ਦੇਵਿੰਦਰ ਸਤਿਆਰਥੀ-9
ਗੁਰਬਚਨ ਸਿੰਘ ਭੁੱਲਰ
ਸਤਿਆਰਥੀ ਜੀ ਜਿੰਨੇ ਖੁਸ਼ ਕਿਸੇ ਮਹਾਨ ਸਾਹਿਤਕਾਰ ਦੀ ਸੰਗਤ ਵਿਚ ਰਹਿੰਦੇ ਸਨ, ਓਨੇ ਹੀ ਸਾਧਾਰਨ ਬੰਦੇ, ਆਮ ਪਾਠਕ ਜਾਂ ਨਵੇਂ ਲੇਖਕ ਦੀ ਸੰਗਤ ਵਿਚ ਰਹਿੰਦੇ ਸਨ। ਜਿਵੇਂ ਪੁਰਾਣੇ ਕੱਪੜਿਆਂ ਦਾ ਧੰਦਾ ਕਰਨ ਵਾਲੇ ਵਪਾਰੀ ਅਨਜਾਣ ਸੁਆਣੀ ਦੀ ਕੌਡੀਆਂ ਦੇ ਭਾਅ ਸੁੱਟੀ ਹੋਈ ਸਾੜ੍ਹੀ ਵਿਚੋਂ ਸੈਂਕੜੇ ਰੁਪਏ ਦੀ ਸੁੱਚੀ ਜਰੀ ਕੱਢ ਲੈਂਦੇ ਹਨ, ਸਤਿਆਰਥੀ ਜੀ ਲੋਕਾਂ ਵਲੋਂ ਟਿਚ ਸਮਝੇ ਜਾਂਦੇ ਬੰਦਿਆਂ ਦੀ ਕਈ-ਕਈ ਦਿਨ, ਕਈ-ਕਈ ਮਹੀਨੇ, ਕਈ-ਕਈ ਸਾਲ ਸੰਗਤ ਕਰ ਸਕਦੇ ਸਨ ਅਤੇ ਅਜਿਹੇ ਬੰਦਿਆਂ ਤੋਂ ਵੀ ਆਪਣੀ ਰਚਨਾ ਲਈ ਕੋਈ ਨਾ ਕੋਈ ਸ਼ਬਦ, ਵਾਕੰਸ਼ ਜਾਂ ਵਾਕ ਲੈ ਲੈਂਦੇ ਸਨ।
ਤੇ ਸਰੋਤਾ ਤਾਂ ਉਹ ਕਿਸੇ ਨੂੰ ਵੀ ਬਣਾ ਸਕਦੇ ਸਨ।
ਇਕ ਵਾਰ ਗੁਰਦੇਵ ਸਿੰਘ ਰੁਪਾਣਾ, ਨਵਤੇਜ ਪੁਆਧੀ ਅਤੇ ਮੈਂ ਕਨਾਟ ਪਲੇਸ ਦੇ ਘਾਹ ਉਤੇ ਬੈਠੇ ਫ਼ਿਲਮ ਦਾ ਸਮਾਂ ਹੋਣ ਦੀ ਉਡੀਕ ਕਰ ਰਹੇ ਸਾਂ ਕਿ ਸਤਿਆਰਥੀ ਜੀ ਨੇ ਆ ਕੇ ਇਕ ‘ਛੋਟੀ ਜਿਹੀ ਨਵੀਂ ਰਚਨਾ’ ਸੁਣਾਉਣੀ ਸ਼ੁਰੂ ਕਰ ਦਿੱਤੀ। ਉਹ ਇਕ ਦਰਖ਼ਤ ਦੇ ਪੈਰਾਂ ਵਿਚ ਬਣੇ ਗੋਲ ਚੌਂਤਰੇ ਉਤੇ ਬੈਠੇ ਸਨ ਅਤੇ ਅਸੀਂ ਭੁੰਜੇ ਘਾਹ ਉਤੇ। ਨਵੀਂ ਰਚਨਾ ਕੀਤੀ ਹੋਣ ਸਦਕਾ ਉਨ੍ਹਾਂ ਦਾ ਚਿਹਰਾ ਨਵਜਣਨੀ ਵਾਂਗ ਟਹਿਕਿਆ ਪਿਆ ਸੀ ਅਤੇ ਮੱਠੀ-ਮੱਠੀ ਰੁਮਕਦੀ ਪੌਣ ਵਿਚ ਹਿਲਦੀ ਉਨ੍ਹਾਂ ਦੀ ਲੰਮੀ ਰੇਸ਼ਮੀ ਦਾੜ੍ਹੀ ਅਸਲ ਨਾਲੋਂ ਵੱਧ ਭਰਵੀਂ ਲੱਗ ਰਹੀ ਸੀ। ਉਹ ਉਪਦੇਸ਼ਕ ਦਿੱਸ ਰਹੇ ਸਨ, ਕੋਈ ਪਹੁੰਚੇ ਹੋਏ ਸਾਧੂ ਜਾਂ ਫ਼ਕੀਰ।
ਕੁਝ ਚਿਰ ਮਗਰੋਂ ਆਪਣੀ ਮੰਗਤੀ ਦੇ ਮੋਢੇ ਉਤੇ ਹੱਥ ਰੱਖੀਂ ਜਾ ਰਹੇ ਇਕ ਨੇਤਰਹੀਣ ਮੰਗਤੇ ਨੇ ਉਨ੍ਹਾਂ ਦੇ ਮੂੰਹੋਂ “ਚਾਂਦੀ ਦੀ ਕਟੋਰੀ, ਸੋਨੇ ਦੀ ਭਿਛਿਆ” ਸੁਣਿਆ ਤਾਂ ਉਹ ਦੋਵੇਂ ਮੱਥਾ ਟੇਕ ਕੇ ਬੈਠ ਗਏ। ਫੇਰ ਪਰ੍ਹੇ ਫਿਰਦਾ ਇਕ ਸਫ਼ਾਈ-ਸੇਵਕ “ਸੂਈ ਬਾਜ਼ਾਰ ਦੀਆਂ ਪੌੜੀਆਂ ਚੜ੍ਹਨ ਵੇਲੇ ਘੁੰਗਰੂਆਂ ਦੀ ਛਨਨ ਛਨਨ, ਉਤਰਨ ਵੇਲੇ ਲੜਖੜਾਂਦੇ ਕਦਮ” ਸੁਣ ਕੇ ਟੋਕਰੀ ਤੇ ਝਾੜੂ ਪਰ੍ਹੇ ਰਖਦਿਆਂ ਉਥੇ ਆ ਬੈਠਾ। ਜਦੋਂ ਉਨ੍ਹਾਂ ਨੇ “ਪਹਿਰੇਦਾਰ ਸੂਈ ਬਾਜ਼ਾਰ ਦੀ ਪਟੜੀ ਤੋਂ ਜੁਗਨੂੰ ਦੀ ਦੁਕਾਨ ਚੁੱਕ ਕੇ ਲੈ ਗਏ” ਵਾਕ ਬੋਲਿਆ, ਬਗਲੀ ਵਿਚ ਮੂੰਗਫਲੀਆਂ ਚੁੱਕੀਂ ਅਤੇ ਹੱਥ ਵਿਚ ਤਕੜੀ ਫੜੀਂ ਫਿਰਦਾ ਬੰਦਾ ਵੀ ਉਥੇ ਆ ਬੈਠਾ। ਸ਼ਾਇਦ ਉਹਦੀ ਰੇਹੜੀ ਦਿੱਲੀ ਕਾਰਪੋਰੇਸ਼ਨ ਵਾਲੇ ਚੁੱਕ ਕੇ ਲੈ ਗਏ ਸਨ ਅਤੇ ਹੁਣ ਉਹ ਥਾਂ-ਥਾਂ ਭਟਕ ਕੇ ਮੂੰਗਫਲੀ ਵੇਚਣ ਵਾਸਤੇ ਮਜਬੂਰ ਸੀ।
