ਸਿੱਖ ਕੌਮ ਦਾ ਅਲਬੇਲਾ ਚਿੰਤਕ ਡਾæ ਗੁਰਭਗਤ ਸਿੰਘ

ਡਾæ ਗੁਰਭਗਤ ਸਿੰਘ ਸਿੱਖ ਦਾਨਸ਼ਵਰਾਂ ਵਿਚ ਆਪਣੇ ਵਰਗਾ ਆਪ ਹੀ ਸੀ। ਉਹ ਆਧੁਨਿਕ ਪੰਜਾਬੀ ਅਕਾਦਮਿਕਤਾ ਦਾ ਬੇਤਾਜ ਬਾਦਸ਼ਾਹ ਸੀ। ਪਟਿਆਲਾ ਦੇ ‘ਭੂਤਵਾੜੇ’ ਦਾ ਵੀ ਉਹ ਇਕ ਨਾਇਕ ਸੀ। ਉਨ੍ਹਾਂ ਦੀ ਬਰਸੀ ਕੁਝ ਹੀ ਸਮਾਂ ਪਹਿਲਾਂ ਸੀ। ਇਸ ਲੇਖ ਵਿਚ ਡਾæ ਬਲਕਾਰ ਸਿੰਘ ਹੋਰਾਂ ਉਨ੍ਹਾਂ ਦੀ ਸ਼ਖਸੀਅਤ ਦੇ ਕੁਝ ਪੱਖ ਉਭਾਰੇ ਹਨ।

-ਸੰਪਾਦਕ

ਡਾæ ਬਲਕਾਰ ਸਿੰਘ
ਡਾæ ਗੁਰਭਗਤ ਸਿੰਘ ਨੂੰ ਮੈਂ ਉਸ ਵੇਲੇ ਤੋਂ ਜਾਣਦਾ ਸਾਂ, ਜਦੋਂ ਅਜੇ ਉਸ ਨੂੰ ਦਾੜ੍ਹੀ ਉਤਰਨੀ ਸ਼ੁਰੂ ਹੋਈ ਸੀ। ਉਹ ਮੇਰੇ ਨਾਲੋਂ ਹਰ ਪੱਖੋਂ ਸੀਨੀਅਰ ਸੀ ਅਤੇ ਸੀਨੀਅਰ ਹੀ ਰਿਹਾ ਸੀ। ਜਦੋਂ ਮੈਂ ਮਹਿੰਦਰਾ ਕਾਲਜ ਪਟਿਆਲਾ ਵਿਚ ਐਮæਏæ ਕਰਨ ਲੱਗਾ, ਉਸ ਵੇਲੇ ਉਹ ਖਾਲਸਾ ਕਾਲਜ, ਪਟਿਆਲਾ ਵਿਚ ਪੜ੍ਹਾਉਣ ਲੱਗ ਪਿਆ ਸੀ।
ਵਿਦਿਆਰਥੀ-ਲੀਡਰਸ਼ਿਪ ਵਿਚ ਗੁਰਭਗਤ ਦੀ ਕੋਈ ਰੁਚੀ ਨਹੀਂ ਸੀ, ਪਰ ਵਿਦਿਆਰਥੀ-ਲੀਡਰ ਉਸ ਦੀ ਇਜ਼ਤ ਕਰਦੇ ਸਨ। ਅਜਿਹੇ ਮਾਹੌਲ ਵਿਚ ਪਹਿਲੀ ਨਜ਼ਰੇ ਹੀ ਲੱਗਣ ਲੱਗ ਪੈਂਦਾ ਸੀ ਕਿ ਗੁਰਭਗਤ, ਪੁਸਤਕ-ਸਭਿਆਚਾਰ ਦਾ ਬੰਦਾ ਹੈ। ਆਪਣੇ ਇਸ ਸੁਭਾ ਕਰਕੇ ਉਹ ਵਿਦਿਆਰਥੀ-ਭੀੜ ਦਾ ਹਿੱਸਾ ਨਹੀਂ ਸੀ ਹੋ ਸਕਿਆ। ਨਵਾਂ ਸਿੱਖਣ ਦਾ ਚਾਅ ਉਸ ਨੇ ਆਖਰੀ ਦਮ ਤੱਕ ਨਹੀਂ ਮਰਨ ਦਿਤਾ। ਉਸ ਦੇ ਮਿਹਨਤੀ ਸੁਭਾ ਦਾ ਹੀ ਸਿੱਟਾ ਸੀ ਕਿ ਉਸ ਨੇ ਨੌਕਰੀ ਦੇ ਨਾਲ ਨਾਲ ਹੀ ਅੰਗਰੇਜ਼ੀ ਦੀ ਐਮæਏæ ਕਰਨੀ ਸ਼ੁਰੂ ਕਰ ਦਿੱਤੀ। ਉਹ ਵਿਦਿਆਰਥੀ ਵੀ ਸੀ ਅਤੇ ਪ੍ਰੋਫੈਸਰ ਵੀ ਕਿਉਂਕਿ ਉਹ ਦਿਨ ਵੇਲੇ ਐਮæਏæ ਅੰਗਰੇਜ਼ੀ ਦੀਆਂ ਕਲਾਸਾਂ ਲਾਉਂਦਾ ਅਤੇ ਸ਼ਾਮ ਦੀਆਂ ਕਲਾਸਾਂ ਨੂੰ ਖਾਲਸਾ ਕਾਲਜ ਪਟਿਆਲਾ ਵਿਖੇ ਪੜ੍ਹਾਉਂਦਾ। ਇਸ ਤਰ੍ਹਾਂ ਉਹ ਵਿਦਿਆਰਥੀਆਂ ਦੇ ਝੁੰਡ ਵਿਚ ਇਕੱਲਾ ਹੀ ਪ੍ਰੋਫੈਸਰ ਸੀ ਅਤੇ ਇਸ ਵਿਲੱਖਣਤਾ ਦਾ ਉਸ ਦੇ ਮਿਲਣ ਵਾਲਿਆਂ ‘ਤੇ ਚੰਗਾ ਪ੍ਰਭਾਵ ਸੀ।
ਗੁਰਭਗਤ ਦਾ ਇਹ ਪੱਖ ਸਮਝਣਾ ਕਾਫੀ ਮੁਸ਼ਕਲ ਸੀ ਕਿ ਉਹ ਸਿਫਤ ਜਾਂ ਨਿੰਦਿਆ ਵਾਲੇ ਮਾਹੌਲ ਤੋਂ ਮੁਕਤ ਹੋ ਕੇ ਕਿਵੇਂ ਵਿਚਰ ਲੈਂਦਾ ਹੈ? ਪਰ ਉਸ ਦੀ ਇਸ ਵੱਖਰੀ ਪਛਾਣ ਨੂੰ ਕਦੇ ਕਿਸੇ ਨੇ ਬਹੁਤਾ ਗੌਲਿਆ ਨਹੀਂ ਸੀ। ਜਿਥੇ ਉਹ ਰਹਿੰਦਾ ਸੀ, ਉਥੇ ਹੌਲੀ ਹੌਲੀ ਸਾਰਿਆਂ ਨੇ ਹੀ ਰਹਿਣਾ ਕਦੋਂ ਸ਼ੁਰੂ ਕਰ ਦਿਤਾ, ਉਸ ਦਾ ਉਨ੍ਹਾਂ ਨੂੰ ਵੀ ਪਤਾ ਨਹੀਂ ਲਗਿਆ, ਜਿਹੜੇ ਗੁਰਭਗਤ ਨਾਲੋਂ ਵੀ ਵਧ ਉਥੇ ਰਹਿ ਰਹੇ ਸਨ। ਇਹ 1964 ਦੀ ਗੱਲ ਹੈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸ਼ੁਰੂਆਤ ਵੀ ਇਸੇ ਸਾਲ ਹੀ ਹੋ ਰਹੀ ਸੀ। ਗੁਰਭਗਤ ਦੀ ਸਧਾਰਨ ਜਿਹੇ ਕੋਠਿਆਂ ਦੀ ਉਹੋ ਰਿਹਾਇਸ਼ਗਾਹ ਪਿਛੋਂ ਪੰਜਾਬ ਦੇ ਪੜ੍ਹੇ ਹਲਕਿਆਂ ਵਿਚ ‘ਭੂਤਵਾੜਾ ਅਕੈਡਮੀ’ ਦੇ ਨਾਂ ਨਾਲ ਚਰਚਿਤ ਹੋਈ ਅਤੇ ਪ੍ਰੋæ ਹਰਿੰਦਰ ਸਿੰਘ ਮਹਿਬੂਬ, ਨਵਤੇਜ ਭਾਰਤੀ, ਹਰਦਿਲਜੀਤ ਲਾਲੀ, ਕੁਲਵੰਤ ਸਿੰਘ ਗਰੇਵਾਲ ਅਤੇ ਡਾæ ਸਤਿੰਦਰ ਸਿੰਘ ਨੂਰ ਵਰਗੇ ਲੋਕਾਂ ਨੇ ਉਸ ਨੂੰ ਆਪਣਾ ਬਸੇਰਾ ਬਣਾਇਆ।
