ਕੁਲਦੀਪ ਕੌਰ
ਖਵਾਜਾ ਅਹਿਮਦ ਅੱਬਾਸ ਭਾਰਤੀ ਸਿਨੇਮਾ ਵਿਚ ਅਜਿਹੇ ਪਹਿਲੇ ਪੱਤਰਕਾਰ ਸਨ ਜਿਸ ਵੱਲੋਂ ਪੱਤਰਕਾਰੀ ਦੇ ਖੇਤਰ ਵਾਲੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਲਿਖੀਆਂ ਕਹਾਣੀਆਂ ‘ਤੇ ਫਿਲਮਾਂ ਬਣੀਆਂ। ਫਿਲਮ ਨਿਰਦੇਸ਼ਕ ਤੋਂ ਬਿਨਾਂ ਉਹ ਵਧੀਆ ਸਕਰੀਨ-ਪਲੇਅ ਲੇਖਕ ਸੀ,
ਤਤਕਾਲੀ ਸਿਆਸਤ ‘ਤੇ ਤਿੱਖੀਆਂ ਟਿੱਪਣੀਆਂ ਕਰਦੀਆਂ ਕਹਾਣੀਆਂ ਲਿਖਦਾ ਸੀ। ਇਸ ਤੋਂ ਵੀ ਦਿਲਚਸਪ ਤੱਥ ਇਹ ਹੈ ਕਿ ਜਿਥੇ ਖੱਬੇ-ਪੱਖੀ ਸਿਆਸਤ ਵਿਚ ਉਹਨੂੰ ਬੁਰਜੂਆ ਗਿਣਿਆ ਜਾਂਦਾ ਸੀ, ਉਥੇ ਲੱਖਾਂ-ਕਰੋੜਾਂ ਵਿਚ ਖੇਡਣ ਵਾਲਾ ਤਬਕਾ ਉਹਨੂੰ ਕਮਿਊਨਿਸਟ ਵਿਚਾਰਧਾਰਕ ਪ੍ਰਚਾਰਕ ਦੇ ਤੌਰ ‘ਤੇ ਪਛਾਣਦਾ ਸੀ।
ਅਲੀਗੜ੍ਹ ਮੁਸਿਲਮ ਯੂਨੀਵਰਸਿਟੀ ਤੋਂ ਵਕਾਲਤ ਦੀ ਡਿਗਰੀ ਲੈਣ ਪਿਛੋਂ ਅੱਬਾਸ (7 ਜੂਨ 1914- 1 ਜੂਨ 1987) ਮੁੰਬਈ ਆ ਗਿਆ ਜਿਥੇ ਉਹਨੇ ‘ਬੰਬੇ ਕਰਾਨੀਕਲ’ ਅਖਬਾਰ ਵਿਚ ਨੌਕਰੀ ਕਰ ਲਈ। ਬੰਗਾਲ ਦੇ ਆਕਾਲ ਬਾਰੇ ਮਾਰਮਿਕ ਫਿਲਮ ‘ਧਰਤੀ ਕੇ ਲਾਲ’ ਉਹਨੇ 1945 ਵਿਚ ਨਿਰਦੇਸ਼ਿਤ ਕੀਤੀ। ਇਸ ਫਿਲਮ ਦਾ ਨਿਰਮਾਣ ‘ਇਪਟਾ’ ਨੇ ਕੀਤਾ ਸੀ। ਫਿਰ 1947 ਵਿਚ ‘ਆਜ ਔਰ ਕੱਲ’ ਬਣਾਈ ਪਰ ਫਿਲਮ ਫਲਾਪ ਰਹੀ। 1951 ਵਿਚ ਅੱਬਾਸ ਨੇ ‘ਨਯਾ ਸੰਸਾਰ’ ਦੇ ਬੈਨਰ ਹੇਠ ਆਪਣੀ ਪ੍ਰੋਡਕਸ਼ਨ ਕੰਪਨੀ ਸ਼ੁਰੂ ਕੀਤੀ। ਕੰਪਨੀ ਦੀ ਪਹਿਲੀ ਫਿਲਮ ਰਿਲੀਜ਼ ਹੋਈ ‘ਅਨਹੋਨੀ’ ਜਿਸ ਵਿਚ ਮੁੱਖ ਅਦਾਕਾਰ ਸਨ ਰਾਜਕਪੂਰ। ਜਿਵੇਂ ਗੁਰੂ ਦੱਤ ਦੀਆਂ ਫਿਲਮਾਂ ਦੀ ਸਫਲਤਾ ਅਬਰਾਰ ਅਲਵੀ ਦੇ ਦਮ ‘ਤੇ ਟਿਕੀ ਹੋਈ ਸੀ, ਰਾਜ ਕਪੂਰ ਦੀਆਂ ਫਿਲਮਾਂ ਦਾ ਵਿਚਾਰਧਾਰਕ ਚੌਖਟਾ ਅੱਬਾਸ ਦੀ ਸਿਆਸੀ ਸਮਝ ‘ਤੇ ਖੜ੍ਹਾ ਸੀ। ਆਪਣੀ ਇਸ ਫਿਲਮ ਤੋਂ ਪਹਿਲਾਂ ਉਹ ਵੀæ ਸ਼ਾਂਤਾਰਾਮ ਦੀ ਸਫਲ ਫਿਲਮ ‘ਡਾæ ਕੋਟਿਨਸ ਕੀ ਅਮਰ ਕਹਾਨੀ’ ਅਤੇ ਚੇਤਨ ਆਨੰਦ ਦੀ ‘ਨੀਚਾ ਨਗਰ’ ਦੀ ਪਟਕਥਾ ਲਿਖ ਚੁੱਕੇ ਸਨ।
ਅੱਬਾਸ ਦੀ ਫਿਲਮ ‘ਨਯਾ ਸੰਸਾਰ’ ਨੂੰ ਪੱਤਰਕਾਰੀ ਬਾਰੇ ਬਣੀ ਪਹਿਲੀ ਫਿਲਮ ਹੋਣ ਦਾ ਮਾਣ ਪ੍ਰਾਪਤ ਹੈ। ਇਸ ਦੀ ਪਟਕਥਾ ਤੇ ਕੇਂਦਰੀ ਨੁਕਤਾ ਅੱਬਾਸ ਦੇ ਹੱਡੀਂ ਹੰਢਾਏ ਤਜਰਬਿਆਂ ‘ਤੇ ਆਧਾਰਿਤ ਸੀ। ਇਹ ਭਾਰਤੀ ਸਿਨੇਮਾ ਦੀ ਪਹਿਲੀ ਅਜਿਹੀ ਫਿਲਮ ਸੀ ਜਿਸ ਵਿਚ ਕਿਰਦਾਰਾਂ ਨੂੰ ਡਬਲ ਰੋਲ ਵਿਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਉਹਨੇ ਪ੍ਰਭਾਤ ਤੇ ਨਵਯੁਗ ਚਿਤਰਪਟ ਦੀਆਂ ਕਈ ਫਿਲਮਾਂ ਦੀਆਂ ਪਟਕਥਾਵਾਂ ਲਿਖੀਆਂ ਪਰ ਇਹ ਪਟਕਥਾਵਾਂ ਜਦੋਂ ਫਿਲਮਾਂ ਦੇ ਰੂਪ ਵਿਚ ਸਾਹਮਣੇ ਆਈਆਂ ਤਾਂ ਇਨ੍ਹਾਂ ਦੇ ਵਿਗਾੜੇ ਰੂਪ ਲਈ ਉਹਨੇ ਨਿਰਦੇਸ਼ਕਾਂ ਦੀ ਤਿੱਖੀ ਆਲੋਚਨਾ ਕੀਤੀ। 