ਕੈਨੇਡਾ ਅਤੇ ਅਮਰੀਕਾ ਦੀ ਸਰਜ਼ਮੀਨ ਨੂੰ ਸਦਾ ਹੀ ਇਹ ਮਾਣ ਪ੍ਰਾਪਤ ਹੋਇਆ ਹੈ ਕਿ ਜਦੋਂ ਵੀ ਪੰਜਾਬ ਉਤੇ ਭੀੜ ਬਣੀ, ਇਥੇ ਵੱਸਦੇ ਪੰਜਾਬੀਆਂ ਨੇ ਜ਼ੁਲਮ ਤੇ ਜ਼ਾਲਮ- ਦੋਵਾਂ ਦਾ ਟਾਕਰਾ ਕਰਨ ਲਈ ਆਪਣੀ ਆਵਾਜ਼ ਬੁਲੰਦ ਕੀਤੀ। ਇਹ ਵਹੀਰਾਂ ਘੱਤ ਕੇ ਪੰਜਾਬ ਪਹੁੰਚੇ ਅਤੇ ਜ਼ਾਲਮ ਜਰਵਾਣਿਆਂ ਕੋਲੋਂ ਪੰਜਾਬ ਨੂੰ ਬਚਾਇਆ। ਅੱਜ ਫਿਰ ਕੈਨੇਡਾ, ਅਮਰੀਕਾ ਵਿਚ ਵੱਸਦੇ ਪੰਜਾਬੀ ਭਾਈਚਾਰੇ ਵਿਚ ਵਿਦਰੋਹ ਉਠਿਆ ਹੈ ਜਿਸ ਦੀਆਂ ਬਾਤਾਂ ਹਰ ਥਾਂ ਪੈ ਰਹੀਆਂ ਹਨ।
ਮੰਝਧਾਰ ਵਿਚ ਡੁੱਬ ਰਹੀ ਪੰਜਾਬ ਦੀ ਬੇੜੀ ਤੋਂ ਪਰਦੇਸੀਂ ਵੱਸਦਾ ਹਰ ਪੰਜਾਬੀ ਭਲੀਭਾਂਤ ਜਾਣੂ ਹੈ, ਪੀੜਤ ਵੀ ਹੈ ਅਤੇ ਇਸ ਨੂੰ ਬਚਾਉਣ ਲਈ ਉਤਾਵਲਾ ਵੀ ਹੈ। ਸਿਆਣੇ ਆਖਦੇ ਹਨ, ਹਰ ਕੰਮ ਦਾ ਸਹੀ ਵਕਤ ਹੁੰਦਾ ਹੈ, ਤੇ ਉਹ ਸਹੀ ਵਕਤ ਹੁਣ ਪੰਜਾਬੀਆਂ ਦੇ ਸਾਹਮਣੇ ਆਣ ਖਲੋਤਾ ਹੈ। ਪੰਜਾਬ ਦੀ ਪੰਥਕ ਅਖਵਾਉਂਦੀ ਤੇ ਬੀæਜੇæਪੀæ ਨਾਲ ਰਲ ਕੇ ਬਣੀ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦਾ ਬੇੜਾ ਗਰਕ ਕਰਨ ਵਿਚ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ। ਕਹਾਵਤ ਹੈ ਕਿ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ, ਉਹ ਪਿੰਡ ਵੱਲ ਤੁਰ ਪੈਂਦਾ ਹੈ; ਬਿਲਕੁਲ ਇਵੇਂ ਹੀ ਪੰਜਾਬ ਸਰਕਾਰ ਦੇ ਕੁਝ ਮੰਤਰੀ, ਸੰਤਰੀ, ਧਾਰਮਿਕ ਲੀਡਰ ਅਤੇ ਉਚੇ ਅਹੁਦਿਆਂ ਉਤੇ ਬੈਠੇ ਲੋਕ ਪਿਛਲੇ ਕੁਝ ਕੁ ਹਫਤਿਆਂ ਤੋਂ ਟੋਲੇ ਬਣਾ ਬਣਾ ਕੈਨੇਡਾ, ਅਮਰੀਕਾ ਵਿਚ ਸੰਗਤ ਦਰਸ਼ਨ ਕਰਨ ਪਹੁੰਚੇ ਹੋਏ ਹਨ। ਇਸ ਦਾ ਅਸਲ ਮਕਸਦ 2017 ਦੀਆਂ ਚੋਣਾਂ ਵਾਸਤੇ ਬਾਦਲ ਪਰਿਵਾਰ ਲਈ ਵੋਟ ਬੈਂਕ ਸੈੱਟ ਕਰਨਾ, ਰੁੱਸਿਆਂ ਨੂੰ ਮਨਾਉਣਾ, ਪਾਰਟੀ ਦੇ ਗੁਣ ਗਾ ਕੇ ਖਾਮੀਆਂ ਉਤੇ ਮਿੱਟੀ ਪਾਉਣੀ, ਝੂਠਾ ਪ੍ਰਚਾਰ ਕਰ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ, ਪਰ ਹੁਣ ਬਾਹਰ ਵੱਸਦੇ ਪੰਜਾਬੀ ਜਾਗ ਉਠੇ ਹਨ ਤੇ ਇਨ੍ਹਾਂ ਦੇ ਚਿਹਰਿਆਂ ਤੋਂ ਨਕਾਬ ਲਾਹੁਣ ਲਈ ਤਿਆਰ ਬੈਠੇ ਹਨ।
ਅਕਾਲੀ ਸਰਕਾਰ ਦੇ ਇਹ ਸਿਆਸੀ ਪ੍ਰਚਾਰਕ ਭਾਵੇਂ ਆਪਣੇ ਲੱਛੇਦਾਰ ਭਾਸ਼ਣਾਂ ਨਾਲ ਲੋਕਾਂ ਨੂੰ ਮਾਇਆ ਜਾਲ ਵਿਚ ਫਸਾ ਕੇ ਨੋਟ ਅਤੇ ਵੋਟ ਲੈਣ ਦੀ ਤਕੜੀ ਮੁਹਾਰਤ ਰੱਖਦੇ ਹਨ, ਪਰ ਸਦਕੇ ਜਾਈਏ ਪੰਜਾਬੀਆਂ ਦੇ ਜਿਨ੍ਹਾਂ ਨੇ ਕੈਨੇਡਾ-ਅਮਰੀਕਾ ਵਿਚ ਆਏ ਇਨ੍ਹਾਂ ਸਰਕਾਰੀ ਪ੍ਰਚਾਰਕਾਂ ਦਾ ਭਰਵਾਂ ‘ਸਵਾਗਤ’ ਕੀਤਾ ਹੈ।
ਅਸਲ ਵਿਚ ਪੰਜਾਬੀਆਂ ਨੇ ਇਕ ਵਾਰੀ ਫਿਰ ਪੰਜਾਬ ਦੀ ਰੱਖ ਵਿਖਾਈ ਹੈ ਅਤੇ ਇਨ੍ਹਾਂ ਪ੍ਰਚਾਰਕਾਂ ਨੂੰ ਦੱਸ ਦਿੱਤਾ ਹੈ ਕਿ ਉਹ ਭਾਵੇਂ ਪੰਜਾਬ ਤੋਂ ਦੂਰ-ਦੁਰਾਡੇ ਬੈਠੇ ਹਨ, ਪਰ ਪੰਜਾਬ ਨੂੰ ਭੁੱਲੇ ਨਹੀਂ ਹਨ। ਪੰਜਾਬ ਉਨ੍ਹਾਂ ਦਾ ਹੈ ਤੇ ਉਹ ਪੰਜਾਬ ਦੇ ਵਾਰਸ ਤੇ ਰਾਖੇ ਵੀ ਹਨ। ਪੰਜਾਬੀਆਂ ਵੱਲੋਂ ਪੰਜਾਬ ਦੇ ਹੱਕ ਵਿਚ ਚੁੱਕਿਆ ਇਹ ਕਦਮ ਇਤਿਹਾਸ ਵਿਚ ਮੀਲ ਪੱਥਰ ਹੋ ਨਿਬੜੇਗਾ।
