ਐਸੋਚੈਮ ਨੇ ਖੋਲ੍ਹੀ ਪੰਜਾਬ ਵਿਚ ਪੂੰਜੀ ਨਿਵੇਸ਼ ਦੇ ਦਾਅਵਿਆਂ ਦੀ ਪੋਲ

ਚੰਡੀਗੜ੍ਹ: ਪੂੰਜੀ ਨਿਵੇਸ਼ ਲਗਾਤਾਰ ਘਟਣ ਦੀ ਸੱਚਾਈ ਨੇ ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਐਸੋਸੀਏਟਿਡ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਐਸੋਚੈਮ) ਵੱਲੋਂ ਕਰਵਾਏ ਇਕ ਸਰਵੇ ਅਨੁਸਾਰ ਪਿਛਲੇ ਅੱਠ ਸਾਲਾਂ ਦੌਰਾਨ ਪੰਜਾਬ ਵਿਚ ਨਵੇਂ ਪੂੰਜੀ ਨਿਵੇਸ਼ ਵਿਚ 93 ਫ਼ੀਸਦੀ ਕਮੀ ਆਈ ਹੈ।

ਸਰਵੇ ਅਨੁਸਾਰ 2007-08 ਦੌਰਾਨ ਸੂਬੇ ਵਿਚ 36,650 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ ਜੋ ਕਿ 2014-15 ਵਿਚ ਘਟ ਕੇ ਸਿਰਫ਼ 2,600 ਕਰੋੜ ਰੁਪਏ ਹੀ ਰਹਿ ਗਿਆ ਹੈ। ਸੂਬਾ ਸਰਕਾਰ ਨੇ 2013 ਵਿਚ ਮੁਹਾਲੀ ਵਿਖੇ ਇਕ ਵੱਡਾ ਸਨਅਤੀ ਸਿਖ਼ਰ ਸੰਮੇਲਨ ਕਰਵਾ ਕੇ ਸਾਲ ਦੌਰਾਨ 65,000 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਸਬੰਧੀ ਸਹਿਮਤੀ ਹੋਣ ਤੇ ਦੋ ਲੱਖ ਕਰੋੜ ਦੇ ਪ੍ਰੋਜੈਕਟਾਂ ਨੂੰ ਆਕਰਸ਼ਿਤ ਕਰਨ ਦਾ ਦਾਅਵਾ ਕੀਤਾ ਸੀ ਪਰ ਇਸ ਸਮੇਂ ਦੌਰਾਨ ਇਹ 63 ਫ਼ੀਸਦੀ ਦੇ ਲਗਪਗ ਹੇਠਾਂ ਆ ਗਿਆ। ਸਾਲ 2013-14 ਦੌਰਾਨ ਸੂਬੇ ਵਿਚ 7,200 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਦੇ ਮੁਕਾਬਲੇ 2014-15 ਵਿਚ ਨਵਾਂ ਨਿਵੇਸ਼ ਸਿਰਫ 2,600 ਕਰੋੜ ਹੀ ਰਹਿ ਗਿਆ। ਇਨ੍ਹਾਂ ਅੰਕੜਿਆਂ ਨੇ ਸਰਕਾਰ ਦੇ ਸਨਅਤੀ ਸਿਖ਼ਰ ਸੰਮੇਲਨ ਦੀ ਸਫ਼ਲਤਾ ਦੀ ਫ਼ੂਕ ਕੱਢ ਕੇ ਰੱਖ ਦਿੱਤੀ ਹੈ। ਪੂੰਜੀ ਨਿਵੇਸ਼ ਸਿਰਫ ਸਨਅਤੀ ਖੇਤਰ ਵਿਚ ਹੀ ਨਹੀਂ ਘਟਿਆ ਬਲਕਿ ਸੂਬੇ ਦਾ ਖੇਤੀ ਖੇਤਰ ਵਿਚ ਯੋਗਦਾਨ ਵੀ ਲਗਾਤਾਰ ਘਟਦਾ ਜਾ ਰਿਹਾ ਹੈ। ਸੂਬੇ ਦੀ ਕੁੱਲ ਘਰੇਲੂ ਉਤਪਾਦ (ਜੀæਡੀæਪੀæ) ਵਿਚ ਖੇਤੀ ਖੇਤਰ ਦਾ ਯੋਗਦਾਨ 33 ਫ਼ੀਸਦੀ ਤੋਂ ਘਟ ਕੇ ਸਿਰਫ਼ 20 ਫ਼ੀਸਦੀ ਰਹਿ ਗਿਆ ਹੈ। ਨਾ ਕੇਵਲ ਫ਼ਸਲਾਂ ਦੇ ਉਤਪਾਦਨ ਵਿਚ ਹੀ ਗਿਰਾਵਟ ਆਈ ਹੈ ਬਲਕਿ ਪੇਂਡੂ ਖੇਤਰਾਂ ਵਿਚ ਕਿਸਾਨਾਂ-ਮਜ਼ਦੂਰਾਂ ਸਿਰ ਕਰਜ਼ੇ ਦੀ ਪੰਡ ਵੀ ਭਾਰੀ ਹੋਈ ਹੈ। ਇੰਨਾ ਹੀ ਨਹੀਂ, ਵਪਾਰਕ ਗਤੀਵਿਧੀਆਂ ਤੇ ਸੇਵਾਵਾਂ ਦੇ ਖੇਤਰਾਂ ਵਿਚ ਵੀ ਭਾਰੀ ਕਮੀ ਆਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਅਜਿਹਾ ਉਸ ਸਮੇਂ ਹੋ ਰਿਹਾ ਹੈ ਜਦੋਂ ਕੌਮੀ ਪੱਧਰ ਉਤੇ ਇਸ ਸਮੇਂ ਦੌਰਾਨ ਪੂੰਜੀ ਨਿਵੇਸ਼ 44 ਫ਼ੀਸਦੀ ਵਧਿਆ ਹੈ ਪਰ ਪੰਜਾਬ ਵਿਚ ਇਹ 93 ਫ਼ੀਸਦੀ ਘਟਿਆ ਹੈ। ਸੂਬੇ ਵਿਚ ਤੇਜ਼ੀ ਨਾਲ ਘਟ ਰਹੇ ਪੂੰਜੀ ਨਿਵੇਸ਼ ਬਾਰੇ ਐਸੋਚੈਮ ਦੀ ਰਿਪੋਰਟ ਵਿਚ ਪੇਸ਼ ਤੱਥ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕਰ ਰਹੇ ਹਨ ਪਰ ਸਰਕਾਰੀ ਤੰਤਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ।
ਸੂਬੇ ਦੇ ਸਨਅਤ ਵਿਭਾਗ ਅਨੁਸਾਰ ਕਈ ਕੰਪਨੀਆਂ ਵੱਲੋਂ ਸਿਖ਼ਰ ਸੰਮੇਲਨ ਸਮੇਂ ਕੀਤੇ ਗਏ ਵਾਅਦਿਆਂ ਅਨੁਸਾਰ ਪੂੰਜੀ ਨਿਵੇਸ਼ ਕਰਨ ਦੀ ਪ੍ਰਕਿਰਿਆ ਜਾਰੀ ਹੈ ਪਰ ਅਸਲੀਅਤ ਇਹ ਹੈ ਕਿ ਸੂਬੇ ਵਿਚ ਸਨਅਤੀ ਵਾਤਾਵਰਣ ਸੁਖਾਵਾਂ ਨਹੀਂ ਹੈ ਤੇ ਸਨਅਤਕਾਰ ਪੰਜਾਬ ਵਿਚ ਪੂੰਜੀ ਨਿਵੇਸ਼ ਕਰਨ ਤੋਂ ਕੰਨੀ ਕਤਰਾ ਰਹੇ ਹਨ। ਪੰਜਾਬ ਵਿੱਚ ਪੂੰਜੀ ਨਿਵੇਸ਼ ਘਟਣ ਦਾ ਸਿੱਧਾ ਤੇ ਸਪਸ਼ਟ ਅਰਥ ਇਹ ਹੈ ਕਿ ਸੂਬਾ ਸਨਅਤ ਤੇ ਖੇਤੀ ਸਮੇਤ ਸਾਰੇ ਖੇਤਰਾਂ ਵਿਚ ਤੇਜ਼ੀ ਨਾਲ ਪਿੱਛੇ ਜਾ ਰਿਹਾ ਹੈ। 