ਸ਼ਿਕਾਗੋ (ਬਿਊਰੋ): ਸਥਾਨਕ ਗੁਰਦੁਆਰਾ ਪੈਲਾਟਾਈਨ ਦੇ ਹੈਡ ਗ੍ਰੰਥੀ ਭਾਈ ਗੁਰਜੰਟ ਸਿੰਘ ਖਾਲਸਾ ਨੂੰ ਸੇਵਾ ਮੁਕਤ ਕਰ ਦਿਤਾ ਗਿਆ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਬਰਖਾਸਤਗੀ ਦਾ ਕਾਰਨ ਡਿਊਟੀ ਤੋਂ ਕੋਤਾਹੀ, ਅੜਬਪੁਣੇ, ਕ੍ਰੋਧ ਤੇ ਹਊਮੈ ਵਿਚ ਗ੍ਰਸਤ ਹੋਣਾ ਅਤੇ ਕਿਸੇ ਵੀ ਪ੍ਰਬੰਧਕੀ ਜਾਬਤੇ ਨੂੰ ਮੰਨਣ ਤੋਂ ਇਨਕਾਰੀ ਹੋਣਾ ਦਸਿਆ ਹੈ। ਜ਼ਿਕਰਯੋਗ ਹੈ ਕਿ ਭਾਈ ਖਾਲਸਾ ਸੰਨ 2009 ਤੋਂ ਗੁਰੂਘਰ ਦੇ ਹੈਡ ਗੰ੍ਰਥੀ ਦੀ ਸੇਵਾ ਨਿਭਾ ਰਹੇ ਸਨ।
ਦੂਜੇ ਪਾਸੇ ਭਾਈ ਗੁਰਜੰਟ ਸਿੰਘ ਖਾਲਸਾ ਨੇ ਆਪਣੀ ਸੇਵਾਮੁਕਤੀ ਨੂੰ ਪ੍ਰਬੰਧਕੀ ਧੜੇਬਾਜੀ ਅਤੇ ਕੁਝ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਦਾ ਨਤੀਜਾ ਦਸਿਆ ਹੈ ਕਿਉਂਕਿ ਉਹ ਕਿਸੇ ਦੀ ਚਾਪਲੂਸੀ ਕਰਨ ਤੋਂ ਇਨਕਾਰੀ ਹੈ।
ਮਿਡਵੈਸਟ ਦੇ ਸਭ ਤੋਂ ਪੁਰਾਣੇ ਅਤੇ ਵਡੇ ਇਸ ਗੁਰੂਘਰ ਦੀ ਪ੍ਰਬੰਧਕ ਕਮੇਟੀ ਸਿੱਖ ਰਿਲੀਜੀਅਸ ਸੁਸਾਇਟੀ ਦੇ ਟਰੱਸਟੀ ਬੋਰਡ ਅਨੁਸਾਰ ਆਪਣੀ ਨਿਯੁਕਤੀ ਦੇ ਦਿਨ ਤੋਂ ਹੀ ਭਾਈ ਗੁਰਜੰਟ ਸਿੰਘ ਦੀ ਕਿਸੇ ਵੀ ਪ੍ਰਬੰਧਕ ਕਮੇਟੀ ਨਾਲ ਸੁਰ ਨਹੀਂ ਰਲੀ। ਇਸ ਦਾ ਮੁਖ ਕਾਰਨ ਪ੍ਰਬੰਧਕਾਂ ਅਤੇ ਸੰਗਤ ਪ੍ਰਤੀ ਹਲਕੀ ਸ਼ਬਦਾਵਲੀ ਦੀ ਵਰਤੋਂ, ਜੋ ਕਿਸੇ ਹੈਡ ਗ੍ਰੰਥੀ ਨੂੰ ਸ਼ੋਭਾ ਨਹੀਂ ਦਿੰਦੀ, ਜਾਬਤੇ ਪ੍ਰਤੀ ਲਾਪ੍ਰਵਾਹੀ ਹਊਮੈ ਤੇ ਕ੍ਰੋਧ ਅਤੇ ਇਸ ਤੋਂ ਵੀ ਵੱਧ ਸੁਭਾਅ ਵਿਚ ‘ਮੈਂ ਨਾ ਮਾਨੂੰ’ ਵਾਲੀ ਬਿਰਤੀ ਦਾ ਹੋਣਾ ਹੈ।
