ਵਿਦੇਸ਼ਾਂ ਵਿਚ ਹੋਏ ਹਸ਼ਰ ਪਿਛੋਂ ਆਤਮ ਮੰਥਨ ਵਿਚ ਜੁਟੇ ਅਕਾਲੀ

ਚੰਡੀਗੜ੍ਹ: ਹਾਲ ਹੀ ਵਿਚ ਅਮਰੀਕਾ ਕੈਨੇਡਾ ਵਿਚ ਅਕਾਲੀ ਆਗੂਆਂ ਦੇ ਹੋਏ ਵਿਰੋਧ ਪਿੱਛੋਂ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿੱਪ ਆਤਮ ਮੰਥਨ ਵਿਚ ਜੁਟ ਗਈ ਹੈ। ਇਨ੍ਹਾਂ ਆਗੂਆਂ ਵੱਲੋਂ ਵਿਦੇਸ਼ਾਂ ਵਿਚ ਪਾਰਟੀ ਦੇ ਵਿਗੜੇ ਅਕਸ ਤੋਂ ਇਲਾਵਾ ਆਪਣੇ ਭਵਿੱਖੀ ਵਿਦੇਸ਼ੀ ਦੌਰਿਆਂ ਬਾਰੇ ਵੀ ਮੰਥਨ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਕਈ ਸੀਨੀਅਰ ਅਕਾਲੀ ਆਗੂਆਂ ਦਾ ਇਸੇ ਮਹੀਨੇ ਕੈਨੇਡਾ ਤੇ ਯੂਰਪ ਜਾਣ ਦਾ ਪ੍ਰੋਗਰਾਮ ਸੀ।
ਸੂਤਰਾਂ ਅਨੁਸਾਰ ਆਪਣੇ ਭਵਿੱਖੀ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਹੁਣ ਸੀਨੀਅਰ ਅਕਾਲੀ ਆਗੂ ਚਿੰਤਨ ਵਿਚ ਲੱਗੇ ਹੋਏ ਹਨ। ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਉਥੋਂ ਦੇ ਪ੍ਰਬੰਧਕ ਕਮਜ਼ੋਰ ਹੋਣ ਕਾਰਨ ਕਿਸੇ ਵੀ ਸਿਆਸੀ ਆਗੂ ਨੂੰ ਉਥੇ ਪ੍ਰੇਸ਼ਾਨੀ ਪੇਸ਼ ਆ ਸਕਦੀ ਹੈ। ਇਸ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਵੱਲੋਂ ਪਿਛਲੇ ਦਿਨੀਂ ਕੈਨੇਡਾ ਪੁਲਿਸ ਉਤੇ ਕੀਤੀ ਆਲੋਚਨਾਤਮਕ ਟਿੱਪਣੀ ਨੂੰ ਵੀ ਪਾਰਟੀ ਦੇ ਸੀਨੀਅਰ ਆਗੂ ਗ਼ਲਤ ਮੰਨਦੇ ਹਨ। ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਤੇ ਪਾਰਟੀ ਦੇ ਸਕੱਤਰ ਤੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਚਾਲੂ ਮਹੀਨੇ ਦੌਰਾਨ ਹੀ ਵਿਦੇਸ਼ ਦੌਰੇ ਦਾ ਪ੍ਰੋਗਰਾਮ ਦੱਸਿਆ ਜਾ ਰਿਹਾ ਸੀ। ਸ਼ ਰਾਮੂਵਾਲੀਆ ਨੇ ਇਸ ਮਹੀਨੇ ਯੂਰਪ ਤੇ ਡਾæ ਚੀਮਾ ਨੇ ਕੈਨੇਡਾ ਜਾਣਾ ਸੀ। ਡਾæ ਚੀਮਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਦੇਸ਼ ਵਿਚ ਕੋਈ ਵਿਰੋਧ ਨਹੀਂ ਤੇ ਉਹ ਹਰ ਸਾਲ ਕੈਨੇਡਾ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਮਜ਼ੋਰ ਪ੍ਰਬੰਧਕਾਂ ਕਾਰਨ ਕਈ ਵਾਰ ਕਿਸੇ ਵੀ ਸਿਆਸੀ ਆਗੂ ਨੂੰ ਉਥੇ ਜਾਂ ਪੰਜਾਬ ਵਿਚ ਵੀ ਪ੍ਰੇਸ਼ਾਨੀ ਪੇਸ਼ ਆ ਸਕਦੀ ਹੈ।
