-ਜਤਿੰਦਰ ਪਨੂੰ
ਪਿਛਲਾ ਹਫਤਾ ਅਮਰੀਕਾ ਤੇ ਕੈਨੇਡਾ ਵਿਚ ਪੰਜਾਬੀ ਪਰਵਾਸੀਆਂ ਦੇ ਅਕਾਲੀ ਵਜ਼ੀਰਾਂ ਵਿਰੁਧ ਵਿਖਾਵੇ ਦੀਆਂ ਖਬਰਾਂ ਪੜ੍ਹ ਕੇ ਕੁਝ ਲੋਕਾਂ ਲਈ ਭਾਵੇਂ ਚਸਕੇ ਵਾਲਾ ਰਿਹਾ ਹੋਵੇ, ਅਸੀਂ ਇਸ ਤੋਂ ਅਵਾਜ਼ਾਰ ਰਹੇ ਹਾਂ। ਨਾ ਅਸੀਂ ਉਥੇ ਇਹੋ ਜਿਹਾ ਰੋਸ ਪ੍ਰਗਟਾਵਾ ਕਰਨ ਵਾਲਿਆਂ ਨੂੰ ਠੀਕ ਆਖ ਸਕਦੇ ਹਾਂ ਅਤੇ ਨਾ ਉਨ੍ਹਾਂ ਦੇ ਰੋਸ ਪ੍ਰਗਟਾਵੇ ਅੱਗੇ ਨੀਂਵੀਂ ਪਾਈ ਤੁਰੇ ਜਾਂਦੇ ਪੰਜਾਬ ਵਿਚ ਬੜ੍ਹਕਾਂ ਮਾਰਨ ਵਾਲੇ ਅਕਾਲੀ ਵਜ਼ੀਰਾਂ ਦਾ ਪੱਖ ਲੈ ਸਕਦੇ ਹਾਂ।
ਹਕੀਕਤਾਂ ਨੂੰ ਸਮਝਣਾ ਇਸ ਹਾਲਤ ਨੇ ਹੋਰ ਜ਼ਰੂਰੀ ਬਣਾ ਦਿੱਤਾ ਹੈ। ਜਿਨ੍ਹਾਂ ਲੋਕਾਂ ਨੇ ਇਸ ਦੌਰਾਨ ਟਿੱਪਣੀਆਂ ਕਰ ਕੇ ਸਿਆਸੀ ਦਾਅ ਖੇਡਣ ਦੀ ਕੋਸ਼ਿਸ਼ ਕੀਤੀ ਹੈ, ਉਹ ਵੀ ਸੂਝ ਤੋਂ ਸੱਖਣੇ ਹਨ। ਭਲਕ ਨੂੰ ਉਨ੍ਹਾਂ ਨੂੰ ਵੀ ਇਹੋ ਕੁਝ ਭੁਗਤਣਾ ਪੈ ਸਕਦਾ ਹੈ।
ਹਕੀਕੀ ਸਥਿਤੀ ਇਹ ਹੈ ਕਿ ਬਾਹਰ ਵੱਸਦੇ ਸਾਡੇ ਪੰਜਾਬੀ ਭਾਈਬੰਦ ਇਥੋਂ ਦੀ ਅਕਾਲੀ-ਭਾਜਪਾ ਸਰਕਾਰ ਦੇ ਕਾਰ-ਵਿਹਾਰ ਤੋਂ ਡਾਢੇ ਤੰਗ ਹਨ ਤੇ ਓਨੇ ਹੀ ਤੰਗ ਪੰਜਾਬ ਵਿਚਲੇ ਲੋਕ ਵੀ ਹਨ। ਰਾਜ ਵਿਚ ਹਰ ਪਾਸੇ ਭ੍ਰਿਸ਼ਟਾਚਾਰ ਦੇ ਨਜ਼ਾਰੇ ਹਨ। ਨਸ਼ੀਲੇ ਪਦਾਰਥਾਂ ਦੀ ਵਿਕਰੀ ਸਿਆਸੀ ਸਰਪ੍ਰਸਤੀ ਹੇਠ ਹੋ ਰਹੀ ਹੈ। ਜਾਅਲਸਾਜ਼ੀ ਹਾਕਮ ਧਿਰ ਦੇ ਆਗੂਆਂ ਦੇ ਨਾਂ ਉਤੇ ਕੀਤੀ ਜਾਂਦੀ ਹੈ। ਇਸ ਦੀ ਇੱਕ ਮਿਸਾਲ ਇਸ ਹਫਤੇ ਉਦੋਂ ਬਾਹਰ ਆਈ, ਜਦੋਂ ਸਾਰੇ ਰਾਜ ਵਿਚ ਬੁਢਾਪਾ ਪੈਨਸ਼ਨਾਂ ਦੀ ਜਾਂਚ ਪਿੱਛੋਂ ਦੋ ਲੱਖ 93 ਹਜ਼ਾਰ ਕੇਸ ਜਾਅਲੀ ਨਿਕਲੇ। ਜਿਸ ਰਾਜ ਵਿਚ 13 ਲੱਖ 69 ਹਜ਼ਾਰ ਵਿਚੋਂ ਕਰੀਬ ਤਿੰਨ ਲੱਖ ਪੈਨਸ਼ਨਾਂ ਜਾਅਲੀ ਹੋਣ, ਉਹ ਹਾਕਮ ਧਿਰ ਦੇ ਨੇੜਲੇ ਲੋਕਾਂ ਤੋਂ ਬਿਨਾਂ ਕੋਈ ਨਹੀਂ ਲਵਾ ਸਕਦਾ। ਪਿੰਡ ਬਾਦਲ ਤੋਂ ਇਹ ਗੱਲ ਹੋਰ ਸਾਫ ਹੋ ਜਾਂਦੀ ਹੈ। ਖੁਦ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਦੇ ਇਸ ਪਿੰਡ ਵਿਚ 37 ਜਣੇ ਕਈ ਚਿਰਾਂ ਤੋਂ ਜਾਅਲੀ ਪੈਨਸ਼ਨ ਲੈਂਦੇ ਸਾਬਤ ਹੋਏ ਸਨ।
ਦੂਸਰਾ ਪੱਖ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿੱਖੀ-ਪ੍ਰੇਮ ਦਾ ਹੈ। ਇਹ ਅਸਲੀ ਤੋਂ ਵੱਧ ਸਿਆਸੀ ਲੋੜ ਦਾ ਮੋਹ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਦੇ ਕੰਟਰੋਲ ਹੇਠ ਹੈ। ਤਿੰਨਾਂ ਵੱਡੇ ਤਖਤ ਸਾਹਿਬਾਨ ਨਾਲ ਜੁੜੇ ਧਰਮ ਅਸਥਾਨਾਂ ਦੇ ਮੈਨੇਜਰ ਇਖਲਾਕੀ ਗਿਰਾਵਟ ਦੇ ਦੋਸ਼ਾਂ ਲਈ ਚਰਚਿਤ ਹਨ। ਗੁਰੂ ਕੀ ਗੋਲਕ ਦੀ ਦੁਰਵਰਤੋਂ ਆਮ ਗੱਲ ਹੈ। ਸ਼੍ਰੋਮਣੀ ਕਮੇਟੀ ਵਜ਼ੀਫੇ ਦੇਣ ਲਈ ਹਰ ਸਾਲ ਸਿੱਖੀ ਸੂਝ ਦਾ ਟੈਸਟ ਲੈਂਦੀ ਹੈ। ਇਸ ਵਾਰੀ ਪ੍ਰੀਖਿਆ ਵਿਚ 53 ਹਜ਼ਾਰ ਤੋਂ ਵੱਧ ਬੱਚੇ ਬੈਠੇ ਸਨ ਤੇ 1666 ਪਾਸ ਹੋਏ। ਇਨ੍ਹਾਂ ਵਿਚ ਪਹਿਲੇ ਨੰਬਰ ਉਤੇ ਆਈ ਬੱਚੀ ਸਿੱਖ ਨਹੀਂ, ਈਸਾਈ ਪਰਿਵਾਰ ਤੋਂ ਹੈ। ਕਾਰਸਪੈਂਡੈਂਸ ਦੇ ਕੋਰਸ ਵਾਲੇ ਬੱਚਿਆਂ ਵਿਚੋਂ ਸਾਰੇ ਦੇਸ਼ ਵਿਚੋਂ ਪਹਿਲੇ ਨੰਬਰ ਵਾਲੀ ਬੱਚੀ ਵੀ ਸਿੱਖ ਨਹੀਂ, ਉਹ ਹਿੰਦੂ ਪਰਿਵਾਰ ਤੋਂ ਹੈ। ਸਿੱਖ ਬੱਚਿਆਂ ਨੂੰ ਸਿੱਖੀ ਬਾਰੇ ਪਤਾ ਨਹੀਂ ਅਤੇ ਦੂਸਰੇ ਧਰਮਾਂ ਵਾਲੇ ਉਨ੍ਹਾਂ ਤੋਂ ਸਿੱਖੀ ਬਾਰੇ ਵੱਧ ਇਸ ਲਈ ਜਾਣਦੇ ਹਨ ਕਿ ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਦਾ ਫੰਡ ਵੀ ਤੇ ਸਟਾਫ ਵੀ ਅਕਾਲੀ ਦਲ ਦੀਆਂ ਸਿਆਸੀ ਲੋੜਾਂ ਦੇ ਲੇਖੇ ਲੱਗਦਾ ਹੈ। ਨਗਰ ਕੀਰਤਨ ਵੀ ਹੁਣ ਸਿਆਸੀ ਲੋੜ ਮੁਤਾਬਕ ਨਿਕਲਣ ਲੱਗੇ ਹਨ।
ਵਿਧਾਨ ਸਭਾ ਚੋਣਾਂ ਵਿਚ ਜਦੋਂ ਥੋੜ੍ਹਾ ਸਮਾਂ ਰਹਿ ਗਿਆ ਤਾਂ ਅਕਾਲੀ ਦਲ ਦੇ ਅਗਵਾਨੂੰ ਬਾਪ-ਬੇਟੇ ਨੇ ਵਿਦੇਸ਼ ਵਿਚ ਬੈਠੇ ਪੰਜਾਬੀਆਂ ਤੱਕ ਪਹੁੰਚ ਲਈ ਅਕਾਲੀ ਵਜ਼ੀਰਾਂ ਨੂੰ ਓਧਰ ਤੋਰ ਦਿੱਤਾ। ਜਿਸ ਪਾਸੇ ਜਾਣਾ ਹੋਵੇ, ਕੁਝ ਹੋਮ-ਵਰਕ ਕਰ ਕੇ ਜਾਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਕੋਲ ਚੱਲੇ ਸਨ, ਉਨ੍ਹਾਂ ਦੇ ਰੋਸਿਆਂ ਬਾਰੇ ਵੀ ਸੋਚ ਲੈਂਦੇ। ਪੰਜਾਬ ਪੁਲਿਸ ਦੇ ਐਨ ਆਰ ਆਈ ਸੈਲ ਤੋਂ ਇਸ ਹਫਤੇ ਇਹ ਸੂਚਨਾ ਅਖਬਾਰਾਂ ਤੱਕ ਪੁੱਜੀ ਹੈ ਕਿ ਪਿਛਲੇ ਸਮੇਂ ਵਿਚ ਪਰਵਾਸੀ ਲੋਕਾਂ ਵੱਲੋਂ ਸ਼ਿਕਾਇਤਾਂ ਵਧ ਗਈਆਂ ਹਨ ਤੇ ਬਹੁਤੀਆਂ ਸ਼ਿਕਾਇਤਾਂ ਨਾਜਾਇਜ਼ ਕਬਜ਼ਿਆਂ ਬਾਰੇ ਹਨ। ਅਗਲੀ ਗੱਲ ਇਹ ਕਿ ਜ਼ਮੀਨ-ਜਾਇਦਾਦ ਉਤੇ ਨਾਜਾਇਜ਼ ਕਬਜ਼ੇ ਕਰਨ ਵਾਲੇ ਲੋਕਾਂ ਵਿਚ ਰਾਜ ਕਰਦੀ ਧਿਰ ਦੇ ਕੁਝ ਆਗੂ ਵੀ ਸ਼ਾਮਲ ਹਨ ਅਤੇ ਕਈ ਕੇਸਾਂ ਵਿਚ ਪੁਲਿਸ ਅਤੇ ਸਿਵਲ ਅਫਸਰ ਵੀ। ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ ਪਰਵਾਸੀ ਪੰਜਾਬੀਆਂ ਵੱਲੋਂ 3141 ਸ਼ਿਕਾਇਤਾਂ ਆਈਆਂ ਹਨ, ਜਿਸ ਦਾ ਅਰਥ ਹੈ ਕਿ ਰੋਜ਼ ਸਤਾਰਾਂ-ਅਠਾਰਾਂ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਇਨ੍ਹਾਂ ਵਿਚੋਂ 1343 ਸ਼ਿਕਾਇਤਾਂ ਨਾਜਾਇਜ਼ ਕਬਜ਼ੇ ਦੀਆਂ ਹਨ, ਭਾਵ ਹਰ ਰੋਜ਼ ਸੱਤ-ਅੱਠ ਸ਼ਿਕਾਇਤਾਂ ਇਸੇ ਕਿਸਮ ਦੀ ਜ਼ੋਰਾਵਰੀ ਦੀਆਂ ਹੁੰਦੀਆਂ ਹਨ।
