ਚੰਡੀਗੜ੍ਹ: ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਰਵਾਸੀ ਪੰਜਾਬੀਆਂ ਦੀ ਹਮਾਇਤ ਹਾਸਲ ਕਰਨ ਲਈ ਸਰਗਰਮੀ ਫੜ ਲਈ ਹੈ। ਇਸ ਕੰਮ ਵਿਚ ਸਭ ਤੋਂ ਅੱਗੇ ਸ਼੍ਰੋਮਣੀ ਅਕਾਲੀ ਦਲ ਹੈ। ਅਕਾਲੀ ਦਲ ਦੇ ਲੀਡਰ ਕੈਨੇਡਾ ਤੇ ਅਮਰੀਕਾ ਦੇ ਦੌਰਿਆਂ ਉਤੇ ਹਨ ਹਾਲਾਂਕਿ ਅਕਾਲੀ ਆਗੂਆਂ ਦਾ ਕਈ ਥਾਈਂ ਵਿਰੋਧ ਵੀ ਹੋਇਆ ਹੈ ਪਰ ਇਸ ਦੇ ਬਾਵਜੂਦ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਕੈਨੇਡਾ-ਅਮਰੀਕਾ ਦੇ ਦੌਰੇ ਜਾਣਗੇ।
ਇਸੇ ਤਰ੍ਹਾਂ ਸਤੰਬਰ ਮਹੀਨੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਕੈਪਟਨ ਅਮਰਿੰਦਰ ਸਿੰਘ ਵੀ ਕੈਨੇਡਾ-ਅਮਰੀਕਾ ਦੇ ਦੌਰੇ ਉਤੇ ਜਾ ਰਹੇ ਹਨ। ਕੈਪਟਨ ਵੀ ਉਥੇ ਵੱਡੀਆਂ ਸਭਾਵਾਂ ਕਰਨਗੇ ਤੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਵਾਉਣ ਦੀ ਅਪੀਲ ਕਰਨਗੇ। ਆਮ ਆਦਮੀ ਪਾਰਟੀ ਤਾਂ ਪਹਿਲਾਂ ਹੀ ਪਰਵਾਸੀ ਪੰਜਾਬੀਆਂ ਨੂੰ ਭਾਅ ਚੁੱਕੀ ਹੈ ਤੇ ‘ਆਪ’ ਦੇ ਲੀਡਰ ਲਗਾਤਾਰ ਵਿਦੇਸ਼ੀ ਦੌਰੇ ਕਰ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਵਿਧਾਨ ਸਭਾ ਚੋਣਾਂ ਵਿਚ ਪਰਵਾਸੀ ਪੰਜਾਬੀਆਂ ਦੀ ਅਹਿਮੀਅਤ ਵਧੀ ਹੈ ਤੇ ਹਰ ਸਿਆਸੀ ਪਾਰਟੀ ਉਨ੍ਹਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।
ਸੂਤਰਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਪਰਵਾਸੀ ਪੰਜਾਬੀਆਂ ਦੀ ਨਰਾਜ਼ਗੀ ਤੋਂ ਕਾਫੀ ਫ਼ਿਕਰਮੰਦ ਹਨ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਜੋ ਨਤੀਜੇ ਆਏ, ਉਨ੍ਹਾਂ ਵਿਚ ਪਰਵਾਸੀ ਪੰਜਾਬੀਆਂ ਦਾ ਕਾਫ਼ੀ ਅਹਿਮ ਹਿੱਸਾ ਸੀ। ਸੋਸ਼ਲ ਮੀਡੀਆ ਤੇ ਹੋਰ ਸਾਧਨਾਂ ਰਾਹੀਂ ਪ੍ਰਚਾਰ ਕਰਨ ਤੇ ਮਾਇਆ ਪੱਖੋਂ ਮਦਦ ਕਰਨ ਤੋਂ ਇਲਾਵਾ ਆਪਣੇ ਰਿਸ਼ਤੇਦਾਰਾਂ ਤੇ ਸਕੇ-ਸਬੰਧੀਆਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿਚ ਪ੍ਰੇਰਨ ਪੱਖੋਂ ਪਰਵਾਸੀ ਪੰਜਾਬੀਆਂ ਨੇ ਅਹਿਮ ਯੋਗਦਾਨ ਪਾਇਆ ਸੀ। ਵੋਟ-ਗਿਣਤੀ ਪੱਖੋਂ ਭਾਵੇਂ ਉਹ ਖ਼ੁਦ ਨਾਂ-ਮਾਤਰ ਹੀ ਹੋਣ ਪਰ ਡਾਇਸਪੋਰਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਔਸਤਨ, ਪੰਜਾਬ ਦੇ ਹਰ ਤੀਜੇ ਟੱਬਰ ਵਿਚੋਂ ਕੋਈ ਨਾ ਕੋਈ ਮੈਂਬਰ ਪਰਵਾਸ ਕਰ ਚੁੱਕਾ ਨਜ਼ਰ ਆਉਂਦਾ ਹੈ। ਬੇਸ਼ੱਕ ਪਰਦੇਸੀਆਂ ਨੇ ਕੋਈ ਵੱਡਾ ਜਾਂ ਸਿੱਧਾ ਨਿਵੇਸ਼ ਪੰਜਾਬ ਵਿਚ ਘੱਟ ਹੀ ਕੀਤਾ ਹੈ ਪਰ ਫਿਰ ਵੀ ਪੰਜਾਬ ਦੇ ਅਰਥਚਾਰੇ ਨੂੰ ਠੁੰਮਣਾ ਦੇਣ ਵਿਚ ਪਰਵਾਸੀਆਂ ਦੀ ਬਹੁਤ ਵੱਡੀ ਭੂਮਿਕਾ ਹੈ। ਦੁਨੀਆਂ ਦੀ ਹਰ ਨੁੱਕਰ ਵਿਚ ਬੈਠੇ ਪਰਦੇਸੀ ਭਾਰਤੀਆਂ ਦਾ ਪੰਜਾਬ ਤੇ ਬਾਕੀ ਭਾਰਤ ਵਿਚ ਬੈਠੇ ਆਪਣੇ ਸਕੇ-ਸਬੰਧੀਆਂ ਤੇ ਦੋਸਤਾਂ-ਮਿੱਤਰਾਂ ਨਾਲ ਤਕਰੀਬਨ 24 ਘੰਟੇ ਰਾਬਤਾ ਬਣਿਆ ਰਹਿੰਦਾ ਹੈ। ਇਸੇ ਕਾਰਨ ਹੀ ਪੰਜਾਬ ਦੀ ਰਾਜਨੀਤੀ ਵਿਚ ਇਨ੍ਹਾਂ ਪਰਦੇਸੀਆਂ ਦੀ ਭੂਮਿਕਾ ਇਕ ਅਹਿਮ ਪਹਿਲੂ ਬਣ ਗਈ ਹੈ। ਪੰਜਾਬ ਦੀਆਂ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਪੰਜਾਬੀ ਡਾਇਸਪੋਰਾ ਵਿਚ ਆਪਣੇ ਸੈੱਲ ਤੇ ਆਪਣੇ ਹਮਾਇਤੀ ਬਣਾਉਣ ਦੇ ਯਤਨ ਕਰਦੀਆਂ ਰਹੀਆਂ ਹਨ। ਇਕ ਵੇਲਾ ਸੀ ਜਦੋਂ ਖ਼ਾਲਿਸਤਾਨ-ਪੱਖੀ ਖਾੜਕੂਆਂ ਨੂੰ ਵਿਦੇਸ਼ੀ ਸਿੱਖਾਂ ਦਾ ਭਰਵਾਂ ਸਾਥ ਮਿਲਿਆ ਸੀ। ਇਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਾਰਟੀ ਦੀ ਗਰਮ-ਖ਼ਿਆਲੀ ਸਿੱਖ ਸਿਆਸਤ ਪਰਵਾਸੀ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਦੇ ਇੱਕ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਨ ਵਿਚ ਸਫ਼ਲ ਰਹੀ। ਫਿਰ ਕੈਪਟਨ ਅਮਰਿੰਦਰ ਸਿੰਘ ਪਰਦੇਸੀ ਪੰਜਾਬੀਆਂ ਦੇ ਨਾਇਕ ਬਣ ਕੇ ਉੱਭਰੇ। ਇਸ ਤੋਂ ਬਾਅਦ ਪਿਛਲੀ ਬਾਦਲ ਸਰਕਾਰ ਦੌਰਾਨ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੀ ਪੀਪਲਜ਼ ਪਾਰਟੀ ਵਿਚੋਂ ਪਰਦੇਸੀਆਂ ਨੂੰ ਪੰਜਾਬ ਦਾ ਉੱਜਲ ਭਵਿੱਖ ਦਿਖਣ ਲੱਗਾ। ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਪਰਵਾਸੀ ਭਾਰਤੀਆਂ ਦਾ ਇਕ ਵੱਡਾ ਹਿੱਸਾ ਅਰਵਿੰਦ ਕੇਜਰੀਵਾਲ ਦੀ ਪਾਰਟੀ ਵੱਲ ਖਿੱਚਿਆ ਗਿਆ।
ਬਾਦਲ ਸਰਕਾਰ ਨੇ ਪਰਵਾਸੀ ਪੰਜਾਬੀਆਂ ਦੀਆਂ ਨਿੱਜੀ ਤੇ ਸਮੂਹਿਕ ਮੁਸ਼ਕਲਾਂ ਦੇ ਹੱਲ ਲਈ ਮਾਲ ਮਹਿਕਮੇ, ਪੁਲਿਸ ਤੇ ਕੁਝ ਹੋਰ ਮਹਿਕਮਿਆਂ ਵਿਚ ਕਈ ਨਿੱਗਰ ਕਦਮ ਚੁੱਕੇ ਹਨ। ਉਨ੍ਹਾਂ ਦੀਆਂ ਜਾਇਦਾਦਾਂ ਖ਼ਾਲੀ ਕਰਾਉਣ ਲਈ ਖ਼ਾਸ ਕਾਨੂੰਨ ਤੇ ਖ਼ਾਸ ਅਦਾਲਤਾਂ ਵੀ ਬਣਾਈਆਂ ਹਨ ਤੇ ਵੱਖਰੇ ਥਾਣੇ ਵੀ ਬਣਾ ਦਿੱਤੇ ਹਨ। ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪੁਲਿਸ ਵਿਚ ਵੱਖਰਾ ਵਿੰਗ ਵੀ ਬਣਾਇਆ ਹੈ। ਉਨ੍ਹਾਂ ਦੇ ਨਿੱਜੀ ਮਸਲੇ ਹੱਲ ਕਰਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ‘ਐਨæਆਰæਆਈæ ਸੰਗਤ ਦਰਸ਼ਨ’ ਵੀ ਕੀਤੇ ਗਏ। ਇਸ ਸਭ ਕੁਝ ਦੇ ਬਾਵਜੂਦ ਪੰਜਾਬ ਨੂੰ ਦਰਪੇਸ਼ ਵੱਖ ਵੱਖ ਮਸਲਿਆਂ, ਅਕਾਲੀ ਲੀਡਰਸ਼ਿਪ, ਬਾਦਲ ਸਰਕਾਰ ਤੇ ਖ਼ਾਸ ਕਰਕੇ ਬਾਦਲ ਪਰਿਵਾਰ ਬਾਰੇ ਪਰਵਾਸੀ ਪੰਜਾਬੀਆਂ ਦੇ ਵੱਡੇ ਹਿੱਸੇ ਦੇ ਮਨ ਵਿਚ ਸਰਕਾਰ ਦਾ ਅਕਸ ਚੰਗਾ ਨਹੀਂ ਬਣ ਸਕਿਆ। ਇਸ ਵਿਗੜੇ ਅਕਸ ਨੂੰ ਸੁਧਾਰਨ ਲਈ ਅਕਾਲੀ ਵਜ਼ੀਰ ਤੇ ਲੀਡਰ ਸਰਗਰਮ ਹੋ ਗਏ ਹਨ।