ਡਾæ ਚੀਮਾ ਨੇ ਕਿਹਾ ਕਿ ਪਹਿਲਾਂ ਕੇਂਦਰੀ ਵਿੱਤ ਮੰਤਰੀ ਤੇ ਹੁਣ ਕੇਂਦਰੀ ਰੱਖਿਆ ਮੰਤਰੀ ਦੇ ਪੰਜਾਬ ਦੌਰੇ ਕਾਰਨ ਅਤੇ ਵਿਭਾਗੀ ਕੰਮਕਾਰ ਕਾਰਨ ਉਨ੍ਹਾਂ ਦੇ ਵਿਦੇਸ਼ ਦੌਰੇ ਵਿਚ ਦੇਰੀ ਹੋਈ ਹੈ। ਉਧਰ, ਸ਼ ਰਾਮੂਵਾਲੀਆ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੌਰਾ ਰੱਦ ਨਹੀਂ ਹੋਇਆ, ਬਲਕਿ ਉਨ੍ਹਾਂ ਵੱਲੋਂ ਯੂਰਪ ਵਿਚ ਰਹਿੰਦੇ ਪੁਰਾਣੇ ਅਕਾਲੀਆਂ ਤੇ ਪੰਥ ਦਰਦੀਆਂ ਨਾਲ ਲਗਾਤਾਰ ਰਾਬਤਾ ਬਣਾਇਆ ਜਾ ਰਿਹਾ ਹੈ।
ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਨੇ ਯੂਰਪ ਵਿਚ ਰਹਿੰਦੇ ਉਨ੍ਹਾਂ ਆਗੂਆਂ ਦਾ ਅੱਠ ਸਾਲ ਪੁਰਾਣਾ ਰਿਕਾਰਡ ਕੱਢਿਆ ਹੈ, ਜੋ ਕਿਸੇ ਵੇਲੇ ਲੋਕ ਭਲਾਈ ਪਾਰਟੀ ਦਾ ਹਿੱਸਾ ਸਨ ਤੇ ਹੁਣ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜੇ ਕੋਈ ਤਾਰੀਖ ਤੈਅ ਨਹੀਂ ਹੋਈ, ਪਰ ਉਹ ਜਲਦ ਹੀ ਯੂਰਪ ਜਾਣਗੇ। ਉਧਰ, ਸ਼ ਮਲੂਕਾ ਵੱਲੋਂ ਕੈਨੇਡਾ ਪੁਲਿਸ ਖਿਲਾਫ਼ ਕੀਤੀ ਟਿੱਪਣੀ ਬਾਰੇ ਇਕ ਹੋਰ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਕਿਸੇ ਸਿਆਸੀ ਆਗੂ ਵੱਲੋਂ ਇਕ ਗੱਲ ਪੱਲੇ ਬੰਨ੍ਹ ਕੇ ਵਿਦੇਸ਼ ਜਾਣਾ ਚਾਹੀਦਾ ਹੈ ਕਿ ਉੱਥੇ ਜਾ ਕੇ ਉੱਥੋਂ ਦੀ ਸਰਕਾਰ ਜਾਂ ਉੱਥੋਂ ਦੀ ਪੁਲਿਸ ਦਾ ਵਿਰੋਧ ਕਦੇ ਨਾ ਕੀਤਾ ਜਾਵੇ ਤੇ ਨਾ ਹੀ ਆਪਣੇ ਦੇਸ਼ ਦੀ ਸਰਕਾਰ ਦਾ ਉਧਰ, ਵਿਰੋਧ ਕੀਤਾ ਜਾਵੇ। ਆਗੂ ਨੇ ਕਿਹਾ ਕਿ ਸ਼ ਮਲੂਕਾ ਪਾਰਟੀ ਦੇ ਸੀਨੀਅਰ ਨੇਤਾ ਹਨ, ਇਸ ਲਈ ਉਹ ਉਨ੍ਹਾਂ ਨੂੰ ਕੋਈ ਨਸੀਹਤ ਦੇ ਕੇ ਕਿਸੇ ਕਿਸਮ ਦਾ ਵਿਵਾਦ ਖੜ੍ਹਾ ਨਹੀਂ ਕਰਨਾ ਚਾਹੁੰਦੇ।
____________________________________
ਕੈਨੇਡਾ ਨੂੰ ਸਿਆਸਤ ਦਾ ਅਖਾੜਾ ਨਹੀਂ ਬਣਨ ਦਿਆਂਗੇ: ਕੇਨੀ
