ਚੰਡੀਗੜ੍ਹ: ਪੰਜਾਬ ਦੇ ਕਿਸਾਨ ਨੂੰ ਹਰੀ ਕ੍ਰਾਂਤੀ ਦਾ ਜਨਮਦਾਤਾ ਕਹਿ ਕੇ ਵਡਿਆਇਆ ਜਾਂਦਾ ਰਿਹਾ ਹੈ ਪਰ ਇਸ ਤਹਿਤ ਖੇਤੀ ਦੇ ਹੋਏ ਰਸਾਇਣੀਕਰਨ ਨੇ ਪੰਜਾਬ ਦੀ ਧਰਤੀ, ਪਾਣੀ ਅਤੇ ਹਵਾ ਨੂੰ ਦੂਸ਼ਿਤ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਨਤੀਜਾ ਇਹ ਹੋਇਆ ਕਿ ਪੰਜਾਬ ਵਿਚ ਕੈਂਸਰ, ਕਾਲਾ ਪੀਲੀਆ ਅਤੇ ਹੋਰ ਗੰਭੀਰ ਬਿਮਾਰੀਆਂ ਪੈਰ ਪਸਾਰ ਰਹੀਆਂ ਹਨ। ਪ੍ਰਾਈਵੇਟ ਹਸਪਤਾਲਾਂ ਦਾ ਮਹਿੰਗਾ ਇਲਾਜ ਕਿਸਾਨਾਂ ਨੂੰ ਕਰਜ਼ਾਈ ਕਰਨ ਦਾ ਵੱਡਾ ਪਹਿਲੂ ਬਣਦਾ ਜਾ ਰਿਹਾ ਹੈ।
ਪੰਜਾਬ ਦੀ ਹਰ ਫ਼ਸਲ ਵਿਚ ਪ੍ਰਤੀ ਹੈਕਟੇਅਰ ਉਤਪਾਦਿਕਤਾ, ਭਾਰਤ ਦੇ ਹਰ ਪ੍ਰਾਂਤ ਤੋਂ ਵੱਧ ਹੈ ਪਰ ਇਸ ਲਈ ਵਾਤਾਵਰਨ ਵਿਚ ਗਿਰਾਵਟ ਤੇ ਅਸੰਤੁਲਨ ਦੀ ਸ਼ਕਲ ਵਿਚ ਜੋ ਕੀਮਤ ਅਦਾ ਕੀਤੀ ਗਈ ਹੈ, ਉਸ ਨੂੰ ਨਾਪਿਆ ਨਹੀਂ ਜਾ ਸਕਦਾ। ਪੰਜਾਬ ਵਿਚ ਔਸਤਨ ਪ੍ਰਤੀ ਹੈਕਟੇਅਰ 242 ਕਿਲੋ ਖਾਦਾਂ ਪਾਈਆਂ ਜਾਂਦੀਆਂ ਹਨ ਜਦੋਂ ਕਿ ਕੌਮੀ ਪੱਧਰ ਉਤੇ ਇਹ ਔਸਤ ਸਿਰਫ 141 ਕਿਲੋ ਹੈ। ਧਰਤੀ ਹੇਠਲਾ ਪਾਣੀ ਪੰਜਾਬ ਭਰ ਵਿਚ ਜ਼ਿਆਦਾ ਥਾਵਾਂ ਉਤੇ 15 ਫੁੱਟ ਤੋਂ ਵੀ ਨੇੜੇ ਸੀ, ਜੋ ਹੁਣ 100 ਫੁੱਟ ਤੋਂ ਵੀ ਹੇਠਾਂ ਪਹੁੰਚ ਚੁੱਕਾ ਹੈ। ਇੰਨਾ ਜ਼ਹਿਰੀਲਾ ਮਾਦਾ ਜੋ ਖਾਦਾਂ ਤੇ ਰਸਾਇਣਕ ਪਦਾਰਥਾਂ ਦੇ ਰੂਪ ਵਿਚ ਧਰਤੀ ਉਤੇ ਵਰਤਿਆ ਜਾ ਰਿਹਾ ਹੈ ਉਹ ਹਵਾ, ਪਾਣੀ ਅਤੇ ਧਰਤੀ ਵਿਚ ਫੈਲ ਕੇ ਖੁਰਾਕ ਵਿਚ ਸ਼ਾਮਲ ਹੋ ਜਾਂਦਾ ਹੈ, ਜਿਸ ਕਰਕੇ ਕਈ ਨਾਮੁਰਾਦ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ।
ਧਰਤੀ ਦੀ ਉਪਜਾਊ ਸ਼ਕਤੀ ਏਨੀ ਕਮਜ਼ੋਰ ਹੋ ਚੁੱਕੀ ਹੈ ਕਿ ਹੁਣ 1960 ਤੋਂ ਲੈ ਕੇ ਪ੍ਰਤੀ ਏਕੜ ਚਾਰ ਗੁਣਾ ਵਧੇਰੇ ਖਾਦਾਂ ਪਾਉਣੀਆਂ ਪੈਂਦੀਆਂ ਹਨ ਤਾਂ ਕਿ ਉਤਪਾਦਨ ਦਾ ਪੱਧਰ ਨਾ ਘਟੇ। ਪੰਜਾਬ ਕੋਲ ਸਿਰਫ 1æ50 ਫ਼ੀਸਦੀ ਖੇਤਰ ਹੋਣ ਦੇ ਬਾਵਜੂਦ ਇਹ 1970 ਤੋਂ ਲਗਾਤਾਰ ਕੌਮੀ ਅੰਨ ਭੰਡਾਰ ਵਿਚ 60 ਫ਼ੀਸਦੀ ਦਾ ਯੋਗਦਾਨ ਪਾ ਰਿਹਾ ਹੈ। ਖੇਤੀ ਦੀ ਜ਼ਰੂਰਤ ਪੂਰੀ ਕਰਨ ਲਈ ਹੁਣ ਟਿਊਬਵੈੱਲਾਂ ਦੀ ਗਿਣਤੀ 14 ਲੱਖ ਤੱਕ ਵਧ ਗਈ ਹੈ, ਜਿਸ ਨੇ ਧਰਤੀ ਹੇਠਲੇ ਪਾਣੀ ਨੂੰ ਉਸ ਦੇ ਰੀਚਾਰਜ ਹੋਣ ਤੋਂ ਕਿਤੇ ਵਧ ਮਾਤਰਾ ਵਿਚ ਵਰਤ ਕੇ ਇਕ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਹੈ। ਚੇਨੇਈ ਦੀ ਇਕ ਸੰਸਥਾ ਤੋਂ ਇਲਾਵਾ ਵਾਤਾਵਰਨ ਸਬੰਧੀ ਕਈ ਰਿਪੋਰਟਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦਾ ਵਰਤਮਾਨ ਵਾਤਾਵਰਨ ਬਹੁਤੇ ਸਮੇਂ ਤੱਕ ਚੱਲਣ ਦੀ ਸੰਭਾਵਨਾ ਨਹੀਂ ਰੱਖਦਾ। ਇਸ ਵਰਗੇ ਹੋਰ ਪ੍ਰਾਂਤ ਵੀ ਹਨ, ਜਿਨ੍ਹਾਂ ਵਿਚ ਬਿਹਾਰ, ਗੁਜਰਾਤ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਆਦਿ ਆਉਂਦੇ ਹਨ।
ਖੇਤੀ ਵਿਚ ਕਿਸਾਨਾਂ ਦਾ ਸਭ ਤੋਂ ਵੱਧ ਸਰਮਾਇਆ ਹੁਣ ਕੀਟਨਾਸ਼ਕ ਦਵਾਈਆਂ ਉਪਰ ਖਰਚ ਹੁੰਦਾ ਹੈ। ਪਿਛਲੇ ਇਕ ਦਹਾਕੇ ਦੌਰਾਨ ਪੰਜਾਬ ਵਿਚ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਕਾਰੋਬਾਰ ਵਿਚ ਕਈ ਗੁਣਾ ਵਾਧਾ ਹੋਇਆ ਹੈ। ਬੀæਟੀæ ਕਾਟਨ ਆਉਣ ਦੇ ਬਾਵਜੂਦ ਨਰਮੇ ਉਪਰ ਦਵਾਈਆਂ ਦਾ ਖਰਚਾ ਪਹਿਲਾਂ ਦੇ ਮੁਕਾਬਲੇ ਵਧਿਆ ਹੈ। ਪੰਜਾਬ ਵਿਚ ਹਾੜ੍ਹੀ ਤੇ ਸਾਉਣੀ ਦੌਰਾਨ ਤਕਰੀਬਨ 1250 ਕਰੋੜ ਰੁਪਏ ਦੀਆਂ ਜ਼ਹਿਰਾਂ ਵਿਕ ਜਾਂਦੀਆਂ ਹਨ, ਜਦਕਿ ਇਕੱਲੇ ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨ ਤਕਰੀਬਨ 900 ਕਰੋੜ ਰੁਪਏ ਦੇ ਕੀਟਨਾਸ਼ਕ ਫ਼ਸਲਾਂ ਉਤੇ ਛਿੜਕ ਦਿੰਦੇ ਹਨ। ਇਸ ਨਾਲ ਕਿਸਾਨਾਂ ਦਾ ਖੇਤੀ ਉਪਰ ਖਰਚਾ ਵੀ ਬਹੁਤ ਵਧ ਗਿਆ ਹੈ। ਸਿੱਟੇ ਵਜੋਂ ਉਸ ਦੀ ਹਾਲਤ ਲਗਾਤਾਰ ਹੋਰ ਮਾੜੀ ਹੋ ਰਹੀ ਹੈ।
________________________________
ਸਭ ਤੋਂ ਵੱਧ ਕਰਜ਼ਾ ਪੰਜਾਬ ਦੇ ਕਿਸਾਨ ਸਿਰ
