ਦੀਨਾਨਗਰ ‘ਚ ਦਹਿਸ਼ਤੀ ਹਮਲੇ ਨੇ ਛੇੜੇ ਸਵਾਲ

ਗੁਰਦਾਸਪੁਰ (ਗੁਰਵਿੰਦਰ ਸਿੰਘ ਵਿਰਕ): ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਦੀਨਾਨਗਰ ਵਿਚ ਵਾਪਰੀ ਘਟਨਾ ਨੇ ਪੰਜਾਬ ਵਿਚ ਅਤਿਵਾਦ ਬਾਰੇ ਮੁੜ ਚਰਚਾ ਛੇੜ ਦਿੱਤੀ ਹੈ। ਮਾਰੂ ਹਥਿਆਰਾਂ ਨਾਲ ਲੈਸ ਤਿੰਨ ਨੌਜਵਾਨਾਂ ਨੇ ਦੀਨਾਨਗਰ ਦੇ ਥਾਣੇ ‘ਤੇ ਹਮਲਾ ਕਰ ਦਿੱਤਾ। ਦਹਿਸ਼ਤਗਰਦਾਂ ਦੀ ਗੋਲੀਬਾਰੀ ਨਾਲ ਗੁਰਦਾਸਪੁਰ ਦੇ ਐਸ਼ਪੀæ (ਡੀæ) ਬਲਜੀਤ ਸਿੰਘ ਸਮੇਤ ਸੱਤ ਵਿਅਕਤੀ ਹਲਾਕ ਹੋ ਗਏ ਤੇ ਤਕਰੀਬਨ ਦਰਜਨ ਲੋਕ ਜ਼ਖ਼ਮੀ ਹੋਏ।

ਫ਼ੌਜੀ ਵਰਦੀ ਵਿਚ ਆਏ ਤਿੰਨ ਦਹਿਸ਼ਤਗਰਦ ਤਕਰੀਬਨ 12 ਘੰਟੇ ਚੱਲੇ ਮੁਕਾਬਲੇ ਦੌਰਾਨ ਮਾਰੇ ਗਏ। ਇਹ ਹਮਲਾ ਮੁੰਬਈ ਦੇ 26/11 ਹਮਲਿਆਂ ਦੀ ਤਰਜ਼ ਉਤੇ ਕੀਤਾ ਗਿਆ ਸੀ। ਇਸੇ ਦੌਰਾਨ ਇਸ ਹਮਲੇ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣ ਰਹੇ ਸੁਖਾਵੇਂ ਸਬੰਧਾਂ ਨੂੰ ਨਿਸ਼ਾਨਾ ਬਣਾਉਣ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਕ ਵਾਰ ਫਿਰ ਦਹਿਸ਼ਤ ਨਾਲ ਸਾਂਝ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ।
ਤਿੰਨੇ ਦਹਿਸ਼ਤਗਰਦ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਦੱਸੇ ਜਾ ਰਹੇ ਹਨ। ਪੰਜਾਬ ਪੁਲਿਸ ਦੇ ਮੁਖੀ ਨੇ ਖ਼ੁਲਾਸਾ ਕੀਤਾ ਕਿ ਦਹਿਸ਼ਤਗਰਦ ਬਮਿਆਲ ਸੈਕਟਰ ਰਾਹੀਂ ਪਾਕਿਸਤਾਨ ਤੋਂ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ। ਦੀਨਾਨਗਰ ਬੱਸ ਸਟੈਂਡ ਤੋਂ ਇਹ ਇਲਾਕਾ ਸਿਰਫ਼ 20 ਕਿਲੋਮੀਟਰ ਦੂਰ ਪੈਂਦਾ ਹੈ। ਦੱਸਿਆ ਜਾਂਦਾ ਹੈ ਕਿ ਦਹਿਸ਼ਤਗਰਦਾਂ ਦੀ ਯੋਜਨਾ ਅਮਰਨਾਥ ਸ਼ਰਧਾਲੂਆਂ ਨੂੰ ਬੰਦੀ ਬਣਾਉਣ ਦੀ ਸੀ ਪਰ ਕੁਝ ਕਾਰਨਾਂ ਕਰ ਕੇ ਉਨ੍ਹਾਂ ਆਪਣੀ ਯੋਜਨਾ ਆਖਰੀ ਪਲਾਂ ਵਿਚ ਬਦਲ ਲਈ ਤੇ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ।
ਅਤਿਵਾਦੀਆਂ ਨੇ ਸਵੇਰੇ ਤਕਰੀਬਨ 5æ15 ਵਜੇ ਦੀਨਾਨਗਰ ਵਿਚ ਦਾਖ਼ਲ ਹੁੰਦਿਆਂ ਬਿਜਲੀ ਘਰ ਸ਼ਿਕਾਇਤ ਕੇਂਦਰ ਦੇ ਨੇੜੇ ਜੰਮੂ ਜਾ ਰਹੀ ਬੱਸ ਨੂੰ ਰੋਕਣ ਲਈ ਗੋਲੀਆਂ ਚਲਾਈਆਂ। ਗੋਲੀਬਾਰੀ ਦੌਰਾਨ ਕੁਝ ਮੁਸਾਫ਼ਰ ਜ਼ਖ਼ਮੀ ਹੋਏੇ ਪਰ ਡਰਾਈਵਰ ਨੇ ਹੁਸ਼ਿਆਰੀ ਦਿਖਾਉਂਦਿਆਂ ਬੱਸ ਭਜਾ ਲਈ। ਇਸ ਤੋਂ ਬਾਅਦ ਸੈਵਨ ਸਟਾਰ ਹੋਟਲ ਦੇ ਮਾਲਕ ਕਮਲ ਮਠਾਰੂ ਉਤੇ ਗੋਲੀਆਂ ਚਲਾਈਆਂ ਤੇ ਉਸ ਦੀ ਕਾਰ ਖੋਹ ਕੇ ਬੱਸ ਸਟੈਂਡ ਵੱਲ ਨਿਕਲ ਗਏ। ਇਕ ਦਹਿਸ਼ਤਗਰਦ ਨੇ ਸ਼ਹਿਨਾਈ ਪੈਲੇਸ ਨੇੜੇ ਨਾਨ ਬਣਾਉਣ ਦੀ ਦੁਕਾਨ ਚਲਾਉਣ ਵਾਲੇ ਅਮਰਜੀਤ ਨੂੰ ਗੋਲੀ ਮਾਰ ਕੇ ਉਸ ਦੀ ਜਾਨ ਲੈ ਲਈ। ਉਹ ਲਗਾਤਾਰ ਗੋਲੀਆਂ ਚਲਾਉਂਦੇ ਹੋਏ ਥਾਣੇ ਅੰਦਰ ਦਾਖ਼ਲ ਹੋ ਗਏ। ਉਨ੍ਹਾਂ ਥਾਣੇ ਦੇ ਪਿਛਲੇ ਪਾਸੇ ਹੋਮਗਾਰਡ ਜਵਾਨਾਂ ਦੀ ਤਿੰਨ ਮੰਜ਼ਿਲਾ ਇਮਾਰਤ ਨੂੰ ਛੁਪਣਗਾਹ ਬਣਾ ਲਿਆ। ਥਾਣੇ ਅੰਦਰ ਹੋਮਗਾਰਡ ਦੇ ਤਿੰਨ ਜਵਾਨ ਦਹਿਸ਼ਤਗਰਦਾਂ ਦਾ ਮੁਕਾਬਲਾ ਕਰਦਿਆਂ ਹਲਾਕ ਹੋ ਗਏ। ਸਵਾ ਅੱਠ ਵਜੇ ਦੇ ਕਰੀਬ ਫ਼ੌਜ ਵੀ ਮੌਕੇ ਉਤੇ ਪਹੁੰਚ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਉਸ ਨੂੰ ਕਾਰਵਾਈ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਬਾਅਦ ਵਿਚ ਹੈਲੀਕਾਪਟਰ ਜ਼ਰੀਏ ਐਨæਐਸ਼ਜੀæ, ਪੰਜਾਬ ਕਮਾਂਡੋ ਅਤੇ ਸਵੈਟ ਅਲਟੀਮੇਟ ਦੇ ਜਵਾਨ ਉਥੇ ਪਹੁੰਚੇ ਤੇ ਉਨ੍ਹਾਂ ਪੁਲਿਸ ਨਾਲ ਮਿਲ ਕੇ ਦਹਿਸ਼ਤਗਰਦਾਂ ਖ਼ਿਲਾਫ਼ ਆਪਰੇਸ਼ਨ ਸ਼ੁਰੂ ਕੀਤਾ।
ਦੀਨਾਨਗਰ ਥਾਣੇ ਦੇ ਮੁਨਸ਼ੀ ਤੇ ਹੈਡ ਕਾਂਸਟੇਬਲ ਰਾਮ ਲਾਲ ਨੇ ਤਕਰੀਬਨ ਅੱਧੇ ਘੰਟੇ ਤੱਕ ਦਹਿਸ਼ਤਗਰਦਾਂ ਦਾ ਮੁਕਾਬਲਾ ਕੀਤਾ ਪਰ ਬਾਅਦ ਵਿਚ ਉਹ ਅਤਿਵਾਦੀਆਂ ਦੀਆਂ ਗੋਲੀਆਂ ਵੱਜਣ ਨਾਲ ਜ਼ਖ਼ਮੀ ਹੋ ਗਿਆ। ਉਧਰ ਦੀਨਾਨਗਰ ਦੇ ਤਾਰਾਗੜ੍ਹ ਮੋੜ ਨੇੜੇ ਹਮਲੇ ਤੋਂ ਪਹਿਲਾਂ ਦਹਿਸ਼ਤਗਰਦਾਂ ਦੀ ਸੜਕ ਉਤੇ ਘੁੰਮਦਿਆਂ ਦੀ ਸੀæਸੀæਟੀæਵੀæ ਫੁਟੇਜ ਸਾਹਮਣੇ ਆਈ ਹੈ। ਫੁਟੇਜ ਵਿਚ ਤਿੰਨ ਜਣੇ ਫ਼ੌਜੀ ਵਰਦੀ ਤੇ ਏæਕੇæ 47 ਹੱਥ ਵਿਚ ਫੜੀ ਨਜ਼ਰ ਆ ਰਹੇ ਹਨ।
ਰੇਲਵੇ ਟਰੈਕਮੈਨ ਦੀ ਫੁਰਤੀ: ਰੇਲਵੇ ਦੇ ਟਰੈਕਮੈਨ ਅਸ਼ਵਨੀ ਸੈਣੀ ਵੱਲੋਂ ਸਮੇਂ ਸਿਰ ਦਿਖਾਈ ਮੁਸਤੈਦੀ ਨਾਲ 270 ਵਿਅਕਤੀਆਂ ਦੀ ਜਾਨ ਬਚ ਗਈ। ਪਠਾਨਕੋਟ ਤੋਂ 5æ10 ਉੱਤੇ ਤੁਰੀ ਰੇਲ ਗੱਡੀ ਨੂੰ ਉਸ ਪੁਲ ਤੋਂ ਸਿਰਫ ਸੌ ਮੀਟਰ ਦੂਰ ਰੋਕ ਲਿਆ ਗਿਆ, ਜਿਸ ਪੁਲ ਉੱਤੇ ਅਤਿਵਾਦੀਆਂ ਨੇ ਪੰਜ ਬੰਬ ਰੱਖੇ ਸਨ। ਰੇਲ ਗੱਡੀ ਦੇ ਸੱਤ ਡੱਬੇ ਸਨ। ਇਹ ਪੁਲ ਦੀਨਾਨਗਰ ਤੋਂ ਸਿਰਫ ਦੋ ਕਿਲੋਮੀਟਰ ਹੀ ਦੂਰ ਪੈਂਦਾ ਹੈ। ਅਸ਼ਵਨੀ ਸੈਣੀ ਦੀ ਦੀਨਾਨਗਰ ਤੋਂ ਝੱਖੋਲਾਰੀ ਤੱਕ ਰੇਲਵੇ ਲਾਈਨ ਉੱਤੇ ਡਿਊਟੀ ਸੀ।