ਦੋ ਕੁ ਵਰ੍ਹਿਆਂ ਬਾਅਦ ਉਹ ਸਕਾਲਰਸ਼ਿਪ ‘ਤੇ ਅਮਰੀਕਾ ਦੀ ਕਿਸੇ ਯੂਨੀਵਰਸਿਟੀ ਵਿਚ ਡਾਕਟਰੇਟ ਕਰਨ ਚਲਿਆ ਗਿਆ ਅਤੇ ਉਸ ਦੇ ਨਾਲ ਹੀ ‘ਭੂਤਵਾੜਾ ਅਕੈਡਮੀ’ ਦਾ ਭੋਗ ਪੈ ਗਿਆ। ਉਹ ਵਾਪਸ ਪਰਤਿਆ ਤਾਂ 80ਵਿਆਂ ਦੇ ਅਖੀਰਲੇ ਵਰ੍ਹਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾæ ਅਮਰੀਕ ਸਿੰਘ ਨੇ ਉਸ ਨੂੰ ਬੜੇ ਤਪਾਕ ਨਾਲ ਅੰਗਰੇਜ਼ੀ ਵਿਭਾਗ ਨਾਲ ਜੋੜ ਲਿਆ। ਬਾਅਦ ਦੇ ਵਰ੍ਹਿਆਂ ਵਿਚ ਯੂਨੀਵਰਸਿਟੀ ਲਾਇਬ੍ਰੇਰੀ ਹੀ ਉਸ ਦਾ ਤਪੋ ਬਨ ਸੀ। ਸੈਮੀਨਾਰਾਂ ਦੀ ਉਹ ਸ਼ਾਨ ਸੀ।
ਦਿੱਲੀ ਵਿਖੇ ਇਕ ਸੈਮੀਨਾਰ ਦੇ ਸਬੰਧ ਵਿਚ ਮੈਨੂੰ ਉਸ ਨਾਲ ਇਕ ਰਾਤ ਇਕ ਕਮਰੇ ਵਿਚ ਕੱਟਣੀ ਪਈ ਅਤੇ ਉਸ ਰਾਤ ਆਪਸੀ ਗੱਲਬਾਤ ਦੌਰਾਨ ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਗੁਰਬਾਣੀ ਅਤੇ ਸਿੱਖੀ ਵਿਚ ਉਸ ਨੂੰ ਕਿੰਨੀ ਡੂੰਘੀ ਦਿਲਚਸਪੀ ਹੈ। ਉਸ ਦੀ ਦਿੱਖ ਅਤੇ ਸਮਝ ਵਿਚ ਬਹੁਤ ਫਰਕ ਸੀ। ਇਸੇ ਕਰਕੇ ਪਹਿਲੀ ਨਜ਼ਰੇ ਮਾਨਤਾ, ਉਸ ਨੂੰ ਬਹੁਤ ਘੱਟ ਨਸੀਬ ਹੋਈ ਸੀ। ਉਸ ਨੇ ਇਕ ਨੈਸ਼ਨਲ ਸੈਮੀਨਾਰ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਨੀ ਸੀ, ਪਰ ਕਿਸੇ ਕਾਰਨ ਲੇਟ ਹੋ ਗਿਆ। ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਇਸ ਸੈਮੀਨਾਰ ਵਿਚ ਪੰਜਾਬ ਦਾ ਗਵਰਨਰ ਅਤੇ ਕੇਂਦਰੀ ਮੰਤਰੀ ਸ਼ਾਮਲ ਸਨ। ਸੈਮੀਨਾਰ ਵਿਚ ਪਹੁੰਚਣ ਤੱਕ ਉਸ ਦਾ ਗਰਮੀ ਨੇ ਬੁਰਾ ਹਾਲ ਕਰ ਦਿੱਤਾ ਸੀ ਅਤੇ ਸੈਮੀਨਾਰ ਸ਼ੁਰੂ ਵੀ ਹੋ ਚੁੱਕਾ ਸੀ। ਜਿਹੜੇ ਉਸ ਨੂੰ ਨਹੀਂ ਜਾਣਦੇ ਸਨ, ਉਨ੍ਹਾਂ ਵਿਚੋਂ ਕੋਈ ਵੀ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਇਹ ਉਹੀ ਡਾæ ਗੁਰਭਗਤ ਸਿੰਘ ਹੈ, ਜਿਸ ਨੇ ਕੁੰਜੀਵਤ ਭਾਸ਼ਣ ਦੇਣਾ ਹੈ। ਪ੍ਰਬੰਧਕਾਂ ਵਿਚੋਂ ਕਿਸੇ ਨੇ ਪਛਾਣ ਲਿਆ ਅਤੇ ਸਟੇਜ ‘ਤੇ ਉਸ ਲਈ ਰਾਖਵੀਂ ਕੁਰਸੀ ‘ਤੇ ਬੈਠਾਇਆ।
ਵਾਰੀ ਆਉਣ ‘ਤੇ ਡਾਕਟਰ ਸਾਹਿਬ ਨੇ ਦੇਰ ਨਾਲ ਆਉਣ ਦੀ ਮਾਫੀ ਮੰਗੀ ਅਤੇ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਸੰਖੇਪ ਵਿਚ ਗੱਲ ਕਹਿਣ ਦਾ ਯਕੀਨ ਦੁਆਇਆ। ਚੇਅਰਮੈਨ ਨੇ ਸ਼ਾਇਦ ਇਸ ਨੂੰ ਬਹਾਨਾ ਸਮਝ ਲਿਆ ਅਤੇ ਖੁਲ੍ਹ ਕੇ ਗੱਲ ਕਹਿਣ ਲਈ ਕਹਿ ਦਿੱਤਾ। ਗੁਰਭਗਤ ਅੰਦਰਲਾ ਵਿਦਵਾਨ ਇਉਂ ਉਧੜਿਆ ਕਿ ਉਸ ਨੇ ਸੈਮੀਨਾਰ ਹੀ ਲੁੱਟ ਲਿਆ। ਵਿਦਵਾਨਾਂ ਦੀਆਂ ਕੌਮੀ ਅਤੇ ਕੌਮਾਂਤਰੀ ਸਭਾਵਾਂ ਵਿਚ ਇਹੋ ਜਿਹੇ ਕਰਿਸ਼ਮੇ ਉਹ ਸਾਰੀ ਉਮਰ ਕਰਦਾ ਰਿਹਾ। ਅਜਿਹਾ ਫਖਰ, ਉਸ ਦੇ ਸਮਕਾਲੀ ਵਿਦਵਾਨਾਂ ਵਿਚੋਂ ਸ਼ਾਇਦ ਹੀ ਕਿਸੇ ਨੂੰ ਮਿਲਿਆ ਹੋਵੇ? ਉਸ ਦੀਆਂ ਪ੍ਰਾਪਤੀਆਂ ਨੇ ਉਸ ਦੀ ਗਿਆਨ-ਪਿਆਸ ਨੂੰ ਕਦੇ ਨਹੀਂ ਰੋਕਿਆ ਅਤੇ ਨਾ ਹੀ ਉਸ ਨੇ ਕਦੇ ਤਵਾਜ਼ਨ ਵਿਗੜਨ ਦਿੱਤਾ। ਪੁਸਤਕ ਹੀ ਉਸ ਦਾ ਪਹਿਲਾ ਤੇ ਆਖਰੀ ਇਸ਼ਕ ਸੀ ਅਤੇ ਅਖੀਰਲੇ ਦਿਨਾਂ ਤੱਕ ਯੂਨੀਵਰਸਿਟੀ ਲਾਇਬਰੇਰੀ ਵਿਚ ਉਹ ਲਗਾਤਾਰ ਆਉਂਦਾ ਰਿਹਾ। ਇਸੇ ਕਰਕੇ ਉਸ ਦੇ ਦੁਨਿਆਵੀ-ਇਸ਼ਕ ਦਾ ਕਦੇ ਚਰਚਾ ਨਹੀਂ ਚਲਿਆ।
ਜਾਣਕਾਰ ਹਲਕਿਆਂ ਵਿਚ ਉਹ ਲੰਗੋਟ ਦੇ ਪੱਕੇ ਵਿਦਵਾਨ ਵਜੋਂ ਸਦਾ ਜਾਣਿਆ ਜਾਂਦਾ ਰਿਹਾ। ਉਸ ਨੂੰ ਇਸ਼ਕ-ਹਕੀਕੀ ਵਿਚ ਵੀ ਕੋਈ ਦਿਲਚਸਪੀ ਨਹੀਂ ਸੀ। ਜੇ ਉਸ ਦੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਕੋਈ ਨਾਮ ਦੇਣਾ ਹੋਵੇ ਤਾਂ ਉਸ ਨੂੰ ਮੈਂ ਮਲੰਗ-ਅਕਾਦਮੀਸ਼ਨ ਕਹਾਂਗਾ।
ਡਾæ ਗੁਰਭਗਤ ਸਿੰਘ ਨੇ ਕਦੇ ਕਿਸੇ ਸਮਕਾਲੀ ਵਿਦਵਾਨ ਦੀ ਸਰਦਾਰੀ ਨਹੀਂ ਸੀ ਮੰਨੀ। ਇਸੇ ਕਰਕੇ ਉਹ ਆਪਣੇ ਉਨ੍ਹਾਂ ਅਧਿਆਪਕਾਂ ਦੀ ਆਲੋਚਨਾ ਵੀ ਨਿਸ਼ੰਗ ਹੋ ਕੇ ਕਰਦਾ ਰਿਹਾ, ਜਿਨ੍ਹਾਂ ਤੋਂ ਉਹ ਪੜ੍ਹਿਆ ਸੀ। ਆਪਣੀ ਕਿਸੇ ਆਲੋਚਨਾ ਨੂੰ ਉਸ ਨੇ ਕਦੇ ਮੁਹਿੰਮ ਨਹੀਂ ਸੀ ਬਣਾਇਆ। ਉਹ ਕਦੇ ਕਿਸੇ ਅਕਾਦਮਿਕ-ਧੜੇ ਵਿਚ ਸ਼ਾਮਲ ਨਹੀਂ ਸੀ ਹੋਇਆ। ਉਹ ਕਿਸੇ ਨੂੰ ਪੱਕੇ ਤੌਰ ‘ਤੇ ਨਾਲ ਸਮਝੇ ਜਾਣ ਦਾ ਮੌਕਾ ਹੀ ਨਹੀਂ ਸੀ ਦਿੰਦਾ। ਉਸ ਨੂੰ ਨਾਬਰੀ ਦੀ ਸੁਰ ਚੰਗੀ ਲਗਦੀ ਸੀ ਕਿਉਂਕਿ ਉਹ ਬਦਲਾਵ ਲਈ ਸੰਘਰਸ਼ ਦਾ ਮੁੱਦਈ ਸੀ। ਉਸ ਦੀ ਇਸ ਪਹੁੰਚ ਨੂੰ ਪਹਿਲਾਂ ਨਕਸਲੀ ਚੰਗਾ ਸਮਝਦੇ ਸਨ ਅਤੇ ਪਿੱਛੋਂ ਖਾਲਿਸਤਾਨੀ ਚੰਗਾ ਸਮਝਦੇ ਰਹੇ। ਪਰ ਉਹ ਇਹੋ ਜਿਹੀ ਕਿਸੇ ਵੀ ਠੱਪਾਬੰਦੀ ਤੋਂ ਮੁਕਤ ਸੀ। ਉਹ ਮੂਲ ਰੂਪ ਵਿਚ ਬਹੁਲਵਾਦੀ ਸੁਭਾ ਦਾ ਮਾਲਕ ਸੀ ਅਤੇ ਦੂਜੇ ਦੇ ਦੂਜੇਪਨ ਦੀ ਕਦਰ ਕਰਦਾ ਸੀ।
ਆਪਣੀਆਂ ਬੌਧਿਕ ਧਾਰਨਾਵਾਂ ਵਿਚ ਲੱਕੜ ਹੋਣ ਦੇ ਬਾਵਜੂਦ, ਉਹ ਲਚਕਦਾਰ ਹੋਣ ਦੀ ਕੋਸ਼ਿਸ਼ ਕਰਦਾ। ਦੁਨੀਆਂ ਭਰ ਦੀਆਂ ਨਾਬਰੀ-ਲਹਿਰਾਂ ਦਾ ਵਾਕਫ ਗੁਰਭਗਤ ਸਿੰਘ, ਹੌਲੀ ਹੌਲੀ ਸਿੱਖੀ ਵਲ ਪਰਤਣ ਲਗ ਪਿਆ। ਇਸ ਘਰ-ਵਾਪਸੀ ਦਾ ਅਰੰਭ ਖਾੜਕੂ ਸਿੱਖ-ਲਹਿਰ ਨਾਲ ਜੁੜਿਆ ਹੋਇਆ ਲਗਦਾ ਹੈ। ਸਾਕਾ ਨੀਲਾ ਤਾਰਾ 1984 ਨੇ ਘਰ ਵਾਪਸੀ ਦੀ ਮਾਨਸਿਕ ਲੋੜ ਨੂੰ ਸਿੱਖ ਭਾਈਚਾਰੇ ਵਿਚ ਪ੍ਰਚੰਡ ਕਰ ਦਿਤਾ ਸੀ। ਹਰ ਸਿੱਖ ਅੰਦਰ ਕੁਝ ਨਵਾਂ ਅੰਗੜਾਈਆਂ ਲੈਣ ਲੱਗ ਪਿਆ ਸੀ। ਇਸ ਨਾਲ ਪੈਦਾ ਹੋ ਗਈਆਂ ਸਿਆਸੀ ਸੰਭਾਵਨਾਵਾਂ ਨੇ ਸਿੱਖਾਂ ਦੇ ਬੋਲਬਾਲਿਆਂ ਦੀ ਸਿਆਸਤ ਸਾਹਮਣੇ ਲੈ ਆਂਦੀ ਸੀ। ਗੁਰਭਗਤ ਇਸ ਬਾਰੇ ਖੁਲ੍ਹ ਕੇ ਲਿਖਦਾ ਰਿਹਾ। ਪੰਜਾਬ ਦੀ ਟਕਸਾਲੀ ਸਿਆਸਤ ਨੇ ਇਸ ਵਰਤਾਰੇ ਨੂੰ ਨਾ ਹੀ ਕਦੇ ਸੰਭਾਲਿਆ ਅਤੇ ਨਾ ਹੀ ਕਦੇ ਉਤਸ਼ਾਹਤ ਕੀਤਾ ਸੀ। ਖਾੜਕੂਆਂ ਨੇ ਅਕਾਲੀਆਂ ਦੀ ਬਾਂ ਬਾਂ ਕਰਵਾ ਕੇ ਉਨ੍ਹਾਂ ਨੂੰ ਚੋਣ ਅਖਾੜੇ ਵਿਚੋਂ ਬਾਹਰ ਕਰ ਦਿੱਤਾ। ਨਤੀਜੇ ਵਜੋਂ ਬੇਅੰਤ ਸਿੰਘ ਨੇ ਮੁੱਖ ਮੰਤਰੀ ਬਣ ਕੇ ਖਾੜਕੂ ਧਿਰਾਂ ਦਾ ਨੁਕਸਾਨ ਕੀਤਾ। ਇਹ ਉਹ ਸਮਾਂ ਸੀ ਜਦੋਂ ਪੰਜਾਬ ਦੀ ਸਿੱਖ ਸਿਆਸਤ, ਖੱਖੜੀ ਖੱਖੜੀ ਹੋਈ ਪਈ ਸੀ। ਅਕਾਲ ਤਖਤ ਦੇ ਜਥੇਦਾਰ ਭਾਈ ਮਨਜੀਤ ਸਿੰਘ ਦੀ ਅਗਵਾਈ ਵਿਚ ਸਿੱਖ ਸਿਆਸਤਦਾਨਾਂ ਨੂੰ ਇਕ ਪਲੈਟਫਾਰਮ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਵਾਸਤੇ ਐਲਾਨਨਾਮਾ ਤਿਆਰ ਕਰਨ ਦੀ ਜਿੰਮੇਵਾਰੀ ਡਾæ ਗੁਰਭਗਤ ਸਿੰਘ ਦੀ ਅਗਵਾਈ ਵਿਚ ਵਿਦਵਾਨਾਂ ਦੀ ਇਕ ਕਮੇਟੀ ਨੂੰ ਸੌਂਪੀ ਗਈ। ਤਿਆਰ ਕੀਤੇ ਗਏ ਐਲਾਨਨਾਮੇ ਨੂੰ ‘ਅੰਮ੍ਰਿਤਸਰ ਐਲਾਨਨਾਮਾ’ ਕਿਹਾ ਗਿਆ। ਉਸ ਵਿਚ ਭਾਰਤ ਦੇ ਵਿਧਾਨ ਵਿਚ ‘ਫੈਡਰਲ ਢਾਂਚੇ’ ਦੀ ਮੰਗ ਸ਼ਾਮਲ ਸੀ। ਇਸ ਇਕ ਲਫਜ਼ ਨੇ ਇਕੱਠੇ ਹੋਏ ਅਕਾਲੀਆਂ ਅੰਦਰ ਨਰਮਦਲੀਆਂ ਅਤੇ ਗਰਮਦਲੀਆਂ ਨੂੰ ਆਹਮੋ-ਸਾਹਮਣੇ ਕਰ ਦਿਤਾ।
ਡਾæ ਗੁਰਭਗਤ ਸਿੰਘ ਕੋਲੋਂ ਜਿਸ ਕਿਸੇ ਨੇ ਵੀ ਇਸ ਲਫਜ਼ ਨੂੰ ਸਿਆਸੀ ਪ੍ਰਸੰਗ ਵਿਚ ਸਮਝਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਇਹ ਕਹਿ ਕੇ ਟਾਲ ਦਿਤਾ ਗਿਆ ਕਿ ਇਸ ਨੂੰ ਆਪੇ ਸਮਝਣ ਦੀ ਕੋਸ਼ਿਸ਼ ਕਰੋ। ਇਸ ਇਕ ਲਫਜ਼ ਕਰਕੇ ‘ਅੰਮ੍ਰਿਤਸਰ ਐਲਾਨਨਾਮਾ’ ਇਤਿਹਾਸ ਹੋ ਚੁੱਕਾ ਹੈ।
ਅਕਾਦਮਿਕਤਾ ਦੇ ਜਿਸ ਦੌਰ ਦਾ ਪ੍ਰਤੀਨਿਧ ਡਾæ ਗੁਰਭਗਤ ਸਿੰਘ ਹੈ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਬਹੁਤ ਜ਼ਰਖੇਜ਼ ਦੌਰ ਸੀ। ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਅਤੇ ਸਿੱਖ ਧਰਮ ਬਾਰੇ ਜੋ ਕੁਝ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨਾਂ ਵਲੋਂ ਲਿਖਿਆ ਤੇ ਛਾਪਿਆ ਗਿਆ, ਉਹ ਅਕਾਦਮਿਕਤਾ ਵਿਚ ਪੁਸਤਕ ਪ੍ਰਕਾਸ਼ਨ ਦੇ ਪ੍ਰਸੰਗ ਵਿਚ ਪੰਜਾਬੀ ਯੂਨੀਵਰਸਿਟੀ ਦੀ ਵਡੀ ਪ੍ਰਾਪਤੀ ਵਜੋਂ ਪ੍ਰਵਾਨ ਹੋ ਚੁੱਕਾ ਹੈ। ਇਸ ਦੌਰ ਵਿਚ ਪੈਦਾ ਹੋਇਆ ਅਕਾਦਮਿਕ-ਸੰਵਾਦ ਵੀ ਬਹੁਤ ਅਹਿਮ ਰਿਹਾ ਹੈ ਅਤੇ ਇਸ ਸੰਵਾਦ ਨੂੰ ਉਸਾਰਨ ਵਿਚ ਡਾæ ਗੁਰਭਗਤ ਸਿੰਘ ਦੀ ਅਹਿਮ ਭੂਮਿਕਾ ਰਹੀ ਸੀ। ਇਸ ਸੰਵਾਦ ਵਿਚ ਰਾਏ ਦੇ ਵਿਰੋਧ ਨੂੰ ਦੁਸ਼ਮਣੀ ਨਹੀਂ ਸਮਝਿਆ ਜਾਂਦਾ ਸੀ ਅਤੇ ਇਕ ਦੂਜੇ ਦੀ ਪੜ੍ਹਤ-ਪ੍ਰਸਤੁਤੀ ਤੋਂ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਉਸ ਨੇ 19 ਦਸੰਬਰ 2000 ਨੂੰ ‘ਉਤਰਆਧੁਨਿਕਤਾ’ ਬਾਰੇ ਆਪਣੇ ਛਪੇ ਹੋਏ 15 ਸਫਿਆਂ ਦੇ ਭਾਸ਼ਣ ਵਿਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ, ‘ਤੀਜੇ ਜਗਤ ਦੀ ਉਤਰਆਧੁਨਿਕਤਾ, ਦੇਸ਼ਕ੍ਰਿਤ ਹੈ।’ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੋ ਅਜਿਹੀਆਂ ਰਚਨਾਵਾਂ ਮੌਜੂਦ ਹਨ, ਜਿਨ੍ਹਾਂ ਵਿਚ ਬਹੁਤੇ ਸਭਿਆਚਾਰਾਂ ਦੇ ਚਿੰਨ੍ਹ-ਵਿਧਾਨ ਵਰਤ ਕੇ ਪ੍ਰਵਚਨ ਉਸਾਰਿਆ ਗਿਆ ਹੈ। ਇਸ ਨਾਲ ਪਰਮ-ਚਿੰਨ੍ਹ ‘ਵਾਹਿਗੁਰੂ’ ਜਾਂ ‘ਅਕਾਲ ਪੁਰਖ’ ਨੂੰ ਵੀ ਸਮਗਰਵਾਦੀ ਨਹੀਂ ਬਣਨ ਦਿਤਾ ਗਿਆ। ਇਹ ਬਹੁ-ਸਭਿਆਚਾਰਕ ਅਤੇ ਬਹੁ-ਕੇਂਦ੍ਰਿਤ ਮਾਡਲ ਪੰਜਾਬੀ ਉਤਰਆਧੁਨਿਕਤਾ ਲਈ ਰੋਸ਼ਨ ਮੁਨਾਰੇ ਹਨ, ਭਾਵੇਂ ਪੰਜਾਬ ਅਜੇ ਪੂੰਜੀਵਾਦੀ ਦੌਰ ਵਿਚੋਂ ਨਹੀਂ ਲੰਘਿਆ। ਪੂੰਜੀਵਾਦੀ ਆਲੋਚਨਾ ਅਤੇ ਸਮਾਜਵਾਦੀ ਅੰਤਰ ਦ੍ਰਿਸ਼ਟੀਆਂ ਨਾਲ ਡਾæ ਗੁਰਭਗਤ ਸਿੰਘ ਖੂਬ ਜੂਝਿਆ ਸੀ। ਕਿਸੇ ਇਕ ਨਾਲ ਧਿਰ ਬਣ ਕੇ ਉਹ ਤੁਰ ਨਹੀਂ ਸਕਿਆ ਸੀ। ਉਸ ਦੇ ਦਿਮਾਗ਼ ਵਿਚ ਹੁੰਦੇ ਨਿਰੰਤਰ ਸੰਘਰਸ਼ ਵਿਚੋਂ ਆਪਣੀ ਵਿਰਾਸਤੀ-ਧੁਰੋਹਰ ਬਾਣੀ ਵਲ ਪਰਤ ਆਇਆ ਸੀ। ਆਪਣੇ ਇਸ ਵਿਰਾਸਤੀ ਚਾਅ ਬਾਰੇ ਉਸ ਨੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਬਹੁਤ ਕੁਝ ਲਿਖਿਆ। ਜਿਨ੍ਹਾਂ ਬਾਰੇ ਲਿਖਿਆ, ਉਨ੍ਹਾਂ ਨੂੰ ਬਹੁਤਾ ਪਤਾ ਨਹੀਂ ਲਗਿਆ ਅਤੇ ਜਿਨ੍ਹਾਂ ਨੂੰ ਪਤਾ ਲਗਿਆ, ਉਨ੍ਹਾਂ ਇਸ ਬਾਰੇ ਸੰਵਾਦ ਰਚਾਉਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ। ਉਸ ਦੀਆਂ ਕੋਸ਼ਿਸ਼ਾਂ ਦਾ ਹਾਸਲ ਉਸ ਦੀ ਪੁਸਤਕ ‘ਵਿਸਮਾਦੀ ਪੂੰਜੀ: ਪੰਜਾਬ ਅਤੇ ਪੰਜਾਬੀ ਦੀ ਮੌਲਿਕਤਾ’ ਨੂੰ ਮੰਨਿਆ ਜਾ ਸਕਦਾ ਹੈ। ਇਸ ਪੁਸਤਕ ਵਿਚ ਇਕ ਲੇਖ ‘ਵਿਸਮਾਦੀ ਪੂੰਜੀ: ਗਲੋਬਲ ਸਮਾਜਾਂ ਲਈ ਬਦਲ’ ਸ਼ਾਮਲ ਹੈ। ਪੁਸਤਕ ਦੇ ਨਾਮ ਅਤੇ ਲੇਖ ਦੇ ਸਿਰਲੇਖ ਤੋਂ ਬਹੁਤ ਕੁਝ ਸਪਸ਼ਟ ਹੋ ਜਾਂਦਾ ਹੈ। ਉਹ ਅਸਲ ਵਿਚ ਪੂੰਜੀਵਾਦ ਅਤੇ ਸਮਾਜਵਾਦ ਦੇ ਅਸਿਹਤਮੰਦ-ਭੇੜ ਵਿਚੋਂ ਪੈਦਾ ਹੋਏ ਸੰਕਟ ਦੀ ਥਾਂ ਸੰਭਵ ਸਿੱਖ-ਬਦਲ ਸਾਹਮਣੇ ਲਿਆਉਣਾ ਚਾਹੁੰਦਾ ਸੀ। ਸਮਾਜਵਾਦੀ ਸਿਧਾਂਤ ਦੇ ਮੋਢੀਆਂ ਦੀਆਂ ਸੀਮਾਵਾਂ ਦੀ ਨਿਸ਼ਾਨਦੇਹੀ ਕਰਦਿਆਂ ਉਸ ਨੇ ਬੇਲਿਹਾਜ਼ ਹੋ ਕੇ ਕਿਹਾ ਸੀ, “ਨਿਰਸ਼ੋਸ਼ਣੀ, ਨਿਰਲੁੱਟ ਪੂੰਜੀ ਦੀ ਜੋ ਜੁਸਤਜੂ ਮਾਰਕਸ ਅਤੇ ਏਂਜਲ ਨੇ ਕੀਤੀ, ਉਸ ਵਿਚ ਉਹ ਸੰਕਲਪ ਦੀ ਪੱਧਰ ਤੱਕ ਤਾਂ ਪਹੁੰਚੇ, ਪਰ ਅਭਿਆਸਾਂ ਵਿਚ ਸੋਸ਼ਲਿਸਟ ਪੂੰਜੀ ਪੂਰੀ ਤਰ੍ਹਾਂ ਨਿਰਲੁੱਟ ਨਹੀਂ ਬਣ ਸਕੀ।” ਪ੍ਰਾਪਤ ਪੁਲਾਂਘੀ-ਵਿਕਾਸ ਦੀ ਲੋੜ ਉਸ ਨੂੰ ‘ਵਿਸਮਾਦੀ ਪੁਲਾਂਘਾਂ’ ਵਿਚ ਨਜ਼ਰ ਆਉਂਦੀ ਸੀ ਅਤੇ ਇਸ ਸੰਭਾਵਨਾ ਨੂੰ ਉਹ ਇਸ ਤਰ੍ਹਾਂ ਪੇਸ਼ ਕਰਦਾ ਹੈ, “ਚੇਤਨਤਾ ਕਦੇ ਵੀ ਆਪਣੀਆਂ ਸੀਮਾਵਾਂ ਨੂੰ ਲੰਘ ਕੇ ਪੁਲਾਂਘੀ ਹੋ ਸਕਦੀ ਹੈ। ਇਹ ਪੁਲਾਂਘਾਂ ਹੀ ਪਰਮ-ਦ੍ਰਿਸ਼ਟੀਆਂ ਹਨ। ਇਹ ਪੁਲਾਂਘਾਂ ਪੰਜਾਬ ਦੀ ਸਿੱਖ ਵਿਰਸੇ ਵਿਚ ਵਾਪਰੀਆਂ ਹਨ।”