ਵਿਦੇਸ਼ ਜਾਣ ਵੇਲੇ ਸੋਚ ਲੈਣਾ ਚਾਹੀਦਾ ਸੀ ਕਿ ਜਿਨ੍ਹਾਂ ਪਰਵਾਸੀ ਲੋਕਾਂ ਵੱਲੋਂ ਸ਼ਿਕਾਇਤਾਂ ਦੇ ਢੇਰ ਲੱਗੇ ਪਏ ਹਨ, ਉਹ ਕਿੰਨਾ ਉਬਲਦੇ ਹੋਣਗੇ, ਪਰ ਇਸ ਦੀ ਥਾਂ ਬਾਹਰ ਜਾਣ ਵਾਲੇ ਇਹ ਆਗੂ ਸੱਤਾ ਦੇ ਸਰੂਰ ਵਿਚ ਮਸਤ ਨਜ਼ਰ ਆ ਰਹੇ ਸਨ।
ਅਸੀਂ ਇਹ ਗੱਲ ਮੰਨ ਸਕਦੇ ਹਾਂ ਕਿ ਕੁਝ ਥਾਂਵਾਂ ਉਤੇ ਰੋਸ ਪ੍ਰਗਟਾਵੇ ਕਰਨ ਵੇਲੇ ਖਾਲਿਸਤਾਨੀ ਸੋਚ ਵਾਲੇ ਬੰਦੇ ਬਾਕੀ ਲੋਕਾਂ ਤੋਂ ਅੱਗੇ ਹੋਣਗੇ ਪਰ ਹਰ ਇੱਕ ਰੋਸ ਪ੍ਰਗਟਾਵੇ ਦੇ ਸਬੰਧ ਵਿਚ ਸੁਖਬੀਰ ਸਿੰਘ ਬਾਦਲ ਦਾ ਇਹੀ ਬਿਆਨ ਹਾਸੋਹੀਣਾ ਹੈ। ਉਸ ਨੂੰ ਰੋਸ ਪ੍ਰਗਟਾਵਾ ਕਰਦੇ ਲੋਕ ਹੁਣ ਦੇਸ਼-ਧ੍ਰੋਹੀ ਵੀ ਲੱਗਣ ਲੱਗੇ ਹਨ। ਇਸ ਬਾਰੇ ਕੋਈ ਇੱਕ ਪੱਖ ਸੋਚ ਕੇ ਗੱਲ ਨਹੀਂ ਕਹਿ ਦੇਣੀ ਚਾਹੀਦੀ। ਬਹੁਤ ਸਾਰੇ ਪੱਖ ਸੋਚਣ ਵਾਲੇ ਹਨ।
ਇਨ੍ਹਾਂ ਵਿਚੋਂ ਪਹਿਲੀ ਗੱਲ ਇਹ ਕਿ ਅਕਾਲੀ ਲੀਡਰਾਂ ਦਾ ਵਤੀਰਾ ਵਿਦੇਸ਼ ਜਾ ਕੇ ਵੀ ਲੋਕਾਂ ਨਾਲ ਤਾਲਮੇਲ ਦਾ ਨਹੀਂ, ਭਾਸ਼ਣ ਝਾੜ ਕੇ ਖਿਸਕ ਜਾਣ ਦਾ ਸੀ। ਲੋਕ ਸਵਾਲ ਕਰਦੇ ਸਨ ਤਾਂ ਸਾਹਮਣਾ ਕਰਦੇ। ਜਦੋਂ ਲੋਕ ਵਿਰੋਧ ਕਰਦੇ ਸਨ ਤਾਂ ਵਿਰੋਧ ਵੀ ਸਿਦਕ ਨਾਲ ਸਹਾਰਦੇ। ਪੰਜਾਬ ਦਾ ਇੱਕ ਮੰਤਰੀ ਕੈਨੇਡਾ ਵਿਚ ਵੀ ਬਠਿੰਡਾ ਮਾਰਕਾ ਬੋਲੀ ਬੋਲਣ ਲੱਗਾ ਤਾਂ ਇਥੋਂ ਤੱਕ ਕਹਿ ਗਿਆ ਕਿ ਕੈਨੇਡਾ ਦੀ ਪੁਲਿਸ ਕਿਸੇ ਕੰਮ ਦੀ ਨਹੀਂ, ਪੰਜਾਬ ਪੁਲਿਸ ਚੰਗੀ ਹੈ। ਉਹ ਆਪਣੇ ਰਾਜ ਦੀ ਪੁਲਿਸ ਨੂੰ ਲੱਖ ਵਾਰੀ ਚੰਗਾ ਕਹੇ, ਇਹ ਉਸ ਦਾ ਹੱਕ ਹੈ, ਪਰ ਜਿਸ ਦੇਸ਼ ਵਿਚ ਬੈਠਾ ਸੀ, ਉਥੋਂ ਦੇ ਸਿਸਟਮ ਦੇ ਕਿਸੇ ਅੰਗ ਬਾਰੇ ਏਦਾਂ ਕਹਿਣ ਦਾ ਹੱਕ ਉਸ ਨੂੰ ਨਹੀਂ ਸੀ। ਨਤੀਜਾ ਇਹ ਨਿਕਲਿਆ ਕਿ ਪਹਿਲੀ ਵਾਰ ਕੈਨੇਡਾ ਦੇ ਕਿਸੇ ਮੰਤਰੀ ਵੱਲੋਂ ਪੰਜਾਬ ਬਾਰੇ ਮੋੜਵੀਂ ਸਿੱਧੀ ਟਿੱਪਣੀ ਕਰਨ ਦਾ ਸਬੱਬ ਬਣ ਗਿਆ। ਲੋਕਾਂ ਵਿਚ ਇਸ ਗੱਲ ਦਾ ਵੀ ਰੋਸ ਬਣਿਆ ਕਿ ਇਥੇ ਆਣ ਕੇ ਵੀ ਇਹ ਮੰਤਰੀ ਸਾਨੂੰ ਪੰਜਾਬ ਪੁਲਿਸ ਦੀ ਧੌਂਸ ਦਿੰਦਾ ਫਿਰਦਾ ਹੈ।
ਦੂਸਰੀ ਗੱਲ ਇਹ ਕਿ ਅਕਾਲੀ ਦਲ ਨੇ ਬਾਹਰ ਆਗੂ ਕਿਹੜੇ ਭੇਜੇ ਸਨ? ਵਿਧਾਇਕ ਪ੍ਰਗਟ ਸਿੰਘ ਜਾਂ ਗੜ੍ਹਸ਼ੰਕਰ ਵਾਲੇ ਸੁਰਿੰਦਰ ਸਿੰਘ ਠੇਕੇਦਾਰ ਵਰਗੇ ਦੋ-ਚਾਰ ਉਹ ਭੇਜੇ, ਜਿਨ੍ਹਾਂ ਉਤੇ ਖਾਸ ਦੋਸ਼ ਨਹੀਂ ਲੱਗਦਾ, ਪਰ ਬਾਕੀ ਸਾਰੇ ਇੱਕ ਤੋਂ ਇੱਕ ਚੜ੍ਹਦੇ ਸਨ। ਜਥੇਦਾਰ ਤੋਤਾ ਸਿੰਘ ਨੂੰ ਅਦਾਲਤ ਤੋਂ ਕੈਦ ਦੀ ਸਜ਼ਾ ਹੋਈ ਹੈ। ਬੀਬੀ ਜਗੀਰ ਕੌਰ ਨੂੰ ਆਪਣੀ ਸਕੀ ਧੀ ਦੀ ਮੌਤ ਦੇ ਕੇਸ ਵਿਚ ਅਦਾਲਤ ਨੇ ਕੈਦ ਦੀ ਸਜ਼ਾ ਦਿੱਤੀ ਹੈ। ਸਿਕੰਦਰ ਸਿੰਘ ਮਲੂਕਾ ਪੰਜਾਬ ਵਿਚ ਵੀ ਕਈ ਕਿਸਮ ਦੇ ਵਿਵਾਦਾਂ ਵਿਚ ਫਸਿਆ ਰਹਿੰਦਾ ਹੈ। ਸੈਕੰਡਰੀ ਐਜੂਕੇਸ਼ਨ ਦੇ ਵਿਵਾਦ ਵਿਚ ਜਿੰਨੀ ਕੁ ਭੰਡੀ ਹੋਈ ਸੀ, ਉਹ ਸਾਰਿਆਂ ਨੂੰ ਪਤਾ ਸੀ। ਇਹੋ ਜਿਹੇ ਸੁਲੱਖਣੇ ਆਗੂ ਚੁਣ ਕੇ ਵਿਦੇਸ਼ ਵਾਲੇ ਪੰਜਾਬੀਆਂ ਨੂੰ ਪਤਿਆਉਣ ਲਈ ਜਦੋਂ ਅਕਾਲੀ ਲੀਡਰਸ਼ਿਪ ਨੇ ਭਿਜਵਾਏ ਸਨ, ਉਦੋਂ ਇਹ ਗੱਲ ਕਿਉਂ ਨਹੀਂ ਸੀ ਸੋਚੀ ਕਿ ਇਹ ਬੰਦੇ ਪਰਵਾਸੀ ਪੰਜਾਬੀਆਂ ਨੂੰ ਕਿਹੜੀ ਨੇਕ-ਚੱਲਣੀ ਦੇ ਸਰਟੀਫਿਕੇਟ ਵਿਖਾ ਕੇ ਸਮਝਾ ਲੈਣਗੇ?
