ਤਣ-ਪੱਤਣ ਨਹੀਂ ਲੱਗ ਰਿਹਾ ਬੰਦੀ ਸਿੱਖਾਂ ਦਾ ਮਾਮਲਾ

ਚੰਡੀਗੜ੍ਹ: ਸਿੱਖ ਕੈਦੀਆਂ ਦੀ ਰਿਹਾਈ ਦਾ ਮਸਲਾ ਉਲਝਦਾ ਜਾ ਰਿਹਾ ਹੈ। ਇਸ ਮੰਗ ਲਈ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਾਲਤ ਦਿਨ-ਬ-ਦਿਨ ਵਿਗੜ ਰਹੀ ਹੈ। ਉਨ੍ਹਾਂ ਨੂੰ ਜ਼ਬਰਦਸਤੀ ਲੁਧਿਆਣਾ ਦੇ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ।

ਲੁਧਿਆਣਾ ਨੇੜੇ ਉਨ੍ਹਾਂ ਦੇ ਘਰ ਜਥੇਬੰਦੀਆਂ ਦਾ ਇਕੱਠ ਵੀ ਵਧ ਰਿਹਾ ਹੈ। ਖ਼ਾਲਸਾ ਦੀ ਹਮਾਇਤ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਨੇ ਚੁੱਕ ਲਿਆ ਹੈ। ਖਾਲਸਾ ਨੇ ਸਰਕਾਰੀ ਧੱਕੇਸ਼ਾਹੀ ਕਾਰਨ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਹੈ। ਉਹ ਨਾ ਤਾਂ ਡਾਕਟਰਾਂ ਤੋਂ ਆਪਣਾ ਇਲਾਜ ਕਰਵਾ ਰਹੇ ਹਨ ਤੇ ਨਾ ਹੀ ਦਵਾਈ ਲੈ ਰਹੇ ਹਨ। ਉਨ੍ਹਾਂ ਦੀ ਇਸ ਨਾਰਾਜ਼ਗੀ ਕਾਰਨ ਪ੍ਰਸ਼ਾਸਨ ਦੀ ਸਿਰਦਰਦੀ ਕਾਫ਼ੀ ਵਧ ਗਈ ਹੈ।
ਖਾਲਸਾ ਨੇ ਕਿਹਾ ਕਿ ਉਨ੍ਹਾਂ ਦੀ ਬਿਮਾਰੀ ਦਾ ਇਲਾਜ ਸਿਰਫ਼ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਹੈ। ਸ਼੍ਰੋਮਣੀ ਅਕਾਲੀ ਦਲ (ਅ), ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਯੂਨਾਈਟਿਡ ਅਕਾਲੀ ਦਲ, ਦਲ ਖ਼ਾਲਸਾ, ਸਤਿਕਾਰ ਸਭਾ, ਏਕਨੂਰ ਖ਼ਾਲਸਾ, ਦਮਦਮੀ ਟਕਸਾਲ ਅਜਨਾਲਾ ਤੋਂ ਇਲਾਵਾ ਬਹੁਤ ਸਾਰੀਆਂ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਇਸ ਸੰਘਰਸ਼ ਦੀ ਹਮਾਇਤ ਲਈ ਨਿੱਤਰ ਆਈਆਂ ਹਨ। ਜਥੇਬੰਦੀਆਂ ਵੱਲੋਂ ਸਿੰਘਾਂ ਦੀ ਰਿਹਾਈ ਦੇ ਹੱਕ ਵਿਚ 10 ਜੁਲਾਈ ਨੂੰ ਲੁਧਿਆਣਾ ਬੰਦ ਕੀਤਾ ਗਿਆ ਸੀ ਤੇ 14 ਜੁਲਾਈ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਤੋਂ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਪਿੰਡ ਹਸਨਪੁਰ ਤੱਕ ਰੋਸ ਮਾਰਚ ਕੀਤਾ ਗਿਆ ਸੀ। 19 ਜੁਲਾਈ ਨੂੰ ਚੰਡੀਗੜ੍ਹ ਦੇ ਲਾਅ ਭਵਨ ਵਿਚ ‘ਹਿੰਦੁਸਤਾਨ ਵਿਚ ਘੱਟ ਗਿਣਤੀਆਂ ਤੇ ਹਿੰਦੁਸਤਾਨ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਜਾਣਾ ਸੀ ਜਿਸ ਦੀ ਤਰੀਕ ਹੁਣ 26 ਜੁਲਾਈ ਰੱਖੀ ਗਈ ਹੈ। ਇਸ ਲਾਮਬੰਦੀ ਨੂੰ ਵੇਖਦੇ ਹੋਏ ਪੰਜਾਬ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਉਧਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਬਾਪੂ ਸੂਰਤ ਸਿੰਘ ਖ਼ਾਲਸਾ ਵੱਲੋਂ ਭੁੱਖ ਹੜਤਾਲ ਉਤੇ ਬੈਠਣ ਦਾ ਫ਼ੈਸਲਾ ਮਜਬੂਰੀ ਵੱਸ ਕੀਤਾ ਗਿਆ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਬਾਪੂ ਖ਼ਾਲਸਾ ਦੀ ਜਾਨ ਬਚਾਉਣ ਲਈ ਕੀਤੀ ਕਾਰਵਾਈ ਨੂੰ ਇਕ ਪਾਸੇ ਜਾਇਜ਼ ਠਹਿਰਾਇਆ, ਦੂਜੇ ਪਾਸੇ ਸਿੱਖ ਕਾਰਕੁਨਾਂ ਨਾਲ ਕੀਤੀ ਧੱਕੇਸ਼ਾਹੀ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਜਾਨ ਬਚਾਉਣੀ ਜ਼ਰੂਰੀ ਸੀ। ਇਹ ਇਕ ਕਾਨੂੰਨੀ ਮਸਲਾ ਹੈ ਤੇ ਮੁੱਖ ਮੰਤਰੀ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਦੋਂ ਭਾਈ ਗੁਰਬਖ਼ਸ਼ ਸਿੰਘ ਵੱਲੋਂ ਇਸੇ ਮੰਗ ਨੂੰ ਲੈ ਕੇ ਮੁਹਾਲੀ ਸਥਿਤ ਗੁਰਦੁਆਰਾ ਅੰਬ ਸਾਹਿਬ ਵਿਖੇ ਭੁੱਖ ਹੜਤਾਲ ਰੱਖੀ ਗਈ ਸੀ ਤਾਂ ਜਥੇਦਾਰ ਨੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਗੁਰਬਖ਼ਸ਼ ਸਿੰਘ ਨੇ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਸੀ ਪਰ ਬਾਪੂ ਸੂਰਤ ਸਿੰਘ ਖ਼ਾਲਸਾ ਵੱਲੋਂ ਰੱਖੀ ਭੁੱਖ ਹੜਤਾਲ ਸਮੇਂ ਇਨ੍ਹਾਂ ਸਾਰੇ ਆਗੂਆਂ ਨੇ ਦੂਰੀ ਬਣਾ ਕੇ ਰੱਖੀ। ਦਲ ਖ਼ਾਲਸਾ ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਦਾ ਕਹਿਣਾ ਹੈ ਕਿ ਧਾਰਮਿਕ ਆਗੂਆਂ ਨੇ ਇਸ ਵਾਰ ਭੇਤਭਰੀ ਚੁੱਪ ਧਾਰੀ ਹੋਈ ਹੈ ਤੇ ਅਜਿਹਾ ਸਿਆਸੀ ਦਬਾਅ ਕਾਰਨ ਹੈ।