ਐਸ਼ ਅਸ਼ੋਕ ਭੌਰਾ
ਸਿਆਣੇ ਕਹਿੰਦੇ ਨੇ, ਪਿਆਸ ਨਹਾਉਣ ਨਾਲ ਨਹੀਂ, ਪਾਣੀ ਪੀਣ ਨਾਲ ਬੁਝਦੀ ਹੈ। ਵਰਤਮਾਨ ਪੰਜਾਬੀ ਗਾਇਕੀ ਦੀ ਸਥਿਤੀ ਇਹ ਹੈ ਕਿ ਅੰਦਰ ਪਾਣੀ ਮੰਗ ਰਿਹਾ ਹੈ ਪਰ ਗਾਇਕਾਂ ਦੀ ਕੁਝ ਵਿਗੜੀ ਹੋਈ ਪੀੜ੍ਹੀ ਪੰਜਾਬੀ ਦੇ ਸੰਗੀਤਕ ਕੱਦ ਨੂੰ ਟੁੱਟੇ ਕੁੰਡੇ ਵਾਲੀ ਬਾਲਟੀ ਵਿਚ ਗੰਧਲਾ ਪਾਣੀ ਪਾ ਕੇ ਇਸ਼ਨਾਨ ਕਰਾਉਣ ਦਾ ਯਤਨ ਕਰਦੀ ਹੈ।
ਇਨ੍ਹਾਂ ਗਾਇਕਾਂ ਨੂੰ ਇਹ ਭਰਮ ਹੋ ਗਿਆ ਹੈ ਕਿ ਸੂਰਜ ਸ਼ਾਇਦ ਪੱਛਮ ਵਿਚੋਂ ਕਦੇ ਚੜ੍ਹ ਹੀ ਪਵੇਗਾ। ਪਰ ਸੱਚ ਇਹ ਹੈ ਕਿ ਓਦਾਂ ਕੀਤਾ ਜਾ ਰਿਹਾ ਹੈ ਜਿੱਦਾਂ ਨਾ ਕਦੇ ਹੋਵੇਗਾ ਅਤੇ ਨਾ ਹੀ ਕਦੇ ਹੋਣ ਦੀ ਆਸ ਕੀਤੀ ਜਾਣੀ ਚਾਹੀਦੀ ਹੈ। ਜੇ ਉਂਗਲਾਂ ਦੇ ਪੋਟੇ ਇਹ ਕਹਿੰਦੇ ਨੇ ਕਿ ਗਿਣਤੀ ਤਾਂ ਕਰਾਓ ਕਿ ਗਾਇਕ ਕਿਹੜੇ ਨੇ, ਫਿਰ ਸਵਾਲ ਪੁੱਛਣ ਦੀ ਲੋੜ ਕੀ ਰਹਿ ਜਾਂਦੀ ਹੈ? ‘ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀæææ, ਤੇਰੇ ਹੱਥ ਵਿਚ ਚਾਬੀ ਓ ਦਾਤਾ ਸਾਰੇ ਸੰਸਾਰ ਦੀæææ; ਜੰਗਲ ਦੇ ਵਿਚ ਖੂਹਾ ਲੁਆ ਦੇæææ; ਜਗਤੇ ਨੂੰ ਛੱਡ ਕੇ ਤੇ ਭਗਤੇ ਨੂੰ ਕਰ ਲੈæææ।’ ਇੱਦਾਂ ਦੇ ਬੋਲ ਪੰਜਾਬ ਦੀ ਸੰਗੀਤਕ ਫਿਜ਼ਾ ਵਿਚ ਗੂੰਜ ਰਹੇ ਨੇ ਤਾਂ ਕੋਈ ਮੂਰਖ ਹੀ ਕਹਿ ਸਕਦਾ ਹੈ ਕਿ ਯਮਲੇ ਜੱਟ ਨੂੰ ਪੰਜਾਬੀ ਗਾਇਕੀ ‘ਚੋਂ ਮਨਫੀ ਕੀਤਾ ਜਾ ਸਕਦਾ ਹੈ। ਜਿਹੜੇ ਉਂਗਲ ਕਰਕੇ ਇਹ ਕਹਿੰਦੇ ਰਹੇ ਨੇ ਕਿ ਉਸਤਾਦ ਲਾਲ ਚੰਦ ਯਮਲਾ ਜੱਟ ਨੇ ਇਹ ਗਾਇਆ ਹੈ, ‘ਵਿਸਕੀ ਦੀ ਬੋਤਲ ਵਰਗੀ ਮੈਂ ਇਕ ਕੁੜੀ ਫਸਾ ਲਈ ਏ, ਮੇਰੇ ਦਿਲ ਦਾ ਗੀਜਾ ਖਾਲੀ ਉਹਦੇ ਵਿਚ ਪਾ ਲਈ ਏ’ ਉਨ੍ਹਾਂ ਨੂੰ ਮੈਂ ਅੱਜ ਦੱਸਾਂਗਾ ਕਿ ਇਸ ਗੀਤ ਦਾ ਰਾਜ਼, ਰਹੱਸ, ਮਰਜ਼ ਅਤੇ ਭੇਦ ਕੀ ਹੈ, ਇਹ ਯਮਲੇ ਜੱਟ ਨੇ ਗੀਤ ਕਿਉਂ ਗਾਇਆ? ਕਿਉਂਕਿ ਦੁਨੀਆਂ ਚੁਬਾਰੇ ਚੜ੍ਹ ਕੇ ਪੌੜੀ ਦੇ ਹੇਠਲੇ ਟੁੱਟੇ ਡੰਡੇ ਦੀ ਹਮੇਸ਼ਾ ਗੱਲ ਕਰਦੀ ਰਹਿੰਦੀ ਹੈ। ਇਹ ਕਹਿਣ ਵਿਚ ਝਿਜਕ ਮਹਿਸੂਸ ਨਹੀਂ ਕਰਦਾ ਕਿ ਯਮਲਾ ਜੱਟ ਪੰਜਾਬੀ ਗਾਇਕੀ ਦਾ ਦੇਵਤਾ ਸੀ, ਸੰਤ ਸੀ, ਫੱਕਰ ਸੀ, ਮਸਤ ਅਤੇ ਮੌਲਾ ਇਨਸਾਨ ਸੀ। ਖੁਸ਼ਕ ਬੁਰਕੀ ਖਾਣ ਤੋਂ ਪਹਿਲਾਂ ਜਿਹੜੇ ਪਾਣੀ ਦਾ ਗਿਲਾਸ ਭਰ ਕੇ ਨਹੀਂ ਰੱਖਦੇ ਉਨ੍ਹਾਂ ਦੇ ਸੰਘ ‘ਚ ਜਦੋਂ ਬੁਰਕੀ ਫਸਦੀ ਹੈ ਤਾਂ ਉਹ ਉਲਟੀ ਕਰਨ ਵੇਲੇ ਉਹ ਵੀ ਬਾਹਰ ਕੱਢ ਕੇ ਰੱਖ ਦਿੰਦੇ ਨੇ ਜਿਹਦਾ ਸ਼ਾਇਦ ਪਹਿਲਾਂ ਕੁਝ ਪਰਦਾ ਬਣਿਆ ਹੋਇਆ ਹੁੰਦਾ ਹੈ। ਵਿਗਿਆਨ ਇਸ ਗੱਲ ਨੂੰ ਜਾਣਦਾ ਹੈ ਕਿ ਉਲੂ ਨੂੰ ਰਾਤ ਨੂੰ ਕਿਉਂ ਦਿਸਦਾ ਹੈ ਪਰ ਜਿਹੜੇ ਸਿਖਰ ਦੁਪਹਿਰੇ ਵੀ ਨਜ਼ਰਾਂ ਤੋਂ ਵਿਹੂਣੇ ਨੇ, ਉਨ੍ਹਾਂ ਦਾ ਮੈਂ ਕੀ ਕਰ ਸਕਦਾ ਹਾਂ? ਇਸੇ ਲਈ ਯਮਲੇ ਜੱਟ ਦੀ ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਇਸ ਪੰਜਾਬੀ ਗਾਇਕੀ ਦੇ ਵਾਰਿਸ ਨੂੰ ਸਲਾਮ ਕਰਦਾ ਹਾਂ।
