ਗੁਲਜ਼ਾਰ ਸਿੰਘ ਸੰਧੂ
ਮਿਜ਼ਾਈਲ ਮੈਨ, ਭਾਰਤ ਰਤਨ ਦੇ ਜਨਤਾ ਦੇ ਰਾਸ਼ਟਰਪਤੀ ਵਜੋਂ ਜਾਣੇ ਜਾਂਦੇ ਏæਪੀæਜੇæ ਅਬਦੁਲ ਕਲਾਮ ਦਾ 84 ਵਰ੍ਹੇ ਦਾ ਪ੍ਰਭਾਵਸ਼ਾਲੀ ਤੇ ਸਫਲ ਜੀਵਨ ਜੀਊ ਕੇ ਤੁਰ ਜਾਣਾ ਅਣਹੋਣੀ ਘਟਨਾ ਜਾਪਦਾ ਹੈ। ਖ਼ਾਸ ਕਰਕੇ ਇਸ ਲਈ ਕਿ ਉਸ ਦਾ ਵੱਡਾ ਭਰਾ ਮੁਹੰਮਦ ਮਾਰੀਕੇਰ 99 ਸਾਲ ਦੀ ਲੰਮੀ ਆਯੂ ਦੇ ਬਾਵਜੂਦ ਜੀਵਤ ਹੈ।
ਕਲਾਮ ਦੀ ਵਿਗਿਆਨਕ ਤੇ ਖੋਜੀ ਰੁਚੀ ਉਸ ਨੂੰ ਸਾਰੇ ਰਾਸ਼ਟਰਪਤੀਆਂ ਨਾਲੋਂ ਵਿਲੱਖਣ ਬਣਾਉਂਦੀ ਹੈ। ਵੱਡੀ ਗੱਲ ਇਹ ਕਿ ਉਸ ਦੀ ਸਮੁੱਚੀ ਵਿਦਿਆ ਭਾਰਤ ਦੇ ਸਕੂਲਾਂ, ਕਾਲਜਾਂ ਤੇ ਵਿਸ਼ਵ ਵਿਦਿਆਲਿਆਂ ਤੋਂ ਲਈ ਹੋਈ ਸੀ। ਮਿਜ਼ਾਈਲ ਦੀ ਕਾਢ ਤੇ ਪ੍ਰਾਪਤੀ ਉਸ ਦੀ ਅਣਥੱਕ ਲਗਨ ਤੇ ਵਿਗਿਆਨਕ ਦ੍ਰਿਸ਼ਟੀ ਦੀ ਉਪਜ ਹੈ। ਭਾਰਤ ਦਾ ਇਹ ਸੱਚਾ ਸਪੂਤ ਅੰਤਮ ਸੁਆਸ ਤਿਆਗਣ ਤੱਕ ਕਰਮਸ਼ੀਲ ਰਿਹਾ। 84 ਵਰ੍ਹੇ ਨੂੰ ਢੁਕਿਆ ਇਹ ਹੀਰਾ ਵਿਅਕਤੀ ਅੰਤਮ ਸਵਾਸ ਲੈਂਦੇ ਸਮੇਂ ਅਪਣੇ ਦੇਸ਼ ਦੇ ਪੂਰਬੀ ਸ਼ਹਿਰ ਸ਼ਿਲਾਂਗ ਦੀ ਇੰਡੀਅਨ ਇੰਸਟੀਚਿਊਟ ਆਫ ਬਿਜਨਸ ਮੈਨੇਜਮੈਂਟ ਵਿਚ ਭਾਸ਼ਨ ਦੇ ਰਿਹਾ ਸੀ। ਜਿਹੜੇ ਲੋਕ ਉਸ ਨੂੰ ਐਨ ਨੇੜਿਓਂ ਜਾਣਦੇ ਹਨ ਉਹ ਦਸਦੇ ਹਨ ਕਿ ਉਸ ਦੇ ਤਨ ਮਨ ਵਿਚ ਸਾਦਗੀ ਤੇ ਪ੍ਰਤਿਭਾ ਇਕ ਦੂਜੇ ਨਾਲ ਕਦਮ ਮਿਲਾ ਕੇ ਚਲਦੀਆਂ ਸਨ। ਭਾਰਤੀ ਵਿਦਿਅਕ ਪ੍ਰਣਾਲੀ ਨੂੰ ਸਭ ਤੋਂ ਉਤਮ ਕਹਿਣ ਵਾਲੀ ਇਹ ਹਸਤੀ ਆਪਣੇ ਆਪ ਨੂੰ ਮੇਡ ਇਨ ਇੰਡੀਆ ਕਹਿੰਦੀ ਸੀ। ਉਸ ਦੀ ਮਿਜ਼ਾਈਲ ਵਾਲੀ ਕਾਢ ਤੇ ਪ੍ਰਾਪਤੀ ਉਸ ਦੀ ਮੇਡ ਇਨ ਇੰਡੀਆ ਪ੍ਰਤਿਭਾ ਦੀ ਸਿਖਰ ਸੀ। ਪ੍ਰੈਜ਼ੀਡੈਂਟ ਅਬਦੁਲ ਕਲਾਮ ਨੂੰ ਸਾਡਾ ਸਦੀਵੀ ਸਲਾਮ!
