ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਹਰ ਹਫਤੇ ਆਪਣੇ ਕਾਲਮ ‘ਨਿੱਕ-ਸੁੱਕ’ ਰਾਹੀਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨਾਲ ਮੇਲਾ ਕਰਦੇ ਹਨ। ਇਸ ਵਾਰ ਅਸੀਂ ਉਨ੍ਹਾਂ ਦੀ ਕਹਾਣੀ ‘ਅਮਰ ਕਥਾ’ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਕਹਾਣੀ ਵਿਚ ਧੀਆਂ ਦਾ ਦਰਦ ਹੈ, ਇਹ ਦਰਅਸਲ ਦਰਦ ਦੀ ਕੋਈ ਇੰਤਹਾ ਹੈ। ਖਾਮੋਸ਼ੀ ਇਸ ਦਰਦ ਨੂੰ ਝੱਲ ਸਕਣ ਦਾ ਕੋਈ ਝਉਲਾ ਮਾਤਰ ਹੀ ਹੈ; ਨਹੀਂ ਤਾਂ ਦਰਦ ਤਾਂ ਸੱਤ ਕੰਧਾਂ ਪਾੜ ਕੇ ਵੀ ਸਾਹਵੇਂ ਆਣ ਖਲੋਂਦਾ ਹੈ। ਇਹ ਕਹਾਣੀ ਨਿਰੀ ਦਰਦ ਦੀ ਹੀ ਕਹਾਣੀ ਨਹੀਂ, ਇਸ ਵਿਚ ਦਰਦ ਵੰਡਣ ਵਾਲਿਆਂ ਲਈ ਬਹੁਤ ਤਿੱਖੀਆਂ ਚੋਭਾਂ ਹਨ। ਇਹ ਚੋਭਾਂ ਪਾਠਕ-ਮਨ ਲਈ ਸ਼ਾਇਦ ਮੱਲ੍ਹਮ ਵਾਲਾ ਕੰਮ ਕਰਦੀਆਂ ਹਨ। ਇਹ ਕਹਾਣੀ ਬੰਦੇ ਅੰਦਰ ਹਰ ਵੇਲੇ ਸੁੰਗੜਦੀ-ਫੈਲਦੀ ਮਾਨਵਤਾ ਦੀ ਕੋਈ ਅਮਰ ਕਥਾ ਹੈ। ਗੁਲਜ਼ਾਰ ਸਿੰਘ ਸੰਧੂ ਨੇ ਇਹ ਅਮਰ ਕਥਾ ਜਿੰਨੇ ਸਹਿਜ ਨਾਲ ਸੁਣਾਈ ਹੈ, ਮਨ ਅੰਦਰ ਉਤਨੇ ਹੀ ਵੱਧ ਜ਼ੋਰ ਨਾਲ ਖੌਰੂ ਪੈਣ ਲਗਦਾ ਹੈ। -ਸੰਪਾਦਕ
ਗੁਲਜ਼ਾਰ ਸਿੰਘ ਸੰਧੂ
ਇਹ ਕਹਾਣੀ ਬੰਗਲਾ ਦੇਸ਼ ਦੀ ਨਹੀਂ।
ਹਰ ਕਹਾਣੀ ਬੰਗਲਾ ਦੇਸ਼ ਦੀ ਹੋ ਹੀ ਨਹੀਂ ਸਕਦੀ।
ਬੰਗਲਾ ਦੇਸ਼ ਤਾਏ ਨੱਥਾ ਸਿੰਘ ਨੇ ਵੇਖਿਆ ਹੀ ਕਦੋਂ ਸੀ? ਦੇਖੀ ਸੁਣੀ ਗੱਲ ਦਾ ਫਰਕ ਵੀ ਤਾਂ ਹੁੰਦਾ ਹੈ। ਜੇ ਸੱਚ ਪੁੱਛੋ ਤਾਂ ਉਸ ਨੇ ਵੇਖਿਆ ਹੀ ਕੀ ਸੀ। ਇਕ ਬੰਨੇ ਰੋਪੜ ਤੇ ਦੂਜੇ ਬੰਨੇ ਰਾਜਪੁਰਾ। ਇੱਜ਼ਤਦਾਰ ਬੰਦੇ ਦਾ ਭੂਗੋਲ ਹੁੰਦਾ ਹੀ ਕਿੰਨਾ ਕੁ ਹੈ। ਕਿਸੇ ਨਾਲ ਲੜਾਈ ਨਹੀਂ, ਕਿਸੇ ਨਾਲ ਝਗੜਾ ਨਹੀਂ। ਤਹਿਸੀਲ ਤੇ ਜ਼ਿਲ੍ਹੇ ਦੀ ਕਚਹਿਰੀ ਤਾਂ ਇਕ ਪਾਸੇ ਰਹੀ, ਆਪਣਾ ਥਾਣਾ ਹੀ ਨਹੀਂ ਵੇਖਿਆ ਹੁੰਦਾ।
ਤਾਏ ਦਾ ਇਤਿਹਾਸ ਸਿੱਖ ਇਤਿਹਾਸ ਨਾਲੋਂ ਵੀ ਛੋਟਾ ਸੀ। ਮਾਤਾ ਗੁਜਰੀ, ਦਸਵੀਂ ਪਾਤਸ਼ਾਹੀ, ਚਾਰੇ ਸਾਹਿਬਜ਼ਾਦੇ ਤੇ ਸਰਹਿੰਦ ਤੱਕ ਸੀਮਤ। ਤਾਇਆ ਅਨੰਦਪੁਰ ਤੱਕ ਜਾ ਸਕਦਾ ਸੀ ਪਰ ਉਸ ਨੇ ਪਰਵਾਹ ਨਹੀਂ ਸੀ ਕੀਤੀ। ਉਸ ਦੇ ਕਹਿਣ ਅਨੁਸਾਰ ਸਾਰੇ ਗੁਰਧਾਮ ਇਕ ਬਰਾਬਰ ਸਨ।
ਉਂਜ ਵੀ ਉਸ ਦੇ ਪਿੰਡ ਢੋਲੇਵਾਲ ਦਾ ਬਾਹਰਲੀ ਸਭਿਅਤਾ ਨਾਲ ਵਾਸਤਾ ਨਹੀਂ ਸੀ। ਭੜੀ ਜਾ ਕੇ ਖੰਨੇ ਨੂੰ ਤਾਂਗਾ ਮਿਲਦਾ ਸੀ, ਬਸੀ ਪਠਾਣਾਂ ਤੋਂ ਰਾਜਪੁਰੇ ਨੂੰ ਗੱਡੀ ਤੇ ਸੰਘੋਲ ਪਹੁੰਚ ਕੇ ਲੁਧਿਆਣੇ ਨੂੰ ਬੱਸ।
ਬੰਗਲਾ ਦੇਸ਼ ਤਾਂ ਦੂਰ ਦੀ ਗੱਲ ਹੈ, ਉਸ ਨੇ ਪਟਿਆਲਾ ਨਹੀਂ ਸੀ ਤੱਕਿਆ ਜਿਥੇ ਰਾਜਿਆਂ ਦੇ ਮਹਿਲ ਸਨ, ਬਾਰਾਂਦਰੀ ਸੀ ਤੇ ਦੂਖ ਨਿਵਾਰਨ ਸੀ। ‘ਮੈਂ ਕਿਹੜਾ ਵੋਟਾਂ ਲੈਣੀਐਂ।’ ਉਸ ਦਾ ਇੰਨਾ ਹੀ ਉਤਰ ਹੁੰਦਾ।
ਹਾਂ, ਬੰਗਾਲ ਦੇ ਜਾਦੂ ਬਾਰੇ ਉਸ ਨੇ ਕਿਸੇ ਕਿੱਸੇ ਵਿਚ ਪੜ੍ਹਿਆ ਸੀ। ਕਾਮਰੂਪ ਦੀਆਂ ਕਾਮਣੀਆਂ ਬਾਰੇ, ਕਾਲੀਆਂ ਅੱਖਾਂ ਕਾਲੇ ਵਾਲ। ਆਦਮੀ ਨੂੰ ਮੀਂਢਾ ਬਣਾ ਕੇ ਉਸ ਦੀ ਸਵਾਰੀ ਕਰਦੀਆਂ, ਪਰ ਕੀ ਲੈਣਾ ਸੀ ਕਿਸੇ ਦੀ ਸਵਾਰੀ ਬਣ ਕੇ। ਉਸ ਦੀ ਘਰ ਵਾਲੀ ਕਿਸ ਤੋਂ ਘੱਟ ਸੀ। ਧੀਆਂ ਸਨ, ਪੁੱਤਰ ਸਨ। ਪਿੰਡ ਸੀ, ਪਿੰਡ ਦੀ ਇੱਜ਼ਤ ਸੀ। ਉਸ ਦੇ ਕਿਹੜੀ ਨਕੇਲ ਨਹੀਂ ਸੀ ਪਈ ਹੋਈ? ਘਰੋਂ ਨਿਕਲਣਾ ਸੰਭਵ ਹੀ ਨਹੀਂ ਸੀ।
ਜਦੋਂ ਅਕਾਸ਼ਵਾਣੀ ਤੋਂ ਬੰਗਲਾ ਦੇਸ਼ ਦੇ ਹੁਸਨ ਨਾਲ ਅਤਿਆਚਾਰਾਂ ਦੀਆਂ ਖ਼ਬਰਾਂ ਆਉਂਦੀਆਂ ਤਾਂ ਉਹ ਕੇਵਲ ਦੋ ਅੱਖਰ ਬੋਲਦਾ, ‘ਮੂਰਖ ਕਿਸੇ ਥਾਂ ਦੇ’, ਤੇ ਮੁੜ ਆਪਣੇ ਕੰਮ ਲੱਗ ਜਾਂਦਾ। ਇਹ ਵੀ ਪਤਾ ਨਹੀਂ ਸੀ ਲਗਦਾ ਕਿ ਉਹ ਇਹ ਸ਼ਬਦ ਅਤਿਆਚਾਰ ਕਰਨ ਵਾਲਿਆਂ ਲਈ ਵਰਤਦਾ ਸੀ ਜਾਂ ਕਿਸੇ ਹੋਰ ਲਈ।
ਅਤਿਆਚਾਰ ਤਾਏ ਲਈ ਨਵੀਂ ਗੱਲ ਨਹੀਂ ਸੀ। ਰਾਜ ਅਧਿਕਾਰੀ ਤਾਂ ਪਰਜਾ ‘ਤੇ ਅਤਿਆਚਾਰ ਕਰਦੇ ਹੀ ਆਏ ਹਨ। ਉਸ ਨੇ ਇਸ ਤੋਂ ਵੀ ਘੋਰ ਅਤਿਆਚਾਰ ਤੱਕੇ ਸਨ। ਇਹ ਅਤਿਆਚਾਰ ਉਸ ਨੂੰ ਕੱਲ੍ਹ ਵਾਂਗ ਚੇਤੇ ਸਨ। ਸੁਤੰਤਰਤਾ ਮਿਲਣੀ, ਪਾਕਿਸਤਾਨ ਬਣਨਾ ਤੇ ਵਸੋਂ ਦਾ ਤਬਾਦਲਾ। ਪਾਕਿਸਤਾਨ ਜਾਣ ਤੋਂ ਬਚਣ ਲਈ ਮੁਸਲਮਾਨਾਂ ਦਾ ਈਨ ਮੰਨਣਾ। ਉਸ ਦੇ ਆਪਣੇ ਪਿੰਡ ਢੋਲੇਵਾਲ ਦੇ ਮੁਸਲਮਾਨਾਂ ਦਾ ਪਾਕਿਸਤਾਨ ਜਾਣ ਦੀ ਥਾਂ ਧਰਮ ਬਦਲ ਲੈਣ ਦਾ ਫ਼ੈਸਲਾ। ਇੱਥੇ ਜੰਮੇ, ਇੱਥੇ ਪਲੇ, ਇੱਥੇ ਹੀ ਮਰਾਂਗੇ। ਢੋਲੇਵਾਲ ਦੀ ਮਿੱਟੀ ਉਨ੍ਹਾਂ ਨੂੰ ਮਾਂ ਦੀ ਕੁੱਖ ਵਾਂਗ ਸੀ। ਮਾਂ ਨੂੰ ਛੱਡ ਕੇ ਕੌਣ ਜਾਂਦਾ ਹੈ!
ਪਰ ਪੰਥ ਦੇ ਰਾਖੇ ਢੋਲੇਵਾਲ ਆ ਵੜੇ ਸਨ। ਸਿਖ਼ਰ ਦੁਪਹਿਰੇ, ਕੜਕਦੀ ਧੁੱਪੇ। ਬਰਛੇ ਛਵ੍ਹੀਆਂ ਤੇ ਬੰਦੂਕਾਂ। ਚੰਡੀ ਦੀ ਜੈ ਜੈ। ਬੋਲੇ ਸੋ ਨਿਹਾਲ। ਸਲ੍ਹਾ ਦੀ ਸਲ੍ਹਾ। ਹਰ ਮੁਸਲਮਾਨ ਹਰ ਹਿੰਦੂ ਦਾ ਦੁਸ਼ਮਣ। ਅਰਾਈਂ, ਗੁੱਜਰ, ਭਰਾਈ, ਮਰਾਸੀ-ਸਭ ਦੇ ਸਭ। ਕਿੱਥੇ ਨਿੱਕਾ ਜਿਹਾ ਪਿੰਡ, ਕਿੱਥੇ ਇਸ ਨੂੰ ਲੁੱਟਣ ਵਾਲਾ ਵੀਹ ਪਿੰਡਾਂ ਦਾ ਲਸ਼ਕਰ। ਗਹਿਣੇ ਬੋਝੇ, ਨਕਦੀ ਖ਼ੀਸੇ, ਗੱਭਰੂ ਕਤਲ, ਸੁੰਦਰੀਆਂ ਬੇਪੱਤ। ਹੱਥ ਜੁੜਦੇ ਸਨ, ਤਾਂ ਹੱਥ ਨਹੀਂ; ਸਿਰ ਨਿਵਦਾ ਸੀ ਤਾਂ ਸਿਰ ਨਹੀਂ। ਚਾਲੀ ਕਤਲ ਤੇ ਵੀਹ ਬੇਪੱਤੀਆਂ। ਨਸੀਰੋ ਕੀ ਤੇ ਬਖਤੋ ਕੀ। ਬੱਚੇ ਇੱਧਰ, ਮਾਂਵਾਂ ਓਧਰ। ਬਾਹਰੋਂ ਆਏ ਮਨ ਆਈ ਕਰ ਰਹੇ ਸਨ ਤੇ ਪਿੰਡ ਵਾਲੇ ਵੇਖ ਰਹੇ ਸਨ। ਸੈਨਾ ਦੀ ਸੈਨਾ ਅੱਗੇ ਪਿੰਡ ਵਾਲਿਆਂ ਦੀ ਪੇਸ਼ ਵੀ ਕੀ ਜਾਂਦੀ ਸੀ। ਸਾਰਾ ਪਿੰਡ ਖੱਸੀ ਹੋਇਆ ਖੜ੍ਹਾ ਸੀ, ਮੁਸਲਮਾਨ ਘੱਟ ਤੇ ਹਿੰਦੂ ਸਿੱਖ ਉਨ੍ਹਾਂ ਤੋਂ ਵੱਧ। ਧਾੜਵੀਆਂ ਦਾ ਕਹਿਣਾ ਸੀ-ਉਹ ਦਸਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦਾ ਬਦਲਾ ਲੈ ਰਹੇ ਸਨ, ਮਾਤਾ ਗੁਜਰੀ ਦਾ ਤੇ ਬੰਦੇ ਬਹਾਦਰ ਦਾ।
ਇਹ ਕਿਵੇਂ ਹੋਇਆ ਸੀ ਤੇ ਕਿਉਂ ਹੋਇਆ ਸੀ? ਕਿਸੇ ਕੋਲ ਵੀ ਇਸ ਦਾ ਕੋਈ ਉਤਰ ਨਹੀਂ ਸੀ। ਸਭ ਨੂੰ ਦੂਹਰਾ ਦੁੱਖ ਸੀ-ਬੰਦੇ ਮਰਨ ਦਾ ਵੱਖਰਾ ਤੇ ਪਿੰਡ ਵਾਲਿਆਂ ਦੀ ਮਰਜ਼ੀ ਤੋਂ ਬਿਨਾਂ ਮਰਨ ਦਾ ਵੱਖਰਾ।
ਪਿੰਡ ਦੀ ਇੱਜ਼ਤ ਸਾਂਝੀ ਹੁੰਦੀ ਹੈ ਤੇ ਸਾਂਝੀ ਇੱਜ਼ਤ ਲੁੱਟੀ ਜਾ ਚੁੱਕੀ ਸੀ। ਨਿਆਮਤ, ਨਸੀਰੋ ਤੇ ਬਖਤੋ ਨੂੰ ਧਾੜਵੀ ਉਧਾਲ ਕੇ ਲੈ ਗਏ ਸਨ। ਪਿੰਡ ਵਾਲੇ ਬੇਪੱਤ ਹੋ ਗਏ ਸਨ। ਭਰੇ ਮੇਲੇ ਵਿਚ ਬੇਪੱਤ। ਇਹ ਬੇਪੱਤੀ ਮੁਸਲਮਾਨਾਂ ਨਾਲੋਂ ਹਿੰਦੂ-ਸਿੱਖਾਂ ਦੀ ਵਧੇਰੇ ਸੀ। ਤਾਇਆ ਇਸ ਬੇਇੱਜ਼ਤੀ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੂੰ ਪੂਰੀਆਂ ਸੱਤ ਰਾਤਾਂ ਨੀਂਦ ਨਹੀਂ ਸੀ ਆਈ। ਪੂਰੇ ਸੱਤ ਦਿਨ ਉਹ ਕਿਸੇ ਮੁਸਲਮਾਨ ਦੇ ਮੱਥੇ ਨਹੀਂ ਸੀ ਲੱਗ ਸਕਿਆ। ਮੱਥੇ ਲਗਣ ਦੇ ਡਰੋਂ ਬਾਹਰ ਨਹੀਂ ਸੀ ਨਿਕਲਿਆ। ਮਸਾਂ ਸੱਤਵੇਂ ਦਿਨ ਉਸ ਦੇ ਮਨ ਨੂੰ ਸ਼ਾਂਤੀ ਮਿਲੀ ਸੀ; ਉਹ ਵੀ ਇਸ ਗੱਲ ਤੋਂ ਕਿ ਨਾਲ ਦੇ ਪਿੰਡ ਮੁੱਲਾਂਪੁਰ ਵਿਚ ਇਸ ਤੋਂ ਵੀ ਭੈੜਾ ਹਾਲ ਸੀ। ਮਕਾਨਾਂ ਦੀਆਂ ਇੱਟਾਂ, ਬਾਲੇ, ਸ਼ਤੀਰੀਆਂ, ਬੂਹੇ ਤੇ ਬਾਰੀਆਂ ਗਾਇਬ ਸਨ। ਮੁਰਦੇ ਬੂ ਮਾਰ ਰਹੇ ਸਨ। ਉਨ੍ਹਾਂ ਨੂੰ ਦੱਬਣ-ਫੂਕਣ ਵਾਲਾ ਕੋਈ ਨਹੀਂ ਸੀ ਮਿਲਿਆ। ਪਿੰਜਰਾਂ ਦੇ ਪਿੰਜਰ, ਲੱਤਾਂ-ਬਾਹਾਂ ਤੇ ਖੋਪਰੀਆਂ। ਜਿਹੜੀਆਂ ਲੋਥਾਂ ਮਲਬੇ ਵਿਚ ਦੱਬੀਆਂ ਗਈਆਂ ਸਨ, ਉਨ੍ਹਾਂ ਦੀ ਇੱਜ਼ਤ ਰਹਿ ਗਈ ਸੀ; ਬਾਕੀ ਬੇਪੱਤ ਸਨ-ਟੁੱਟੀਆਂ ਵੰਗਾਂ, ਲੀਰੋ ਲੀਰ ਸਲਵਾਰਾਂ, ਭੋਥੇ ਤੇ ਚੁੰਨੀਆਂ।
