ਮਸਤਾਨੇ ਵਰਗਿਆਂ ਨੂੰ ਜਿਊਂਦੇ ਜੀਅ ਸੰਭਾਲਣ ਦੀ ਲੋੜ

ਸਵਰਨ ਸਿੰਘ ਟਹਿਣਾ
ਫੋਨ: 91-98141-78883
“ਡੈਡੀ ਨੂੰ ਅਧਰੰਗ ਦਾ ਦੌਰਾ ਪੈ ਗਿਐæææਹਾਲਤ ਬਹੁਤ ਮੰਦੀ ਏæææਜੇ ਕੋਈ ਥੋੜ੍ਹੀ-ਬਹੁਤ ਮੱਦਦ ਕਰ ਦੇਵੇ ਤਾਂ ਦਵਾਈ-ਬੂਟੀ ਦਾ ਪ੍ਰਬੰਧ ਹੋ ਜਾਵੇæææਤੁਸੀਂ ਇੱਕ ਵਾਰ ਜ਼ਰੂਰ ਮਿਲ ਕੇ ਜਾਇਓ।” ਇਹ ਗੱਲਾਂ ਅਮਰ ਸਿੰਘ ਮਸਤਾਨਾ ਦਾ ਪੁੱਤਰ ਹਰਪਾਲ ਸਿੰਘ ਪੰਜੀਂ-ਸੱਤੀ ਦਿਨੀਂ ਮੈਨੂੰ ਫੋਨ ਕਰਕੇ ਕਹਿੰਦਾ ਤਾਂ ਕਾਲਜੇ ਦਾ ਰੁੱਗ ਭਰਿਆ ਜਾਂਦਾ।
ਪਿਛਲੇ ਦਿਨੀਂ ਜਦੋਂ ਹਾਲ-ਚਾਲ ਪੁੱਛਣ ਕੋਟਕਪੂਰੇ ਉੁਸ ਦੇ ਘਰ ਗਿਆ ਤਾਂ ਮੰਜੇ ‘ਤੇ ਪਿਆ ਉਹ ਮਿਲਣ ਲਈ ਮੇਰੇ ਵੱਲ ਅਹੁਲਿਆ, ਪਰ ਹਿੱਲ ਨਾ ਸਕਿਆ। ਬੋਲਣ ਦੀ ਕੋਸ਼ਿਸ਼ ਕੀਤੀ ਪਰ ਬੋਲਿਆ ਨਾ ਗਿਆ। ਉਹਦੀ ਮੰਦੀ ਹਾਲਤ ਦੇਖ ਮੇਰਾ ਰੋਣ ਨਿਕਲ ਆਇਆ, ਕੇਹਾ ਫ਼ਨਕਾਰ ਸੀ ਇਹ ਤੇ ਬਿਮਾਰੀ ਨੇ ਕੀ ਬਣਾ ਛੱਡਿਆ। ਮਸਤਾਨੇ ਨੂੰ ਉਹਦੇ ਪੁੱਤ ਨੇ ਪੁੱਛਿਆ, “ਪਤਾ ਲੱਗ ਗਿਆ ਕੌਣ ਨੇ ਇਹæææਉਹੀ ਲੇਖਾਂ ਵਾਲੇ।” ਤਾਂ ਚਿਹਰੇ ‘ਤੇ ਖੁਸ਼ੀ ਦੇ ਭਾਵ ਲਿਆ ਉਹਨੇ ‘ਹਾਂ’ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਉਹ ਤੋਂ ਫੇਰ ਨਾ ਬੋਲਿਆ ਗਿਆ।
