ਟੋਰਾਂਟੋ ਫਿਲਮ ਮੇਲੇ ਵਿਚ ਮਾਈਕਲ ਮੂਰ ਦਾ ਮੇਲਾ

ਐਤਕੀਂ 40ਵੇਂ ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ਵਿਚ ਪ੍ਰਸਿੱਧ ਫਿਲਮਸਾਜ਼ ਮਾਈਕਲ ਮੂਰ ਦੀ ਨਵੀਂ ਫਿਲਮ ‘ਵ੍ਹੇਅਰ ਟੂ ਇਨਵੇਡ ਨੈਕਸਟ’ ਦਿਖਾਈ ਜਾ ਰਹੀ ਹੈ। ਇਹ ਫਿਲਮ ਅਮਰੀਕਾ ਦੀ ਹੋਰ ਮੂਲਕਾਂ ਪ੍ਰਤੀ ਧਾੜਵੀ ਪਹੁੰਚ ਬਾਰੇ ਹੈ। ਮਾਈਕਲ ਨੇ ਇਸ ਫਿਲਮ ਦੀ ਸ਼ੂਟਿੰਗ ਕਈ ਮੁਲਕਾਂ ਵਿਚ ਜਾ ਕੇ ਕੀਤੀ ਹੈ।

ਇਸ ਤੋਂ ਪਹਿਲਾਂ ਉਹ 9/11 ਬਾਰੇ ਚਰਚਿਤ ਫਿਲਮ ‘ਫਾਰਨਹੀਟ 9/11’ ਬਣਾ ਚੁੱਕਾ ਹੈ। ਇਸ ਤੋਂ ਇਲਾਵਾ ‘ਕੈਪੀਟਲਿਜ਼ਮ’, ‘ਸੀਕੋ’, ‘ਬਿਗਵੰਨ’ ਆਦਿ ਫਿਲਮਾਂ ਨਾਲ ਉਹਦੀ ਵਾਹਵਾ ਚਰਚਾ ਹੋਈ ਸੀ। 23 ਅਪਰੈਲ 1954 ਨੂੰ ਜਨਮੇ ਮਾਈਕਲ ਮੂਰ ਨੇ ਆਪਣਾ ਕਰੀਅਰ ਬਤੌਰ ਪੱਤਰਕਾਰ ਸ਼ੁਰੂ ਕੀਤਾ ਸੀ ਅਤੇ ਉਸ ਦੀ ਪਹਿਲੀ ਡਾਕੂਮੈਂਟਰੀ ਫਿਲਮ ‘ਰੋਜ਼ਰ ਐਂਡ ਮੀ’ 1989 ਆਈ ਸੀ। ਉਸ ਤੋਂ ਬਾਅਦ ਉਸ ਨੇ ਮੁੜ ਪਿਛਾਂਹ ਨਹੀਂ ਦੇਖਿਆ ਅਤੇ ਅੱਜ ਕੱਲ੍ਹ ਉਸ ਦੀ ਗਿਣਤੀ ਸੰਸਾਰ ਦੇ ਚੋਟੀ ਦੇ ਫਿਲਮਸਾਜ਼ਾਂ, ਪੱਤਰਕਾਰਾਂ ਅਤੇ ਕਾਰਕੁਨਾਂ ਵਿਚ ਹੁੰਦੀ ਹੈ। ਹੋਰ ਇਨਾਮਾਂ ਤੋਂ ਇਲਾਵਾ ਉਹ ਆਸਕਰ ਇਨਾਮ ਵੀ ਹਾਸਲ ਕਰ ਚੁੱਕਾ ਹੈ। ਉਹਦੀ ਹਰ ਫਿਲਮ ਇਕ ਤਰ੍ਹਾਂ ਨਾਲ ਸਿਆਸੀ ਸੁਨੇਹਾ ਹੀ ਹੁੰਦੀ ਹੈ ਅਤੇ ਬਿਰਤਾਂਤ ਬੜਾ ਠੁੱਕਦਾਰ ਹੁੰਦਾ ਹੈ।
___________________________

ਮੇਘਨਾ ਦੀ ‘ਤਲਵਾਰ’
ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ਵਿਚ ਫਿਲਮਸਾਜ਼ ਗੁਲਜ਼ਾਰ ਦੀ ਧੀ ਮੇਘਨਾ ਗੁਲਜ਼ਾਰ ਦੀ ਫਿਲਮ ‘ਤਲਵਾਰ’ ਦਿਖਾਈ ਜਾ ਰਹੀ ਹੈ। 10 ਤੋਂ 20 ਸਤੰਬਰ 2015 ਤੱਕ ਚੱਲਣ ਵਾਲੇ ਇਸ ਮੇਲੇ ਤੋਂ ਬਾਅਦ ਹੀ ਇਹ ਫਿਲਮ ਰਿਲੀਜ਼ ਕੀਤੀ ਜਾਵੇਗੀ। ਫਿਲਮ ਦਿੱਲੀ ਦੇ ਚਰਚਿਤ ਅਰੁਸ਼ੀ ਕਤਲ ਕਾਂਡ ਨੂੰ ਆਧਾਰ ਬਣਾ ਕੇ ਬਣਾਈ ਗਈ ਹੈ। ਮੇਘਨਾ ਦਾ ਦਾਅਵਾ ਹੈ ਕਿ ਇਸ ਫਿਲਮ ਵਿਚ ਇਸ ਕੇਸ ਦੀਆਂ ਕਈ ਤੰਦਾਂ ਪਹਿਲੀ ਵਾਰ ਫਰੋਲੀਆਂ ਗਈਆਂ ਹਨ। ਫਿਲਮ ਵਿਚ ਅਰੁਸ਼ੀ ਦਾ ਕਿਰਦਾਰ ਅਵੀਕਾ ਗੌੜ ਨੇ ਨਿਭਾਇਆ ਹੈ। ਅਵੀਕਾ ਗੁਜਰਾਤੀ ਅਦਾਕਾਰਾ ਹੈ ਅਤੇ ਉਸ ਨੇ ‘ਬਾਲਿਕਾ ਵਧੂ’ ਟੀæਵੀæ ਸ਼ੋਅ ਵਿਚ ਆਪਣੀ ਕਲਾ ਦੇ ਜੌਹਰ ਦਿਖਾਏ। ਅਵੀਕਾ ਤੋਂ ਇਲਾਵਾ ਫਿਲਮ ਵਿਚ ਇਰਫ਼ਾਨ ਖਾਨ, ਤੱਬੂ, ਕੋਨਕਨਾ ਸੇਨ ਸ਼ਰਮਾ ਅਤੇ ਸੋਹਮ ਸ਼ਾਹ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਸੰਗੀਤ ਵਿਸ਼ਾਲ ਭਾਰਦਵਾਜ ਦਾ ਹੈ। ਅਤੇ ਇਸ ਦੀ ਪਟਕਥਾ ਵੀ ਵਿਸ਼ਾਲ ਨੇ ਹੀ ਲਿਖੀ ਹੈ। ਦਰਅਸਲ ਮੇਘਨਾ ਗੁਲਜ਼ਾਰ ਦੀਆਂ ਪਹਿਲੀਆਂ ਫਿਲਮਾਂ ‘ਫਿਲਹਾਲ’ ਅਤੇ ‘ਜਸਟ ਮੈਰਿਡ’ ਚੱਲ ਨਹੀਂ ਸਕੀਆਂ ਅਤੇ ਹੁਣ ਮੇਘਨਾ ਦੀ ਬੇੜੀ ਪਾਰ ਲੰਘਾਉਣ ਦਾ ਜ਼ਿੰਮਾ ਵਿਸਾਲ ਭਾਰਦਵਾਜ ਨੇ ਚੁੱਕਿਆ ਹੈ। ਯਾਦ ਰਹੇ ਕਿ ਵਿਸ਼ਾਲ ਨੂੰ ਹੀ ਗੁਲਜ਼ਾਰ ਨੇ ਹੀ ਸਭ ਤੋਂ ਵੱਧ ਪ੍ਰੋਮੋਟ ਕੀਤਾ ਸੀ। ਵਿਸ਼ਾਲ ਹੁਣ ਆਪਣੇ ਗੁਰੂ ਦਾ ਕਰਜ਼ ਲਾਹ ਰਿਹਾ ਹੈ।