ਕਥਾ ਕਹੀਏ ‘ਘੋੜਾ ਬਾਦਸ਼ਾਹ’ ਦੀ!

ਦੇਵਿੰਦਰ ਸਤਿਆਰਥੀ-8
ਗੁਰਬਚਨ ਸਿੰਘ ਭੁੱਲਰ
ਸਤਿਆਰਥੀ ਜੀ ਉਤੇ ਲਗਦਾ ਸਰੋਤਿਆਂ ਦੇ ਸੁਝਾਵਾਂ ਨੂੰ ਰਬੜ ਨਾਲ ਮੇਸਣ, ਬਲੇਡ ਨਾਲ ਖੁਰਚਣ ਜਾਂ ਚੇਪੀ ਨਾਲ ਦੱਬਣ ਤੋਂ ਮਗਰੋਂ ਆਪਣੇ ਹੀ ਮੁੱਢਲੇ ਸ਼ਬਦ ਸੁਰਜੀਤ ਕਰ ਲੈਣ ਦਾ ਦੋਸ਼ ਪੂਰਾ ਸੱਚ ਹੈ ਜਾਂ ਅਧੂਰਾ ਸੱਚ, ਇਹ ਤਾਂ ਰੱਬ ਹੀ ਜਾਣੇ ਪਰ ਇਹ ਗੱਲ ਸੋਲਾਂ ਆਨੇ ਸੱਚੀ ਹੈ ਕਿ ਰਚਨਾ ਦਾ ਅੰਤਿਮ ਰੂਪ ਵੀ ਅਤੇ ਰਚਨਾ ਦਾ ਅੰਤ ਵੀ ਉਹ ਆਪਣੇ ਹੱਥ ਹੀ ਰਖਦੇ ਸਨ।

ਅਜਿਹੇ ਮੌਕੇ ਉਹ ਸਾਡੇ ਪਿੰਡਾਂ ਦੀ ਇਕ ਕਹਾਵਤ ਦਾ ਚੇਤਾ ਕਰਵਾਉਂਦੇ, “ਆਪਣੇ ਪਿੰਡਾਂ ਦੇ ਸਿਆਣੇ ਕਹਿੰਦੇ ਨੇ ਨਾ, ਭੁੱਲਰ ਜੀ, ਸੁਣੀਏ ਸਭ ਦੀ, ਕਰੀਏ ਮਨ ਦੀ!”
ਉਰਦੂ ਤੇ ਹਿੰਦੀ ਵਿਚ ਸੌ, ਸਵਾ ਸੌ ਸਫੇ ਦੀ ਕਾਗ਼ਜ਼ੀ ਜਿਲਦ ਵਾਲੀ ਪੁਸਤਕ ਇਕ ਰੁਪਿਆ ਮੁੱਲ ਰੱਖ ਕੇ ਛਾਪਣ ਦੀ ਪੁਰਾਣੀ ਰਵਾਇਤ ਤੁਰੀ ਆਉਂਦੀ ਸੀ। ਇਹ ਪੁਸਤਕਾਂ ਬਹੁਤ ਹਰਮਨ ਪਿਆਰੀਆਂ ਹੁੰਦੀਆਂ ਸਨ। ਪ੍ਰਕਾਸ਼ਕਾਂ ਦਾ ਚੁਣ ਚੁਣ ਕੇ ਛਾਪਿਆ ਚੰਗਾ ਤੇ ਦਿਲਚਸਪ ਸਾਹਿਤ ਪਾਠਕ ਨੂੰ ਸਿਰਫ਼ ਇਕ ਰੁਪਏ ਵਿਚ ਮਿਲ ਜਾਂਦਾ ਸੀ। ਸਾਡੀਆਂ ਪੀੜ੍ਹੀਆਂ ਦਾ ਕੋਈ ਹੀ ਸਾਹਿਤ-ਰਸੀਆ ਹੋਵੇਗਾ ਜੀਹਨੇ ਉਰਦੂ ਤੇ ਹਿੰਦੀ ਦੀਆਂ ਬਿਹਤਰੀਨ ਰਚਨਾਵਾਂ, ਨਾਵਲ ਹੋਣ, ਕਹਾਣੀਆਂ ਹੋਣ ਜਾਂ ਕਵਿਤਾਵਾਂ ਹੋਣ, ਇਸ ਇਕ ਰੁਪਿਆ ਲੜੀ ਵਿਚ ਹੀ ਨਾ ਪੜ੍ਹੀਆਂ ਹੋਣ। ਵੱਡੇ ਆਕਾਰ ਦੀਆਂ ਸੰਸਾਰ ਪ੍ਰਸਿੱਧ ਰਚਨਾਵਾਂ ਵੀ ਸੰਖੇਪ ਕਰ ਕੇ ਇਸ ਲੜੀ ਵਿਚ ਛਾਪ ਦਿੱਤੀਆਂ ਜਾਂਦੀਆਂ ਸਨ। ਜਿਨ੍ਹਾਂ ਪਾਠਕਾਂ ਨੂੰ ਜਾਸੂਸੀ ਜਾਂ ਚਸਕੇਦਾਰ ਸਾਹਿਤ ਦੀ ਲਤ ਲੱਗੀ ਹੁੰਦੀ, ਉਨ੍ਹਾਂ ਵਾਸਤੇ ਬਹੁਰੰਗੀ ਕਿਸੇ ਖ਼ੂਬਸੂਰਤ ਜ਼ਨਾਨੀ ਦੀ ਤਸਵੀਰ ਵਾਲੇ ਕਵਰ ਨਾਲ ਇਕ ਰੁਪਏ ਵਿਚ ਅਜਿਹੀਆਂ ਪੁਸਤਕਾਂ ਛਾਪਣ ਵਾਲੇ ਪ੍ਰਕਾਸ਼ਕ ਵੀ ਹੁੰਦੇ ਸਨ। ਇਨ੍ਹਾਂ ਪੁਸਤਕਾਂ ਦੇ ਨਾਂ ਹੀ ਬੜੇ ਮਨਮੋਹਕ ਰੱਖੇ ਜਾਂਦੇ, ਜਿਵੇਂ ‘ਹੀਰੇ ਕੀ ਚੋਰੀ’, ‘ਡਾਕੂ ਹਸੀਨਾ’, ‘ਸਾਂਪੋਂ ਵਾਲੀ ਸੁੰਦਰੀ’, ‘ਨਕਾਬਪੋਸ਼ ਕਾ ਚਿਹਰਾ’ ਆਦਿ।
ਨਵਯੁਗ ਵਾਲੇ ਭਾਪਾ ਜੀ ਨੇ ਇਸ ਪਰੰਪਰਾ ਤੋਂ ਪ੍ਰੇਰਿਤ ਹੁੰਦਿਆਂ ਇਕ ਰੁਪਿਆ ਮੁੱਲ ਰੱਖ ਕੇ ਪੰਜਾਬੀ ਵਿਚ ਪੁਸਤਕਾਂ ਛਾਪਣੀਆਂ ਸ਼ੁਰੂ ਕਰ ਦਿੱਤੀਆਂ। ਕੁਦਰਤੀ ਸੀ ਕਿ ਉਹ ਵੀ ਬਹੁਤ ਹਰਮਨ ਪਿਆਰੀਆਂ ਹੋਈਆਂ। ਉਨ੍ਹੀਂ ਦਿਨੀਂ ਸਤਿਆਰਥੀ ਜੀ ਦੀ ਕੁਝ ਵਧੇਰੇ ਹੀ ਲੰਮੀ ਇਕ ਕਹਾਣੀ ਮਾਸਕ ‘ਆਰਸੀ’ ਵਿਚ ਛਪੀ ਸੀ। ਉਨ੍ਹਾਂ ਨੇ ਉਹ ਕਹਾਣੀ ਇਕ-ਰੁਪਿਆ ਲੜੀ ਵਿਚ ਛਾਪਣ ਦਾ ਸੁਝਾਅ ਦਿੱਤਾ ਤਾਂ ਭਾਪਾ ਜੀ ਸਹਿਮਤ ਤਾਂ ਹੋ ਗਏ ਪਰ ਉਨ੍ਹਾਂ ਨੂੰ ਸੰਕੋਚ ਸੀ ਕਿ ਇਸ ਲੜੀ ਵਿਚ ਪੁਸਤਕ ਦੇ ਪੰਨੇ ਘੱਟੋ-ਘੱਟ 96 ਤਾਂ ਹੋਣੇ ਹੀ ਚਾਹੀਦੇ ਹਨ ਜੋ ਉਨ੍ਹਾਂ ਦੇ ਅੰਦਾਜ਼ੇ ਅਨੁਸਾਰ ਇਸ ਕਹਾਣੀ ਦੇ ਹੋਣੇ ਨਹੀਂ ਸਨ। ਸਤਿਆਰਥੀ ਜੀ ਬੋਲੇ, “ਇਹ ਤਾਂ ਕੋਈ ਸਮੱਸਿਆ ਨਹੀਂ, ਭਾਪਾ ਜੀ। ਅੰਤਲਾ ਪੰਨਾ ਰੋਕ ਲੈਂਦੇ ਹਾਂ। ਨਾਲੇ ਤਾਂ ਹੁਣ ਨਾਲੋਂ ਇਸ ਕਥਾ ਦਾ ਵਧੇਰੇ ਢੁੱਕਵਾਂ ਅੰਤ ਮੇਰੇ ਮਨ ਵਿਚ ਹੈ, ਨਾਲੇ ਜੀ ਹੋਰ ਪੰਨੇ ਜੁੜ ਕੇ ਇਸ ਦਾ ਆਕਾਰ ਵਾਜਬ ਹੋ ਜਾਵੇਗਾ।”
