ਚੰਡੀਗੜ੍ਹ: ਪੰਜਾਬ ਸਰਕਾਰ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਦੀ ਥਾਂ ਇਨ੍ਹਾਂ ਮੌਤਾਂ ਬਾਰੇ ਤੱਥ ਲੁਕਾਉਣ ਵਿਚ ਜੁਟੀ ਹੋਈ ਹੈ। ਸਰਕਾਰ ਵੱਲੋਂ ਕੇਂਦਰ ਨੂੰ ਭੇਜੀ ਰਿਪੋਰਟ ਜ਼ਮੀਨੀ ਸੱਚ ਤੋਂ ਕੋਹਾਂ ਦੂਰ ਹੈ। ਰਿਪੋਰਟ ਮੁਤਾਬਕ ਪੰਜਾਬ ਵਿਚ ਛੇ ਮਹੀਨਿਆਂ ਦੌਰਾਨ ਸਿਰਫ਼ ਪੰਜ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ।
ਕੇਂਦਰੀ ਖੇਤੀ ਮੰਤਰਾਲੇ ਦੀ ਸੂਚਨਾ ਅਨੁਸਾਰ ਪੰਜਾਬ ਵਿਚ ਇਸ ਸਾਲ ਪਹਿਲੀ ਜਨਵਰੀ ਤੋਂ 30 ਜੂਨ ਤੱਕ ਸਿਰਫ਼ ਪੰਜ ਕਿਸਾਨਾਂ ਨੇ ਖੇਤੀ ਸੰਕਟ ਕਾਰਨ ਖੁਦਕੁਸ਼ੀ ਕੀਤੀ ਹੈ।
ਪਿਛਲੇ ਤਿੰਨ ਵਰ੍ਹਿਆਂ (ਸਾਲ 2012 ਤੋਂ 2014 ਤੱਕ) ਦੌਰਾਨ ਸੂਬੇ ਵਿਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਸਿਫ਼ਰ ਦੱਸੀ ਗਈ ਹੈ। ਖੇਤੀ ਮੰਤਰਾਲੇ ਨੇ ਇਹ ਗਿਣਤੀ ਪੰਜਾਬ ਸਰਕਾਰ ਵੱਲੋਂ ਭੇਜੀ ਰਿਪੋਰਟ ਦੇ ਆਧਾਰ ਉਤੇ ਦੱਸੀ ਹੈ। ਦੂਜੇ ਬੰਨੇ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਨੇ ਇਨ੍ਹਾਂ ਤਿੰਨ ਵਰ੍ਹਿਆਂ ਦੌਰਾਨ ਸੂਬੇ ਵਿਚ ਕਿਸਾਨ ਖੁਦਕੁਸ਼ੀਆਂ ਦੀ ਗਿਣਤੀ 182 ਦੱਸੀ ਹੈ। ਸੂਬਿਆਂ ਵੱਲੋਂ ਕਿਸਾਨਾਂ ਦੀ ਖੁਦਕੁਸ਼ੀ ਦੀ ਰਿਪੋਰਟ ਹਰ ਵਰ੍ਹੇ ਕੇਂਦਰੀ ਖੇਤੀ ਮੰਤਰਾਲੇ ਨੂੰ ਭੇਜੀ ਜਾਂਦੀ ਹੈ। ਜਦੋਂ ਕਿ ਪੰਜਾਬ ਸਰਕਾਰ ਨੇ ਸਾਲ 2011 ਮਗਰੋਂ ਖੇਤੀ ਮੰਤਰਾਲੇ ਨੂੰ ਇਹ ਰਿਪੋਰਟ ਭੇਜਣੀ ਬੰਦ ਕਰ ਦਿੱਤੀ ਸੀ। ਸਾਲ 2004 ਤੋਂ 2011 ਤੱਕ ਸੂਬੇ ਵਿਚ ਖੁਦਕੁਸ਼ੀ ਕਰਨ ਵਾਲੇ 1468 ਕਿਸਾਨਾਂ ਦੀ ਰਿਪੋਰਟ ਭੇਜੀ ਸੀ। ਸਰਕਾਰ ਨੇ ਇਸ ਮਾਮਲੇ ਵਿਚ ਵੀ ਤੱਥ ਛੁਪਾ ਲਏ ਸਨ ਜਿਸ ਕਰ ਕੇ ਕੇਂਦਰ ਕੋਲ ਪੰਜਾਬ ਦਾ ਕੇਸ ਕਮਜ਼ੋਰ ਹੋਇਆ ਹੈ। ਦੂਸਰੇ ਸੂਬਿਆਂ ਵੱਲੋਂ ਹਰ ਵਰ੍ਹੇ ਕੇਸ ਭੇਜਿਆ ਜਾਂਦਾ ਹੈ। ਨਤੀਜੇ ਵਜੋਂ ਬਾਕੀ ਸੂਬਿਆਂ ਦੇ ਪ੍ਰਭਾਵਿਤ ਕਿਸਾਨਾਂ ਦੇ ਪਰਿਵਾਰਾਂ ਨੂੰ ਕੇਂਦਰੀ ਮੁਆਵਜ਼ਾ ਵੀ ਮਿਲਿਆ ਹੈ।
