ਸੰਗੀਤ ਲਈ ਕੋਈ ਸਰਹੱਦ ਨਹੀਂ: ਆਰਿਫ ਲੁਹਾਰ

ਆਪਣੇ ਗੀਤ ‘ਜੁਗਨੀ’ ਨਾਲ ਦੁਨੀਆਂ ਭਰ ਵਿਚ ਮਸ਼ਹੂਰ ਹੋਇਆ ਗਾਇਕ ਆਰਿਫ਼ ਲੁਹਾਰ ਜਦੋਂ ਸਟੇਜ ‘ਤੇ ਆਉਂਦਾ ਹੈ, ਬੱਸ ਰੰਗ ਹੀ ਬੰਨ੍ਹ ਦਿੰਦਾ ਹੈ। ਵਿਚ-ਵਿਚਾਲੇ ਫਿਰ ਕੋਈ ਬਰੇਕ ਜਾਂ ਵਕਫਾ ਨਹੀਂ। ਫਿਰ ਤਾਂ ਬੱਸ ਆਰਿਫ਼ ਹੁੰਦਾ ਹੈ ਜਾਂ ਸੁਰਾਂ ਦੀ ਛਹਿਬਰ। ਕਾਲਾ ਲਿਬਾਸ ਉਸ ਦੇ ਸਰੋਤਿਆਂ ਉਤੇ ਹੋਰ ਜਾਦੂ ਧੂੜਦਾ ਹੈ। ਹੱਥਾਂ ਵਿਚ ਫੜਿਆ ਚਿਮਟਾ ਜਦੋਂ ਲਰਜ਼ਦਾ ਹੈ, ਅੱਖਾਂ ਜਦੋਂ ਲੋਰ ਵਿਚ ਹੌਲੀ ਹੌਲੀ ਬੰਦ ਹੁੰਦੀਆਂ ਹਨ, ਹੇਕ ਜਦੋਂ ਸੁਰਾਂ ਦਾ ਸਿਰਨਾਵਾਂ ਬਣ ਨੱਚਣ ਲਗਦੀ ਹੈ ਤਾਂ ਜਾਪਦਾ ਹੈ, ਲਗਾਤਾਰ ਚੱਲ ਰਿਹਾ ਵਕਤ, ਕੁਝ ਵਕਤ ਤਾਂ ਜ਼ਰੂਰ ਖੜ੍ਹਿਆ ਹੋਵੇਗਾ!
ਹਾਲ ਹੀ ਵਿਚ ਆਰਿਫ਼ ਲੁਹਾਰ ਭਾਰਤ ਦਾ ਆਪਣਾ ਤੀਜਾ ਗੇੜਾ ਲਾ ਕੇ ਮੁੜਿਆ ਹੈ। ਭਾਰਤ ਦੇ ਸੰਗੀਤ ਪ੍ਰੇਮੀਆਂ ਨੇ ਉਸ ਨੂੰ ਪਲਕਾਂ ‘ਤੇ ਬਿਠਾ ਲਿਆ। ਉਹ ਵੀ ਬਹੁਤ ਭਾਵੁਕ ਹੋ ਗਿਆ; ਕਹਿਣ ਲੱਗਾ-‘ਮੈਂ ਤਾਂ ਇਥੇ ਵਾਰ ਵਾਰ ਆਵਾਂਗਾ। ਚੰਗੇ ਸਰੋਤਿਆਂ ਲਈ ਕੋਈ ਹੱਦ-ਸਰਹੱਦ ਨਹੀਂ ਹੁੰਦੀ।’ ਉਹਦੇ ਨਾਲ ਟੂਰ ਕਰ ਰਹੀ ਉਹਦੀ ਸ਼ਾਗਿਰਦ ਫੌਜ਼ੀਆ ਹਸਨ ਹੁੱਬ ਹੁੱਬ ਕੇ ਆਪਣੇ ਗੁਰੂ ਦੀਆਂ ਗੱਲਾਂ ਸੁਣਾਉਂਦੀ ਹੈ।æææਅਖੇ, ਅਮਰੀਕਾ ਵਾਲੇ ਟੂਰ ਦੌਰਾਨ ਗੁਰੂਦੇਵ ਨੇ ‘ਜੁਗਨੀ’ ਅਤੇ ‘ਕਮਲੀ’ ਗੀਤਾਂ ਉਤੇ ਗੋਰੇ ਵੀ ਨੱਚਣ ਲਾ ਦਿੱਤੇ ਸਨ। ਫੌਜ਼ੀਆ ਹਸਨ ਪਿਛਲੇ ਸੱਤ ਸਾਲ ਤੋਂ ਆਰਿਫ਼ ਦੀ ਸੁਰ-ਸੰਗੀ ਹੈ ਅਤੇ ਉਸ ਨੇ ਆਰਿਫ਼ ਦਾ ਸਟੇਜ ਉਤੇ ਜਾਦੂ ਚੱਲਦਾ ਬਹੁਤ ਵਾਰ ਦੇਖਿਆ ਹੈ।
