ਫਿਲਮ ‘ਗੰਗਾ ਜਮੁਨਾ’ ਦਾ ਜੋੜ

ਕੁਲਦੀਪ ਕੌਰ
1961 ਵਿਚ ਨਿਰਦੇਸ਼ਕ ਨਿਤਿਨ ਬੋਸ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਗੰਗਾ ਜਮੁਨਾ’ ਉਸ ਸਮੇਂ ਦੇ ਮਕਬੂਲ ਅਦਾਕਾਰ ਦੇਵ ਆਨੰਦ ਨੇ ਬਣਾਈ ਸੀ। ਫਿਲਮ ਨਾਲ ਜੁੜੇ ਕਈ ਤੱਥ ਬੇਹੱਦ ਦਿਲਚਸਪ ਹਨ। ਉਦੋਂ ਤੱਕ ਭਾਰਤੀ ਸਿਨੇਮਾ ਦੀ ਭਾਸ਼ਾ ਵਿਚ ਕਾਫ਼ੀ ਅੰਤਰ ਦੇਖਣ ਨੂੰ ਮਿਲ ਰਿਹਾ ਸੀ।

ਉਰਦੂ ਜ਼ੁਬਾਨ ਦਾ ਜਾਦੂ ਘਟ ਰਿਹਾ ਸੀ ਅਤੇ ਸਥਾਨਕ ਜਾਂ ਖੜੀ ਬੋਲੀ ਦੀਆਂ ਕਹਾਣੀਆਂ ਫਿਲਮੀ ਹਲਕਿਆਂ ਦਾ ਸਫ਼ਰ ਕਰ ਰਹੀਆਂ ਸਨ। ‘ਗੰਗਾ ਜਮੁਨਾ’ ਵਿਚ ਕਾਨੂੰਨ ਦੀ ਸਾਰਥਿਕਤਾ ‘ਤੇ ਤਾਂ ਸਵਾਲ ਉਠਾਏ ਹੀ ਗਏ, ਨਿਰਦੇਸ਼ਕ ਨਿਤਿਨ ਬੋਸ ਬਹੁਤ ਕਲਾਤਮਿਕ ਢੰਗ ਨਾਲ ਕਾਨੂੰਨ ਖਿਲਾਫ ਖੜ੍ਹੇ ਡਾਕੂ ਦੀ ਤਰਾਸਦੀ ਤੇ ਭਾਵਨਾਵਾਂ ਪਰਦੇ ‘ਤੇ ਸਾਕਾਰ ਕਰਦਾ ਹੈ। ਫਿਲਮ ਦੇ ਬਹੁਤੇ ਡਾਇਲਾਗ ਪੂਰਬੀ ਉਤਰ ਪ੍ਰਦੇਸ਼ ਵਿਚ ਬੋਲੀ ਜਾਂਦੀ ਖੜੀ ਬੋਲੀ ਭੋਜਪੁਰੀ ਵਿਚ ਸਨ। ਗੀਤਾਂ ਉਤੇ ਵੀ ਉਤਰ ਪ੍ਰਦੇਸ਼ ਦਾ ਗੂੜ੍ਹਾ ਰੰਗ ਸੀ।
ਫਿਲਮ ਵਿਚ ਦਿਲੀਪ ਕੁਮਾਰ ਤੋਂ ਬਿਨਾਂ ਵੈਜੰਤੀਮਾਲਾ, ਦਲੀਪ ਕੁਮਾਰ ਦਾ ਭਰਾ ਨਾਸਿਰ ਖਾਨ, ਕਨਈਆ ਲਾਲ ਅਤੇ ਅਨਵਰ ਹੁਸੈਨ ਵਰਗੇ ਸਮਰੱਥ ਅਦਾਕਾਰ ਸਨ। ਡਾਇਲਾਗ ਲੇਖਕ ਵਜਾਹਤ ਮਿਰਜ਼ਾ ਚੰਗੇਜ਼ੀ ਪਹਿਲਾਂ ‘ਮੁਗਲ-ਏ-ਆਜ਼ਮ’ ਅਤੇ ‘ਮਦਰ ਇੰਡੀਆ’ ਲਈ ਡਾਇਲਾਗ ਲਿਖ ਚੁੱਕੇ ਸਨ। ਫਿਲਮ ਦੀ ਕਹਾਣੀ ਦੋ ਭਰਾਵਾਂ ਦੇ ਇਰਦ-ਗਿਰਦ ਘੁੰਮਦੀ ਹੈ। ਵੱਡਾ ਭਰਾ ਪਿੰਡ ਦੇ ਆੜ੍ਹਤੀਏ ਦੁਆਰਾ ਦਿੱਤੀਆਂ ਨਿੱਤ ਦਿਨ ਦੀਆਂ ਧਮਕੀਆਂ ਅਤੇ ਜ਼ਲਾਲਤ ਤੋਂ ਪਰੇਸ਼ਾਨ ਹੋ ਕੇ ਡਾਕੂ ਬਣ ਜਾਂਦਾ ਹੈ। ਛੋਟਾ ਭਰਾ ਸ਼ਹਿਰ ਵਿਚ ਪੜ੍ਹ ਕੇ ਥਾਣੇਦਾਰ ਬਣਦਾ ਹੈ। ਵਕਤ ਤੇ ਹਾਲਾਤ ਦੋਵਾਂ ਨੂੰ ਇਕ-ਦੂਜੇ ਦੇ ਖਿਲਾਫ ਲਿਆ ਖੜ੍ਹਾ ਕਰਦੇ ਹਨ। ਫ਼ਰਜ਼ ਅਤੇ ਚੰਗਿਆਈ-ਬੁਰਾਈ ਦੀ ਜੰਗ ਵਿਚ ਭਾਵੇਂ ਛੋਟਾ ਭਰਾ ਵੱਡੇ ਨੂੰ ਗੋਲੀ ਮਾਰ ਕੇ ਮਾਰ ਦਿੰਦਾ ਹੈ, ਪਰ ਦਰਸ਼ਕਾਂ ਦੀਆਂ ਭਾਵਨਾਵਾਂ ਤੇ ਹਮਦਰਦੀ ਵੱਡੇ ਭਰਾ ਨਾਲ ਹਨ। ਫਿਲਮ ਦਾ ਸੰਗੀਤ ਨੌਸ਼ਾਦ ਨੇ ਦਿੱਤਾ ਸੀ। ਫਿਲਮ ਦੇ ਸਾਰੇ ਗਾਣੇ ਬੇਹੱਦ ਮਕਬੂਲ ਹੋਏ ਜਿਨ੍ਹਾਂ ਵਿਚੋਂ ਮੁੱਖ ਸਨ- ‘ਨਯਨ ਲੜ ਗਏ’ ਤੇ ‘ਦੋ ਹੰਸੋਂ ਕਾ ਜੋੜਾ ਵਿਛੁੜ ਗਿਉਂ ਰੇ’ ਨੇ ਇਕ ਵਾਰ ਤਾਂ ਉਤਰ ਪ੍ਰਦੇਸ਼ ਦੀਆਂ ਲੋਕ-ਧੁਨਾਂ ਨੂੰ ਦਰਸ਼ਕਾਂ ਦੀ ਜ਼ੁਬਾਨ ‘ਤੇ ਥਿਰਕਣ ਲਾ ਦਿੱਤਾ। ਫਿਲਮ ਰਾਹੀਂ ਜਿੱਥੇ ਭਾਸ਼ਾ ਦੇ ਪੱਧਰ ‘ਤੇ ਸਿਨੇਮਾ ਵਿਚ ਸਥਾਨਕ ਭਾਸ਼ਾਵਾਂ ਨੂੰ ਬਣਦਾ ਸਥਾਨ ਦੇਣ ਦੀ ਦਲੀਲ ਨੂੰ ਬਲ ਮਿਲਿਆ, ਉਥੇ ਦਲੀਪ ਕੁਮਾਰ ਆਪਣੇ ‘ਟਰੈਜਿਡੀ ਕਿੰਗ’ ਵਾਲੇ ਅਕਸ ਨੂੰ ਬਦਲਣ ਵਿਚ ਵੀ ਕੁਝ ਹੱਦ ਤੱਕ ਕਾਮਯਾਬ ਹੋਇਆ।
(ਚਲਦਾ)