ਅਕਾਲੀ ਨੇਤਾਵਾਂ ਦੇ ਦੌਰੇ ਸਾਰਾ ਜੁਲਾਈ ਮਹੀਨਾ ਚੱਲਣੇ ਹਨ। ਕੈਪਟਨ ਅਮਰਿੰਦਰ ਸਿੰਘ ਵੀ ਛੇਤੀ ਹੀ ਅਮਰੀਕਾ, ਕੈਨੇਡਾ ਅਤੇ ਯੂਰਪੀ ਮੁਲਕਾਂ ਦੇ ਸਿਆਸੀ ਦੌਰੇ ‘ਤੇ ਜਾਣਗੇ ਜਿਸ ਤਰ੍ਹਾਂ ਪੰਜਾਬ ਦੀ ਰਾਜਨੀਤੀ ਵਿਚ ਭੰਬਲਭੂਸਾ ਬਰਕਰਾਰ ਹੈ, ਉਸੇ ਤਰ੍ਹਾਂ ਇਸ ਵਾਰ ਪਰਦੇਸੀ ਪੰਜਾਬੀਆਂ ਵਿਚ ਵੀ ਇਹੋ ਹੀ ਸਥਿਤੀ ਹੈ।
ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਗੰਭੀਰ ਸਵਾਲਾਂ ਦੇ ਘੇਰੇ ਵਿਚ ਹੈ। ਸਰਸਰੀ ਨਜ਼ਰ ਦੇਖਿਆਂ ਸੱਤਾ-ਵਿਰੋਧੀ ਹਵਾ ਭਾਰੂ ਦਿਸਦੀ ਹੈ। ਖ਼ੁਦ ਅਕਾਲੀ-ਭਾਜਪਾ ਗੱਠਜੋੜ ਵਿਚ ਵੀ ਤਰੇੜਾਂ ਨਜ਼ਰ ਆ ਰਹੀਆਂ ਹਨ। ਬਾਦਲ ਤੇ ਜੇਤਲੀ ਵਰਗੇ ਨੇਤਾਵਾਂ ਦੇ ਦਾਅਵਿਆਂ ਦੇ ਬਾਵਜੂਦ ਅਜੇ ਇਹ ਸਵਾਲ ਖੜ੍ਹੇ ਹਨ ਕਿ ਕੀ ਇਹ ਗੱਠਜੋੜ 2017 ਵਿਚ ਮੌਜੂਦਾ ਸਰੂਪ ਵਿਚ ਰਹੇਗਾ ਵੀ ਜਾਂ ਨਹੀਂ? ਦੂਜੇ ਪਾਸੇ ਪੰਜਾਬ ਕਾਂਗਰਸ ਵੀ ਸਿਰੇ ਦੀ ਧੜੇਬੰਦੀ ਤੇ ਫੁੱਟ ਦਾ ਸ਼ਿਕਾਰ ਹੈ। ਲੋਕ ਸਭਾ ਚੋਣਾ ਦੌਰਾਨ ਪੰਜਾਬ ਵਿਚ ਤੀਜੀ ਸਿਆਸੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਦੇ ਕਾਰ-ਵਿਹਾਰ ਕਾਰਨ ਇਸ ਦੇ ਮਗਰ ਲੱਗੇ ਲੋਕਾਂ ਅੰਦਰ ਮਾਯੂਸੀ ਹੈ। ਇਹ ਪਾਰਟੀ ਕਈ ਧੜਿਆਂ ਵਿਚ ਵੰਡੀ ਗਈ ਹੈ ਤੇ ਸਿਧਾਂਤਕ ਪੱਖੋਂ ਵੀ ਦਿਸ਼ਾ-ਹੀਣ ਨਜ਼ਰ ਆਉਣ ਲੱਗੀ ਹੈ। ਪੰਜਾਬ ਦੇ ਇਸ ਧੁੰਦਲੇ ਸਿਆਸੀ ਦ੍ਰਿਸ਼ ਕਾਰਨ ਇਸ ਵੇਲੇ ਇਹ ਹਿਸਾਬ ਲਾਉਣਾ ਸੌਖਾ ਨਹੀਂ ਕਿ 2017 ਵਿਚ ਕਿਹੋ-ਜਿਹੇ ਤੇ ਕਿੰਨੇ ਸਿਆਸੀ ਗੱਠਜੋੜ ਮੈਦਾਨ ਵਿਚ ਹੋਣਗੇ। ਇਸੇ ਦਾ ਪਰਛਾਵਾਂ ਪਰਦੇਸੀ ਪੰਜਾਬੀਆਂ ਉਤੇ ਵੀ ਹੈ। ਇਸ ਲਈ ਪੰਜਾਬ ਵਿਚਲੀ ਹਰੇਕ ਪਾਰਟੀ ਉਨ੍ਹਾਂ ਵਿਚ ਆਪਣੀ ਹਾਜ਼ਰੀ ਲੁਆਉਣ ਲਈ ਕਾਹਲੀ ਹੈ।