ਸਿੱਖ ਰਿਲੀਜੀਅਸ ਸੁਸਾਇਟੀ ਦੇ ਟਰੱਸਟੀ ਬੋਰਡ ਅਨੁਸਾਰ ਜਦੋਂ ਭਾਈ ਗੁਰਜੰਟ ਸਿੰਘ ਅਤੇ ਬੋਰਡ ਵਿਚਾਲੇ ਮਤਭੇਦ ਖਤਮ ਕਰਨ ਦੇ ਸਾਰੇ ਤਰੀਕੇ ਫੇਲ੍ਹ ਹੋ ਗਏ ਤਾਂ ਬੋਰਡ ਨੇ ਸਨਿਚਰਵਾਰ 11 ਜੁਲਾਈ ਨੂੰ ਬਾਅਦ ਦੁਪਹਿਰ 1 ਵਜੇ ਮੀਟਿੰਗ ਸੱਦੀ ਅਤੇ ਆਖਰੀ ਯਤਨ ਵਜੋਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਮੀਟਿੰਗ ਵਿਚ ਹਾਜਰ ਹੋਣ ਤਾਂ ਜੋ ਆਹਮੋ-ਸਾਹਮਣੇ ਬੈਠ ਕੇ ਸ਼ਿਕਵਿਆਂ-ਸ਼ਿਕਾਇਤਾਂ ਦਾ ਕੋਈ ਹੱਲ ਲਭਿਆ ਜਾ ਸਕੇ, ਪਰ ਉਨ੍ਹਾਂ ਨੇ ਮੀਟਿੰਗ ਵਿਚ ਆਉਣ ਤੋਂ ਇਨਕਾਰ ਕਰ ਦਿਤਾ ਅਤੇ ਆਪਣੀ ਈਮੇਲ ਵਿਚ ਲਿਖ ਭੇਜਿਆ ਕਿ ਉਸ ਨੂੰ ਟਰੱਸਟੀ ਬੋਰਡ ਉਤੇ ਕੋਈ ਭਰੋਸਾ ਨਹੀਂ ਅਤੇ ਉਹ ਚਾਹੁੰਦਾ ਹੈ ਕਿ ‘ਉਸ ਦੀ ਸੰਗਤ’ ਨੂੰ ਮੀਟਿੰਗ ਵਿਚ ਹਾਜਰ ਹੋਣ ਦਿਤਾ ਜਾਵੇ।
ਟਰੱਸਟੀ ਬੋਰਡ ਵਲੋਂ ਗੁਰੂਘਰ ਦੇ ਨਿਊਜ਼ ਲੈਟਰ ਵਿਚ ਵੇਰਵਾ ਦਿੰਦਿਆਂ ਕਿਹਾ ਗਿਆ ਹੈ ਕਿ ਭਾਈ ਸਾਹਿਬ ਨੂੰ ਮੀਟਿੰਗ ਵਿਚ ਹਾਜਰ ਹੋਣ ਲਈ ਦੋ ਘੰਟੇ ਦਾ ਸਮਾਂ ਦਿਤਾ ਗਿਆ ਸੀ ਅਤੇ ਫੋਨ ਉਪਰ ਵਾਰ ਵਾਰ ਬੇਨਤੀ ਕੀਤੀ ਗਈ ਕਿ ਇਹ ਮੀਟਿੰਗ ਉਨ੍ਹਾਂ ਅਤੇ ਬੋਰਡ ਵਿਚਾਲੇ ਹੈ ਅਤੇ ਕਿਸੇ ਵੀ ਤੀਜੀ ਧਿਰ ਨੂੰ ਇਸ ਵਿਚ ਆਉਣ ਦੀ ਇਜ਼ਾਜਤ ਨਹੀਂ ਦਿਤੀ ਜਾਵੇਗੀ। ਇਸ ਦੇ ਐਨ ਉਲਟ ਭਾਈ ਸਾਹਿਬ ਨੇ ਫੋਨ ਕਰਕੇ ਆਪਣੇ ਕੁਝ ਹਮਾਇਤੀਆਂ ਨੂੰ ਬੁਲਾ ਲਿਆ ਅਤੇ ਕਈ ਹੋਰ ਗਰੁਪਾਂ ਨੂੰ ਇਕੱਠੇ ਹੋਣ ਲਈ ਉਕਸਾਇਆ ਤਾਂ ਜੋ ਮੀਟਿੰਗ ਵਿਚ ਵਿਘਨ ਪਾਇਆ ਜਾ ਸਕੇ। ਬੋਰਡ ਨੇ ਅਖੀਰ ਸਖਤੀ ਨਾਲ ਇਹ ਗੱਲ ਕਹੀ ਕਿ ਮੀਟਿੰਗ ਵਿਚ ਕੋਈ ਵੀ ਬਾਹਰਲਾ ਬੰਦਾ ਨਹੀਂ ਸ਼ਾਮਲ ਹੋ ਸਕੇਗਾ।
ਅਖੀਰ ਭਾਈ ਸਾਹਿਬ ਮੀਟਿੰਗ ਵਿਚ ਆਉਣ ਲਈ ਸਹਿਮਤ ਹੋ ਗਏ ਅਤੇ ਕਰੀਬ ਦੋ ਘੰਟੇ ਵਿਚਾਰ-ਵਟਾਂਦਰਾ ਹੋਇਆ ਜਿਸ ਉਪਰੰਤ ਕਾਰਜਕਾਰੀ ਬੋਰਡ ਨੇ ਵਿਚਾਰ ਕੀਤੀ ਕਿ ਭਾਈ ਸਾਹਿਬ ਦੀ ਸੇਵਾਮੁਕਤੀ ਤੋਂ ਬਿਨਾ ਕੋਈ ਚਾਰਾ ਨਹੀਂ। ਇਸ ਸਬੰਧੀ ਮਤਾ ਹਾਜਰ ਸਾਰੇ ਸੱਤ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿਤਾ। ਨਤੀਜਨ ਭਾਈ ਗੁਰਜੰਟ ਸਿੰਘ ਨੂੰ ਹੈਡ ਗ੍ਰੰਥੀ ਦੇ ਅਹੁਦੇ ਤੋਂ ਬਰਖਾਸਤ ਕਰ ਦਿਤਾ ਗਿਆ। ਉਨ੍ਹਾਂ ਨੂੰ ਕਾਇਦੇ ਅਨੁਸਾਰ 30 ਦਿਨ ਦੀ ਤਨਖਾਹ ਅਤੇ ਸਭ ਬਕਾਏ ਉਨ੍ਹਾਂ ਵਲੋਂ ਰਿਹਾਇਸ਼ੀ ਜਗ੍ਹਾ ਖਾਲੀ ਕਰਨ ਅਤੇ ਚਾਬੀਆਂ ਹਵਾਲੇ ਕਰਨ ਪਿਛੋਂ ਤੁਰਤ ਅਦਾ ਕੀਤੇ ਜਾਣ ਦਾ ਨਿਰਣਾ ਲਿਆ ਗਿਆ।
ਫੈਸਲੇ ਅਨੁਸਾਰ ਸੇਵਾ ਮੁਕਤੀ 14 ਜੁਲਾਈ 2015 ਨੂੰ ਸਵੇਰੇ 9 ਵਜੇ ਤੋਂ ਲਾਗੂ ਕਰਕੇ ਉਨ੍ਹਾਂ ਨੂੰ ਹੈਡ ਗ੍ਰੰਥੀ ਵਜੋਂ ਸਭ ਡਿਊਟੀਆਂ ਅਤੇ ਜਿੰਮੇਵਾਰੀਆਂ ਤੋਂ ਮੁਕਤ ਕਰ ਦਿਤਾ ਗਿਆ। ਉਨ੍ਹਾਂ ਨੂੰ ਆਪਣੀ ਰਿਹਾਇਸ਼ੀ ਜਗ੍ਹਾ ਸੇਵਾ ਮੁਕਤੀ ਦੇ 24 ਘੰਟਿਆਂ ਅੰਦਰ ਖਾਲੀ ਕਰਨ ਲਈ ਕਿਹਾ ਗਿਆ। ਬੋਰਡ ਅਨੁਸਾਰ ਭਾਈ ਸਾਹਿਬ ਦੀ ਸੇਵਾ ਮੁਕਤੀ ਦਾ ਫੈਸਲਾ ਖੁਸ਼ੀ ਨਾਲ ਨਹੀਂ, ਮਜਬੂਰਨ ਲੈਣਾ ਪਿਆ ਹੈ ਕਿਉਂਕਿ ਹੋਰ ਕੋਈ ਚਾਰਾ ਹੀ ਨਹੀਂ ਸੀ ਬਚਿਆ।
ਇਥੇ ਦਸਣਾ ਬਣਦਾ ਹੈ ਕਿ ਭਾਈ ਗੁਰਜੰਟ ਸਿੰਘ ਨੂੰ ਪ੍ਰਬੰਧਕਾਂ ਵਲੋਂ ਨਿਰਧਾਰਤ ਜ਼ਾਬਤਾ ਨਾ ਮੰਨਣ ਕਰਕੇ ਮਈ 2015 ਵਿਚ ਇਕ ਮਹੀਨੇ ਲਈ ਮੁਅਤਲ ਕੀਤਾ ਗਿਆ ਸੀ।
ਇਹ ਵੀ ਜ਼ਿਕਰਯੋਗ ਹੈ ਕਿ ਭਾਈ ਗੁਰਜੰਟ ਸਿੰਘ ਅਤੇ ਉਨ੍ਹਾਂ ਦੇ ਹਮਾਇਤੀਆਂ ਵਲੋਂ ਅਕਸਰ ਇਹ ਗੱਲ ਬੜੇ ਜੋਰ ਨਾਲ ਕਹੀ ਜਾਂਦੀ ਰਹੀ ਹੈ ਕਿ 2013 ਵਿਚ ਪ੍ਰਬੰਧਕਾਂ ਵਲੋਂ ਕੀਤੇ ਗਏ ਇਕਰਾਰਨਾਮੇ ਤਹਿਤ ਉਨ੍ਹਾਂ ਦੀ ਹੈਡ ਗੰ੍ਰਥੀ ਵਜੋਂ ਨਿਯੁਕਤੀ ਅਣਮਿਥੇ ਸਮੇਂ ਲਈ ਕੀਤੀ ਗਈ ਸੀ ਅਤੇ ਇਸ ਵਿਚ ‘ਟਰਮ’ ਨਹੀਂ ਮਿਥੀ ਗਈ। ਇਸ ਬਾਰੇ ਮੌਜੂਦਾ ਟਰੱਸਟੀ ਬੋਰਡ ਨੇ ਸਪਸ਼ਟ ਕੀਤਾ ਹੈ ਕਿ 2013 ਵਿਚ ਤਤਕਾਲੀ ਪ੍ਰਧਾਨ ਅਤੇ ਕਾਰਜਕਾਰੀ ਸਕੱਤਰ ਵਲੋਂ ਭਾਈ ਗੁਰਜੰਟ ਸਿੰਘ ਨਾਲ ਕੀਤਾ ਗਿਆ ਕੰਟਰੈਕਟ ਰੁਜ਼ਗਾਰ ਅਤੇ ਬਿਜਨਸ ਕਾਇਦੇ-ਕਾਨੂੰਨ ਦੀ ਉਲੰਘਣਾ ਹੈ ਅਤੇ ਸਿਰਫ ਇਕ ‘ਪੇਸ਼ਕਸ਼’ ਹੈ, ਨਾ ਕਿ ਕੋਈ ਕਾਨੂੰਨੀ ਕੰਟਰੈਕਟ। ਇਹ ਕਥਿਤ ਕੰਟਰੈਕਟ ਪਿਛਲੇ ਟਰੱਸਟੀ ਬੋਰਡ ਵਲੋਂ ਰੱਦ ਕਰ ਦਿਤਾ ਗਿਆ ਸੀ ਅਤੇ ਨਵਾਂ ਬੋਰਡ ਇਸ ਨਜਾਇਜ਼ ਕੰਟਰੈਕਟ ਨੂੰ ਮੰਨਣ ਦਾ ਪਾਬੰਦ ਨਹੀਂ ਹੈ।
ਸਿੱਖ ਰਿਲੀਜੀਅਸ ਸੁਸਾਇਟੀ ਦੇ ਸੰਵਿਧਾਨ ਅਨੁਸਾਰ ਕਿਸੇ ਪ੍ਰਧਾਨ ਜਾਂ ਕਾਰਜਕਾਰੀ ਸਕੱਤਰ ਨੂੰ ਅਜਿਹਾ ਕੰਟਰੈਕਟ ਸਹੀਬੰਦ ਕਰਨ ਦਾ ਕੋਈ ਹੱਕ ਨਹੀਂ ਹੈ ਜਿਸ ਨਾਲ ਸੁਸਾਇਟੀ ਨੂੰ ਕੋਈ ਅਣਕਿਆਸਿਆ ਮਾਲੀ ਬੋਝ ਜਾਂ ਕੋਈ ਹੋਰ ਨੁਕਸਾਨ ਸਹਿਣਾ ਪਵੇ। 2013 ਦੇ ‘ਕਥਿਤ’ ਕੰਟਰੈਕਟ ਦੀ ਇਲੀਨਾਏ ਵਿਚ ਲਾਗੂ ਰੁਜਗਾਰ ਕਾਇਦੇ-ਕਾਨੂੰਨਾਂ ਅਨੁਸਾਰ ਕੋਈ ਵੁਕਤ ਨਹੀਂ। ਕਾਨੂੰਨੀ ਮਾਹਿਰਾਂ ਦੀ ਰਾਏ ਅਨੁਸਾਰ ਗ੍ਰੰਥੀ ਆਮ ਮੁਲਾਜ਼ਮ ਨਹੀਂ ਅਤੇ ਉਸ ਬਾਰੇ ਰੁਜਗਾਰ ਦੇ ਆਮ ਕਾਇਦੇ-ਕਾਨੂੰਨਾਂ ਲਾਗੂ ਨਹੀਂ ਹੁੰਦੇ।
ਪ੍ਰਬੰਧਕਾਂ ਅਨੁਸਾਰ ਮੌਜੂਦਾ ਕਾਇਦੇ-ਕਾਨੂੰਨਾਂ ਅਧੀਨ ਭਾਈ ਗੁਰਜੰਟ ਸਿੰਘ ਖਾਲਸਾ ਆਪਣੀ ਮਰਜੀ ਨਾਲ ਮੁਲਾਜ਼ਮ ਹੈ। ਦੋਹਾਂ ਧਿਰਾਂ (ਭਾਈ ਗੁਰਜੰਟ ਸਿੰਘ ਅਤੇ ਸਿੱਖ ਰਿਲੀਜੀਅਸ ਸੁਸਾਇਟੀ) ਵਿਚੋਂ ਕੋਈ ਵੀ ਇਕ ਮਹੀਨੇ ਦਾ ਲਿਖਤੀ ਨੋਟਿਸ ਦੇ ਕੇ ਰੁਜ਼ਗਾਰ ਦਾ ਸਬੰਧ ਤੋੜ ਸਕਦੀ ਹੈ। ਬੇਸ਼ਕ ਰੁਜਗਾਰ ਲੰਬੇ ਸਮੇਂ ਲਈ ਵੀ ਹੋਵੇ ਤਦ ਵੀ ਦੋਹਾਂ ਵਿਚੋਂ ਕੋਈ ਵੀ ਧਿਰ ਇਸ ਛੋਟ ਦਾ ਸਹਾਰਾ ਲੈ ਕੇ ਰੁਜ਼ਗਾਰ ਦੇ ਬੰਧਨ ਤੋਂ ਮੁਕਤ ਹੋ ਸਕਦੀ ਹੈ। ਰੁਜ਼ਗਾਰਦਾਤਾ ਮੁਲਾਜ਼ਮ ਦੇ ਸਹੀ ਢੰਗ ਨਾਲ ਡਿਊਟੀ ਨਾ ਕਰਨ ‘ਤੇ ਕੰਮ ਤੋਂ ਜਵਾਬ ਦੇ ਸਕਦਾ ਹੈ।