ਡਾæ ਹਮਦਰਦ ਦੀ ਛੇਵੀਂ ਐਲਬਮ Ḕਮੇਰੀ ਪਸੰਦḔ: ਮੈਨੂੰ ਡਾæ ਬਰਜਿੰਦਰ ਸਿੰਘ ਹਮਦਰਦ ਦੀ ਛੇਵੀਂ ਐਲਬਮ ‘ਮੇਰੀ ਪਸੰਦḔ ਦੇ ਜਾਰੀ ਹੋਣ ਦੀ ਉਚੇਚੀ ਖੁਸ਼ੀ ਹੈ। ਉਸ ਦੀ ਹਰ ਐਲਬਮ ਉਸ ਦੀ ਵਿਲੱਖਣ ਪੇਸ਼ਕਾਰੀ ਨੂੰ ਸਰੋਤਿਆਂ ਤੱਕ ਪਹੁੰਚਾਉਂਦੀ ਹੈ। ਉਸ ਦਾ ਇਹ ਗੁਣ ਉਸ ਦੇ ਅਜੀਤ ਸਮਾਚਾਰ ਪਤਰਕਾ ਸਮੂਹ ਦਾ ਮਾਲਕ ਹੋਣ ਤੋਂ ਵੀ ਪਹਿਲਾਂ ਉਸ ਦੇ ਅੰਦਰਲੇ ਮਨ ਵਿਚ ਹਾਜ਼ਰ ਨਾਜ਼ਰ ਸੀ। ਕਿੰਨਾ ਤੇ ਕਿਹੋ ਜਿਹਾ ਉਸ ਦੀਆਂ ਐਲਬਮਾਂ ਦੇ ਨਾਵਾਂ ਤੋਂ ਪ੍ਰਤੱਖ ਹੈ। ਜਜ਼ਬਾਤ, ਆਹਟ, ਸਿਜਦਾ, ਖੁਸ਼ਬੂ, ਸ਼ਰਧਾਂਜਲੀ ਤੇ ਮੇਰੀ ਪਸੰਦ। ਮੈਂ ਉਸ ਦੇ ਉਨ੍ਹਾਂ ਮਿੱਤਰਾਂ ਵਿਚੋਂ ਇਕ ਹਾਂ ਜਿਨ੍ਹਾਂ ਨੇ ਉਸ ਦੀਆਂ ਗਾਈਆਂ ਗਜ਼ਲਾਂ ਤੇ ਗੀਤ ਐਲਬਮਾਂ ਵਿਚ ਚੜ੍ਹਨ ਤੋਂ ਪਹਿਲਾਂ ਉਸ ਦੇ ਮੂੰਹੋਂ ਸੁਣੇ ਹੋਏ ਹਨ। ਧੁਨੀ, ਸਹਿਜ ਤੇ ਸਲੀਕਾ ਦੇ ਮੁਜੱਸਮੇ। ਉਹ ਨਿਦਾ ਫਾਜ਼ਲੀ ਵਰਗਿਆਂ ਦੀਆਂ ਆਮ ਗਜ਼ਲਾਂ ਨੂੰ ਵੀ ਉਸ ਟੀਸੀ ਉਤੇ ਲੈ ਜਾਂਦਾ ਹੈ ਜਿਸ ਨੂੰ ਕੇæ ਐਲ਼ ਸਹਿਗਲ ਯਾਦਗਾਰੀ ਹਾਲ ਹੀ ਸੁਖਾਂਦਾ ਹੈ। ਪ੍ਰਬੰਧਕਾਂ ਵਲੋਂ ਰਿਲੀਜ਼ ਸਮਾਗਮ ਵਾਸਤੇ ਇਸ ਹਾਲ ਦੀ ਚੋਣ ਸੋਨੇ ਉਤੇ ਸੁਹਾਗੇ ਦਾ ਕੰਮ ਕਰਦੀ ਹੈ।
ਮੈਂ ਬਰਜਿੰਦਰ ਹਮਦਰਦ ਦੀ ਪੇਸ਼ਕਾਰੀ ਨੂੰ ਸ਼ਿਵਕੁਮਾਰ ਬਟਾਲਵੀ ਦੇ ਹਾਣ ਦੀ ਮੰਨਦਾ ਹਾਂ। ਭਾਵੇਂ ਪ੍ਰਸਿੱਧ ਕਵੀ ਹਰਿਭਜਨ ਸਿੰਘ ਵੀ ਇਨ੍ਹਾਂ ਤੋਂ ਘੱਟ ਨਹੀਂ ਸੀ ਪਰ ਉਹ ਧੁਨੀ ਨਿਅੰਤਰਣ ਵਿਚ ਇਨ੍ਹਾਂ ਨੂੰ ਮਾਤ ਨਹੀਂ ਸੀ ਪਾਉਂਦਾ। ਜਿੱਥੋਂ ਤੱਕ ਭਾਸ਼ਨ ਦੀ ਅਦਾਇਗੀ ਦਾ ਸਬੰਧ ਹੈ ਉਸ ਦਾ ਕਿਸੇ ਪੱਖ ਤੋਂ ਕੋਈ ਸਾਨੀ ਨਹੀਂ ਸੀ।
