ਦਵਿੰਦਰ ਕੌਰ ਕੈਨੇਡਾ
ਭਾਰਤ ਜਾਣ ਵਾਲੇ ਸਾਰੇ ਯਾਤਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ 6 ਨੰਬਰ ਗੇਟ ਕੋਲ ਆਪਣੇ ਆਈ ਡੀ ਪਰੂਫ ਲੈ ਕੇ ਲਾਈਨ ਵਿਚ ਆਪਣੀ ਵਾਰੀ ਦਾ ਇੰਤਜ਼ਾਰ ਕਰਨ। ਅਚਾਨਕ ਲੰਡਨ ਹੀਥਰੋ ਏਅਰਪੋਰਟ ‘ਤੇ ਰਵੀ ਦੇ ਕੰਨਾ Ḕਚ ਇਹ ਆਵਾਜ਼ ਗੂੰਜੀ ਤੇ ਉਹ ਤ੍ਰਭਕ ਕੇ ਉਠ ਖੜੀ ਹੋਈ, ਤੇ ਹੜਬੜਾ ਕੇ ਬੋਲੀ, ḔḔਉਹ ਮਾਈ ਗੌਡ ਮੈਨੂੰ ਲੱਗਦਾ, ਆਈ ਮਿਸਡ ਦਾ ਫਲਾਈਟ।ḔḔ
ḔḔਮੈਮ ਫਲਾਈਟ ਇਜ਼ ਰੈਡੀ-ਟੂ-ਗੋ ਯੂ ਜਸਟ ਲਾਈਨ ਅੱਪ ਨੀਅਰ ਗੇਟ ਨੰਬਰ 6 ਪਲੀਜ਼।”
ਗੋਰੀ ਦੀ ਗੱਲ ਸੁਣ ਰਵੀ ਦੇ ਸਾਹ ਚḔ ਸਾਹ ਆਏ। ਉਹ ਲਾਈਨ Ḕਚ ਖੜ੍ਹੀ ਆਪਣੇ ਮੈਸੇਜ ਵੇਖਣ ਲੱਗੀ। ਉਹਦੇ ਬੇਟੇ ਯੁਵੀ ਦਾ ਮੈਸੇਜ ਸੀ, ḔḔਹੈਵ ਆ ਸੇਫ਼ ਟ੍ਰਿਪ ਮੋਮ, ਸੌਰੀ ਆਈ ਗੈਟ ਲੇਟ ਫਰਾਮ ਯੂਨੀਵਰਸਿਟੀ, ਯੂ ਨੋ 401 ਇਜ਼ ਆਲਵੇਜ਼ ਬਿਜ਼ੀ ਇਨ ਦਾ ਈਵਨਿੰਗ, ਓ ਕੇ ਮੋਮ ਵੀ ਹੈਵ ਏ ਪਾਰਟੀ ਐਟ ਨਿਆਗਰਾ ਫ਼ਾਲਜ਼ ਟੁਨਾਈਟ, ਸੋ ਬਾਏ ਫਾਰ ਨਾਓ, ਲਵ ਯੂ!ḔḔ
ਹਲਕੀ ਜਿਹੀ ਮੁਸਕਰਾਹਟ ਨਾਲ ਉਹਨੇ ਫੋਨ ਬੰਦ ਕਰ ਪਰਸ Ḕਚ ਰੱਖ ਲਿਆ ਤੇ ਗੁੱਟ ਉਤੇ ਬੰਨ੍ਹੀ ਘੜੀ ਵੱਲ ਦੇਖ ਆਪ ਮੁਹਾਰੇ ਬੋਲੀ, ਉਹ ਨੋ ਇਹ ਤਾਂ ਟੋਰਾਂਟੋ ਦਾ ਟਾਈਮ ਦੱਸਦੀ ਆ, ਮੈਂ ਲੰਡਨ ਲੈਂਡ ਹੋ ਕੇ ਸੈਟ ਕਰਨਾ ਭੁੱਲਗੀ, ਹੂਹ! ਸਕਿਉਰਿਟੀ ਚੈਕਿੰਗ ਤੋਂ ਬਾਅਦ ਸਾਰੇ ਯਾਤਰੀ ਆਪੋ ਆਪਣੀ ਸੀਟ ਬੈਲਟ ਬੰਨ੍ਹ ਕੇ ਬੈਠ ਗਏ ਤੇ ਹਵਾਈ ਜਹਾਜ਼ ਕਦੋਂ ਦਿੱਲੀ ਜਾ ਲੱਗਾ, ਰਵੀ ਨੂੰ ਸੋਚਾਂ Ḕਚ ਡੁੱਬੀ ਨੂੰ ਪਤਾ ਹੀ ਨਾ ਲੱਗਾ। ਸਿੱਲ੍ਹੀਆਂ ਅੱਖਾਂ ਨਾਲ ਉਹ ਏਅਰਪੋਰਟ ਤੋਂ ਬਾਹਰ ਨਿਕਲੀ ਤੇ ਇੰਡੋ-ਕੈਨੇਡੀਅਨ ਬੱਸ ਵਿਚ ਬੈਠ ਖੰਨੇ ਵੱਲ ਨੂੰ ਰਵਾਨਾ ਹੋ ਗਈ।
ਸੁਫ਼ਨਿਆਂ Ḕਚ ਬਚਪਨ ਚੇਤੇ ਕਰਦੀ; ਨਾਨਕਿਆਂ ਦਾ ਉਹ ਵੱਡਾ ਘਰ ਜਿੱਥੇ ਉਹ ਗਰਮੀਆਂ ਦੀਆਂ ਛੁੱਟੀਆਂ Ḕਚ ਜਾਂਦੇ! ਉਹ ਪਿੰਡ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸਕ ਸਥਾਨ, ਜਿੱਥੇ ਜੇਠੇ ਵੀਰਵਾਰ ਨੂੰ ਮੇਲਾ ਲੱਗਦਾ। ਕਹਿੰਦੇ ਨੇ, ਅੰਗਰੇਜ਼ਾਂ ਦੇ ਰਾਜ Ḕਚ ਪਿੰਡ ਵਿਚ ਕਿਲਾ ਹੁੰਦਾ ਸੀ ਤੇ ਕਿਲੇ ਦੇ ਸੱਤ ਬੁਰਜ ਸਨ। ਇਸ ਪਿੰਡ Ḕਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਤੇ ਆਪਣੀ ਫ਼ੌਜ ਲਈ ਢਾਹਰ ਬਣਾਈ ਸੀ। ਸੱਤ ਬੁਰਜਾਂ Ḕਚੋਂ ਪੰਜ ਬੁਰਜ ਅੰਗਰੇਜ਼ਾਂ ਤੇ ਸਿੰਘਾਂ ਦਰਮਿਆਨ ਹੋਈ ਲੜਾਈ ਵਿਚ ਢਹਿ ਢੇਰੀ ਹੋ ਗਏ ਸਨ।
ਆਲੇ ਦੁਆਲੇ ਦੇ ਪਿੰਡਾਂ ਤੋਂ ਕਈ ਸਿੰਘ-ਸਿੰਘਣੀਆਂ ਇਸ ਲੜਾਈ Ḕਚ ਸ਼ਹੀਦ ਹੋਏ ਤੇ ਉਨ੍ਹਾਂ ਦੀ ਯਾਦ ਵਿਚ ਇਥੇ ਹਰ ਸਾਲ ਮੇਲਾ ਭਰਦਾ। ਅੱਜ ਵੀ ਉਹ ਬੁਰਜਾਂ Ḕਤੇ ਲੱਗੇ ਗੋਲੀਆਂ ਦੇ ਨਿਸ਼ਾਨ ਗਵਾਹੀ ਭਰਦੇ ਨੇ, ਉਸ ਲੜਾਈ ਦੀ। ਬੁਰਜ ਅੰਦਰ ਸ਼ਰਧਾਲੂ ਚਿਰਾਗ ਬਾਲਦੇ ਹਨ, ਦੂਰੋਂ-ਦੂਰੋਂ ਲੋਕ ḔਘੁਗਰਾਣੇḔ ਪਿੰਡ ਆਉਂਦੇ। ਪੁਰਾਣੇ ਬਜ਼ੁਰਗ ਦੱਸਦੇ ਕਿ ਕਿਲੇ ਵਿਚ ਕੋਈ ਵੀ ਆਦਮੀ ਰਾਤ ਨਹੀਂ ਕੱਟ ਸਕਦਾ ਕਿਉਂਕਿ ਉਥੇ ਰਾਤ ਨੂੰ ਇੱਕ ਸਰਾਲ ਪਹਿਰਾ ਦਿੰਦੀ ਹੈ, ਜੋ ਖ਼ਜ਼ਾਨੇ ਦੀ ਰਾਖੀ ਕਰਦੀ ਹੈ ਤੇ ਜੇ ਕੋਈ ਧੱਕੇ ਨਾਲ ਰਾਤ ਰਹਿੰਦਾ ਹੈ ਤਾਂ ਸਵੇਰੇ ਉਸ ਦੀ ਲਾਸ਼ ਮਿਲਦੀ ਹੈ! ਦੂਰੋਂ ਨੇੜੇਉਂ ਲੋਕ ਮੇਲੇ ‘ਤੇ ਸੁੱਖਾਂ ਮੁਰਾਦਾਂ ਲੈ ਕੇ ਆਉਂਦੇ ਤੇ ਖਾਲੀ ਝੋਲੀਆਂ ਖ਼ੁਸ਼ੀਆਂ ਨਾਲ ਭਰ ਕੇ ਲੈ ਜਾਂਦੇ।
ਮੰਮੀ ਦੇ ਵਡੇਰਿਆਂ ਦੀ ਜਗਾ ਟੋਭੇ ਕੋਲ ਹੀ ਬਣੀ ਹੋਈ ਸੀ। ਸ਼ਹੀਦ ਬਾਬਾ ਰਾਮ ਸਿੰਘ ਬਹੁਤ ਕਰਨੀ ਵਾਲੇ ਸਨ। ਕਹਿੰਦੇ, ਕਾਨਿਆਂ ਦੀ ਛੱਤ ਥੱਲੇ ਰਹਿ ਕੇ ਵੀ ਮੀਂਹ ਹਨੇਰੀ Ḕਚ ਕਦੀ ਉਨ੍ਹਾਂ ਦਾ ਬਿਸਤਰਾ ਗਿੱਲਾ ਨਹੀਂ ਸੀ ਵੇਖਿਆ। ਜੇ ਕੋਈ ਦੁੱਧ ਦੇ ਜਾਂਦਾ ਤਾਂ ਕੁੱਤਿਆਂ ਨੂੰ ਪਾ ਦਿੰਦੇ ਤੇ ਆਪ ਰੁਖੀ ਸੁੱਖੀ ਹੀ ਖਾਂਦੇ। ਟੋਭੇ ਵਿਚੋਂ ਸਰਦੀਆਂ ਦੇ ਦਿਨੀਂ ਰਜਾਈ ਲੈ ਕੇ ਤੁਰੇ ਫਿਰਦੇ ਲੰਘਦੇ ਤੇ ਜਦੋਂ ਬਾਹਰ ਆਉਂਦੇ ਤੇ ਰਜਾਈ ਤੇ ਲੀੜੇ ਸੁੱਕੇ ਹੁੰਦੇ। ਹੋਲੀਆਂ ਵਾਲੇ ਦਿਨਾਂ ‘ਚ ਇਥੇ ਦੀਵਾਨ ਲੱਗਦੇ, ਅਖੰਡ ਪਾਠ ਹੁੰਦਾ, ਸੰਗਤਾਂ ਦੂਰੋਂ ਨੇੜਿਉਂ ਆਉਂਦੀਆਂ।
ਰਵੀ ਕਾਲਜ ਦੀ ਪੜ੍ਹਾਈ ਪੂਰੀ ਕਰਨ ਲਈ ਹੋਸਟਲ ਚਲੀ ਗਈ ਤੇ ਫਿਰ ਪੜ੍ਹਦਿਆਂ ਹੀ ਮਾਸੀ ਦੀ ਨਨਾਣ ਦੇ ਕੈਨੇਡਾ ਤੋਂ ਆਏ ਮੁੰਡੇ ਜੱਸੀ ਨਾਲ ਵਿਆਹ ਹੋ ਗਿਆ।
ਫੇਰ ਮੁੜ ਨਾਨਕੇ ਤਾਂ ਨਾਨਾ ਜੀ ਦੇ ਭੋਗ ‘ਤੇ ਹੀ ਆਈ ਸੀ ਤੇ ਹੁਣ! ਇਹ ਸੋਚ ਕੇ ਰਵੀ ਭੁੱਬਾਂ ਮਾਰ-ਮਾਰ ਉਚੀ-ਉਚੀ ਰੋਣ ਲੱਗੀ। ਖੰਨੇ ਸਮਰਾਲਾ ਚੌਂਕ Ḕਚ ਉਤਰ ਕੇ ਉਹਨੇ ਟੈਕਸੀ ਵਾਲੇ ਨੂੰ ਹੱਥ ਦਿੱਤਾ ਤੇ ḔਚਕੋਹੀḔ ਜਾਣ ਨੂੰ ਕਿਹਾ। ਇਹ 20 ਵਰ੍ਹੇ ਕਿੱਦਾਂ ਲੰਘ ਗਏ, ਪਤਾ ਹੀ ਨਾ ਲੱਗਿਆ। ਮੰਮੀ ਡੈਡੀ ਕਈ ਵਾਰ ਉਸ ਕੋਲ ਕੈਨੇਡਾ ਆਏ, ਵੱਡੇ ਵੀਰ ਦਾ ਵਧੀਆ ਸੋਹਣਾ ਕੰਮ ਕਾਰ ਹੈ, ਖੇਤੀ ਤੇ ਆੜ੍ਹਤ ਦਾ, ਭਤੀਜਾ ਤੇ ਭਤੀਜ ਨੂੰਹ ਡਾਕਟਰ ਨੇ ਤੇ ਚੰਡੀਗੜ੍ਹ ਰਹਿੰਦੇ ਨੇ, ਤੇ ਛੋਟਾ ਵੀਰ ਅਮਰੀਕਾ ਸੈਟ ਹੈ। ਤੇ ਫਿਰ! ਅੱਜ ਅਚਾਨਕ ਇਹ ਸਭ ਕਿਉਂ? ਜਿਉਂ ਜਿਉਂ ਪਿੰਡ ਨੇੜੇ ਆਉਂਦਾ ਗਿਆ, ਰਵੀ ਦੇ ਹੌਂਕੇ ਤੇਜ਼ ਹਵਾ Ḕਚ ਗੂੰਜਣ ਲੱਗੇ।
ਡਰਾਈਵਰ ਨੇ ਦਰਾਂ ਮੂਹਰੇ ਜ਼ੋਰ ਨਾਲ ਬ੍ਰੇਕ ਮਾਰੀ ਤੇ ਅੱਖਾਂ ਪੂੰਝਦੀ ਰਵੀ ਅੰਦਰ ਵੜੀ, ਵੱਡਾ ਵੀਰ ਤੇ ਭਾਬੀ ਅਤੇ ਛੋਟਾ ਵੀਰ ਡਰਾਇੰਗ ਰੂਮ Ḕਚ ਹੀ ਬੈਠੇ ਸਨ। ਰਵੀ ਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਤਾਂ ਸਿਰ ਹਿਲਾ ਕੇ ਜਵਾਬ ਦੇ ਤਿੰਨੋ ਇਕੱਠੇ ਬੋਲੇ, ḔḔਛੇਤੀ ਮੂੰਹ ਹੱਥ ਧੋ ਲੈ ਕਚਹਿਰੀ ਜਾਣਾ ਵਕੀਲ ਉਡੀਕਦਾ।ḔḔ
ਰਵੀ ਨੇ ਮੰਮੀ ਦੇ ਰੂਮ Ḕਚ ਜਾ ਸਮਾਨ ਰਖਿਆ ਤੇ ਜਦੋਂ ਉਹ ਕਾਹਲੀ ਕਾਹਲੀ ਵਾਸ਼ਰੂਮ Ḕਚੋਂ ਬਾਹਰ ਆਉਣ ਲੱਗੀ ਤਾਂ ਦਰਵਾਜ਼ੇ ਕੋਲ ਪਏ ਨਿੰਮ ਦੇ ਸੰਦੂਕ ਨਾਲ ਠੋਕਰ ਖਾ ਕੇ ਅੜਕ ਕੇ ਡਿਗ ਪਈ। ਸੰਦੂਕ ਨੂੰ ਹੱਥ ਲਾ-ਲਾ ਨੀਝ ਨਾਲ ਤੱਕਦੀ ਬੋਲੀ, ਮਾਂ ਤੂੰ ਕਿਥੇ ਚਲੀ ਗਈ, ਇਸ ਭਰੇ ਸੰਸਾਰ Ḕਚ ਮੈਨੂੰ ਇਕੱਲਾ ਛੱਡ ਕੇ? ਉਹ ਰੋਣ ਲੱਗੀ। ਮੁੜ ਬੀਤੇ ਵਕਤ Ḕਚ ਗੁਆਚ ਗਈ, ਉਹਨੂੰ ਯਾਦ ਆਇਆ, ਕਾਲਜ ਦਾ ਯੂਥ ਫ਼ੈਸਟੀਵਲ ਜਿੱਥੇ ਉਹਨੇ ਆਪਣੀ ਮਾਂ ਦੇ ਦਾਜ ਵਾਲੇ ਗਹਿਣੇ, ਸੱਗੀ ਫੁੱਲ, ਬਾਗ ਤੇ ਜ਼ਰੀ ਵਾਲੀ ਪੱਖੀ ਹੱਥ Ḕਚ ਫੜ, ਮਿਸ ਪੰਜਾਬਣ ਕੰਟੈਸਟ ਜਿੱਤਿਆ ਸੀ। ਉਹ ਸਭ ਗਹਿਣੇ-ਗੱਟੇ ਤੇ ਹੋਰ ਨਿੱਕ-ਸੁੱਕ ਉਸ ਨੂੰ ਮੰਮੀ ਨੇ ਦਾਜ ਵਿਚ ਦੇ ਦਿੱਤਾ ਤੇ ਕਿਹਾ ਆਪਣੀ ਮਾਂ ਦੀ ਨਿਸ਼ਾਨੀ ਸੰਭਾਲ ਕੇ ਰੱਖੀਂ।
ਹਾਏ ਰੱਬਾ! ਹੁਣ ਤਾਂ ਨਿਸ਼ਾਨੀਆਂ ਹੀ ਰਹਿ ਗਈਆਂ, ਡੈਡੀ ਤਾਂ 5 ਸਾਲ ਪਹਿਲਾਂ ਸੁੱਤੇ ਪਏ ਹੀ ਰਹਿ ਗਏ ਸੀ ਪਰ ਮੰਮੀ ਨੂੰ ਉਸ ਭਿਆਨਕ ਐਕਸੀਡੈਂਟ ਨੇ ਸਾਥੋਂ ਸਦਾ ਲਈ ਖੋਹ ਲਿਆ, 2 ਦਿਨ ਤੱਕ ਉਹ ਮੈਨੂੰ ਬੇਸੁਰਤ ਹੋਏ ਵੀ ਹਾਕਾਂ ਮਾਰਦੇ ਰਹੇ ਪਰ ਮੇਰੀ ਚੰਦਰੀ ਕਿਸਮਤ, ਮੈਂ ਪਹੁੰਚਣ Ḕਚ ਲੇਟ ਹੋ ਗਈ।
ਰਵੀ, ਓ ਰਵੀ! ਹੁਣ ਬਾਹਰ ਆ ਜਾ, ਜ਼ੋਰ ਨਾਲ ਬਾਰ ਖੜਕਿਆ ਤੇ ਉਹ ਦੱਬਦੀ ਘੁੱਟਦੀ ਬਾਹਰ ਆਈ। ਵਕੀਲ ਦੇ ਦਫ਼ਤਰ ਪਹੁੰਚੇ ਤਾਂ ਉਸ ਨੇ ਵਸੀਅਤ ਪੜ੍ਹ ਕੇ ਸੁਣਾਈ। ਦੋਨਾਂ ਭਰਾਵਾਂ ਦੇ ਨਾਮ ‘ਤੇ ਵਿਰਾਸਤ ਚੜ੍ਹੀ। ਹੋਰ ਪੇਂਡੂ ਤੇ ਸ਼ਹਿਰੀ ਜ਼ਮੀਨ ਜਾਇਦਾਦ ਦੋਨੋਂ ਭਰਾਵਾਂ ਦੇ ਬਰਾਬਰ ਹਿੱਸੇ ਆਈ ਤੇ ਰਵੀ ਨੂੰ ਹਿੱਸੇ ਆਇਆ ḔਲਾਕਰḔ ਤੇ ਉਹਨੂੰ ਇਸ ਵਸੀਅਤ ‘ਤੇ ਕੋਈ ਇਤਰਾਜ਼ ਨਹੀਂ ਸੀ। ਇਸ ਲਈ ਉਹਨੇ ਸਹਿਮਤੀ ਨਾਲ ਦਸਤਖ਼ਤ ਵੀ ਕਰ ਦਿੱਤੇ। ਵਕੀਲ ਨੇ ਰਵੀ ਨੂੰ ਲਾਕਰ ਦੀ ਚਾਬੀ ਫੜਾਈ ਤੇ ਬੈਂਕ ਜਾ ਕੇ ਲਾਕਰ ਖੋਲ੍ਹਣ ਨੂੰ ਕਿਹਾ। ਉਹਦੇ ਭਰਾ-ਭਰਜਾਈ ਇਸ ਗੱਲੋਂ ਵੀ ਔਖੇ ਸਨ ਕਿ ਆਖ਼ਰ ਲਾਕਰ Ḕਚ ਹੈ ਕੀ?
ਰਵੀ ਨੇ ਸਾਰਿਆਂ ਦੇ ਸਾਹਮਣੇ ਜਦੋਂ ਲਾਕਰ ਖੋਲ੍ਹਿਆ ਤਾਂ ਉਸ ਵਿਚ ਇੱਕ ਲਾਲ ਰੰਗ ਦੀ ਗੁਥਲੀ, ਇੱਕ ਚਾਬੀ ਤੇ ਇੱਕ ਚਿੱਠੀ ਸੀ, ਉਹਨੇ ਭੱਜ ਕੇ ਚਿੱਠੀ ਨੂੰ ਚੁੰਮਿਆ ਤੇ ਪੜ੍ਹਨ ਲੱਗੀ। ਭਾਬੀ ਨੇ ਗੁਥਲੀ ਦੇਖੀ ਤਾਂ ਉਸ ਵਿਚੋਂ ਮਿਲਿਆ ਪੰਜੇਬਾਂ ਦਾ ਜੋੜਾ। ਨਿੱਕੀਆਂ ਜਿਹੀਆਂ ਸੋਨੇ ਦੀਆਂ ਵਾਲੀਆਂ, ਗਲ ਦੀ ਚੇਨ ਤੇ ਇੱਕ ਪਲਾਸਟਿਕ ਦੀ ਗੁੱਡੀ। ਇਹ ਦੇਖ ਉਹ ਕਚੀਚੀ ਵਟਦੀ ਬੋਲੀ, ਆਹ ਕੀ ਖੇਹ ਸਵਾਹ ਰਖਿਆ ਲਾਕਰ Ḕਚ? ਰਵੀ ਦਾ ਧਿਆਨ ਟੁੱਟਿਆ। ਉਹਨੇ ਭਾਬੀ ਹੱਥੋਂ ਆਪਣਾ ਬਚਪਨ ਫੜ੍ਹ ਕੇ ਮੁੜ ਉਸ ਗੁਥਲੀ Ḕਚ ਬੰਨ੍ਹ ਲਿਆ ਤੇ ਚਾਬੀ ਹੱਥ ‘ਚ ਫੜ੍ਹ ਚਿੱਠੀ ਪੜ੍ਹਨ ਲੱਗੀ।
ਸਾਡੀ ਪਿਆਰੀ ਲਾਡੋ ਰਾਣੀ,
ਅਸੀਂ ਜਾਣਦੇ ਹਾਂ, ਤੂੰ ਅੱਜ ਬਹੁਤ ਉਦਾਸ ਹੈਂ ਕਿਉਂਕਿ ਅਸੀਂ ਤੇਰੇ ਕੋਲ ਨਹੀਂ, ਪਰ ਤੂੰ ਜਮਾਂ ਹੀ ਹੌਸਲਾ ਨਾ ਹਾਰੀਂ ਪੁੱਤ। ਅਸੀਂ ਤੇਰੀਆਂ ਯਾਦਾਂ Ḕਚ ਹਮੇਸ਼ਾ ਤੇਰੇ ਕੋਲ ਰਹਾਂਗੇ, ਤੂੰ ਸਾਡੀ ਰੂਹ ਦਾ ਹਿੱਸਾ ਏ, ਦੇਖ ਸਾਡੇ ਪੁੱਤਾਂ ਨੇ ਜ਼ਮੀਨਾਂ ਵੰਡ ਲਈਆਂ, ਨਕਦੀ ਸਾਂਭ ਲਈ ਪਰ ਸ਼ਾਇਦ ਉਹ ਹਾਲੇ ਵੀ ਸੰਤੁਸ਼ਟ ਨਹੀਂ! ਅਸੀਂ ਜਾਣਦੇ ਹਾਂ ਕਿ ਉਹ ਤੇਰੇ ਨਾਲ ਆਏ ਨੇ ਲਾਕਰ ਦੇਖਣ ਪਰ ਕੋਈ ਗੱਲ ਨਹੀਂ, ਸਾਨੂੰ ਕੋਈ ਚੋਰੀ ਨਹੀਂ। ਅਸੀਂ ਜੋ ਕੁਝ ਤੈਨੂੰ ਦਿੱਤਾ, ਉਨ੍ਹਾਂ ਨੂੰ ਵੀ ਪੂਰਾ ਹੱਕ ਹੈ ਜਾਨਣ ਦਾ। ਧੀਏ ਤੇਰੇ ਹਿੱਸੇ ਸਾਡਾ ਪਿਆਰ, ਅਸੀਸਾਂ, ਗੂੜ੍ਹੀਆਂ ਯਾਦਾਂ ਤੇ ਨਿਸ਼ਾਨੀਆਂ ਆਈਆਂ ਹਨ। ਅਸੀਂ ਜਾਣਦੇ ਹਾਂ ਕਿ ਦਾਤੇ ਨੇ ਤੇਰੇ ਘਰ ਕੋਈ ਕਮੀ ਨਹੀਂ ਬਖ਼ਸ਼ੀ ਪਰ ਇੱਕ ਧੀ ਦੀ ਜ਼ਿੰਦਗੀ ਮਾਪਿਆਂ ਬਿਨਾ ਸਦਾ ਅਧੂਰੀ ਹੀ ਹੁੰਦੀ ਹੈ। ਇਸੇ ਕਰਕੇ ਅਸੀਂ ਤੈਨੂੰ ਆਪਣੀਆਂ ਖ਼ਾਸ ਨਿਸ਼ਾਨੀਆਂ ਹਿੱਸੇ ਵਜੋਂ ਦਿੱਤੀਆਂ ਨੇ। ਇਹ ਨਿੰਮ ਵਾਲੇ ਸੰਦੂਕ ਦੀ ਚਾਬੀ ਹੈ, ਜਿਸ ਵਿਚ ਤੇਰੇ ਲਈ ਕੁਝ ਖ਼ਾਸ ਰੱਖਿਆ ਹੈ। ਤੂੰ ਇਹ ਸੰਦੂਕ ਆਪਣੇ ਨਾਲ ਕੈਨੇਡਾ ਲੈ ਜਾਈਂ। ਤੈਨੂੰ ਤੇਰੇ ਡੈਡੀ ਦੀ ਉਹ ਲੋਈ ਚੇਤੇ ਆ ਨਾ, ਉਹ ਤੇਰੇ ਡੈਡੀ ਨੇ ਤੈਨੂੰ ਦੇਣ ਨੂੰ ਕਿਹਾ ਸੀ। ਪੁੱਤ ਜਦੋਂ ਕਦੀ ਵੀ ਤੈਨੂੰ ਤੇਰੇ ਡੈਡੀ ਦੀ ਯਾਦ ਆਵੇ, ਉਨ੍ਹਾਂ ਦੀ ਬੁੱਕਲ Ḕਚ ਸਿਰ ਧਰ ਰੋਣ ਨੂੰ ਚਿੱਤ ਕਰੇ, ਜ਼ਿੰਦਗੀ ਦੀ ਦੌੜ ਵਿਚ ਮਨ ਡਰੇ ਜਾਂ ਕਦੀ ਪਾਲਾ ਲੱਗੇ ਤਾਂ ਉਨ੍ਹਾਂ ਦੀ ਲੋਈ ਦੀ ਬੁੱਕਲ ਮਾਰ ਲਵੀਂ। ਦੇਖੀ ਤੈਨੂੰ ਜ਼ਰੂਰ ਤੇਰੇ ਡੈਡੀ ਦੀ ਹੋਂਦ ਦਾ ਅਹਿਸਾਸ ਹੋਵੇਗਾ। ਸਰਦੀਆਂ Ḕਚ ਉਹ ਲੋਈ ਆਪਣੇ ਕੋਲ ਰੱਖੀਂ, ਤੈਨੂੰ ਨਿੱਕੀ ਹੁੰਦੀ ਨੂੰ ਨਮੂਨੀਆ ਹੋ ਗਿਆ ਸੀ। ਹੁਣ ਅਸੀਂ ਤੇਰੇ ਕੋਲ ਤਾਂ ਨਹੀਂ ਰਹੇ, ਬੱਸ ਤੇਰਾ ਧਿਆਨ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਪਤਾ, ਹੁਣ ਤੂੰ ਬੱਚਿਆਂ ਵਾਲੀ ਹੋ ਗਈ ਹੈਂ ਤੇ ਆਪਣਾ ਧਿਆਨ ਆਪ ਰੱਖ ਸਕਦੀ ਏ। ਪਰ ਕੀ ਕਰੀਏ, ਮਾਪਿਆਂ ਲਈ ਧੀਆਂ ਪੁੱਤ ਸਦਾ ਜਵਾਕ ਹੀ ਰਹਿੰਦੇ ਹਨ। ਨਿੰਮ ਵਾਲੇ ਸੰਦੂਕ Ḕਚ ਤੇਰੀ ਮਾਂ ਨੇ ਤੇਰੇ ਲਈ ਉਹ ਜ਼ਰੀ ਵਾਲੀ ਪੱਖੀ ਰੱਖੀ ਹੈ, ਯਾਦ ਆ ਨਾ ਤੈਨੂੰ? ਤੇਰੀ ਅਮਾਨਤ ਐ ਇਹ।
