ਕੁੜੀਆਂ ਕਹਿਣ ਕਹਾਣੀਆਂ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਧੀਆਂ ਦੇ ਅਰਮਾਨਾਂ ਨੂੰ ਪੈਰਾਂ ਥੱਲੇ ਕੁਚਲ ਕੇ ਪੁੱਤਾਂ ਨੂੰ ਵਿਦੇਸ਼ਾਂ ਦੇ ਪੱਕੇ ਵਸਨੀਕ ਬਣਾਉਣ ਦੀ ਪਿਰਤ ਕੋਈ ਨਵੀਂ ਨਹੀਂ। ਇੰਗਲੈਂਡ ਦੇ ਕਿਸੇ ਵੱਡੀ ਉਮਰ ਦੇ ਅਮੀਰ ਲਾੜੇ ਨੂੰ, ਆਪਣੀ ਫੁੱਲਾਂ ਵਰਗੀ ਧੀ ਦੀ ਡੋਲੀ ਦੇਣੀ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ। ਜੇ ਧੀ ਮਾਪਿਆਂ ਦੇ ਫੈਸਲੇ ਤੋਂ ਬਾਗੀ ਸੁਰ ਵਿਚ ਬੋਲੇ ਤਾਂ ਬਾਪ ਆਪਣਾ ਆਖਰੀ ਹਥਿਆਰ ਧੀ ਦੇ ਪੈਰਾਂ ਵਿਚ ਆਪਣੀ ਪੱਗ ਰੱਖ ਕੇ ਵਰਤ ਲੈਂਦਾ ਹੈ।

ਬਾਬਲ ਦੀ ਪੱਗ ਦੀ ਲਾਜ ਬਚਾਉਣ ਲਈ ਧੀ ਜ਼ਹਿਰ ਨੂੰ ਅੰਮ੍ਰਿਤ ਸਮਝ ਕੇ ਪੀ ਜਾਂਦੀ ਹੈ। ਕੁਝ ਇਸੇ ਤਰ੍ਹਾਂ ਦੀ ਕਹਾਣੀ ਹੈ ਮਨਦੀਪ ਕੌਰ ਦੀ।
ਮਨਦੀਪ ਦਰਮਿਆਨੇ ਕਿਸਾਨ ਦੀ ਧੀ ਸੀ। ਦੋ ਭਰਾਵਾਂ ਦੀ ਵੱਡੀ ਭੈਣ। ਰਿਸ਼ਤੇਦਾਰੀ ਵਿਚੋਂ ਕੋਈ ਵੀ ਬਾਹਰਲੇ ਮੁਲਕ ਵਿਚ ਨਹੀਂ ਸੀ, ਨਾ ਕਿਸੇ ਨੇ ਬਾਹਰਲੇ ਮੁਲਕ ਦਾ ਕੋਈ ਸੁਪਨਾ ਦੇਖਿਆ ਸੀ। ਮਨਦੀਪ ਬੀæਏæ ਦੇ ਦੂਜੇ ਸਾਲ ਵਿਚ ਪੜ੍ਹਦੀ ਸੀ। ਪੜ੍ਹ ਲਿਖ ਕੇ ਚੰਗੀ ਨੌਕਰੀ ‘ਤੇ ਲੱਗਣਾ ਚਾਹੁੰਦੀ ਸੀ ਤੇ ਆਪਣੇ ਭਰਾਵਾਂ ਨੂੰ ਪੜ੍ਹਾਉਣਾ ਚਾਹੁੰਦੀ ਸੀ। ਮਨਦੀਪ ਦਾ ਬਾਪ ਨਾਜਰ ਟੁੱਟੀਆਂ-ਭੱਜੀਆਂ ਲੱਤਾਂ-ਬਾਹਾਂ ਬੰਨ੍ਹ ਲੈਂਦਾ ਸੀ। ਮਾਸ ਪਾਟੇ ਜਾਂ ਗੋਡੇ-ਗਿੱਟੇ ਦੇ ਹੱਡ ਹਿੱਲੇ ਦਾ ਉਹ ਵਧੀਆ ਦੇਸੀ ਡਾਕਟਰ ਸੀ। ਕਿਸੇ ਸਾਧੂ ਫਕੀਰ ਤੋਂ ਸਿੱਖੇ ਇਸ ਗੁਣ ਦੀ ਕਮਾਈ ਉਹ ਘਰ ਨਹੀਂ ਵਰਤਦਾ ਸੀ, ਨਾ ਕਿਸੇ ਤੋਂ ਉਹ ਕੋਈ ਪੈਸਾ ਮੰਗਦਾ ਸੀ। ਜਦੋਂ ਮਰੀਜ਼ ਠੀਕ ਹੋ ਜਾਂਦਾ ਤਾਂ ਆਪਣੀ ਸ਼ਰਧਾ ਮੁਤਾਬਕ ਜੋ ਦਿੰਦਾ, ਫੜ ਲੈਂਦਾ। ਫਿਰ ਇਨ੍ਹਾਂ ਪੈਸਿਆਂ ਨਾਲ ਕੋਈ ਪੁੰਨ ਦਾ ਕਾਰਜ ਕਰ ਦਿੰਦਾ। ਕਈ ਵਾਰ ਉਹ ਖੇਤ ਹੁੰਦਾ ਤਾਂ ਨਾਜਰ ਦੀ ਘਰਵਾਲੀ ਖੇਤ ਦਾ ਰਾਹ ਦੱਸ ਦਿੰਦੀ। ਉਹ ਹੱਥਲਾ ਕੰਮ ਛੱਡ ਕੇ ਵੀ ਅਗਲੇ ਦੀ ਤਕਲੀਫ਼ ਸੁਣਦਾ। ਨਾਜ਼ਰ ਦਾ ਨਾਂ ਇਲਾਕੇ ਵਿਚ ਮਸ਼ਹੂਰ ਸੀ।
ਇਕ ਦਿਨ ਦੋ ਮੁੰਡੇ ਆਪਣੀ ਮਾਂ ਦਾ ਗਿੱਟਾ ਦਿਖਾਉਣ ਆਏ। ਗਿੱਟਾ ਬੰਨ੍ਹਣ ਸਮੇਂ ਗੱਲਾਂ ਚੱਲ ਪਈਆਂ। ਉਸ ਔਰਤ ਦੀ ਨਜ਼ਰ ਮਨਦੀਪ ਉਤੇ ਪੈ ਗਈ ਤੇ ਉਹ ਝੱਟ ਬੋਲੀ, “ਨਾਜਰ ਸਿਆਂ! ਧੀ ਤਾਂ ਮੁਟਿਆਰ ਹੈ। ਕਿਤੇ ਪੱਕ-ਠੱਕ ਕੀਤਾ ਹੈ ਜਾਂ ਨਹੀਂ।”
“ਨਹੀਂ ਭੈਣ ਜੀ, ਅਜੇ ਤਾਂ ਪੜ੍ਹਦੀ ਆ ਚੌਦਮੀਂ ਵਿਚ।” ਨਾਜਰ ਨੇ ਪੱਟੀ ਦਾ ਆਖਰੀ ਲੜ ਬੰਨ੍ਹਦਿਆਂ ਕਿਹਾ।
“ਮੇਰਾ ਭਤੀਜਾ ਅਮਰੀਕਾ ਤੋਂ ਵਿਆਹ ਕਰਵਾਉਣ ਆਇਐ। ਇਕੱਲੀ ਕੁੜੀ ਚਾਹੀਦੀ ਹੈ ਤਿੰਨ ਕੱਪੜਿਆਂ ਵਿਚ, ਹੋਰ ਕੋਈ ਲੈਣਾ ਦੇਣਾ ਨਹੀਂ।” ਔਰਤ ਨੇ ਕਿਹਾ।
“ਕੋਈ ਨਾ ਭੈਣੇ, ਸਲਾਹ ਕਰ ਕੇ ਦੱਸ ਦੇਵਾਂਗੇ।” ਨਾਜਰ ਨੇ ਕਿਹਾ।
ਮੁੰਡੇ ਨੇ ਪਿੰਡ ਦਾ ਪਤਾ ਲਿਖ ਕੇ ਨਾਜਰ ਨੂੰ ਫੜਾ ਦਿੱਤਾ। ਨਾਜਰ ਨੇ ਮਨਦੀਪ ਦੀ ਮਾਂ ਤਾਰੋ ਨੂੰ ਸੱਦ ਕੇ ਗੱਲ ਸਾਂਝੀ ਕੀਤੀ। ਤਾਰੋ ਕਹਿੰਦੀ, ਦੇਖ ਲਵੋ, ਦੇਖਣ ਵਿਚ ਤਾਂ ਕੋਈ ਹਰਜ ਨਹੀਂ, ਪਹਿਲਾਂ ਮਨਦੀਪ ਨੂੰ ਪੁੱਛ ਲਵੋ। ਤਾਰੋ ਨੇ ਮਨਦੀਪ ਨੂੰ ਆਵਾਜ਼ ਮਾਰੀ ਤੇ ਅਮਰੀਕਾ ਦੇ ਰਿਸ਼ਤੇ ਬਾਰੇ ਦੱਸਿਆ। ਮਨਦੀਪ ਦੇ ਚਿਹਰੇ ਉਤੇ ਕੋਈ ਚਮਕ ਨਾ ਆਈ, “ਮੈਂ ਤਾਂ ਅਜੇ ਪੜ੍ਹਨਾ ਹੈ, ਤੇ ਅਮਰੀਕਾ ਨਹੀਂ ਜਾਣਾ।” ਨਾਜ਼ਰ ਤਾਂ ਧੀ ਦੀ ਗੱਲ ਮੰਨ ਗਿਆ, ਪਰ ਤਾਰੋ ਕਹੇ, ਤੂੰ ਇੰਨੇ ਚੰਗੇ ਰਿਸ਼ਤੇ ਨੂੰ ਕਿਉਂ ਜਵਾਬ ਦਿੰਦੀ ਏਂ।
ਤਾਰੋ ਨੇ ਸਿਰਨਾਵੇਂ ਵਾਲਾ ਕਾਗਜ਼ ਫੜਿਆ ਤੇ ਮੂੰਹ ਉਤੇ ਚਾਰ ਕੁ ਛਿੱਟੇ ਮਾਰ ਕੇ ਪੇਕਿਆਂ ਨੂੰ ਜਾਣ ਲਈ ਮਿੰਨੀ ਬੱਸ ਵਿਚ ਬੈਠ ਗਈ। ਅਮਰੀਕਾ ਵਾਲੇ ਰਿਸ਼ਤੇ ਦੀ ਗੱਲ ਆਪਣੇ ਭਰਾ ਕਰਨੈਲ ਨੂੰ ਸੁਣਾਈ। ਉਸ ਨੇ ਕੋਸੇ ਪਾਣੀ ਨਾਲ ਮੂੰਹ-ਹੱਥ ਧੋਤਾ ਤੇ ਤਾਰੋ ਨਾਲ ਮਿੰਨੀ ਬੱਸ ਬੈਠ ਕੇ ਮਨਦੀਪ ਕੋਲ ਆ ਗਿਆ।
“ਹਾਂ ਕੁੜੀਏ! ਤੇਰਾ ਕੀ ਇਰਾਦਾ ਹੈ? ਵਿਆਹ ਕਰਵਾਉਣਾ ਕਿ ਨਹੀਂ? ਅਮਰੀਕਾ, ਕੈਨੇਡਾ ਦੇ ਰਿਸ਼ਤੇ ਬਗੈਰ ਪੈਸਿਆਂ ਤੋਂ ਨਹੀਂ ਲੱਭਦੇ। ਅਗਲੇ ਦਾਜ ਵਿਚ ਪੰਡ ਰੁਪਏ ਦੀ ਮੰਗਦੇ ਨੇ। ਉਹ ਆਪਾਂ ਨੂੰ ਦੱਸ ਪਾ ਕੇ ਗਏ ਨੇ, ਆਪਾਂ ਜਾ ਕੇ ਦੇਖ ਆਉਂਦੇ ਹਾਂ। ਜੇ ਚੰਗਾ ਲੱਗੂ, ਕਰ ਲਵਾਂਗੇ; ਜੇ ਨਾ ਲੱਗਿਆ ਤਾਂ ਪੜ੍ਹਦੀ ਜਾਈਂ।” ਮਾਮੇ ਨੇ ਇਕੋ ਸਾਹ ਸਭ ਕੁਝ ਕਹਿ ਦਿੱਤਾ।
“ਮਾਮਾ ਜੀ! ਮੈਂ ਅਜੇ ਵਿਆਹ ਨਹੀਂ ਕਰਵਾਉਣਾ। ਪੜ੍ਹ ਲਿਖ ਕੇ ਕੁਝ ਬਣਨਾ ਹੈ। ਤੁਸੀਂ ਮੈਨੂੰ ਕਿਉਂ ਘਰੋਂ ਕੱਢਣ ਲਈ ਕਾਹਲੇ ਹੋ।” ਮਨਦੀਪ ਨੇ ਰੋਂਦਿਆਂ ਕਿਹਾ।
