ਦੀਨਾਨਗਰ ਦੀ ਘਟਨਾ: ਕੁਝ ਸਵਾਲ

ਦੀਨਾਨਗਰ ਵਿਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਇਸ ਨਾਲ ਸਬੰਧਤ ਤੱਥ ਜਿਸ ਢੰਗ ਨਾਲ ਉਭਾਰਨ ਦਾ ਯਤਨ ਕੀਤਾ ਗਿਆ, ਉਸ ਨੇ ਬੌਧਿਕ ਹਲਕਿਆਂ ਵਿਚ ਵੱਖਰੀ ਚਰਚਾ ਛੇੜ ਦਿੱਤੀ ਹੈ। ਪਹਿਲੀ ਚਰਚਾ ਮੀਡੀਆ, ਖਾਸ ਕਰ ਕੇ ਇਲੈਕਟ੍ਰਾਨਿਕ ਮੀਡੀਆ (ਟੀæਵੀæ ਚੈਨਲਾਂ) ਬਾਰੇ ਹੈ ਜਿਸ ਨੇ ਇਸ ਘਟਨਾ ਬਾਰੇ ਬਹੁਤ ਵਿਤਕਰੇ ਭਰਪੂਰ ਰਿਪੋਰਟਿੰਗ ਕੀਤੀ। ਬੁੱਧੀਜੀਵੀਆਂ ਅਤੇ ਮੀਡੀਆ ਦੇ ਸੰਜੀਦਾ ਹਿੱਸੇ ਨੇ ਤੁਅੱਸਬ ਭਰੀ ਇਸ ਰਿਪੋਰਟਿੰਗ ਦਾ ਬੜਾ ਤਿੱਖਾ ਤੇ ਤੁਰੰਤ ਨੋਟਿਸ ਲਿਆ ਹੈ।

ਦੂਜੀ ਚਰਚਾ ਮੁੰਬਈ ਬੰਬ ਧਮਾਕਿਆਂ ਵਾਲੇ ਕੇਸ ਨਾਲ ਜੁੜੇ ਯਾਕੂਬ ਮੈਮਨ ਬਾਬਤ ਹੈ। ਯਾਕੂਬ ਮੈਮਨ ਦੀ ਫਾਂਸੀ ਬਾਰੇ ਸਰਕਾਰ ਜਿਸ ਢੰਗ ਨਾਲ ਪੱਬਾਂ ਭਾਰ ਹੋਈ ਪਈ ਸੀ ਅਤੇ ਫਾਂਸੀ ਦੀ ਸਜ਼ਾ ਖਤਮ ਕਰਵਾਉਣ ਲਈ ਸਰਗਰਮ ਲੋਕ ਜਿੰਨੀ ਇਮਾਨਦਾਰੀ ਨਾਲ ਸਰਕਾਰ ਉਤੇ ਸਵਾਲਾਂ ਦੀ ਵਾਛੜ ਕਰ ਰਹੇ ਸਨ, ਇਸ ਘਟਨਾ ਤੋਂ ਬਾਅਦ ਫਾਂਸੀ ਤੇ ਭਾਰਤ ਦੀਆਂ ਘੱਟ-ਗਿਣਤੀਆਂ ਨਾਲ ਹੁੰਦੀਆਂ ਜ਼ਿਆਦਤੀਆਂ ਵਾਲੀ ਚਰਚਾ ਇਕਦਮ ਪਿਛੇ ਚਲੀ ਗਈ। ਇਸੇ ਕਰ ਕੇ ਹੀ ਕੁਝ ਵਿਸ਼ਲੇਸ਼ਕਾਂ ਨੇ ਇਸ ਘਟਨਾ ਦੇ ਸਮੇਂ ਬਾਰੇ ਚਰਚਾ ਕਰਦਿਆਂ ਕੁਝ ਨਵੇਂ ਤੱਥ ਉਘਾੜਨ ਦਾ ਯਤਨ ਕੀਤਾ। ਇਨ੍ਹਾਂ ਵਿਸ਼ਲੇਸ਼ਕਾਂ ਨੇ ਇਸ ਘਟਨਾ ਨੂੰ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਨਾਲ ਵੀ ਜੋੜਿਆ ਅਤੇ ਟਿੱਪਣੀਆਂ ਕੀਤੀਆਂ ਕਿ ਜਦੋਂ ਵੀ ਭਾਰਤ ਤੇ ਪਾਕਿਸਤਾਨ ਵਿਚਕਾਰ ਦੂਰੀਆਂ ਘਟਾਉਣ ਦੀ ਗੱਲ ਚੱਲਦੀ ਹੈ, ਉਦੋਂ ਹੀ ਅਜਿਹੀਆਂ ਵਾਰਦਾਤਾਂ ਹੋ ਜਾਂਦੀਆਂ ਹਨ। ਜ਼ਾਹਿਰ ਹੈ ਕਿ ਦੀਨਾਨਗਰ ਦੀ ਇਸ ਵਾਰਦਾਤ ਨੂੰ ਇਕੱਲਿਆਂ ਤੌਰ ‘ਤੇ ਦੇਖਣ ਦੀ ਥਾਂ ਇਸ ਨੂੰ ਸਮੁੱਚੇ ਅਤੇ ਵਡੇਰੇ ਚੌਖਟੇ ਵਿਚ ਦੇਖਣ ਦੀ ਜ਼ਰੂਰਤ ਹੈ। ਇਸ ਵਾਰਦਾਤ ਦੀਆਂ ਲੜੀਆਂ ਅਤੇ ਕੜੀਆਂ ਇਕ ਨਹੀਂ, ਅਨੇਕ ਪੱਖਾਂ ਨਾਲ ਜੁੜੀਆਂ ਹੋਈਆਂ ਹਨ। ਸੰਭਵ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਲੜੀਆਂ ਅਤੇ ਕੜੀਆਂ ਹੋਰ ਸਪਸ਼ਟ ਰੂਪ ਵਿਚ ਉਭਰ ਕੇ ਸਾਹਮਣੇ ਆਉਣ।
ਜਿਉਂ ਹੀ ਦੀਨਾਨਗਰ ਵਾਲੀ ਇਹ ਘਟਨਾ ਨਸ਼ਰ ਹੋਣੀ ਸ਼ੁਰੂ ਹੋਈ, ਭਾਰਤ ਦੇ ਟੀæਵੀæ ਚੈਨਲਾਂ ਨੇ ਪੱਤਰਕਾਰੀ ਦੇ ਜ਼ਬਤ ਅਤੇ ਜ਼ਾਬਤੇ ਨੂੰ ਛਿੱਕੇ ਟੰਗ ਕੇ ਇਸ ਘਟਨਾ ਨੂੰ ਖਾਲਿਸਤਾਨ ਨਾਲ ਜੋੜ ਲਿਆ। ਜ਼ੋਰ-ਸ਼ੋਰ ਨਾਲ ਖਬਰਾਂ ਸੁੱਟੀਆਂ ਜਾਣ ਲੱਗੀਆਂ ਕਿ ਇਹ ਘਟਨਾ ਪੰਜਾਬ ਵਿਚ ਖਾਲਿਸਤਾਨ ਦੀ ਮੁੜ ਸ਼ੁਰੂਆਤ ਦੀ ਸੂਚਕ ਹੈ। ਆਪਣੀ ਇਸ ਖਬਰ ਨੂੰ ਜਚਾਉਣ ਖਾਤਰ ਕੁਝ ਕੁ ਸਿਆਸੀ ਲੀਡਰਾਂ ਦੇ ਬਿਆਨ ਵੀ ਨਾਲ ਜੋੜ ਦਿੱਤੇ ਗਏ। ਇਨ੍ਹਾਂ ਸਿਆਸੀ ਲੀਡਰਾਂ ਦੇ ਬਿਆਨਾਂ ਤੋਂ ਵੀ ਜ਼ਾਹਿਰ ਹੀ ਸੀ ਕਿ ਇਹ ਬਿਆਨ ਕਿੰਨੀ ਗੈਰ-ਜ਼ਿੰਮੇਵਾਰੀ ਨਾਲ ਦਿੱਤੇ ਗਏ। ਭਾਰਤ ਦੇ ਟੀæਵੀæ ਚੈਨਲਾਂ ਦੀ ਅਜਿਹੀ ਪਹੁੰਚ ਬਾਰੇ ਅਕਸਰ ਸਵਾਲ ਉਠਦੇ ਰਹੇ ਹਨ, ਪਰ ਅੰਨ੍ਹੀ ਦੌੜ ਵਿਚ ਪਏ ਇਨ੍ਹਾਂ ਚੈਨਲਾਂ ਵਾਲਿਆਂ ਨੇ ਇਸ ਬਾਰੇ ਸ਼ਾਇਦ ਹੀ ਕਦੀ ਵਿਚਾਰ ਕੀਤੀ ਹੋਵੇ। ਅਸਲ ਵਿਚ ਜਿਸ ਤਰ੍ਹਾਂ ਦਾ ਜ਼ਾਬਤਾ ਲੋੜੀਂਦਾ ਹੈ, ਉਸ ਨੂੰ ਬਹੁਤੇ ਚੈਨਲਾਂ ਵਾਲੇ ਕਦੋਂ ਦੇ ਅਲਵਿਦਾ ਕਹਿ ਚੁੱਕੇ ਹਨ। ਬੀæਬੀæਸੀæ ਅਤੇ ਅਲ-ਜ਼ਜੀਰਾ ਵਰਗੇ ਚੈਨਲ ਜਿਹੜੇ ਦੁਨੀਆਂ ਦੇ ਹੋਰ ਦੇਸ਼ਾਂ ਦੇ ਨਾਲ ਨਾਲ ਭਾਰਤ ਵਿਚ ਵੀ ਬਾਕਾਇਦਾ ਨਸ਼ਰ ਹੁੰਦੇ ਹਨ, ਮੀਡੀਆ ਦੇ ਅਜਿਹੇ ਜ਼ਬਤ ਤੇ ਜ਼ਾਬਤੇ ਦਾ ਪੂਰਾ ਧਿਆਨ ਰੱਖਦੇ ਹਨ, ਪਰ ਬਹੁਤੇ ਭਾਰਤੀ ਚੈਨਲਾਂ ਉਤੇ ਅਜਿਹੇ ਜ਼ਾਬਤੇ ਤੇ ਜ਼ਬਤ ਦਾ ਕੋਈ ਕੁੰਡਾ ਹੀ ਨਹੀਂ ਹੈ। ਸਿਰੇ ਦੀ ਗੈਰ-ਜ਼ਿੰਮੇਵਾਰੀ ਦੇ ਰਾਹ ਚੱਲਦਿਆਂ ਇਹ ਚੈਨਲ ਇਕ-ਦੂਜੇ ਤੋਂ ਅੱਗੇ ਲੰਘਣ ਦੀ ਦੌੜ ਵਿਚ ਜ਼ਾਬਤੇ ਦੇ ਤੂੰਬੇ ਉਡਾ ਰਹੇ ਹਨ। ਮੀਡੀਆ ਦੀ ਅਜਿਹੀ ਪਹੁੰਚ ਦਾ ਖਾਮਿਆਜਾ ਪੰਜਾਬ ਪਹਿਲਾਂ ਹੀ ਬਹੁਤ ਭੁਗਤ ਚੁੱਕਾ ਹੈ। ਉਦੋਂ ਵੀ ਮੀਡੀਆ ਦੀ ਇਸੇ ਤੁਅੱਸਬੀ ਰਿਪੋਰਟਿੰਗ ਨੇ ਸੂਬੇ ਨੂੰ ਬਲਦੀ ਦੇ ਬੁੱਥੇ ਪਾਉਣ ਵਿਚ ਬਹੁਤ ਮਾੜਾ ਰੋਲ ਨਿਭਾਇਆ ਸੀ। ਅਜਿਹੇ ਤੱਥਾਂ ਬਾਰੇ ਚਰਚਾ ਗਾਹੇ-ਬਗਾਹੇ ਚੱਲਦੀ ਰਹਿੰਦੀ ਹੈ, ਪਰ ਅਫਸੋਸ ਵਾਲੀ ਗੱਲ ਇਹ ਹੈ ਕਿ ਮੀਡੀਆ ਦੇ ਇਸ ਹਿੱਸੇ ਉਤੇ ਕੋਈ ਖਾਸ ਫਰਕ ਨਹੀਂ ਪੈ ਰਿਹਾ।
ਇਸ ਘਟਨਾ ਨਾਲ ਯਾਕੂਬ ਮੈਮਨ ਤੇ ਭਾਰਤ-ਪਾਕਿਸਤਾਨ ਦੇ ਰਿਸ਼ਤੇ ਵਾਲੇ ਮਸਲੇ ਸਿੱਧੇ ਤਾਂ ਨਹੀਂ ਜੁੜੇ ਹੋਏ, ਪਰ ਇਸ ਘਟਨਾ ਤੋਂ ਬਾਅਦ ਚਰਚਾ ਦੇ ਪੱਧਰ ਉਤੇ ਜਿਸ ਤਰ੍ਹਾਂ ਦਾ ਮੋੜ ਕੱਟਿਆ ਗਿਆ, ਉਸ ਨੂੰ ਧਿਆਨ ਵਿਚ ਰੱਖਦਿਆਂ ਇਸ ਬਾਰੇ ਚਰਚਾ ਕਰਨੀ ਪ੍ਰਸੰਗ ਤੋਂ ਬਾਹਰੀ ਨਹੀਂ। ਇਹ ਤੱਥ ਤਾਂ ਚਿਰੋਕਣਾ ਸਾਹਮਣੇ ਆ ਚੁੱਕਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਸੁਖਾਵੇਂ ਸਬੰਧ, ਦੋਹਾਂ ਪਾਸਿਆਂ ਦੇ ਗਿਣਤੀ ਦੇ ਕੁਝ ਲੋਕਾਂ ਨੂੰ ਬਹੁਤ ਰੜਕਦੇ ਰਹੇ ਹਨ। ਅਸਲ ਵਿਚ ਕੁਝ ਲੋਕਾਂ ਦੇ ਵਪਾਰਕ ਹਿਤ ਵੀ ਇਸ ਮਸਲੇ ਨਾਲ ਡੂੰਘੇ ਜੁੜੇ ਹੋਏ ਹਨ। ਦੋਹਾਂ ਦੇਸ਼ਾਂ ਵਿਚਕਾਰ ਸਬੰਧ ਸੁਧਰਨ ਦਾ ਸਿੱਧਾ ਜਿਹਾ ਅਰਥ ਹੈ ਕਿ ਆਪਸੀ ਮੇਲ-ਜੋਲ ਵਧੇਗਾ ਅਤੇ ਅਜਿਹਾ ਹੋਣ ਨਾਲ ਆਪਸੀ ਕਾਰੋਬਾਰ ਉਤੇ ਵੀ ਅਸਰ ਪੈਂਦਾ ਹੈ। ਸਰਹੱਦ ਦੇ ਦੋਹੀਂ ਪਾਸੀਂ ਬੈਠੇ ਕੁਝ ਤਕੜੇ ਵਪਾਰੀਆਂ ਦਾ ਖਦਸ਼ਾ ਹੈ ਕਿ ਇਸ ਮੇਲ-ਜੋਲ ਦਾ ਸਿੱਧਾ ਅਸਰ ਉਨ੍ਹਾਂ ਦੇ ਕਾਰੋਬਾਰ ਉਤੇ ਪੈਣਾ ਹੈ। ਇਸੇ ਤਰ੍ਹਾਂ ਯਾਕੂਬ ਮੈਮਨ ਦਾ ਮਾਮਲਾ ਹੈ। ਹੁਣ ਤੱਕ ਜਿੰਨੇ ਤੱਥ ਸਾਹਮਣੇ ਆਏ ਹਨ, ਉਨ੍ਹਾਂ ਤੋਂ ਇਹੀ ਜ਼ਾਹਿਰ ਹੋ ਰਿਹਾ ਹੈ ਕਿ ਯਾਕੂਬ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਸੀ। ਜਿਉਂ ਹੀ ਉਸ ਦੇ ਹੱਕ ਵਿਚ ਲੱਗ ਰਹੇ ਹਾਅ ਦੇ ਨਾਅਰੇ ਦੀ ਆਵਾਜ਼ ਹੋਰ ਉਚੀ ਉਠਣ ਲੱਗੀ, ਦੀਨਾਨਗਰ ਵਾਲੀ ਘਟਨਾ ਵਾਪਰ ਗਈ ਅਤੇ ਕੁਝ ਹੀ ਘੰਟਿਆਂ ਵਿਚ ਚਰਚਾ ਯਾਕੂਬ ਵਾਲੇ ਮਸਲੇ ਤੋਂ ਖੁਦ-ਬਖੁਦ ਲਾਂਭੇ ਚਲੀ ਗਈ। ਇਸੇ ਕਰ ਕੇ ਇਨ੍ਹਾਂ ਸਾਰੇ ਨੁਕਤਿਆਂ ਨੂੰ ਇਕੱਠਿਆਂ ਵਿਚਾਰਨ ਦੀ ਲੋੜ ਮਹਿਸੂਸ ਹੁੰਦੀ ਹੈ। ਉਂਜ ਵੀ ਦਹਿਸ਼ਤਗਰਦੀ ਅਤੇ ਘੱਟ-ਗਿਣਤੀਆਂ ਨਾਲ ਜੁੜੇ ਮਸਲਿਆਂ ਦੀ ਤੰਦ-ਤਾਣੀ ਇੰਨੀ ਜ਼ਿਆਦਾ ਉਲਝਾ ਦਿੱਤੀ ਗਈ ਹੈ ਕਿ ਆਵਾਮ ਨੂੰ ਤਾਂ ਅਜਿਹੀਆਂ ਘਟਨਾਵਾਂ ਦੇ ਅਸਲੇ ਬਾਰੇ ਕਦੀ ਖਬਰ ਵੀ ਨਹੀਂ ਹੁੰਦੀ। ਇਸੇ ਲਈ ਅਜਿਹੇ ਮਸਲਿਆਂ ਦੀਆਂ ਬਾਰੀਕੀਆਂ ਬੁੱਝਣ ਅਤੇ ਦੱਸਣ ਵਾਲਿਆਂ ਵੱਲੋਂ ਉਠਾਏ ਮੁੱਦਿਆਂ ਵੱਲ ਧਿਆਨ ਧਰਨਾ ਜ਼ਰੂਰੀ ਜਾਪਦਾ ਹੈ। ਇਹ ਇਸ ਕਰ ਕੇ ਵੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਅਜਿਹੇ ਹੀ ਮਸਲਿਆਂ ਪ੍ਰਤੀ ਤੁਅੱਸਬੀ ਪਹੁੰਚ ਕਾਰਨ ਬਹੁਤ ਵਾਰ ਗੱਲ ਵਿਗੜਦੀ ਵਿਗੜਦੀ ਵਿਗੜ ਜਾਂਦੀ ਰਹੀ ਹੈ।