ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪੰਜ-ਸੱਤ ਬੰਦਿਆਂ ਦੇ ਇਕੱਠ ਵਿਚ ਜੇ ਕਿਤੇ ਧਾਰਮਿਕ ਜਾਂ ਸਿਆਸੀ ਮਸਲਿਆਂ ਉਤੇ ਗੱਲਬਾਤ ਚੱਲ ਰਹੀ ਹੋਵੇ ਤਾਂ ਉਨ੍ਹਾਂ ਵਿਚ ਇਕ-ਦੋ ਅਜਿਹੇ ਬੰਦੇ ਹੋ ਸਕਦੇ ਨੇ ਜੋ ਖਾਮੋਸ਼ ਰਹਿੰਦਿਆਂ, ਸਿਰਫ਼ ਸਰੋਤੇ ਹੀ ਬਣੇ ਰਹਿਣ, ਪਰ ਜੇ ਕਿਧਰੇ ‘ਦੁਨੀਆਂ ਬਹੁਤ ਵਿਗੜ ਗਈ ਐ’ ਜਾਂ ‘ਸਮਾਜ ਦਾ ਭੱਠਾ ਬਹਿ ਗਿਆ’ ਵਰਗਾ ਵਿਸ਼ਾ ਛਿੜ ਪਵੇ, ਤਦ ਹਾਜ਼ਰੀਨ ਦੇ ਚਿਹਰੇ ਚਮਕ ਉਠਦੇ ਨੇ। ਚਾਹੇ ਉਸ ਇਕੱਠ ਵਿਚ ਕੋਈ ਪੜ੍ਹਿਆ-ਲਿਖਿਆ ਹੋਵੇ ਜਾਂ ਅਨਪੜ੍ਹ, ਹਰ ਇਕ ਕੋਲ ਵਿਗੜੀ ਹੋਈ ਦੁਨੀਆਂ ਦਾ ਬੇਅੰਤ ਮਸਾਲਾ ਹੋਵੇਗਾ।
ਸਾਰੇ ਜਣੇ ਹੀ ‘ਆਪਣਾ-ਆਪਣਾ ਕਿੱਸਾ’ ਸੁਣਾਉਣ ਲਈ ਇਕ-ਦੂਜੇ ਨਾਲੋਂ ਕਾਹਲੇ ਪੈਣਗੇ।
‘ਲਓ ਜੀ ਮੈਂ ਤੁਹਾਨੂੰ ਦੱਸਾਂæææ’, ਤੋਂ ਸ਼ੁਰੂ ਕਰ ਦੇਣਗੇ ਤੇ ਕੋਈ ਹੈਰਤ-ਅੰਗੇਜ਼ ਕਿੱਸਾ ਛੇੜ ਕੇ ਇਉਂ ਜਤਾਉਣਗੇ ਕਿ ਜਿਹੜਾ ਵਾਕਿਆ ਉਹਨੇ ਸੁਣਾਇਆ ਹੈ, ਸਭ ਤੋਂ ਵੱਡੇ ਸਮਾਜੀ ਨਿਘਾਰ ਦੀ ਮਿਸਾਲ ਇਹੀ ਹੈ। ਅਜਿਹੀ ਮਹਿਫ਼ਿਲ ਦਾ ਸ਼ਿੰਗਾਰ ਬਣਿਆ ਕੋਈ ਵੀ ਮਾਈ-ਭਾਈ ਐਸਾ ਨਹੀਂ ਹੋਵੇਗਾ ਜੋ ਕਿਸੇ ਅਣਹੋਣੀ ਵਾਰਤਾ ਦਾ ਵਕਤਾ ਨਾ ਬਣੇ। ਜਿਵੇਂ ਕਿਤੇ ਦੁਨੀਆਂ ਵਿਗੜਨ ਵਾਲੀ ਚਰਚਾ ਸਾਰਿਆਂ ਦਾ ਹੀ ਮਨ ਭਾਉਂਦਾ ਵਿਸ਼ਾ ਹੋਵੇ! ਉਂਜ ਆਪਣੇ ਆਲੇ-ਦੁਆਲੇ ਦੇ ਵਿਗੜੇ ਹੋਣ ਦੀ ‘ਚਿੰਤਾ’ ਬਹੁਤੀ ਉਹੀ ਲੋਕ ਕਰਦੇ ਹਨ, ਜਿਨ੍ਹਾਂ ਜਵਾਨੀ-ਮਸਤਾਨੀ ਦੀਆਂ ਨਾਦਾਨੀਆਂ ਤੋਂ ਬਾਅਦ ਬਾਲ ਬੱਚਿਆਂ ਦੇ ਵਿਆਹ ਵਗੈਰਾ ਕਰ ਦਿੱਤੇ ਹੁੰਦੇ ਨੇ। ਵਿਹਲ ਦੇ ਪਲਾਂ ਵਿਚੋਂ ਉਹ ਸਮਾਜ ਦੀ ਚੀਰ-ਫਾੜ ਕਰਦੇ ਰਹਿੰਦੇ ਨੇ।
ਜੇ ਕੋਈ ਭਲਾਮਾਣਸ ਇਨ੍ਹਾਂ ਚਿੰਤਾਵਾਨਾਂ ਨੂੰ ਸਵਾਲ ਕਰ ਦਏ ਕਿ ਭੱਦਰਪੁਰਸ਼ੋ! ਤੁਸੀਂ ਕੋਈ ਸੱਤਵੇਂ ਆਸਮਾਨ ਵਿਚ ਤਾਂ ਨਹੀਂ ਰਹਿੰਦੇ, ਇਸੇ ਸਮਾਜ ਦੇ ਪ੍ਰਾਣੀ ਹੋ। ਜਿਹੜਾ ਸਮਾਜ ਤੁਹਾਡੇ ਸ਼ਬਦਾਂ ਵਿਚ ‘ਵਿਗੜ ਤੇ ਤਿਗੜ’ ਚੁੱਕਾ ਹੈ, ਇਹਦੇ ਪ੍ਰਤੀ ਤੁਹਾਡੇ ਵੀ ਕੋਈ ਫਰਜ਼ ਹੈਗੇ ਨੇ। ਕ੍ਰਿਪਾ ਕਰ ਕੇ ਇਹ ਦੱਸੋ ਕਿ ਤੁਸੀਂ ਖੁਦ ਕਿੰਨੇ ਕੁ ਫ਼ਰਜ਼ ਅਦਾ ਕੀਤੇ ਨੇ? ਜਾਂ ਹੁਣ ਗਲੇ-ਸੜੇ ਸਮਾਜ ਨੂੰ ਸੁਧਾਰਨ ਲਈ ਕੀ ਕੁਝ ਕਰ ਰਹੇ ਹੋ? ਮੰਨਿਆਂ ਕਿ ਤੁਸੀਂ ਕਿਰਤ-ਕਮਾਈ ਕਰ ਕੇ ਆਪਣੇ ਪੁੱਤਾਂ-ਧੀਆਂ ਨੂੰ ਗ੍ਰਹਿਸਥ ਮਾਰਗ ਦੇ ਪਟੇ ‘ਤੇ ਚਾੜ੍ਹ ਦਿੱਤਾ ਹੈ, ਪਰ ਕੀ ਹੁਣ ਸਾਰੀ ਉਮਰ ਆਪਣੇ ਪਰਿਵਾਰ ਦੀ ਚਿੰਤਾ ਵਿਚ ਹੀ ਗ੍ਰਸੇ ਰਹਿਣਾ ਹੈ? ਜ਼ਿੰਦਗੀ ਦੇ ‘ਬੋਨਸ ਵਰ੍ਹੇ’ ਤਾਂ ਸਮਾਜ ਦੇ ਭਲੇ ਲਈ ਲਾ ਦਿਓ? ਜਦ ਪੁੱਤਰ-ਧੀਆਂ ਆਪਣਾ ਕਮਾ, ਖਾ ਤੇ ਹੰਢਾ ਰਹੇ ਨੇ, ਤਾਂ ਤੁਸੀਂ ਆਪਣਾ ਬਚਿਆ-ਖੁਚਿਆ ਚੂਨ-ਭੂਨ ਜ਼ਰੂਰ ਰੱਜਿਆਂ ਨੂੰ ਰਜਾਉਣ ਲਈ ਹੀ ਦੇਈ ਜਾਣਾ ਏ? ਲੋਕ ਵਿਗੜ ਗਏ, ਧਰਮ ਵਿਚ ਨਿਘਾਰ ਆ ਗਿਆ, ਚਰਿੱਤਰਹੀਣਤਾ ਵਧ ਗਈ ਐ, ਖ਼ੁਦਗਰਜ਼ੀ ਸਿਰ ਚੜ੍ਹ ਕੇ ਬੋਲ ਰਹੀ ਹੈ, ਵਗੈਰਾ ਵਗੈਰਾ, ਸਾਰੇ ਫਿਕਰ ਸਿਰਫ਼ ਗਿਣਾਉਣ ਲਈ ਹੀ ਹਨ? ਇਨ੍ਹਾਂ ਨੂੰ ਮਿਟਾਉਣ ਲਈ ਬਣਦਾ ਯੋਗਦਾਨ ਪਾਉਣਾ ਕੀ ਸਰਬ-ਸਾਂਝਾ ਫਰਜ਼ ਨਹੀਂ ਹੈ?
ਬਾਕੀਆਂ ਦੀ ਗੱਲ ਇਕ ਪਾਸੇ ਰੱਖ ਕੇ ਜੇ ਉਹ ਲੋਕ ਸਮਾਜ ਸੁਧਾਰ ਜਾਂ ਲੋਕ ਸੇਵਾ ਲਈ ਕਮਰ ਕੱਸੇ ਕਰ ਲੈਣ, ਜਿਹੜੇ ਸੁਭਾਗੇ ਸੱਜਣ ਲੰਮੀਆਂ ਨੌਕਰੀਆਂ ਉਪਰੰਤ ਸੇਵਾ-ਮੁਕਤੀ ਹੰਢਾ ਰਹੇ ਹੁੰਦੇ ਹਨ, ਤਾਂ ਫਿਰ ਵੀ ਸਮਾਜਕ ਵਿਗਾੜਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਜਿਵੇਂ ਅਸੀਂ ਆਪਣੇ ਘਰ ਦੀ ਸਾਫ਼-ਸਫਾਈ ਲਈ ਖੁਦ ਨੂੰ ਜ਼ਿੰਮੇਵਾਰ ਸਮਝਦੇ ਹਾਂ, ਇੰਜ ਹੀ ਸਾਨੂੰ ਆਪਣੇ ਆਲੇ-ਦੁਆਲੇ, ਆਪਣੇ ਭਾਈਚਾਰੇ ਲਈ ਵੀ ਕੁਝ ਨਾ ਕੁਝ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ। ਘੱਟੋ-ਘੱਟ ਉਨ੍ਹਾਂ ਭਲੇ ਪੁਰਸ਼ਾਂ ਨੂੰ ਤਾਂ ਜ਼ਰੂਰ ਇਸ ਮਸਲੇ ‘ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ, ਜਿਹੜੇ ਰਿਟਾਇਰ ਹੋ ਚੁਕੇ ਹਨ।