ਸ਼ਾਮ ਨੂੰ ਮਾਮੇ ਨੇ ਨਾਜਰ ਨੂੰ ਵੀ ਦੋ ਪੈਗ ਲੁਆ ਦਿੱਤੇ। ਹੁਣ ਇਕ ਪਾਸੇ ਤਿੰਨ ਜਣੇ ਹੋ ਗਏ ਤੇ ਦੂਜੇ ਪਾਸੇ ਇਕੱਲੀ ਮਨਦੀਪ। ਉਸ ਨੇ ਫਿਰ ਕਸਾਈਆਂ ਅੱਗੇ ਆਪਣੀ ਧੌਣ ਕਰ ਦਿੱਤੀ। ਅਗਲੇ ਦਿਨ ਮੁੰਡਾ ਦੇਖਿਆ। ਮਾਮੇ ਨੂੰ ਮੁੰਡੇ ਦੀ ਉਮਰ ਤਾਂ ਜ਼ਿਆਦਾ ਲੱਗੀ, ਪਰ ਆਪਣੇ ਭਾਣਜਿਆਂ ਦੀ ਜ਼ਿੰਦਗੀ ਸੰਵਰਦੀ ਵੀ ਦਿਸੀ। ਮਾਮੇ ਤੋਂ ਵੱਧ ਕਾਹਲ ਮੁੰਡੇ ਵਾਲਿਆਂ ਨੇ ਦਿਖਾਈ। ਮਨਦੀਪ ਨੂੰ ਦੇਖ ਕੇ ਸ਼ਗਨ ਪਾ ਦਿੱਤਾ ਤੇ ਦਸ ਦਿਨਾਂ ਬਾਅਦ ਵਿਆਹ ਧਰ ਦਿੱਤਾ। ਉਡਦੀ ਕੂੰਜ ਨੂੰ ਅਮਰੀਕਾ ਵਾਲਿਆਂ ਆਪਣੇ ਪਿੰਜਰੇ ਵਿਚ ਬੰਦ ਕਰ ਦਿੱਤਾ।
ਮਨਦੀਪ ਰੋਂਦੀ-ਕੁਰਲਾਉਂਦੀ ਡੋਲੀ ਬੈਠ ਗਈ। ਸ਼ਰੀਕਾ ਹੈਰਾਨ ਵੀ ਹੋਇਆ ਤੇ ਖੁਸ਼ ਵੀ। ਮਨਦੀਪ ਦਾ ਭਵਿੱਖ ਤਾਂ ਅਜੇ ਗਰਭ ਵਿਚ ਸੀ, ਕਿ ਇਹ ਸੁੱਖਾਂ ਭਰਿਆ ਹੋਊ, ਜਾਂ ਜ਼ਿੰਦਗੀ ਨਰਕ ਤੋਂ ਭੈੜੀ ਹੋ ਜਾਵੇਗੀ? ਇੰਨੀ ਜਲਦੀ ਦੇ ਵਿਆਹ ਕਈ ਵਾਰ ਸਿਰੇ ਨਹੀਂ ਲੱਗਦੇ!
ਅਮਰੀਕਾ ਵਾਲਿਆਂ ਨੇ ਮਨਦੀਪ ਲਈ ਵਧੀਆ ਵਰੀ ਤੇ ਗਹਿਣੇ ਬਣਵਾਏ, ਪਰ ਉਹ ਚਾਵਾਂ ਦੇ ਦਿਨਾਂ ਵਿਚ ਵੀ ਉਦਾਸ ਸੀ; ਜਿਵੇਂ ਕੋਈ ਨਦੀ ਦੇ ਕਿਨਾਰੇ ਬੈਠਾ ਵੀ ਪਿਆਸਾ ਹੋਵੇ। ਉਸ ਦੇ ਚਾਅ ਤੇ ਅਰਮਾਨ ਤਾਂ ਕਦੋਂ ਦੇ ਭੱਠੀ ਵਿਚ ਸੜ ਗਏ ਸਨ। ਅਮਰੀਕਾ ਵਾਲਾ ਗੈਰੀ ਤਾਂ ਦੋ ਮਹੀਨੇ ਰਹਿ ਕੇ ਵਾਪਸ ਮੁੜ ਗਿਆ। ਇਨ੍ਹਾਂ ਦਿਨਾਂ ਵਿਚ ਹੀ ਮਨਦੀਪ ਗਰਭਵਤੀ ਹੋ ਗਈ। ਗੈਰੀ ਕੋਲ ਗਰੀਨ ਕਾਰਡ ਸੀ। ਉਨ੍ਹਾਂ ਦਿਨਾਂ ਵਿਚ ਪਤਨੀ ਨੂੰ ਅਮਰੀਕਾ ਆਉਂਦਿਆਂ ਚਾਰ ਸਾਲ ਲੱਗ ਜਾਂਦੇ ਸਨ। ਵਿਆਹ ਨੂੰ ਸਾਲ ਵੀ ਨਹੀਂ ਸੀ ਹੋਇਆ ਕਿ ਮਨਦੀਪ ਨੇ ਧੀ ਨੂੰ ਜਨਮ ਦਿੱਤਾ। ਗੈਰੀ ਨੇ ਇਕ-ਦੋ ਵਾਰ ਕਾਲ ਕੀਤੀ ਤੇ ਫਿਰ ਆਪਣੇ ਕੰਮੀਂ ਲੱਗ ਗਿਆ। ਟਿੱਬਿਆਂ ਦੀ ਰੇਤ ਵਾਂਗ ਮਨਦੀਪ ਦਾ ਹੁਸਨ ਉਡ ਗਿਆ। ਮਾਂ ਨੇ ਅੱਗੇ ਪੜ੍ਹਨ ਲਈ ਕਿਹਾ, ਮਨਦੀਪ ਨੇ ਕਿਹਾ ਕਿ ਹੁਣ ਮਾਂ ਕਿਹੜੀਆਂ ਪੜ੍ਹਾਈਆਂ ਕਰਨੀਆਂ ਨੇ, ਤੁਸੀਂ ਤਾਂ ਪਹਿਲੀਆਂ ਪੜ੍ਹਾਈਆਂ ਦਾ ਚੰਗਾ ਮੁੱਲ ਮੋੜ ਦਿੱਤਾ! ਚਾਰ ਸਾਲਾਂ ਵਿਚ ਗੈਰੀ ਇਕ ਵਾਰ ਇੰਡੀਆ ਗਿਆ। ਫਿਰ ਮਨਦੀਪ ਅਮਰੀਕਾ ਆ ਗਈ। ਘਰ ਵਿਚ ਦਸ ਸਾਲ ਦੀ ਫਿਰਦੀ ਕੁੜੀ ਬਾਰੇ ਪੁੱਛਿਆ, ਗੈਰੀ ਨੇ ਕਿਹਾ ਕਿ ਸਮਾਂ ਆਉਣ ‘ਤੇ ਸਭ ਕੁਝ ਦੱਸ ਦੇਵਾਂਗੇ। ਜਦ ਉਸ ਕੁੜੀ ਨੇ ਗੈਰੀ ਨੂੰ ਡੈਡੀ ਬੁਲਾਇਆ ਤਾਂ ਮਨਦੀਪ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਨੂੰ ਸਮਝ ਨਾ ਆਵੇ ਕਿ ਉਹ ਕੀ ਕਰੇ।
“ਤੁਹਾਡਾ ਪਹਿਲਾਂ ਵੀ ਵਿਆਹ ਹੋਇਐ?” ਮਨਦੀਪ ਨੇ ਮਸਾਂ ਇਹ ਸ਼ਬਦ ਜ਼ਬਾਨੋਂ ਕੱਢੇ। ਹੋਰ ਕੋਈ ਟਿਕਾਣਾ ਨਾ ਹੋਣ ਕਰ ਕੇ ਮਨਦੀਪ ਨੇ ਫਿਰ ਜ਼ਹਿਰ ਦਾ ਘੁੱਟ ਭਰ ਲਿਆ। ਸ਼ਾਮ ਨੂੰ ਗੈਰੀ ਸ਼ਰਾਬ ਨਾਲ ਡੱਕ ਕੇ ਸੌਂ ਗਿਆ। ਮਨਦੀਪ ਆਪਣੀ ਧੀ ਨੂੰ ਬੁੱਕਲ ਵਿਚ ਲੈ ਕੇ ਕਰਮਾਂ ਨੂੰ ਰੋਣ ਲੱਗੀ। ਸਾਰੀ ਰਾਤ ਬੈਠ ਕੇ ਲੰਘਾਈ, ਤੜਕੇ ਜਾ ਕੇ ਮਾੜੀ ਜਿਹੀ ਅੱਖ ਲੱਗੀ। ਇਕ ਸੁਪਨਾ ਆਇਆ ਜਿਸ ਵਿਚ ਗਾਂ ਤੇ ਉਸ ਦੀ ਵੱਛੀ ਨੂੰ ਗਿੱਦੜ ਨੇ ਘੇਰ ਲਿਆ ਸੀ। ਗਿੱਦੜ ਨੇ ਵੱਛੀ ਨੂੰ ਫੜਨਾ ਚਾਹਿਆ ਪਰ ਗਾਂ ਨੇ ਆਪਣੀ ਹਿੰਮਤ ਨਾਲ ਗਿੱਦੜ ਦੀਆਂ ਪਦੀੜਾਂ ਪੁਆ ਦਿੱਤੀਆਂ। ਸਵੇਰੇ ਗੈਰੀ ਨੇ ਉਠਦਿਆਂ ਕਿਹਾ ਕਿ ਜੇ ਤੂੰ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ, ਤਾਂ ਕੁੜੀ ਮੈਨੂੰ ਦੇ ਦੇ, ਤੇ ਤੂੰ ਆਪਣਾ ਟਿਕਾਣਾ ਲੱਭ ਲੈ। ਮਨਦੀਪ ਕੁਝ ਨਾ ਬੋਲੀ। ਗੈਰੀ ਨੇ ਹੀ ਇੰਡੀਆ ਫੋਨ ਕਰ ਕੇ ਦੱਸ ਦਿੱਤਾ ਕਿ ਮਨਦੀਪ ਅਮਰੀਕਾ ਪਹੁੰਚ ਗਈ ਹੈ। ਮਾਪਿਆਂ ਤੋਂ ਚਾਅ ਚੁੱਕ ਨਹੀਂ ਸੀ ਹੁੰਦਾ, ਪਰ ਧੀ ਨੂੰ ਇਕ ਪਾਸੇ ਪਹਾੜ ਤੇ ਦੂਜੇ ਪਾਸੇ ਖਾਈ ਦਿਸ ਰਹੀ ਸੀ।
ਗੈਰੀ ਦੀ ਰੋਜ਼ ਦੀ ਸ਼ਰਾਬ ਤੇ ਫਿਰ ਮਨਦੀਪ ਦੀ ਮਾਰ-ਕੁਟਾਈ ਆਮ ਜਿਹੀ ਗੱਲ ਹੋ ਗਈ। ਫਿਰ ਕਦੇ ਕਦੇ ਗੈਰੀ ਦੀ ਪਹਿਲੀ ਪਤਨੀ ਵੀ ਆ ਜਾਂਦੀ। ਉਸ ਦੀ ਕਹਾਣੀ ਵੀ ਮਨਦੀਪ ਵਰਗੀ ਸੀ, ਪਰ ਉਨ੍ਹਾਂ ਦਾ ਵਿਆਹ ਇਥੇ ਹੀ ਹੋਇਆ ਸੀ। ਗੈਰੀ ਦੀ ਸ਼ਰਾਬ ਤੇ ਮਾਰ-ਕੁਟਾਈ ਦੇ ਦੁੱਖੋਂ ਹੀ ਉਸ ਨੇ ਤਲਾਕ ਲਿਆ ਸੀ। ਧੀ ਗੈਰੀ ਨੇ ਰੱਖ ਲਈ ਤੇ ਉਹ ਕਦੇ ਕਦੇ ਆਪਣੀ ਧੀ ਨੂੰ ਮਿਲਣ ਆ ਜਾਂਦੀ ਸੀ। ਥੋੜ੍ਹਾ ਸਮਾਂ ਹੋਰ ਬੀਤਿਆ, ਮਨਦੀਪ ਬਾਹਰ ਨਿਕਲੀ ਤਾਂ ਕਿਸੇ ਨੇ ਕੰਨੀਂ ਫੂਕ ਮਾਰੀ ਕਿ ਗਰੀਨ ਕਾਰਡ ਲੈ ਕੇ ਤਲਾਕ ਲੈ ਲਈਂ।