ਬਠਿੰਡਾ: ਪੰਜਾਬ ਦਾ ਕਿਸਾਨ ਦੇਸ਼ ਭਰ ਵਿਚੋਂ ਸਭ ਤੋਂ ਵੱਧ ਕਰਜ਼ਾਈ ਹੋ ਗਿਆ ਹੈ। ਪੰਜਾਬ ਦੇ ਕਿਸਾਨਾਂ ਸਿਰ ਔਸਤਨ ਢਾਈ ਲੱਖ ਰੁਪਏ ਇਕੱਲਾ ਬੈਂਕ ਕਰਜ਼ਾ ਹੈ ਜਦੋਂਕਿ ਬੈਂਕ ਕਰਜ਼ੇ ਦੀ ਕੌਮੀ ਔਸਤ 1æ10 ਲੱਖ ਰੁਪਏ ਪ੍ਰਤੀ ਕਿਸਾਨ ਹੈ। ਮਹਾਰਾਸ਼ਟਰ ਦੇ ਕਿਸਾਨ ਵੀ ਕਰਜ਼ੇ ਦੇ ਮਾਮਲੇ ਵਿਚ ਪੰਜਾਬ ਦੇ ਬਰਾਬਰ ਖੜ੍ਹੇ ਹਨ, ਜਿਨ੍ਹਾਂ ਸਿਰ ਪ੍ਰਤੀ ਕਿਸਾਨ ਔਸਤਨ ਢਾਈ ਲੱਖ ਰੁਪਏ ਦਾ ਬੈਂਕ ਕਰਜ਼ਾ ਹੈ। ਪੰਜਾਬ ਦੇ ਕਿਸਾਨਾਂ ਸਿਰ ਪਹਿਲਾਂ ਸ਼ਾਹੂਕਾਰਾਂ ਦਾ ਵੱਡਾ ਕਰਜ਼ਾ ਰਿਹਾ ਹੈ ਤੇ ਹੁਣ ਬੈਂਕ ਕਰਜ਼ਾ ਕਿਸਾਨਾਂ ਦਾ ਸਾਹ ਘੁੱਟਣ ਲੱਗਿਆ ਹੈ।
ਕੇਂਦਰੀ ਵਿੱਤ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਦੇਸ਼ ਦੇ 10æ76 ਕਰੋੜ ਕਿਸਾਨਾਂ ਸਿਰ ਇਕੱਲੇ ਬੈਂਕਾਂ ਦਾ 11,85,285 ਕਰੋੜ ਰੁਪਏ ਦਾ ਕਰਜ਼ਾ ਹੈ, ਜਿਸ ਦੀ ਔਸਤ ਪ੍ਰਤੀ ਕਿਸਾਨ 1æ10 ਲੱਖ ਰੁਪਏ ਬਣਦੀ ਹੈ। ਪੰਜਾਬ ਦੇ 27æ76 ਲੱਖ ਕਿਸਾਨਾਂ ਵੱਲ 31 ਮਾਰਚ 2015 ਤੱਕ ਬੈਂਕਾਂ ਦਾ 69,449 ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਸਭ ਤੋਂ ਵੱਡਾ ਕਰਜ਼ਾ ਵਪਾਰਕ ਬੈਂਕਾਂ ਦਾ ਹੈ। ਵਪਾਰਕ ਬੈਂਕਾਂ ਦਾ ਪੰਜਾਬ ਦੇ 13æ29 ਲੱਖ ਕਿਸਾਨਾਂ ਸਿਰ 54,819 ਕਰੋੜ ਦਾ ਕਰਜ਼ਾ ਹੈ, ਜੋ ਕਿ ਪ੍ਰਤੀ ਕਿਸਾਨ ਔਸਤਨ 4æ12 ਲੱਖ ਰੁਪਏ ਬਣਦਾ ਹੈ। ਖੇਤਰੀ ਦਿਹਾਤੀ ਬੈਂਕਾਂ ਦਾ ਕਿਸਾਨਾਂ ਸਿਰ 2,977 ਕਰੋੜ ਦਾ ਕਰਜ਼ਾ ਹੈ। ਤੱਥਾਂ ਅਨੁਸਾਰ ਪੰਜਾਬ ਦੇ ਕਿਸਾਨਾਂ ਸਿਰ ਇਕੱਲੇ ਵਪਾਰਕ ਬੈਂਕਾਂ ਦਾ ਇਕ ਵਰ੍ਹੇ ਵਿਚ ਕਰਜ਼ਾ 4,721 ਕਰੋੜ ਰੁਪਏ ਵਧ ਗਿਆ ਹੈ। 31 ਮਾਰਚ 2014 ਨੂੰ ਵਪਾਰਕ ਬੈਂਕਾਂ ਦਾ ਕਿਸਾਨਾਂ ਵੱਲ 50,098 ਕਰੋੜ ਦਾ ਕਰਜ਼ਾ ਸੀ, ਜੋ ਕਿ ਹੁਣ ਵੱਧ ਕੇ 54,819 ਕਰੋੜ ਰੁਪਏ ਹੋ ਗਿਆ ਹੈ।