ਹਿੰਦੂ ਸੰਸਕ੍ਰਿਤੀ ਵਿਚ ਵੀ ਜ਼ਿੰਦਗੀ ਨੂੰ ਜਿਹੜੇ ਚਾਰ ਆਸ਼ਰਮਾਂ ਵਿਚ ਵੰਡਿਆ ਗਿਆ ਹੈ, ਉਨ੍ਹਾਂ ਵਿਚ ਬ੍ਰਹਮਚਰਯ (ਵਿਦਿਆ ਪ੍ਰਾਪਤੀ ਲਈ ਪਹਿਲੇ ਪੱਚੀ ਵਰ੍ਹੇ), ਦੂਜੇ ਗ੍ਰਹਿਸਥ ਆਸ਼ਰਮ ਪੰਜਾਹ ਸਾਲ ਤੱਕ, ਤੀਜੇ ਵਾਨਪ੍ਰਸਥ ਭਾਵ ਗ੍ਰਹਿਸਥ ਆਦਿਕ ਦਾ ਤਿਆਗ ਕਰ ਕੇ ਪਝੱਤਰ ਸਾਲ ਦੀ ਆਯੂ ਤੱਕ ਲੋਕ-ਸੇਵਕ ਵਾਂਗ ਵਿਚਰਨਾ (ਚੌਥੇ ਆਸ਼ਰਮ ‘ਸੰਨਿਆਸ’ ਨੂੰ ਸ਼ਾਇਦ ਕੋਈ ਪ੍ਰਵਾਨ ਨਾ ਕਰੇ, ਕਿਉਂਕਿ ਇਸ ਵਿਚ ਸਭ ਕੁਝ ਤਿਆਗ ਕੇ ਭਿੱਖਿਆ ਮੰਗ ਕੇ ਨਿਰਬਾਹ ਕਰਨ ਦੀ ਹਦਾਇਤ ਹੈ)।
ਇਕ ਸਮਾਂ ਸੀ ਜਦੋਂ ਪਿੰਡਾਂ-ਥਾਂਵਾਂ ਵਿਚ ਪੈਨਸ਼ਨੀਏ ਫੌਜੀ ਆਪਣੀ ਕਬੀਲਦਾਰੀ ਵਿਚ ਘੱਟ, ਪਰ ਭਾਈਚਾਰੇ ਦੇ ਕੰਮਾਂ ਵਿਚ ਮੋਹਰੀ ਰੋਲ ਅਦਾ ਕਰਦੇ ਹੁੰਦੇ ਸਨ। ਪਿੰਡਾਂ ਵਿਚ ਰਾਸ਼ਨ ਕਾਰਡ ਬਣਾਉਣ ਜਾਂ ਕੋਈ ਹੋਰ ਫਾਰਮ ਵਗੈਰਾ ਭਰਾਉਣ ਸਮੇਂ ‘ਪਿਲਸਣੀਏਂ’ ਦਾ ਦਰਵਾਜ਼ਾ ਹੀ ਖੜਕਾਇਆ ਜਾਂਦਾ ਸੀ। ਹਿੰਦੀ-ਨੁਮਾ ਪੰਜਾਬੀ ਬੋਲਦੇ ਇਨ੍ਹਾਂ ਸਾਬਕਾ ਫੌਜੀਆਂ ਦਾ ਪਿੰਡ ਵਿਚ ਹੀ ਨਹੀਂ, ਸਗੋਂ ਪੂਰੇ ਇਲਾਕੇ ਵਿਚ ਮਾਣ-ਸਤਿਕਾਰ ਹੁੰਦਾ ਸੀ ਤੇ ਕਿਸੇ ਹੱਦ ਤੱਕ ਆਮ ਲੋਕ ਉਨ੍ਹਾਂ ਤੋਂ ਡਰਦੇ ਵੀ ਹੁੰਦੇ ਸਨ। ਕਿਸੇ ਵੀ ਤਰ੍ਹਾਂ ਦੇ ਸਲਾਹ-ਮਸ਼ਵਰੇ ਲਈ ਇਹ ਹਰ ਪਿੰਡ ਵਾਸੀ ਨੂੰ ਹਰ ਵੇਲੇ ਖਿੜੇ ਮੱਥੇ ਮਿਲਦੇ ਸਨ।
