ਸਿਮਰਨ ਕੌਰ
32 ਵਰ੍ਹਿਆਂ ਦੇ ਨੌਜਵਾਨ ਸ਼ਸ਼ੀਕਾਂਤ ਧੋਤਰੇ ਦੇ ਹੱਥਾਂ ਵਿਚ ਕੋਈ ਜਾਦੂ ਰਚਿਆ ਹੋਇਆ ਹੈ। ਉਸ ਵੱਲੋਂ ਬਣਾਏ ਚਿੱਤਰ ਦਰਸ਼ਕ ਨੂੰ ਫੋਟੋ ਦਾ ਭੁਲੇਖਾ ਪਾਉਂਦੇ ਹਨ। ਸ਼ਸ਼ੀਕਾਂਤ ਨੇ ਚਿੱਤਰਕਲਾ ਦੀ ਵਿਧੀਵਤ ਢੰਗ ਨਾਲ ਕਿਤਿਉਂ ਕੋਈ ਸਿਖਲਾਈ ਨਹੀਂ ਲਈ।
ਉਹ ਚਿੱਤਰਕਲਾਂ ਦੀ ਅਜਿਹੀ ਰਸਮੀ ਸਿੱਖਿਆ ਲੈਣ ਮੁੰਬਈ ਦੇ ਮਸ਼ਹੂਰ ਜੇæਜੇæ ਸਕੂਲ ਆਫ਼ ਆਰਟ ਵਿਚ ਦਾਖ਼ਲ ਹੋਇਆ ਸੀ ਪਰ ਇਕ ਮਹੀਨੇ ਬਾਅਦ ਹੀ ਉਸ ਨੇ ਇਹ ਸਿਖਲਾਈ ਛੱਡ ਦਿੱਤੀ। Aੱਜ ਕੱਲ੍ਹ ਉਹ ਕਾਲੇ ਸਿਆਹ ਕਾਗਜ਼ਾਂ ਉਤੇ ਰੰਗ-ਬਰੰਗੀਆਂ ਪੈੱਨਸਿਲਾਂ ਨਾਲ ਚਿੱਤਰ ਬਣਾਉਂਦਾ ਹੈ ਅਤੇ ਸਭ ਦਾ ਧਿਆਨ ਖਿੱਚ ਰਿਹਾ ਹੈ। ਉਸ ਦੇ ਚਿੱਤਰਾਂ ਵਿਚ ਹਕੀਕਤ ਦਾ ਇੰਨਾ ਗੂੜ੍ਹਾ ਰੰਗ ਭਰਿਆ ਹੁੰਦਾ ਹੈ ਕਿ ਜਾਪਦਾ ਹੈ, ਇਹ ਹੁਣ ਬੋਲੇ ਕਿ ਬੋਲੇ!