ਲੁਧਿਆਣੇ ਦੇ ਬੱਸ ਅੱਡੇ ਦੇ ਨੇੜੇ ਵਸਿਆ ਜਵਾਹਰ ਨਗਰ ਪਹਿਲਾਂ ਸਾਈਕਲਾਂ ਦੀਆਂ ਕਾਠੀਆਂ ਬਣਾਉਣ ਵਾਲਿਆਂ ਲਈ ਬੜਾ ਮਸ਼ਹੂਰ ਸੀ। ਜਿਵੇਂ ਚਮੜੇ ਦੇ ਕਾਰਖਾਨਿਆਂ ਦੇ ਕੋਲ ਦੀ ਨੱਕ ਉਤੇ ਹੱਥ ਰੱਖ ਕੇ ਲੰਘਣਾ ਪੈਂਦਾ ਹੈ, ਇਵੇਂ ਕਦੇ ਘਰ ਘਰ ‘ਚ ਬਣਦੀਆਂ ਕਾਠੀਆਂ ਇਹ ਦੱਸ ਦਿੰਦੀਆਂ ਸਨ ਕਿ ਲੁਧਿਆਣਾ ਸਾਈਕਲਾਂ ਦੇ ਕਾਰੋਬਾਰ ਦਾ ਸਭ ਤੋਂ ਵੱਡਾ ਅੱਡਾ ਹੈ ਪਰ ਫਿਰ ਜਵਾਹਰ ਨਗਰ ਨੂੰ ਜੇ ਸਭ ਤੋਂ ਵੱਡਾ ਮਾਣ ਲੈ ਕੇ ਦਿੱਤਾ ਹੈ ਤਾਂ ਉਹ ਉਸਤਾਦ ਲਾਲ ਚੰਦ ਯਮਲੇ ਜੱਟ ਨੇ। ਗਾਇਕੀ ਨੂੰ ਯਮਲੇ ਜੱਟ ਦੇ ਡੇਰੇ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਇਥੇ ਹੀ ਬੈਠ ਕੇ ਉਸ ਨੇ ਮੰਗਣ ਵਾਲਿਆਂ ਦੇ ਸਾਜ਼ ‘ਦੋ ਤਾਰਾ’ ਦਾ ‘ਇਕ ਤਾਰਾ’ ਬਣਾ ਕੇ ਪੰਜਾਬੀ ਗਾਇਕੀ ਨੂੰ ਤੂੰਬੀ ਵਰਗਾ ਮੁਕੰਮਲ ਸਾਜ਼ ਦਿੱਤਾ। ਇਸੇ ਹੀ ਡੇਰੇ ਤੋਂ ਨਰਿੰਦਰ ਬੀਬਾ ਤੋਂ ਲੈ ਕੇ ਖੁਸ਼ਦਿਲ ਖੇਲਿਆਂ ਵਾਲੇ ਤੱਕ ਸੁਰਾਂ ਦਾ ਜੋਗ ਲੈ ਕੇ ਉਹਦੇ ਗਾਇਕ ਤੇ ਗਾਇਕਾਵਾਂ, ਚੇਲਿਆਂ ਦੇ ਰੂਪ ਵਿਚ ਇਕ ਲੰਬੀ ਕਤਾਰ ਬਣ ਕੇ ਖੜੇ ਹਨ। ਯਮਲਾ ਜੱਟ ਇਥੇ ਢਿੱਡ ਦੁਖਣ ਦੀਆਂ ਜਾਂ ਨਿੱਕੀਆਂ ਮੋਟੀਆਂ ਬਿਮਾਰੀਆਂ ਦੀਆਂ ਪੁੜੀਆਂ ਵੀ ਦੇ ਲੈਂਦਾ ਸੀ ਤੇ ਨਾਲ ਨਾਲ ਗਾਇਕੀ ਦੇ ਜਿਹੜੇ ਗੁਰ ਉਸ ਨੇ ਆਪਣੇ ਚੇਲਿਆਂ ਨੂੰ ਵੰਡੇ ਹਨ, ਉਨ੍ਹਾਂ ਨੂੰ ਦੇਖ ਕੇ ਤਾਂ ਇਹ ਕਹਿਣ ਵਿਚ ਕੋਈ ਹਰਜ਼ ਨਹੀਂ ਕਿ ਜੇ ਗੋਰਖ ਨਾਥ ਸੱਚੀਂ ਕੋਈ ਸੀ ਤਾਂ ਉਹ ਵੀ ਸੁਪਨੇ ‘ਚ ਸੋਚਦਾ ਹੋਊ ਕਿ ਮੇਰੇ ਚੇਲੇ ਚਪਟੇ ਤਾਂ ਭਬੂਤੀ ਮਲ ਕੇ ਘੁੰਮਦੇ ਰਹੇ ਹਨ ਪਰ ਯਮਲੇ ਜੱਟ ਦੇ ਚੇਲਿਆਂ ਨੇ ਪੰਜਾਬੀ ਗਾਇਕੀ ਦਾ ਜਿਹੜਾ ਬੁਰਜ ਖੜਾ ਕੀਤਾ ਹੈ, ਉਸ ਉਤੇ ਖੜ ਕੇ ਹੀ ਨਰਿੰਦਰ ਬੀਬਾ ਨੇ ਲੰਮੀਆਂ ਹੇਕਾਂ ਲਾਈਆਂ ਨੇ।
ਮੈਂ ਮੰਨਦਾ ਹਾਂ ਕਿ ਯਮਲੇ ਜੱਟ ਨਾਲ ਮੇਰੀ ਕੋਈ ਬਹੁਤੀ ਗਹਿਗੱਚ ਨੇੜਤਾ ਨਹੀਂ ਰਹੀ ਕਿਉਂਕਿ ਉਮਰ ਦਾ ਫਰਕ ਤੇ ਕੁਝ ਹੋਰ ਕਾਰਨ ਸਨ ਜਿਹੜੇ ਸਾਡੇ ਮੇਲ ਮਿਲਾਪ ਨੂੰ ਮੁਸੱਬਰ ਦੀ ਤਸਵੀਰ ਵਾਂਗ ਬਣਾਉਣ ਵਿਚ ਸ਼ਾਇਦ ਮੁਕੰਮਲ ਨਹੀਂ ਹੋ ਸਕੇ। ਪਰ ਇਹ ਗੱਲ ਜ਼ਰੂਰ ਹੈ ਕਿ ਯਮਲਾ ਇਕ ਥਾਂ ਨਹੀਂ ਬਹੁਤ ਥਾਂ ਇਹ ਕਹਿੰਦਾ ਰਿਹਾ ਹੈ ਕਿ ਜਿਹੜੀਆਂ ਅਖਬਾਰਾਂ ਕਦੇ ਗਾਇਕਾਂ ਬਾਰੇ ਕਦੇ ਦੋ ਸਤਰਾਂ ਵੀ ਲਿਖ ਕੇ ਰਾਜ਼ੀ ਨਹੀਂ ਸਨ, ਉਨ੍ਹਾਂ ਅਖਬਾਰਾਂ ਦੇ ਪੰਨਿਆਂ ‘ਤੇ ਜਿਨ੍ਹਾਂ ਪਹਿਲੀਆਂ ਦੋ ਕਲਮਾਂ ਨੇ ਸ਼ਬਦਾਂ ਦੀ ਪਗਡੰਡੀ ਬਣਾਈ ਉਹ ਜਾਂ ਤਾਂ ਸ਼ਮਸ਼ੇਰ ਸੰਧੂ ਸੀ ਜਾਂ ਅਸ਼ੋਕ ਭੌਰਾ ਦੀ ਹੈ। ਬਹੁਤ ਦੇਰ ਉਹ ਇਹ ਸਮਝਦਾ ਰਿਹਾ ਕਿ ਸ਼ਾਇਦ ਇਹ ਮੁੰਡਾ ਗਾਇਕ ਬਣਨ ਲਈ ਲੁਧਿਆਣੇ ਦੇ ਗਾਇਕਾਂ ਦੇ ਦਫਤਰਾਂ ‘ਚ ਉਵੇਂ ਰੋਜ਼ ਘੁੰਮਦਾ ਹੈ ਜਿਵੇਂ ਡਾਕੀਆ ਕਈ ਵਾਰ ਬਿਨ੍ਹਾਂ ਸਿਰਨਾਵੇਂ ਵਾਲੀਆਂ ਚਿੱਠੀਆਂ ਵੀ ਬੂਹੇ ‘ਚ ਖੜੀ ਖੂਬਸੂਰਤ ਮਾਲਕਣ ਨੂੰ ਵੇਖ ਕੇ ਮੱਲੋ ਮੱਲੀ ਫੜਾ ਦਿੰਦਾ ਹੈ। ਇਹੀ ਗੱਲ ਮੈਨੂੰ ਇਕ ਵਾਰ ਜਗਦੇਵ ਸਿੰਘ ਜੱਸੋਵਾਲ ਨੇ ਦੱਸੀ ਸੀ ਕਿ ਯਮਲਾ ਜੱਟ ਕਹਿੰਦੈ, ‘ਇਸ ਮੁੰਡੇ ਨੇ ਜੇ ਗਾਇਕ ਬਣਨਾ ਤਾਂ ਏਨਿਆਂ ਗਾਇਕਾਂ ਦੀ ਚਾਪਲੂਸੀ ਕਰਨ ਦੀ ਕੀ ਲੋੜ ਹੈ? ਕਰਾਰੀ ਲਾਲ ਮਿਰਚ ਹੋਵੇ ਭਾਵੇਂ ਅੱਧੇ ਕੁ ਇੰਚ ਦੀ ਪਰ ਚੰਗੇ-ਭਲਿਆਂ ਨੂੰ ਮੁੜਕਾ ਲਿਆ ਦਿੰਦੀ ਹੈ। ਅਸ਼ੋਕ ਨੂੰ ਡੇਰੇ ਛੱਡੋ ਦਸ ਕੁ ਦਿਨ, ਗਿਆਰਵੇਂ ਦਿਨ ਸਟੇਜ ‘ਤੇ ਖੜ੍ਹ ਕੇ ਤੂੰਬੀ ਵਜਾਉਂਦਾ ਮੈਂ ਦਿਖਾ ਦੇਊਂ।’
ਅਸਲ ਵਿਚ ਇਸ ਪੇਸ਼ਕਸ਼ ਦਾ ਭੇਦ ਇਹ ਸੀ ਕਿ ਉਹ ਸੋਚਦਾ ਸੀ ਕਿ ਮੈਂ ਸ਼ਾਇਦ ਵਿਹਲਾ ਜਿਹਾ ਮੁੰਡਾ ਗਾਉਣ ਵਾਲਿਆਂ ਦੀਆਂ ਗੋਡਣੀਆਂ ਘੁੱਟਣ ਨੂੰ ਘੁੰਮ ਰਿਹਾਂ। ਉਹ ਨਹੀਂ ਜਾਣਦਾ ਸੀ ਕਿ ਇੰਜੀਨੀਅਰਿੰਗ ਕਰਦਾ ਇਕ ਮੁੰਡਾ ਪੰਜਾਬੀ ਗਾਇਕੀ ਤੇ ਸੰਗੀਤ ਦੇ ਵਰਕਿਆਂ ਦੀ ਲਗਾਤਾਰ ਫਰੋਲਾ-ਫਰਾਲੀ ਕਰਦਾ ਰਿਹਾਂ।
ਨੰਦ ਲਾਲ ਨੂਰਪੁਰੀ ਨਾਲੋਂ ਇਹ ਗੱਲ ਕਦੇ ਵੀ ਨਹੀਂ ਲੱਥਣੀ ਕਿ ‘ਭਾਖੜੇ ਤੋਂ ਆਉਂਦੀ ਮੁਟਿਆਰ ਨੱਚਦੀ’ ਵਰਗੇ ਗੀਤ ਤਾਂ ਲਿਖ ਲਏ ਸਨ ਪਰ ਜ਼ਿੰਦਗੀ ਦਾ ਅੰਤ ਖੂਹ ਵਿਚ ਛਾਲ ਮਾਰ ਕੇ ਹੋਣਾ ਸੀ। ਜਿਵੇਂ ਚਾਂਦੀ ਰਾਮ ਨੂੰ ਵੀ ਨਹੀਂ ਪਤਾ ਸੀ ਕਿ ਦਸਾਂ ਦੇ ਨੋਟ ਨਾਲ ਬੀੜੀ ਲਾਉਣ ਦਾ ਮੁੱਲ ਬੁਢਾਪੇ ‘ਚ ਜਾ ਕੇ ਏਦਾਂ ਦੇਣਾ ਪੈਣਾ, ਕਿ ਚਾਹ ਦਾ ਕੱਪ ਪੀਣ ਲਈ ਵੀ ਦੂਜਿਆਂ ਦੀ ਜੇਬ ਵੱਲ ਵੇਖਣਾ ਪਵੇਗਾ ਤੇ ਜਾਂ ਸਟੇਜ ਤੇ ਜਿਸ ਕੁਲਦੀਪ ਮਾਣਕ ਨੂੰ ਚਰਨਾਂ ‘ਚ ਬਿਠਾ ਕੇ ਢੋਲਕੀ ਵਜਾਉਣ ਲਾਇਆ ਸੀ ਉਸੇ ਕੁਲਦੀਪ ਮਾਣਕ ਤੋਂ ਇਸੇ ਵਕਤ ਦੇਸੀ ਦਾਰੂ ਰਸਭਰੀ ਦਾ ਪਊਆ ਮੰਗਣ ਵਾਸਤੇ ਵੀਹਾਂ ਰੁਪਈਆਂ ਲਈ ਹੱਥ ਵੀ ਕੱਢਣਾ ਪੈਣਾ ਸੀ। ਪਰ ਇਹ ਚੰਗੀ ਗੱਲ ਹੈ ਕਿ ਯਮਲਾ ਜੱਟ ਜਦੋਂ ਬਿਮਾਰ ਹੋਇਆ ਤਾਂ ਪੰਜਾਬ ਦੇ ਪੰਜਾਬੀ ਗਵਰਨਰ ਸੁਰਿੰਦਰ ਨਾਥ ਨੇ ਡੇਰਾ ਤਾਂ ਉਹਦਾ ਬਿਮਾਰ ਹੋਣ ਕਰਕੇ ਹੀ ਵੇਖਿਆ ਸੀ ਪਰ ਗਵਰਨਰੀ ਰਾਜ ‘ਚ ਇਕ ਫੱਕਰ ਦੀ ਕੁੱਲੀ ‘ਤੇ ਗਵਰਨਰ ਦਾ ਆਉਣਾ ਤੇ ਉਹ ਵੀ ਇਲਾਜ ਲਈ 25 ਹਜ਼ਾਰ ਦਾ ਚੈਕ ਲੈ ਕੇ, ਤਾਂ ਇਹਦੇ ਨਾ ਇੰਨਾ ਕੁ ਜ਼ਰੂਰ ਲੱਗਾ ਸੀ ਕਿ ਪੰਜਾਬੀਆਂ ਦੇ ਅੰਦਰ ਸੁਰਾਂ ਦੇ ਦੀਵੇ ਜਗਦੇ ਰੱਖਣ ਲਈ ਹਾਲੇ ਉਹ ਜ਼ਮੀਰਾਂ ਜਿਊਂਦੀਆਂ ਨੇ ਜਿਹੜੀਆਂ ਅੰਦਰੋਂ ‘ਸਤਿਨਾਮ ਵਾਹਿਗੁਰੂ’ ਕਰਦੀਆਂ ਰਹੀਆਂ ਨੇ। ਇਤਫਾਕ ਵੇਖੋ ਕਿ ਮੈਂ ਕੁਲਦੀਪ ਮਾਣਕ ਦੇ ਦਫਤਰ ਵਿਚ ਹਾਜ਼ਰ ਸੀ। ਉਹਦਾ ਪ੍ਰੋਗਰਾਮ ਰੱਦ ਹੋ ਚੁੱਕਾ ਸੀ। ਸਾਜਿੰਦੇ ਘਰੋਂ ਘਰੀ ਮੋੜ ਦਿੱਤੇ ਸਨ। ਮਾਣਕ ਗੱਡੀ ਵਿਚ ਬੈਠਣ ਸਾਰ ਕਹਿਣ ਲੱਗਾ, ‘ਅਸ਼ੋਕ ਵੱਜੇ ਤਾਂ ਊਂ ਬਾਰਾਂ ਕੁ ਈ ਨੇ ਪਰ ਆਪਣੇ ਬਾਰਾਂ ਤਾਂ ਕਦੇ ਵੱਜੇ ਈ ਨ੍ਹੀਂ, ਆਜਾ ਘੁੱਟ ਲਾਈਏ।’ ਪਰ ਇਹ ਕਾਰਵਾਈ ਅੱਗੇ ਤੁਰਨ ਤੋਂ ਪਹਿਲਾਂ ਹੀ ਮਾਣਕ ਨਾਲ ਤਬਲਾ ਵਜਾਉਣ ਵਾਲਾ, ਜਿਹੜਾ ਸੀ ਤਾਂ ਮਾੜਕੂ ਜਿਹਾ ਪਰ ਉਹਦੇ ਕੰਨੇ ‘ਚ ਸੋਨੇ ਦੀਆਂ ਨੱਤੀਆਂ ਚਮਕਦੀਆਂ ਬੜੀਆਂ ਹੁੰਦੀਆਂ ਸਨ। ਕਈ ਵਾਰ ਉਹਨੂੰ ਨੱਤੀਆਂ ਵਾਲਾ ਜੀਤਾ ਵੀ ਕਹਿ ਦਿੱਤਾ ਜਾਂਦਾ ਸੀ। ਉਹ ਮੇਰੇ ਕੰਨ ‘ਚ ਆ ਕੇ ਕਹਿਣ ਲੱਗਾ, ‘ਯਮਲੇ ਜੱਟ ਨੂੰ ਕੁਝ ਹੋ ਗਿਆ ਲੱਗਦੈ, ਜਵਾਹਰ ਨਗਰ ‘ਚ ਪੁਲਿਸ ਹੀ ਪੁਲਿਸ ਐ।’ ਹਾਲੇ ਉਹਦੀ ਗੱਲ ਮੂੰਹ ‘ਚ ਹੀ ਸੀ ਕਿ ਕੁਲਦੀਪ ਮਾਣਕ ਪਟਾਕ ਦੇ ਕੇ ਕਹਿਣ ਲੱਗਾ, ‘ਕੰਜਰ ਦਿਆ, ਉਚੀ ਬੋਲ ਬੁੱਢੇ ਨੂੰ ਕੁਝ ਨ੍ਹੀਂ ਹੁੰਦਾ, ਕਿਤੇ ਹੋਰ ਸਾਲਾ ਪਟਾਕਾ ਪਿਆ ਹੋਣੈ, ਉਹਨੇ ਕਿਹੜਾ ਡੇਰੇ ‘ਤੇ ਅਸਲਾ ਰੱਖਿਐ ਜਿਹੜਾ ਪੁਲਿਸ ਨੇ ਡੇਰਾ ਘੇਰਨਾ ਸੀ।’ ਤੇ ਉਹ ਕਹਿ ਕੇ ਚਲਾ ਗਿਆ।
ਮੇਰੇ ਮਨ ‘ਚ ਇਹ ਉਥਲ-ਪੁਥਲ ਹੁੰਦੀ ਰਹੀ ਕਿ ਪੁਲਿਸ ਦਾ ਯਮਲੇ ਜੱਟ ਨਾਲ ਕੀ ਸਬੰਧ? ਪਤਾ ਜੀਤੇ ਨੂੰ ਵੀ ਨਹੀਂ ਸੀ। ਬੱਸ ਅੱਡੇ ਵੱਲ ਮੂੰਹ ਕਰਨ ਨਾਲੋਂ ਮੈਂ ਯਮਲੇ ਜੱਟ ਦੇ ਡੇਰੇ ਵੱਲ ਨੂੰ ਪੈਰ ਘੁਮਾ ਲਏ। ਇਹ ਸੋਚ ਕੇ ਕਿ ਬਿਨ ਬੱਦਲ ਤੋਂ ਮੀਂਹ ਵਰਦਾ ਦੇਖ ਤਾਂ ਲਈਏ। ਅੱਗੇ ਗਿਆ ਤਾਂ ਸੱਚੀਂ-ਮੁੱਚੀਂ ਪੁਲਿਸ ਹੀ ਪੁਲਿਸ। ਇਕ ਥਾਣੇਦਾਰ ਮੈਨੂੰ ਕਹਿਣ ਲੱਗਾ, ‘ਓਏ! ਆਲੇ ਜਿੱਡਾ ਮੂੰਹ ਚੱਕੀ ਆਉਂਦਾਂ, ਯਮਲੇ ਜੱਟ ਨੂੰ ਗੁਰੂ ਧਾਰਨਾ?’ ਮੈਂ ਨਿਆਣਾ ਸੀ, ਬੋਲਿਆ ਤਾਂ ਕੁਝ ਨਹੀਂ ਪਰ ਮੈਨੂੰ ਇਹ ਪਤਾ ਲੱਗ ਗਿਆ ਕਿ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਉਦਾਸ ਹੈ, ਬਿਮਾਰ ਹੈ, ਓਦਰ ਗਿਆ ਹੈ, ਤੇ ਅੱਜ ਹੌਂਸਲੇ ਦੀਆਂ ਮੱਠੀਆਂ ਲੈ ਕੇ ਗਵਰਨਰ ਸਾਹਿਬ ਆ ਰਹੇ ਨੇ। ਜਦ ਨੂੰ ਗੁਰਭਜਨ ਗਿੱਲ ਟੱਕਰ ਗਿਆ, ਨਾਲ ਹੀ ਗਵਰਨਰ ਦੀ ਕਾਰ ਵਿਚੋਂ ਜੱਸੋਵਾਲ ਉਤਰ ਆਇਆ, ਨਾਲ ਹੀ ਪਰਗਟ ਗਰੇਵਾਲ ਆ ਗਿਆ, ਨਾਲ ਹੀ ਮਹਿੰਦਰ ਸਿੰਘ ਚੀਮਾ। ਜੱਸੋਵਾਲ ਮੈਨੂੰ ਵੇਖ ਕੇ ਕਹਿਣ ਲੱਗਾ, ‘ਆਜਾ, ਆਜਾ ਅਸ਼ੋਕ ਤੂੰ ਹੈਥੇ ਕੀ ਕਰੀ ਜਾਨੈਂ।’ ਉਹ ਪੁਲਿਸ ਵਾਲਾ ਜਿਹੜਾ ਕੁਝ ਚਿਰ ਪਹਿਲਾਂ ‘ਓਏ’ ਆਖਦਾ ਸੀ, ਉਹਦਾ ਮੂੰਹ ਓਦਾਂ ਦਾ ਹੋ ਗਿਆ ਸੀ ਜਿਵੇਂ ਘੀਆ ਤੋਰੀ ਕਈ ਦਿਨਾਂ ਦੀ ਧੁੱਪੇ ਰੱਖੀ ਹੁੰਦੀ ਹੈ।
ਪੰਦਰਾਂ ਕੁ ਮਿੰਟ ਦਾ ਰੌਣਕ ਮੇਲਾ, ਯਮਲੇ ਜੱਟ ਦੀ ਅੱਧੀ ਬਿਮਾਰੀ ਤਾਂ ਹਟ ਗਈ ਸੀ ਕਿ ਪਹਿਲੀ ਵਾਰ ਉਹਦੀ ਕਲਾ ਨੂੰ ਸਰਕਾਰੀ ਸਨਮਾਨ ਮਿਲ ਰਿਹਾ ਸੀ। ਉਸੇ ਡੇਰੇ ‘ਤੇ ਜਿਥੇ ਉਸ ਦੇ ਚੇਲੇ ਤੂੰਬੀ ਦੇ ਪੋਟੇ ਲਾਉਣਾ ਸਿੱਖਣ ਆਉਂਦੇ ਸਨ, ਉਸ ਡੇਰੇ ਵਿਚ ਜਦੋਂ ਗਵਰਨਰ ਸੁਰਿੰਦਰ ਨਾਥ ਨੇ ਪੱਚੀ ਹਜ਼ਾਰ ਰੁਪਏ ਦਾ ਚੈਕ ਯਮਲੇ ਜੱਟ ਦੇ ਹੱਥਾਂ ‘ਤੇ ਰੱਖਿਆ ਤਾਂ ਕੰਬਦੇ ਹੱਥ ਹੀ ਮੱਥੇ ‘ਤੇ ਗਏ, ਚੈਕ ਭੁੰਜੇ ਡਿੱਗ ਪਿਆ ਤੇ ਯਮਲੇ ਜੱਟ ਦੇ ਬੋਲ ਸਨ, ‘ਅੱਜ ਮੇਰੀ ਗਾਇਕੀ ਦੇ ਚਰਖੇ ‘ਤੇ ਸੂਤ ਨਹੀਂ, ਰੇਸ਼ਮ ਕੱਤਿਆ ਗਿਆ ਹੈ।’