ਇਹ ਜੁਗਤ ਭਾਪਾ ਜੀ ਨੂੰ ਵੀ ਜਚ ਗਈ। ਸੰਤੁਸ਼ਟ ਹੋ ਕੇ ਉਨ੍ਹਾਂ ਨੇ ਕੰਪੋਜ਼ੀਟਰ ਨੂੰ ਬੁਲਾਇਆ ਅਤੇ ‘ਆਰਸੀ’ ਵਿਚਲੀ ਕਹਾਣੀ ਦਾ ਅੰਤਲਾ ਪੰਨਾ ਕੱਟ ਕੇ ਕਹਿਣ ਲੱਗੇ, “ਸਤਿਆਰਥੀ ਜੀ ਦੀ ਪੁਸਤਕ ਏ, ਇਕ ਰੁਪਿਆ ਲੜੀ ਲਈ। ਉਸ ਆਕਾਰ ਵਿਚ ਕੰਮ ਸ਼ੁਰੂ ਕਰੋ। ਕੁਝ ਛੋਟੀ ਏ ਪਰ ਅਜੇ ਇਨ੍ਹਾਂ ਨੇ ਇਸ ਦਾ ਅੰਤ ਕਰਨਾ ਵੇ। ਅੰਤਲੇ ਪੰਨੇ ਇਹ ਦੋ-ਚਾਰ ਦਿਨਾਂ ਵਿਚ ਸਿੱਧੇ ਤੁਹਾਨੂੰ ਦੇ ਦੇਵਣਗੇ।” ਨਾਲ ਹੀ ਉਨ੍ਹਾਂ ਨੇ ਖ਼ਬਰਦਾਰ ਕੀਤਾ, “ਸਤਿਆਰਥੀ ਜੀ, ਇਕ ਗੱਲ ਸੁਣ ਲਵੋ। ਉਹ ਪੰਨੇ ਸਰੋਤਿਆਂ ਤੋਂ ਪਾਸ ਕਰਵਾਉਣ ਦੇ ਚੱਕਰ ਵਿਚ ਨਾ ਪੈ ਜਾਣਾ। ਤੁਸੀਂ ਚੇਪੀਆਂ ਲਾਉਂਦੇ ਫਿਰਦੇ ਹੋਵੋ ਤੇ ਕੰਪੋਜ਼ੀਟਰ ਅਗਲੇ ਪੰਨੇ ਉਡੀਕਦੇ ਰਹਿਣ!”
ਉਹ ਤਾਂ ਭਾਪਾ ਜੀ ਦੇ ਲਾਂਭੇ ਹਟਣ ਤੇ ਕੰਪੋਜ਼ੀਟਰ ਨਾਲ ਸਿੱਧਾ ਨਾਤਾ ਜੁੜਨਾ ਸਦਕਾ ਬਾਗੋ-ਬਾਗ ਸਨ। ਅੰਦਰੋਂ ਖ਼ੁਸ਼ ਹੋ ਕੇ ਮਚਲੇ ਬਣ ਗਏ, “ਨਾ ਜੀ, ਇਹ ਖਰੜਾ ਤਾਂ ਚੇਪੀਆਂ ਵਾਲਾ ਪੜਾਅ ਪਾਰ ਕਰਨ ਤੋਂ ਮਗਰੋਂ ਹੀ ਤੁਹਾਨੂੰ ‘ਆਰਸੀ’ ਲਈ ਸੌਂਪਿਆ ਸੀ। ਹੁਣ ਨਵੇਂ ਪੰਜ-ਦਸ ਪੰਨੇ ਤਾਂ ਇਨ੍ਹਾਂ ਪੰਨਿਆਂ ਦੀ ਅਗਲੀ ਕੜੀ ਹੀ ਹੋਏ। ਇਨ੍ਹਾਂ ਤੋਂ ਬਿਨਾਂ ਉਹ ਸੁਣਾਉਣ ਦੀ ਤਾਂ ਜੀ ਨਾ ਕੋਈ ਲੋੜ ਹੈ ਤੇ ਨਾ ਤੁਕ!”
ਭਾਪਾ ਜੀ ਬੇਫ਼ਿਕਰ ਹੋ ਗਏ। ਉਹ ਜਾਣਦੇ ਸਨ, ਸਤਿਆਰਥੀ ਜੀ ਸਰੋਤਿਆਂ ਨੂੰ ਨਾ ਵੀ ਸੁਣਾਉਣ ਤਾਂ ਵੀ ਬਹੁਤੀ ਕਾਹਲ ਨਹੀਂ ਕਰਨ ਲੱਗੇ। ਦੂਜੇ-ਚੌਥੇ ਦਿਨ ਉਹ ਅਗਲੇ ਪੰਨਿਆਂ ਦੀ ਦੱਥੀ ਕੰਪੋਜ਼ੀਟਰ ਦੇ ਹਵਾਲੇ ਕਰ ਜਾਂਦੇ, ਪਰ ਅੰਤਲਾ ਸਫਾ “ਢੁਕਵਾਂ ਅੰਤ ਕਰਨ ਲਈ” ਫੇਰ ਆਪਣੇ ਕੋਲ ਹੀ ਰੱਖ ਲੈਂਦੇ। ਅੰਤ ਨੂੰ ਪਾਕਿਟ-ਬੁਕ ਆਕਾਰ ਵਿਚ ਪੰਜ ਸੌ ਪੰਨੇ ਦਾ ਗੁਟਕਾ ਜਿਹਾ ਬਣ ਗਿਆ। ਇਕ ਦਿਨ ਭਾਪਾ ਜੀ ਨੂੰ ਚੇਤਾ ਆਇਆ ਤਾਂ ਉਨ੍ਹਾਂ ਨੇ ਪਰੂਫ਼ਾਂ ਦੀ ਮੰਗ ਕੀਤੀ। ਉਹ ਮੇਜ਼ ਉਤੇ ਪਰੂਫ਼ਾਂ ਦਾ ਮੋਟਾ ਪੁਲੰਦਾ ਰੱਖ ਕੇ ਮੁੜ ਚੱਲੇ ਕੰਪੋਜ਼ੀਟਰ ਨੂੰ ਕਹਿੰਦੇ, “ਇਹ ਕੀ ਰੱਖ ਚੱਲੇ ਓ, ਮੈਂ ਸਤਿਆਰਥੀ ਜੀ ਦੀ ਇਕ ਰੁਪਏ ਵਾਲੀ ਪੁਸਤਕ ‘ਘੋੜਾ ਬਾਦਸ਼ਾਹ’ ਦੇ ਪਰੂਫ਼ ਮੰਗੇ ਸਨ।”
ਕੰਪੋਜ਼ੀਟਰ ਨੇ ਕਿਹਾ, “ਇਹ ਉਹੋ ਹੀ ਹਨ ਜੀ!”
ਭਾਪਾ ਜੀ ਹੈਰਾਨ ਹੋਏ ਤਾਂ ਉਹਨੇ ਸਾਰੀ ਕਹਾਣੀ ਕਹਿ ਸੁਣਾਈ। ਉਨ੍ਹਾਂ ਨੇ ਮੱਥੇ ਉਤੇ ਹੱਥ ਮਾਰਿਆ। ਪੁਸਤਕ ਦੇਖਣ ਵਿਚ ਹੀ ਸੋਹਣੀ ਨਾ ਹੋਵੇ ਤਾਂ ਕੌਣ ਖਰੀਦੇਗਾ ਤੇ ਕਿਉਂ ਖਰੀਦੇਗਾ!
ਇਕ-ਦੋ ਦਿਨਾਂ ਮਗਰੋਂ ਸਤਿਆਰਥੀ ਜੀ ਦਾ ਆਗਮਨ ਹੋਇਆ ਤਾਂ ਭਾਪਾ ਜੀ ਸੁਭਾਅ ਦੇ ਉਲਟ ਮੱਥੇ ਤਿਉੜੀ ਪਾ ਕੇ ਬੋਲੇ, “ਇਹ ਤੁਸਾਂ ਕੀ ਕੀਤਾ ਸਤਿਆਰਥੀ ਜੀ?”
ਉਹ ਸਹਿਜ ਨਾਲ ਬੋਲੇ, “ਮੈਂ ਤਾਂ ਕੁਛ ਨਹੀਂ ਕੀਤਾ ਜੀ” ਅਤੇ ਮੁੱਛਾਂ ਵਿਚ ਮੁਸਕਰਾਏ, “ਸਗੋਂ ਮੇਰੇ ਬਾਰੇ ਤਾਂ ਤੁਹਾਡੇ ਸਮੇਤ ਮੇਰੇ ਸਭ ਆਪਣਿਆਂ ਨੂੰ ਇਹੋ ਸ਼ਿਕਾਇਤ ਰਹਿੰਦੀ ਹੈ ਜੀ ਕਿ ਮੈਂ ਕੁਛ ਕਰਦਾ ਨਹੀਂ!”
ਭਾਪਾ ਜੀ ਕੌੜੇ ਹੋਏ, “ਤੁਸੀਂ ਸਭ ਸਮਝਦੇ ਹੋ ਕਿ ਮੈਂ ਕੀ ਕਹਿ ਰਿਹਾ ਹਾਂ! ਮਚਲੇ ਬਣਦੇ ਹੋ!æææਸਤਿਆਰਥੀ ਜੀ, ਮੈਂ ਪੰਜ ਸੌ ਪੰਨੇ ਦੀ ਪੁਸਤਕ ਇਕ ਰੁਪਏ ਵਿਚ ਵੇਚਾਂਗਾ?”