ਭਾਈ ਗੁਰਜੰਟ ਸਿੰਘ ਨਾਲ ਸੰਪਰਕ ਕਰਨ ਦਾ ਯਤਨ ਸਫਲ ਨਹੀਂ ਹੋ ਸਕਿਆ। ਉਂਜ ਉਨ੍ਹਾਂ ਆਪਣੀ ਸੇਵਾ ਮੁਕਤੀ ਉਤੇ ਪ੍ਰਤੀਕ੍ਰਮ ਕਰਦਿਆਂ ਸਿੱਖ ਰਿਲੀਜੀਅਸ ਸੁਸਾਇਟੀ ਦੀ ਪ੍ਰਧਾਨ ਬੀਬੀ ਜਸਬੀਰ ਕੌਰ ਸਲੂਜਾ ਨੂੰ ਭੇਜੀ ਇਕ ਈਮੇਲ ਵਿਚ ਲਿਖਿਆ ਹੈ, “ਪਰਧਾਨ ਸਲੂਜਾ ਜੀ, ਆਪਦਾ ਅਤੇ ਬੋਰਡ ਦਾ ਇਹ ਫੈਸਲਾ ਅਤੇ ਇਸ ਨੂੰ ਮੇਰੇ ਤਕ ਅਧੀ ਰਾਤ ਨੂ ਪਹੁਚਾਉਣ ਦਾ ਤਰੀਕਾ ਬਹੁਤ ਗਲਤ ਅਤੇ ਮਕਰਅੰਦਾਜੀ ਦਾ ਪ੍ਰਤੀਕ ਹੈ। ਅਫਸੋਸ ਹੈ ਕਿ ਆਪ ਇਕ ਆਖਰੀ ਕਦਮ ਵੀ ਸਹੀ ਤਰੀਕੇ ਨਾਲ ਲੈਣ ਦੀ ਕਾਬਲੀਅਤ ਨਹੀ ਰਖਦੇ। ਸ਼ਰਮ ਦੀ ਗਲ ਹੈ ਕਿ ਜਾਣਦੇ ਹੋਏ ਕਿ ਗੁਰੂਘਰ 2009 ਤੋ ਮੇਰੀ ਰਿਹਾਇਸ਼ ਹੈ ਅਤੇ ਮੇਰੇ ਕੋਲ ਕੋਈ ਹੋਰ ਠਿਕਾਣਾ ਨਹੀ ਹੈ, ਆਪ ਨੇ ਮੈਨੂ ਜਲੀਲ ਕਰਨ ਲਈ ਈਮੇਲ ਰਾਹੀ ਟਰਮੀਨੇਸ਼ਨ ਨੋਟਸ ਰਾਤ ਨੂੰ 10:23 ਤੇ ਭੇਜ ਮੈਨੂ ਤੁਰੰਤ ਪੈਲਾਟਾਈਨ ਗੁਰੂਘਰ ਤੋ ਜਾਣ ਲਈ ਕਿਹਾ ਹੈ। ਸ਼ਾਇਦ ਆਪਣੇ ਆਪ ਵਿਚ ਇਹ ਇਕ ਗਿਰਾਵਟ ਦੀ ਮਿਸਾਲ ਹੈ।”
ਗੁਰੂਘਰ ਦੀ ਸੰਗਤ ਦੇ ਇਕ ਹਿੱਸੇ ਵਲੋਂ ਉਨ੍ਹਾਂ ਦੀ ਸੇਵਾ ਮੁਕਤੀ ਵਿਰੁਧ ਰੋਸ ਪ੍ਰਗਟਾਇਆ ਜਾ ਰਿਹਾ ਹੈ ਅਤੇ ਲੰਘੇ ਐਤਵਾਰ ਉਨ੍ਹਾਂ ਪ੍ਰਬੰਧਕਾਂ ਨਾਲ ਬਹਿਸ ਕਰਨ ਦੀ ਵੀ ਕੋਸ਼ਿਸ਼ ਕੀਤੀ। ਆਮ ਸੰਗਤ ਵਿਚ ਭਾਈ ਸਾਹਿਬ ਪ੍ਰਤੀ ਹਮਦਰਦੀ ਹੈ ਪ੍ਰੰਤੂ ਉਨ੍ਹਾਂ ਦੇ ਕੁਰੱਖਤ ਸੁਭਾਅ ਅਤੇ ਆਪਣੀਆਂ ਈਮੇਲਾਂ ਵਿਚ ਪ੍ਰਬੰਧਕਾਂ ਪ੍ਰਤੀ ਵਰਤੀ ਗਈ ਸ਼ਬਦਾਵਲੀ ਬਾਰੇ ਆਮ ਰਾਏ ਹੈ ਕਿ ਗੁਰੂਘਰ ਦੇ ਹੈਡ ਗੰ੍ਰਥੀ ਵਲੋਂ ਅਜਿਹੀ ਸ਼ਬਦਾਵਲੀ ਦੀ ਵਰਤੋਂ ਸ਼ੋਭਾ ਨਹੀਂ ਦਿੰਦੀ।