ਚੰਡੀਗੜ੍ਹ: ਆਮ ਲੋਕਾਂ ਦੀ ਪਾਰਟੀ ਹੋਣ ਦਾ ਦਮ ਭਰਦੀ ਆਮ ਆਦਮੀ ਪਾਰਟੀ (ਆਪ) ਹੁਣ ਆਪਣੇ ਦਾਅਵੇ ਤੋਂ ਥਿੜਕ ਗਈ ਜਾਪਦੀ ਹੈ। ‘ਆਪ’ ਦੀ ਕੌਮੀ ਅਨੁਸ਼ਾਸਨੀ ਕਮੇਟੀ ਵੱਲੋਂ ਪੰਜਾਬ ਇਕਾਈ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਡਾæ ਦਲਜੀਤ ਸਿੰਘ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਉਤੇ ਸਵਾਲ ਉੱਠਣ ਲੱਗੇ ਹਨ। ਡਾæ ਦਲਜੀਤ ਸਿੰਘ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਚਲਾਉਣ ਅਤੇ ਅਨੁਸ਼ਾਸਨ ਭੰਗ ਕਰਨ ਦੇ ਦੋਸ਼ਾਂ ਹੇਠ ਪਾਰਟੀ ਵਿਚੋਂ ਬਰਖਾਸਤ ਕੀਤਾ ਹੈ।
ਇਸ ਫੈਸਲੇ ਖਿਲਾਫ ‘ਆਪ’ ਦੇ ਵਲੰਟੀਅਰਾਂ ਨੇ 31 ਮੈਂਬਰੀ ਐਕਸ਼ਨ ਕਮੇਟੀ ਬਣਾ ਕੇ ਡਾæ ਦਲਜੀਤ ਸਿੰਘ ਦੇ ਹੱਕ ਵਿਚ ਫੈਸਲਾਕੁਨ ਲੜਾਈ ਦਾ ਐਲਾਨ ਕਰ ਦਿੱਤਾ ਹੈ।
ਹਾਈਕਮਾਨ ਦੀ ਇਸ ਕਾਰਵਾਈ ਨੇ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਆਮ ਲੋਕਾਂ ਦੀ ਪਾਰਟੀ ਕੁਝ ਚੋਣਵੇਂ ਆਗੂਆਂ ਤੱਕ ਸੀਮਤ ਹੋ ਗਈ ਹੈ। ਖਾਸਕਰ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਪਿੱਛੋਂ ਆਮ ਆਦਮੀ ਪਾਰਟੀ ‘ਖਾਸ’ ਬਣਦੀ ਜਾ ਰਹੀ ਹੈ। ਪਾਰਟੀ ਨੇ ਵੱਖਰੀ ਰਾਇ ਰੱਖਣ ਵਾਲੇ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਸਮੇਤ ਕਈ ਮੁੱਖ ਆਗੂਆਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ। ਪਟਿਆਲਾ ਤੋਂ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਨੂੰ ਕੇਜਰੀਵਾਲ ਖ਼ਿਲਾਫ਼ ਬੋਲਣ ਦਾ ਖ਼ਮਿਆਜ਼ਾ ਲੋਕ ਸਭਾ ਵਿਚ ‘ਆਪ’ ਦੇ ਪਾਰਲੀਮਾਨੀ ਗਰੁੱਪ ਦੇ ਆਗੂ ਦਾ ਅਹੁਦਾ ਗੁਆ ਕੇ ਭੁਗਤਣਾ ਪਿਆ। ਇਹੀ ‘ਗੁਸਤਾਖ਼ੀ’ ਡਾæ ਦਲਜੀਤ ਸਿੰਘ ਨੇ ਕਰ ਦਿੱਤੀ। ਡਾæ ਦਲਜੀਤ ਸਿੰਘ ਨੇ ਪੰਜਾਬ ਵਿਚ ਨਵੇਂ ਜਥੇਬੰਧਕ ਢਾਂਚੇ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਕੇਂਦਰੀ ਅਗੂਆਂ ਨੂੰ ਵੰਗਾਰਿਆ ਸੀ। ਉਨ੍ਹਾਂ ਨੇ ਕੇਂਦਰੀ ਆਗੂ ਸੰਜੇ ਸਿੰਘ ਤੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਉਤੇ ਪਾਰਟੀ ਨੂੰ ਤਬਾਹ ਕਰਨ ਦਾ ਦੋਸ਼ ਲਾਇਆ ਸੀ।
ਦੱਸਣਯੋਗ ਹੈ ਕਿ ਕੇਂਦਰੀ ਆਗੂਆਂ ਵੱਲੋਂ ਜ਼ਿਲ੍ਹਾ ਪੱਧਰੀ ਪੁਰਾਣਾ ਜਥੇਬੰਦਕ ਢਾਂਚਾ ਭੰਗ ਕਰ ਕੇ ਵਿਧਾਨ ਸਭਾ ਹਲਕਾ ਵਾਰ ਕੋਆਰੀਡਨੇਟਰ ਨਿਯੁਕਤ ਕੀਤੇ ਸਨ। ਤੇਰ੍ਹਾਂ ਲੋਕ ਸਭਾ ਸੀਟਾਂ ਦੇ ਇਨ੍ਹਾਂ ਕੋਆਰਡੀਨੇਟਰਾਂ ਉਤੇ ਗਿਆਰਾਂ ਦਿੱਲੀ ਦੇ ਇੰਚਾਰਜ ਥਾਪ ਦਿੱਤੇ ਹਨ ਤੇ ਸੁੱਚਾ ਸਿੰਘ ਛੋਟੇਪੁਰ ਦੇ ਸੂਬਾਈ ਕਨਵੀਨਰ ਬਣੇ ਰਹਿਣ ਉੱਤੇ ਮੋਹਰ ਲਗਾ ਦਿੱਤੀ ਗਈ। ਡਾæ ਦਲਜੀਤ ਸਿੰਘ ਨੇ ਇਸ ਨਵੇਂ ਢਾਂਚੇ ਨੂੰ ਗ਼ੈਰ ਸੰਵਿਧਾਨਕ ਕਰਾਰ ਦਿੱਤਾ ਸੀ। ਡਾæ ਦਲਜੀਤ ਸਿੰਘ ਖਿਲਾਫ ਕਾਰਵਾਈ ਪਿੱਛੋਂ ਅਰਵਿੰਦ ਕੇਜਰੀਵਾਲ ਸੂਬੇ ਦੇ ਆਪਣੇ ਹੀ ਆਗੂਆਂ ਦੇ ਨਿਸ਼ਾਨੇ ਉਤੇ ਹਨ। ‘ਆਪ’ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਅਤੇ ਧਰਮਵੀਰ ਗਾਂਧੀ ਸਿੱਧੇ ਤੌਰ ਉਤੇ ਸ੍ਰੀ ਕੇਜਰੀਵਾਲ ਨੂੰ ਚੁਣੌਤੀ ਦੇ ਰਹੇ ਹਨ।
ਪੰਜਾਬ ਦੀ ਨਿਗਰਾਨੀ ਕਰ ਰਹੇ ਪਾਰਟੀ ਦੇ ਕੌਮੀ ਆਗੂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਉਪਰ ਪਹਿਲਾਂ ਹੀ ਬਾਗੀ ਆਗੂਆਂ ਵੱਲੋਂ ਉਂਗਲੀਆਂ ਉਠਾਈਆਂ ਜਾ ਚੁੱਕੀਆਂ ਹਨ। ਨਾਰਾਜ਼ ਆਗੂਆਂ ਦੇ ਨਿਸ਼ਾਨੇ ਉਪਰ ਮੁੱਖ ਤੌਰ ਉਤੇ ਪੰਜਾਬ ਇਕਾਈ ਦੇ ਮੁਖੀ ਸੁੱਚਾ ਸਿੰਘ ਛੋਟੇਪੁਰ ਹੋਣ ਕਾਰਨ ਇਸ ਵੇਲੇ ਬਗ਼ਾਵਤੀ ਸੁਰਾਂ ਨੂੰ ਦੱਬਣ ਵਾਲੇ ਰਾਜ ਵਿਚ ਕੋਈ ਲੀਡਰ ਨਜ਼ਰ ਨਹੀਂ ਆ ਰਿਹਾ। ਪੰਜਾਬ ਵਿਚ ‘ਆਪ’ ਦੀ ਸਥਿਤੀ ਪੇਚੀਦਾ ਬਣ ਗਈ ਹੈ। ਜਦੋਂ ਕੋਈ ਆਗੂ ਬਗਾਵਤ ਉੱਪਰ ਉਤਰਦਾ ਹੈ ਤਾਂ ਬਹੁਤੇ ਆਗੂ ਪਾਰਟੀ ਹਿੱਤਾਂ ਦੀ ਖਾਤਰ ਉਸ ਨੂੰ ਰੋਕਣ ਦੀ ਥਾਂ ਉਲਟਾ ਨਿੱਜੀ ਹਿੱਤਾਂ ਲਈ ਉਸ ਦੇ ਪਾਰਟੀ ਵਿਚੋਂ ਬਾਹਰ ਜਾਣ ਦੀ ਉਡੀਕ ਕਰਦੇ ਹਨ ਤਾਂ ਜੋ ਉਨ੍ਹਾਂ ਦਾ ਅੱਗੇ ਵਧਣ ਦਾ ਰਸਤਾ ਸਾਫ ਹੋ ਸਕੇ।