ਆਰਿਫ਼ ਨੂੰ ਸੁਰਾਂ ਦੀ ਸਮਝ ਵਿਰਾਸਤ ਵਿਚੋਂ ਮਿਲੀ ਹੋਈ ਹੈ। ਉਹਦੇ ਬਾਲਿਦ ਆਲਮ ਲੁਹਾਰ ਨੂੰ ਕੌਣ ਨਹੀਂ ਜਾਣਦਾ! ਆਲਮ ਲੁਹਾਰ (1928-3 ਜੁਲਾਈ 1979) ਨੇ ਲੋਕ ਗਾਇਨ ਦੇ ਪਿੜ ਵਿਚ ਬੜੀਆਂ ਨਿੱਗਰ ਪੈੜਾਂ ਪਾਈਆਂ ਹਨ। ਆਰਿਫ਼ ਨੇ ਉਸੇ ਰਾਸਤੇ ਉਤੇ ਚੱਲਦਿਆਂ ਆਪਣੇ ਬਾਲਿਦ ਦੀ ਵਿਰਾਸਤ ਨੂੰ ਅੱਗੇ ਵਧਾਇਆ। ਆਪਣੇ ਬਾਲਿਦ ਆਲਮ ਲੁਹਾਰ ਦੀ ਗਾਈ ‘ਜੁਗਨੀ’ ਨੂੰ ਆਰਿਫ਼ ਨੇ ਵੱਖਰੇ ਰੰਗ ਵਿਚ ਪੇਸ਼ ਕੀਤਾ ਅਤੇ ਨਾਮ ਕਮਾਇਆ। ਉਹ ਅੱਠ ਵਰ੍ਹਿਆਂ ਦਾ ਸੀ ਜਦੋਂ ਉਹਨੇ ਗਾਉਣਾ ਆਰੰਭ ਕਰ ਦਿੱਤਾ ਸੀ। ਉਸ ਤੋਂ ਬਾਅਦ ਉਸ ਨੇ ਕਦੀ ਪਿਛੇ ਮੁੜ ਕੇ ਨਹੀਂ ਦੇਖਿਆ। ਹੁਣ ਤੱਕ ਉਹ 3000 ਤੋਂ ਵੀ ਵੱਧ ਗੀਤ ਗਾ ਚੁੱਕਾ ਹੈ, ਇਨ੍ਹਾਂ ਵਿਚੋਂ ਬਹੁਤੇ ਪੰਜਾਬੀ ਗੀਤ ਹਨ। ਇਹ ਸਾਰੇ ਗੀਤ ਉਸ ਦੀਆਂ ਤਕਰੀਬਨ 150 ਐਲਬਮਜ਼ ਵਿਚ ਸਾਂਭੇ ਪਏ ਹਨ। ਜਦੋਂ ਉਸ ਨੇ ਪਹਿਲੀ ਵਾਰ ‘ਜੁਗਨੀ’ ਗਾਈ, ਉਸ ਦਾ ਨਾਂ ਪੂਰੀ ਦੁਨੀਆਂ ਵਿਚ ਧੁੰਮ ਗਿਆ। ਪਿਛਲੇ 20 ਸਾਲਾਂ ਦੌਰਾਨ ਉਹ ਦੁਨੀਆਂ ਦੇ ਕਈ ਦੇਸ਼ਾਂ ਦੇ 50 ਗੇੜੇ ਮਾਰ ਚੁੱਕਾ ਹੈ। ਦੱਖਣੀ ਏਸ਼ੀਆ ਦਾ ਉਹ ਇਕੱਲਾ ਅਜਿਹਾ ਕਲਾਕਾਰ ਹੈ ਜਿਸ ਨੇ ਉਤਰੀ ਕੋਰੀਆ ਦੇ ਲੋਕਾਂ ਨੂੰ ਆਪਣੇ ਸੰਗੀਤ ਨਾਲ ਮੰਤਰ-ਮੁਗਧ ਕੀਤਾ। 2004 ਵਿਚ ਚੀਨ ਦੀਆਂ ਏਸ਼ੀਆਈ ਖੇਡਾਂ ਮੌਕੇ ਉਸ ਨੇ 10 ਲੱਖ ਲੋਕਾਂ ਦੇ ਇਕੱਠ ਨੂੰ ਪੰਜਾਬੀ ਗੀਤ ਸੁਣਾਏ।
