੋਏ ਫੋਟੋ ਖਿਚਵਾਈ| ਰਫੀ ਸਾਹਿਬ ਦੀ ਦਿਆਲਤਾ ਨੇ ਸਭ ਦੀ ਰੂਹ ਖੁਸ਼ ਕਰ ਦਿੱਤੀ|
ਸੰਨ 1983 ਵਿਚ ਫਿਲਮ ਮੁਕੰਮਲ ਹੋਈ ਪਰ ਅਪਰੇਸ਼ਨ ਨੀਲਾ ਤਾਰਾ ਕਾਰਨ ਲੰਮਾ ਸਮਾਂ ਸਿਨੇਮਾ ਘਰ ਬੰਦ ਰਹੇ ਤੇ ਫਿਲਮ ਰਿਲੀਜ ਨਾ ਹੋ ਸਕੀ| ਸੰਨ 1992 ਵਿਚ ਫਿਲਮ ‘ਯਾਰ ਯਾਰਾਂ ਦੇ’ ਦੇ ਨਾਂ ਨਾਲ ਰਿਲੀਜ ਹੋਈ ਤੇ ਆਪਣੇ ਗੀਤਾਂ ਕਾਰਨ ਹਿੱਟ ਰਹੀ| ਸ਼ਤੀਸ਼ ਕੌਲ, ਰਜਾ ਮੁਰਾਦ, ਭਾਵਨਾ ਭੱਟ, ਸੀਮਾ ਕਪੂਰ ਅਤੇ ਮਿਹਰ ਮਿੱਤਲ ਜਿਹੇ ਸਿਤਾਰਿਆਂ ਨਾਲ ਸਜੀ ਇਸ ਫਿਲਮ ਦੀ ਵੀਡੀਓ ਮਸ਼ਹੂਰ ਕੰਪਣੀ ‘ਪਾਲਕੋ’ ਨੇ ਰਿਲੀਜ ਕੀਤੀ ਸੀ|
ਬੀਤੇ ਵਰ੍ਹੇ ਡੀæਡੀæ ਪੰਜਾਬੀ ਨੇ ‘ਸੁਰਾਂ ਦਾ ਸ਼ਹਿਨਸ਼ਾਹ ਮੁਹੰਮਦ ਰਫੀ’ ਨਾਮਕ ਡਾਕੂਮੈਂਟਰੀ ਵਿਚ ਮੇਰੀ ਰਫੀ ਸਾਹਿਬ ਨਾਲ ਮੁਲਾਕਾਤ ਦੀ ਯਾਦ ਰਿਕਾਰਡ ਕੀਤੀ ਤੇ ਕਈ ਵਾਰ ਡੀæਡੀæ ਪੰਜਾਬੀ ਤੇ ਚਲਾਈ ਗਈ| ਰਫੀ ਸਾਹਿਬ ਨਾਲ ਬਿਤਾਏ ਪਲ ਅੱਜ ਵੀ ਯਾਦ ਕਰਕੇ ਉਨ੍ਹਾਂ ਦੇ ਸਤਿਕਾਰ ਵਿਚ ਸਿਰ ਝੁਕ ਜਾਂਦਾ ਹੈ|