ਪਾਕਿਸਤਾਨ ਨੂੰ ਚਿਤਾਵਨੀ: ਦੀਨਾਨਗਰ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਮਿੱਤਰਤਾ ਵਾਲੇ ਸਬੰਧ ਚਾਹੁੰਦਾ ਹੈ, ਪਰ ਜੇ ਰਾਸ਼ਟਰੀ ਸਵੈਮਾਣ ਨੂੰ ਚੁਣੌਤੀ ਦਿੱਤੀ ਗਈ ਤਾਂ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ਗੁਆਂਢੀ ਨੂੰ ਦੱਸਣਾ ਚਾਹੁੰਦੇ ਹਨ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਆਪਣੇ ਰਾਸ਼ਟਰੀ ਸਵੈਮਾਣ ਦੀ ਕੀਮਤ ਉਤੇ ਨਹੀਂ। ਅਸੀਂ ਪਹਿਲਾਂ ਹਮਲਾ ਨਹੀਂ ਕਰਾਂਗੇ ਪਰ ਜੇਕਰ ਚੁਣੌਤੀ ਦਿੱਤੀ ਗਈ ਤਾਂ ਮੂੰਹ-ਤੋੜ ਜਵਾਬ ਦੇਵਾਂਗੇ।
ਬਹਿਸ ਵਿਚ ਉਲਝੀਆਂ ਸੁਰੱਖਿਆ ਏਜੰਸੀਆਂ: ਹਮਲੇ ਤੋਂ ਬਾਅਦ ਆਤਮ-ਚਿੰਤਨ ਦੀ ਥਾਂ ਸੁਰੱਖਿਆ ਏਜੰਸੀਆਂ ਹਮਲੇ ਦੀ ਅਗਾਊਂ ਜਾਣਕਾਰੀ ਹੋਣ ਦਾ ਦਾਅਵਾ ਕਰਨ ਦੇ ਨਾਲ-ਨਾਲ ਇਕ-ਦੂਜੇ ਉਤੇ ਜ਼ਿੰਮੇਵਾਰੀ ਮੜ੍ਹਨ ਦੇ ਰਾਹ ਪੈ ਗਈਆਂ ਹਨ। ਸੂਬਾਈ ਏਜੰਸੀ ਕਹਿ ਰਹੀ ਹੈ ਕਿ ਉਸ ਨੇ ਸਰਹੱਦ ਪਾਰੋਂ ਅਤਿਵਾਦੀਆਂ ਦੀ ਘੁਸਪੈਠ ਦੀ ਸੰਭਾਵਨਾ ਸਬੰਧੀ ਸੀਮਾ ਸੁਰੱਖਿਆ ਬਲਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਦੂਜੇ ਪਾਸੇ ਇੰਟੈਲੀਜੈਂਸ ਬਿਊਰੋ (ਆਈæਬੀæ) ਤੇ ਸੁਰੱਖਿਆ ਬਲ ਸੂਬਾ ਪੁਲਿਸ ਨੂੰ ਇਸ ਹਮਲੇ ਦੀ ਸੰਭਾਵਨਾ ਬਾਰੇ ਪਹਿਲਾਂ ਹੀ ਜਾਣਕਾਰੀ ਦੇਣ ਦੇ ਦਾਅਵੇ ਕਰ ਰਹੇ ਹਨ।
_____________________________________
ਖਾਲਿਸਤਾਨ ਨਾਲ ਸਬੰਧ ਤੋਂ ਇਨਕਾਰ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪੁਲਿਸ ਮੁਖੀ ਸੁਮੇਧ ਸੈਣੀ ਨੇ ਖਾਲਿਸਤਾਨ ਪੱਖੀ ਸਰਗਰਮੀਆਂ ਦੇ ਘਟਨਾ ਨਾਲ ਜੁੜੇ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕਰਦਿਆਂ ਇਸ ਨੂੰ ਸਰਹੱਦ ਪਾਰ ਦੇ ਅਤਿਵਾਦ ਦਾ ਦਖ਼ਲ ਕਰਾਰ ਦਿੱਤਾ। ਉਨ੍ਹਾਂ ਜਿਥੇ ਕੇਂਦਰ ਵੱਲੋਂ ਅਜਿਹੇ ਹਮਲੇ ਦੀ ਕਿਸੇ ਅਗਾਊਂ ਸੂਚਨਾ ਦੇ ਦਾਅਵੇ ਨੂੰ ਨਕਾਰਿਆ, ਉਥੇ ਕੇਂਦਰ ਸਰਕਾਰ ਨੂੰ ਅਤਿਵਾਦ ਦੇ ਖਾਤਮੇ ਲਈ ਠੋਸ ਕੌਮੀ ਨੀਤੀ ਅਪਨਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਦੀਆਂ ਜਾਨਾਂ ਅਤਿਵਾਦ ਦੀ ਭੇਟ ਨਹੀਂ ਚੜ੍ਹਨ ਦਿੱਤੀਆਂ ਜਾ ਸਕਦੀਆਂ। ਅਤਿਵਾਦ ਇਕ ਕੌਮੀ ਸਮੱਸਿਆ ਹੈ, ਜੋ ਕੌਮਾਂਤਰੀ ਸਰਹੱਦ ਨਾਲ ਜੁੜੀ ਹੋਣ ਕਾਰਨ ਸੂਬਾ ਸਰਕਾਰ ਦੇ ਵਸੋਂ ਬਾਹਰ ਹੈ। ਮੁੱਖ ਮੰਤਰੀ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਨਾਲ 29 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਹੈ।
_____________________________________
ਇਸ ਤਰ੍ਹਾਂ ਵਾਪਰਿਆ ਘਟਨਾਕ੍ਰਮæææ
5:10- ਸਵੇਰੇ ਫੌਜੀ ਵਰਦੀ ਵਿਚ ਆਏ ਅਤਿਵਾਦੀਆਂ ਨੇ ਚਾਲਕ ਨੂੰ ਗੋਲੀ ਮਾਰ ਕੇ ਕਾਰ ਖੋਹੀ।
5æ12- ਅੱਧਾ ਕਿੱਲੋਮੀਟਰ ਅੱਗੇ ਜਾ ਕੇ ਢਾਬੇ ਵਾਲੇ ਨੂੰ ਗੋਲੀ ਮਾਰੀ ਤੇ ਬੱਸ ਅੱਡੇ ਵੱਲ ਵਧੇ।
5æ13- ਰੋਡਵੇਜ਼ ਦੀ ਬੱਸ ‘ਤੇ ਗੋਲੀਆਂ ਚਲਾ ਕੇ ਚਾਰ ਲੋਕਾਂ ਨੂੰ ਜ਼ਖਮੀ ਕੀਤਾ।
5æ15- ਦੀਨਾਨਗਰ ਥਾਣੇ ਵਿਚ ਦਾਖਲ ਹੋਏ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
8:43- ਡੀæਸੀæ ਵੱਲੋਂ ਫੌਜ ਬੁਲਾਉਣ ਦਾ ਫ਼ੇਸਲਾ।
11æ45- ਐਸ਼ਪੀæ ਬਲਜੀਤ ਸਿੰਘ ਦੇ ਸਿਰ ਵਿਚ ਗੋਲੀ ਲੱਗੀ, ਮੌਤ।
2æ30- ਹੈਲੀਕੈਪਟਰ ਰਾਹੀਂ ਐਨæਐਸ਼ਜੀæ ਕਮਾਂਡੋ ਪੁੱਜੇ।
4æ45- ਤਿੰਨਾਂ ਅਤਿਵਾਦੀਆਂ ਦੀ ਮੌਤ ਦੀ ਪੁਸ਼ਟੀ।