ਖੈਰ! ਇਹ ਚੈਕ ਵੀ ਯਮਲੇ ਜੱਟ ਦੀ ਉਮਰ ਲੰਮੀ ਨਹੀਂ ਕਰ ਸਕਿਆ। ਹਾਰਦੀ ਹੋਈ ਹਿੰਮਤ ਦੇ ਦੌਰਾਨ ਵਾਪਰੀ ਇਕ ਘਟਨਾ ਦਾ ਹੋਰ ਖੁਲਾਸਾ ਕਰਦਾ ਹਾਂ। ਮੈਂ ਤੇ ਜੱਸੋਵਾਲ ਸਿੱਧਵਾਂ ਕਾਲਜ ਤੋਂ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਤੇ ਉਹਦੇ ਪੁੱਤਰ ਸਤਿੰਦਰਪਾਲ ਨੂੰ ਮਿਲ ਕੇ ਪਰਤ ਰਹੇ ਸਾਂ। ਮੋਹਣ ਸਿੰਘ ਮੇਲਾ ਸਿਖਰ ‘ਤੇ ਸੀ। ਹਫਤਾ ਕੁ ਰਹਿੰਦਾ ਸੀ। ਜੱਸੋਵਾਲ ਮੈਨੂੰ ਕਹਿਣ ਲੱਗਾ ਕਿ ਗਾਇਕੀ ਦੀ ਨਿਸ਼ਾਨੀ ਪਤਾ ਨਹੀਂ ਕਦੋਂ ਗੁਆਚ ਜਾਵੇ, ਚੱਲਦੇ ਹਾਂ ਯਮਲੇ ਜੱਟ ਨੂੰ ਮਿਲਣ ‘ਤੇ ਥਰੀਕਿਆਂ ਵਾਲੇ ਮੋੜ ਤੋਂ ਉਨੇ ਡਰਾਈਵਰ ਦੇ ਮੋਢੇ ‘ਤੇ ਹੱਥ ਮਾਰ ਕੇ ਕਿਹਾ, ‘ਉਹ ਬਲਜੀਤ, ਗੱਡੀ ਚੱਲ ਸਿੱਧੀ ਯਮਲੇ ਜੱਟ ਦੇ ਡੇਰੇ ਨੂੰ ਪਾ ਲੈ।’
ਡੇਰੇ ਪੁੱਜੇ ਤਾਂ ਮੰਜੇ ‘ਤੇ ਲੰਮੇ ਪਏ ਯਮਲੇ ਦੀ ਇੱਕ ਲੱਤ ਹੇਠਾਂ ਲਮਕ ਰਹੀ ਸੀ, ਓੂਂ ਓਹ ਠੀਕ ਸੀ ਤੇ ਝੱਟ ਦੇਣੀ ਉਠ ਕੇ ਬਹਿ ਗਿਆ। ਜੱਸੋਵਾਲ ਨੇ ਨੱਕ ਵੱਟਿਆ, ਕਿਉਂਕਿ ਏਦਾਂ ਦਾ ਮੁਸ਼ਕ ਆ ਰਿਹਾ ਸੀ ਜਿਵੇਂ ਕਿਸੇ ਨੇ ਤਾਜ਼ਾ ਤਾਜ਼ਾ ਧੂਮਰਪਾਨ ਕੀਤਾ ਹੋਵੇ। ਸਮਝ ਯਮਲਾ ਜੱਟ ਵੀ ਗਿਆ ਸੀ ਕਿ ਜੱਸੋਵਾਲ ਦੇ ਨੱਕ ਨੂੰ ਕੀ ਹੋਇਆ ਹੈ, ਪਰ ਉਹ ਬੋਲਿਆ ਕੁਝ ਨਹੀਂ। ਜੱਸੋਵਾਲ ਨੇ ਹੌਲੀ ਦੇਣੀ ਕਿਹਾ, ‘ਯਮਲਿਆ ਜੱਟਾ ਗੁੱਸਾ ਨਾ ਕਰੀਂ, ਰੁੱਖੜਾ ਹੁਣ ਕਿਨਾਰੇ ‘ਤੇ ਖੜਾ ਹੋਇਐ, ਜ਼ਿੰਦਗੀ ਬੁਝਾਉਣ ਦਾ ਤੂਫਾਨ ਹੁਣ ਚੜ੍ਹਨ ਵਾਲਾ ਹੈ, ਚੱਕ ਦੇ ਬਰੇਕਾਂ ਤੋਂ ਪੈਰ ਤੇ ਭਜਾ ਦੇ ਐਤਕਾਂ ਮੋਹਣ ਸਿੰਘ ਮੇਲੇ ‘ਚ ਗੱਡੀ।’
ਉਹ ਮੁਰਝਾਏ ਬੁੱਲਾਂ ਨਾਲ ਹੱਸਿਆ ਤੇ ਹੌਲੀ ਦੇਣੀ ਕਹਿਣ ਲੱਗਿਆ, ‘ਹੁਣ ਸਾਥੋਂ ਧੁੱਪ ਹਾੜ੍ਹ ‘ਚ ਛਬੀਲਾਂ ਨਹੀਂ ਲੱਗਣੀਆਂ। ਇਹ ਯੁੱਗ ਚਮਕੀਲਿਆਂ ਦਾ ਆ, ਇਹ ਯੁੱਗ ਖੱਦਰ ਵਾਲਿਆਂ ਦਾ ਨਹੀਂ ਰਿਹਾ।’ ਉਹਨੇ ਕੀ ਕਿਹਾ ਸਮਝ ਮੈਂ ਵੀ ਗਿਆ ਸੀ, ਕਿਉਂਕਿ ਸਿਆਣਾ ਹਕੀਮ ਕਰੂਰਾ ਵੇਖ ਕੇ ਦੱਸ ਦਿੰਦਾ ਸੀ ਕਿ ਢਿੱਡ ਦੁਖਦਾ ਜਾਂ ਬੁਖਾਰ ਚੜ੍ਹਨ ਵਾਲਾ ਕਿ ਉਤਰਨ ਵਾਲਾ ਹੈ। ਪਰ ਜੱਸੋਵਾਲ ਦੀ ਅੜੀ ਨੇ ਉਹਦੀ ਕੋਈ ਗੱਲ ਨਾ ਸੁਣੀ।
ਫਿਰ ਮੇਲੇ ਤੋਂ ਦੋ ਦਿਨ ਪਹਿਲਾਂ ਜੱਸੋਵਾਲ ਨੇ ਆਪਣੇ ਗੁਰਦੇਵ ਨਗਰ ਵਾਲੇ ਘਰ ਵਿਚ ਯਮਲੇ ਨੂੰ ਧੁੱਪੇ ਬਿਠਾਇਆ ਹੋਇਆ ਸੀ। ਮੈਂ ਤੇ ਦੇਵ ਥਰੀਕਿਆਂ ਵਾਲਾ ਦਾਖਲ ਹੋਏ ਤਾਂ ਜੱਸੋਵਾਲ ਕਹਿਣ ਲੱਗਾ, ‘ਲੈ ਆ ਗਏ ਦੋ ਹੋਰ ਗਵਾਹ’ ਇਹ ਵੀ ਨ੍ਹੀਂ ਤੈਨੂੰ ਮਨ੍ਹਾਂ ਕਰਨਗੇ।’ ਹਾਲਾਂਕਿ ਸਾਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ।
ਇਹ ਘਟਨਾ ਉਸੇ ਥਾਂ ‘ਤੇ ਵਾਪਰੀ ਸੀ ਜਿਥੇ ਜੱਸੋਵਾਲ ਦੇ ਆਂਗਣ ‘ਚ ਇਕ ਪੇਂਟਿੰਗ ਬਣਾ ਕੇ ਉਪਰ ਲਿਖਿਆ ਹੋਇਆ ‘ਮੋਰ ਪਾਵੇ ਪੈਲ ਸੱਪ ਜਾਵੇ ਖੱਡ ਨੂੰ, ਬਗਲਾ ਭਗਤ ਚੱਕ ਲਿਆਵੇ ਡੱਡ ਨੂੰ।’ ਬਹਿੰਦਿਆਂ ਸਾਰ ਕਹਾਣੀ ਸਪੱਸ਼ਟ ਹੋ ਗਈ ਸੀ। ਇਨ-ਬਿਨ ਮੈਂ ਤੁਹਾਨੂੰ ਦੱਸਣ ਲੱਗਾਂ ਕਿ ਵਾਰਤਾਲਾਪ ਕਿਵੇਂ ਚੱਲ ਰਿਹਾ ਸੀ। ਜੱਸੋਵਾਲ ਬੋਲਿਆ, ‘ਵਿਸਕੀ ਵਰਗੀ ਕੁੜੀ ਵਾਲਾ ਗੀਤ ਤੈਨੂੰ ਮੇਲੇ ‘ਤੇ ਗਾਉਣ ਵਿਚ ਇਤਰਾਜ਼ ਕੀ ਹੈ। ਹੁਣ ਦੇਵ ਤੇ ਅਸ਼ੋਕ ਵੀ ਕੋਲ ਬੈਠੇ ਨੇ ਇਨ੍ਹਾਂ ਨੂੰ ਪੁੱਛ ਲੈ।’