ਗੱਲਾਂ ਗੱਲਾਂ ਵਿਚ ਆਰਿਫ਼ ਦੱਸਦਾ ਹੈ ਕਿ ਉਹ ਮੁਹੰਮਦ ਰਫੀ, ਲਤਾ ਮੰਗੇਸ਼ਕਰ ਅਤੇ ਮੁਕੇਸ਼ ਦੇ ਗੀਤ ਬਹੁਤ ਸੁਣਦਾ ਹੈ। ਜਦੋਂ ਉਹਨੂੰ ਪੁੱਛਿਆ ਕਿ ਇਹ ਗੱਲ ਉਹ ਕਿਤੇ ਭਾਰਤ ਟੂਰ ਕਰ ਕੇ ਤਾਂ ਨਹੀਂ ਕਹਿ ਰਿਹਾ? ਇੰਨਾ ਸੁਣਦਿਆਂ ਹੀ ਉਹ ਆਪਣੇ ਹੱਥ ਤੁਰੰਤ ਕੰਨਾਂ ਤੱਕ ਲੈ ਜਾਂਦਾ ਹੈ ਅਤੇ ਕਹਿੰਦਾ ਹੈ-‘ਤੁਸੀਂ ਇਨ੍ਹਾਂ ਤਿੰਨਾਂ ਕਲਾਕਾਰਾਂ ਦੀ ਆਵਾਜ਼ ਸੁਣੋæææਵੰਨਗੀ ਦੇਖੋæææਭਾਂਤ-ਸੁਭਾਂਤੇ ਰੰਗ ਤੁਹਾਨੂੰ ਮਹਿਸੂਸ ਹੋਣਗੇæææਸੰਗੀਤ ਦਾ ਇਸ ਤਰ੍ਹਾਂ ਦਾ ਮੇਲਾ ਇਹ ਲੋਗ ਹੀ ਲਾ ਸਕਦੇ ਸਨ।’
ਆਰਿਫ਼ ਲੁਹਾਰ (ਜਨਮ 1966) ਨੇ ਆਪ ਵੀ ਸੁਰ-ਸੰਗੀਤ ਦਾ ਮੇਲਾ ਲਾਇਆ ਹੋਇਆ ਹੈ। ਇਸ ਮੇਲੇ ਦੇ ਮੇਲੀ ਹੁਣ ਇਕੱਲੇ ਪੰਜਾਬੀ ਨਹੀਂ, ਕੁੱਲ ਦੁਨੀਆਂ ਹੈ। ਪੰਜਾਬੀਆਂ ਲਈ ਇਹ ਮਾਣ ਉਸ ਨੇ ਆਪਣੀ ਮਿਹਨਤ ਨਾਲ ਕਮਾਇਆ ਹੈ। ਇਸ ਲਈ ਉਸ ਦੀ ਸੰਗੀਤ ਸਾਧਨਾ ਨੂੰ ਸਲਾਮ ਹੈ।
_________________________________________________
ਆਰਿਫ ਲੁਹਾਰ ਦੀ ਸੁਰ ਅਤੇ ਮੀਸ਼ਾ ਸ਼ਫੀ ਦੀ ਤਾਲ
ਆਰਿਫ਼ ਲੁਹਾਰ ਨੇ ਅਸਲ ਧੰਨ ਧੰਨ ਉਦੋਂ ਕਰਵਾਈ ਜਦੋਂ ਉਸ ਨੇ ਅਦਾਕਾਰਾ-ਗਾਇਕਾ ਮੀਸ਼ਾ ਸ਼ਫ਼ੀ ਨਾਲ ਰਲ ਕੇ ‘ਜੁਗਨੀ’ ਗਾਈ। 