ਸਾਡੇ ਗੁਆਂਢੀ ਪਿੰਡ ਸ਼ੇਖੂਪੁਰ ਦਾ ਇਕ ਸਾਬਕਾ ਫੌਜੀ ਬਰਮਾ ਦੀ ਜੰਗ ਤੋਂ ਵਾਪਸ ਮੁੜਿਆ ਹੋਇਆ ਦੱਸਿਆ ਜਾਂਦਾ ਹੈ। ਮੈਂ ਆਪਣੇ ਬਚਪਨ ਤੋਂ ਹੀ ਉਸ ਨੂੰ ਸੱਥਾਂ, ਪੰਚਾਇਤਾਂ ਤੇ ਪਿੰਡ ਵਿਚ ਹੋਣ ਵਾਲੇ ਸਿਆਸੀ ਜਾਂ ਧਾਰਮਿਕ ਸਮਾਗਮਾਂ ਦਾ ਸ਼ਿੰਗਾਰ ਬਣਿਆ ਦੇਖਦਾ ਰਿਹਾ ਹਾਂ। ਚੁਸਤ-ਦਰੁਸਤ ਡੀਲ-ਡੌਲ ਵਾਲਾ ਇਹ ਫੌਜੀ ਸਰਦਾਰ ਆਪਣੇ ਘਰ ਮੂਹਰੇ ਆਰਾਮ ਕੁਰਸੀ ‘ਤੇ ਬਹਿ ਕੇ ਉਰਦੂ ਦੀ ਅਖ਼ਬਾਰ ਪੜ੍ਹਦਾ ਹੁੰਦਾ ਸੀ। ਲੰਘਦਿਆਂ-ਵੜਦਿਆਂ ਨੂੰ ‘ਵਾਜ਼ਾਂ ਮਾਰ ਮਾਰ ਚਾਹ ਪਿਲਾਉਣੀ ਅਤੇ ਉਨ੍ਹਾਂ ਦੇ ਦੁੱਖ-ਸੁੱਖ ਪੁੱਛਣੇ, ਇਸ ਦਾ ਨਿੱਤ ਕਰਮ ਹੁੰਦਾ ਸੀ। ਪਿੰਡ ਦੇ ਸਾਂਝੇ ਕੰਮਾਂ ਵਿਚ ਇਹ ਸਭ ਤੋਂ ਮੂਹਰੇ ਹੋ ਕੇ ਅਗਵਾਈ ਕਰਦਾ ਸੀ। ਸਹਿਜ-ਸਾਦਗੀ ਅਤੇ ਸਬਰ-ਸ਼ੁਕਰ ਨਾਲ ਜ਼ਿੰਦਗੀ ਬਿਤਾਉਣ ਵਾਲਾ ਇਹ ਤਿਆਗੀ ਬੰਦਾ, ਹੁਣ ਸੌ ਸਾਲ ਨੂੰ ਢੁੱਕਿਆ ਹੋਇਆ ਹੈ।
ਆਪਣੀ ਸੇਵਾ-ਮੁਕਤੀ ਵਾਲੀ ਜ਼ਿੰਦਗੀ ਲੋਕਾਈ ਲੇਖੇ ਲਾਉਣ ਵਾਲੇ ਸਾਡੇ ਇਕ ਹੋਰ ਗੁਆਂਢੀ ਪਿੰਡ ਅਟਾਰੀ ਦੇ ਮੀਆਂ-ਬੀਵੀ ਹਨ ਜੋ ਦੋਵੇਂ ਅਧਿਆਪਕ ਸਨ। ਇਨ੍ਹਾਂ ਨੇ ਵੀ ਸਰਕਾਰੀ ਨੌਕਰੀ ਤੋਂ ਸੇਵਾ-ਮੁਕਤ ਹੋਣ ਬਾਅਦ ਪ੍ਰਾਈਵੇਟ ਸਕੂਲਾਂ ਦੇ ਗੇੜੇ ਨਹੀਂ ਮਾਰੇ, ਨਾ ਹੀ ਘਰ ਵਿਚ ਟਿਊਸ਼ਨਾਂ ਦੀ ਕਮਾਈ ਲਈ ‘ਜੁਗਾੜ’ ਬਣਾਇਆ। ਹਾਂ, ਪਿੰਡ ਦੇ ਵਿਦਿਆਰਥੀਆਂ ਨੂੰ ਲੋੜੀਂਦੀ ਸਹਾਇਤਾ ਦੇਣ ਤੋਂ ਇਨ੍ਹਾਂ ਕਦੇ ਘੌਲ ਨਹੀਂ ਕੀਤੀ। ਆਪਣੇ ਪਿੰਡ ਦੇ ਬੱਚਿਆਂ ਨੂੰ ਉਨ੍ਹਾਂ ਦੀ ਯੋਗਤਾ ਪਰਖ ਕੇ ਅਗਲੀ ਸਟੱਡੀ ਲਈ ਸੇਧ ਦਿੰਦੇ ਰਹਿੰਦੇ ਹਨ।
ਮਾਸਟਰ ਸੰਤਾ ਸਿੰਘ ਅਟਾਰੀ ਵਾਲੇ ਉਰਦੂ ਫਾਰਸੀ ਦੇ ਜਾਣਕਾਰ ਹੋਣ ਨਾਤੇ ਮਹਿਕਮਾ ਮਾਲ ਨਾਲ ਸਬੰਧਤ ਪੁਰਾਣੇ ਰਿਕਾਰਡ ਪੜ੍ਹਨ ਲਈ ਕਈ ਵਾਰ ਇਲਾਕੇ ਦੇ ਲੋਕਾਂ ਨਾਲ ਤਹਿਸੀਲੇ ਵੀ ਜਾਂਦੇ ਰਹਿੰਦੇ ਹਨ। ਵੱਡੀ ਉਮਰ ਦੇ ਲੋਕਾਂ ਦੀਆਂ ਜਨਮ ਤਰੀਕਾਂ ਲੱਭਣ ਵਾਸਤੇ ਪੁਰਾਣੇ, ਰੱਦੀ ਜਿਹੇ ਰਜਿਸਟਰ ਲੈ ਕੇ, ਲੋਕੀਂ ਉਨ੍ਹਾਂ ਦੇ ਘਰ ਆਏ ਰਹਿੰਦੇ ਹਨ। ਦਿਲ ਕਰੇ ਤਾਂ ਪਿੰਡ ਦੇ ਗੁਰਦੁਆਰੇ ਜਾ ਕੇ ਨਿੱਤਨੇਮ ਕਰ ਆਉਂਦੇ ਹਨ। ਸੰਗਰਾਂਦ ਵਾਲੇ ਦਿਨ ‘ਬਾਰਹਮਾਂਹ’ ਪੜ੍ਹਨ ਦੀ ਪੱਕੀ ਸੇਵਾ ਨਿਭਾਉਂਦੇ ਹਨ। ਸੇਵਾ-ਮੁਕਤ ਹੋਣ ਤੋਂ ਬਾਅਦ ਇਹ ਪਤੀ ਪਤਨੀ ਜੇ ਕਿਸੇ ਪ੍ਰਾਈਵੇਟ ਸਕੂਲ ਵਿਚ ਲੱਗ ਵੀ ਜਾਂਦੇ, ਫਿਰ ਕਿਹੜਾ ਇਨ੍ਹਾਂ ਸੋਨੇ ਦੀਆਂ ਰੋਟੀਆਂ ਖਾਣੀਆਂ ਸ਼ੁਰੂ ਕਰ ਦੇਣੀਆਂ ਸਨ? ਉਨ੍ਹਾਂ ਦੇ ਸਬਰ-ਸ਼ੁਕਰ ਦੀ ਇਕ ਹੋਰ ਗੱਲ ਸੁਣੀ ਹੈ। ਮਾਸਟਰ ਜੀ ਦੇ ਬਹੁਤ ਸਾਰੇ ਪੁਰਾਣੇ ਵਿਦਿਆਰਥੀ ਵਿਦੇਸ਼ਾਂ ਵਿਚ ਵੱਸਦੇ ਹਨ। ਉਨ੍ਹਾਂ ਨੇ ਮਾਸਟਰ ਜੀ ਨੂੰ ਕਈ ਵਾਰ ‘ਸਪਾਂਸਰਸ਼ਿਪ’ ਭੇਜਣ ਦੀ ਪੇਸ਼ਕਸ਼ ਕੀਤੀ ਪਰ ਉਹ ਅੱਗਿਉਂ ਹਰ ਵਾਰ ਇਹ ਕਹਿ ਦਿੰਦੇ ਹਨ, ‘ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ।’
