ਈਦ-ਉਲ-ਫਿਤਰ, ਮਲੇਰਕੋਟਲਾ ਤੇ ਮੇਰੇ ਮਿੱਤਰ

ਗੁਲਜ਼ਾਰ ਸਿੰਘ ਸੰਧੂ
ਜਦੋਂ ਕਸ਼ਮੀਰ ਦੀ ਵਾਦੀ ਵਿਚ ਈਦ-ਉਲ-ਫਿਤਰ ਦੇ ਮੌਕੇ ਹੋਈਆਂ ਆਪਸੀ ਝੜਪਾਂ ਤੇ ਵਾਹਗਾ ਸਰਹੱਦ ਉਤੇ ਪਾਕਿਸਤਾਨੀ ਰੇਂਜਰਾਂ ਵਲੋਂ ਬੀ ਐਸ ਐਫ ਦੀ ਮਿਠਾਈ ਨਾ ਪ੍ਰਵਾਨ ਕਰਨ ਦੀਆਂ ਖਬਰਾਂ ਮੀਡੀਆ ਵਿਚ ਆ ਰਹੀਆਂ ਸਨ ਤਾਂ ਮੇਰੀ ਚੰਡੀਗੜ੍ਹ ਰਿਹਾਇਸ਼ ‘ਤੇ ਮਲੇਰਕੋਟਲੇ ਦਾ ਵਫਾਦ ਈਦ ਦੀ ਮਿਠਾਈ ਦੇਣ ਆਇਆ।

ਵਫਦ ਵਿਚ ਜਮਾਤ-ਏ-ਇਸਲਾਮ-ਏ-ਹਿੰਦ ਦੀ ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਇਕਾਈ ਦਾ ਚੇਅਰਮੈਨ ਅਬਦੁਲ ਸ਼ਕੂਰ, ‘ਪਹੁ ਫੁਟਾਲਾ’ ਦਾ ਕਾਰਜਕਾਰੀ ਸੰਪਾਦਕ ਰਮਜ਼ਾਨ ਸਈਅਦ ਤੇ ਨੌਜਵਾਨ ਸ਼ੀਰਾਜ਼ ਅਹਿਮਦ ਸ਼ਾਮਲ ਸਨ। ਸਬੱਬ ਨਾਲ ਐਨ ਇਸੇ ਮੌਕੇ ‘ਸਾਡੇ ਪਿੰਡ’ ਰਸਾਲੇ ਦਾ ਸੰਪਾਦਕ ਜਗਤਾਰ ਸਿੱਧੂ ਵੀ ਆ ਪਹੁੰਚਿਆ। ਅਸੀਂ ਸਭਨਾਂ ਨੇ ਮਲੇਰਕੋਟਲੇ ਵਾਲਿਆਂ ਦੀ ਹਾਜੀ ਮਿਸ਼ਠਾਨ ਭੰਡਾਰ ਤੋਂ ਲਿਆਂਦੀ ਬਰਫੀ ਖਾਧੀ ਤੇ ਮੇਰੀ ਪਤਨੀ ਨੇ ਘਰ ਦੀਆਂ ਬਣੀਆਂ ਸੇਵੀਆਂ ਨਾਲ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।
ਮਲੇਰਕੋਟਲੇ ਦੇ ਮੁਸਲਮਾਨਾਂ ਨਾਲ ਪੰਜਾਬ ਦੇ ਸਿੱਖਾਂ ਦਾ ਇਹ ਨਾਤਾ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਚਲਿਆ ਆ ਰਿਹਾ ਹੈ। ਉਥੋਂ ਦੇ ਨਵਾਬ ਸ਼ੇਰ ਮੁਹੱਮਦ ਖਾਨ ਨੇ ਉਸ ਵੇਲੇ ਦੇ ਸੂਬਾ ਸਰਹੰਦ ਨੂੰ ਗੁਰੂ ਜੀ ਦੇ ਸ਼ੀਰਖੋਰ ਸਾਹਿਬਜ਼ਾਦਿਆਂ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਨੂੰ ਮਾਰਨ ਤੋਂ ਵਰਜਣ ਦਾ ਯਤਨ ਕੀਤਾ ਸੀ। ਇਹ ਸੁਣ ਕੇ ‘ਗੁਰ ਪ੍ਰਤਾਪ ਸੂਰਯ ਗੰ੍ਰਥ’ ਅਨੁਸਾਰ ਗੁਰੂ ਜੀ ਨੇ ਫਰਮਾਇਆ ਸੀ, ‘ਇਕ ਮਲੇਰੀਅਨ ਕੀ ਜੜ੍ਹ ਹਰੀ।’ ਏਸ ਲਈ ਸਿੰਘ ਇਸ ਸ਼ਹਿਰ ਦੇ ਵਸਨੀਕਾਂ ਨੂੰ ਸਨਮਾਨ ਨਾਲ ਵੇਖਦੇ ਹਨ।
ਉਦੋਂ ਮਲੇਰਕੋਟਲਾ ਪੂਰੀ ਸੂਰੀ ਰਿਆਸਤ ਸੀ ਤੇ ਰਿਆਸਤਾਂ ਟੁੱਟਣ ਤੋਂ ਪਹਿਲਾਂ ਤੱਕ ਇਹ ਪੰਜਾਬ ਦੀਆਂ ਰਿਆਸਤਾਂ ਵਿਚੋਂ ਦਸਵੇਂ ਨੰਬਰ ਤੇ ਗਿਣੀ ਜਾਂਦੀ ਸੀ। ਇਸ ਦਾ ਵਡੇਰਾ ਸ਼ੇਖ ਸਦਰੁਦੀਨ ਸ਼ੇਰਵਾਨੀ ਅਫਗਾਨ ਸੀ ਜਿਹੜਾ ਕਿ ਸੁਲਤਾਨ ਬਹਿਲੋਲ ਲੋਧੀ ਦਾ ਜੁਆਈ ਸੀ ਤੇ ਉਸ ਨੂੰ ਸੁਲਤਾਨ ਵਲੋਂ 68 ਪਿੰਡ ਦਾਜ ਵਿਚ ਮਿਲੇ ਸਨ। ਇਸ ਸ਼ਹਿਰ ਦਾ ਸ਼ੇਰਵਾਨੀ ਦਰਵਾਜਾ ਮਸ਼ਹੂਰ ਹੈ। ਨੇੜੇ ਹੀ ਪੰਜਾਬੀ ਇਸਲਾਮਿਕ ਪਬਲੀਕੇਸ਼ਨਜ਼ ਦਾ ਦਫਤਰ ਹੈ ਤੇ ਇਸ ਨਾਤੇ ‘ਪਹੁ ਫੁਟਾਲਾ’ ਦਾ ਵੀ। ਅਬਦੁਲ ਸ਼ਕੂਰ ਇਸਲਾਮਿਕ ਪਬਲੀਕੇਸ਼ਨਜ਼ ਦਾ ਕਰਤਾ ਧਰਤਾ ਤੇ ‘ਪਹੁ ਫੁਟਾਲਾ’ ਦਾ ਸੰਪਾਦਕ ਹੈ ਤੇ ਰਮਜ਼ਾਨ ਸਈਅਦ ਰਸਾਲੇ ਦਾ ਸਮੁੱਚਾ ਕੰਮ ਦੇਖਣ ਵਾਲਾ ਕਾਰਜਕਾਰੀ ਸੰਪਾਦਕ।
ਮਲੇਰਕੋਟਲਾ ਵਫਦ ਦੀ ਈਦ ਵਾਲੀ ਫੇਰੀ ਸਮੇਂ ਇਹ ਗੱਲ ਵੀ ਖੁਲ੍ਹੀ ਕਿ ਸ਼ਕੂਰ ਸੰਧੂ ਮੁਸਲਮਾਨ ਹੈ। ਇਹ ਗੱਲ ਵਖਰੀ ਹੈ ਕਿ ਸ਼ਹਿਰ ਵਿਚ ਸੰਧੂਆਂ ਦੇ ਕੇਵਲ ਦੋ ਹੀ ਪਰਿਵਾਰ ਹਨ ਅਤੇ ਪਠਾਣਾਂ ਦੇ ਲਗਪਗ ਢਾਈ ਸੌ, ਹਾਲਾਂਕਿ ਬਹੁਤੇ ਪਠਾਣ ਦੇਸ਼ ਵੰਡ ਸਮੇਂ ਹਿਜਰਤ ਕਰਕੇ ਪਾਕਿਸਤਾਨ ਚਲੇ ਗਏ ਸਨ। ਉਂਜ ਉਥੇ ਸੰਧੂਆਂ ਤੋਂ ਬਿਨਾ ਢਿੱਲੋਂ, ਧਾਰੀਵਾਲ, ਜਵੰਦਾ, ਥਿੰਦ ਤੇ ਨੰਦਨ ਮੁਸਲਮਾਨਾਂ ਦਾ ਵੀ ਘਾਟਾ ਨਹੀਂ ਤੇ ਰਾਜਪੂਤ ਮੁਸਲਮਾਨਾਂ ਦਾ ਵੀ ਨਹੀਂ। ਰਮਜ਼ਾਨ ਸਈਅਦ ਖੁਦ ਰਾਵਤ ਮੁਸਲਮਾਨ ਹੈ। ਮੇਰੇ ਘਰ ਈਦ ਮਨਾਉਂਦੇ ਸਮੇਂ ਬਾਕੀ ਸਾਰੇ ਤਾਂ ਇੱਕ ਇੱਕ ਹੀ ਸਨ, ਮੇਰੇ ਸੰਧੂ ਹੋਣ ਕਾਰਨ ਸੰਧੂਆਂ ਦੀ ਨਫਰੀ ਵਧ ਹੋ ਗਈ। ਜਗਤਾਰ ਸਿੱਧੂ ਨੇ ਜਿਹੜਾ ਮੇਰੇ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਹੁੰਦੇ ਸਮੇਂ ਮੇਰਾ ਸਾਥੀ ਰਹਿ ਚੁੱਕਿਆ ਸੀ, ਭੂਸ਼ਨ ਧਿਆਨਪੁਰੀ ਦਾ ਲਿਖਿਆ ਇੱਕ ਟੋਟਕਾ ਵੀ ਸੁਣਾ ਦਿੱਤਾ।
ਇਹ ਟੋਟਕਾ ਉਸ ਵੇਲੇ ਦੇ ਸਬ ਐਡੀਟਰ ਸ਼ਮਸ਼ੇਰ ਸੰਧੂ ਦੀ ਕਹਾਣੀਕਾਰ ਵਰਿਆਮ ਸੰਧੂ ਨੂੰ ਲਿਖੀ ਚਿੱਠੀ ਵਿਚ ਪਰੋਇਆ ਗਿਆ ਸੀ।
ਲਿਖਿਆ ਖਤ ਸ਼ਮਸ਼ੇਰ ਵਰਿਆਮ ਤਾਈਂ,
ਅਸੀਂ ਸਦਾ ਹੀ ਰਹੇ ਸਰਦਾਰ ਸੰਧੂ।
ਸਾਡਾ ਸੰਤ ਸੰਧੂ, ਸਾਡਾ ਪਾਸ਼ ਸੰਧੂ,
ਪੂਰਨ ਭਗਤ ਵਾਲਾ ਕਾਦਰਯਾਰ ਸੰਧੂ,
ਸਾਡੀ ਕਲਗੀ ਨੂੰ ਨਵਾਂ ਏ ਖੰਭ ਲੱਗਾ,
ਆਇਆ ਜਦੋਂ ਦਾ ਏਥੇ ਗੁਲਜ਼ਾਰ ਸੰਧੂ,
ਉਨ੍ਹਾਂ ਦਿਨਾਂ ਵਿਚ ਸੰਤ ਸੰਧੂ ਤੇ ਪਾਸ਼ ਨਕਸਲਵਾਦੀ ਕਵੀਆਂ ਵਜੋਂ ਚਰਚਾ ਵਿਚ ਸਨ। ਕਾਦਰਯਾਰ ਨੂੰ ਸ਼ਿਵ ਬਟਾਲਵੀ ਦੀ ‘ਲੂਣਾ’ ਨੇ ਲੋਕ ਮਨਾਂ ਵਿਚ ਸੁਰਜੀਤ ਕਰ ਛਡਿਆ ਸੀ। ਜੇ ਧਿਆਨਪੁਰੀ ਜੀਵਤ ਤੇ ਹਾਜ਼ਰ ਨਾਜ਼ਰ ਹੁੰਦਾ ਤਾਂ ਉਸਨੇ ‘ਪਹੁ ਫੁਟਾਲਾ’ ਦੇ ਸੰਧੂ ਸੰਪਾਦਕ ਨੂੰ ਵੀ ਟੋਟਕੇ ਵਿਚ ਮੜ੍ਹ ਕੇ ਕਾਰਦਰਯਾਰ ਦਾ ਸਾਨੀ ਬਣਾ ਦੇਣਾ ਸੀ। ਈਦ ਦੀ ਬਖਸ਼ਿਸ਼ ਵਜੋਂ। ਆਮੀਨ।
ਕਸੇਲ ਨੂੰ ਆਨਰੇਰੀ ਡਾਕਰੇਟ: ਪੰਜਾਬੀ ਯੂਨੀਵਰਸਟੀ ਪਟਿਆਲਾ ਨੇ ਕਿਰਪਾਲ ਸਿੰਘ ਕਸੇਲ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਦਿਤੀ ਤਾਂ ਮੈਨੂੰ ਅਪਣੀ ਪੜ੍ਹਾਈ ਦੇ ਦਿਨ ਚੇਤੇ ਆ ਗਏ। ਆਜਾਦੀ ਪਿਛੋਂ ਪੰਜਾਬੀ ਦੀ ਪੜ੍ਹਾਈ ਸਕੂਲਾਂ ਵਿਚੋਂ ਨਿਕਲ ਕੇ ਕਾਲਜਾਂ ਵਿਚ ਪ੍ਰਵੇਸ਼ ਕਰ ਚੁਕੀ ਸੀ। ਪੰਜਾਬੀ ਵਿਚ ਐਮ ਏ ਹੋਣ ਲੱਗੀ। ਪੜ੍ਹਾਉਣ ਦੀ ਸੇਵਾ ਸੰਤ ਸਿੰਘ ਸੇਖੋਂ ਤੇ ਗੁਰਬਚਨ ਸਿੰਘ ਤਾਲਿਬ ਵਰਗੇ ਅੰਗਰੇਜ਼ੀ ਅਧਿਆਪਕਾਂ ਤੋਂ ਲਈ ਜਾਂਦੀ ਸੀ। ਕਸੇਲ ਹੁਰੀਂ ਪਹਿਲੇ ਬੈਚ ਵਿਚ ਐਮ ਏ ਕਰਨ ਵਾਲਿਆਂ ਵਿਚੋਂ ਸਨ। ਉਨ੍ਹਾਂ ਦਿਨਾਂ ਵਿਚ ਹੀ ਖਾਲਸਾ ਕਾਲਜ ਮਾਹਿਲਪੁਰ ਵਿਚ ਸਾਨੂੰ ਉਰਦੂ ਫਾਰਸੀ ਪੜ੍ਹਾਉਂਦੇ ਅਵਤਾਰ ਸਿੰਘ ਢੋਡੀ ਨੇ ਪੰਜਾਬੀ ਐਮ ਏ ਕੀਤੀ। ਇਹ ਉਹ ਸਮਾਂ ਸੀ, ਜਦੋਂ ਪੰਜਾਬੀ ਵਿਚ ਡਾਕਟਰੇਟ ਦੀ ਡਿਗਰੀ ਕੇਵਲ ਮੋਹਨ ਸਿੰਘ ਦੀਵਾਨਾ ਤੇ ਗੋਪਾਲ ਸਿੰਘ ਦਰਦੀ ਕੋਲ ਸੀ। ਹੋਰ ਕਿਸੇ ਕੋਲ ਵੀ ਨਹੀਂ।
ਅੰਤਿਕਾ: (ਗੁਰਤੇਜ ਕੋਹਾਰਵਾਲਾ ਦੀ ‘ਪਾਣੀ ਦਾ ਹਾਸ਼ੀਆ’ ਵਿਚੋਂ)
ਪਰਾਏ ਹੋ ਗਏ ਪਲ ਉਮਰ ਦਾ ਹਾਸਲ ਨਹੀਂ ਹੋਣੇ।
ਗਏ ਵੇਲੇ ਨੂੰ ਤਾਂ ਆਵਾਜ਼ ਦੇ ਕੇ ਮੋੜ ਸਕਦਾ ਹਾਂ।
ਕਦੋਂ ਤੱਕ ਵਰਕਿਆਂ ਅੰਦਰ ਛੁਪਾ ਸਕਦਾ ਹਾਂ ਮੈਂ ਪਾਣੀ
ਧੜਕਦੇ ਦਿਲ ਨੂੰ ਮੈਂ ਕੀਕਣ ਤੜਪਣੋ ਹੋੜ ਸਕਦਾ ਹਾਂ।