ਬਲਜੀਤ ਬਾਸੀ
ਪਿਛਲੇ ਦਿਨੀਂ ਦਿੱਲੀ ਪੁਲਿਸ ਤੋਂ ਸਤੇ ਹੋਏ ਉਥੋਂ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਇਕ ਟੀæਵੀæ ਇੰਟਰਵਿਊ ਦੌਰਾਨ ਪੁਲਿਸ ਕਰਮਚਾਰੀਆਂ ਨੂੰ ḔਠੁਲਾḔ (ਪੰਜਾਬੀ ਵਿਚ ਠੁੱਲ੍ਹਾ) ਕਹਿ ਦਿਤਾ ਤਾਂ ਦਿੱਲੀ ਪੁਲਿਸ ਵਲੋਂ ਇਸ ਦੀ ਜ਼ਬਰਦਸਤ ਪ੍ਰਤਿਕ੍ਰਿਆ ਹੋਈ। ਦੁਖੀ ਹੋਏ ਦੋ ਸਿਪਾਹੀਆਂ ਨੇ ਮੁੱਖ ਮੰਤਰੀ ਖਿਲਾਫ ਥਾਣੇ ਰਿਪੋਰਟ ਦਰਜ ਕਰਵਾ ਦਿੱਤੀ। ਹਾਲਾਂਕਿ ਕਾਨੂੰਨੀ ਤੌਰ ‘ਤੇ ਇਹ ਕੋਈ ਕਾਰਵਾਈਯੋਗ ਅਪਰਾਧ ਨਹੀਂ ਹੈ।
ਇਕ ਸਿਪਾਹੀ ਦਾ ਕਹਿਣਾ ਸੀ ਕਿ ਉਸ ਨੂੰ ਇਸ ਟਿੱਪਣੀ ਤੋਂ ਏਨੀ ਠੇਸ ਪਹੁੰਚੀ ਕਿ ਉਹ ਰਾਤ ਭਰ ਸੌਂ ਨਹੀਂ ਸਕਿਆ।
ਗੁਆਂਢੀ ਗਾਜ਼ੀਆਬਾਦ ਦੀ ਪੁਲਿਸ ਵੀ ਇਸ ਬਿਆਨ ਤੋਂ ਖਫਾ ਹੋ ਗਈ। ਉਥੋਂ ਦੇ ਐਸ਼ ਐਸ਼ ਪੀæ ਨੇ ਹਾਸੋਹੀਣੀ ਕਾਰਵਾਈ ਕਰਦਿਆਂ ਫਰਮਾਨ ਜਾਰੀ ਕੀਤਾ ਕਿ ਜਿਸ ਵਿਚ ਆਪਣੇ ਸਹਿਕਰਮੀ ਪੁਲਿਸ ਵਾਲਿਆਂ ਨੂੰ ਕਿਹਾ ਹੈ ਕਿ ਉਹ ਇਕ ਦੂਜੇ ਨੂੰ ḔਠੁੱਲਾḔ ਕਿਹਾ ਕਰਨ। ਰਾਜਨੀਤਕ ਵਿਰੋਧੀਆਂ ਨੇ ਅਲੱਗ ਰੌਲਾ ਪਾਇਆ। ਇਹ ਵੱਖਰੀ ਗੱਲ ਹੈ ਕਿ ਦਿੱਲੀ ਦੇ ਆਮ ਲੋਕ ਤ੍ਰਿਸਕਾਰ ਵਜੋਂ ਪੁਲਸੀਏ ਲਈ ਠੁੱਲਾ ਸ਼ਬਦ ਹੀ ਵਰਤਦੇ ਹਨ।
ਦਿੱਲੀ ਰਾਜ ਨੂੰ ਪੂਰਨ ਰਾਜ ਦਾ ਦਰਜਾ ਹਾਸਿਲ ਨਹੀਂ ਹੈ, ਉਥੋਂ ਦੀ ਪੁਲਿਸ ਕੇਂਦਰ ਸਰਕਾਰ ਅਧੀਨ ਹੈ, ਇਸ ਲਈ ਰਾਜਸੱਤਾ ਦੀ ਪ੍ਰਭਾਵੀ ਸ਼ਕਤੀ ਉਥੋਂ ਦਾ ਲੈਫਟੀਨੈਂਟ ਗਵਰਨਰ ਵਰਤਦਾ ਹੈ। ਦੂਜੀ ਗੱਲ, ਭ੍ਰਿਸ਼ਟਾਚਾਰ ਖਤਮ ਕਰਨ ਦੇ ਨਾਹਰੇ ਨਾਲ ਚੁਣੀ ਗਈ ਦਿੱਲੀ ਦੀ ਆਮ ਆਦਮੀ ਸਰਕਾਰ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿਚ ਜਾਂਦੀ ਹੈ। ਇਸ ਲਈ ਕੇਂਦਰ ਸਰਕਾਰ ਕੇਜਰੀਵਾਲ ਦੇ ਕਦਮਾਂ ਵਿਚ ਅੜਿੱਕੇ ਡਾਹੁੰਦੀ ਰਹਿੰਦੀ ਹੈ। ਪੁਲਿਸ ਦਾ ਮਹਿਕਮਾ ਆਪਣੀਆਂ ਨੀਤੀਆਂ ਲਾਗੂ ਕਰਨ ਲਈ ਸਰਕਾਰ ਦੇ ਹੱਥ ਵਿਚ ਇਕ ਜ਼ਬਰਦਸਤ ਵਸੀਲਾ ਹੁੰਦਾ ਹੈ ਜਿਸ ਦੀ ਗੈਰਮੌਜੂਦਗੀ ਵਿਚ ਕੇਜਰੀਵਾਲ ਨਿਹੱਥਾ ਮਹਿਸੂਸ ਕਰਦਾ ਹੈ।
ਸਾਡੇ ਦੇਸ਼ ਦੇ ਲੋਕਾਂ ਦੇ ਮਨ ਵਿਚ ਪੁਲਿਸ ਦਾ ਕੋਈ ਚੰਗਾ ਅਕਸ ਨਹੀਂ ਹੈ। ਇਸ ਨੂੰ ਜ਼ਾਲਮ, ਬੇਕਿਰਕ, ਨਾਅਹਿਲ, ਸੁਸਤ, ਵੱਢੀਖੋਰ ਸਮਝਿਆ ਜਾਂਦਾ ਹੈ। ਇਹ ਧੜੀ ਧੜੀ ਦੀਆਂ ਗੰਦੀਆਂ ਗਾਲਾਂ ਤੋਂ ਬਿਨਾਂ ਮੂੰਹ ਨਹੀਂ ਖੋਲ੍ਹਦੀ ਤੇ ਹਮੇਸ਼ਾ ਕੁਟਾਪੇ ਲਈ ਤਿਆਰ ਰਹਿੰਦੀ ਹੈ। ਇਹ ਗੱਲ ਮਸ਼ਹੂਰ ਸੀ ਕਿ ਫਿਲੌਰ ਦੇ ਕਿਲੇ ਵਿਚ ਪੁਲਿਸ ਰਕਰੂਟਾਂ ਨੂੰ ਟਰੇਨਿੰਗ ਦੌਰਾਨ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢਣੀਆਂ ਸਿਖਾਈਆਂ ਜਾਂਦੀਆਂ ਸਨ। ਪੁਲਿਸ ਦੇ ਅਜਿਹੇ ਅਕਸ ਅਤੇ ਕੇਂਦਰ ਤੇ ਦਿੱਲੀ ਸਰਕਾਰ ਦਰਮਿਆਨ ਰਾਜਸੀ ਤਣਾ-ਤਣੀ ਦਾ ਮਾਹੌਲ ਹੁੰਦਿਆਂ ਕੇਜਰੀਵਾਲ ਦੀ ਬੌਖਲਾਹਟ ਸਮਝ ਆਉਂਦੀ ਹੈ।