ਗਵਾਂਢੀ ਪਿੰਡ ਦੀ ਵਡੇਰੀ ਬੇਪੱਤੀ ਨੇ ਢੋਲੇਵਾਲ ਦੀ ਪੱਤ ਰੱਖ ਲਈ ਸੀ। ਉਸ ਬੇਪੱਤੀ ਦੇ ਟਾਕਰੇ ਉਤੇ ਢੋਲੇਵਾਲ ਦੀ ਬੇਇੱਜ਼ਤੀ ਕੁਝ ਵੀ ਨਹੀਂ ਸੀ। ਤਾਏ ਨੱਥਾ ਸਿੰਘ ਨੇ ਬੇਇੱਜ਼ਤੀ ਨੂੰ ਹਜ਼ਮ ਕਰਨ ਦਾ ਢੰਗ ਲੱਭ ਲਿਆ ਸੀ।
ਥੋੜ੍ਹੇ ਦਿਨਾਂ ਪਿੱਛੋਂ ਇਹ ਵੀ ਪਤਾ ਲੱਗ ਗਿਆ ਸੀ ਕਿ ਨਸੀਰੋ ਨੂੰ ਸੈਦਪੁਰੇ ਦਾ ਦਰਬਾਰਾ ਲੈ ਗਿਆ ਸੀ, ਨਿਆਮਤੋ ਨੂੰ ਦੁਲੁਆਂ ਦਾ ਬੰਤੂ ਤੇ ਬਖ਼ਤੋ ਨੂੰ ਚੜ੍ਹੀ ਵਾਲਾ ਸੰਤੂ। ਪਤਾ ਲੱਗਣ ਤੱਕ ਕੁੜੀਆਂ ਦੇ ਮਾਪੇ ਪਾਕਿਸਤਾਨ ਜਾ ਚੁੱਕੇ ਸਨ, ਤੇ ਕੁੜੀਆਂ ਉਨ੍ਹਾਂ ਦੇ ਘਰਾਂ ਦੀਆਂ ਦਾਸੀਆਂ ਹੋ ਚੁੱਕੀਆਂ ਸਨ। ਤਿੰਨ ਮਹੀਨੇ ਪੁਰਾਣੀ ਘਟਨਾ ਦਾ ਰੌਲਾ ਪਾਉਣ ਦੀ ਕੀ ਲੋੜ ਸੀ। ਗੱਲ ਆਈ-ਗਈ ਹੋ ਗਈ।
ਸਦਾ ਵਾਂਗ ਮੇਲੇ, ਛਿੰਞਾਂ ਤੇ ਰਾਸਾਂ ਪੈਣ ਲੱਗੀਆਂ। ਸਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਨੇੜੇ ਆ ਗਿਆ ਤੇ ਗੁਰਧਾਮਾਂ ਦੀ ਰੌਣਕ ਵਧਣ ਲੱਗੀ। ਦੀਵਾਨ ਸਜ ਗਏ ਤੇ ਲੰਗਰ ਚਾਲੂ ਹੋ ਗਏ। ਕਵੀਸ਼ਰਾਂ, ਰਾਗੀਆਂ ਤੇ ਢਾਡੀਆਂ ਨੇ ਆਪਣੀ ਕਵੀਸ਼ਰੀ ਤੇ ਆਵਾਜ਼ ਦੇ ਜਾਦੂ ਨਾਲ ਇਨ੍ਹਾਂ ਘਟਨਾਵਾਂ ਦੀ ਬੇਸ਼ਰਮੀ ਨੂੰ ਸੂਰਮਗਤੀ ਵਿਚ ਬਦਲ ਦਿੱਤਾ। ‘ਇੰਜਣ’ ਨਾਂ ਦੇ ਕਵੀਸ਼ਰ ਨੇ ਬਹੁਤ ਵਧੀਆ ਬੰਦ ਰਚਿਆ, ‘ਪੰਥ ਰੰਗੀਲੇ ਨੇ ਧਾਂਕਾਂ ਦੇਸ ਵਿਚ ਪਾਈਆਂ।’ ਜਿਥੇ ਜਾਂਦਾ ਇਸੇ ਕਬਿਤ ਦੀ ਫਰਮਾਇਸ਼ ਹੁੰਦੀ। ਸਤਲੁਜ ਦੇ ਕੰਢੇ ਪਰਿਵਾਰ ਵਿਛੋੜਾ ਸਥਾਨ ਤੋਂ ਲੈ ਕੇ ਮਾਛੀਵਾੜਾ, ਚਮਕੌਰ, ਸਰਹੰਦ, ਬੱਸੀ, ਫਤਿਹਗੜ੍ਹ ਤੇ ਛੱਤ-ਬਨੂੜ ਤੱਕ ‘ਇੰਜਣ’ ਕਵੀ ਦਾ ਨਾਂ ਮਸ਼ਹੂਰ ਹੋ ਗਿਆ। ਉਸ ਦੀ ਕਵਿਤਾ ਛੱਕ-ਛੱਕ, ਸ਼ੂੰ-ਸ਼ੂੰ ਚਲਦੀ ਸੀ-ਇੰਜਣ ਵਾਂਗ।
ਇਸ ਸਾਲ ਸਭਾ ਦੇ ਮੇਲੇ ਵਿਚ ਬੜੀ ਭੀੜ ਸੀ। ਢੋਲੇਵਾਲ ਤਾਂ ਲਗਭਗ ਸਾਰੇ ਦਾ ਸਾਰਾ ਫਤਿਹਗੜ੍ਹ ਪੁੱਜਾ ਹੋਇਆ ਸੀ। ਕਵੀਸ਼ਰ ਕਵੀਸ਼ਰੀ ਕਰ ਰਹੇ ਸਨ। ਕਵੀਸ਼ਰੀ ਦੇ ਜਾਦੂ ਥੱਲੇ ਕਿਸੇ ਨੂੰ ਵੀ ਇਹ ਚੇਤੇ ਨਹੀਂ ਸੀ ਕਿ ਉਹਦੇ ਪਿੰਡੋਂ ਕਿੰਨੀਆਂ ਮੁਸਲਮਾਨ ਕੁੜੀਆਂ ਨੂੰ ਪੰਥ ਰੰਗੀਲਾ ਉਨ੍ਹਾਂ ਦੇ ਹੀ ਗੱਡੇ ਜੋੜ ਕੇ, ਉਨ੍ਹਾਂ ਉਤੇ ਹੀ ਲੱਦ ਕੇ ਲੈ ਗਿਆ ਸੀ। ਕਵੀ ਇੰਜਣ ਰਗਾਂ ਫੁਲਾ ਫੁਲਾ ਕੇ ਗਾ ਰਿਹਾ ਸੀ, ‘ਪੰਥ ਰੰਗੀਲੇ ਨੇ ਧਾਂਕਾਂ ਦੇਸ ਵਿਚ ਪਾਈਆਂ।’ ਤੇ ਸਾਰੇ ਉਸ ਆਵਾਜ਼ ਦੇ ਜਾਦੂ ਵਿਚ ਮੁਗਧ ਸਨ।
‘ਤੇਰੀ ਮਾਂ ਕਿਥੇ ਐ ਤੇ ਨਾਲੇ ਬਾਕੀ ਬੁੱਢੀਆਂ’ ਕਵਿਤਾ ਖ਼ਤਮ ਹੋਣ ਉਤੇ ਕਿਸੇ ਬਾਲਕ ਦੀ ਪਿੱਠ ਉਤੇ ਤਾਏ ਦਾ ਹੱਥ ਸੀ। ‘ਬੁਲਾ ਉਨ੍ਹਾਂ ਨੂੰ’, ਉਸ ਦੀ ਆਵਾਜ਼ ਦੱਬੀ ਦੱਬੀ ਸੀ।
ਤਾਇਆ ਕਦੋਂ ਆ ਗਿਆ ਸੀ ਤੇ ਉਸ ਨੂੰ ਪਿੰਡ ਦੀਆਂ ਬੁੱਢੀਆਂ ਨਾਲ ਕਿਹੜਾ ਜ਼ਰੂਰੀ ਕੰਮ ਆਣ ਪਿਆ ਸੀ। ਬਾਲਕ ਨੂੰ ਸਮਝ ਨਹੀਂ ਸੀ ਆ ਰਹੀ। ਉਹ ਕੀਰਤਨ ਸੁਣਦੀ ਮਾਂ ਦੇ ਕੰਨ ਵਿਚ ਘੁਸਰ ਮੁਸਰ ਕਰ ਕੇ ਬਾਹਰ ਤਾਏ ਕੋਲ ਆ ਗਿਆ। ਤਾਇਆ ਹਾਲੀ ਵੀ ਚੁੱਪ ਸੀ, ਗੰਭੀਰ।
ਤਾਏ ਦੀ ਚੁੱਪ ਨੇ ਇੰਜਣ ਦੀ ਕਵੀਸ਼ਰੀ ਦਾ ਜਾਦੂ ਤੋੜ ਦਿੱਤਾ ਸੀ। ਤਾਇਆ ਕਿਸੇ ਨਾਲ ਕੋਈ ਗੱਲ ਸਾਂਝੀ ਕਰਨ ਲਈ ਤਿਆਰ ਨਹੀਂ ਸੀ। ਜ਼ਰੂਰ ਕੋਈ ਭਾਣਾ ਵਰਤ ਗਿਆ ਸੀ। ਸੰਤਾਲੀ ਦੇ ਕਤਲਾਂ ਵਰਗਾ। ਸੰਤਾਲੀ ਦੇ ਕਤਲਾਂ ਦੀਆਂ ਉਹ ਲਾਸ਼ਾਂ ਸਭ ਦੀਆਂ ਅੱਖਾਂ ਅੱਗੇ ਘੁੰਮਣ ਲੱਗੀਆਂ ਜਿਹੜੀਆਂ ਪਿੰਡ ਵਾਲਿਆਂ ਨੇ ਤਕੀਏ ਵਿਚ ਸ਼ਤੀਰੀਆਂ ਚਿਣ ਕੇ ਇਕੱਠੀਆਂ ਹੀ ਫੂਕੀਆਂ ਸਨ। ਗ਼ੈਰ ਮੁਸਲਿਮ ਹੋਈਆਂ ਹਿੰਦੂ ਲਾਸ਼ਾਂ। ਚਾਲੀ ਲਾਸ਼ਾਂ ਦੇ ਸਾਂਝੇ ਸਿਵੇ ਦੀਆਂ ਲਾਟਾਂ ਨੇ ਹਵਾ ਦੇ ਧੱਫਿਆਂ ਵਿਚ ਲਿਪਟ ਕੇ ਤਕੀਏ ਦੇ ਅੰਬ ਦੀਆਂ ਹਰੀਆਂ ਟਹਿਣੀਆਂ ਨੂੰ ਲੂਹ ਸੁੱਟਿਆ ਸੀ।
‘ਕੀ ਗੱਲ ਭਾਈਆ?’ ਮਾਂ ਨੇ ਘੁੰਡ ਵਿਚੋਂ ਹੀ ਤਾਏ ਨੂੰ ਪੁੱਛਿਆ।
‘ਕੁਝ ਨਹੀਂ, ਚਲੋ ਪਿੰਡ ਨੂੰ ਚੱਲੀਏ’, ਤਾਏ ਨੇ ਸੰਖੇਪ ਜਿਹਾ ਉੱਤਰ ਦਿੱਤਾ।
‘ਸੁੱਖ ਤਾਂ ਹੈ?’ ਤਾਈ ਨੇ ਪਤੀ ਕੋਲੋਂ ਦਾਅਵੇ ਨਾਲ ਪੁੱਛਿਆ।
‘ਸੁੱਖ ਨੂੰ ਤਾਂ ਸੁੱਖ ਹੀ ਹੈ, ਪਰ ਤੁਹਾਡਾ ਗੁਰਦਵਾਰੇ ਠਹਿਰਨਾ ਠੀਕ ਨਹੀਂ। ਚਲੋ ਘਰ ਨੂੰ।’ ਤਾਏ ਦੀ ਗੰਭੀਰਤਾ ਦਾ ਪ੍ਰਭਾਵ ਹੁਕਮ ਜਿਹਾ ਸੀ।
‘ਫੇਰ ਵੀ?’ ਤਾਈ ਨੇ ਜ਼ਿੱਦ ਕੀਤੀ।
‘ਪਿੰਡ ਵਿਚ ਦੁਰਘਟਨਾ ਹੋ ਗਈ ਹੈ, ਬੰਦੇ ਮਾਰੇ ਗਏ ਹਨ। ਮਰਨ ਵਾਲੇ ਗਵਾਂਢੀ ਪਿੰਡਾਂ ਦੇ ਹਨ। ਉਨ੍ਹਾਂ ਪਿੰਡਾਂ ਵਿਚ ਖ਼ਬਰ ਪਹੁੰਚ ਗਈ ਤਾਂ ਤੁਹਾਨੂੰ ਕੋਈ ਸੱਟ ਫੇਟ ਲਾ ਸਕਦਾ ਹੈ। ਪਿੰਡ ਵਾਲਿਆਂ ਦਾ ਫ਼ੈਸਲਾ ਹੈ ਕਿ ਤੁਹਾਨੂੰ ਗੁਰਦਵਾਰੇ ਨਹੀਂ ਰੁਕਣਾ ਚਾਹੀਦਾ। ਮਰਦਾਂ ਬਿਨਾਂ ਤਾਂ ਉੱਕਾ ਹੀ ਨਹੀਂ।’ ਤਾਏ ਨੇ ਗੱਲ ਸਪੱਸ਼ਟ ਕਰ ਦਿੱਤੀ ਅਤੇ ਬੁੱਢੀਆਂ ਤੇ ਬਾਲਾਂ ਨੂੰ ਨਾਲ ਤੋਰ ਲਿਆ।
ਤਾਇਆ ਅੱਗੇ ਅੱਗੇ ਸੀ ਤੇ ਬੁੱਢੀਆਂ ਬੱਚੇ ਪਿੱਛੇ ਪਿੱਛੇ। ਉਹ ਬਹੁਤੀ ਗੱਲ ਨਹੀਂ ਸੀ ਕਰ ਰਿਹਾ। ਗੱਲ ਕਰਨ ਵਾਲੀ ਵੀ ਨਹੀਂ ਸੀ, ਪਰ ਉਹ ਪੂਰੀ ਗੱਲ ਛੁਪਾ ਵੀ ਕਿਵੇਂ ਸਕਦਾ ਸੀ। ਫਤਿਹਗੜ੍ਹ ਤੋਂ ਢੋਲੇਵਾਲ ਦਾ ਪੈਂਡਾ ਪੂਰੇ ਪੰਜ ਕੋਹ ਸੀ। ਦੋ ਤਿੰਨ ਘੰਟੇ ਲਗਦੇ ਸਨ। ਤੁਰ ਕੇ ਜਾਣਾ ਸੀ। ਇੰਨੀ ਦੇਰ ਚੁੱਪ ਚਾਪ ਤੁਰਨਾ ਅਸੰਭਵ ਸੀ।
ਝਗੜੇ ਦਾ ਕਾਰਨ ਨਸੀਰੋ ਸੀ। ਤਾਏ ਦੀ ਧੀ ਤੇਜੋ ਦੀ ਸਹੇਲੀ। ਨਸੀਰੋ ਜਿਸ ਨੂੰ ਚਾਰ ਮਹੀਨੇ ਹੋਏ ਧਾੜਵੀ ਚੁੱਕ ਕੇ ਲੈ ਗਏ ਸਨ। ਉਹ ਧਾੜਵੀ ਜਿਨ੍ਹਾਂ ਦਾ ਨਾਂ ‘ਇੰਜਣ’ ਦੀ ਕਵੀਸ਼ਰੀ ਵਿਚ ਪੰਥ ਰੰਗੀਲਾ ਸੀ।
ਨਸੀਰੋ ਸੈਦਪੁਰੀਏ ਦਰਬਾਰੇ ਦੇ ਹੱਥ ਲੱਗ ਗਈ ਸੀ। ਦਰਬਾਰੇ ਨੇ ਉਸ ਨੂੰ ਆਪਣੇ ਘਰ ਵਸਾ ਲਿਆ ਸੀ। ਪਿੰਡ ਵਾਲਿਆਂ ਵਿਚੋਂ ਕਿਸੇ ਕਿਸੇ ਨੂੰ ਇਸ ਗੱਲ ਦੀ ਖ਼ਬਰ ਵੀ ਸੀ, ਪਰ ਕੋਈ ਕਿਸ ਕਿਸ ਦੀ ਰੱਖਿਆ ਕਰ ਸਕਦਾ ਸੀ। ਨਸੀਰੋ ਕੋਈ ਇਕੱਲੀ ਤਾਂ ਨਹੀਂ ਸੀ। ਉਹਦੇ ਨਾਲ ਪਿੰਡ ਦੀਆਂ ਹੋਰ ਵੀ ਅਠਾਰਾਂ ਵੀਹ ਨੌਜਵਾਨ ਕੁੜੀਆਂ ਸਨ, ਅਣ ਵਿਆਹੀਆਂ ਜਾਂ ਸੱਜ ਵਿਆਹੀਆਂ, ਜਿਹੜੀਆਂ ਆਪਣੇ ਮਾਪਿਆਂ ਨੂੰ ਮਿਲਣ ਪੇਕੀਂ ਆਈਆਂ ਹੋਈਆਂ ਸਨ। ਪਿੰਡ ਦੇ ਹਰ ਪਿਉ ਦਾ ਬਹੁਤੀਆਂ ਧੀਆਂ ਵਾਲੇ ਪਿਓ ਵਾਲਾ ਹਾਲ ਸੀ। ਬਹੁਤੀਆਂ ਧੀਆਂ ਵਾਲਾ ਕਿਹੜੀ ਕਿਹੜੀ ਧੀ ਦੇ ਦੁੱਖ ਦਾ ਭਾਈਵਾਲ ਹੋ ਸਕਦਾ ਸੀ। ਤਾਏ ਦੀ ਤੇਜੋ ਆਪਣੀ ਸਹੇਲੀ ਲਈ ਰੋਂਦੀ ਸੀ ਤਾਂ ਤਾਇਆ ਕੀ ਕਰ ਸਕਦਾ ਸੀ।
ਪਰ ਹੁਣ ਤਾਂ ਉਹ ਗੱਲ ਖ਼ਤਮ ਹੋ ਚੁੱਕੀ ਸੀ। ਨਸੀਰੋ ਦਰਬਾਰੇ ਦੇ ਘਰੋਂ ਸੈਦਪੁਰੇ ਤੋਂ ਨੱਸ ਕੇ ਰਾਤੋ ਰਾਤ ਢੋਲੇਵਾਲ ਪਹੁੰਚ ਚੁੱਕੀ ਸੀ। ਉਹ ਸਿੱਧੀ ਤਾਏ ਦੇ ਘਰ ਆਪਣੀ ਸਹੇਲੀ ਤੇਜੋ ਨੂੰ ਆ ਮਿਲੀ ਸੀ। ਤਾਏ ਨੇ ਉਸ ਨੂੰ ਧੀਆਂ ਵਾਂਗ ਸਾਂਭ ਲਿਆ ਸੀ। ਜਿਥੇ ਤੇਜੋ, ਸੀਤੋ ਤੇ ਜੀਤੋ ਰੋਟੀ ਖਾਂਦੀਆਂ ਸਨ, ਉਥੇ ਇਕ ਧੀ ਹੋਰ ਖਾਣ ਲੱਗ ਪਈ ਸੀ। ਇਸ ਧੀ ਨੇ ਕਿਹੜਾ ਬੈਠੇ ਰਹਿਣਾ ਸੀ। ਅਮਨ ਅਮਾਨ ਹੋਣ ‘ਤੇ ਉਸ ਦੇ ਮਾਪਿਆਂ ਨੇ ਉਸ ਨੂੰ ਆਪਣੇ ਕੋਲ ਲੈ ਜਾਣਾ ਸੀ। ਕੁਝ ਨਾ ਕੁਝ ਹੋ ਹੀ ਜਾਣਾ ਸੀ। ਨਾ ਵੀ ਹੁੰਦਾ ਤਾਂ ਵੀ ਦੁਖੀਆ ਧੀ ਘਰੋਂ ਤਾਂ ਨਹੀਂ ਸੀ ਕੱਢੀ ਜਾਂਦੀ। ਇਸ ਗੱਲ ਨੂੰ ਹੁਣ ਚਾਰ ਮਹੀਨੇ ਹੋ ਗਏ ਸਨ।