ਉਹ ਇੱਕ ਮਿੰਟ ਚੁੱਪ ਰਿਹਾ, ਫਿਰ ਹੌਲੀ ਦੇਣੀ ਕਹਿਣ ਲੱਗਾ, ‘ਜੱਸੋਵਾਲ ਸਾਹਿਬ, ਗੀਤ ਗਲਤ ਨਹੀਂ, ਮੁੰਡੀਰ ਗਲਤ ਹੋ ਗਈ ਐ। ਅਰਥ ਕਿਸੇ ਨੇ ਸਮਝਣੇ ਨਹੀਂ ਤੇ ਸੁਆਹ ਮੈਂ ਬੁੱਢੇ ਵਾਰੇ ਸਿਰ ‘ਚ ਪੁਆ ਲੈਣੀ ਆ।’
ਦੇਵ ਨੇ ਹੁੰਗਾਰਾ ਭਰਿਆ, ‘ਜਥੇਦਾਰ ਜੀ, ਇਹ ਗੀਤ ਨਾ ਹੀ ਗੁਆਓ, ਅੜੀ ਕਾਹਦੀ ਆ?’ ਪਰ ਮੈਂ ਕੁਝ ਨਾ ਬੋਲਿਆ, ਇਸ ਕਰਕੇ ਕਿ ਮੈਨੂੰ ਵੀ ਗੀਤ ਦੀ ਸਮਝ ਨਹੀਂ ਸੀ। ਚਲੋ ਖੈਰ, ਸਾਗ ਨਾਲ ਰੋਟੀਆਂ ਖਾ ਕੇ ਇਹ ਬਾਤ ਵੀ ਇਥੇ ਹੀ ਮੁੱਕ ਗਈ। ਇਹ ਉਹ ਮੇਲਾ ਸੀ, ਓਸ ਮੇਲੇ ਤੋਂ ਪਹਿਲਾਂ ਜਿਸ ਵਿਚ ਯਮਲਾ ਗਲ ‘ਚ ਹਾਰ ਪੁਆ ਕੇ ਮੌਤ ਤੇ ਹੋਣੀ ਦੀਆਂ ਸੀਟੀਆਂ ਸੁਣਦਾ ਕੁਰਸੀ ‘ਤੇ ਬੈਠਾ ਸੀ।
ਜੱਸੋਵਾਲ ਦੇ ਘਰ ਗੱਲ ਵਾਪਰੀ ਮੇਰੇ ਮਨ ਵਿਚੋਂ ਨਿਕਲ ਚੁੱਕੀ ਸੀ ਤੇ ਇਹ ਵੀ ਨਹੀ ਤਾਂ ਪਤਾ ਸੀ ਕਿ ਜੰਮੂ ਕਸ਼ਮੀਰ ਵਰਗਾ ਸਮਝੌਤਾ ਕੀ ਸੀ? ਯਮਲੇ ਜੱਟ ਨੇ ਪਹਿਲਾ ਗੀਤ ਜਦੋਂ ਸਟੇਜ ‘ਤੇ ਗਾਇਆ ‘ਵਿਸਕੀ ਦੀ ਬੋਤਲ ਵਰਗੀ ਮੈਂ ਇਕ ਕੁੜੀ ਫਸਾ ਲਈ ਏ’ ਤੇ ਪੰਜਾਬੀ ਭਵਨ ਦਾ ਨੱਕੋ ਨੱਕ ਭਰਿਆ ਹਾਲ, ਸਮਾਂ ਰਾਤ ਦੇ ਸਾਢੇ ਨੌ ਵਜੇ ਦਾ, ਅੱਧੋਂ ਵੱਧ ਸ਼ਰਾਬੀ ਤੇ ਉਹ ਕਿਲਕਾਰੀਆਂ ਪਈਆਂ ਖੁਸ਼ੀ ਦੀਆਂ, ਜਿਹੜੀਆਂ ਕਦੇ ਇਸੇ ਸਟੇਜ ‘ਤੇ ਚਮਕੀਲੇ ਨੇ ‘ਟਕੂਏ ‘ਤੇ ਟਕੂਆ ਖੜਕੇ’ ਨਾਲ ਪੁਆਈਆਂ ਸਨ।
ਇਸੇ ਗੀਤ ਦੌਰਾਨ ਯਮਲੇ ਜੱਟ ਨੇ ਕਈ ਵਾਰ ਕਿਹਾ ਸੀ, ‘ਏਨਾ ਪਿਆਰ! ਏਨਾ ਮੈਨੂੰ ਕਦੇ ‘ਜਗਤੇ ਤੇ ਭਗਤੇ’ ਵਾਲੇ ਗੀਤ ਨਾਲ ਵੀ ਨਹੀਂ ਮਿਲਿਆ ਸੀ। ਅੱਜ ਮੈਨੂੰ ਪਤਾ ਲੱਗਾ ਕਿ ਜੱਸੋਵਾਲ ਉਸ ਨਿਆਣੇ ਵਾਂਗ ਅੜੀ ਕਿਉਂ ਕਰਦਾ ਸੀ ਜਿਹਨੂੰ ਚੁੰਘਣੀ ਨਾਲ ਦੁੱਧ ਚੁੰਘਣ ਦੀ ਆਦਤ ਨਹੀਂ ਹੁੰਦੀ। ਖੈਰ! ਗੀਤ ਤਾਂ ਉਸ ਤੋਂ ਬਾਅਦ ਵੀ ਯਮਲੇ ਨੇ ਗਾਏ ਪਰ ਇਹ ਓਸ ਵਰ੍ਹੇ ਦਾ ਮੇਲਾ ‘ਵਿਸਕੀ ਦੀ ਬੋਤਲ’ ਨਾਲ ਓਵੇਂ ਯਮਲੇ ਜੱਟ ਦੇ ਨਾਮ ਹੋ ਗਿਆ ਸੀ ਜਿਵੇਂ ਇਕ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪੰਜਾਬ ਦੇ ਸਾਰੇ ਠੇਕਿਆਂ ‘ਤੇ ਪੌਂਟੀ ਚੱਢੇ ਦਾ ਕਬਜ਼ਾ ਸੀ।
ਹਾਲਾਤ ਇਹ ਰਹੇ ਕਿ ਇਸ ਗੀਤ ਨਾਲ ਯਮਲੇ ਜੱਟ ਦੀ ਬਦਖੋਹੀ ਵੀ ਬੜੀ ਵਾਰ ਹੋਈ। ਕੋਈ ਉਸ ‘ਤੇ ਇਤਰਾਜ ਕਰ ਰਿਹਾ ਸੀ ਕਿ ‘ਤੇਰੇ ਹੱਥ ਵਿਚ ਚਾਬੀ ਓਹ ਦਾਤਾ ਸਾਰੇ ਸੰਸਾਰ ਦੀ’ ਗਾਉਣ ਵਾਲੇ ਯਮਲੇ ਨੂੰ ‘ਵਿਸਕੀ ਦਾ ਲਕਵਾ’ ਹੋ ਕਿਉਂ ਗਿਆ?
ਇਸ ਹੱਕ ਤੇ ਵਿਰੋਧ ਦੀਆਂ ਗੱਲਾਂ ਮੈਂ ਕਿੰਨਾ ਚਿਰ ਸੁਣਦਾ ਰਿਹਾਂ। ਫਿਰ ਉਹਦੇ ਡੇਰੇ ਗਿਆ। ਉਹ ਧੁੱਪੇ ਕੁਰਸੀ ‘ਤੇ ਦੋਵੇਂ ਲੱਤਾਂ ਰੱਖ ਕੇ ਬੈਠਾ ਸੀ। ਇਹ ਖਾਸ ਦਿਨ ਮੇਰੇ ਲਈ ਇਸ ਕਰਕੇ ਸੀ ਕਿ ਮੈਂ ਯਮਲੇ ਜੱਟ ਨੂੰ ਨੰਗੇ ਸਿਰ ਪਹਿਲੀ ਵਾਰ ਵੇਖਿਆ ਸੀ। ਮੈਂ ਪੁੱਛਿਆ, ‘ਇਹ ਗੀਤ ਲਿਖਣ ਤੇ ਗਾਉਣ ਦੀ ਤੇਰੀ ਕੀ ਮਜਬੂਰੀ ਸੀ?’