ਸਿਆਸੀ ਲੋਕ ਅਕਸਰ ਖੁਦ ਵੀ ਬੋਲਣ ਲੱਗਿਆਂ ਅੱਗਾ ਪਿਛਾ ਨਹੀਂ ਦੇਖਦੇ। ਕੇਜਰੀਵਾਲ ਨੇ ਦਿੱਲੀ ਦੇ ਗਵਰਨਰ ਨੂੰ ਭਾਜਪਾ ਦਾ ਪੋਲਿੰਗ ਏਜੰਟ ਤੱਕ ਕਹਿ ਦਿੱਤਾ। ਇਕ ਵਾਰੀ ਭਾਜਪਾ ਦੇ ਇਕ ਨੇਤਾ ਨੇ ਬਿਹਾਰ ਦੇ ਗਵਰਨਰ ਬੂਟਾ ਸਿੰਘ ਨੂੰ ਝੂਠਾ ਸਿੰਘ ਕਹਿ ਦਿੱਤਾ ਸੀ।
ਖੈਰ, ਅਸੀਂ ਪੁਲਿਸ ਦੀ ਗੱਲ ਕਰ ਰਹੇ ਸਾਂ। ਪੁਲਿਸ ਦੇ ਮਾੜੇ ਅਕਸ ਕਾਰਨ ਲੋਕ ਆਪਣੀ ਭੜਾਸ ਉਸ ਪ੍ਰਤੀ ਅਪਮਾਨਸੂਚਕ ਸ਼ਬਦ ਵਰਤ ਕੇ ਕਰਦੇ ਹਨ। ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਪੁਲਿਸ ਦੇ ਸਿਪਾਹੀਆਂ ਲਈ ਵੱਖ ਵੱਖ ਛੇੜਾਂ ਹਨ। ਅਸੀਂ ਪੰਜਾਬੀ ḔਮਾਮਾḔ ਸ਼ਬਦ ਤੋਂ ਵਾਕਿਫ ਹਾਂ। ḔਮਾਮਾḔ ਇਕ ਬਹੁਤ ਪਿਆਰਾ ਸ਼ਬਦ ਹੈ ਪਰ ਸਾਲਾ ਦੀ ਤਰ੍ਹਾਂ ਇਸ ਨੂੰ ਵੀ ਗਾਲ੍ਹ ਵਜੋਂ ਵਰਤਿਆ ਜਾਂਦਾ ਹੈ। ਮਾਮਾ ਮਾਂ ਦਾ ਭਰਾ ਹੈ, ਜਿਸ ਨੂੰ ਗਾਲ੍ਹ ਵਜੋਂ ਮਾਮਾ ਕਿਹਾ ਜਾਂਦਾ ਹੈ। ਜਾਣੋਂ ਉਸ ਨੂੰ ਇਹ ਜਤਾਇਆ ਜਾ ਰਿਹਾ ਹੈ ਕਿ ਤੇਰੀ ਭੈਣ ਮੇਰੇ ਪਿਉ ਦੀ ਪਤਨੀ ਹੈ। ਦਿੱਲੀ ਪੁਲਿਸ ਨੂੰ ਠੁੱਲਾ ਕਹੇ ਜਾਣ ਦੀ ਭਰਪੂਰ ਚਰਚਾ ਪਿਛੋਂ ਲੋਕਾਂ ਅਤੇ ਅਖਬਾਰਾਂ ਵਲੋਂ ਜਿਗਿਆਸਾ ਪ੍ਰਗਟਾਈ ਜਾਣ ਲੱਗੀ ਕਿ ਪੁਲਿਸ ਵਾਲਿਆਂ ਲਈ ਕਹੇ ਜਾਂਦੇ ਇਸ ਨਿਰਾਦਰ ਭਰੇ ਸ਼ਬਦ ਦੇ ਅਰਥ ਕੀ ਹਨ?
ਇਸ ਸ਼ਬਦ ਦੀ ਵਿਉਤਪਤੀ ਬਾਰੇ ਮੈਨੂੰ ਮੋਟੀ ਜਾਣਕਾਰੀ ਪਹਿਲਾਂ ਹੀ ਸੀ ਪਰ ਖਾਸ ਜਾਣਕਾਰੀ ਲਈ ਇਕ ਆਨਲਾਈਨ ਬੀæਆਰæਐਫ਼ ਡਿਕਸ਼ਨਰੀ ਮੇਰੇ ਹੱਥ ਲੱਗੀ। ਇਹ ਡਿਕਸ਼ਨਰੀ ਭਾਰਤੀ ਫੌਜ ਦੇ ਮਸਲਿਆਂ ‘ਤੇ ਚਰਚਾ ਕਰਨ ਲਈ ਬਣੇ ਭਾਰਤ ਰਖਸ਼ਕ ਫੋਰਮ ਦੇ ਮੈਂਬਰਾਂ ਦੀ ਮਦਦ ਲਈ ਨਿਰੰਤਰ ਬਣਾਈ ਜਾ ਰਹੀ ਹੈ। ਇਸ ਦੇ ਮੈਂਬਰ ਵੱਖ ਵੱਖ ਸੂਬਿਆਂ ਦੇ ਅਲੋਕਾਰ ਸ਼ਬਦ ਸੁਣ ਕੇ ਭੰਬਲਭੂਸੇ ਵਿਚ ਪੈ ਜਾਂਦੇ ਹਨ। ਉਹ ਆਪਣੇ ਰਾਜ ਤੋਂ ਸਿਵਾ ਦੇਸ਼ ਦੇ ਹੋਰ ਭਾਗਾਂ ਵਿਚ ਵਰਤੇ ਜਾਂਦੇ ਕਈ, ਖਾਸ ਤੌਰ ‘ਤੇ ਅਸ਼ਿਸ਼ਟ ਸ਼ਬਦ ਸਮਝ ਨਹੀਂ ਸਕਦੇ। ਇਹ ਸ਼ਬਦ-ਸੰਗ੍ਰਿਹ ਉਨ੍ਹਾਂ ਨੂੰ ਕਾਫੀ ਸਹੂਲਤ ਦੇ ਰਿਹਾ ਹੈ। ਇਸ ਵਿਚ ਪੁਲਿਸ ਵਾਲਿਆਂ ਲਈ ਵਰਤੇ ਜਾਂਦੇ ਸ਼ਬਦ ‘ਮਾਮਾ’ ਅਤੇ ‘ਪਾਂਡਾ’ ਤੋਂ ਇਲਾਵਾ ‘ਠੁੱਲਾ’ ਸ਼ਬਦ ਦਾ ਇੰਦਰਾਜ ਵੀ ਮੌਜੂਦ ਹੈ। ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਦੱਖਣੀ ਭਾਰਤ ਵਿਚ ਵੀ ਪੁਲਸੀਏ ਲਈ ਮਾਮਾ ਅਪਸ਼ਬਦ ਵਰਤਿਆ ਜਾਂਦਾ ਹੈ। ਇਸ ਲਈ ਮੈਨੂੰ ਕੁਝ ਸ਼ੰਕਾ ਹੈ ਕਿ ਸ਼ਾਇਦ ਇਥੇ ਮਾਮੇ ਤੋਂ ਮਾਂ ਦੇ ਭਰਾ ਨਾਲੋਂ ਕੋਈ ਅਲੱਗ ਭਾਵ ਹੋਵੇ। ਹੋਰ ਖੋਜ ਦੀ ਜ਼ਰੂਰਤ ਹੈ।