ਉਹ ਸੱਚ-ਮੁੱਚ ਮਚਲੇ ਬਣ ਗਏ, “ਅੱਛਾ, ਤੁਸੀਂ ‘ਘੋੜਾ ਬਾਦਸ਼ਾਹ’ ਦੀ ਗੱਲ ਕਰਦੇ ਹੋ! ਭਾਪਾ ਜੀ, ਇਕ ਰੁਪਿਆ ਭੁੱਲ ਜਾਓ। ਤੁਹਾਡੀ ਕਿਰਪਾ ਨਾਲ ਪੁਸਤਕ ਭਾਰੀ-ਗੌਰੀ ਬਣ ਗਈ ਹੈ। ਹੁਣ ਇਹ ਇਕ ਰੁਪਏ ਵਿਚ ਥੋੜ੍ਹੋ ਵੇਚਣੀ ਹੈ। ਜਿਲਦ ਨਾਲ ਠੀਕ ਮੁੱਲ ਰੱਖ ਕੇ ਵੇਚੋ!”
ਭਾਪਾ ਜੀ ਹੋਰ ਖਿਝੇ, “ਮੇਰੀ ਕਿਰਪਾ ਸੁਆਹ ਤੇ ਖੇਹ!æææਤੁਸੀਂ ਮੈਨੂੰ ਆਪਣੇ ਇਸ ਕਾਰਨਾਮੇ ਬਾਰੇ ਪਹਿਲਾਂ ਦਸਦੇ ਤਾਂ ਮੈਂ ਇਹਦਾ ਆਕਾਰ ਪਾਕਟ ਬੁੱਕ ਵਾਲਾ ਕਿਉਂ ਰਖਦਾ। ਹੁਣ ਇਸ ਗੁਟਕੇ ਨੂੰ ਖਰੀਦੇਗਾ ਕੌਣ?”
ਉਹ ਉਸੇ ਅਡੋਲ ਸਹਿਜ ਨਾਲ ਬੋਲੇ, “ਗੁਟਕੇ-ਪੋਥੀਆਂ ਤਾਂ, ਭਾਪਾ ਜੀ, ਆਪਣੀ ਪੁਰਾਣੀ ਪਰੰਪਰਾ ਹਨ। ਉਨ੍ਹਾਂ ਨੂੰ ਲੋਕ ਸਗੋਂ ਪੁਸਤਕਾਂ ਨਾਲੋਂ ਵੱਧ ਸ਼ਰਧਾ ਨਾਲ ਪੜ੍ਹਦੇ ਨੇ!”
ਆਖ਼ਰ ਭਾਪਾ ਜੀ ਅੱਕ-ਥੱਕ ਗਏ, “ਬਸ ਹੁਣ ਇਸ ਕਥਾ ਦਾ ਭੋਗ ਪਾਵੋ ਤੇ ਹੋਰ ਕੁਝ ਨਾ ਬੋਲੋ!” ਤੇ ਉਨ੍ਹਾਂ ਨੇ ਕੰਪੋਜ਼ੀਟਰ ਨੂੰ ਕਿਹਾ, “ਪਰੂਫ਼ ਫ਼ਾਈਨਲ ਕਰਵਾ ਕੇ ਇਸ ਨੂੰ ਛਪਣੀ ਦਿਉ।”
ਅਗਲੇ ਦਿਨ ਸਤਿਆਰਥੀ ਜੀ ਨਵਯੁਗ ਪਹੁੰਚੇ ਤਾਂ ਉਹ ਤਾਂ ਪਹਿਲਾਂ ਵਾਲੇ ਸਨ ਹੀ, ਭਾਪਾ ਜੀ ਵੀ ਸਭ ਭੁੱਲ-ਭੁਲਾ ਕੇ ਪਹਿਲਾਂ ਵਾਲੇ ਹੀ ਸਨ। ਕੁਰਸੀ ਉਤੇ ਬੈਠਦਿਆਂ ਬੋਲੇ, “ਭਾਪਾ ਜੀ, ‘ਘੋੜਾ ਬਾਦਸ਼ਾਹ’ ਤਿਆਰ ਕਦ ਕੁ ਤੱਕ ਹੋ ਜਾਊ?”
ਭਾਪਾ ਜੀ ਚਿਹਰੇ ਉਤੇ ਝੂਠਾ ਗੁੱਸਾ ਲਿਆਏ, “ਜੇ ਤੁਸਾਂ ਅੱਜ ਤੋਂ ਬਾਅਦ ਕਦੀ ਵੀ ਉਹਦਾ ਜ਼ਿਕਰ ਛੇੜਿਆ, ਸਮਝ ਲਵੋ, ਉਹ ਕਦੀ ਵੀ ਤਿਆਰ ਨਹੀਂ ਹੋਣੀ!”
‘ਘੋੜਾ ਬਾਦਸ਼ਾਹ’ ਛਪੀ ਤਾਂ ਭਾਪਾ ਜੀ ਦਾ ਸ਼ੱਕ ਠੀਕ ਨਿਕਲਿਆ। ਵਿਕਰੀ ਢਿੱਲੀ ਰਹੀ। ਸੁਖਬੀਰ ਉਨ੍ਹੀਂ ਦਿਨੀਂ ‘ਆਰਸੀ’ ਨਾਲ ਜੁੜਿਆ ਹੋਇਆ ਸੀ। ‘ਸੇਲ ਪਰਮੋਸ਼ਨ’ ਲਈ ਉਹਨੇ ‘ਘੋੜਾ ਬਾਦਸ਼ਾਹ’ ਦੀਆਂ ਸਾਹਿਤਕ ਸਿਫ਼ਤਾਂ ਨਾਲ ਭਰਪੂਰ ਇਕ ਲੇਖ ਲਿਖਿਆ। ਇਕ ਹੋਰ ਜੁਗਤ ਵਜੋਂ ‘ਆਰਸੀ’ ਵਿਚ ਘੋੜਿਆਂ ਸਬੰਧੀ ਛਪੇ ਇਕ ਅੰਗਰੇਜ਼ੀ ਲੇਖ ਦੇ ਸਚਿਤਰ ਪੰਜਾਬੀ ਅਨੁਵਾਦ ਦੇ ਅੰਤ ਉਤੇ ਇਸ਼ਤਿਹਾਰ ਦਿੱਤਾ ਗਿਆ, “ਘੋੜਿਆਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਦੇਵਿੰਦਰ ਸਤਿਆਰਥੀ ਦਾ ਨਾਵਲ ‘ਘੋੜਾ ਬਾਦਸ਼ਾਹ’ ਪੜ੍ਹੋ!” ਇਹਤੋਂ ਇਲਾਵਾ ਇਸ ਅਫ਼ਵਾਹ ਨੂੰ ਖ਼ਬਰ ਬਣਾ ਕੇ ਫ਼ੈਲਾਇਆ ਗਿਆ ਕਿ ਕਹਾਣੀਕਾਰ ਮਹਿੰਦਰ ਸਿੰਘ ਜੋਸ਼ੀ, ਜੋ ਉਸ ਸਮੇਂ ਦਿੱਲੀ ਵਿਚ ਜੱਜ ਲੱਗੇ ਹੋਏ ਸਨ, ਪੰਜਾਬੀ ਪੜ੍ਹੇ ਦੋਸ਼ੀਆਂ ਨੂੰ ਸਜ਼ਾਵਾਂ ਸੁਣਾਉਂਦੇ ਹਨ, “ਪੰਜ ਸੌ ਰੁਪਏ ਜੁਰਮਾਨਾ ਜਾਂ ਪੰਦਰਾਂ ਦਿਨਾਂ ਦੀ ਕੈਦ ਜਾਂ ‘ਘੋੜਾ ਬਾਦਸ਼ਾਹ’ ਦਾ ਪਾਠ!”
ਸਤਿਆਰਥੀ ਜੀ ਨੂੰ ਮੈਂ ਕਦੀ ਉਦਾਸ ਜਾਂ ਕਿਸੇ ਗੱਲ ਦਾ ਗਿਲਾ ਕਰਦੇ ਨਹੀਂ ਸੀ ਦੇਖਿਆ। ਪਰ ਇਹ ਸਾਰਾ ਕਿੱਸਾ ਯਾਦ ਕਰ ਕੇ ਬੋਲੇ, “ਜਿਸ ਤਰ੍ਹਾਂ ਦੀ ਚੀਜ਼ ਵਿਕ ਸਕਦੀ ਹੈ, ਉਹ ਮੈਂ ਲਿਖਣੀ ਨਹੀਂ ਚਾਹੁੰਦਾ। ਦੇਖੋ ਭੁੱਲਰ ਜੀ, ਉਹ ਸਾਹਿਤ ਤਾਂ ਨਾ ਹੋਇਆ ਨਾ, ਚੀਜ਼ ਹੀ ਹੋਈ। ਤੇ ਜਿਸ ਤਰ੍ਹਾਂ ਦਾ ਕੁਝ ਮੈਂ ਲਿਖਦਾ ਹਾਂ, ਉਸ ਦੇ ਪਾਠਕ ਬਹੁਤ ਗਿਣੇ-ਮਿਥੇ ਹਨ। ਸਿਆਣੇ ਪਾਠਕ ਕਿਸੇ ਵੀ ਜ਼ਬਾਨ ਵਿਚ ਹੁੰਦੇ ਹੀ ਕਿੰਨੇ ਕੁ ਨੇ ਜੀ। ਕੁਝ ਲੇਖਕ ਮੇਰੀ ਰਚਨਾ ਬਾਰੇ ਲਤੀਫ਼ੇ ਘੜਨ ਜਾਂ ਛਾਪਣ ਵਿਚ ਹੀ ਦਿਲਚਸਪੀ ਲੈ ਰਹੇ ਨੇ। ‘ਘੋੜਾ ਬਾਦਸ਼ਾਹ’ ਨੂੰ ਬਹੁਤੇ ਪਾਠਕ ਨਹੀਂ ਮਿਲ ਸਕਣਗੇ, ਇਹ ਤਾਂ ਮੈਂ ਜਾਣਦਾ ਸੀ, ਪਰ ਇਹ ਕਦੀ ਨਹੀਂ ਸੀ ਸੋਚਿਆ ਕਿ ਉਸ ਦੀ ਅਰਥੀ ਉਸ ਦੀ ਮੌਤ ਤੋਂ ਪਹਿਲਾਂ ਹੀ ਕੱਢ ਦਿੱਤੀ ਜਾਵੇਗੀ, ਲਤੀਫ਼ਿਆਂ ਰਾਹੀਂ!”
ਇਸ ਘਟਨਾ ਮਗਰੋਂ ਵੀ ਨਾ ਭਾਪਾ ਜੀ ਦਾ ਉਨ੍ਹਾਂ ਲਈ ਪਿਆਰ ਭੋਰਾ ਵੀ ਘਟਿਆ ਤੇ ਨਾ ਉਨ੍ਹਾਂ ਦੀਆਂ ਆਦਤਾਂ ਵਿਚ ਭੋਰਾ ਵੀ ਫ਼ਰਕ ਪਿਆ। ਇਕ ਦਿਨ ਉਨ੍ਹਾਂ ਨੇ ਇਕ ਛੋਟੀ ਜਿਹੀ ਰਚਨਾ ‘ਆਰਸੀ’ ਲਈ ਦਿੱਤੀ ਅਤੇ ਨਾਲ ਹੀ ਫ਼ਰਮਾਇਸ਼ ਕੀਤੀ, “ਇਸੇ ਅੰਕ ਵਿਚ ਛਾਪਣ ਦੀ ਕਿਰਪਾ ਕਰੋ!”
ਭਾਪਾ ਜੀ ਲਿਖਤ ਦੇਖ ਕੇ ਬੋਲੇ, “ਇਸ ਅੰਕ ਦੀ ਕੰਪੋਜ਼ਿੰਗ ਤਾਂ ਲਗਭਗ ਪੂਰੀ ਹੋ ਗਈ ਏ। ਵੱਧ ਤੋਂ ਵੱਧ ਡੇਢ ਪੰਨੇ ਦੀ ਗੁੰਜਾਇਸ਼ ਨਿਕਲ ਸਕਦੀ ਹੈ। ਮੈਟਰ ਵੀ ਓਨਾ ਕੁ ਹੀ ਲਗਦਾ ਏ। ਜੇ ਦੋ-ਚਾਰ ਸਤਰਾਂ ਵਧ ਗਈਆਂ, ਤੁਹਾਥੋਂ ਕਟਵਾ ਲਵਾਂਗੇ।”
ਉਨ੍ਹਾਂ ਨੇ ਸੱਤ-ਵਚਨ ਕਿਹਾ ਅਤੇ ਭਾਪਾ ਜੀ ਨੇ ਮੈਟਰ ਕੰਪੋਜ਼ੀਟਰ ਦੇ ਹਵਾਲੇ ਕਰ ਦਿੱਤਾ। ਜਦੋਂ ਪੂਰੇ ਰਸਾਲੇ ਦੇ ਪਰੂਫ਼ ਮੇਜ਼ ਉਤੇ ਆਏ, ਪੰਨੇ 40 ਦੀ ਥਾਂ 42 ਬਣੇ ਪਏ ਸਨ। ਭਾਪਾ ਜੀ ਮੁੜ ਮੁੜ ਗਿਣਨ। ਕੰਪੋਜ਼ੀਟਰ ਨੂੰ ਬੁਲਾਇਆ ਤਾਂ ਰਹੱਸ ਖੁੱਲ੍ਹਿਆ। ਸਤਿਆਰਥੀ ਜੀ ਨੇ ਕੰਪੋਜ਼ੀਟਰ ਦੇ ਪੂਰੇ ਡੇਢ ਪੰਨੇ ਵਿਚ ਸਮੇਟੇ ਪਹਿਲੀ ਲਿਖਤ ਦੇ ਪਰੂਫ਼ਾਂ ਵਿਚ ਥਾਂ-ਥਾਂ ਨਵਾਂ ਮੈਟਰ ਜੋੜ ਕੇ ਸਾਢੇ ਤਿੰਨ ਪੰਨੇ ਬਣਾ ਦਿੱਤੇ ਸਨ। ਸਬੱਬ ਨਾਲ ਸਤਿਆਰਥੀ ਜੀ ਵੀ ਆ ਗਏ। ਭਾਪਾ ਜੀ ਦਾ ਗੁੱਸੇ ਹੋਣਾ ਸੁਭਾਵਿਕ ਸੀ, “ਸਤਿਆਰਥੀ ਜੀ, ਤੁਸੀਂ ਆਪਣੀਆਂ ਆਦਤਾਂ ਨਹੀਂ ਛਡਦੇ! ਇਹ ਤੁਸਾਂ ਕੀ ਕੀਤਾ? ਡੇਢ ਪੰਨੇ ਦੇ ਸਾਢੇ ਤਿੰਨ ਪੰਨੇ ਬਣਾ ਛੱਡੇ ਨੇ। ਹੁਣ ਮੈਂ ਦੋ ਪੰਨੇ ਕਿਹੜੇ ਕੱਢਾਂ?”