ਜਿਹੜੇ ਰਾਹ ਤੁਰ ਕੇ ਉਹ ਇਥੇ ਪਹੁੰਚਿਆ ਸੀ, ਉਸੇ ਰਾਹ ਉਤੇ ਹੋਰਨਾਂ ਨੂੰ ਤੋਰਨ ਲਈ ਉਹ ਇਕ ਪਾਸੇ ‘ਵਿਸਮਾਦ ਨੂੰ ਸਥਾਪਿਤ ਕਰਨ ਅਤੇ ਮੁੜ ਸਰਬ-ਵਿਆਪੀ ਬਣਾਉਣ ਲਈ ਸਵੈ-ਚੇਤਨਤਾ ਦੀ ਲੋੜ’ ਉਤੇ ਜ਼ੋਰ ਦਿੰਦਾ ਹੈ ਅਤੇ ਦੂਜੇ ਪਾਸੇ ਕਹਿੰਦਾ ਹੈ, ‘ਵਿਸਮਾਦ ਨੂੰ ਸਰਬਵਿਆਪੀ ਬਣਾਉਣ ਲਈ ਮਾਰਕਸਵਾਦ ਦਾ ਅਧਿਐਨ ਕਰਨਾ ਵੀ ਜ਼ਰੂਰੀ ਹੈ।’
ਉਸ ਸਾਹਮਣੇ ਸਵਾਲ ਇਹੀ ਹੈ ਕਿ ਕੀ ਅੰਨ੍ਹੀ ਬੋਲੀ ਪੂੰਜੀ ਨੂੰ ਵਿਸਮਾਦੀ ਪੂੰਜੀ ਵਿਚ ਬਦਲਿਆ ਜਾ ਸਕਦਾ ਹੈ? ਉਹ ਪ੍ਰਾਪਤ ਨੂੰ ਨਾਲ ਲੈ ਕੇ ਤੁਰਦਾ ਹੋਇਆ ਇਸ ਨਤੀਜੇ ‘ਤੇ ਪਹੁੰਚ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਵਿਚ ਵਿਸਮਾਦੀ ਪੂੰਜੀ ਨਿਆਂ ਅਤੇ ਵਿਸਮਾਦ-ਦੋਹਾਂ ਤੋਂ ਪ੍ਰੇਰਤ ਹੋਵੇਗੀ। ਕੇਵਲ ਨਿਆਂ ਦਾ ਸੰਕਲਪ, ਪੂੰਜੀ ਨੂੰ ਇਕੋ ਵਰਗ ਦਾ ਵਿਚਾਰਧਾਰਕ ਸੰਕਲਪ ਬਣਾ ਸਕਦਾ ਹੈ। ਉਸ ਦੇ ਸਾਹਮਣੇ ਪੰਜਾਬੀ-ਮਾਨਸਿਕਤਾ ਵਿਚ ਸਿੱਖ-ਵਿਧੀ ਵਿਚ ਆਇਆ ਪਰਿਵਰਤਨ ਹੈ। ਇਸ ਦੇ ਆਧਾਰ ‘ਤੇ ਉਹ ਕਹਿੰਦਾ ਹੈ, “ਬਦਲੇ ਹੋਏ ਵਿਅਕਤੀ ਤੋਂ ਬਿਨਾਂ ਇਹ (ਵਿਗਾਸ) ਸੰਭਵ ਨਹੀਂ, ਕਿਉਂਕਿ ਮਨ ਅਤੇ ਦੇਹ ਦੀ ਸ਼ਾਇਰਾਨਾ, ਸੌਂਦਰਯ ਭਿੱਜੀ ਪ੍ਰਫੁਲਤਾ ਅਤੇ ਸਿਰਜਣਾਤਮਕਤਾ ਤੋਂ ਬਿਨਾਂ ਨਵਾਂ ਵਿਸਮਾਦੀ ਉਤਪਾਦਨ ਪ੍ਰਬੰਧ ਨਹੀਂ ਸੰਗਠਿਤ ਕੀਤਾ ਜਾ ਸਕਦਾ।” ਇਸ ਲੋੜ ਦੀ ਪੂਰਤੀ ਦੀਆਂ ਸੰਭਾਵਨਾਵਾਂ ਉਸ ਨੂੰ ਸਿੱਖ-ਚਿੰਤਨ ਵਿਚ ਨਜ਼ਰ ਆਉਂਦੀਆਂ ਹਨ ਅਤੇ ਉਹ ਆਪਣੀ ਸੁਜੱਗ ਅਤੇ ਚੇਤੰਨ ਧਾਰਨਾ ਇਸ ਤਰ੍ਹਾਂ ਸਾਂਝੀ ਕਰਦਾ ਹੈ, “ਸੰਖੇਪ ਵਿਚ, ਪੰਜਾਬ ਦੇ ਸਿੱਖ ਵਿਰਸੇ ਵਿਚ ਵਿਸਮਾਦੀ ਯਥਾਰਥ ਨਾਲ ਜੁੜਿਆ ਹੋਇਆ ਵਿਸਮਾਦੀ-ਪੂੰਜੀ ਅਤੇ ਵਿਸਮਾਦੀ ਉਤਪਾਦਨ ਪ੍ਰਬੰਧ ਸਾਜਣ ਬਾਰੇ ਜੋ ਗੌਰਵਸ਼ੀਲ ਸੁਝਾਅ ਮੌਜੂਦ ਹੈ, ਉਸ ਨੂੰ ਵਿਕਸਿਤ ਕਰਕੇ ਸਾਡੇ ਪ੍ਰਭੁਤਵੀ ਪਰ ਸੰਕਟ-ਗ੍ਰਸਤ ਗਲੋਬਲ ਸਮਾਜਾਂ ਲਈ ਬਦਲ ਦਾ ਮਾਡਲ ਬਣਾ ਕੇ ਪੇਸ਼ ਕਰਨ ਦੀ ਲੋੜ ਹੈ। ਸਾਡੇ ਬੁੱਧੀਜੀਵੀਆਂ ਨੂੰ ਇਹ ਵੰਗਾਰ ਸਵੀਕਾਰ ਕਰਨੀ ਚਾਹੀਦੀ ਹੈ। ਅਜਿਹੇ ਉਦਮ ਨਾਲ ਹੀ ਪੂਰਬੀ ਵਿਰਸੇ ਦੀ ਨਵੀਂ ਪ੍ਰਾਸੰਗਿਕਤਾ ਸਥਾਪਤ ਕੀਤੀ ਜਾ ਸਕਦੀ ਹੈ।”
ਇਸ ਸੰਖੇਪ ਵੇਰਵੇ ਨਾਲ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਗੁਰਭਗਤ ਵਰਗੇ ਮਲੰਗ-ਦਾਨਸ਼ਵਰ ਨੂੰ ਕਿਸੇ ਕਿਸਮ ਦੀ ਸਿਧਾਂਤਕ-ਠੱਪਾਬੰਦੀ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ ਸੀ ਅਤੇ ਨਾ ਹੀ ਕਰਨਾ ਚਾਹੀਦਾ ਹੈ। ਉਹ ਦਿਲ ਨਾਲੋਂ ਦਿਮਾਗ਼ ਦੀ ਵੱਧ ਸੁਣਦਾ ਸੀ। ਜੋ ਕੁਝ ਉਸ ਨੂੰ ਬੌਧਿਕ-ਸੰਤੁਸ਼ਟੀ ਦਿੰਦਾ ਸੀ, ਉਸ ਨੂੰ ਬੁੱਕਲ ਵਿਚ ਲੈਣ ਦੀ ਕੋਸ਼ਿਸ਼ ਕਰਦਾ ਸੀ। ਉਸ ਨੂੰ ਸੁਣਨਾ ਤੇ ਸਮਝਣਾ ਆਉਂਦਾ ਸੀ। ਉਹ ਪਰੰਪਰਕ ਸਿੱਖ ਪਰਿਵਾਰ ਵਿਚ ਪੈਦਾ ਹੋਇਆ ਸੀ ਅਤੇ ਇਸ ਦਾ ਰੰਗ ਉਸ ਦੇ ਲਹੂ ਵਿਚ ਰਚਿਆ ਹੋਇਆ ਸੀ। ਇਸ ਦੇ ਬਾਵਜੂਦ ਉਹ ਅਗਾਂਹਵਧੂ ਲਹਿਰ ਦੀ ਚੜ੍ਹਤ ਵੇਲੇ ਅਗਾਂਹਵਧੂ ਸੋਚ ਦਾ ਧਾਰਨੀ ਸੀ। ਮਾਰਕਸਵਾਦ ਦੇ ਬੋਲਬਾਲੇ ਦੌਰਾਨ ਉਹ ਮਾਰਕਸਵਾਦੀ ਲੱਗਣ ਲੱਗ ਪਿਆ। ਪੱਛਮੀ-ਅੰਤਰਦ੍ਰਿਸ਼ਟੀਆਂ ਤੋਂ ਵੀ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਇਸ ਨੂੰ ਲਾਈਲਗ-ਪਹੁੰਚ ਵਾਂਗ ਨਹੀਂ ਵੇਖਣਾ ਚਾਹੀਦਾ ਕਿਉਂਕਿ ਉਹ ਪ੍ਰਭਾਵਾਂ ਦੀ ਕੈਦ ਤੋਂ ਸਦਾ ਮੁਕਤ ਰਿਹਾ। ਇਸੇ ਕਰਕੇ ਉਹ ਵਿਕਾਸ ਕਰਦਾ ਰਿਹਾ। ਉਹ ਬਹੁਤ ਸਾਰੇ ਪੜਾਵਾਂ ਵਿਚੋਂ ਲੰਘਿਆ ਅਤੇ ਲੰਘਦਾ ਹੀ ਗਿਆ। ਕਿਸੇ ਮੰਜ਼ਲ ਨੂੰ ਉਸ ਨੇ ਪੱਕਾ ਟਿਕਾਣਾ ਨਹੀਂ ਸੀ ਬਣਾਇਆ। ਜਿੱਥੇ ਉਸ ਆਪਣਾ ਸਫਰ ਮੁਕਾਇਆ, ਉਸ ਦਾ ਹਵਾਲਾ ਉਸ ਦੀਆਂ ਰਚਨਾਵਾਂ ਦੇ ਹਵਾਲੇ ਨਾਲ ਉਪਰ ਦੇ ਦਿੱਤਾ ਗਿਆ ਹੈ। ਸਿੱਖੀ ਤੋਂ ਅਰੰਭ ਕੀਤੇ ਸਫਰ ਨੂੰ ਉਸ ਨੇ ਸਿੱਖੀ ‘ਤੇ ਹੀ ਮੁਕਾਇਆ ਹੈ। ਲੋੜ ਇਹ ਸਮਝਣ ਦੀ ਹੈ ਕਿ ਉਸ ਵਰਗਾ ਜਾਗਿਆ ਹੋਇਆ ਇਨਸਾਨ ਅਜਿਹਾ ਕਿਉਂ ਕਰਦਾ ਹੈ। ਜਿੰਨਾ ਉਹ ਆਪ ਸਪਸ਼ਟ ਅਤੇ ਸੰਤੁਸ਼ਟ ਸੀ, ਉਨਾ ਉਹ ਆਪਣੇ ਪਾਠਕਾਂ ਨੂੰ ਨਹੀਂ ਸੀ ਕਰ ਸਕਿਆ। ਫਿਰ ਵੀ ਉਸ ਦੇ ਪਾਠਕ ਉਸ ਦੀ ਇਸ ਕਰਕੇ ਇੱਜ਼ਤ ਕਰਦੇ ਸਨ ਕਿ ਉਹ ਉਹੀ ਕਹਿੰਦਾ ਸੀ, ਜੋ ਉਹ ਬੌਧਿਕ ਤੌਰ ‘ਤੇ ਮਹਿਸੂਸ ਕਰਦਾ। ਉਹ ਸ਼ਾਸਤ੍ਰਾਰਥ ਕਰਕੇ ਦਿਗਵਿਜੈ ਹਾਸਲ ਕਰਨ ਦਾ ਮੁੱਦਈ ਨਹੀਂ ਸੀ। ਉਸ ਦਾ ਵਿਸ਼ਵਾਸ ਸੰਵਾਦ ਰਚਾਏ ਜਾਣ ਵਿਚ ਸੀ। ਉਸ ਵਰਗਾ ਸੰਵਾਦੀ-ਮਰਮੱਗ ਹੋਣਾ ਹਰ ਕਿਸੇ ਦੀ ਹੋਣੀ ਨਹੀਂ ਹੋ ਸਕਦੀ। ਪੁਸਤਕ-ਦੋਸਤ ਇਸ ਸ਼ਖਸੀਅਤ ਦੀਆਂ ਮਹੀਨ ਪਰਤਾਂ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਉਸ ਦੀ ਕਦਰ ਨਹੀਂ ਪਾਈ ਜਾ ਸਕਦੀ। ਉਹ ਨਿੱਕੀਆਂ ਗੱਲਾਂ ਦਾ ਬਹੁਤਾ ਖਿਆਲ ਨਹੀਂ ਰੱਖਦਾ ਸੀ। ਉਹ ਸਮਾਜਿਕਤਾ ਦੀਆਂ ਵਿਹਾਰਕ ਪਾਬੰਦੀਆਂ ਦਾ ਵੀ ਖਿਆਲ ਨਹੀਂ ਸੀ ਰੱਖਦਾ। ਜੋ ਉਹ ਕਰਦਾ ਸੀ, ਫਖਰ ਨਾਲ ਕਰਦਾ ਸੀ ਅਤੇ ਜੋ ਨਹੀਂ ਸੀ ਕਰਦਾ, ਉਸ ਨੂੰ ਬੇਲੋੜਾ ਸਮਝਦਾ ਸੀ।
ਗੁਰਭਗਤ ਨੂੰ ਆਪਣੀ ਪੱਗ ਨਾਲ ਇਸ਼ਕ ਸੀ। ਪੱਗ ਨੂੰ ਉਸ ਨੇ ਆਪਣੀ ਪਛਾਣ ਮੰਨਿਆ ਹੋਇਆ ਸੀ ਅਤੇ ਆਪਣੀ ਪੱਗ-ਪਛਾਣ ਨਾਲ ਉਹ ਆਖਰੀ ਦਮ ਤੱਕ ਜੁੜਿਆ ਰਿਹਾ। ਉਹ ਅਟਕ ਜਾਣ ਨੂੰ ਖੜੋਤ ਮੰਨਦਾ ਸੀ ਅਤੇ ਸਿਧਾਂਤਕਤਾ ਤੋਂ ਆਰ-ਪਾਰ ਹੋ ਜਾਣ ਨੂੰ ਵਿਦਵਤਾ ਮੰਨਦਾ ਸੀ।