ਫਤਿਹਗੜ੍ਹ ਦੀ ਸਭਾ ਦੀ ਇਲਾਕੇ ਵਿਚ ਬਹੁਤ ਮਾਨਤਾ ਸੀ। ਗੁਰੂ ਗੋਬਿੰਦ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਅਸਥਾਨ ਸੀ। ਬੰਦਾ ਬਹਾਦਰ ਨੇ ਸਰਹੰਦ ਦੇ ਸੂਬੇ ਤੋਂ ਬਦਲਾ ਲੈਣ ਸਮੇਂ ਸਰਹੰਦ ਤੇ ਬੱਸੀ ਦੇ ਇਸ ਇਲਾਕੇ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਬੰਦਾ ਲੋਹੇ ਦਾ ਸੁਹਾਗਾ ਸੀ ਜਿਸ ਨੇ ਮੁਗਲਾਂ ਨੂੰ ਆਪਣੇ ਪੈਰਾਂ ਵਿਚ ਮਧੋਲ ਦਿੱਤਾ ਸੀ। ਪੰਥ ਰੰਗੀਲੇ ਦੀਆਂ ਧਾਂਕਾਂ ਤੋਂ ਪਹਿਲਾਂ ਕਵੀ ਇੰਜਣ ਬੰਦੇ ਦੀ ਸੂਰਮਗਤੀ ਦੇ ਹੀ ਕਬਿੱਤ ਲਿਖਦਾ ਹੁੰਦਾ ਸੀ। ਸਭਾ ਵਿਚ ਇਹ ਗੱਲਾਂ ਰਾਗੀਆਂ ਢਾਡੀਆਂ ਦੇ ਮੂੰਹੋਂ ਸੁਣ ਕੇ ਬੜਾ ਜੋਸ਼ ਆਉਂਦਾ ਸੀ। ਭਾਰਤੀ ਅਣਖ ਦੀਆਂ ਗੱਲਾਂ। ਗੱਭਰੂ ਮੁਟਿਆਰਾਂ ਤੇ ਬੱਚੇ ਬੁੱਢੇ ਸਭ ਸੁਣਨ ਆਉਂਦੇ ਸਨ।
ਸੈਦਪੁਰੀਏ ਦਰਬਾਰੇ ਤੇ ਉਸ ਦੇ ਸਾਥੀਆਂ ਨੇ ਨਸੀਰੋ ਨੂੰ ਮੁੜ ਚੁੱਕ ਲਿਜਾਣ ਦਾ ਫ਼ੈਸਲਾ ਕੀਤਾ ਹੋਇਆ ਸੀ ਪਰ ਪਿੰਡ ਅੱਗੇ ਉਨ੍ਹਾਂ ਦੀ ਪੇਸ਼ ਨਹੀਂ ਸੀ ਜਾਂਦੀ। ਕਿਥੇ ਪਿੰਡ ਦਾ ਪਿੰਡ, ਕਿਥੇ ਦੋ ਚਾਰ ਬਦਮਾਸ਼। ਕਿੰਨੇ ਵੀ ਸੂਰਮੇ ਕਿਉਂ ਨਾ ਹੋਣ। ਇਕ ਇਕੱਲਾ ਦੋ ਗਿਆਰਾਂ।
ਸਭਾ ਵਾਲਾ ਦਿਨ ਪਿੰਡ ਉਤੇ ਧਾਵਾ ਬੋਲਣ ਲਈ ਬੜਾ ਯੋਗ ਸੀ। ਉਨ੍ਹਾਂ ਕੋਲ ਬਾਰਾਂ ਬੋਰ ਦਾ ਪਿਸਤੌਲ ਸੀ, ਦੋਨਾਲੀ ਬੰਦੂਕ ਤੇ ਥਰੀ ਨਾਟ ਥਰੀ ਦੀ ਰਾਈਫ਼ਲ। ਤਿੰਨ ਦੇ ਤਿੰਨ ਪੂਰੀ ਤਰ੍ਹਾਂ ਸ਼ਸਤਰਬੱਧ ਸਨ। ਸੈਦਪੁਰੀਆ ਦਰਬਾਰਾ, ਚੜ੍ਹੀ ਦਾ ਸੰਤੂ ਤੇ ਦੁੱਲੂਆਂ ਦਾ ਬੰਤੂ। ਉਨ੍ਹਾਂ ਕੋਲ ਦੋ ਘੋੜੀਆਂ ਸਨ। ਜਿਹੜੀਆਂ ਉਹ ਬਾਹਰ ਚਮਗਿੱਦੜਾਂ ਵਾਲੇ ਬਰੋਟੇ ਥੱਲੇ ਛੱਡ ਆਏ ਸਨ। ਉਨ੍ਹਾਂ ਨੂੰ ਪਤਾ ਸੀ ਨਸੀਰੋ ਤੇ ਉਸ ਦੀਆਂ ਸਹੇਲੀਆਂ, ਤੇਜੋ ਹੋਰੀਂ, ਫਤਿਹਗੜ੍ਹ ਸਾਹਿਬ ਦੀ ਸਭਾ ਵਾਲਾ ਸਮਾਗਮ ਵੇਖਣ ਨਹੀਂ ਸਨ ਗਈਆਂ।
ਉਨ੍ਹਾਂ ਪਿੰਡ ਵਿਚ ਦਾਖ਼ਲ ਹੁੰਦਿਆਂ ਹੀ ਹਰੀਜਨਾਂ ਦੇ ਦੇਬੇ ਤੋਂ ਨਸੀਰੋ ਦਾ ਘਰ ਪੁੱਛਿਆ। ਦੇਬਾ ਉਨ੍ਹਾਂ ਦੀ ਨੀਅਤ ਸਮਝ ਗਿਆ। ਉਹ ਤਾਏ ਦੇ ਘਰ ਦੀ ਥਾਂ ਉਨ੍ਹਾਂ ਨੂੰ ਨਸੀਰੋ ਦੇ ਮਾਪਿਆਂ ਵਾਲੇ ਘਰ ਲੈ ਗਿਆ। ਇਹ ਕਹਿ ਕੇ ਕਿ ਨਸੀਰੋ ਆਪਣੇ ਘਰ ਹੀ ਰਹਿੰਦੀ ਸੀ। ਇਕੱਲੀ।
ਦਰਬਾਰਾ, ਬੰਤੂ ਤੇ ਪ੍ਰੀਤੂ ਜਦੋਂ ਨਸੀਰੋ ਦੇ ਵਿਹੜੇ ਵੜ ਗਏ ਤਾਂ ਦੇਬੇ ਨੇ ਬਾਹਰ ਦਾ ਕੁੰਡਾ ਲਾ ਕੇ ਸਾਰੇ ਪਿੰਡ ਨੂੰ ਖ਼ਬਰ ਕਰ ਦਿੱਤੀ। ਪਲਾਂ ਛਿਣਾਂ ਵਿਚ ਨਸੀਰੋ ਦੇ ਮਾਪਿਆਂ ਵਾਲੇ ਘਰ ਦੇ ਆਲੇ ਦੁਆਲੇ ਸਾਰਾ ਪਿੰਡ ਇਕੱਠਾ ਹੋ ਗਿਆ। ਤਾਇਆ ਬੰਦੂਕ ਚੁੱਕ ਲਿਆਇਆ। ਕਿਸੇ ਕੋਲ ਬਰਛਾ, ਕਿਸੇ ਕੋਲ ਗੰਡਾਸੀ। ਹਥਿਆਰ ਹੀ ਹਥਿਆਰ ਚਮਕਣ ਲੱਗੇ। ਵੰਡ ਦੇ ਦਿਨਾਂ ਦੇ ਹਥਿਆਰ।