ਤੀਸਰਾ ਪੱਖ ਮੁਜ਼ਾਹਰੇ ਕਰਨ ਵਾਲਿਆਂ ਬਾਰੇ ਹੈ। ਉਨ੍ਹਾਂ ਨੂੰ ਰੋਸ ਕਰਨ ਦਾ ਹੱਕ ਹੈ, ਪਰ ਕੋਈ ਕਾਨੂੰਨ ਗਾਲ੍ਹਾਂ ਕੱਢਣ ਦਾ ਹੱਕ ਨਹੀਂ ਦੇ ਸਕਦਾ। ਅਸੀਂ ਇੱਕ ਵੀਡੀਓ ਵੇਖੀ ਹੈ, ਜਿੱਥੇ ਮੀਟਿੰਗ ਤੋਂ ਵਾਪਸ ਜਾਂਦੇ ਵਜ਼ੀਰਾਂ ਮਗਰ ਕੁਝ ਲੋਕ ਬਹੁਤ ਬੇਹੂਦੀ ਭਾਸ਼ਾ ਬੋਲਦੇ ਜਾਂਦੇ ਹਨ। ਜਿਹੜੇ ਦੇਸ਼ਾਂ ਵਿਚ ਉਹ ਲੋਕ ਬੈਠੇ ਹਨ, ਉਥੋਂ ਦੇ ਸੱਭਿਆਚਾਰ ਨੂੰ ਵੇਖ ਕੇ ਆਪਣੇ ਵਿਚਾਰ ਪ੍ਰਗਟ ਕਰਨ ਦੇ ਸਾਊ ਢੰਗ ਨਹੀਂ ਸਿੱਖ ਸਕੇ। ਪਰਪੱਕ ਲੋਕਤੰਤਰ ਵਾਲੇ ਦੇਸ਼ਾਂ ਦੀ ਹਵਾ ਉਨ੍ਹਾਂ ਨੇ ਸੁੰਘ ਕੇ ਨਹੀਂ ਵੇਖੀ ਤੇ ਜਿੱਦਾਂ ਪੰਜਾਬ ਵਿਚ ਕਰਦੇ ਸਨ, ਉਹੋ ਉਥੇ ਕਰੀ ਜਾਂਦੇ ਹਨ। ਅਮਰੀਕਾ ਅਤੇ ਕੈਨੇਡਾ ਵਿਚਲੇ ਪੰਜਾਬੀਆਂ ਦੀ ਨਵੀਂ ਪੀੜ੍ਹੀ ਉਥੋਂ ਵਾਲੇ ਮਾਹੌਲ ਵਿਚ ਪਲੀ ਹੋਣ ਕਰ ਕੇ ਇਸ ਤੋਂ ਖਿਝਦੀ ਹੈ। ਇਹ ਲੋਕ ਆਏ ਦਿਨ ਗੁਰੂ ਘਰਾਂ ਵਿਚ ਵੀ ਆਪੋ ਵਿਚ ਖਹਿਬੜਦੇ ਅਤੇ ਸੰਗਤ ਦੇ ਸਾਹਮਣੇ ਗੰਦੀ ਬੋਲੀ ਬੋਲਣ ਤੱਕ ਚਲੇ ਜਾਇਆ ਕਰਦੇ ਹਨ। ਹਰ ਮਾਮਲੇ ਵਿਚ ਕੋਈ ਹੱਦ ਹੁੰਦੀ ਹੈ, ਪਰ ਇਸ ਮਾਮਲੇ ਵਿਚ ਕੋਈ ਵੀ ਹੱਦ ਨਹੀਂ ਰੱਖੀ ਜਾਂਦੀ।
ਚੌਥਾ ਮੁੱਦਾ ਸਾਡੀ ਜਾਚੇ ਇਹ ਹੈ ਕਿ ਜਿਹੜਾ ਕੋਈ ਕੰਡੇ ਬੀਜਦਾ ਹੈ, ਉਸ ਨੂੰ ਇਸ ਫਸਲ ਦਾ ਫਲ ਵੀ ਕਦੇ ਨਾ ਕਦੇ ਭੁਗਤਣਾ ਪੈਂਦਾ ਹੈ। ਇਸ ਵਾਰੀ ਵਿਦੇਸ਼ ਵਿਚ ਜੋ ਕੁਝ ਅਕਾਲੀ ਲੀਡਰਾਂ ਨਾਲ ਹੋਇਆ, ਉਸ ਤੋਂ ਇੱਕ ਪਾਸੇ ਕਾਂਗਰਸ ਵਾਲੇ ਖੁਸ਼ ਹੋ ਗਏ ਤੇ ਦੂਸਰੇ ਪਾਸੇ ਭਗਵੰਤ ਮਾਨ ਕਹਿੰਦਾ ਹੈ ਕਿ ਪਰਵਾਸੀ ਪੰਜਾਬੀਆਂ ਨੇ ਅਕਾਲੀਆਂ ਨੂੰ ਟਰੇਲਰ ਵਿਖਾ ਦਿੱਤਾ ਹੈ, ਫਿਲਮ ਫੇਰ ਵਿਖਾਉਣੀ ਹੈ। ਦੋਵੇਂ ਧਿਰਾਂ ਗਲਤ ਹਨ। ਪੰਜਾਬ ਦੇ ਸਿਆਸੀ ਆਗੂ ਤਜਰਬਾ ਯਾਦ ਨਹੀਂ ਰੱਖਦੇ। ਜਦੋਂ ਕਾਂਗਰਸ ਦੇ ਮੰਤਰੀ ਪੀæ ਚਿਦੰਬਰਮ ਉਤੇ ਦਿੱਲੀ ਵਿਚ ਜਰਨੈਲ ਸਿੰਘ ਨਾਂ ਦੇ ਪੱਤਰਕਾਰ ਨੇ ਜੁੱਤੀ ਸੁੱਟੀ ਸੀ, ਅਕਾਲੀ ਆਗੂਆਂ ਨੇ ਉਸ ਦੀਆਂ ਸਿਫਤਾਂ ਕੀਤੀਆਂ ਸਨ ਅਤੇ ਜਿੱਥੇ ਕਿਤੇ ਗਿਆ, ਹਰ ਥਾਂ ਉਸ ਨੂੰ ਸਿਰੋਪੇ ਦਿੰਦੇ ਫਿਰਦੇ ਸਨ। ਸਾਡੇ ਕੋਲ ਕਈ ਵੱਡੇ ਅਕਾਲੀ ਆਗੂਆਂ ਦੇ ਬਿਆਨ ਹਾਲੇ ਤੱਕ ਪਏ ਹਨ, ਜਿਨ੍ਹਾਂ ਨੇ ਕਿਹਾ ਸੀ ਕਿ ਕਾਂਗਰਸੀ ਲੀਡਰ ਕੀਤੀ ਦਾ ਫਲ ਭੁਗਤ ਰਹੇ ਹਨ। ਫਿਰ ਸਾਡੇ ਪੰਜਾਬ ਵਿਚ ਇਹੋ ਹੋ ਗਿਆ। ਇੱਕ ਸਿਰਫਿਰੇ ਛੋਕਰੇ ਨੇ ਮੁੱਖ ਮੰਤਰੀ ਵੱਲ ਜੁੱਤੀ ਸੁੱਟ ਦਿੱਤੀ। ਹੁਣ ਅਮਰੀਕਾ ਵਿਚ ਇੱਕ ਉਸੇ ਤਰ੍ਹਾਂ ਦੇ ਬੰਦੇ ਨੇ ਅਕਾਲੀ ਦਲ ਦੇ ਇੱਕ ਮੰਤਰੀ ਵੱਲ ਜੁੱਤੀ ਸੁੱਟਣ ਨਾਲ ਖਬਰਾਂ ਬਣਾ ਦਿੱਤੀਆਂ ਹਨ। ਅਕਾਲੀ ਆਗੂ ਆਪੋ ਵਿਚ ਬੈਠ ਕੇ ਇਹ ਸੋਚਣ ਕਿ ਜਦੋਂ ਜਰਨੈਲ ਸਿੰਘ ਨੂੰ ਸਿਰੋਪੇ ਦਿੰਦੇ ਫਿਰਦੇ ਸਨ, ਕੀ ਉਦੋਂ ਉਹ ਇਸੇ ‘ਜੁੱਤੀ-ਸੁੱਟ’ ਰੁਝਾਨ ਨੂੰ ਹੱਲਾਸ਼ੇਰੀ ਨਹੀਂ ਸਨ ਦੇ ਰਹੇ? ਭਗਵੰਤ ਮਾਨ ਨੂੰ ਵੀ ਅਕਲ ਦੇ ਰਾਹ ਪੈਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ਦੀ ਇਸੇ ‘ਜੁੱਤੀ-ਸੁੱਟ’ ਵਾਲੀ ਭੱਲ ਦਾ ਲਾਭ ਲੈਣ ਲਈ ਉਸ ਨੂੰ ਆਪਣੇ ਨਾਲ ਜੋੜ ਲਿਆ, ਪਰ ਚੋਣਾਂ ਵਿਚ ਕਈ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਪਿੱਛੋਂ ਆਣ ਕੇ ਘਸੁੰਨ ਮਾਰ ਦਿੱਤਾ ਜਾਂ ਉਸ ਉਤੇ ਕਾਲਾ ਰੰਗ ਡੋਲ੍ਹਣ ਦਾ ਕੰਮ ਕਰ ਵਿਖਾਇਆ। ਉਦੋਂ ਇਸ ਪਾਰਟੀ ਦੇ ਆਗੂ ਕਹਿੰਦੇ ਸਨ ਕਿ ਭਾਜਪਾ ਕਰਵਾ ਰਹੀ ਹੈ। ਇਹ ਭਾਣਾ ਕਿਸੇ ਲੀਡਰ ਨਾਲ ਵੀ ਵਾਪਰ ਸਕਦਾ ਹੈ ਤੇ ਇਸ ਦਾ ਕਾਰਨ ਸਿਰਫ ਸਿਆਸੀ ਵਿਰੋਧ ਨਹੀਂ ਹੁੰਦਾ, ਕਈ ਵਾਰ ਕੁਝ ਲੋਕ ਸਿਰਫ ਬੱਲੇ-ਬੱਲੇ ਕਰਵਾਉਣ ਲਈ ਇਸ ਤਰ੍ਹਾਂ ਕਰ ਦਿੰਦੇ ਹਨ। ਜਿਸ ਮਾੜੇ ਕਲਚਰ ਨੂੰ ਹੱਲਾਸ਼ੇਰੀ ਦੇਣ ਦਾ ਖਮਿਆਜ਼ਾ ਅੱਜ ਅਕਾਲੀ ਆਗੂ ਭੁਗਤ ਰਹੇ ਹਨ, ਬਾਕੀ ਧਿਰਾਂ ਦੇ ਸਿਆਸੀ ਆਗੂ ਹੁਣ ਉਸ ਪਾਸੇ ਨਾ ਪੈਣ।
ਸਾਨੂੰ ਅਫਸੋਸ ਹੈ ਕਿ ਇਹ ਕੁਝ ਵਿਦੇਸ਼ਾਂ ਵਿਚ ਜਾ ਕੇ ਹੋਇਆ, ਤੇ ਉਥੇ ਹੋਇਆ ਹੈ, ਜਿੱਥੋਂ ਦੇ ਲੋਕਾਂ ਲਈ ਪੰਜਾਬ ਤੋਂ ਗਏ ਸਾਰੇ ਲੋਕ ਇੱਕੋ ਜਿਹੇ ਹੁੰਦੇ ਹਨ। ਉਹ ਗਿੱਲ, ਗਰੇਵਾਲ ਅਤੇ ਰੰਧਾਵੇ ਦਾ ਭੇਦ ਨਹੀਂ ਕਰਦੇ, ਸਭ ਨੂੰ ‘ਮਿਸਟਰ ਸਿੰਘ’ ਕਹਿ ਕੇ ਬੁਲਾਉਂਦੇ ਹਨ। ਹੁਣ ਵਾਲੀ ਇਸ ਖੇਡ ਦੇ ਬਾਅਦ ਵੀ ਉਹ ਇਹ ਫਰਕ ਨਹੀਂ ਕਰਨਗੇ ਕਿ ਅਕਾਲੀਆਂ ਨਾਲ ਖਾਲਿਸਤਾਨੀ ਭਿੜਦੇ ਹਨ ਜਾਂ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਵਾਲੇ ਲੜਦੇ ਹਨ, ਉਨ੍ਹਾਂ ਨੂੰ ਇਹੋ ਸਮਝ ਆਵੇਗੀ ਕਿ ਸਿੰਘਾਂ ਨਾਲ ਸਿੰਘ ਲੜੇ ਹਨ। ਜਲੂਸ ਸਾਰੇ ਪੰਜਾਬੀਆਂ ਦਾ ਨਿਕਲੇਗਾ। ਇਹ ਸਾਡੇ ਸਾਰਿਆਂ ਲਈ ਸ਼ਰਮ ਦੀ ਗੱਲ ਹੈ ਕਿ ਜਿੱਦਾਂ ਦੇ ਭੇੜ ਅਸੀਂ ਪੰਜਾਬ ਵਿਚ ਭਿੜਿਆ ਕਰਦੇ ਸਾਂ, ਹੁਣ ਵਿਦੇਸ਼ ਵਿਚ ਵੀ ਆਪਣੀ ਉਸੇ ਬੇਅਕਲੀ ਦਾ ਵਿਸ਼ਵੀਕਰਨ ਕਰਨ ਲੱਗ ਪਏ ਹਾਂ। ਬੇਅਕਲੀ ਦੀ ਇਸ ਓੜਕ ਬਾਰੇ ਰੋਇਆ ਜਾਵੇ ਕਿ ਹੱਸਿਆ ਜਾਵੇ, ਫੈਸਲਾ ਕਰਨਾ ਔਖਾ ਹੈ, ਪਰ ਪੰਜਾਬੀ ਦਾ ਇੱਕ ਅਖਾਣ ਯਾਦ ਹੈ, ‘ਲਾਹੌਰ ਦੇ ਬੁੱਧੂ, ਪਸ਼ੌਰ ਵਿਚ ਵੀ ਬੁੱਧੂ’। ਜਿੰਨਾ ਕੁਝ ਇਸ ਵਾਰ ਹੋ ਗਿਆ ਹੈ, ਇਸ ਤੋਂ ਸਾਰੀਆਂ ਧਿਰਾਂ ਨੂੰ ਸਬਕ ਸਿੱਖਣ ਦੀ ਲੋੜ ਹੈ। ਇਸ ਧਮੱਚੜ ਦੌਰਾਨ ਚਰਚਿਤ ਰਹੀਆਂ ਧਿਰਾਂ ਨੂੰ ਵੀ ਸਿੱਖਣ ਦੀ ਲੋੜ ਹੈ, ਅਤੇ ਚਸਕੇ ਲੈਣ ਵਾਲਿਆਂ ਨੂੰ ਵੀ।