ਕਈ ਸਾਲਾਂ ਤੋਂ ਉਸ ਨੂੰ ਲੱਗਣ ਲੱਗ ਪਿਆ ਸੀ ਕਿ ‘ਜਗਤ ਜਲੰਦੇ’ ਦੀ ਤਪਸ਼ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਠਾਰਿਆ ਜਾ ਸਕਦਾ ਹੈ। ਉਸ ਦਾ ਇਹ ਵਿਸ਼ਵਾਸ ਬਣ ਚੁੱਕਾ ਸੀ ਕਿ ਇਹ ਕਾਰਜ ਅੰਗਰੇਜ਼ੀ ਦੇ ਮਾਧਿਅਮ ਰਾਹੀਂ ਹੀ ਸਿਰੇ ਚੜ੍ਹ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦਾਂ ਨਾਲ ਉਸ ਨੂੰ ਸੰਤੁਸ਼ਟੀ ਨਹੀਂ ਸੀ ਕਿਉਂਕਿ ਉਹ ਸਮਝਦਾ ਸੀ ਕਿ ਹੋ ਚੁੱਕੇ ਅਨੁਵਾਦਾਂ ਵਿਚੋਂ ਬਾਣੀ ਦੇ ਮੁਹਾਵਰੇ ਦਾ ਪ੍ਰਸੰਗ ਗੁੰਮ ਹੈ। ਸ਼ਾਬਦਿਕ ਜਾਂ ਅੱਖਰੀ ਅਨੁਵਾਦ ਨਾਲ ਵੀ ਉਸ ਦੀ ਸੰਤੁਸ਼ਟੀ ਨਹੀਂ ਸੀ। ਅੰਗਰੇਜ਼ੀ ਵਿਚ ਹੋਏ ਬਾਣੀ-ਅਨੁਵਾਦਾਂ ਨੂੰ ਉਹ ਸਿੱਖੀ ਦਾ ਈਸਾਈਅਤ ਵਿਚ ਹੋਇਆ ਅਨੁਵਾਦ ਹੀ ਸਮਝਦਾ ਸੀ। ਇਸ ਧਾਰਨਾ ਨੂੰ ਸਾਂਝੀ-ਸਮਝ ਬਣਾਏ ਜਾਣ ਵਾਲੇ ਰਾਹ ਪੈਣ ਦੀ ਥਾਂ, ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ-ਅਨੁਵਾਦ ਦਾ ਪ੍ਰਾਜੈਕਟ ਹੱਥ ਵਿਚ ਲੈ ਕੇ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਆਖਰੀ ਸਮੇਂ ਤੱਕ ਉਹ ਇਹੀ ਕੰਮ ਕਰਦਾ ਰਿਹਾ।
ਜਿੱਡਾ ਵੱਡਾ ਅਕਾਦਮਿਕ ਚੱਕਰ ਕੱਟ ਕੇ ਡਾæ ਗੁਰਭਗਤ ਸਿੰਘ ਵਿਰਾਸਤੀ-ਪੂੰਜੀ ਤੱਕ ਪਹੁੰਚਿਆ, ਉਸ ਨੂੰ ਬਾਣੀ ਦੇ ਸਹਾਰੇ ਨਾਲ ਸਮੇਟਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਕਿਰਤ ਅਤੇ ਕਰਮ ਨਾਲ ਪੈਦਾ ਹੋਣ ਵਾਲੇ ਵਿਛੋੜੇ ਨਾਲ ਥਕਨ-ਚੱਕਰ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ ਅਤੇ ਇਸ ਵਿਚੋਂ ਨਿਕਲਣ ਲਈ ਲੋੜੀਂਦੀ ਮਿਲਨ-ਦਾਤ ਦਾ ਮਾਰਗ ਕਿਰਪਾ ਨਾਲ ਪ੍ਰਾਪਤ ਹੋ ਸਕਦਾ ਹੈ। ਇਹੀ ਵਿਰਾਸਤੀ-ਪੂੰਜੀ ਵਲ ਮੋੜਾ ਹੈ,
ਕਿਰਤਿ ਕਰਮ ਕੇ ਵੀਛੜੇ ਕਰਿ ਕਿਰਪਾ ਮੇਲਹੁ ਰਾਮ॥
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ॥
(ਮਹਲਾ 5, ਪੰਨਾ 133)
ਡਾæ ਗੁਰਭਗਤ ਸਿੰਘ ਨੂੰ ਗੁਰੂ ਦੇ ਸਿੱਖ ਦਾ ਆਧੁਨਿਕ ਅਤੇ ਅਕਾਦਮਿਕ ਅਕਸ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਸਿੱਖੀ ਦੇ ਫਖਰ ਵਿਚ ਹਲੂਲ ਹੋ ਗਿਆ ਸੀ। ਸਿੱਖ ਦਾਨਸ਼ਵਰਾਂ ਵਿਚ ਉਹ ਆਪਣੇ ਵਰਗਾ ਆਪ ਹੀ ਸੀ। ਉਸ ਨੇ ਜੋ ਕੁਝ ਕੀਤਾ, ਉਸ ਨਾਲੋਂ ਕਿਤੇ ਵਧ ਕਰ ਸਕਣ ਦੀ ਉਸ ਵਿਚ ਸਮਰਥਾ ਸੀ। ਉਸ ਦੇ ਯੋਗਦਾਨ ਨੂੰ ਪੂਜਕ ਵਾਂਗ ਨਹੀਂ ਸਗੋਂ ਪ੍ਰਸੰਸਕ ਵਾਂਗ ਵੇਖੇ ਜਾਣ ਦੀ ਲੋੜ ਹੈ। ਉਹ ਰੱਜ ਕੇ ਜੀਵਿਆ ਜਾਂ ਨਹੀਂ ਇਸ ਬਾਰੇ ਵਖ ਵਖ ਰਾਏ ਹੋ ਸਕਦੀ ਹੈ, ਪਰ ਉਹ ਸਫਲ ਜੀਵਿਆ, ਇਸ ਬਾਰੇ ਕੋਈ ਸ਼ੰਕਾ ਨਹੀਂ। ਜਿਉਂਦੇ ਜੀਅ ਉਸ ਨੇ ਆਪਣੇ ਬਾਰੇ ਪੱਕੀ ਰਾਏ ਨਹੀਂ ਸੀ ਬਣਨ ਦਿੱਤੀ, ਪਰ ਹੁਣ ਕਿਹਾ ਜਾ ਸਕਦਾ ਹੈ ਕਿ ਉਹ ਆਧੁਨਿਕ ਪੰਜਾਬੀ ਅਕਾਦਮਿਕਤਾ ਦਾ ਬੇਤਾਜ ਬਾਦਸ਼ਾਹ ਸੀ। ਉਹ ਜਿਉਂਦੇ ਜੀਅ ਬੇਸ਼ੱਕ ਬਹੁਤਾ ਗੌਲਿਆ ਨਹੀਂ ਗਿਆ ਪਰ ਨਹੀਂ ਰਿਹਾ ਤਾਂ ਸਦਾ ਯਾਦ ਆਉਂਦਾ ਰਹੇਗਾ।