ਰੂਪ ਤੇ ਅਦਾਕਾਰੀ ਦਾ ਸੁਮੇਲ-ਮਾਲਾ ਸਿਨ੍ਹਾ

ਖੂਬਸੂਰਤੀ ਨਾਲ ਬਿਹਤਰੀਨ ਅਦਾਕਾਰੀ ਦਾ ਸੰਗਮ ਭਾਵ ਅਦਾਕਾਰਾ ਮਾਲਾ ਸਿਨ੍ਹਾ ਬਾਲੀਵੁੱਡ ਦੀਆਂ ਅਜਿਹੀਆਂ ਕੁਝ ਹੀ ਅਭਿਨੇਤਰੀਆਂ ਵਿਚੋਂ ਇਕ ਹੈ। 11 ਨਵੰਬਰ, 1936 ਨੂੰ ਪੈਦਾ ਹੋਈ ਮਾਲਾ ਸਿਨ੍ਹਾ ਦਾ ਪਿਤਾ ਬੰਗਾਲੀ ਤੇ ਮਾਂ ਨੇਪਾਲੀ ਸੀ। ਉਸ ਦੇ ਬਚਪਨ ਦਾ ਨਾਂ ਆਲਡਾ ਸੀ। ਉਸ ਦੇ ਸਕੂਲ ਦੀ ਸਹਿਪਾਠੀ ਉਸ ਨੂੰ ਖਿਝਾਉਣ ਲਈ ‘ਡਾਲਡਾ’ ਕਹਿ ਕੇ ਬੁਲਾਉਂਦੀ ਸਨ। ਇਸ ਲਈ ਬਾਅਦ ਵਿਚ ਉਸ ਨੇ ਆਪਣਾ ਨਾਂ ਆਲਡਾ ਸਿਨ੍ਹਾ ਦੀ ਥਾਂ ਮਾਲਾ ਸਿਨ੍ਹਾ ਰੱਖ ਲਿਆ।
ਉਹ ਬਚਪਨ ਤੋਂ ਹੀ ਅਦਾਕਾਰਾ ਨਰਗਿਸ ਤੋਂ ਪ੍ਰਭਾਵਿਤ ਸੀ ਤੇ ਅੱਗੇ ਚੱਲ ਕੇ ਉਸ ਵਾਂਗ ਹੀ ਅਦਾਕਾਰਾ ਬਣਨ ਦਾ ਸੁਪਨਾ ਦੇਖਦੀ ਸੀ ਪਰ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਲ ਇੰਡੀਆ ਰੇਡੀਓ ਦੇ ਕੋਲਕਾਤਾ ਕੇਂਦਰ ਤੋਂ ਬਤੌਰ ਗਾਇਕਾ ਕੀਤੀ। ਉਂਜ ਸਕੂਲ ਦੇ ਇਕ ਨਾਟਕ ਵਿਚ ਉਸ ਦੀ ਅਦਾਕਾਰੀ ਨੂੰ ਦੇਖ ਕੇ ਬੰਗਾਲੀ ਨਿਰਦੇਸ਼ਕ ਅਧੇਂਦਰੂ ਬੋਸ ਨੇ ਉਸ ਨੂੰ ਆਪਣੀ ਫ਼ਿਲਮ ‘ਰੋਸ਼ਨ ਆਰਾ’ ਵਿਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਜਿਸ ਨੂੰ ਉਸ ਨੇ ਸਵੀਕਾਰ ਵੀ ਕਰ ਲਿਆ।
ਭਾਵੇਂਕਿ ਇਸ ਤੋਂ ਪਹਿਲਾਂ ‘ਜੈ ਵੈਸ਼ਨੋ ਦੇਵੀ’ ਵਿਚ ਬਤੌਰ ਬਾਲ ਕਲਾਕਾਰ ਵੀ ਕੰਮ ਕੀਤਾ ਸੀ ਪਰ ‘ਰੋਸ਼ਨ ਆਰਾ’ ਤੋਂ ਬਾਅਦ ਤਾਂ ਫਿਰ ਮਾਲਾ ਸਿਨ੍ਹਾ ਨੇ ਕਈ ਬੰਗਾਲੀ ਫ਼ਿਲਮਾਂ ਵਿਚ ਕੰਮ ਕੀਤਾ। ਇਕ ਵਾਰ ਬੰਗਾਲੀ ਫ਼ਿਲਮ ਦੀ ਸ਼ੂਟਿੰਗ ਦੇ ਸਿਲਸਿਲੇ ਵਿਚ ਜਦੋਂ ਉਸ ਨੂੰ ਮੁੰਬਈ ਆਉਣ ਦਾ ਮੌਕਾ ਮਿਲਿਆ ਤਾਂ ਇਥੇ ਉਸ ਦੀ ਮੁਲਾਕਾਤ ਪਿੱਠਵਰਤੀ ਗਾਇਕਾ ਗੀਤਾ ਦੱਤ ਨਾਲ ਹੋਈ। ਮਾਲਾ ਸਿਨ੍ਹਾ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋ ਕੇ ਗੀਤਾ ਨੇ ਉਸ ਨੂੰ ਨਿਰਮਾਤਾ-ਨਿਰਦੇਸ਼ਕ ਕੇਦਾਰ ਸ਼ਰਮਾ ਨੂੰ ਮਿਲਣ ਦੀ ਸਲਾਹ ਦਿੱਤੀ ਜਿਸ ਨੇ ਮਾਲਾ ਨੂੰ ਆਪਣੀ ਫ਼ਿਲਮ ‘ਬਾਦਸ਼ਾਹ’ (1954) ਵਿਚ ਹੀਰੋ ਪ੍ਰਦੀਪ ਕੁਮਾਰ ਦੇ ਆਪੋਜ਼ਿਟ ਹੀਰੋਇਨ ਦਾ ਰੋਲ ਦੇ ਦਿੱਤਾ।