ਹੋਰ ਵੀ ਇਕਾ-ਦੁੱਕਾ ਲੋਕ ਆਉਂਦੇ ਗਏ ਅਤੇ ਮੱਥਾ ਟੇਕ ਕੇ ਮਹਾਤਮਾ ਜੀ ਦੇ ਸਾਹਮਣੇ ਬੈਠਦੇ ਗਏ। ਇਹ ਸਮਝ ਤਾਂ ਕਿਸੇ ਨੂੰ ਕਿਥੋਂ ਆਉਂਦੀ ਕਿ ਸਾਧੂ ਬਾਬਾ ਕਿਸ ਗ੍ਰੰਥ ਦੀ ਕਿਹੜੀ ਕਥਾ ਕਰ ਰਹੇ ਹਨ। ਕੋਈ ਤਾਂ ਆਪਣੀ ਬੁੱਧੀ ਨੂੰ ਕਥਾ ਤੋਂ ਨੀਵੀਂ ਸਮਝਦਿਆਂ ਬੈਠਾ ਰਹਿੰਦਾ ਕਿ ਸਮਝੇ ਬਿਨਾਂ ਵੀ ਕੰਨਾਂ ਵਿਚ ਪਏ ਸਾਧੂ ਦੇ ਵਚਨ ਆਖ਼ਰ ਭਲਾ ਹੀ ਤਾਂ ਕਰਨਗੇ ਪਰ ਕੋਈ ਮੱਥਾ ਟੇਕ ਕੇ ਤੁਰ ਵੀ ਜਾਂਦਾ। ਸਤਿਆਰਥੀ ਜੀ ਖਰੜਾ ਅੱਖਾਂ ਸਾਹਮਣੇ ਕਰ ਕੇ ਪੜ੍ਹਿਆ ਕਰਦੇ ਸਨ। ਸਰੋਤਿਆਂ ਦੀ ਬਿਨਾਂ-ਆਵਾਜ਼ ਆਵਾਜਾਈ ਤੋਂ ਉਹ ਬੇਖ਼ਬਰ ਤੇ ਬੇਪਰਵਾਹ ਰਹਿੰਦੇ।
ਸਾਡਾ ਫ਼ਿਲਮ ਦਾ ਸਮਾਂ ਹੋ ਗਿਆ ਅਤੇ ਅਸੀਂ ਚੁੱਪ ਕਰ ਕੇ ਖਿਸਕ ਆਏ। ਮਗਰੋਂ ਖਰੜਾ ਅੱਖਾਂ ਤੋਂ ਲਾਂਭੇ ਹੋਇਆ ਤਾਂ ਸਾਨੂੰ ਗ਼ੈਰਹਾਜ਼ਰ ਦੇਖ ਕੇ ਉਨ੍ਹਾਂ ਨੇ ਸਾਨੂੰ “ਕਈ ਜਮੂਰੇ ਵੇਂਹਦਿਆਂ ਬਣ ਗਏ ਮਦਾਰੀ” ਆਖ ਕੇ ਗਾਲ਼ ਤਾਂ ਦਿੱਤੀ ਜੋ ਕੁਝ ਦਿਨਾਂ ਵਿਚ ਪੂਰੀ ਕਵਿਤਾ ਦਾ ਰੂਪ ਧਾਰ ਗਈ ਪਰ ਰਚਨਾ ਉਥੇ ਹਾਜ਼ਰ ਸਰੋਤਿਆਂ ਸਾਹਮਣੇ ਪੂਰੀ ਪੜ੍ਹ ਕੇ ਹੀ ਛੱਡੀ।
ਉਹ ਹੋਰ ਕੁਝ ਪੜ੍ਹਦੇ ਨਾ ਪੜ੍ਹਦੇ, ਚਰਚਾ ਵਿਚ ਆਈ ਰਚਨਾ ਛੇਤੀ ਤੋਂ ਛੇਤੀ ਪੜ੍ਹ ਲੈਣ ਦੇ ਉਨ੍ਹਾਂ ਦੇ ਉਤਾਵਲਾਪਨ ਦਾ ਇਤਿਹਾਸ ਚੜ੍ਹਦੀ ਉਮਰ ਨਾਲ ਜਾ ਜੁੜਦਾ ਸੀ। ਰਾਬਿੰਦਰਨਾਥ ਟੈਗੋਰ ਦੇ ਕਾਵਿ-ਸੰਗ੍ਰਿਹ ‘ਗੀਤਾਂਜਲੀ’ ਨੂੰ ਨੋਬਲ ਇਨਾਮ ਮਿਲਿਆ ਤਾਂ ਦੇਸ ਵਿਚ ਹੀ ਨਹੀਂ, ਪਰਦੇਸਾਂ ਵਿਚ ਵੀ ਉਹਦੀਆਂ ਧੁੰਮਾਂ ਪੈਣੀਆਂ ਕੁਦਰਤੀ ਸਨ। ਅਨੇਕ ਜ਼ਬਾਨਾਂ ਵਿਚ ਉਹਦਾ ਅਨੁਵਾਦ ਹੋਣ ਲਗਿਆ। ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ਗੁਰੂਦੇਵ ਬਣਾ ਦਿੱਤਾ। ਕਵੀ ਤੇ ਲੋਕਗੀਤ-ਸੰਗ੍ਰਿਹਕ ਸਤਿਆਰਥੀ ਜੀ ਦੇ ਪਾਠਕੀ ਉਤਾਵਲੇਪਨ ਵਿਚ ਪੁਸਤਕ ਦੇ ਨਾਂ ‘ਗੀਤਾਂਜਲੀ’ ਨੇ ਹੋਰ ਵਾਧਾ ਕਰ ਦਿੱਤਾ। ਪਾਠ ਕੀਤਾ ਤਾਂ ਉਹ ਬਹੁਤ ਪ੍ਰਭਾਵਿਤ ਹੋਏ। ਟੈਗੋਰ ਵਾਂਗ ਕੇਸ ਪਿੱਛੇ ਛੱਡ ਲਏ ਅਤੇ ਦਾੜ੍ਹੀ ਦੀ ਹਜਾਮਤ ਕਰਨੀ ਛੱਡ ਦਿੱਤੀ। ਜਦੋਂ ਨੂੰ ਉਹ ਸ਼ਾਂਤੀ ਨਿਕੇਤਨ ਪਹੁੰਚੇ, ਟੈਗੋਰ ਦੀ ਜਵਾਨੀ ਵੇਲ਼ੇ ਦੀ ਤਸਵੀਰ ਵਰਗੇ ਲਗਦੇ ਸਨ। ਉਨ੍ਹਾਂ ਦੇ ਲੇਖਕ ਤੇ ਲੋਕਗੀਤ-ਸੰਗ੍ਰਿਹਕ ਵਾਲੇ ਰੂਪ ਤੋਂ ਇਲਾਵਾ ਇਹ ਸਰੂਪ ਵੀ ਟੈਗੋਰ ਦੀ ਨੇੜਤਾ ਦਾ ਇਕ ਆਧਾਰ ਬਣ ਗਿਆ। ਸ਼ਾਇਦ ਇਸੇ ਸਦਕਾ ਗੁਰੂਦੇਵ ਨੇ ਖੁਸ਼ੀ ਖੁਸ਼ੀ ਇਨ੍ਹਾਂ ਨਾਲ ਖਲੋ ਕੇ ਤਸਵੀਰ ਖਿਚਵਾਈ ਜੋ ਪਿਤਰਸ ਬੁਖ਼ਾਰੀ ਦੇ ਦਿੱਤੇ ਨਾਂ ‘ਖ਼ਿਜ਼ਾਬ ਤੋਂ ਪਹਿਲਾਂ ਤੇ ਖ਼ਿਜ਼ਾਬ ਤੋਂ ਬਾਅਦ’ ਕਾਰਨ ਖ਼ੂਬ ਚਰਚਾ ਵਿਚ ਰਹੀ।