ਤੂੰ ਵੀ ਸੋਚਦੀ ਹੋਵੇਗੀ ਕਿ ਮੇਰੇ ਮਾਪੇ ਕਿੰਨੇ ਕਮਲੇ ਨੇ, ਭਲਾ ਮੇਰੇ ਕੋਲ ਕੰਬਲ ਹੈਨੀ ਜਾਂ ਗਰਮੀ ਲਈ ਏæਸੀæ ਹੈਨੀ! ਧੀਏ ਇਹ ਪੱਖੀ ਤੈਨੂੰ ਉਸ ਵੇਲੇ ਠੰਡੀਆਂ ਹਵਾਵਾਂ ਝੱਲੇਗੀ ਜਦੋਂ ਜ਼ਿੰਦਗੀ ਦੇ ਔਖੇ ਸੌਖੇ ਰਾਹਾਂ ‘ਤੇ ਤੱਤੀਆਂ ਹਵਾਵਾਂ ਝੁਲਣਗੀਆਂ ਤੇ ਤੂੰ ਆਪਣੇ ਮਾਪਿਆਂ ਦਾ ਸਾਥ ਟੋਲੇਂਗੀ। ਉਦੋਂ ਇਹ ਪੱਖੀ ਠੰਡੀ ਹਵਾ ਦੇ ਨਾਲ ਤੇਰੇ ਵਾਲਾਂ ਨੂੰ ਸਾਡੇ ਹੱਥਾਂ ਵਾਂਗ ਸਹਿਲਾਵੇਗੀ। ਉਨੀਂਦਰੀ ਰਾਤ Ḕਚ ਇਹਦੀ ਝਾਲਰ ਨੂੰ ਲੱਗੇ ਘੁੰਗਰੂ ਤੈਨੂੰ ਤੇਰੀ ਮਾਂ ਵਾਂਗ ਲੋਰੀ ਸੁਣਾਉਣਗੇ। ਧੀ ਰਾਣੀਏ! ਅਸੀਂ ਜੱਗ ‘ਤੇ ਨਾ ਹੁੰਦੇ ਹੋਏ ਵੀ ਤੈਨੂੰ ਆਪਣੀ ਹੋਂਦ ਦਾ ਅਹਿਸਾਸ ਕਰਾਵਾਂਗੇ। ਤੈਨੂੰ ਹੱਸਦੀ-ਵੱਸਦੀ ਦੇਖਣ ਲਈ ਨਿੱਤ ਤੇਰੇ ਸੁਫ਼ਨੇ Ḕਚ ਆਵਾਂਗੇ। ਸਦਾ ਖੁਸ਼ ਰਹਿ, ਤੇਰਾ ਘਰ ਖ਼ੁਸ਼ੀਆਂ ਖੇੜਿਆਂ ਨਾਲ ਮਹਿਕਦਾ ਰਹੇ।
ਬਹੁਤ ਸਾਰਾ ਪਿਆਰ ਤੇ ਦੁਲਾਰ
ਤੇਰੇ ਮੰਮੀ-ਡੈਡੀ।
ਚਿੱਠੀ ਪੜ੍ਹਨ ਪਿਛੋਂ ਕਿੰਨਾ ਚਿਰ ਰਵੀ ਬੁੱਤ ਬਣੀ ਬੈਠੀ ਰਹੀ, ਉਹਦੇ ਵੀਰ ਵੀ ਰੋ ਪਏ ਤੇ ਰਵੀ ਨੂੰ ਗਲ ਲਾ ਕੇ ਚੁੱਪ ਕਰਵਾਉਣ ਲੱਗੇ। ਰਵੀ ਸੰਦੂਕ ਵੱਲ ਨੀਝ ਲਾ ਵੇਖਦੀ ਹੋਈ ਆਪ ਮੁਹਾਰੇ ਬੋਲੀ,
ਨਿੰਮ ਦਾ ਸੰਦੂਕ। ਪਰਦੇਸਣ ਧੀ ਦੇ ਹਿੱਸੇ ਆਈ, ਜ਼ਰੀ ਵਾਲੀ ਪੱਖੀ।