ਅੱਜ ਪਰਦੇਸੀਂ ਬੈਠਾ ਹਰ ਪੰਜਾਬੀ ਪਰਿਵਾਰ, ਪੰਜਾਬ ਸਰਕਾਰ ਤੇ ਅਫ਼ਸਰਸ਼ਾਹੀ ਦੀਆਂ ਮਨਮਾਨੀਆਂ ਤੋਂ ਬੇਹੱਦ ਦੁਖੀ ਹੈ। ਇਹ ਪਰਦੇਸੀ ਪੰਜਾਬੀ ਜਦੋਂ ਪੰਜਾਬ ਜਾਂਦੇ ਹਨ ਤਾਂ ਜੋ ਕੁਝ ਉਨ੍ਹਾਂ ਨਾਲ ਉਥੇ ਹੁੰਦਾ ਹੈ, ਉਸ ਨੂੰ ਬੱਸ ਉਹੀ ਜਾਣਦੇ ਹਨ। ਉਥੇ ਗਿਆ ਹਰ ਆਦਮੀ ਤ੍ਰਾਸ-ਤ੍ਰਾਸ ਕਰਦਾ ਪਰਤ ਆਉਂਦਾ ਹੈ। ਕਿਸੇ ਦੀ ਜ਼ਮੀਨ ਨੂੰ ਕੋਈ ਵੇਚ ਕੇ ਖਾ ਜਾਂਦਾ ਹੈ, ਕਿਸੇ ਦੇ ਪਲਾਟ ਉਤੇ ਕੋਈ ਘਰ ਬਣਾ ਕੇ ਬੈਠ ਜਾਂਦਾ ਹੈ, ਕਿਸੇ ਦੀ ਕੋਠੀ ਕੋਈ ਆਪਣੇ ਨਾਂ ਕਰਵਾ ਲੈਂਦਾ ਹੈ, ਕਿਸੇ ਦੇ ਬੈਂਕ ਖਾਤੇ ਵਿਚੋਂ ਕੋਈ ਪੈਸੇ ਕਢਵਾ ਕੇ ਤੁਰਦਾ ਬਣਦਾ ਹੈ। ਸਰਕਾਰੇ-ਦਰਬਾਰੇ ਚੋਰ ਹੀ ਚੋਰ, ਲੁਟੇਰੇ ਹੀ ਲੁਟੇਰੇ ਬੈਠੇ ਹਨ। ਐਨæਆਰæਆਈæ ਥਾਣਿਆਂ ਵਿਚ ਗੁਹਾਰ ਲਾਉਣ ਗਿਆ ਹਰ ਆਦਮੀ ਆਪਣੀ ਲੋਈ ਲੁਹਾ ਕੇ ਘਰ ਪਰਤਦਾ ਹੈ।
ਬਾਹਰ ਵੱਸਦਾ ਹਰ ਪੰਜਾਬੀ ਪਰਿਵਾਰ ਚਾਹੁੰਦਾ ਹੈ ਕਿ ਪੰਜਾਬ ਵਿਚ ਉਹਦਾ ਵੀ ਘਰ ਹੋਵੇ, ਜ਼ਮੀਨ ਹੋਵੇ ਤਾਂ ਕਿ ਜਦੋਂ ਉਹ ਪੰਜਾਬ ਜਾਵੇ, ਆਪਣੇ ਘਰ ਵਿਚ ਰਹੇ, ਆਪਣੇ ਖੂਹ ‘ਤੇ ਗੇੜਾ ਮਾਰੇ ਅਤੇ ਸੁੱਖ ਦੇ ਕੁਝ ਦਿਨ ਪੰਜਾਬ ਵਿਚ ਬਿਤਾ ਕੇ ਆਵੇ, ਪਰ ਅਖੌਤੀ ਲੀਡਰਾਂ ਨੇ ਪੰਜਾਬ ਨੂੰ ਬੁਰਛਾਗਰਦੀ ਦਾ ਅਖਾੜਾ ਬਣਾ ਦਿੱਤਾ ਹੈ। ਪੰਜਾਬ ਉਜੜ ਚੁੱਕਾ ਹੈ, ਨਸ਼ਿਆਂ ਦੇ ਸੈਲਾਬ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ। ਹਰ ਘਰ-ਪਰਿਵਾਰ ਦੇ ਬੁੱਢੇ-ਬੱਚੇ ਨਸ਼ੇੜੀ ਹੋ ਚੁੱਕੇ ਹਨ। ਹੋਰ ਤਾਂ ਹੋਰ, ਮੰਤਰੀ ਤੇ ਸੰਤਰੀ ਹੀ ਨਸ਼ਿਆਂ ਦੇ ਤਸਕਰ ਬਣੀ ਬੈਠੇ ਹਨ। ਧੀਆਂ-ਭੈਣਾਂ ਇਨ੍ਹਾਂ ਨਸ਼ੇੜੀਆਂ ਦੀ ਹਵਸ ਦਾ ਸ਼ਿਕਾਰ ਹੋ ਰਹੀਆਂ ਹਨ। ਲੋਕਾਂ ਦੇ ਘਰ-ਘਾਟ ਲੁੱਟੇ ਜਾ ਰਹੇ ਹਨ। ਬਾਹਰ ਵੱਸਦਾ ਹਰ ਪੰਜਾਬੀ ਪੰਜਾਬ ਨੂੰ ਉਜੜਦਾ ਵੇਖ ਕੇ ਖੂਨ ਦੇ ਅੱਥਰੂ ਕੇਰ ਰਿਹਾ ਹੈ। ਉਪਰੋਂ ਇਹ ਸਰਕਾਰੀ ਪ੍ਰਚਾਰਕ, ਸਰਕਾਰ ਦੇ ਕਸੀਦੇ ਪੜ੍ਹਨ ਲਈ ਧੜਾ-ਧੜ ਵਿਦੇਸ਼ਾਂ ਵਿਚ ਆਣ ਪਹੁੰਚੇ ਹਨ। ਲਾਹਨਤਾਂ ਤਾਂ ਇਨ੍ਹਾਂ ਮੰਤਰੀਆਂ ਤੇ ਸੰਤਰੀਆਂ ਨੂੰ ਹਰ ਥਾਂ ਹੀ ਪੈ ਰਹੀਆਂ ਹਨ, ਪਰ ਇਨ੍ਹਾਂ ਦਾ ਜੋ ਸਵਾਗਤ ਇੱਟਾਂ-ਰੋੜਿਆਂ ਤੇ ਜੁੱਤੀਆਂ ਨਾਲ ਨਿਊ ਯਾਰਕ ਵਿਚ ਹੋਇਆ ਹੈ, ਉਸ ਨੇ ਪੰਜਾਬ ਸਰਕਾਰ ਦੀਆਂ ਆਸਾਂ ਉਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ।
ਜੇਲ੍ਹਾਂ ਵਿਚ ਸਜ਼ਾਵਾਂ ਕੱਟ ਚੁੱਕੇ ਅਣਗਿਣਤ ਸਿੱਖਾਂ ਨੂੰ ਰਿਹਾ ਨਾ ਕਰਵਾ ਸਕਣਾ, ਸੰਨ ਚੁਰਾਸੀ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਾ ਦਿਵਾ ਸਕਣਾ, ਬੀæਜੇæਪੀæ ਦੇ ਪੈਰਾਂ ਵਿਚ ਬੈਠ ਕੇ ਵਜ਼ੀਰੀਆਂ ਲੈਣੀਆਂ, ਇਹ ਪੰਜਾਬ ਨਾਲ ਫਰੇਬ ਨਹੀਂ ਤਾਂ ਹੋਰ ਕੀ ਹੈ? ਹੁਣ ਤਾਂ ਇਹ ਸਵਾਲ ਵੀ ਸਭ ਦੀ ਜ਼ੁਬਾਨ ਉਤੇ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੈਨੇਡਾ ਅਤੇ ਅਮਰੀਕਾ ਦਾ ਗੇੜਾ ਖੁਦ ਕਿਉਂ ਨਹੀਂ ਲਾਉਂਦੇ? ਦਰਅਸਲ, ਹੁਣ ਜੰਗ ਦਾ ਬਿਗਲ ਵੱਜ ਚੁੱਕਾ ਹੈ ਅਤੇ ਇਹ ਖਬਰ ਬਾਦਲਾਂ ਨੂੰ ਵੀ ਹੋ ਗਈ ਹੋਈ ਹੈ। ਜ਼ੁਲਮ ਦੀ ਸ਼ੂਕਦੀ ਹਨੇਰੀ ਨੂੰ ਹੁਣ ਇਹ ਸੁਨੇਹਾ ਮਿਲ ਚੁੱਕਾ ਹੈ ਕਿ ਕੈਨੇਡਾ-ਅਮਰੀਕਾ ਵਿਚ ਵੱਸਦੇ ਪੰਜਾਬੀ ਇਸ ਹਨੇਰੀ ਨੂੰ ਠੱਲ੍ਹ ਪਾਉਣ ਅਤੇ ਪੰਜਾਬ ਨੂੰ ਬਚਾਉਣ ਤੁਰ ਪਏ ਹਨ। ਇਹ ਕਾਫ਼ਲੇ ਹੁਣ ਰੁਕਣਗੇ ਨਹੀਂ।
-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536