ਤਾਰਾ ਸਿੰਘ ਨੇ ਇਸ ਸਬੰਧ ਵਿਚ ਇਕ ਵਧੀਆ ਲਤੀਫ਼ਾ ਘੜ ਦਿੱਤਾ। ਉਹਦਾ ਕਹਿਣਾ ਸੀ ਕਿ ਸਤਿਆਰਥੀ ਜੀ ਦੇ ਖਰੜਾ-ਪਾਠ ਦੀ ਮਾਰ ਤੋਂ ਤਾਂ ਟੈਗੋਰ ਵੀ ਨਹੀਂ ਸੀ ਬਚ ਸਕਿਆ। ਉਹ ਰੋਜ਼, ਵੇਲ਼ਾ-ਕੁਵੇਲ਼ਾ ਦੇਖੇ ਬਿਨਾਂ, ਕੁਝ ਨਾ ਕੁਝ ਸੁਣਾਉਣ ਟੈਗੋਰ ਕੋਲ ਜਾ ਪਹੁੰਚਦੇ। ਨਾਲ ਹੀ ਉਨ੍ਹਾਂ ਨਾਲ ਤਸਵੀਰ ਖਿਚਵਾਉਣ ਦੀ ਇੱਛਾ ਵੀ ਦਸਦੇ ਰਹਿੰਦੇ। ਟੈਗੋਰ ਕੋਲ ਏਨਾ ਵਾਧੂ ਸਮਾਂ ਕਿਥੇ ਕਿ ਵਿਹਲੇ ਬੈਠ ਕੇ ਰਚਨਾ ਸੁਣਦੇ ਰਹਿਣ ਅਤੇ ਕਿਸੇ ਨਾਲ ਉਚੇਚੇ ਤੌਰ ਉਤੇ ਖਲੋ ਕੇ ਤਸਵੀਰ ਖਿਚਵਾਉਣ ਤੋਂ ਵੀ ਉਹ ਸੰਕੋਚ ਹੀ ਕਰਦੇ ਸਨ। ਆਖ਼ਰ ਉਹ ਅੰਦਰੋਂ ਤਾਂ ਅੱਕ ਗਏ ਪਰ ਬਾਹਰੋਂ ਨਰਮੀ ਨਾਲ ਯਾਦ ਕਰਵਾਉਣ ਲੱਗੇ, “ਲੋਕਗੀਤ ਇਕੱਤਰ ਕਰਨ ਦਾ ਤੁਹਾਡਾ ਮਿਸ਼ਨ ਇਕ ਥਾਂ ਲੰਮਾ ਸਮਾਂ ਟਿਕ ਕੇ ਬੈਠਣ ਦੀ ਖੁੱਲ੍ਹ ਨਹੀਂ ਦਿੰਦਾ। ਆਪਣੇ ਮਿਸ਼ਨ ਦੀ ਪੂਰਤੀ ਵਿਚ ਅਵੇਸਲੇ ਹੋਣਾ ਵਾਰਾ ਨਹੀਂ ਖਾਂਦਾ।”
ਇਕ ਦਿਨ ਅਜਿਹੇ ਮੌਕੇ ਦਾ ਲਾਹਾ ਲੈ ਕੇ ਸਤਿਆਰਥੀ ਜੀ ਬੋਲੇ, “ਗੁਰੂਦੇਵ, ਜਿਸ ਦਿਨ ਮੇਰੇ ਨਾਲ ਖਲੋ ਕੇ ਤਸਵੀਰ ਖਿਚਵਾ ਲਵੋਗੇ, ਉਸੇ ਦਿਨ ਤੁਹਾਥੋਂ ਵਿਦਾਈ ਲੈ ਲਵਾਂਗਾ।”
ਤਾਰਾ ਸਿੰਘ ਹਸਦਾ, ਇਨ੍ਹਾਂ ਦੇ ਖਰੜਾ-ਪਾਠ ਤੋਂ ਅੱਕੇ-ਥੱਕੇ ਟੈਗੋਰ ਕੋਲ ਤਸਵੀਰ ਖਿਚਵਾਉਣ ਤੋਂ ਬਿਨਾਂ ਹੋਰ ਰਾਹ ਹੀ ਕੋਈ ਨਹੀਂ ਸੀ!
