ਨਵਜੋਤ ਕੌਰ ਸਿੱਧੂ ਨੇ ਖੋਲ੍ਹਿਆ ਬਾਦਲ ਸਰਕਾਰ ਖਿਲਾਫ ਮੋਰਚਾ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਭਾਜਪਾ ਦੀ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਗੁਰੂ ਨਗਰੀ ਨਾਲ ਅਣਦੇਖੀ ਦੇ ਮੁੱਦੇ ‘ਤੇ ਆਪਣੇ ਹੀ ਭਾਈਵਾਲ ਅਕਾਲੀ ਦਲ ਨੂੰ ਘੇਰ ਲਿਆ ਹੈ। ਬੀਬੀ ਸਿੱਧੂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 15 ਦਿਨਾਂ ਵਿਚ ਵਿਕਾਸ ਕਾਰਜ ਨਾ ਸ਼ੁਰੂ ਹੋਏ ਤਾਂ ਉਹ ਮਰਨ ਵਰਤ ਸ਼ੁਰੂ ਕਰ ਦੇਵੇਗੀ।

ਡਾæ ਸਿੱਧੂ ਨੇ ਇਹ ਐਲਾਨ ਵੀ ਕੀਤਾ ਹੈ ਕਿ 2017 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਵਜੋਂ ਚੋਣ ਨਹੀਂ ਲੜੇਗੀ।
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਵਡਾਲਾ ਵਿਚ ਬੀਬੀ ਸਿੱਧੂ ਅਚਾਨਕ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਵਿਚ ਪੁੱਜ ਗਈ। ਉਸ ਨੇ ਸ਼ ਬਾਦਲ ਨੂੰ ਘੇਰਦਿਆਂ ਹੋਇਆਂ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਕਾਸ ਕੰਮਾਂ ਨੂੰ ਲੈ ਕੇ ਪਿਛਲੇ ਛੇ ਮਹੀਨਿਆਂ ਤੋਂ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੁੱਖ ਮੰਤਰੀ ਦਫਤਰ ਵੱਲੋਂ ਉਨ੍ਹਾਂ ਨੂੰ ਹਰ ਵਾਰ ਟਾਲ ਦਿੱਤਾ ਜਾਂਦਾ ਰਿਹਾ ਹੈ।।ਇਸ ਲਈ ਉਹ ਸੰਗਤ ਦਰਸ਼ਨ ਵਿਚ ਉਨ੍ਹਾਂ ਦੇ ‘ਦਰਸ਼ਨ’ ਕਰਨ ਆਈ ਹੈ। ਉਨ੍ਹਾਂ ਦੇ ਹਲਕੇ ਵਿਚ ਸੀਵਰੇਜ, ਸੜਕਾਂ, ਸਟਰੀਟ ਲਾਈਟਾਂ ਸਮੇਤ ਕਈ ਹੋਰ ਵਿਕਾਸ ਕਾਰਜ ਜੋ ਕੇ ਪਿਛਲੇ ਲੰਬੇ ਸਮੇਂ ਤੋਂ ਰੁਕੇ ਪਏ ਹਨ। ਬੀਬੀ ਸਿੱਧ ਨੇ ਬਠਿੰਡਾ ਦੇ ਵਿਕਾਸ ਲਈ 212 ਕਰੋੜ ਰੁਪਏ ਦੀ ਹੋਰ ਰਾਸ਼ੀ ਜਾਰੀ ਕਰਨ ਨੂੰ ਗੁਰੂ ਨਗਰੀ ਨਾਲ ਸਿੱਧਾ ਧੱਕਾ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਬਠਿੰਡਾ ਨਾਲ ਐਨਾ ਹੀ ਪਿਆਰ ਹੈ ਤਾਂ ਉਹ ਸੂਬੇ ਦੇ ਬਾਕੀ ਜ਼ਿਲ੍ਹਿਆਂ ਦੀ ਵਾਗਡੋਰ ਭਾਜਪਾ ਨੂੰ ਸੌਂਪ ਦੇਣ ਤੇ ਖੁਦ ਇਕ ਜ਼ਿਲ੍ਹੇ ਦੇ ਹੀ ਮੁੱਖ ਮੰਤਰੀ ਬਣ ਜਾਣ। ਡਾæ ਸਿੱਧੂ ਵੱਲੋਂ ਆਪਣੇ ਪਤੀ ਡਾæ ਨਵਜੋਤ ਸਿੰਘ ਸਿੱਧੂ ਦੀ ਤਰਜ ਉਤੇ ਮੁੱਖ ਮੰਤਰੀ ਨੂੰ ਖਰੀਆਂ-ਖਰੀਆਂ ਸੁਣਾਈਆਂ। ਡਾæ ਸਿੱਧੂ ਨੇ ਦੋਸ਼ ਲਾਇਆ ਕਿ ਉਹ ਮੁੱਖ ਮੰਤਰੀ ਨੂੰ ਮਿਲਣ ਲਈ ਪਿਛਲੇ ਛੇ ਮਹੀਨਿਆਂ ਤੋਂ ਸਮਾਂ ਮੰਗ ਰਹੀ ਹੈ ਪਰ ਹਰ ਵਾਰ ਉਸ ਨੂੰ ਟਾਲਿਆ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵਿਚ ਇਮਾਨਦਾਰੀ ਦੀ ਕੋਈ ਪੁੱਛ-ਪ੍ਰਤੀਤ ਨਹੀਂ ਤੇ ਚਾਪਲੂਸਾਂ ਨੂੰ ਸਰਕਾਰ ਖੁੱਲ੍ਹੇ ਗੱਫ਼ੇ ਵੰਡ ਰਹੀ ਹੈ। ਡਾæ ਸਿੱਧੂ ਨੇ ਕਿਹਾ ਕਿ ਗੁਰੂ ਨਗਰੀ ਵਿਚ ਇਕ ਲੱਖ ਸ਼ਰਧਾਲੂ ਰੋਜ਼ਾਨਾ ਦਰਸ਼ਨਾਂ ਲਈ ਆਉਂਦੇ ਹਨ ਪਰ ਇਥੇ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ। ਉਨ੍ਹਾਂ ਭਾਜਪਾ ਮੰਤਰੀ ਅਨਿਲ ਜੋਸ਼ੀ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਆਪਣੇ ਹਲਕੇ ਵਿਚ ਭਾਵੇਂ ਸੜਕਾਂ ਉਤੇ ਸੜਕਾਂ ਬਣਾਈ ਜਾਣ, ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਤੇ ਨਗਰ ਸੁਧਾਰ ਟਰੱਸਟਾਂ ਦਾ ਪੈਸਾ ਵੀ ਉਹ ਆਪਣੀ ਮਰਜ਼ੀ ਨਾਲ ਖ਼ਰਚ ਰਹੇ ਹਨ, ਜਦੋਂ ਕਿ ਬਾਕੀ ਹਲਕਿਆਂ ਵਿਚ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ। ਉਧਰ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਬਾਦਲ ਸਰਕਾਰ ਉਤੇ ਹਮਲੇ ਬੋਲ ਰਹੀ ਬੀਬੀ ਸਿੱਧੂ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।
____________________________________
ਸੀਨੀਆਰ ਆਗੂ ਸ਼ਾਂਤਾ ਕੁਮਾਰ ਵੱਲੋਂ ਬਗਾਵਤ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼ਾਂਤਾ ਕੁਮਾਰ ਨੇ ਆਪਣੀ ਹੀ ਪਾਰਟੀ ਖਿਲਾਫ ਮੋਰਚਾ ਖੋਲਿਆ ਹੋਇਆ ਹੈ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਲਿਖੇ ਇਕ ਪੱਤਰ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਮਹਾਰਾਸ਼ਟਰ ਦੀ ਮੰਤਰੀ ਪੰਕਜਾ ਮੁੰਡੇ ਖਿਲਾਫ਼ ਲੱਗੇ ਦੋਸ਼ਾਂ ਬਾਰੇ ਸਫ਼ਾਈ ਦੇਣ ਜਾਂ ਇਨ੍ਹਾਂ ਨੂੰ ਬੇਦਾਗ਼ ਦੱਸਣ ਦੀ ਥਾਂ ਇਖ਼ਲਾਕ ਕਮੇਟੀ ਦੀ ਸਥਾਪਨਾ ਕਰਨੀ ਚਾਹੀਦੀ ਹੈ। ਇਸ ਪੱਤਰ ਦੇ ਮੀਡੀਆ ਕੋਲ ਪਹੁੰਚਣ ਮਗਰੋਂ ਭਾਜਪਾ ਵਿਚ ਤੂਫ਼ਾਨ ਉੱਠ ਖੜ੍ਹਾ ਹੋਇਆ ਹੈ। ਕੇਂਦਰੀ ਮੰਤਰੀ ਰਾਜੀਵ ਪ੍ਰਤਾਪ ਰੂਡੀ ਨੇ ਟਿੱਪਣੀ ਕੀਤੀ ਹੈ ਕਿ ਸ੍ਰੀ ਸ਼ਾਂਤਾ ਕੁਮਾਰ ‘ਕਾਂਗਰਸ ਦੇ ਕੁਪ੍ਰਚਾਰ’ ਤੋਂ ਪ੍ਰਭਾਵਿਤ ਹੋ ਗਏ ਹਨ। ਪਾਰਟੀ ਦੇ ਕੁਝ ਹੋਰ ਬੁਲਾਰਿਆਂ ਨੇ ਉਨ੍ਹਾਂ ਨੂੰ ਪਾਰਟੀ ਅਨੁਸ਼ਾਸਨ ਦੀ ‘ਲਛਮਣ ਰੇਖਾ’ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਹੈ। ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਸ੍ਰੀ ਕੁਮਾਰ ਨੂੰ ਖੁੱਲ੍ਹਾ ਪੱਤਰ ਲਿਖ ਕੇ 2014 ਦੀ ਲੋਕ ਸਭਾ ਚੋਣਾਂ ਸਮੇਂ ਪੰਜਾਬ ਵਿਚ ਇਕੱਤਰ ਕੀਤੇ ਫੰਡਾਂ ਦਾ ਹਿਸਾਬ-ਕਿਤਾਬ ਨਾ ਦੇਣ ਦੇ ਦੋਸ਼ ਲਾਏ ਹਨ।
_________________________________
ਹਲਕੇ ਲਈ ਗ੍ਰਾਂਟ ਦਾ ਜੁਗਾੜ ਕਰਾਂਗੇ
ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਹੈ ਕਿ ਕਿਸੇ ਵੀ ਹਲਕੇ ਨਾਲ ਵਿਤਕਰਾ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਕਿਸੇ ਹਲਕੇ ਵਿਚ ਵਧੇਰੇ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਡਾæ ਸਿੱਧੂ ਬਾਰੇ ਆਖਿਆ ਕਿ ਉਹ ਉਨ੍ਹਾਂ ਦੀ ਧੀਆਂ ਵਰਗੀ ਹੈ ਤੇ ਉਸ ਵੱਲੋਂ ਦੱਸੇ ਗਏ ਮਸਲੇ ਪਹਿਲ ਦੇ ਆਧਾਰ ਉਤੇ ਹੱਲ ਕੀਤੇ ਜਾਣਗੇ। ਮੁੱਖ ਮੰਤਰੀ ਨੇ ਆਖਿਆ ਕਿ ਉਹ ਖੁਦ ਉਨ੍ਹਾਂ ਦੇ ਘਰ ਜਾਣਗੇ ਤੇ ਨਾਰਾਜ਼ਗੀ ਦੂਰ ਕਰਨਗੇ। ਸ਼ ਬਾਦਲ ਨੇ ਭਰੋਸਾ ਦਿੱਤਾ ਕਿ ਉਹ ਕੋਈ ਨਾ ਕੋਈ ਜੁਗਾੜ ਕਰਕੇ ਗ੍ਰਾਂਟ ਦਾ ਪ੍ਰਬੰਧ ਕਰਨਗੇ।
______________________________
ਮੈਨੂੰ ਬਾਦਲ ਉਤੇ ਭਰੋਸਾ ਨਹੀਂ: ਨਵਜੋਤ ਕੌਰ ਸਿੱਧੂ
ਅੰਮ੍ਰਿਤਸਰ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਵੀ ਭਾਜਪਾ ਆਗੂ ਤੇ ਮੁੱਖ ਸੰਸਦੀ ਸਕੱਤਰ ਡਾæ ਨਵਜੋਤ ਕੌਰ ਸਿੱਧੂ ਨੇ ਉਨ੍ਹਾਂ ‘ਤੇ ਵਿਸ਼ਵਾਸ ਕਰਨ ਤੋਂ ਨਾਂਹ ਕਰਦਿਆਂ ਆਖਿਆ ਕਿ ਇਸ ਤੋਂ ਪਹਿਲਾਂ ਉਸਦੇ ਪਤੀ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨਾਲ ਵੀ ਵਾਅਦਾ ਕਰਕੇ ਤੋੜਿਆ ਜਾ ਚੁੱਕਾ ਹੈ ਤੇ ਹੁਣ ਉਸ ਨੂੰ ਵੀ ਉਸੇ ਢੰਗ ਨਾਲ ਭਰੋਸੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੇ ਹਲਕੇ ਦੇ ਵਿਕਾਸ ਨਾਲ ਸਬੰਧਤ ਤਕਰੀਬਨ 28 ਫਾਈਲਾਂ ਸਰਕਾਰ ਕੋਲ ਲੰਬਿਤ ਪਈਆਂ ਹਨ।