ਸ਼ੁਰੂ ਵਿਚ ਮਾਲਾ ਸਿਨ੍ਹਾ ਦੀਆਂ ਕਈ ਹਿੰਦੀ ਫ਼ਿਲਮਾਂ ਫਲਾਪ ਹੋ ਗਈਆਂ ਤਾਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਨੇਪਾਲੀ ਨੈਣ-ਨਕਸ਼ਾਂ ਵਾਲੀ ਇਹ ਕੁੜੀ ਹਿੰਦੀ ਫ਼ਿਲਮਾਂ ਵਿਚ ਨਹੀਂ ਚੱਲ ਸਕੇਗੀ ਪਰ ਆਪਣੀ ਮਿਹਨਤ, ਲਗਨ ਤੇ ਪ੍ਰਤਿਭਾ ਦੇ ਦਮ ‘ਤੇ ਉਸ ਨੇ ਆਪਣੇ ਲਈ ਹਿੰਦੀ ਫ਼ਿਲਮਾਂ ਵਿਚ ਜੋ ਰਸਤਾ ਤੈਅ ਕੀਤਾ, ਉਸ ਨੇ ਉਸ ‘ਤੇ ਟਿੱਪਣੀ ਕਰਨ ਵਾਲਿਆਂ ਦੇ ਮੂੰਹ ਬੰਦ ਕਰਵਾ ਦਿੱਤੇ।
1957 ਵਿਚ ਆਈ ‘ਪਿਆਸਾ’ ਨੇ ਮਾਲਾ ਸਿਨ੍ਹਾ ਦੀ ਕਿਸਮਤ ਹੀ ਬਦਲ ਦਿੱਤੀ। ਬਿਹਤਰੀਨ ਗੀਤ-ਸੰਗੀਤ ਤੇ ਅਦਾਕਾਰੀ ਨਾਲ ਸਜੀ ਇਸ ਫ਼ਿਲਮ ਦੀ ਸਫਲਤਾ ਨੇ ਮਾਲਾ ਸਿਨ੍ਹਾ ਨੂੰ ‘ਸਟਾਰ’ ਬਣਾ ਦਿੱਤਾ। ‘ਜਹਾਂਆਰਾ’ ਤੇ ‘ਮਰਿਆਦਾ’ ਵਰਗੀਆਂ ਫ਼ਿਲਮਾਂ ਤੋਂ ਬਾਅਦ 60 ਦੇ ਦਹਾਕੇ ਵਿਚ ਤਾਂ ਮਾਲਾ ਸਿਨ੍ਹਾ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ। ਖਾਸ ਗੱਲ ਇਹ ਹੈ ਕਿ ਇਨ੍ਹਾਂ ਫ਼ਿਲਮਾਂ ਵਿਚ ਮਾਲਾ ਸਿਨ੍ਹਾ ਨੇ ਆਪਣੇ ਜ਼ਮਾਨੇ ਦੇ ਸਾਰੇ ਟੌਪ ਹੀਰੋਜ਼ ਨਾਲ ਕੰਮ ਕੀਤਾ ਪਰ ਉਸ ਦੀ ਜੋੜੀ ਧਰਮਿੰਦਰ ਨਾਲ ਸਭ ਤੋਂ ਵਧੇਰੇ ਪਸੰਦ ਕੀਤੀ ਗਈ।
ਮਾਲਾ ਸਿਨ੍ਹਾ ਦੀ ਪਹਿਲੀ ਹਿੰਦੀ ਫ਼ਿਲਮ 1954 ਵਿਚ ਆਈ ਤੇ 1985 ਤੱਕ ਉਹ ਲਗਾਤਾਰ ਕੰਮ ਕਰਦੀ ਰਹੀ। 1985 ਵਿਚ ‘ਦਿਲ ਤੁਝਕੋ ਦੀਆ’ ਵਿਚ ਕੰਮ ਕਰਨ ਦੌਰਾਨ ਉਸ ਨੂੰ ਅਹਿਸਾਸ ਹੋ ਗਿਆ ਕਿ ਹੁਣ ਉਸ ਦੀ ਉਮਰ ਹੀਰੋਇਨ ਬਣਨ ਦੀ ਨਹੀਂ ਰਹੀ ਤੇ ਚੁੱਪ-ਚਾਪ ਅਦਾਕਾਰੀ ਤੋਂ ਆਪਣਾ ਬੋਰੀਆ-ਬਿਸਤਰਾ ਸਮੇਟ ਲਿਆ। ਭਾਵੇਂਕਿ ਉਹ ਫ਼ਿਲਮ ‘ਖੇਲ’ (1991), ‘ਰਾਧਾ ਕਾ ਸੰਗਮ’ (1992) ਅਤੇ ‘ਜ਼ਿਦ’ (1994) ਵਿਚ ਵੀ ਨਜ਼ਰ ਆਈ। 1966 ਵਿਚ ਮਾਲਾ ਸਿਨ੍ਹਾ ਨੂੰ ਆਪਣੀ ਨੇਪਾਲੀ ਫ਼ਿਲਮ ‘ਮਾਟੀਘਰ’ ਦੇ ਅਦਾਕਾਰ ਸੀæਪੀæ ਲਹਾਨੀ ਨਾਲ ਪਿਆਰ ਹੋ ਗਿਆ ਤੇ ਪਿੱਛੋਂ ਦੋਵਾਂ ਨੇ ਵਿਆਹ ਕਰਵਾ ਲਿਆ।

Be the first to comment

Leave a Reply

Your email address will not be published.