ਉਹ ਦੂਜਿਆਂ ਨੂੰ ਹੀ ਸਾਧੂ-ਮਹਾਤਮਾ ਨਹੀਂ ਸਨ ਲਗਦੇ, ਆਪ ਵੀ ਆਪਣੇ ਫ਼ਕੀਰੀ ਵੇਸ ਦਾ ਲਾਹਾ ਬੇਝਿਜਕ ਲੈ ਲੈਂਦੇ ਸਨ। ਲੰਮੇ ਸਮੇਂ ਤਕ ਕਲਕੱਤੇ ਰਹੇ। ਟਰਾਮ ਉਤੇ ਸਵਾਰ ਹੁੰਦੇ ਤਾਂ ਕੰਡਕਟਰ ਟਿਕਟ ਪੁਛਦੇ। ਉਹ ਪਿੱਛੇ ਨੂੰ ਖਿੱਲਰੇ ਵਾਲਾਂ ਅਤੇ ਲੰਮੀ ਰੇਸ਼ਮੀ ਦਾੜ੍ਹੀ ਉਤੇ ਹੱਥ ਫੇਰ ਕੇ ਆਖਦੇ, “ਆਮੀ ਬਾਵਾ ਲੋਗ!” ਕਈ ਕੰਡਕਟਰ ਚੁੱਪ ਕਰ ਜਾਂਦੇ ਪਰ ਕਈ ਝਗੜਾ ਪਾ ਬੈਠਦੇ ਅਤੇ ਟਰਾਮ ਰੋਕ ਕੇ ਉਤਾਰ ਦਿੰਦੇ। ਇਹ ਅੱਗੇ ਜਾਂ ਪਿੱਛੇ ਜਿਹੜਾ ਵੀ ਸਟੈਂਡ ਨੇੜੇ ਹੁੰਦਾ, ਜਾ ਕੇ ਦੂਜੀ ਟਰਾਮ ਫੜ ਲੈਂਦੇ। ਉਸ ਟਰਾਮ ਵਿਚ ਵੀ ਇਹੋ ਕਿੱਸਾ ਦੁਹਰਾਇਆ ਜਾਂਦਾ। ਆਖ਼ਰ ਕੁਝ ਦਿਨਾਂ ਵਿਚ ਕੰਡਕਟਰ ਜਾਣ ਗਏ ਕਿ ਕਿੰਨਾ ਵੀ ਉਤਾਰੀਏ, ਸਫ਼ਰ ਤਾਂ ‘ਬਾਵਾ ਲੋਗ’ ਨੇ ਸਾਡੀਆਂ ਟਰਾਮਾਂ ਵਿਚ ਮੁਫ਼ਤ ਹੀ ਕਰਨਾ ਹੈ। ਉਨ੍ਹਾਂ ਨੇ ਟਿਕਟ ਪੁੱਛਣਾ ਤੇ ਬਾਵਾ-ਲੋਗ ਨੂੰ ਉਤਾਰਨਾ ਛੱਡ ਦਿੱਤਾ।
ਜਦੋਂ ਉਹ ਦਿੱਲੀ ਵਿਚ ਹੁੰਦੇ ਸਨ, ਇਕ ਵਾਰ ਘਰੋਂ ਨਿੱਕਲ ਕੇ ਰਾਤ ਦੇ ਗਿਆਰਾਂ ਵਜੇ ਤੋਂ ਪਹਿਲਾਂ ਘਰ ਨਹੀਂ ਸਨ ਪਰਤਦੇ। ਉਹ ਕਹਿੰਦੇ ਸਨ, “ਘਰ ਵਾਲਿਆਂ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਮੈਂ ਦਿਨ ਵਿਚ ਕਿਥੇ-ਕਿਥੇ ਭਟਕਾਂਗਾ। ਉਂਜ ਜੀ ਇਹ ਪਤਾ ਤਾਂ ਮੈਨੂੰ ਆਪ ਨੂੰ ਵੀ ਨਹੀਂ ਹੁੰਦਾ।”