ਬਹੁਤ ਦੇਰ ਦਿੱਲੀ ਵਿਚ ਰਹੀ ਮੇਰੀ ਪਤਨੀ ਨੇ ਦੱਸਿਆ ਕਿ ਉਸ ਨੇ ਦਿੱਲੀ ਵਿਚ ਪੁਲਸੀਏ ਲਈ ਨਿਰਾਦਰਸੂਚਕ ਸ਼ਬਦ ‘ਪਾਂਡਾ’ ਦੀ ਵਰਤੋਂ ਸੁਣੀ ਸੀ। ਇਸ ਕੋਸ਼ ਵਿਚ ਪੁਲਸੀਏ ਲਈ ਵਰਤੇ ਜਾਂਦੇ ਇਸ ਸ਼ਬਦ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ। ਇਸ ਅਨੁਸਾਰ ਇਹ ਸ਼ਬਦ ਭਾਰਤ ਦੇ ਉਤਰੀ ਤੇ ਪੱਛਮੀ ਭਾਗਾਂ ਵਿਚ ਬੋਲਿਆ ਜਾਂਦਾ ਹੈ ਜਦਕਿ ਪੂਰਬੀ ਅਤੇ ਦੱਖਣੀ ਭਾਗਾਂ ਵਿਚ ਬਹੁਤਾ ਨਹੀਂ ਸੁਣਿਆ ਜਾਂਦਾ। ਹੋਰ ਸ੍ਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸ਼ਬਦ ਮੁਖ ਤੌਰ ‘ਤੇ ਮਹਾਰਾਸ਼ਟਰ ਵਿਚ ਵਰਤਿਆ ਜਾਂਦਾ ਹੈ। ਪਾਂਡਾ ਸ਼ਬਦ ਪੂਰੇ ਸ਼ਬਦ ਪਾਂਡੂਰੰਗਾ ਦਾ ਕੱਟਿਆ ਰੂਪ ਹੈ। ਮਹਾਰਾਸ਼ਟਰ ਵਿਚ ਕਿਸੇ ਵੇਲੇ ਇਹ ਬਹੁ-ਪ੍ਰਚਲਿਤ ਵਿਅਕਤੀ-ਨਾਂ ਹੁੰਦਾ ਸੀ। ਮੁਖ ਤੌਰ ‘ਤੇ ਇਹ ਵਿਠਲ (ਵਿਸ਼ਨੂੰ ਦੇ ਇਕ ਅਵਤਾਰ) ਦੀ ਉਪਾਧੀ ਹੈ ਜਿਸ ਦੀ ਦੱਖਣੀ ਭਾਰਤ, ਖਾਸ ਤੌਰ ‘ਤੇ ਮਹਾਰਾਸ਼ਟਰ ਵਿਚ ਬਹੁਤ ਮਾਨਤਾ ਹੈ। ਮਹਾਰਾਸ਼ਟਰ ਦੇ ਭਗਤ ਨਾਮਦੇਵ ਨੇ ḔਬੀਠਲḔ ਦੇ ਹੇਜੇ ਨਾਲ ਇਹ ਸ਼ਬਦ ਕਈ ਵਾਰ ਵਰਤਿਆ ਹੈ, “ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ॥”
