ਚੰਡੀਗੜ੍ਹ: (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਦੇਸ਼ਾਂ ਵਿਚ ਛੇੜੀ ‘ਅਕਸ ਸੁਧਾਰ ਮੁਹਿੰਮ’ ਪੁੱਠੀ ਪੈ ਗਈ ਹੈ। ਅਮਰੀਕਾ ਅਤੇ ਕੈਨੇਡਾ ਵਿਚ ਵੱਡੇ ਪੱਧਰ ‘ਤੇ ਪਰਵਾਸੀਆਂ ਦੇ ਵਿਰੋਧ ਨੇ ਅਕਾਲੀ ਆਗੂਆਂ ਨੂੰ ਸੋਚੀਂ ਪਾ ਦਿੱਤਾ ਹੈ।
ਅਮਰੀਕੀ ਮਹਾਂਨਗਰ ਨਿਊ ਯਾਰਕ ਦੇ ਰਿੱਚਰਡ ਹਿਲ ਖੇਤਰ ਵਿਚ ਇਕ ਬੈਠਕ ਦੌਰਾਨ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਜਥੇਦਾਰ ਤੋਤਾ ਸਿੰਘ ਵੱਲ ਜੁੱਤੀ ਸੁੱਟਣ ਤੇ ਪੱਥਰਬਾਜ਼ੀ ਦੀ ਘਟਨਾ ਪਿੱਛੋਂ ਕੈਨੇਡਾ ਵਿਚ ਮੁੱਖ ਸੰਸਦੀ ਸਕੱਤਰ ਐਨæ ਕੇæ ਸ਼ਰਮਾ ਤੇ ਹੋਰ ਅਕਾਲੀ ਆਗੂਆਂ ਖਿਲਾਫ ਹੋਈ ਨਾਅਰੇਬਾਜ਼ੀ ਕਾਰਨ ਅਕਾਲੀ ਆਗੂਆਂ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ। ਇਥੇ ਇੰਡੋ ਕੈਨੇਡੀਅਨ ਯੂਥ ਕਲੱਬ ਐਬਟਸਫੋਰਡ ਵੱਲੋਂ ਰੱਖੇ ਸਮਾਗਮ ਨੂੰ ਲੋਕ ਰੋਹ ਕਾਰਨ ਮੁੱਖ ਆਗੂਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ। ਸ੍ਰੀ ਐਨæਕੇæ ਸ਼ਰਮਾ ਹਾਲ ਵਿਚ ਮੌਜੂਦ ਥੋੜ੍ਹੇ ਜਿਹੇ ਲੋਕਾਂ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਵੀ ਨਾ ਦੇ ਸਕੇ।
ਅਕਾਲੀ ਦਲ ਨੂੰ ਇਥੇ ਇੰਨੇ ਵੱਡੇ ਪੱਧਰ ‘ਤੇ ਵਿਰੋਧ ਦੀ ਉਮੀਦ ਨਹੀਂ ਸੀ, ਕਿਉਂਕਿ ਅਕਾਲੀ ਦਲ ਨੇ ਵਫਦ ਭੇਜਣ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਪਰਵਾਸੀ ਪੰਜਾਬੀਆਂ ਦੇ ਮਨ ਟੋਹਣ ਲਈ ਭੇਜਿਆ ਸੀ ਤੇ ਇਹ ਆਗੂ ਤਕਰੀਬਨ ਡੇਢ ਮਹੀਨੇ ਤੋਂ ਪਰਵਾਸੀਆਂ ਦੀ ਬਾਦਲ ਸਰਕਾਰ ਪ੍ਰਤੀ ਨਾਰਾਜ਼ਗੀ ਮਾਪ ਰਹੇ ਸਨ। ਅਕਾਲੀ ਦਲ ਨੇ ਆਪਣੀ ਵਿਦੇਸ਼ ਮੁਹਿੰਮ ਨੂੰ ਤਿੰਨ ਪੜਾਵਾਂ ਵਿਚ ਵੰਡਿਆ ਸੀ। ਪਹਿਲੇ ਪੜਾਅ ਵਿਚ ਸ਼ ਜੀæਕੇ ਤੇ ਸ਼ ਸਿਰਸਾ ਨੂੰ ਭੇਜਿਆ ਗਿਆ ਸੀ ਜਿਨ੍ਹਾਂ ਦੀ ‘ਰਿਪੋਰਟ’ ਦੇ ਆਧਾਰ ‘ਤੇ ਅਕਾਲੀ ਦਲ ਦਾ ਵਫਦ ਅਮਰੀਕਾ ਪੁੱਜਾ ਸੀ। ਤੀਜੇ ਪੜਾਅ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਦੇਸ਼ ਦੌਰੇ ਲਈ ਤਿਆਰ ਬੈਠੇ ਸਨ ਪਰ ਅਕਾਲੀ ਆਗੂਆਂ ਨਾਲ ਹੋਏ ਵਿਹਾਰ ਪਿੱਛੋਂ ਬਾਦਲ ਦੇ ਦੌਰੇ ਬਾਰੇ ਕੱਚ-ਪੱਕ ਬਣ ਗਈ ਹੈ। ਸੁਖਬੀਰ ਸਿੰਘ ਬਾਦਲ ਨੇ ਕੁਝ ਵਰ੍ਹੇ ਪਹਿਲਾਂ ਵੀ ਪੰਜਾਬੀਆਂ ਦੀ ਬਹੁ-ਵੱਸੋਂ ਵਾਲੇ ਦੇਸ਼ਾਂ ਦਾ ਦੌਰਾ ਕਰਨ ਦੀ ਤਿਆਰੀ ਕੀਤੀ ਸੀ, ਪਰ ਐਨ ਮੌਕੇ ‘ਤੇ ਇਹ ਰੱਦ ਕਰ ਦਿੱਤਾ ਗਿਆ। ਕਾਰਨ ਇਹ ਦੱਸਿਆ ਗਿਆ ਸੀ ਕਿ ਸੁਰੱਖਿਆ ਕਾਰਨਾਂ ਕਰ ਕੇ ਉਹ ਵਿਦੇਸ਼ ਨਹੀਂ ਗਏ ਪਰ ਬਾਅਦ ਵਿਚ ਖੁਲਾਸਾ ਹੋਇਆ ਸੀ ਕਿ ਵੱਡੀ ਗਿਣਤੀ ਪਰਵਾਸੀਆਂ ਨੇ ਉਨ੍ਹਾਂ ਦੇ ਵਿਰੋਧ ਦੀ ਤਿਆਰੀ ਕੀਤੀ ਹੋਈ ਸੀ ਜਿਸ ਦੀ ਸੂਹ ਮਿਲਣ ਪਿੱਛੋਂ ਸ਼ ਬਾਦਲ ਦੜ ਵੱਟ ਗਏ। ਉਸ ਪਿੱਛੋਂ ਅਕਾਲੀ ਦਲ ਪਰਵਾਸੀਆਂ ਵਿਚ ਲਗਾਤਾਰ ਆਪਣਾ ਅਕਸ ਸੁਧਾਰਨ ਦੀਆਂ ਕੋਸ਼ਿਸ਼ਾਂ ਵਿਚ ਲੱਗਾ ਹੋਇਆ ਸੀ।
ਪੰਜਾਬ ਵਿਚ ਪਰਵਾਸੀਆਂ ਲਈ ਵੱਖਰੇ ਥਾਣੇ ਤੇ ਉਨ੍ਹਾਂ ਦੀਆਂ ਜ਼ਮੀਨਾਂ ਸਬੰਧੀ ਝਗੜਿਆਂ ਦਾ ਪਹਿਲ ਦੇ ਆਧਾਰ ‘ਤੇ ਹੱਲ ਸਣੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਰਵਾਸੀ ਸੰਗਤ ਦਰਸ਼ਨ ਸ਼ੁਰੂ ਕੀਤੇ ਸਨ, ਪਰ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਨਾ ਪੈ ਸਕਿਆ। ਪਰਵਾਸੀ ਪੰਜਾਬੀਆਂ ਅੰਦਰ ਬਾਦਲ ਸਰਕਾਰ ਖਿਲਾਫ ਸਖ਼ਤ ਰੋਸ ਹੈ। ਉਹ ਪੰਜਾਬ ਵਿਚਲੇ ਪ੍ਰਬੰਧਕੀ ਢਾਂਚੇ ਤੋਂ ਨਾਖ਼ੁਸ਼ ਹਨ। ਸਰਕਾਰੀ ਮਸ਼ੀਨਰੀ ਦੇ ਦਬਦਬੇ ਹੇਠ ਨਾ ਸਿਰਫ ਪਰਵਾਸੀ ਭਾਰਤੀਆਂ ਦੀਆਂ ਜ਼ਮੀਨਾਂ-ਜਾਇਦਾਦਾਂ ਦੱਬਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਬਲਕਿ ਕਈਆਂ ਦੇ ਕਤਲ ਵੀ ਹੋਏ ਹਨ। ਪਰਵਾਸੀ ਭਾਰਤੀਆਂ ਵੱਲੋਂ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਸਿਆਸੀ ਦ੍ਰਿਸ਼ ਉਤੇ ਨਿਭਾਈ ਭੂਮਿਕਾ ਨੇ ਅਕਾਲੀ ਦਲ ਸਮੇਤ ਸਾਰੇ ਸਿਆਸੀ ਦਲਾਂ ਨੂੰ ਚੌਂਕਾ ਦਿੱਤਾ ਸੀ। ਮੁਲਕ ਭਰ ਵਿਚ ਵੱਡੀ ਹਾਰ ਦੇ ਬਾਵਜੂਦ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੇ ਪੱਖ ਵਿਚ ਬਣੇ ਮਾਹੌਲ ਲਈ ਪਰਵਾਸੀ ਭਾਰਤੀਆਂ ਦਾ ਵੱਡਾ ਹੱਥ ਸੀ। ਵਿੱਤੀ ਮੱਦਦ ਦੇ ਨਾਲ ਨਾਲ ਪਰਵਾਸੀ ਭਾਰਤੀਆਂ ਨੇ ਚੋਣਾਂ ਦੌਰਾਨ ‘ਆਪ’ ਦੀ ਜਿੱਤ ਲਈ ਨਿੱਜੀ ਤੌਰ ਉਤੇ ਸਰਗਰਮ ਭੂਮਿਕਾ ਨਿਭਾਈ।
ਪੰਜਾਬ ਦੀਆਂ ਤਕਰੀਬਨ ਸਾਰੀਆਂ ਪਾਰਟੀਆਂ ਦੀ ਨਜ਼ਰ ਹੁਣ 2017 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਉਤੇ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਵਿਦੇਸ਼ ਦਾ ਦੌਰਾ ਕਰ ਚੁੱਕੇ ਹਨ।
ਕੈਪਟਨ ਅਮਰਿੰਦਰ ਸਿੰਘ ਦੇ ਵੀ ਵਿਦੇਸ਼ ਜਾਣ ਦੇ ਪ੍ਰੋਗਰਾਮ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਲਈ ਪਰਵਾਸੀ ਪੰਜਾਬੀਆਂ ਦੀ ਨਾਰਾਜ਼ਗੀ ਘਟਾਉਣ ਦੀ ਰਣਨੀਤੀ ਤਹਿਤ ਹੀ ਅਕਾਲੀ ਦਲ ਨੇ ਵੀ ਆਪਣੇ ਸੀਨੀਅਰ ਆਗੂਆਂ ਨੂੰ ਵੱਖ ਵੱਖ ਦੇਸ਼ਾਂ ਦੇ ਦੌਰੇ ਉਤੇ ਭੇਜਣ ਦਾ ਫ਼ੈਸਲਾ ਕੀਤਾ ਸੀ। ਹਾਲਾਤ ਦੇ ਮੱਦੇਨਜ਼ਰ ਕੁਝ ਸੂਝਵਾਨ ਅਕਾਲੀ ਆਗੂਆਂ ਨੇ ਅਮਰੀਕਾ ਤੇ ਕੈਨੇਡਾ ਜਾ ਕੇ ਜਨਤਕ ਸਮਾਗਮਾਂ ਤੋਂ ਗੁਰੇਜ਼ ਕਰਨ ਦੀ ਸਲਾਹ ਵੀ ਦਿੱਤੀ ਸੀ ਜਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।