ਤਾਰਾ ਸਿੰਘ ਨੇ ਕਿਸੇ ਨਿੱਕੇ-ਮੋਟੇ ਕੰਮ ਲਈ ਵੀ ਘਰ ਵਾਲਿਆਂ ਦੇ ਕਾਬੂ ਨਾ ਆਉਣ ਦੀ ਸਤਿਆਰਥੀ ਜੀ ਦੀ ਚਤੁਰਾਈ ਨੂੰ ਲੈ ਕੇ ਵੀ ਉਨ੍ਹਾਂ ਦੇ ਵੇਸ ਬਾਰੇ ਇਕ ਦਿਲਚਸਪ ਲਤੀਫ਼ਾ ਘੜਿਆ ਹੋਇਆ ਸੀ। ਉਹ ਕਹਿੰਦਾ ਸੀ, ਇਕ ਦਿਨ ਸਵੇਰੇ-ਸਵੇਰੇ ਅਚਾਨਕ ਕੋਈ ਮਹਿਮਾਨ ਘਰ ਆ ਜਾਣ ਕਾਰਨ ਲੋਕ-ਮਾਤਾ ਨੇ ਧਕ-ਧਕਾ ਕੇ ਦੁਕਾਨੋਂ ਦਹੀਂ ਲੈਣ ਤੋਰ ਦਿੱਤੇ। ਹਲਵਾਈ ਦੀ ਦੁਕਾਨ ਦੇ ਗਾਹਕਾਂ ਦੀ ਭੀੜ ਨਿੱਕਲ ਜਾਣ ਦੀ ਉਡੀਕ ਕਰਦਿਆਂ ਉਹ ਅਠਿਆਨੀ ਕਟੋਰੇ ਵਿਚ ਰੱਖ ਕੇ ਖੰਭੇ ਨਾਲ ਮੋਢਾ ਲਾ ਅੰਤਰ-ਧਿਆਨ ਹੋ ਗਏ। ਧਿਆਨ ਬਾਹਰ ਵੱਲ ਪਰਤਿਆ ਤਾਂ ਕਟੋਰਾ ਅਠਿਆਨੀਆਂ-ਚੁਆਨੀਆਂ ਨਾਲ ਭਰਿਆ ਪਿਆ ਸੀ!
ਢੁਡੀਕੇ ਟਰਸਟ ਨੇ ਉਨ੍ਹਾਂ ਦਾ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਅਤੇ ਸਮਾਗਮ ਕੋਟਕਪੂਰੇ ਕਰਨਾ ਮਿਥਿਆ। ਜਸਵੰਤ ਸਿੰਘ ਕੰਵਲ ਮੈਨੂੰ ਕਹਿੰਦੇ, “ਇਕੱਲੇ ਬਜ਼ੁਰਗ ਰਾਹ ਵਿਚ ਤੰਗ ਹੋਣਗੇ। ਤੂੰ ਉਨ੍ਹਾਂ ਨਾਲ ਆ ਜਾਈਂ। ਰਾਹ ਵਿਚ ਦੋਵਾਂ ਦਾ ਜੀਅ ਲਗਿਆ ਰਹੂ।” ਨਰਿੰਦਰ ਭੁੱਲਰ ਵੀ ਸਾਡੇ ਨਾਲ ਚੱਲਣ ਵਾਸਤੇ ਤਿਆਰ ਹੋ ਗਿਆ। ਜਿਉਂ ਹੀ ਗੱਡੀ ਦਿੱਲੀ ਤੋਂ ਬਾਹਰ ਨਿੱਕਲੀ, ਉਹ ਬੋਲੇ, “ਵਿਹਲਿਆਂ ਦਾ ਤਾਂ ਸਫ਼ਰ ਹੀ ਨਹੀਂ ਲੰਘਣਾ ਭੁੱਲਰ ਜੀ। ਕਿਉਂ ਨਾ ਕੁਛ ਪੜ੍ਹ-ਸੁਣ ਲਈਏ। ਮੇਰੇ ਕੋਲ ਹੈ ਇਕ ਚੀਜ਼, ਤੁਹਾਨੂੰ ਸੁਣਾਉਣ ਲਈ।”