ਪਿੰਡ ਦੀ ਧੀ ਦੀ ਇੱਜ਼ਤ ਦਾ ਸਵਾਲ ਸੀ। ਇਸ ਵਿਚ ਵੰਡ ਦੇ ਦਿਨਾਂ ਦੀ ਬਦਲੇ ਦੀ ਭਾਵਨਾ ਰਲ ਗਈ ਸੀ। ਉਦੋਂ ਪੰਥ ਰੰਗੀਲਾ ਸਾਰੇ ਪਿੰਡ ਦੇ ਵੇਂਹਦਿਆਂ ਕਿੰਨੇ ਕਤਲ ਕਰ ਗਿਆ ਸੀ। ਉਦੋਂ ਪਿੰਡ ਦੇਖਦਾ ਹੀ ਰਿਹਾ ਗਿਆ ਸੀ। ਅੱਜ ਇਹ ਗੱਲ ਨਹੀਂ ਸੀ ਹੋਣ ਲੱਗੀ।
ਮਸਾਂ ਮਸਾਂ ਸ਼ਿਕਾਰ ਕਾਬੂ ਆਇਆ ਸੀ। ਕਿਸੇ ਨੇ ਕੋਈ ਰਾਹ ਰੋਕ ਲਿਆ, ਕਿਸੇ ਨੇ ਕੋਈ। ਬਾਕੀ ਛੱਤ ਉਤੇ ਜਾ ਚੜ੍ਹੇ। ਭੱਜ ਕੇ ਕਿਧਰ ਨੂੰ ਜਾਣਾ ਸੀ। ਬੰਤੂ ਤੇ ਪ੍ਰੀਤੂ ਦਲਾਨ ਵਿਚੋਂ ਹੀ ਬਾਹਰ ਨਹੀਂ ਸਨ ਨਿਕਲ ਰਹੇ। ਦਰਬਾਰੇ ਨੇ ਵਿਹੜੇ ਵਿਚੋਂ ਗੋਲੀ ਚਲਾਈ, ਪਰ ਛੱਤ ਵਾਲੇ ਬਨੇਰੇ ਪਿੱਛੇ ਹੋ ਗਏ। ਉਨ੍ਹਾਂ ਬਨੇਰੇ ਦੀਆਂ ਇੱਟਾਂ ਨਾਲ ਦਰਬਾਰੇ ਨੂੰ ਲਹੂ ਲੁਹਾਨ ਕਰ ਦਿੱਤਾ। ਬਾਹਰੋਂ ਕੁੰਡਾ ਖੁੱਲ੍ਹਣ ‘ਤੇ ਉਸ ਨੇ ਭੱਜਣ ਦਾ ਯਤਨ ਕੀਤਾ ਤਾਂ ਪਿੰਡ ਦੇ ਮੁੰਡਿਆਂ ਨੇ ਹੱਟੀ ਕੋਲ ਢਾਹ ਲਿਆ। ਓਧਰ ਪ੍ਰੀਤੂ ਤੇ ਬੰਤੂ ਦਲਾਨ ਵਿਚੋਂ ਨਿਕਲਣ ਦਾ ਨਾਂ ਨਹੀਂ ਸੀ ਲੈਂਦੇ। ਪਿੰਡ ਵਾਲਿਆਂ ਨੇ ਛੱਤ ਪਾੜ ਕੇ ਕੋਠੇ ਨੂੰ ਅੱਗ ਲਾਉਣ ਦਾ ਡਰਾਵਾ ਦਿੱਤਾ ਤਾਂ ਦੋਵੇਂ ਬਾਹਰ ਨਿਕਲਦੇ ਹੀ ਤਾਏ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ।
ਜਦੋਂ ਫਤਿਹਗੜ੍ਹ ਵਾਲੀਆਂ ਸੰਗਤਾਂ ਆਪਣੇ ਪਿੰਡ ਪਹੁੰਚੀਆਂ ਤਾਂ ਦੋ ਲਾਸ਼ਾਂ ਨਸੀਰੋ ਦੇ ਵਿਹੜੇ ਪਈਆਂ ਸਨ ਤੇ ਇਕ ਹੱਟੀਆਂ ਦੇ ਸਾਹਮਣੇ। ਪਿੰਡ ਦੇ ਕਿਸੇ ਬੰਦੇ ਨੂੰ ਕੋਈ ਚੋਟ ਨਹੀਂ ਸੀ ਆਈ। ਜੇ ਆ ਵੀ ਜਾਂਦੀ ਤਾਂ ਇਸ ਨਾਲ ਕੀ ਫ਼ਰਕ ਪੈਂਦਾ ਸੀ।
ਦਰਬਾਰੇ ਦੀ ਲਾਸ਼ ਕੋਲ ਦੋ ਚਾਰ ਬੱਚਿਆਂ ਤੋਂ ਸਿਵਾ ਹੋਰ ਕੋਈ ਨਹੀਂ ਸੀ। ਇਕ ਸਿਪਾਹੀ ਉਸ ਦੀ ਰਾਖੀ ਬੈਠਾ ਸੀ ਤੇ ਇਕ ਹੋਰ ਸਿਪਾਹੀ ਨਸੀਰੋ ਦੇ ਵਿਹੜੇ ਸੰਤੂ ਤੇ ਬੰਤੂ ਦੀਆਂ ਲਾਸ਼ਾਂ ਦੀ ਰਾਖੀ।
ਤਾਇਆ ਚੁੱਪ ਸੀ। ਥਾਣੇ ਵਾਲਿਆਂ ਨੇ ਪਤਾ ਨਹੀਂ ਇਸ ਘਟਨਾ ਨੂੰ ਕਿਵੇਂ ਲੈਣਾ ਸੀ। ਜੋ ਮਰਜ਼ੀ ਕਰਦੇ। ਪਿੰਡ ਦੀ ਧੀ ਦੀ ਇੱਜ਼ਤ ਰਹਿ ਗਈ ਸੀ। ਸਾਰੇ ਪਿੰਡ ਨੇ ਇਕ ਮੁੱਠ ਹੋ ਕੇ ਰੱਖੀ ਸੀ। ਬਹਾਦਰੀ ਦੀ ਗੱਲ ਸੀ। ਸੂਰਮਗਤੀ ਵਾਲੀ, ਪਰ ਤਾਏ ਦੇ ਚਿਹਰੇ ‘ਤੇ ਇਸ ਤਰ੍ਹਾਂ ਦੀ ਸੂਰਮਗਤੀ ਦਾ ਕੋਈ ਪ੍ਰਭਾਵ ਨਹੀਂ ਸੀ।
ਹੁਣ ਜਦੋਂ ਅਕਾਸ਼ਵਾਣੀ ਤੋਂ ਬੰਗਲਾ ਦੇਸ਼ ਦੇ ਮਾਸੂਮਾਂ ਨਾਲ ਅਤਿਆਚਾਰਾਂ ਦੀ ਖ਼ਬਰ ਆਉਂਦੀ ਸੀ ਤਾਂ ਤਾਏ ਦੇ ਮੂੰਹੋਂ ਕੇਵਲ ਇਕੋ ਹੀ ਸ਼ਬਦ ਨਿਕਲਦਾ ਸੀ, ‘ਮੂਰਖ਼ ਹਨ ਸਹੁਰੇ।’
ਇਹ ਕਹਾਣੀ ਬੰਗਲਾ ਦੇਸ਼ ਦੀ ਨਹੀਂ।
Leave a Reply