ਸੱਤਰਵਿਆਂ ਵਿਚ ਇਕ ਮਰਾਠੀ ਫਿਲਮ ਬਣੀ ਸੀ ਜਿਸ ਦਾ ਨਾਂ ਸੀ “ਪਾਂਡੂ ਹਵਾਲਦਾਰ”। ਸਪਸ਼ਟ ਹੈ ਕਿ ਇਸ ਵਿਚ ਹਵਾਲਦਾਰ ਦਾ ਰੋਲ ਕਰ ਰਹੇ ਪਾਤਰ ਦਾ ਨਾਂ ਪਾਂਡੂ ਸੀ। ਇਸ ਕਾਮੇਡੀ ਫਿਲਮ ਵਿਚ ਪਾਂਡੂ ਹਵਾਲਦਾਰ ਨੂੰ ਇਕ ਬੂਝੜ ਜਿਹੇ ਹਸਾਉਣੇ ਪਾਤਰ ਵਜੋਂ ਪੇਸ਼ ਕੀਤਾ ਗਿਆ ਹੈ। ਕਹਿੰਦੇ ਹਨ ਕਿ ਇਹ ਫਿਲਮ ਬਹੁਤ ਚੱਲੀ ਤੇ ਇਸ ਦੀ ਸਫਲਤਾ ਪਿਛੋਂ ਪੁਲਸੀਆਂ ਦੀ ਛੇੜ ਪਾਂਡਾ ਪੈ ਗਈ। ਆਪਣੇ ਆਪ ਨੂੰ ਲਾਠੀ, ਬੰਦੂਕ ਦਾ ਧਨੀ ਤੇ ਦੂਜਿਆਂ ‘ਤੇ ਰੁਹਬ ਪਾਉਣ ਦਾ ਹੱਕਦਾਰ ਸਮਝਦਾ ਕੋਈ ਪੁਲਸੀਆ ਮਖੌਲ ਦਾ ਪਾਤਰ ਬਣਨਾ ਕਿਵੇਂ ਬਰਦਾਸ਼ਤ ਕਰੇਗਾ? ਖਬਰਾਂ ਅਨੁਸਾਰ ਕਈ ਪੁਲਸੀਆਂ ਨੇ ਕਈ ਮੁੰਡਿਆਂ ਦੀ ਇਸ ਕਾਰਨ ਖੂਬ ਕੁੱਟ-ਮਾਰ ਕੀਤੀ ਕਿ ਉਨ੍ਹਾਂ ਪੁਲਿਸ ਨੂੰ ਪਾਂਡਾ ਕਹਿੰਦੇ ਸੁਣ ਲਿਆ ਸੀ।
ਦਿੱਲੀ ਵਿਚ ਪੁਲਸੀਆਂ ਨੂੰ ਠੁੱਲਾ ਕਹਿਣ ਸਮੇਂ ਵੀ ਅਜਿਹੀ ਪ੍ਰਤਿਕ੍ਰਿਆ ਦੇਖਣ ਨੂੰ ਮਿਲੀ। ਕੋਸ਼ ਅਨੁਸਾਰ ਪੁਲਸੀਏ ਲਈ ਠੁੱਲਾ ਸ਼ਬਦ ਵਧੇਰੇ ਕਰਕੇ ਭਾਰਤ ਦੇ ਪੂਰਬੀ ਰਾਜਾਂ ਵਿਚ ਸੁਣਨ ਨੂੰ ਮਿਲਦਾ ਹੈ। ਪੂਰਬੀ ਭਾਗ ਵਿਚ ਸਣ ਦੇ ਬਣੇ ਥੈਲੇ ਜਾਂ ਬੋਰੇ ਨੂੰ ਠੁੱਲਾ ਕਿਹਾ ਜਾਂਦਾ ਹੈ। ਕਾਰਨ ਇਹ ਹੈ, ਜਿਵੇਂ ਅੱਗੇ ਦੱਸਿਆ ਜਾਵੇਗਾ ਕਿ ਠੁੱਲਾ ਸ਼ਬਦ ਕਿਸੇ ਖੁਰਦਰੀ, ਬੇਡੌਲ, ਮੋਟੀ-ਸੋਟੀ ਵਸਤ ਦਾ ਅਰਥਾਵਾਂ ਹੈ। ਸਣ ਜਾਂ ਪਟਸਨ ਇਹੋ ਜਿਹੀ ਜਿਣਸ ਹੀ ਹੁੰਦੀ ਹੈ। ਕਈ ਰਾਜਾਂ ਵਿਚ ਪੁਲਿਸ ਦੀ ਵਰਦੀ ਇਸ ਬੋਰੀ ਨਾਲ ਮਿਲਦੀ-ਜੁਲਦੀ ਖਾਕੀ ਰੰਗ ਦੀ ਹੈ। ਇਸ ਤਰ੍ਹਾਂ Ḕਖਾਂਦੇ ਪੀਂਦੇḔ, ਗੋਗੜ ਵਾਲੇ, ਜਿੱਲ੍ਹੇ ਤੇ ਢਿੱਲੇ ਪੁਲਸੀਏ ਨੇ ਜਦ ਖਾਕੀ ਵਰਦੀ ਫਸਾਈ ਹੁੰਦੀ ਹੈ ਤਾਂ ਉਹ ਜਿਣਸ ਨਾਲ ਭਰੀ ਹੋਈ ਬੋਰੀ ਯਾਨਿ ਠੁੱਲ੍ਹੇ ਦੀ ਸਾਕਾਰ ਮੂਰਤੀ ਜਾਪਦਾ ਹੈ। ਇਸ ਲਈ ਇਹ ਸ਼ਬਦ ਪੁਲਸੀਏ ਨੂੰ ਚਿੜ੍ਹਾਉਣ ਲਈ ਵਰਤਿਆ ਜਾਣ ਲੱਗਾ।
ਅਸੀਂ ਪੰਜਾਬੀ ਠੁੱਲ੍ਹਾ ਸ਼ਬਦ ਨੂੰ ਮੋਟਾ, ਗੋਭਲਾ ਦੇ ਅਰਥਾਂ ਵਿਚ ਖੂਬ ਜਾਣਦੇ ਹਾਂ, ਖਾਸ ਤੌਰ ‘ਤੇ ਮੋਟਾ-ਠੁੱਲ੍ਹਾ ਸ਼ਬਦ ਜੁੱਟ ਵਿਚ। ਇਸ ਜੁੱਟ ਤੋਂ ਪਤਾ ਲਗਦਾ ਹੈ ਕਿ ਕਿਸੇ ਵੇਲੇ ਠੁੱਲ੍ਹਾ ਸ਼ਬਦ ਸੁਤੰਤਰ ਤੌਰ ‘ਤੇ ਮੋਟਾ ਦੇ ਅਰਥਾਂ ਵਿਚ ਵਰਤਿਆ ਜਾਂਦਾ ਰਿਹਾ ਹੋਵੇਗਾ। ਇਸ ਸ਼ਬਦ ਦਾ ਪੂਰਵਵਰਤੀ ਰੂਪ ਹੈ ‘ਸਥੂਲ’ ਜੋ ਸੰਸਕ੍ਰਿਤ ਤੋਂ ਆਇਆ ਹੈ ਪਰ ਪੰਜਾਬੀ ਵਿਚ ਵੀ ਵਰਤਿਆ ਜਾਂਦਾ ਹੈ। ਇਸ ਦਾ ਮੁੱਖ ਅਰਥ ਹੈ, ਠੋਸ। ਇਸ ਦੇ ਅਜਿਹੇ ਅਰਥ ਤੋਂ ਹੋਰ ਕਈ ਅਰਥਾਂ ਦਾ ਵਿਕਾਸ ਹੁੰਦਾ ਹੈ ਜਿਵੇਂ ਮੋਟਾ, ਭਾਰਾ; ਸਪਸ਼ਟ, ਪ੍ਰਤੱਖ; ਭਾਵਵਾਚਕ ਤੌਰ ‘ਤੇ ਸੂਖਮ ਦਾ ਉਲਟ; ਵੱਡਾ, ਉਚਾ-ਲੰਮਾ, ਲੰਮਾ-ਚੌੜਾ; ਪੁਸ਼ਟ, ਮਜ਼ਬੂਤ, ਮੋਕਲਾ; ਬੇਡੌਲ ਆਦਿ। ਸੰਸਕ੍ਰਿਤ ਵਿਚ ਇਸ ਦੇ ਹੋਰ ਕਈ ਅਰਥ ਹਨ। ਮਿਸਾਲ ਵਜੋਂ: ਜੜ, ਮੂਰਖ, ਸਾਧਾਰਨ, ਆਲਸੀ, ਸੁਸਤ, ਅਵਾਸਤਵਿਕ, ਵਿਸ਼ਨੂੰ, ਸਮੂਹ, ਢੇਰ, ਕਠਲ, ਕਦੰਬ, ਸ਼ਿਵ, ਗੰਨਾ, ਤੰਬੂ। ਸਭ ਵਿਚ ਠੋਸਪਣ, ਵਡੱਪਣ, ਬੇਡੌਲਤਾ ਦੇ ਭਾਵ ਦੇਖੇ ਜਾ ਸਕਦੇ ਹਨ। ਸਥੂਲ ਸ਼ਬਦ ਵਿਚੋਂ ‘ਸ’ ਧੁਨੀ ਅਲੋਪ ਹੋ ਜਾਣ ਨਾਲ ‘ਥੁੱਲ’ ਸ਼ਬਦ ਬਣਿਆ। ਕਿਸੇ ਮੋਟੇ ਢਿਲਕਦੇ ਮਾਸ ਵਾਲੇ ਬੰਦੇ ਬਾਰੇ ਅਸੀਂ ਅਕਸਰ ਹੀ ਕਹਿ ਦਿੰਦੇ ਹਾਂ ਕਿ “ਉਹ ਤਾਂ ਥੁਲ ਥੁਲ ਕਰਦਾ ਹੈ”। ਪੰਜਾਬੀ ਵਿਚ ਇਕ ‘ਠੁਲ਼ਾ’ ਸ਼ਬਦ ਹੈ ਜੋ Ḕਪਿੰਡ ਦੀ ਕਿਸੇ ਪੱਤੀ ਦੇ ਪੁਰਖੇ ਦੀ ਔਲਾਦ ਵਿਚੋਂ ਕਿਸੇ ਇਕ ਬਜ਼ੁਰਗ ਦੇ ਨਾਂ ‘ਤੇ ਜਾਣਿਆ ਜਾਂਦਾ ਕੁਝ ਘਰਾਂ ਦਾ ਸਮੂਹ ਹੈḔ। ਸਥੂਲ ਸ਼ਬਦ ਦੇ ਵੱਡੇ, ਲੰਬੇ ਚੌੜੇ ਦੇ ਭਾਵ Ḕਘਰਾਂ ਦੇ ਸਮੂਹḔ ਵਜੋਂ ਪ੍ਰਤੱਖ ਹੁੰਦੇ ਹਨ। ਅਸੀਂ ਉਪਰ ਦੇਖ ਚੁੱਕੇ ਹਾਂ ਸੰਸਕ੍ਰਿਤ ਵਿਚ ਇਸ ਸ਼ਬਦ ਦੀ ਇਕ ਅਰਥ-ਛਾਇਆ ‘ਸਮੂਹ’ ਹੈ।
ਨੇਪਾਲੀ ਭਾਸ਼ਾ ਵਿਚ ਇਸ ਦਾ ਸੁਜਾਤੀ ਸ਼ਬਦ ਹੈ, ਠੁਲੋ। ਇਕ ਨੇਪਾਲੀ ਕੋਸ਼ ਵਿਚ ਇਸ ਦਾ ਇਕ ਅਰਥ ਦਿੱਤਾ ਗਿਆ ਹੈ, ਵੱਡਾ, ਲੰਬਾ ਚੌੜਾ, ਤੇ ਨਾਲ ਵਰਤੋਂ ਦੀ ਢੁਕਵੀਂ ਉਦਾਹਰਣ ਦਿੱਤੀ ਗਈ ਹੈ, “ਬੀਸ ਜਾਨੂਕੋ ਠੁਲੋ ਘਰ” ਅਰਥਾਤ ਵੀਹ ਜਣਿਆਂ ਦਾ ਵੱਡਾ ਘਰ। ਇਥੋਂ ਪੰਜਾਬੀ ਠੁੱਲ੍ਹਾ ਦੇ ਅਰਥ ਹੋਰ ਸਪਸ਼ਟ ਹੁੰਦੇ ਹਨ।