ਤੁਸੀਂ ਹੈਰਾਨ ਨਾ ਹੋਣਾ ਜੇ ਮੈਂ ਦੱਸਾਂ ਕਿ ਮੈਨੂੰ ਬਰਜਿੰਦਰ ਹਮਦਰਦ ਦੀ ਉਹ ਵਾਲੀ ਪੇਸ਼ਕਾਰੀ ਸਭ ਤੋਂ ਉਤਮ ਲੱਗੀ ਹੈ ਜਿਹੜੀ ਉਸ ਦੇ ਮਨ ਦੀ ਸੱਚੀ ਤੇ ਸੁਚੀ ਭਾਵਨਾ ਨਾਲ ਅਪਣੇ ਪਿਤਾ ਦੀ ਰਚਨਾ ‘ਤੇਰੇ ਜਾਣ ਪਿੱਛੋਂḔ ਪਿਛੋਂ ਨਿੱਤਰ ਕੇ ਆਈ ਹੈ। ਇਸ ਦਾ ਸਬੰਧ ਪਿਤਾ ਦੇ ਉਸ ਵਿਗੋਚੇ ਨਾਲ ਹੈ ਜਿਹੜਾ ਬਰਜਿੰਦਰ ਹੁਰਾਂ ਦੀ ਮਾਤਾ ਦੇ ਤੁਰ ਜਾਣ ਪਿਛੋਂ ਉਨ੍ਹਾਂ ਦੇ ਮਨ ਉਤੇ ਭਾਰੀ ਸੀ। ਐਵੇਂ ਤਾਂ ਨਹੀਂ ਵਿਦਿਆ ਮੰਤਰੀ ਦਿਲਜੀਤ ਸਿੰਘ ਚੀਮਾ, ਉਪ ਕੁਲਪਤੀ ਜਸਪਾਲ ਸਿੰਘ ਤੇ ਪੁਡੂਚਰੀ ਦੇ ਸਾਬਕਾ ਲੈਫਟੀਨੈਂਟ ਗਵਰਨਰ ਵਰਗੇ ਵਿਅਕਤੀ ‘ਮੇਰੀ ਪਸੰਦḔ ਦੇ ਰਿਲੀਜ਼ ਸਮਾਰੋਹ ਉਤੇ ਹੁਮ ਹੁਮਾ ਕੇ ਆਏ। ਮੈਂ ਅਪਣੇ ਮਿੱਤਰ ਦੀ ਗਾਇਨ ਕਲਾ ਨੂੰ ਸਲਾਮ ਕਰਦਾ ਹਾਂ।
ਗੋਰਕੀ ਦੀ ਰਚਨਾ ḔਮਾਂḔ ਦਾ ਨਾਟਕੀਕਰਨ: ਮੇਰੀ ਚੜ੍ਹਦੀ ਉਮਰੇ ਅਗਾਂਹਵਧੂ ਤੇ ਸਮਾਜਵਾਦੀ ਰੁਚੀਆਂ ਵਾਲੇ ਸਾਰੇ ਵਿਅਕਤੀ ਰੂਸੀ ਲੇਖਕ ਮੈਕਸਿਮ ਗੋਰਕੀ ਦੀ ‘ਮਾਂḔ ਨੂੰ ਸਰ੍ਹਾਣੇ ਰੱਖ ਕੇ ਸੌਂਦੇ ਸਨ। ਇਹ ਰਚਨਾ ਸੰਸਾਰ ਦੀਆਂ ਕਿੰਨੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ ਇਸ ਦਾ ਅੰਦਾਜ਼ਾ ਲਾਉਣਾ ਸੌਖਾ ਨਹੀਂ। ਇਸ ਦੀ ਨਾਇਕਾ ਸਮਾਜਵਾਦ ਦੇ ਮਾਰਗ ਤੁਰ ਰਹੇ ਅਪਣੇ ਪੁੱਤਰ ਪਾਵੇਲ ਦੀਆਂ ਗਤੀਵਿਧੀਆਂ ਤੋਂ ਏਨਾ ਪ੍ਰਭਾਵਤ ਹੋ ਜਾਂਦੀ ਹੈ ਕਿ ਪਾਵੇਲ ਦੇ ਸਮੁੱਚੇ ਟੋਲੇ ਨੂੰ ਅਪਣੀ ਬੁਕਲ ਵਿਚ ਲੈ ਕੇ ਉਨ੍ਹਾਂ ਦੀ ਮਾਰਗ ਦਰਸ਼ਕ ਹੋ ਨਿਬੜਦੀ ਹੈ।