ਉਹ ਬੜੇ ਠਰ੍ਹੰਮੇ ਨਾਲ ਬੋਲੇ, “ਮਾਫ਼ ਕਰਨਾ ਜੀ, ਮੈਂ ਤੁਹਾਡੇ ਅਧਿਕਾਰ-ਖੇਤਰ ਵਿਚ ਦਖ਼ਲ ਕਿਉਂ ਦੇਵਾਂ? ਤੁਸੀਂ ਸੰਪਾਦਕ ਹੋ। ਪੰਨੇ ਕਿਹੜੇ ਕੱਢਣੇ ਹਨ, ਇਹ ਤਾਂ ਜੀ ਤੁਹਾਡਾ ਕੰਮ ਹੈ, ਤੁਸੀਂ ਹੀ ਦੇਖੋ। ਰਹੀ ਆਦਤਾਂ ਦੀ ਗੱਲ! ਭਾਪਾ ਜੀ, ਤੁਸੀਂ ਏਨੇ ਅਨੁਭਵੀ ਪੁਰਸ਼ ਹੋ, ਕਦੀ ਬੰਦੇ ਦੀਆਂ ਆਦਤਾਂ ਵੀ ਛੁੱਟੀਆਂ ਨੇ? ਸਿਆਣਿਆਂ ਨੇ ਕਿਹਾ ਹੈ ਨਾ, ਵਾਦੜੀਆਂ-ਸਜਾਦੜੀਆਂ ਨਿਭਣ ਸਿਰਾਂ ਦੇ ਨਾਲ! ਆਪਣਾ ਕਿੱਸਾਕਾਰ ਵੀ ਕਹਿ ਗਿਆ ਹੈ, ‘ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ!’ ਆਦਤਾਂ ਛੱਡ ਕੇ ਤਾਂ ਜੀ ਬੰਦਾ ਪਹਿਲਾਂ ਵਾਲਾ ਬੰਦਾ ਹੀ ਨਹੀਂ ਰਹਿ ਜਾਂਦਾ। ਮੈਂ ਫੇਰ ਤੁਹਾਡਾ ਸਤਿਆਰਥੀ ਥੋੜ੍ਹੋ ਹੋਵਾਂਗਾ, ਉਹ ਤਾਂ ਕੋਈ ਹੋਰ ਹੋਵੇਗਾ!”
ਭਾਪਾ ਜੀ ਦਾ ਹਾਸਾ ਨਿਕਲ ਗਿਆ। ਉਨ੍ਹਾਂ ਨੂੰ ਕੁਝ ਹੋਰ ਕਹਿਣ ਦੀ ਥਾਂ ਕੰਪੋਜ਼ੀਟਰ ਨੂੰ ਬੁਲਾ ਕੇ ਬੋਲੇ, “ਇਨ੍ਹਾਂ ਦੇ ਸਾਢੇ ਤਿੰਨ ਪੰਨੇ ਹੀ ਰਹਿਣ ਦਿਉ। ਇਹ ਦੋ ਪੰਨੇ ਦਾ ਲੇਖ ਕੱਢ ਕੇ ਸੂਚੀ ਠੀਕ ਕਰ ਲਵੋ।” ਬਹੁਤ ਚੰਗੀ ਤਰ੍ਹਾਂ ਜਾਣੂ ਪੁਰਾਣਾ ਕੰਪੋਜ਼ੀਟਰ ਦੋਵਾਂ ਨੂੰ ਬੜੇ ਗਹੁ ਨਾਲ ਦੇਖਦਾ ਹੋਇਆ ਪੁਠੇ ਪੈਰੀਂ ਤੁਰ ਗਿਆ।