ਉਨ੍ਹਾਂ ਨੇ ਆਪਣਾ ਖਰੜਾ ਕੱਢਿਆ ਅਤੇ ਰਚਨਾ ਪੜ੍ਹਨੀ ਸ਼ੁਰੂ ਕਰ ਦਿੱਤੀ। ਕਦੀ ਮੰਧੋਦਰੀ ਦਾ ਨਾਂ ਆAੁਂਦਾ ਤਾਂ ਕਦੀ ਸ਼ਕੰਤੁਲਾ ਦਾ ਜ਼ਿਕਰ; ਕਦੀ ਨ੍ਰਿਤਕੀ ਆ ਮੰਚ ਨੂੰ ਰੰਗ-ਭਾਗ ਲਾਉਂਦੀ ਤਾਂ ਕਦੀ ਵਿਸ਼-ਕੰਨਿਆ ਆਪਣੇ ਚਲਿਤਰ ਚਲਦੀ। ਪਿੱਛੇ ਨੂੰ ਵਾਹੇ ਹੋਏ ਵਾਲ, ਲੰਮੀ ਚਿੱਟੀ ਦਾੜ੍ਹੀ, ਗਲ਼ ਵਿਚ ਲੰਮੇ ਕੋਟ ਦੇ ਰੂਪ ਵਿਚ ਚੋਗਾ ਤੇ ਕਥਾ ਕਰ ਰਹੇ ਮੰਧੋਦਰੀ, ਸ਼ਕੁੰਤਲਾ, ਨ੍ਰਿਤਕੀ, ਵਿਸ਼-ਕੰਨਿਆ, ਵਗ਼ੈਰਾ ਦੀ! ਜੋ ਮੁਸਾਫ਼ਿਰ ਲਾਂਘੇ ਵਿਚੋਂ ਦੀ ਇਧਰ-ਉਧਰ ਨੂੰ ਲੰਘ ਰਿਹਾ ਹੁੰਦਾ, ਅਜਿਹੇ ਨਾਂ ਸੁਣ ਕੇ ਮਹਾਤਮਾ ਜੀ ਦੀ ਕਥਾ ਸੁਣਨ ਲਈ ਪੈਰ ਮਲ਼ ਲੈਂਦਾ ਅਤੇ ਹੱਥ ਜੋੜ ਕੇ ਤੇ ਮੱਥਾ ਟੇਕਣ ਵਾਂਗ ਸਿਰ ਨਿਵਾ ਕੇ ਖਲੋ ਜਾਂਦਾ। ਮਾਈਆਂ ਤਾਂ ਵਿਚਾਰੀਆਂ ਸ਼ਰਧਾ ਨਾਲ ਅੱਖਾਂ ਵੀ ਬੰਦ ਕਰ ਲੈਂਦੀਆਂ। ਕਿਉਂਕਿ ਉਨ੍ਹਾਂ ਦੀ ਕਥਾ ਸਿਰਫ਼ ਸਾਡੇ ਵਰਗੇ ਬ੍ਰਹਮ-ਗਿਆਨੀਆਂ ਦੇ ਸਮਝ ਆਉਣ ਵਾਲੀ ਸੀ, ਹਰ ਕੋਈ ਕੁਝ ਪਲਾਂ ਮਗਰੋਂ ਸਿਰ ਨਿਵਾਉਂਦਾ ਅਤੇ ਆਪਣੇ ਆਪ ਨੂੰ ਅਗਿਆਨੀ ਸਮਝ ਕੇ ਤੁਰ ਜਾਂਦਾ।
ਮੈਂ ਹੌਲੇ ਜਿਹੇ ਕਿਹਾ, “ਸਤਿਆਰਥੀ ਜੀ, ਭੁੰਜੇ ਤੌਲੀਆ ਵਿਛਾ ਕੇ ਉਸ ਉਤੇ ਦੋ-ਚਾਰ ਰੁਪਈਏ-ਅਠਿਆਨੀਆਂ ਪਹਿਲਾਂ ਆਪ ਹੀ ਨਾ ਸਿੱਟ ਦੇਈਏ?” ਗੱਲ ਇਕਦਮ ਸਮਝ ਵਿਚ ਨਾ ਆਉਣ ਕਰਕੇ ਉਹ ਤ੍ਰਭਕੇ, “ਹੈਂ ਜੀ?” ਫੇਰ ਝੱਟ ਹੀ ਗੁੱਝੀ ਰਮਜ਼ ਸਮਝ ਕੇ ਬੋਲੇ, “ਅੱਛਾ ਜੀ! ਹਾਂ ਜੀ, ਕੋਈ ਹਰਜ਼ ਨਹੀਂ।” ਸਗੋਂ ਖ਼ੁਸ਼ ਹੋ ਗਏ, “ਆਹੋ ਜੀ। ਦਰਅਸਲ ਆਪਣਾ ਭਾੜਾ ਨਿੱਕਲ ਆਵੇ, ਮਹਿੰਗਾਈ ਦੇ ਇਸ ਯੁਗ ਵਿਚ, ਗੱਲ ਕੋਈ ਗ਼ਲਤ ਜਾਂ ਮਾੜੀ ਤਾਂ ਹੈ ਨਹੀਂ!”