ਚੰਡੀਗੜ੍ਹ ਦੀ ਪ੍ਰਸਿੱਧ ਰੰਗ ਕਰਮੀ ਸੰਗੀਤਾ ਗੁਪਤਾ ਨੇ ਇਸ ਰਚਨਾ ਨੂੰ ਨਾਟਕੀ ਰੂਪ ਦੇ ਕੇ ਉਨ੍ਹਾਂ ਦਰਸ਼ਕਾਂ ਤੇ ਸਰੋਤਿਆਂ ਦੇ ਦਿਲਾਂ ਵਿਚ ਵਧਾਇਆ ਹੈ ਜਿਹੜੇ ਕਿਸੇ ਕਾਰਨ ਮੂਲ ਰਚਨਾ ਨੂੰ ਪੜ੍ਹਨ ਤੋਂ ਵਾਂਝੇ ਰਹਿ ਗਏ ਸਨ। ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਉਸਦੇ ਟੋਲੇ ਦੀ ਸਾਦਾ, ਸੁੱਚੀ ਤੇ ਸੰਗੀਤਮਈ ਪੇਸ਼ਕਾਰੀ ਥੀਏਟਰ ਦੀਆਂ ਕੰਧਾਂ ਨੂੰ ਬੋਲਣ ਲਾ ਦਿੰਦੀ ਹੈ। ਨਾਟਕ ਵਿਚ ਮਾਂ ਦਾ ਰੋਲ ਖੁਦ ਸੰਗੀਤਾ ਗੁਪਤਾ ਨੇ ਕੀਤਾ ਹੈ। ਮਾਵਾਂ ਜ਼ਿੰਦਾਬਾਦ।
ਅੰਤਿਕਾ:
(ਤੁਰ ਗਏ ਪ੍ਰਮਿੰਦਰਜੀਤ ਦੀਆਂ ਸੱਚੀਆਂ ਸੁੱਚੀਆਂ)
ਦੇਹ ਦਾ ਪੈਂਡਾ ਮੁੱਕ ਜਾਂਦਾ ਏ ਪਰ ਮਨ ਦਾ ਨਹੀਂ ਮੁੱਕਦਾ,
ਅੰਦਰ ਦਾ ਸੱਚ ਤਾਂ ਲੁਕਿਆ ਰਹਿੰਦਾ ਬਾਹਰ ਦਾ ਝੂਠ ਨਾ ਲੁਕਦਾ।
ਦੇਹਾਂ ਦੀ ਕਥਾ ਕੀ ਛੋਹੀ ਇਹ ਮੁੱਕਦੀ ਮੁੱਕਦੀ ਮੁੱਕਣੀ,
ਜਿਉਂ ਉਮਰਾਂ ਦੀ ਗਿੱਲੀ ਚਾਦਰ ਸੁੱਕਦੀ ਸੁੱਕਦੀ ਸੁੱਕਣੀ।
ਛੁਹ ਅਣਛੁਹ ਦੀ ਕਥਾ ਸੁਣਾਈ ਦੇਹ ਦਾ ਪੰਧ ਨਾ ਕੀਤਾ,
ਆਪਣੇ ਹਿੱਸੇ ਆਏ ਤੇਹ ਦਾ ਆਪ ਨਾ ਪਾਣੀ ਪੀਤਾ।
ਤਨ ਤੰਦੂਰ ਜਦੋਂ ਤੱਕ ਤਪਦਾ ਕੋਈ ਜੀਅ ਭਰ ਅੰਨ ਪਕਾਵੇ,
ਠਰ ਗਈ ਮਿੱਟੀ ਦੀ ਬਾਤ ਨੂੰ ਨਾ ਕੋਈ ਸੁਣੇ ਸੁਣਾਵੇ।