ਉਹਦੇ ਚਿਹਰੇ ‘ਤੇ ਹੈਰਾਨੀ ਤੇ ਦੁੱਖ ਸੀ, ਕਹਿਣ ਲੱਗਾ, ‘ਸੁਣਦੇ ਸੀ ਤੂੰ ਚੰਗਾ ਲਿਖਦੈਂ, ਪਰ ਮੈਨੂੰ ਅੱਜ ਲੱਗਾ ਕਿ ਗਾਇਕੀ ਦੀ ਸਮਝ ਤੈਨੂੰ ਵੀ ਅਜੇ ਪੂਰੀ ਨਹੀਂ।’ ਫਿਰ ਉਹ ਚੁੱਪ ਕਰ ਗਿਆ।
‘ਤੇ ਮੇਰੀ ਹਾਲਤ ਇੱਦਾਂ ਦੀ ਬਣ ਗਈ ਸੀ ਕਿ ਜਿਵੇਂ ਤਾਜ਼ਾ ਜੰਮੇ ਵੱਛੇ ਦੇ ਨੱਕ ‘ਚ ਬੋਰੀਆਂ ਸੀਊਣ ਵਾਲੇ ਸੂਏ ਨਾਲ ਨੱਥ ਪਾ ਦਿੱਤੀ ਹੋਵੇ। ਫਰਕ ਸਿਰਫ ਇੰਨਾ ਸੀ ਕਿ ਨਾ ਮੈਂ ਹਿੱਲਿਆ, ਨਾ ਮੈਂ ਟੱਪਿਆ ਪਰ ਉਹ ਮੇਰਾ ਬਿਨਾਂ ਤਰੇਲੀ ਵਾਲਾ ਚਿਹਰਾ ਪੜ੍ਹ ਕੇ ਆਪ ਹੀ ਬੋਲ ਪਿਆ, ਉਵੇਂ ਜਿਵੇਂ ਹਕੀਮ ਰੋਗੀ ਨੂੰ ਦਵਾ ਖਾਣ ਲਈ ਨੁਸਖੇ ਦੱਸਦੇ ਹੁੰਦੇ ਨੇ। ਕਹਿਣ ਲੱਗਾ, ‘ਅਸ਼ੋਕ, ਬੱਚੇ ਨੂੰ ਕੌੜੀ ਦਵਾਈ ਦੇਣੀ ਹੋਵੇ ਤਾਂ ਮਾਂ ਬਾਅਦ ‘ਚ ਪਾਣੀ ਨਾਲ ਮਿੱਠੇ ਦਾ ਚਮਚਾ ਹੱਥ ਵਿਚ ਰੱਖਦੀ ਐ, ਇਸ ਗੀਤ ਦੇ ਅਸਲ ‘ਚ ਅਰਥ ਇਹ ਹਨ ਕਿ ਮੈਂ ਜ਼ਿੰਦਗੀ ਦੇ ਨਸ਼ੇ ਦੀ ਗੱਲ ਕੀਤੀ ਹੈ। ਮੈਂ ਨਾ ਉਨ੍ਹਾਂ ਕੁੜੀਆਂ ਦੀ ਗੱਲ ਕਰਦਾਂ ਜਿਹੜੀਆਂ ਮੇਰੀਆਂ ਧੀਆਂ ਵਰਗੀਆਂ ਨੇ, ਨਾ ਉਨ੍ਹਾਂ ਬੋਤਲਾਂ ਦੀ ਗੱਲ ਕਰਦਾਂ ਜਿਹੜੀਆਂ ਠੇਕੇ ਦੀ ਸ਼ੈਲਫ ‘ਤੇ ਚਿਣੀਆਂ ਹੁੰਦੀਆ ਨੇ। ਇਸ ਗੀਤ ਦਾ ਸੁਭਾਅ ਮੈਂ ਇਸ ਕਰਕੇ ਏਦਾਂ ਦਾ ਰੱਖਿਆ ਸੀ ਜਿਵੇਂ ਬੁੱਲ੍ਹੇ ਸ਼ਾਹ ਕਹਿੰਦਾ ਰਿਹਾ ਕਿ ‘ਮੈਨੂੰ ਨੱਚ ਕੇ ਯਾਰ ਮਨਾਵਣ ਦੇ’। ਬੁੱਲ੍ਹੇ ਸ਼ਾਹ ਦਾ ਯਾਰ ਰੱਬ ਸੀ, ਤੇ ਵਿਸਕੀ ਦੀ ਬੋਤਲ ਮੇਰੇ ਲਈ ਇਬਾਦਤ ਸੀ। ਤੇ ਮੈਂ ਦੁਨੀਆਂ ਨੂੰ ਕਿਵੇਂ ਸਮਝਾਵਾਂ ਕਿ ਨਸ਼ਾ ਬੋਤਲ ‘ਚ ਨਹੀਂ ਹੁੰਦਾ, ਨਸ਼ਾ ਤੁਹਾਡੇ ਅੰਦਰ ਹੰਦਾ ਏ।’
ਖੈਰ, ਉਸ ਦਿਨ ਤੋਂ ਬਾਅਦ ਯਮਲੇ ਜੱਟ ਨਾਲ ਫੇਰ ਮੇਰਾ ਮੇਲ ਨਾ ਹੋਇਆ ਤੇ ਫਿਰ ਉਦੋਂ ਹੀ ਖਬਰ ਮੇਰੇ ਤੱਕ ਪੁੱਜੀ ਜਦੋਂ ਉਹ ਡੇਰੇ ਨੂੰ ਛੱਡ ਕੇ ਸਭ ਕੁਝ ਸੁੰਨਾ ਕਰ ਗਿਆ ਸੀ।
ਇਹ ਗੱਲ ਕਹਿਣ ‘ਚ ਮੈਂ ਬੁਰਾ ਵੀ ਨਹੀਂ ਮੰਨਦਾ ਕਿ ਲਾਲ ਚੰਦ ਯਮਲੇ ਜੱਟ ਦੇ ਗਾਣੇ ਵੀ ਬਹੁਤ ਸਨ ਤੇ ਨਿਆਣੇ ਵੀ। ਪਰ ਜਿਸ ਗੱਲ ਨੂੰ ਉਹ ਝੂਰਦਾ ਰਿਹਾ ਉਹ ਇਹ ਸੀ ਕਿ ਇਨ੍ਹਾਂ ਪੰਜਾਂ ਛੇਆਂ ‘ਚੋਂ ਕਿਸੇ ਨੇ ਵੀ ਯਮਲਾ ਜੱਟ ਨਹੀਂ ਬਣਨਾ। ਹਾਂ, ਇਹ ਵੱਖਰੀ ਗੱਲ ਹੈ ਕਿ ਇਸ ਦਰਖਤ ਦੇ ਫਲ ਬਹੁਤ ਛੇਤੀ ਝੜ ਗਏ। ਜਸਦੇਵ ਯਮਲਾ ‘ਛੱਲਾ’ ਗਾ ਕੇ ਮਾੜਾ ਮੋਟਾ ਨਹੀਂ ਚੰਗਾ ਭਲਾ ਯਮਲੇ ਦੇ ਨਾਂ ਨੂੰ ਧੂਫ ਬੱਤੀ ਕਰ ਰਿਹਾ ਹੈ। ਯਮਲੇ ਦੇ ਨਾਂ ਦੀ ਪੂਜਾ ਕਰਨ ਦੇ ਇਵਜ਼ਾਨੇ ‘ਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾæ ਜਸਪਾਲ ਸਿੰਘ ਨੇ ਉਹਦੇ ਪੋਤਰੇ ਵਿਜੇ ਯਮਲੇ ਨੂੰ ਨੌਕਰੀ ਦੇ ਦਿੱਤੀ ਹੈ ਅਤੇ ਦਿੱਤੀ ਭਾਵੇਂ ਦਰਜਾ ਚਾਰ ਦੀ ਹੀ ਹੈ ਕਿਉਂਕਿ ਇਹ ਪਰਿਵਾਰ ਤੂੰਬੀਆਂ ਬਣਾਉਣ ਤੇ ਵਜਾਉਣ ਵਿਚ ਤਾਂ ਮਾਹਿਰ ਰਿਹਾ ਪਰ ਅੱਖਰ ਗਿਆਨ ਵਿਚ ਅਧੂਰਾ ਹੀ ਰਹਿ ਗਿਆ।
ਸ਼ੌਕੀ ਮੇਲੇ ਦੀਆਂ ਦੋ ਘਟਨਾਵਾਂ ਇਹ ਜੁੜੀਆਂ ਹੋਈਆਂ ਹਨ ਕਿ ਮੇਰੇ ਕਹੇ ਤੇ ਢਾਡੀ ਸੋਹਣ ਸਿੰਘ ਸੀਤਲ ਨੇ ਸ਼ੌਂਕੀ ਐਵਾਰਡ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਮੈਂ ਗੁਰੂਘਰ ਦਾ ਸਿੱਖ, ਪੰਥ ਦਾ ਢਾਡੀ ਹਾਂ ਤੇ ਸ਼ਰਾਬ ਪੀਣ ਵਾਲੇ ਸ਼ੌਂਕੀ ਤੇ ਮਿਰਜ਼ਾ ਗਾਉਣ ਵਾਲੇ ਅਮਰ ਸਿੰਘ ਦਾ ਐਵਾਰਡ ਲੈਣ ‘ਚ ਆਪਣੀ ਹੱਤਕ ਸਮਝਦਾ ਹਾਂ। ਯਮਲੇ ਜੱਟ ਨੇ ਮੇਰੀ ਬੇਨਤੀ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਸੀ, ‘ਉਹ ਜੁਆਨਾ ਛੱਡ ਪਰ੍ਹੇ, ਸ਼ੌਂਕੀ ਮੇਰੇ ਨਾਲੋਂ ਵੱਡਾ ਗਵੱਈਆ ਸੀ ਕਿਤੇ? ਮੈਂ ਉਹਦੇ ਨਾਂ ‘ਤੇ ਦਿੱਤਾ ਜਾਣ ਵਾਲਾ ਸਨਮਾਨ ਤੇਰੇ ਕਹੇ ਤਾਂ ਕੀ ਕਿਸੇ ਸਰਕਾਰ ਦੇ ਕਹੇ ਵੀ ਲੈਣ ਨਹੀਂ ਜਾਵਾਂਗਾ।’ ਸੱਚ ਇਹ ਹੈ ਕਿ ਇਹ ਗੱਲ ਮੈਨੂੰ ਚੁਭਦੀ ਬਹੁਤ ਦੇਰ ਰਹੀ। ਪਰ ਹੁਣ ਆ ਕੇ ਮੈਨੂੰ ਲੱਗਦਾ ਕਿ ਅਸੂਲ ਜ਼ਿੰਦਗੀ ਤੋਂ ਪਿਆਰੇ ਕਿਉਂ ਹੁੰਦੇ ਹਨ?