ਫਿਰ ਇਕ ਦਿਨ ਗੈਰੀ ਦਾ ਕਾਰ ਐਕਸੀਡੈਂਟ ਹੋ ਗਿਆ ਤੇ ਦੋਵੇਂ ਲੱਤਾਂ ਟੁੱਟ ਗਈਆਂ। ਉਹ ਘਰ ਬੈਠ ਗਿਆ ਤੇ ਮਨਦੀਪ ਨੂੰ ਕੰਮ ਕਰਨਾ ਪਿਆ। ਉਹ ਰੋਜ਼ ਬਾਰਾਂ ਘੰਟੇ ਕੰਮ ਕਰਦੀ, ਘਰ ਤੇ ਗੈਰੀ ਦਾ ਖਿਆਲ ਵੀ ਰੱਖਦੀ। ਉਹ ਭੁੱਲ ਗਈ ਸੀ ਕਿ ਪਿੱਛੇ ਉਸ ਦੇ ਮਾਪੇ ਵੀ ਹਨ। ਮਾਪੇ ਕਹਿੰਦੇ, ਕੁੜੀ ਅਮਰੀਕਾ ਜਾ ਕੇ ਪਰਾਈ ਹੋ ਗਈ ਹੈ।
ਇਕ ਸਾਲ ਵਿਚ ਮਨਦੀਪ ਬਹੁਤ ਕੁਝ ਸਿੱਖ ਗਈ। ਗੈਰੀ ਨੇ ਠੀਕ ਹੁੰਦਿਆਂ ਹੀ ਮਨਦੀਪ ਦੀ ਕੀਤੀ ਸੇਵਾ ਖੂਹ ਵਿਚ ਪਾ ਦਿੱਤੀ। ਫਿਰ ਉਹੀ ਕੁਝ ਹੋਣ ਲੱਗ ਗਿਆ। ਗੈਰੀ ਮਨਦੀਪ ਨੂੰ ਗਾਲ਼ਾਂ ਕੱਢਦਾ ਕਿ ਤੂੰ ਮੈਨੂੰ ਪੁੱਤ ਕਿਉਂ ਨਹੀਂ ਦਿੰਦੀ। ਮਨਦੀਪ ਨੇ ਸਬਰ ਦਾ ਘੁੱਟ ਭਰੀ ਰੱਖਿਆ। ਗਰੀਨ ਕਾਰਡ ਮਿਲਦਿਆਂ ਉਹ ਬਦਲਣ ਲੱਗ ਪਈ। ਫਿਰ ਬਹੁਤਾ ਸਮਾਂ ਤਲਾਕ ਲੈਣ ਨੂੰ ਨਾ ਲੱØਗਿਆ। ਮਨਦੀਪ ਨੇ ਆਪਣੀ ਧੀ ਨੂੰ ਨਾਲ ਹੀ ਰੱਖਿਆ। ਉਹ ਕਿਸੇ ਦੇ ਘਰ ਕਿਰਾਏ ‘ਤੇ ਰਹਿਣ ਲੱਗੀ।
ਆਪਣਾ ਕੰਮ ਕਰ ਕੇ ਵਧੀਆ ਗੁਜ਼ਾਰਾ ਕਰਨ ਲੱਗੀ। ਫਿਰ ਉਹ ਇਕ ਦਿਨ ਆਪਣੇ ਕਿਸੇ ਪੇਪਰ ਲਈ ਵਕੀਲ ਦੇ ਦਫਤਰ ਗਈ। ਉਥੇ ਉਸ ਦੀ ਮੁਲਾਕਾਤ ਉਸ ਦੇ ਪਿੰਡ ਵੱਲ ਦੇ ਮੁੰਡੇ ਨਾਲ ਹੋਈ ਜੋ ਗਰੀਨ ਕਾਰਡ ਲਈ ਪਿਛਲੇ ਦਸ ਸਾਲਾਂ ਤੋਂ ਕੋਰਟਾਂ-ਕਚਹਿਰੀਆਂ ਦੇ ਗੇੜੇ ਕੱਢ ਰਿਹਾ ਸੀ। ਹੌਲੀ ਹੌਲੀ ਮਨਦੀਪ ਉਸ ਮੁੰਡੇ ਬੌਬੀ ਦੇ ਨੇੜੇ ਹੋਣ ਲੱਗੀ। ਫਿਰ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ।