ਪੰਜਾਬ ਦੀਆਂ ਤਿੰਨੋਂ ਯੂਨੀਵਰਸਿਟੀਆਂ ਵੱਲੋਂ ਇਕੱਤਰ ਅੰਕੜਿਆਂ ਅਨੁਸਾਰ ਪਿਛਲੇ ਦਹਾਕੇ ਦੌਰਾਨ ਖੇਤੀ ਖੇਤਰ ਵਿਚ ਖੁਦਕੁਸ਼ੀਆਂ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ 6926 ਸੀ ਜਿਨ੍ਹਾਂ ਵਿਚੋਂ 3954 ਕਿਸਾਨ ਤੇ 2972 ਬੇਜ਼ਮੀਨੇ ਮਜ਼ਦੂਰ ਸਨ। ਇਨ੍ਹਾਂ ਵਿਚੋਂ 74 ਫ਼ੀਸਦੀ ਕਿਸਾਨਾਂ ਤੇ 58æ6 ਫੀਸਦੀ ਬੇਜ਼ਮੀਨੇ ਮਜ਼ਦੂਰਾਂ ਨੇ ਕਰਜ਼ੇ ਕਾਰਨ ਖੁਦਕੁਸ਼ੀ ਕੀਤੀ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਗਏ ਛੇ ਜ਼ਿਲ੍ਹਿਆਂ, ਜਿਨ੍ਹਾਂ ਵਿਚ ਮਾਨਸਾ, ਸੰਗਰੂਰ, ਬਰਨਾਲਾ, ਮੋਗਾ, ਲੁਧਿਆਣਾ ਤੇ ਬਠਿੰਡਾ ਸ਼ਾਮਲ ਹਨ, ਦੇ ਸਰਵੇਖਣ ਦੌਰਾਨ 6126 ਕਿਸਾਨ-ਮਜ਼ਦੂਰਾਂ ਵੱਲੋਂ ਖੁਦਕੁਸ਼ੀਆਂ ਕਰਨ ਦੇ ਮਾਮਲੇ ਸਾਹਮਣੇ ਆਏ ਸਨ ਜਦੋਂਕਿ ਖੁਦਕੁਸ਼ੀਆਂ ਦੇ ਬਾਕੀ 798 ਮਾਮਲੇ ਰਾਜ ਦੇ ਬਾਕੀ ਜ਼ਿਲ੍ਹਿਆਂ ਵਿਚੋਂ ਸਾਹਮਣੇ ਆਏ ਹਨ। ਅਸਲ ਵਿਚ ਇਹ ਛੇ ਜ਼ਿਲ੍ਹੇ ਨਰਮਾ ਪੱਟੀ ਵਾਲੇ ਹਨ, ਜਿਥੇ ਕਰਜ਼ਿਆਂ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਰੁਝਾਨ ਭਾਰੂ ਹੈ। ਯੂਨੀਵਰਸਿਟੀ ਮਾਹਿਰਾਂ ਦਾ ਕਹਿਣਾ ਹੈ ਕਿ ਸਰਵੇਖਣ ਦੇ ਤੱਥਾਂ ਉਤੇ ਨਜ਼ਰ ਮਾਰੀਏ ਤਾਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਰਾਜ ਵਿਚ ਔਸਤਨ ਰੋਜ਼ਾਨਾ ਇਕ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਸਰਕਾਰ ਦੇ ਇਸ ਸਰਵੇਖਣ ਨੂੰ ਆਧਾਰ ਬਣਾਈਏ ਤਾਂ ਰਾਜ ਵਿਚ ਪਿਛਲੇ ਛੇ ਮਹੀਨਿਆਂ ਦੌਰਾਨ 184 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ।
_____________________________
ਕੀ ਕਹਿੰਦੀ ਹੈ ਸੂਬਾ ਸਰਕਾਰ ਦੀ ਰਿਪੋਰਟæææ
ਚੰਡੀਗੜ੍ਹ: ਸਰਕਾਰ ਦੀ ਰਿਪੋਰਟ ਮੁਤਾਬਕ ਪੰਜਾਬ ਵਿਚ ਛੇ ਮਹੀਨਿਆਂ ਦੌਰਾਨ ਸਿਰਫ਼ ਪੰਜ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਪਿਛਲੇ ਤਿੰਨ ਵਰ੍ਹਿਆਂ (ਸਾਲ 2012 ਤੋਂ 2014 ਤੱਕ) ਦੌਰਾਨ ਸੂਬੇ ਵਿਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਸਿਫ਼ਰ ਦੱਸੀ ਗਈ ਹੈ। ਜਦੋਂ ਕਿ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਨੇ ਇਨ੍ਹਾਂ ਤਿੰਨ ਵਰ੍ਹਿਆਂ ਦੌਰਾਨ ਸੂਬੇ ਵਿਚ ਕਿਸਾਨ ਖੁਦਕੁਸ਼ੀਆਂ ਦੀ ਗਿਣਤੀ 182 ਦੱਸੀ ਹੈ। ਕਿਸਾਨ ਜਥੇਬੰਦੀਆਂ ਦਾ ਦੋਸ਼ ਹੈ ਕਿ ਸਰਕਾਰ ਮੁਆਵਜ਼ਾ ਦੇਣ ਦੀ ਮਾਰੀ ਅਸਲ ਤੱਥ ਲੁਕਾ ਰਹੀ ਹੈ। ਬੇਮੌਸਮੀ ਬਾਰਸ਼ ਕਾਰਨ ਹਾੜੀ ਦੀ ਫਸਲ ਖਰਾਬ ਹੋਣ ਪਿੱਛੋਂ ਦੋ ਮਹੀਨਿਆਂ ਵਿਚ ਤਕਰੀਬਨ 55 ਕਿਸਾਨਾਂ ਨੇ ਮੌਤ ਗਲੇ ਲਾਈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਰਾਜ ਸਰਕਾਰ ਝੂਠ ਨਾਲ ਹਕੀਕਤ ਨੂੰ ਛੁਪਾ ਨਹੀਂ ਸਕਦੀ ਹੈ। ਕਿਸਾਨਾਂ ਦੇ ਘਰਾਂ ਵਿਚ ਤਾਂ ਨਿੱਤ ਸੱਥਰ ਵਿੱਛ ਰਹੇ ਹਨ ਤੇ ਸਰਕਾਰ ਇਸ ਤੋਂ ਅੱਖਾਂ ਫੇਰ ਰਹੀ ਹੈ।
________________________________
ਕਿਸਾਨ ਖੁਦਕੁਸ਼ੀਆਂ ਦਾ ਕਾਰਨ ਪ੍ਰੇਮ ਪ੍ਰਸੰਗ?
ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਕਿਸਾਨਾਂ ਬਾਰੇ ਦਿੱਤੇ ਬਿਆਨ ਤੋਂ ਫਸ ਗਏ ਹਨ। ਉਨ੍ਹਾਂ ਰਾਜ ਸਭਾ ਵਿਚ ਕਿਹਾ ਕਿ ਕਿਸਾਨਾਂ ਦੇ ਖੁਦਕੁਸ਼ੀਆਂ ਦਾ ਕਾਰਨ ਪ੍ਰੇਮ ਪ੍ਰਸੰਗ, ਵਿਆਹ ਅਤੇ ਨਪੁੰਸਕਤਾ ਹੈ। ਰਾਧਾ ਮੋਹਨ ਸਿੰਘ ਨੇ ਕਿਹਾ ਕਿ ਇਸ ਸਾਲ 1400 ਤੋਂ ਜ਼ਿਆਦਾ ਕਿਸਾਨਾਂ ਨੇ ਪ੍ਰੇਮ-ਪ੍ਰਸੰਗ, ਦਾਜ ਤੇ ਨਿਪੁੰਸਕਤਾ ਦੇ ਚੱਲਦਿਆਂ ਖੁਦਕੁਸ਼ੀਆਂ ਕੀਤੀਆਂ ਹਨ ਨਾ ਕਿ ਪੈਸਿਆਂ ਦੀ ਤੰਗੀ, ਕਰਜ਼ਾ ਜਾਂ ਖਰਾਬ ਫ਼ਸਲ ਦੇ ਕਾਰਨ। ਉਨ੍ਹਾਂ ਪੱਤਰ ਦੇ ਜ਼ਰੀਏ ਭੇਜੇ ਗਏ ਜਵਾਬ ਵਿਚ ਕਿਹਾ ਕਿ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਿਕ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਜੋ ਕਾਰਨ ਹਨ ਉਨ੍ਹਾਂ ਵਿਚ ਬਿਮਾਰੀ, ਪ੍ਰੇਮ ਤੇ ਨਿਪੁੰਸਕਤਾ ਵੀ ਸ਼ਾਮਲ ਹੈ। ਖੇਤੀ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰਾਂ ਦੇ ਰਿਕਾਰਡ ਮੁਤਾਬਕ ਖੇਤੀ ਕਾਰਨਾਂ ਕਰਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਸਾਲ 2012 ਵਿਚ 1066, ਸਾਲ 2013 ਵਿਚ 890, ਸਾਲ 2014 ਵਿਚ 1400 ਤੇ ਜੂਨ 2015 ਤੱਕ 263 ਰਹੀ।