ਅਸਲ ‘ਚ ਕਈ ਵਾਰ ਕੱਚੀਆਂ ਕੰਧਾਂ ‘ਤੇ ਉਹ ਮਾਟੋ ਲਿਖ ਦਿੱਤੇ ਗਏ ਹੁੰਦੇ ਹਨ ਜਿਨ੍ਹਾਂ ਦਾ ਸਬੰਧ ਕਈ ਆਉਣ ਵਾਲੀਆਂ ਨਸਲਾਂ ਨਾਲ ਹੁੰਦਾ ਹੈ, ਲਿਖਣ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਕਿ ਕੱਚੀਆਂ ਕੰਧਾਂ ਦੀ ਉਮਰ ਅਕਸਰ ਜ਼ਿੰਦਗੀ ਵਰਗੀ ਹੀ ਹੁੰਦੀ ਹੈ।
ਮੈਂ ਯਮਲੇ ਨੂੰ ਜਾਣਦਾ ਹਾਂ ਇਸ ਕਰਕੇ ਵੀ ਕਿ ਉਹਦੀ ਸਾਥਣ ਗਾਇਕਾ ਮਹਿੰਦਰਜੀਤ ਕੌਰ ਸੇਖੋਂ ਉਹਦੀ ਰੱਜ ਕੇ ਸੇਵਾ ਤਾਂ ਕਰਦੀ ਸੀ ਪਰ ਏਨੀ ਕਿਉਂ? ਪਤਾ ਨਹੀਂ।
ਮੈਨੂੰ ਇਹ ਵੀ ਦੱਸਣ ਦੀ ਲੋੜ ਨਹੀਂ ਕਿ ਯਮਲੇ ਜੱਟ ਦਾ ਘੋੜਾਗਾੜੀ ਬੀੜੀਆਂ ਦੇ ਬੰਡਲ ਨਾਲ ਕੀ ਸਬੰਧ ਸੀ?
ਇਹ ਵੀ ਸੱਚ ਹੈ ਕਿ ਮੈਂ ਜਸਦੇਵ ਯਮਲੇ ਨਾਲ ਯਮਲੇ ਦੇ ਡੇਰੇ ‘ਤੇ ਪੈਗ ਤਾਂ ਪੀਤਾ ਪਰ ਮੈਂ ਉਸ ਉਸਤਾਦ ਲਾਲ ਚੰਦ ਯਮਲੇ ਜੱਟ ਨੂੰ ਕਦੇ ਘੁੱਟ ਲਾਉਂਦਿਆਂ ਨਹੀਂ ਵੇਖਿਆ। ਵਿਸਕੀ, ਬੋਤਲ ਜਾਂ ਨਸ਼ੇ ਨਾਲ ਉਹਦਾ ਪਟਵਾਰੀ, ਕਨੂੰਨਗੋ ਤੇ ਜ਼ਮੀਨ ਵਾਂਗ ਕਿੰਨਾ ਕੁ ਤਾਲੁਕਾਤ ਸੀ ਇਹ ਵੀ ਮੈਨੂੰ ਨਹੀਂ ਪਤਾ। ਪਰ ਮੈਂ ਇਹ ਕਹਿਣ ਵਿਚ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਵੀ ਉਸੇ ਯੁੱਗ ਵਿਚ ਵਿਚਰਿਆ ਹਾਂ ਜਿਹੜਾ ਯਮਲੇ ਜੱਟ ਦਾ ਸੀ। ਤੇ ਜਿਸ ਯਮਲੇ ਜੱਟ ਨੂੰ ਤੇ ਉਹਦੀ ਗਾਇਕੀ ਨੂੰ ਆਉਣ ਵਾਲੀਆਂ ਨਸਲਾਂ ਕਦੇ ਵੀ ਨਹੀਂ ਵਿਸਾਰਨਗੀਆਂ। ਭਾਵੇਂ ਖੂਹ ਤੇ ਖੂਹੇ ਨਹੀਂ ਰਹੇ ਪਰ;
ਜੰਗਲ ਦੇ ਵਿਚ ਖੂਹਾ ਲੁਆ ਦੇ, ਉਤੇ ਪੁਆ ਦੇ ਡੋਲ
ਸਖੀਆ ਨਾਮ ਸਾਈਂ ਦਾ ਬੋਲ, ਓਹ ਸਖੀਆ।
ਅਮਰ ਰਹਿਣਗੇ ਉਦੋਂ ਤੱਕ ਜਦੋਂ ਤੱਕ ਚੰਦ ਤੇ ਸੂਰਜ ਇਕ ਦੂਜੇ ਨਾਲ ਹੱਥ ਮਿਲਾਉਂਦੇ ਰਹਿਣਗੇ।
æææਇਸੇ ਲਈ ਯਮਲਾ ਜੱਟ ਜਿਊਂਦਾ ਹੈ, ਜਿਊਂਦਾ ਰਹੇਗਾ ਅਤੇ ਇਸੇ ਨੂੰ ਅਮਰ ਹੋਣਾ ਕਹਿੰਦੇ ਨੇ।
ਗੱਲ ਬਣੀ ਕਿ ਨਹੀਂ
ਐਸ ਅਸ਼ੋਕ ਭੌਰਾ
ਹੱਥ ‘ਚ ਬਟੇਰਾ
ਕਾਂਵਾਂ ਦੇ ਆਖਿਆਂ ‘ਤੇ ਢੱਗੇ ਕਦੋਂ ਮਰ ਜਾਂਦੇ,
ਜਣੇ-ਖਣੇ ਮੂਹਰੇ ਕਦੇ ਹੱਥ ਨਹੀਂਓ ਅੱਡੀਦਾ।
ਬਣਦੀ ਨ੍ਹੀਂ ਗੱਲ ਲੱਖ ਜ਼ੋਰ ਲਾ ਕੇ ਵੇਖ ਲਈਏ,
ਇਕ ਵੀ ਖਰਾਬ ਹੋਵੇ ਪਹੀਆ ਕਿਸੇ ਗੱਡੀ ਦਾ।
ਫੁਕਰੇ ਕਮੀਨੇ ਗਲ ਮੁੜ ਮੁੜ ਲਾਈਦੇ ਨ੍ਹੀਂ,
ਇਹੋ ਜਿਹੇ ਨਿਕੰਮਿਆਂ ਦਾ ਫਾਹਾ ਵਿਚੋਂ ਵੱਡੀਦਾ।
ਚੋਰ ਯਾਰ ਬਣੇ, ਬੰਦਾ ਹੋਵੇ ਨਾ ਅਕ੍ਰਿਤਘਣ,
ਤੇ ਹੱਥ ‘ਚ ਬਟੇਰਾ ਆਇਆ ‘ਭੌਰੇ’ ਨਹੀਓਂ ਛੱਡੀਦਾ।