21ਵੀ ਸਦੀ ਦੀ ਇਸ ‘ਜੁਗਨੀ’ ਦਾ ਪ੍ਰਬੰਧ ‘ਕੋਕ ਸਟੂਡੀਓ’ ਨੇ ਕੀਤਾ ਸੀ। ‘ਯੂਟਿਊਬ’ ਉਤੇ ਇਸ ‘ਜੁਗਨੀ’ ਨੇ ਧੁੰਮਾਂ ਪਾ ਛੱਡੀਆਂ। ਦਸ ਲੱਖ ਦੇ ਕਰੀਬ ਲੋਕ ਇਸ ਗੀਤ ਲਈ ਹੁਣ ਤੱਕ ਕਲਿੱਕ ਕਰ ਚੁੱਕੇ ਹਨ। ਮੀਸ਼ਾ ਸ਼ਫ਼ੀ ਪਾਕਿਸਤਾਨ ਦੀ ਮਸ਼ਹੂਰ ਅਦਾਕਾਰ ਜੋੜੀ ਸਬਾ ਹਮੀਦ ਅਤੇ ਵਸੀਮ ਅੱਬਾਸ ਦੀ ਧੀ ਹੈ। ਮੀਸ਼ਾ ਨੇ ਮੀਰਾ ਨਾਇਰ ਦੀ ਹਾਲੀਵੁੱਡ ਫਿਲਮ ‘ਦਿ ਰਿਲੱਕਟੈਂਟ ਫੰਡਾਮੈਂਟਲਿਸਟ’ ਵਿਚ ਚੰਗੀ ਅਦਾਕਾਰੀ ਦਿਖਾਈ ਹੈ। ਇਸ ਫਿਲਮ ਵਿਚ ਓਮ ਪੁਰੀ ਵੀ ਹੈ। ਛੇਤੀ ਹੀ ਆ ਰਹੀ ਹਿੰਦੀ ਫਿਲਮ ‘ਭਾਗ੍ਹ ਮਿਲਖਾ ਭਾਗ੍ਹ’ ਵਿਚ ਵੀ ਉਸ ਦਾ ਅਹਿਮ ਕਿਰਦਾਰ ਹੈ। ਪਾਕਿਸਤਾਨੀ ਫਿਲਮਾਂ ਵਿਚ ਵੀ ਉਸ ਦੀ ਵਾਹਵਾ ‘ਬਹਿ ਜਾ ਬਹਿ ਜਾ’ ਹੈ। ਇਕ ਹੋਰ ਅੰਗਰੇਜ਼ੀ ਫਿਲਮ ‘ਦਿ ਟੂਰਨਾਮੈਂਟ ਆਫ ਸ਼ੈਡੋਜ਼’ ਵਿਚ ਵੀ ਉਹ ਕੰਮ ਕਰ ਰਹੀ ਹੈ। ਇਹ ਫਿਲਮ 2013 ਵਿਚ ਰਿਲੀਜ਼ ਹੋਣੀ ਹੈ। ਫੈਸ਼ਨ ਦੀ ਦੁਨੀਆਂ ਦੀ ਤਾਂ ਹੁਣ ਉਹ ਉਘੀ ਹਸਤੀ ਹੈ। ਉਹਨੇ ਆਪਣਾ ਕਰੀਅਰ ਫੈਸ਼ਨ ਤੋਂ ਹੀ ਸ਼ੁਰੂ ਕੀਤਾ ਸੀ ਅਤੇ ਆਪਣੀ ਲਿਆਕਤ ਦੇ ਜ਼ੋਰ ਉਹ ਅਦਾਕਾਰੀ ਅਤੇ ਗਾਇਨ ਦੇ ਖੇਤਰਾਂ ਵਿਚ ਵੀ ਛਾ ਗਈ। ਮੀਸ਼ਾ ਸਾਧਾਰਨ ਜਿਹੀ ਕੁੜੀ ਹੈ, ਪਤਲੀ ਪਤੰਗ। ਆਪਣੀ ਉਮਰ ਦੱਸਦੀ ਬੜੀ ਸੰਗਦੀ ਹੈ। ਟਾਲਣ ਲਈ ਆਖਦੀ ਹੈ-‘ਤੁਸੀਂ ਆਪੇ ਅੰਦਾਜਾ ਲਾਉ।’ ਅਗਲਾ ਇੰਨੇ ਨੂੰ ਕੋਈ ਹੋਰ ਗੱਲ ਛੋਹ ਲੈਂਦਾ ਹੈ।æææਫੈਸ਼ਨ ਪਰੇਡ ਵਿਚ ਜਿਸ ਤਰ੍ਹਾਂ ਦਾ ਉਸ ਦਾ ਰੰਗ-ਢੰਗ ਹੁੰਦਾ ਹੈ, ਬੌਬ ਕੱਟ ਹੇਅਰ ਸਟਾਈਲ; ਮੇਕਅੱਪ ਨਾਲ ਲੱਦਿਆ ਚਿਹਰਾ; ਪਰ ਉਸ ਦਾ ਸੁਭਾਅ ਇਸ ਤੋਂ ਐਨ ਉਲਟ ਹੈ। ਉਹ ਬੜੀ ਸੰਜੀਦਾ ਕੁੜੀ ਹੈ, ਸਹਿਜ ਨਾਲ ਸਿੱਧੀਆਂ ਗੱਲਾਂ ਕਰਦੀ ਹੈ। ਉਹਨੂੰ ਆਪਣੇ ਆਪ ਬਾਰੇ ਪੂਰੀ ਖਬਰ ਹੈ; ਉਹ ਕੀ ਅਤੇ ਕਿਵੇਂ ਕਰ ਰਹੀ ਹੈ, ਇਸ ਦਾ ਵੀ ਉਹਨੂੰ ਇਲਮ ਹੈ। ਮੀਸ਼ਾ ਸ਼ਫ਼ੀ ਹਰ ਗੱਲ ਦਾ ਪ੍ਰਸੰਗ ਬੰਨ੍ਹਣ ਦੇ ਸਮਰੱਥ ਹੈ। ਉਹ ਫਿਲਮਾਂ ਵਿਚ ਲੀਡ ਰੋਲ ਲਈ ਨਹੀਂ ਭੱਜਦੀ। ਉਹ ਸਪਸ਼ਟ ਆਖਦੀ ਹੈ ਕਿ ਕਿਸੇ ਤੀਜੇ ਦਰਜੇ ਦੀ ਫਿਲਮ ਦੇ ਲੀਡ ਰੋਲ ਕਰਨ ਨਾਲੋਂ ਉਹ ਉਮਦਾ ਫਿਲਮ ਦਾ ਕੋਈ ਛੋਟਾ ਕਿਰਦਾਰ ਨਿਭਾਉਣ ਨੂੰ ਪਹਿਲ ਦੇਵੇਗੀ। ਮਿਆਰ ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਕਰਨ ਲਈ ਉਹ ਤਿਆਰ ਨਹੀਂ; ਇਹ ਭਾਵੇਂ ਫੈਸ਼ਨ ਦੀ ਦੁਨੀਆਂ ਹੈ ਅਤੇ ਭਾਵੇਂ ਫਿਲਮਾਂ। ਸ਼ਾਇਦ ਇਹੀ ਸਮਝ ਅਤੇ ਸਪਸ਼ਟਤਾ ਉਸ ਦੀ ਸਫਲਤਾ ਦਾ ਰਾਜ਼ ਹੈ। ਉਸ ਨੇ ਜਿਸ ਵੀ ਖੇਤਰ ਵਿਚ ਪੈਰ ਧਰਿਆ, ਸਫਲਤਾ ਨੇ ਉਸ ਦੇ ਪੈਰ ਚੁੰਮੇ। ਮੀਸ਼ਾ ਅੱਜਕੱਲ੍ਹ ਨਵੀਂ ਪੀੜ੍ਹੀ ਲਈ ਮਾਡਲ ਬਣ ਰਹੀ ਹੈ। ਉਸ ਦਾ ਸਿੱਧਾ ਸਬੰਧ ਭਾਵੇਂ ਪਾਕਿਸਤਾਨ ਦੇ ਖਾਂਦੇ-ਪੀਂਦੇ ਤਬਕੇ ਨਾਲ ਹੈ, ਪਰ ਉਸ ਨੇ ਪਾਕਿਸਤਾਨ ਦੀਆਂ ਮੁਟਿਆਰਾਂ ਲਈ ਘਰੋਂ ਬਾਹਰ ਨਿਕਲਣ ਅਤੇ ਆਪਣੀ ਪ੍ਰਤਿਭਾ ਦੇ ਦਮ ‘ਤੇ ਕੁਝ ਕਰ ਦਿਖਾਉਣ ਦੀ ਮਿਸਾਲ ਪੈਦਾ ਕਰ ਦਿੱਤੀ ਹੈ। ਪਾਕਿਸਤਾਨ ਵਰਗੇ ਦੇਸ਼ ਵਿਚ ਇਹ ਕੋਈ ਛੋਟਾ-ਮੋਟਾ ਉਦਮ ਨਹੀਂ, ਵੱਡੀ ਗੱਲ ਹੈ।

Be the first to comment

Leave a Reply

Your email address will not be published.