2011-12 ਦੌਰਾਨ ਸਿਰਫ ਖੰਨਾ ਤੇ ਮੰਡੀ ਗੋਬਿੰਦਗੜ੍ਹ ਇਲਾਕੇ ਵਿਚ 688 ਸਨਅਤੀ ਯੂਨਿਟ ਬੰਦ ਹੋ ਗਏ। ਵੱਡੇ ਸਨਅਤੀ ਘਰਾਣੇ ਪੰਜਾਬ ਵਿਚਲੇ ਆਪਣੇ ਸਨਅਤੀ ਯੂਨਿਟਾਂ ਦਾ ਵਿਸਥਾਰ ਮੱਧ ਪ੍ਰਦੇਸ਼, ਗੁਜਰਾਤ ਅਤੇ ਛੱਤੀਸਗੜ੍ਹ ਵਿਖੇ ਕਰਨ ਜਾ ਰਹੇ ਹਨ।
_________________________________________
ਐਸੋਚੈਮ ਦੇ ਸਰਵੇਖਣ ‘ਚ ਕੋਈ ਦਮ ਨਹੀਂ: ਸੁਖਬੀਰ
ਚੰਡੀਗੜ੍ਹ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਸੋਚੈਮ ਦੇ ਤੱਥਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਇਹ ਸਰਵੇਖਣ ਸੂਬੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਨੇ ਪਿਛਲੇ ਅੱਠਾਂ ਸਾਲਾਂ ਦੌਰਾਨ ਹਰ ਖੇਤਰ ਵਿਚ ਤਰੱਕੀ ਕੀਤੀ ਹੈ। ਸਿਖ਼ਰ ਸੰਮੇਲਨ ਦੌਰਾਨ ਵੱਡੀਆਂ ਕੰਪਨੀਆਂ ਨੇ ਪੂੰਜੀ ਨਿਵੇਸ਼ ਕਰਨ ਦੀ ਜੋ ਹਾਮੀ ਭਰੀ ਸੀ, ਉਸ ਵਿਚ ਸਫਲਤਾ ਮਿਲ ਰਹੀ ਹੈ। ਇਨਫੋਸਿਸ ਵਰਗੀਆਂ ਕੁਝ ਵੱਡੀਆਂ ਕੰਪਨੀਆਂ ਨੇ ਜ਼ਮੀਨਾਂ ਹਾਸਲ ਕਰਨ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਕੁਝ ਕੰਪਨੀਆਂ ਜਲਦੀ ਹੀ ਕੰਮ ਸ਼ੁਰੂ ਕਰ ਰਹੀਆਂ ਹਨ।
________________________________
ਪੰਜਾਬ ਖਾਤਰ ਹੁਣ ਸਾਂਝੇ ਹੰਭਲਾ ਦੀ ਲੋੜ: ਮਨਪ੍ਰੀਤ
ਅੰਮ੍ਰਿਤਸਰ: ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿਚ ਸਨਅਤਾਂ ਤੇ ਖੇਤੀ ਦੀ ਨਿਘਰ ਰਹੀ ਹਾਲਤ ਨੂੰ ਧਿਆਨ ਵਿਚ ਰੱਖਦਿਆਂ ਸਾਰੀਆਂ ਸਿਆਸੀ ਧਿਰਾਂ ਨੂੰ ਇਕਜੁੱਟ ਕੇ ਹੰਭਲਾ ਮਾਰਨ ਦੀ ਲੋੜ ਹੈ। ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਪੰਜਾਬ ਸਰਕਾਰ ਖਿਲਾਫ਼ ਸਾਂਝੇ ਸੰਘਰਸ਼ ਦੀ ਜ਼ਰੂਰਤ ਹੈ। ਜੇਕਰ ਅਜੇ ਵੀ ਸਿਆਸੀ ਧਿਰਾਂ ਆਪਣੇ ਨਿੱਜੀ ਮੁਫ਼ਾਦਾਂ ਕਾਰਨ ਇਸ ਤੋਂ ਦੂਰੀ ਬਣਾ ਕੇ ਰੱਖਦੀਆਂ ਹਨ ਤਾਂ ਪੰਜਾਬ ਆਰਥਿਕ ਤੇ ਸਮਾਜਿਕ ਤੌਰ ਉਤੇ ਬਹੁਤ ਪਛੜ ਜਾਵੇਗਾ।
__________________________________
ਪੰਜਾਬ ਵੱਲ ਮੂੰਹ ਕਰਨ ਨੂੰ ਤਿਆਰ ਨਹੀਂ ਸਨਅਤਕਾਰ
ਦੇਸ਼ ਵਿਚ ਤਾਜ਼ਾ ਪੂੰਜੀ ਨਿਵੇਸ਼ 44 ਫੀਸਦੀ ਵਧਿਆ ਹੈ ਤੇ ਸੂਬੇ ਵਿਚ 93 ਫੀਸਦੀ ਘਟਿਆ ਹੈ। ਪੂੰਜੀ ਨਿਵੇਸ਼ਕਾਂ ਵੱਲੋਂ ਪੰਜਾਬ ਵਿਚ ਨਿਵੇਸ਼ ਕਰਨ ਤੋਂ ਮੂੰਹ ਮੋੜਨ ਪਿੱਛੇ ਬਿਜਲੀ ਦੀ ਘਾਟ ਤੇ ਮਾੜੇ ਬੁਨਿਆਦੀ ਢਾਂਚਾ ਤੋਂ ਇਲਾਵਾ ਸਿਆਸੀ ਦਖ਼ਲਅੰਦਾਜ਼ੀ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣਾ ਮੰਨਿਆ ਜਾ ਰਿਹਾ ਹੈ। ਹਾਲ ਹੀ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇਕ ਬੇਨਾਮੀ ਚਿੱਠੀ ਦਾ ਨੋਟਿਸ ਲਿਆ ਗਿਆ ਹੈ ਜਿਸ ਵਿਚ ਇਹ ਕਿਹਾ ਗਿਆ ਹੈ ਕਿ ਸੂਬੇ ਦੇ ਰਸੂਖ਼ਵਾਨਾਂ ਵੱਲੋਂ ਪੂੰਜੀ ਨਿਵੇਸ਼ ਵਾਲੇ ਹਰ ਪ੍ਰੋਜੈਕਟ ਵਿੱਚ ਹਿੱਸਾ-ਪੱਤੀ ਮੰਗੀ ਜਾਂਦੀ ਹੈ। ਰਸੂਖ਼ਵਾਨ ਸੂਬੇ ਦੇ ਵਿਕਾਸ ਦੀ ਥਾਂ ਨਿੱਜੀ ਹਿੱਸੇ ਨੂੰ ਤਰਜੀਹ ਦੇ ਰਹੇ ਹਨ। ਹੁਣ ਤੱਕ ਵੱਡੇ ਘਰਾਣਿਆਂ ਨੇ ਪੰਜਾਬ ਵਿਚ ਸਨਅਤਾਂ ਤਾਂ ਕੀ ਸਥਾਪਤ ਕਰਨੀਆਂ ਸਨ, ਇਧਰ ਨੂੰ ਮੂੰਹ ਵੀ ਨਹੀਂ ਕੀਤਾ। ਹੌਲੀ-ਹੌਲੀ ਸਨਅਤਾਂ ਜਾਂ ਤਾਂ ਇਥੇ ਬੰਦ ਹੋ ਗਈਆਂ ਜਾਂ ਗੁਜਰਾਤ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਵਿਚ ਚਲੇ ਗਈਆਂ। ਉਦਾਹਰਨ ਲਈ ਮੰਡੀ ਗੋਬਿੰਦਗੜ੍ਹ ਜੋ ਕਦੀ ਲੋਹੇ ਤੇ ਸਟੀਲ ਦੀ ਸਨਅਤ ਦਾ ਧੁਰਾ ਮੰਨਿਆ ਜਾਂਦਾ ਸੀ, ਅੱਜ ਉਥੇ ਸੈਂਕੜੇ ਹੀ ਯੂਨਿਟ ਬੰਦ ਹੋ ਚੁੱਕੇ ਹਨ।