ਜਿਨ੍ਹਾਂ ਮਹਾਨ ਰਹਿਬਰਾਂ ਦੇ ਜਨਮ ਦਿਹਾੜੇ ਜਾਂ ਬਰਸੀਆਂ ਮਨਾਈਆਂ ਜਾਂਦੀਆਂ ਨੇ, ਉਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਦਾ ਕੁਝ ਹਿੱਸਾ ਨਹੀਂ, ਬਲਕਿ ਕੁੱਲ ਹਯਾਤੀ ਦੇਸ਼-ਕੌਮ ਦੇ ਲੇਖੇ ਲਾਈ ਹੁੰਦੀ ਹੈ। ਉਨ੍ਹਾਂ ਦੀ ਬਦੌਲਤ ਹੱਕ ਮਿਲੇ, ਆਜ਼ਾਦੀਆਂ ਆਈਆਂ, ਨਵੇਂ ਵਿਚਾਰ ਹੋਂਦ ਵਿਚ ਆਏ ਅਤੇ ਸਮਾਜ ਸੁਧਾਰ ਹੋਏ। ਅਜਿਹੇ ਮਹਾਂ-ਮਾਨਵਾਂ ਦੀ ‘ਕਰਨੀ’ ਤੋਂ ਸਾਨੂੰ ਵੀ ਥੋੜ੍ਹਾ ਬਹੁਤ ਸਬਕ ਲੈਣਾ ਚਾਹੀਦਾ ਹੈ।
ਸੂਰਜ ਨਾ ਬਨ ਸਕੋ ਤੋ ਸ਼ਮਾਂ ਰਾਹ-ਗੁਜ਼ਰ ਸਹੀ
ਦੁਨੀਆਂ ਮੇ ਜੀਨੇ ਕਾ ਕੋਈ ਮੁੱਦਾਅ ਤੋ ਹੋ।
ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦੇਖਦਿਆਂ ਪੰਜਾਹ-ਸੱਠ ਸਾਲ ਨੌਕਰੀਆਂ ਕਰ ਕੇ ਟੱਬਰ-ਟੀਹਰ ਸੈੱਟ ਕਰਨ ਉਪਰੰਤ ਸੇਵਾ-ਮੁਕਤੀ ਲੈ ਕੇ ਵੀ, ਜੇ ਸਬਰ-ਸ਼ੁਕਰ ਨਾਲ ਲੋਕ ਸੇਵਾ ਲਈ ਸਮੇਂ ਦਾ ਦਸਵੰਧ ਕੱਢਣਾ ਹੀ ਨਹੀਂ, ਤਾਂ ਫਿਰ ‘ਦੁਨੀਆਂ ਵਿਗੜਨ’ ਦੀ ‘ਰਾਗਣੀ’ ਗਾਈ ਜਾਣ ਦਾ ਕੀ ਫਾਇਦਾ?
ਟੁੱਟਾ ਹੋਇਆ ਦਿਲ ਜੇ ਤੂੰ ਕਿਸੇ ਦਾ ਨਾ ਸੀਤਾ
ਨਿਰੀ ਮਾਲਾ ਫੇਰੀ ਤੈਂ ਕੱਖ ਵੀ ਨਾ ਕੀਤਾ।