ਮਨਦੀਪ ਨੇ ਆਪਣੀ ਸਾਰੀ ਵਿਥਿਆ ਬੌਬੀ ਨੂੰ ਸੱਚ ਸੱਚ ਸੁਣਾ ਦਿੱਤੀ। ਬੌਬੀ ਵੀ ਉਮਰੋਂ ਲੰਘਦਾ ਜਾਂਦਾ ਸੀ। ਉਸ ਨੇ ਸੋਚਿਆ, ਘਰ ਵੱਸਦਾ ਹੈ, ਹੋਰ ਕੀ ਲੈਣਾ ਹੈ! ਦੋਵਾਂ ਨੇ ਦਸ ਬੰਦੇ ਸੱਦ ਕੇ ਗੁਰਦੁਆਰੇ ਵਿਆਹ ਕਰਵਾ ਲਿਆ। ਫਿਰ ਵਿਆਹ ਦੇ ਕਾਗਜ਼ ਭਰ ਦਿੱਤੇ। ਬੌਬੀ ਮਿਹਨਤੀ ਮੁੰਡਾ ਸੀ। ਉਸ ਨੇ ਡਾਲਰ ਜੋੜ ਕੇ ਰੱਖੇ ਹੋਏ ਸਨ। ਵਿਆਹ ਤੋਂ ਬਾਅਦ ਹੀ ਉਸ ਨੇ ਘਰ ਖਰੀਦ ਲਿਆ। ਮਨਦੀਪ ਦੇ ਮੁੱਖ ਤੋਂ ਉਡੀ ਲਾਲੀ ਵਾਪਸ ਆਉਣ ਲੱਗੀ। ਨਸ਼ਿਆਂ ਤੋਂ ਰਹਿਤ ਬੌਬੀ ਉਸ ਦੇ ਸੁਪਨਿਆਂ ਦਾ ਰਾਜ ਕੁਮਾਰ ਬਣ ਕੇ ਆਇਆ। ਸਾਲ ਬਾਅਦ ਹੀ ਮਨਦੀਪ ਨੇ ਪੁੱਤਰ ਨੂੰ ਜਨਮ ਦਿੱਤਾ। ਮਨਦੀਪ ਦਾ ਵਿਹੜਾ ਖੁਸ਼ੀਆਂ ਨਾਲ ਭਰ ਗਿਆ। ਮੰਜ਼ਲਾਂ ਤੋਂ ਭਟਕੇ ਦੋ ਰਾਹੀ ਸਹੀ ਰਾਹ ‘ਤੇ ਮਿਲ ਪਏ ਤੇ ਦੁਨਿਆਵੀ ਯਾਤਰਾ ਵੱਲ ਆਪਣੀ ਗ੍ਰਹਿਸਥੀ ਗੱਡੀ ਤੋਰ ਲਈ। ਮਨਦੀਪ ਨੇ ਮੁੜ ਪਿੰਡ ਵੱਲ ਮੂੰਹ ਨਹੀਂ ਕੀਤਾ। ਮਾਪਿਆਂ ਨੇ ਸ਼ਾਇਦ ਮਨਦੀਪ ਦਾ ਚੰਗਾ ਸੋਚਿਆ ਹੋਵੇ ਪਰ ਮਨਦੀਪ ਨੂੰ ਅੱਜ ਤੱਕ ਲੱਗਦਾ ਹੈ ਕਿ ਕਈ ਵਾਰ ਮਾਪੇ ਧੀਆਂ ਨਾਲ ਧੱਕਾ ਕਰ ਜਾਂਦੇ ਹਨ। ਧੀਆਂ ਨੂੰ ਦੁੱਖ ਮਾਪਿਆ ਵੱਲੋਂ ਹੀ ਸਹੇੜੇ ਜਾਂਦੇ ਹਨ। ਜੇ ਧੀ ਦੀ ਰਾਏ ਲਈ ਜਾਵੇ ਤਾਂ ਮਾੜੀ ਗੱਲ ਨਹੀਂ। ਮਨਦੀਪ ਦੇ ਭਰਾ ਵਿਦੇਸ਼ ਤਾਂ ਵਸੇ ਨਹੀਂ, ਪਰ ਪਿੰਡ ਵੀ ਉਹ ਮਾੜੇ ਨਹੀਂ ਰਹੇ।
ਕਿਸੇ ਦੇ ਅਰਮਾਨਾਂ ਦੀ ਸੰਘੀ ਘੁੱਟਦਿਆਂ ਉਸ ਦੀ ਆਖਰੀ ਖਵਾਹਿਸ਼ ਪੁੱਛ ਲੈਣੀ ਚਾਹੀਦੀ ਹੈ। ਨਹੀਂ ਤਾਂ ਮਨਦੀਪ ਵਾਂਗ ਜ਼ਿੰਦਗੀ ਦਾ ਇਕ ਦਹਾਕਾ ਦੁੱਖਾਂ ਤਕਲੀਫ਼ਾਂ ਵਿਚ ਹੀ ਲੰਘਾਉਣਾ ਪੈਂਦਾ ਹੈ। ਰੱਬ ਰਾਖਾæææ।