ਸ਼ਸ਼ੀਕਾਂਤ ਧੋਤਰੇ ਦੀਆਂ ਕਿਰਤਾਂ ਆਪਣੀ ਕਹਾਣੀ ਆਪ ਸੁਣਾ ਰਹੀਆਂ ਹਨ। ਉਹ ਚਿੱਤਰਕਾਰ ਰਾਜਾ ਰਵੀ ਵਰਮਾ (29 ਅਪਰੈਲ 1848-2 ਅਕਤੂਬਰ 1906) ਦੀ ਕਲਾ ਤੋਂ ਬਹੁਤ ਪ੍ਰਭਾਵਿਤ ਹੈ। ਇਸ ਚਿੱਤਰਕਾਰ ਦਾ ਪ੍ਰਭਾਵ ਕਬੂਲ ਕਰਨ ਤੋਂ ਬਾਅਦ ਹੀ ਉਸ ਦੇ ਜ਼ਿਹਨ ਵਿਚ ਕੁਝ ਵੱਖਰਾ ਕਰਨ ਦਾ ਖਿਆਲ ਉਠਿਆ ਅਤੇ ਥੋੜ੍ਹੇ ਹੀ ਚਿਰ ਵਿਚ ਇਹ ਖਿਆਲ ਸਮੁੰਦਰ ਦੀਆਂ ਲਹਿਰਾਂ ਵਾਂਗ ਠਾਠਾਂ ਮਾਰਨ ਲੱਗ ਪਿਆ। ਫਿਰ ਉਸ ਨੇ ਜਿਹੜੀਆਂ ਕਲਾ ਕਿਰਤਾਂ ਦੀ ਰਚਨਾ ਕੀਤੀ, ਉਹ ਇੰਨੀਆਂ ਸੂਖਮ ਹ ਿਨਿੱਬੜੀਆਂ ਕਿ ਔਰਤ ਦਾ ਇਕ ਇਕ ਵਾਲ ਜਾਂ ਇਨ੍ਹਾਂ ਔਰਤਾਂ ਦੀਆਂ ਸਾੜ੍ਹੀਆਂ ‘ਤੇ ਕੀਤੀ ਕਢਾਈ ਦਾ ਇਕ ਇਕ ਧਾਗਾ ਦਿਖਾਈ ਦਿੰਦਾ ਹੈ। ਉਸ ਨੇ ਕੁਝ ਐਬਸਟਰੈਕਟ ਕਲਾ ਕਿਰਤਾਂ ਵੀ ਸਿਰਜੀਆਂ ਹਨ, ਪਰ ਉਸ ਨੂੰ ਸਭ ਤੋਂ ਵੱਧ ਸ਼ਾਬਾਸ਼ ਆਪਣੀਆਂ ਦੂਜੀਆਂ ਕਲਾ ਕਿਰਤਾਂ ਲਈ ਹੀ ਮਿਲੀ। ਹੁਣ ਤੱਕ ਉਹ ਆਪਣੀਆਂ ਕਲਾ ਕਿਰਤਾਂ ਦੀਆਂ ਕਈ ਨੁਮਾਇਸ਼ਾਂ ਲਾ ਚੁੱਕਾ ਹੈ। ਫੇਸਬੁੱਕ ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਵੀ ਉਸ ਵੱਲੋਂ ਬਣਾਏ ਚਿੱਤਰ ਤੇਜ਼ੀ ਨਾਲ ਘੁੰਮ ਰਹੇ ਹਨ ਅਤੇ ਵਧ ਤੋਂ ਵੱਧ ਦਰਸ਼ਕ ਉਸ ਦੀਆਂ ਕਲਾ ਕਿਰਤਾਂ ਦੇ ਦੀਵਾਨੇ ਹੋ ਰਹੇ ਹਨ। ਉਂਜ ਅਜੇ ਤੱਕ ਉਸ ਨੂੰ ਕੋਈ ਵੱਡਾ ਸਪਾਂਸਰਰ ਨਹੀਂ ਮਿਲਿਆ। ਇਸ ਬਾਰੇ ਉਹ ਬਹੁਤਾ ਫਿਕਰ ਵੀ ਨਹੀਂ ਕਰਦਾ। ਉਹ ਆਖਦਾ ਹੈ- “ਮੈਂ ਤਾਂ ਆਪਣੀ ਕਲਾ ਨੂੰ ਪ੍ਰਨਾਇਆ ਹੋਇਆ ਹਾਂ। ਜੇ ਕਿਤੇ ਰਾਹ ਵਿਚ ਕੋਈ ਹੁਲਾਰਾ ਮਿਲਦਾ ਹੈ ਤਾਂ ਭਲੀ ਵਾਹਵਾ, ਨਹੀਂ ਤਾਂ ਮੇਰੇ ਹੱਥ ਕਾਗਜ਼ ਉਤੇ ਕਾਨੀ ਫੇਰਦੇ ਰਹਿਣਗੇ।”