1954 ਵਿਚ ਉਹਨੇ ਫਿਲਮ ਨਿਰਦੇਸ਼ਿਤ ਕੀਤੀ ‘ਮੁੰਨਾ’। ਫਿਲਮ ਦੇ ਮੁੱਖ ਅਦਾਕਾਰ ਸਨ ਡੇਵਿਡ, ਜਗਦੀਪ ਅਤੇ ਮਨਮੋਹਨ ਕ੍ਰਿਸ਼ਨ। ਇਹ ਫਿਲਮ ਅੱਬਾਸ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਵੱਖਰੀ ਸੀ। ਇਹ ਅਜਿਹੇ ਬੱਚੇ ਦੀ ਕਹਾਣੀ ਸੀ ਜਿਹੜਾ ਮਾਂ ਨਾਲੋਂ ਵਿਛੜ ਜਾਂਦੀ ਹੈ ਤੇ ਉਹਦੀ ਤਲਾਸ਼ ਵਿਚ ਘਰੋਂ ਨਿਕਲਦਾ ਹੈ। ਇਸ ਫਿਲਮ ਦੇ ਨਿਰਮਾਣ ਤੋਂ ਅਗਲੇ ਦੋ ਸਾਲਾਂ ਤੱਕ ਅੱਬਾਸ ਸੋਵੀਅਤ ਯੂਨੀਅਨ ਨਾਲ ਸਾਂਝੇ ਤੌਰ ‘ਤੇ ਬਣ ਰਹੀ ਫਿਲਮ ‘ਪਰਦੇਸੀ’ ਲਈ ਕੰਮ ਕਰਦੇ ਰਹੇ। ਇਸ ਵਿਚ ਨਰਗਿਸ, ਬਲਰਾਜ ਸਾਹਨੀ, ਪਦਮਿਨੀ ਅਤੇ ਡੇਵਿਡ ਵਰਗੇ ਅਦਾਕਾਰ ਸ਼ਾਮਿਲ ਸਨ। ਸੋਵੀਅਤ ਯੂਨੀਅਨ ਦੀਆਂ ਉੱਚ-ਪੱਧਰੀ ਸਿਨੇਮਾ ਤਕਨੀਕਾਂ ਅਤੇ ਸੁਹਜਾਤਮਕ ਹੁਨਰ ਨੇ ‘ਪਰਦੇਸੀ’ ਨੂੰ ਨਿਖਾਰ ਦਿੱਤਾ, ਪਰ ਜਿਸ ਫਿਲਮ ਨੂੰ ਅੱਬਾਸ ਦੀ ਸ਼ਾਹਕਾਰ ਫਿਲਮ ਗਿਣਿਆ ਜਾਂਦਾ ਹੈ, ਉਹ ਸੀ 1963 ਵਿਚ ਰਿਲੀਜ਼ ਹੋਈ ‘ਸ਼ਹਿਰ ਔਰ ਸਪਨਾ’। ਇਹ ਫਿਲਮ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੀ ਜ਼ੱਦ ਵਿਚ ਆਏ ਫੁੱਟਪਾਥ ‘ਤੇ ਰਹਿਣ ਵਾਲੇ ਅਜਿਹੇ ਜੋੜੇ ਦੀ ਕਹਾਣੀ ਸੀ ਜਿਨ੍ਹਾਂ ਤੋਂ ਉਨ੍ਹਾਂ ਦਾ ਇੱਕਲੌਤਾ ਰੈਣ-ਬਸੇਰਾ (ਪਾਣੀ ਦੀ ਪੁਰਾਣੀ ਪਾਈਪ ਜਿਸ ਨੂੰ ਉਹ ਘਰ ਦੇ ਤੌਰ ‘ਤੇ ਵਰਤਦੇ ਹਨ) ਵੀ ਖੋਹ ਲਿਆ ਜਾਂਦਾ ਹੈ। ਰੋਜ਼ਗਾਰ ਦੀ ਤਲਾਸ਼ ਵਿਚ ਪਿੰਡਾਂ ਤੋਂ ਸ਼ਹਿਰਾਂ ਵੱਲ ਧੱਕੇ ਗਏ ਬੇਵਸ ਲੋਕਾਂ ਨਾਲ ਸ਼ਹਿਰਾਂ ਦਾ ‘ਸੂਝਵਾਨ’ ਵਰਗ ਕਿਵੇਂ ਵਰਤਦਾ ਹੈ, ਇਸ ਨੂੰ ਸ਼ੰਵੇਦਨਸ਼ੀਲ ਢੰਗ ਨਾਲ ਪਰਦੇ ‘ਤੇ ਉਤਾਰਿਆ ਗਿਆ। ਫਿਲਮ ਨੂੰ ਉਸ ਸਾਲ ਦਾ ਸਰਵੋਤਮ ਕੌਮੀ ਪੁਰਸਕਾਰ ਪ੍ਰਾਪਤ ਹੋਇਆ। ਅੱਬਾਸ ਦੀਆਂ ਸਾਰੀਆਂ ਫਿਲਮਾਂ ਹੀ ਨਵੀਂ ਉਮੀਦ ਅਤੇ ਸੰਭਾਵਨਾਵਾਂ ਦੀਆਂ ਫਿਲਮਾਂ ਸਨ।
ਅੱਬਾਸ ਦੀ ਅਗਲੀ ਫਿਲਮ ‘ਹਮਾਰਾ ਘਰ’ ਬੱਚਿਆਂ ਬਾਰੇ ਸੀ। 1966 ਵਿਚ ਦੁਬਾਰਾ ਮੁੰਬਈ ਸ਼ਹਿਰ ਨੂੰ ਆਪਣੀ ਪਟਕਥਾ ਦਾ ਆਧਾਰ ਬਣਾਉਂਦਿਆਂ ਅੱਬਾਸ ਨੇ ਫਿਲਮ ਬਣਾਈ ‘ਬੰਬਈ ਰਾਤ ਕੀ ਬਾਹੋਂ ਮੇਂ’। ਇਸ ਵਿਚ ਦੋ ਨੌਜਵਾਨ ਮੁੰਡਿਆਂ ਅਤੇ ਤਿੰਨ ਕੁੜੀਆਂ ਦੀ ਜ਼ਿੰਦਗੀ ਦੀ ਇਕ ਰਾਤ ਦੇ ਸਫਰ ਰਾਹੀ ਉਨ੍ਹਾਂ ਦੇ ਸੁਪਨਿਆਂ, ਉਮੀਦਾਂ ਅਤੇ ਭਟਕਾਉ ਨੂੰ ਪਰਦੇ ‘ਤੇ ਉਤਾਰਿਆ ਗਿਆ ਸੀ। 1967 ਵਿਚ ਗੋਆ ਦੇ ਆਜ਼ਾਦੀ ਸੰਗਰਾਮ ਵਿਚ ਸ਼ਾਮਿਲ ਛੇ ਨੌਜਵਾਨਾਂ ਅਤੇ ਇਕ ਕੁੜੀ ਦੇ ਸੰਘਰਸ਼ ‘ਤੇ ਕੇਂਦਿਰਤ ਫਿਲਮ ‘ਸਾਤ ਹਿੰਦੋਸਤਾਨੀ’ ਅੱਬਾਸ ਦੁਆਰਾ ਬਣਾਈ ਅਗਲੀ ਫਿਲਮ ‘ਦੋ ਬੂੰਦ ਪਾਨੀ’ ਲਈ ਅੱਬਾਸ ਆਪਣੀ ਟੀਮ ਨੂੰ ਲੈ ਕੇ ਰਾਜਸਥਾਨ ਦੇ ਮਾਰੂਥਲੀ ਇਲਾਕੇ ਵਿਚ ਗਏ ਜਿਥੇ ਅਸਲ ਵਿਚ ਹੀ ਪਾਣੀ ਲੋਕਾਂ ਲਈ ਜਿਉਣ-ਮਰਨ ਦਾ ਮਸਲਾ ਸੀ। ਇਸ ਫਿਲਮ ਨੂੰ ਵੀ ਸਦਭਾਵਨਾ ਲਈ ਸਰਵੋਤਮ ਫਿਲਮ ਦਾ ਇਨਾਮ ਮਿਲਿਆ। ਅੱਬਾਸ ਜਾਗਰੂਕ ਨਿਰਦੇਸ਼ਕ ਸੀ ਤੇ ਆਪਣੇ ਸਮੇਂ ਦੀਆਂ ਅਗਾਂਹਵਧੂ ਲਹਿਰਾਂ ਨਾਲ ਜੁੜਿਆ ਲੇਖਕ ਵੀ ਸੀ।
(ਚਲਦਾ)