ਵੈਨਕੂਵਰ: ਕੈਨੇਡਾ ਦੇ ਰੱਖਿਆ ਮੰਤਰੀ ਜੇਸਨ ਕੇਨੀ ਤੇ ਬਹੁ ਸਭਿਆਚਾਰ ਮੰਤਰੀ ਟਿਮ ਉੱਪਲ ਨੇ ਕਿਹਾ ਹੈ ਕਿ ਉਹ ਕਿਸੇ ਵੀ ਹਾਲਤ ਵਿਚ ਕੈਨੇਡਾ ਨੂੰ ਪੰਜਾਬ ਦੀ ਸਿਆਸਤ ਦਾ ਅਖਾੜਾ ਨਹੀਂ ਬਣਨ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਕੋਈ ਸਿਆਸੀ ਆਗੂ ਘੁੰਮਣ ਫਿਰਨ ਤਾਂ ਆ ਸਕਦਾ ਹੈ ਪਰ ਇਥੇ ਆ ਕੇ ਲੋਕਾਂ ਦਾ ਇਕੱਠ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ। ਉਨ੍ਹਾਂ ਇਕ ਆਵਾਜ਼ ਵਿਚ ਕਿਹਾ ਕਿ ਕੈਨੇਡਾ ਨੂੰ ਪੰਜਾਬ ਦੀਆਂ ਸਿਆਸੀ ਪਾਰਟੀਆਂ ਲਈ ਫੰਡ ਉਗਰਾਹੀ ਲਈ ਵਰਤੇ ਜਾਣ ਦੀ ਆਗਿਆ ਕਿਸੇ ਵੀ ਹਾਲਤ ਵਿਚ ਨਹੀਂ ਦਿੱਤੀ ਜਾਏਗੀ। ਪਿਛਲੇ ਦਿਨਾਂ ਵਿਚ ਜੋ ਕੁਝ ਵਾਪਰਿਆ ਉਸ ਤੋਂ ਉਹ ਬਹੁਤ ਦੁੱਖੀ ਹੋਏ ਹਨ ਤੇ ਇਸ ਨਾਲ ਕੈਨੇਡਾ ਦੇ ਸ਼ਾਂਤ ਪਾਣੀਆਂ ਵਿਚ ਤਲਖੀ ਵਾਲੀਆਂ ਲਹਿਰਾਂ ਪੈਦਾ ਕੀਤੇ ਜਾਣ ਦਾ ਯਤਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਕੈਨੇਡੀਅਨ ਪੁਲਿਸ ਦਾ ਲੋਹਾ ਮੰਨਦੀ ਹੈ ਪਰ ਪੰਜਾਬ ਦੇ ਮੰਤਰੀ ਵੱਲੋਂ ਸਾਡੇ ਘਰ ਆ ਕੇ ਸਾਡੀ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਉਂਗਲੀ ਉਠਾਏ ਜਾਣਾ ਬਹੁਤ ਮੰਦਭਾਗਾ ਹੈ।
___________________________________
ਕੇਜਰੀਵਾਲ ਦੀ ਅੱਖ ਵੀ ਪਰਵਾਸੀਆਂ ‘ਤੇ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੰਯੋਜਕ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਦੇਸ਼ ਦੌਰੇ ਉਤੇ ਜਾਣਗੇ। ਕੇਜਰੀਵਾਲ ਆਸਟਰੇਲੀਆ ਤੇ ਕੈਨੇਡਾ ਦੌਰੇ ਤੇ ਜਾ ਰਹੇ ਹਨ। ਉਨ੍ਹਾਂ ਦਾ ਇਹ ਦੌਰਾ ਅਗਸਤ ਮਹੀਨੇ ਹੋਵੇਗਾ। ਕੇਜਰੀਵਾਲ ਦੇ ਇਸ ਵਿਦੇਸ਼ ਦੌਰੇ ਨੂੰ ਪੰਜਾਬ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਆਪਣੇ ਇਸ ਵਿਦੇਸ਼ ਦੌਰੇ ਦੌਰਾਨ ਪਹਿਲਾਂ ਆਸਟਰੇਲੀਆ ਤੇ ਫਿਰ ਕੈਨੇਡਾ ਜਾਣਗੇ। ਇਸ ਦੌਰੇ ਦਾ ਸਿੱਧਾ ਸਬੰਧ ਪੰਜਾਬ ਦੀਆਂ 2017 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਆਸਟਰੇਲੀਆ ਤੇ ਕੈਨੇਡਾ ਦੋਹਾਂ ਹੀ ਦੇਸ਼ਾਂ ਵਿਚ ਸਭ ਤੋਂ ਵੱਧ ਪੰਜਾਬੀ ਰਹਿ ਰਹੇ ਹਨ, ਤੇ ਇਥੇ ‘ਆਪ’ ਨੂੰ ਭਰਪੂਰ ਹੁੰਗਾਰਾ ਮਿਲਣ ਦੀ ਉਮੀਦ ਨਜ਼ਰ ਆ ਰਹੀ ਹੈ। ਵਿਦੇਸ਼ਾਂ ਵਿਚ ਵਸਦੇ ਇਹ ਪੰਜਾਬ ਕਾਫੀ ਹੱਦ ਤੱਕ ਪੰਜਾਬ ਚੋਣਾਂ ਨੂੰ ਪ੍ਰਭਾਵਿਤ ਕਰਦੇ ਹਨ।