ਸ਼ਸ਼ੀਕਾਂਤ ਧੋਤਰੇ ਆਪਣੀ ਕਲਾ ਬਾਰੇ ਖੁਲਾਸਾ ਕਰਦਾ ਹੈ ਕਿ ਉਸ ਨੂੰ ਸਹਿਜ ਅਤੇ ਇਕਾਂਤ ਬਹੁਤ ਪੋਂਹਦੇ ਹਨ ਅਤੇ ਉਸ ਦੀਆਂ ਕਲਾ ਕਿਰਤਾਂ ਵਿਚ ਇਹ ਅਹਿਸਾਸ ਆਪਣੇ ਆਪ ਸਮਾਈ ਜਾਂਦੇ ਹਨ। ਸੱਚਮੁੱਚ ਉਸ ਦੀਆਂ ਕਲਾ ਕਿਰਤਾਂ ਦਾ ਸਹਿਜ ਦੇਖਣ ਹੀ ਵਾਲਾ ਹੈ, ਖਾਸ ਕਰ ਕੇ ਔਰਤਾਂ ਦੇ ਚਿੱਤਰਾਂ ਵਿਚ ਇਹ ਸਹਿਜ ਪੂਰੀ ਬੁਲੰਦੀ ਨਾਲ ਪੇਸ਼ ਹੋਇਆ ਹੈ। ਇਨ੍ਹਾਂ ਚਿੱਤਰਾਂ ਵਿਚ ਔਰਤ ਦਾ ਆਪਾ ਉਘੜਦਾ ਹੈ। ਸ਼ਸ਼ੀਕਾਂਤ ਧੋਤਰੇ ਨੇ ਔਰਤ ਦੇ ਇਸ ਸੁਹਜ ਨੂੰ ਬਹੁਤ ਪਿਆਰ ਨਾਲ ਪੇਸ਼ ਕੀਤਾ ਹੈ।
_______________________________________
ਕਲਾ ਨਾਲ ਸਿੱਧੇ ਸੰਵਾਦ ਦੀ ਸਕੀਰੀ
ਇਸ ਤਸਵੀਰ ਵਿਚ ਸ਼ਸ਼ੀਕਾਂਤ ਧੋਤਰੇ ਆਪਣੀ ਕਲਾ ਕਿਰਤ ਦੇ ਸਾਹਮਣੇ ਬੈਠਾ ਹੈ। ਜਾਪ ਇੰਜ ਰਿਹਾ ਹੈ ਜਿਵੇਂ ਉਹ ਕੋਲ ਬੈਠੀ ਮੁਟਿਆਰ ਨਾਲ ਗੱਲਾਂ ਕਰ ਰਿਹਾ ਹੋਵੇ। ਬੱਸ ਇਹੀ ਉਸ ਦੀਆਂ ਕਲਾ ਕਿਰਤਾਂ ਦੀ ਖਾਸੀਅਤ ਹੈ। ਇਹ ਦਰਸ਼ਕਾਂ ਨਾਲ ਸਿੱਧਾ ਸੰਵਾਦ ਛੇੜਦੀਆਂ ਹਨ ਅਤੇ ਦਿਲੋ-ਦਿਮਾਗ ਵਿਚ ਨਵੀਆਂ ਤਰੰਗਾਂ ਪੈਦਾ ਕਰਦੀਆਂ ਹਨ। ਇਸ ਬਾਬਤ ਉਹ ਆਖਦਾ ਹੈ ਕਿ ਉਹ ਆਪਣੀ ਇਸ ਪ੍ਰਾਪਤੀ ਤੋਂ ਪੂਰਾ ਬਾਗੋਬਾਗ ਹੈ। ਉਹ ਚਾਹੁੰਦਾ ਹੈ ਕਿ ਉਸ ਦੀ ਕਾਨੀ, ਕਾਗਜ਼ ਉਤੇ ਇਸੇ ਤਰ੍ਹਾਂ ਫਿਰਦੀ ਰਹੇ ਅਤੇ ਨਿੱਤ ਨਵੇਂ ਚਿੱਤਰ ਬਣਦੇ ਰਹਿਣ।