___________________________________________
‘ਆਪ’ ਵੱਲ ਪਰਵਾਸੀਆਂ ਦੀ ਖਿੱਚ ਤੋਂ ਅਕਾਲੀ ਫਿਕਰਮੰਦ
ਪਰਵਾਸੀ ਪੰਜਾਬੀਆਂ ਦੇ ਇਕ ਵੱਡੇ ਹਿੱਸੇ ਵੱਲੋਂ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਸਮਰਥਨ ਤੋਂ ਵੀ ਅਕਾਲੀ ਦਲ ਫਿਕਰਮੰਦ ਹੈ। ਪਰਵਾਸੀਆਂ ਨੇ 2014 ਦੀ ਲੋਕ ਸਭਾ ਚੋਣ ਵਿਚ ਪੰਜਾਬ ਦਾ ਸਿਆਸੀ ਦ੍ਰਿਸ਼ ਬਦਲਣ ਤੇ ਚੋਣ ਨਤੀਜਿਆਂ ਨੂੰ ਨਵਾਂ ਰੁਖ਼ ਦੇਣ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ। ਇਸ ਤੋਂ ਬਾਅਦ ਹਰ ਪਾਰਟੀ ਪਰਦੇਸੀ ਭਾਰਤੀਆਂ ਦੇ ਮਨ ਜਿੱਤਣ ਵੱਲ ਲੱਗੀ ਹੋਈ ਹੈ। ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਵਿਦੇਸ਼ ਦਾ ਚੱਕਰ ਲਾ ਆਏ ਹਨ।
____________________________________________
ਅਮਰੀਕਾ ਵਿਚ ਤੋਤਾ ਸਿੰਘ ਵੱਲ ਸੁੱਟੀ ਜੁੱਤੀ
ਨਿਊ ਯਾਰਕ: ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਪਰਵਾਸੀ ਪੰਜਾਬੀਆਂ ਦਾ ਰੋਹ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਦੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਤੋਤਾ ਸਿੰਘ ਤੇ ਉਨ੍ਹਾਂ ਨਾਲ ਗਏ ਅਕਾਲੀ ਆਗੂਆਂ ਉਤੇ ਇਥੋਂ ਦੇ ਸਿੱਖਾਂ ਦੇ ਇਕ ਵਰਗ ਨੇ ਪਥਰਾਅ ਕੀਤਾ ਤੇ ਜੁੱਤਾ ਸੁੱਟਿਆ। ਪੁਲਿਸ ਨੇ ਇਸ ਮਾਮਲੇ ਵਿਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸ਼ ਤੋਤਾ ਸਿੰਘ ਤੇ ਹੋਰ ਅਕਾਲੀ ਆਗੂਆਂ ਨੇ ਸ਼ਨਿਚਰਵਾਰ ਨੂੰ ਕੁਈਨਜ਼ ਬਰੋਅ ਦੇ ਰਿਚਮੰਡ ਹਿਲ ਵਿਖੇ ਬੈਠਕ ਨੂੰ ਸੰਬੋਧਨ ਕਰਨਾ ਸੀ। ‘ਸਿੱਖਸ ਫਾਰ ਜਸਟਿਸ’ (ਐਸ਼ਐਫ਼ਜੇæ) ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਮੌਕੇ ਸੈਂਕੜੇ ਸਿੱਖ ਨਾਅਰੇ ਲਾਉਂਦੇ ਪੰਜਾਬ ਦੇ ਆਗੂਆਂ ਦਾ ਵਿਰੋਧ ਕਰਨ ਲਗ ਪਏ ਤੇ ਉਨ੍ਹਾਂ ਨੂੰ ਘੇਰ ਲਿਆ। ਤਕਰੀਬਨ ਤਿੰਨ ਘੰਟਿਆਂ ਦੇ ਵਿਰੋਧ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ ਤੇ ਤੋਤਾ ਸਿੰਘ ਸਮੇਤ ਹੋਰ ਆਗੂਆਂ ਨੂੰ ਇਥੋਂ ਸੁਰੱਖਿਅਤ ਕੱਢਿਆ ਗਿਆ। ਐਸ਼ਐਫ਼ਜੇæ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਦਾ ਕਹਿਣਾ ਹੈ ਕਿ ਕਿਹਾ ਕਿ ਉਤਰੀ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਅਕਾਲੀ ਦਲ (ਬਾਦਲ) ਦਾ ਇਸ ਲਈ ਵਿਰੋਧ ਕਰ ਰਹੀਆਂ ਹਨ ਕਿਉਂਕਿ ਉਹ 1990 ਦੇ ਦਹਾਕੇ ਵਿਚ ਅਤਿਵਾਦ ਵਿਰੋਧੀ ਮੁਹਿੰਮ ਦੌਰਾਨ ਹਜ਼ਾਰਾਂ ਸਿੱਖਾਂ ਦੀ ਹੱਤਿਆ ਵਿਚ ਸ਼ਾਮਲ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਨਾਕਾਮ ਰਹੇ। ਅਕਾਲੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਹਮਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਹੈ ਕਿ ਕੁਝ ਤਾਕਤਾਂ ਸੌੜੇ ਹਿੱਤਾਂ ਖ਼ਾਤਰ ਅਕਾਲੀ ਦਲ ਖ਼ਿਲਾਫ਼ ਪਰਵਾਸੀ ਪੰਜਾਬੀਆਂ ਨੂੰ ਭੜਕਾ ਰਹੀਆਂ ਹਨ। ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਾਅਦੇ ਵਫ਼ਾ ਨਾ ਕਰਨ ਕਰਕੇ ਪੰਜਾਬ ਦੇ ਹੀ ਨਹੀਂ ਬਾਹਰ ਬੈਠੇ ਸਿੱਖਾਂ ਵਿਚ ਵੀ ਸਰਕਾਰ ਵਿਰੁੱਧ ਰੋਸ ਵਧਦਾ ਜਾ ਰਿਹਾ ਹੈ।