ਮਸਤਾਨੇ ਦਾ ਲੱਕੜ ਵਰਗਾ ਸਰੀਰ ਦੇਖ ਮੈਂ ਉਸ ਨਾਲ ਪਹਿਲੀ ਮਿਲਣੀ ਬਾਰੇ ਸੋਚਣ ਲੱਗਾ। ਜ਼ੀਰਾ ਸਾਹਿਤ ਸਭਾ ਵੱਲੋਂ ਸਲਾਨਾ ਸਮਾਗਮ ਕਰਾਇਆ ਗਿਆ ਤੇ ਮਸਤਾਨੇ ਦਾ ਸਨਮਾਨ ਸੀ। ਉਹਨੇ ਤਿੰਨ ਸਾਜ਼ੀਆਂ-ਢੋਲਕੀ, ਘੜੇ ਅਤੇ ਬੈਂਜੋ ਨਾਲ ਕਮਾਲ ਦਾ ਰੰਗ ਬੰਨ੍ਹਿਆ। ਉਹਦੀ ਗਾਇਕੀ ਨੂੰ ਪੰਡਾਲ ‘ਚ ਬੈਠਾ ਹਰ ਦਰਸ਼ਕ ਦਾਦ ਦੇ ਰਿਹਾ ਸੀ, ਪਰ ਸੰਗਾਊ ਜਿਹਾ ਮਸਤਾਨਾ ਨੀਵੀਂ ਪਾ ‘ਬਸ ਵਾਹਿਗੁਰੂ ਦੀ ਕ੍ਰਿਪਾ ਜੀ, ਵਾਹਿਗੁਰੂ ਦੀ ਕ੍ਰਿਪਾ ਜੀ’ ਕਹੀ ਜਾਂਦਾ। ਮਸਤਾਨਾ ਜੋਸ਼ ‘ਚ ਉਡੂੰ-ਉਡੂੰ ਕਰਦਾ ਪਰ ਦੇਖ ਕੇ ਲੱਗਦਾ ਨਹੀਂ ਸੀ ਕਿ ਇਹਦੇ ਵਿਚ ਕਲਾਕਾਰਾਂ ਵਾਲੀ ਕੋਈ ਗੱਲ ਏ। ਗੱਲੀਂਬਾਤੀਂ ਉਸ ਦੱਸਿਆ ਸੀ ਕਿ ਉਹ ਕੋਟਕਪੂਰੇ ਦੇ ਬੱਸ ਅੱਡੇ ‘ਚ ਅਕਸਰ ਮਿਲ ਜਾਂਦੈ, ਜਦੋਂ ਵਕਤ ਲੱਗਿਆ ਆ ਜਾਇਓ।
ਛੇ ਕੁ ਮਹੀਨਿਆਂ ਬਾਅਦ ਉਹਨੂੰ ਮਿਲਣ ਕੋਟਕਪੂਰੇ ਗਿਆ ਤਾਂ ਇੱਕ ਬੱਸ ਕੰਡਕਟਰ ਨੇ ਆਖਿਆ, “ਔਹ ਰਿਕਸ਼ਾ ਸਟੈਂਡ ‘ਚ ਹੋਊਗਾ।” ਉਥੇ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਸਵਾਰੀ ਲੈ ਕੇ ਕਿਧਰੇ ਗਿਆ ਹੋਇਐ, ਥੋੜ੍ਹਾ ਚਿਰ ਉਡੀਕਣਾ ਪਊ, ਆਊਗਾ ਏਥੇ ਹੀ।
ਅੱਧੇ ਕੁ ਘੰਟੇ ਮਗਰੋਂ ਉਹ ਮੁੜ ਆਇਆ। ਪਸੀਨੇ ਨਾਲ ਨੁੱਚੜਦਾ ਮੂੰਹ ਉਹਨੇ ਮੋਢੇ ‘ਤੇ ਰੱਖੇ ਸਾਫ਼ੇ ਨਾਲ ਪੂੰਝਿਆ ਤੇ ਗੱਲੀਂ ਲੱਗ ਗਿਆ। ਬੜਾ ਕੁਝ ਦੱਸਿਆ ਉਸ ਨੇ। ਘਰ ਦੀ ਗ਼ਰੀਬੀ ਤੋਂ ਗੀਤ ਲਿਖਣ ਦੇ ਸ਼ੌਕ ਤੱਕ। ਲਿਖੇ ਗੀਤ ਹਿੱਟ ਹੋਣ ਤੋਂ ਖੁਦ ਗਾਉਣ ਤੱਕ। ਕਲਾਕਾਰਾਂ ਦੇ ਵਾਅਦਿਆਂ ਤੋਂ ਦਗ਼ੇਬਾਜ਼ੀਆਂ ਤੱਕ। ਉਹ ਨੀਂਵੀਂ ਪਾ ਕੇ ਬੋਲੀ ਗਿਆ ਤੇ ਮੈਂ ਸੁਣਦਾ-ਸੁਣਦਾ ਉਨ੍ਹਾਂ ਖੱਬੀਖਾਨ ਕਲਾਕਾਰਾਂ ਬਾਰੇ ਸੋਚਦਾ ਗਿਆ, ਜਿਹੜੇ ਉਸ ਨੂੰ ਗਾਉਂਦੇ ਵੀ ਰਹੇ ਤੇ ਤੜਫ਼ਾਉਂਦੇ ਵੀ। ਅਖੀਰ ‘ਤੇ ਉਹਨੇ ਆਖਿਆ, “ਹੁੰਦਾ ਉਹੀਓ ਐ, ਜੋ ਰੱਬ ਨੂੰ ਮਨਜ਼ੂਰ ਹੋਵੇ, ਗੁੱਸਾ ਕਿਸੇ ‘ਤੇ ਨਹੀਂ, ਉਹ ਵੱਡੇ ਲੋਕ ਨੇ, ਆਪਾਂ ਕੀ ਕਹਿ ਸਕਦੇ ਆਂ!”
ਤੇ ਕਿਸੇ ਵੇਲ਼ੇ ਰਿਕਸ਼ਾ ਚਲਾਉਂਦਾ, ਗੀਤ ਜੋੜਦਾ, ਖੁਦ ਸਟੇਜਾਂ ‘ਤੇ ਗਾਉਂਦਾ ਮਸਤਾਨਾ ਅੱਜ ਚਾਹੁੰਦਾ ਹੋਇਆ ਵੀ ਬੋਲ ਨਹੀਂ ਸੀ ਸਕਦਾ। ਨਾ ਸੱਜੀ ਲੱਤ ਵਿਚ ਜਾਨ ਸੀ, ਨਾ ਸੱਜੀ ਬਾਂਹ ਵਿਚ, ਬੋਲਣ ਦੀ ਕੋਸ਼ਿਸ਼ ਕਰਦਾ ਪਰ ਮੂੰਹ ਖੁੱਲ੍ਹਣ ਦੇ ਬਾਜਵੂਦ ਸ਼ਬਦ ਨਾ ਨਿਕਲਦਾ। ਆਪਣੇ ਹਾਲ ‘ਤੇ ਕਚੀਚੀ ਵੱਟਦਾ ਤੇ ਫੇਰ ਢਿੱਲਾ ਜਿਹਾ ਪੈ ਜਾਂਦਾ।
ਮਸਤਾਨੇ ਦੀ ਟੇਕ ਹੁਣ ਸਿਰਫ਼ ਤੇ ਸਿਰਫ਼ ਆਪਣੇ ਪਰਿਵਾਰ ‘ਤੇ ਹੈ, ਜਿਹੜੇ ਉਸ ਨੂੰ ਸਹਾਰਾ ਦੇ ਕੇ ਉਠਾਉਂਦੇ ਨੇ, ਮੂੰਹ ਨੂੰ ਚਾਹ-ਪਾਣੀ ਲਾਉਂਦੇ ਨੇ ਤੇ ਸੰਭਾਲਦੇ ਨੇ। ਮਸਤਾਨੇ ਦੇ ਪੁੱਤ ਦਾ ਕਹਿਣੈ, “ਗ਼ਰੀਬੀ ਨਾਲ ਲੜਨਾ ਤਾਂ ਸਾਡੀ ਆਦਤ ਸੀ, ਜਾਣਦੇ ਸਾਂ ਕਿ ਘਾਹੀਆਂ ਦੇ ਪੁੱਤਾਂ ਘਾਹ ਹੀ ਖੋਤਣਾ ਹੁੰਦੈ, ਪਰ ਆਹ ਦਿਨ ਆ ਜਾਣਗੇ, ਕਦੇ ਨਹੀਂ ਸੀ ਸੋਚਿਆ!”
ਮਸਤਾਨੇ ਵੱਲੋਂ ਗਾਇਕੀ ਤੇ ਗੀਤਕਾਰੀ ਵਿਚ ਮਾਰੀਆਂ ਮੱਲਾਂ ਦਾ ਜ਼ਿਕਰ ਬਹੁਤ ਲੰਮਾ-ਚੌੜਾ ਹੈ। ਕਾਮਯਾਬੀ ਲਈ ਸਾਧਨਾਂ ਦੀ ਘਾਟ, ਅਨਪੜ੍ਹਤਾ, ਕਰਜ਼ੇ ਅਤੇ ਹੋਰ ਖੱਜਲ-ਖੁਆਰੀਆਂ ਦੇ ਬਾਵਜੂਦ ਉਸ ਨੂੰ ਗੀਤ ਜੋੜਨ ਦਾ ਸ਼ੌਕ ਪੈਦਾ ਹੋ ਗਿਆ। ਇਕ ਵੇਲ਼ਾ ਅਜਿਹਾ ਆਇਆ ਕਿ ਉਸੇ ਦੇ ਗੀਤ ‘ਤੇ ਕਲਾਕਾਰ ਆਪਣੀ ਕੈਸਿਟ ਦਾ ਨਾਂ ਰੱਖਦਾ। ਉਹਦੀ ਲੇਖਣੀ ਦੀ ਮਹਿਮਾ ਦੂਰ-ਦੂਰ ਤੱਕ ਹੋਣ ਲੱਗੀ ਤੇ ਹੋਰ ਜ਼ਿਲ੍ਹਿਆਂ ਦੇ ਕਲਾਕਾਰ ਵੀ ਉਸ ਦੀ ਭਾਲ ‘ਚ ਰਹਿੰਦੇ। ਪਤਾ-ਟਿਕਾਣਾ ਪੁੱਛ ਕੇ ਕਲਾਕਾਰ ਉਸ ਕੋਲ ਰਿਕਸ਼ਾ ਸਟੈਂਡ ਆਉਂਦੇ ਤੇ ਗੀਤਾਂ ਵਾਲੀ ਕਾਪੀ ‘ਚੋਂ ਗੀਤ ਲੈ ਕੇ ‘ਬਾਈ ਫੇਰ ਮਿਲਾਂਗੇ’ ਕਹਿ ਤੁਰਦੇ ਬਣਦੇ। ਦੋ ਕੁ ਸਾਲ ਪਹਿਲਾਂ ਤੱਕ ਮਸਤਾਨਾ ਆਪਣੀ ਜ਼ੁਬਾਨੀ ਦੱਸਿਆ ਕਰਦਾ ਸੀ, “ਕਲਾਕਾਰਾਂ ਨੇ ਮਾਣ ਬਹੁਤ ਬਖਸ਼ਿਆ, ਪਰ ਇਹ ਮਾਣ ‘ਸ਼ਾਬਾਸ਼, ਵਾਹ-ਵਾਹ, ਕਮਾਲ ਦੀ ਸੋਚ ਐ ਤੇਰੀ’ ਤੱਕ ਸੀਮਤ ਰਿਹਾ।” ਗੀਤ ਗਾਉਣ ਵਾਲੇ ਕੋਠੀਆਂ-ਕਾਰਾਂ ਵਾਲੇ ਬਣਦੇ ਗਏ, ਪਰ ਉਸ ਦੀ ਸਰ-ਕਾਨਿਆਂ ਵਾਲੀ ਛੱਤ ਬਦਲਣ ਦਾ ਫ਼ਿਕਰ ਕਿਸੇ ਨਾ ਕੀਤਾ। ਕਿਸੇ ਨੇ ਨਾ ਪੁੱਛਿਆ ਕਿ ਟੱਬਰ ਦੀਆਂ ਲੋੜਾਂ ਵੀ ਹੋਣਗੀਆਂ, ਘਰਵਾਲੀ-ਨਿਆਣੇ ਕੁਝ ਮੰਗਦੇ ਹੋਣਗੇ, ਸੋ ਥੋੜ੍ਹਾ ਬਹੁਤ ਮਿਹਨਤਾਨਾ ਹੀ ਲੈ ਲੈ।
ਮਸਤਾਨੇ ਦੇ ਲਿਖੇ ਗੀਤ “ਮੇਰੇ ਦਿਲ ਦਾ ਖਿਡੌਣਾ ਨਾਲ ਲੈ ਜਾ, ਕਦੇ-ਕਦੇ ਖੇਡ ਲਿਆ ਕਰੀਂ”, “ਬੁੜਾ ਵੀ ਕਹਿੰਦਾ ਆਈ ਲਵ ਯੂ” (ਸਰਦੂਲ ਸਿਕੰਦਰ), “ਦਿਲਾਂ ਦੇ ਐਕਸੀਡੈਂਟ ਬੁਰੇ” (ਸਲੀਮ) ਤੇ ਜਗਮੋਹਣ ਕੌਰ ਸਮੇਤ ਮਾਲਵੇ ਦੇ ਬਹੁਤ ਸਾਰੇ ਨਵੇਂ-ਪੁਰਾਣੇ ਗਾਇਕਾਂ ਨੇ ਗਾਏ। ਰਿਕਸ਼ਾ ਚਲਾਉਂਦਿਆਂ ਵੀ ਗੀਤ ਉਹਨੂੰ ਫੁਰਦੇ ਰਹਿੰਦੇ, ਪਰ ਅਨਪੜ੍ਹ ਹੋਣ ਕਰਕੇ ਲਿਖਣਾ ਨਹੀਂ ਸੀ ਆਉਂਦਾ, ਸੋ ਸਵਾਰੀਆਂ ਟਿਕਾਣੇ ‘ਤੇ ਛੱਡ ਵਾਪਸ ਸਟੈਂਡ ‘ਤੇ ਆ ਕੇ ਆਪਣੇ ਸਾਥੀ ਚਾਲਕ ਨੂੰ ਉਹ ਜੋੜਿਆ ਹੋਇਆ ਗੀਤ ਬੋਲ-ਬੋਲ ਕੇ ਲਿਖਾ ਦਿੰਦਾ। ਜੇ ਘਰ ਆਏ ਨੂੰ ਗੀਤ ਫੁਰਦਾ ਤਾਂ ਪੁੱਤ ਹਰਪਾਲ ਕਾਪੀ ‘ਤੇ ਝਰੀਟ ਦਿੰਦਾ।
ਮੋਟੇ ਜਿਹੇ ਅੰਦਾਜ਼ੇ ਮੁਤਾਬਕ ਮਸਤਾਨੇ ਦੇ ਤਕਰੀਬਨ 200 ਗੀਤ ਵੱਖ-ਵੱਖ ਕਲਾਕਾਰਾਂ ਦੀ ਅਵਾਜ਼ ਵਿਚ ਰਿਕਾਰਡ ਹੋਏ ਹੋਣਗੇ ਤੇ ਏਨੇ ਕੁ ਹੀ ਉਸ ਦੀ ਕਾਪੀ ‘ਚ ਲਿਖੇ ਪਏ ਨੇ। ਗੀਤ ਲਿਖਣ ਦੇ ਨਾਲ-ਨਾਲ ਉਸ ਨੇ ਗਾਇਕੀ ਦਾ ਸ਼ੌਕ ਵੀ ਪਾਲਿਆ। ਮੈਨੂੰ ਯਾਦ ਹੈ 15-18 ਸਾਲ ਪਹਿਲਾਂ ਦਾ ਉਹ ਦਿਨ, ਜਦੋਂ ਫ਼ਰੀਦਕੋਟ ਦੀ ਦਾਣਾ ਮੰਡੀ ਵਿਚ ਇਕ ਕਲਾਕਾਰ ਦੇ ਸਨਮਾਨ ਸਮਾਰੋਹ ਵਿਚ ਉਸ ਨੂੰ ਦੂਰੋਂ ਖੜ੍ਹ ਕੇ ਗਾਉਂਦਿਆਂ ਸੁਣਿਆ ਸੀ। ਉਹ ਨੇ “ਤੂੰ ਮਾਹੀਆ ਪ੍ਰਦੇਸ ਵੇ, ਵੇ ਤੇਰਾ ਰੋਵੇ ਕਾਕਾ” ਗੀਤ ਗਾ ਕੇ ਕਮਾਲ ਕਰ ਦਿੱਤੀ ਸੀ। ਇਸ ਗੀਤ ਵਿਚ ਉਸ ਨੇ ਪ੍ਰਦੇਸੀਆਂ ਦੀਆਂ ਘਰਵਾਲੀਆਂ ਦਾ ਦੁੱਖ ਬਿਆਨ ਕੀਤਾ ਸੀ ਕਿ ਨਿਆਣੇ ਪਾਪਾ-ਪਾਪਾ ਕਰਦੇ ਰਹਿ ਜਾਂਦੇ ਨੇ, ਪਰ ਪਾਪਾ ਮਜਬੂਰੀ ਵੱਸ ਬਾਹਰ ਗਿਆ ਹੁੰਦੈ।
ਮਸਤਾਨੇ ਦੀਆਂ ਦੋ ਕੈਸਿਟਾਂ ‘ਕਾਕਾ ਕਰੇ ਪਾਪਾ ਪਾਪਾ’ ਅਤੇ ‘ਤੁਸੀਂ ਲੱਖਾਂ ਵਿਚੋਂ ਸੋਹਣੇ’ ਛੋਟੀਆਂ-ਮੋਟੀਆਂ ਕੰਪਨੀਆਂ ਵਿਚ ਰਿਲੀਜ਼ ਹੋਈਆਂ, ਜਿਨ੍ਹਾਂ ਦੇ ਪ੍ਰਚਾਰ ਲਈ ਬਹੁਤੀ ਉਚੇਚ ਨਾ ਹੋਈ। ਫਿਰ ਵੀ ਚੰਗੀ ਅਵਾਜ਼ ਤੇ ਵਧੀਆ ਗੀਤ ਹੋਣ ਕਰਕੇ ਉਨ੍ਹਾਂ ਨੂੰ ਸਲਾਹਿਆ ਗਿਆ। ਕਈ ਟੈਲੀਫ਼ਿਲਮਾਂ ਵਿਚ ਉਸ ਦੇ ਲਿਖੇ ਗੀਤ ਆਏ ਤੇ ਕੋਟਕਪੂਰਾ ਦੇ ਜਾਣੇ-ਪਛਾਣੇ ਅਦਾਕਾਰ ਗੁਰਮੀਤ ਸਾਜਨ ਦੀਆਂ ਕਈ ਟੈਲੀਫ਼ਿਲਮਾਂ ਵਿਚ ਉਸ ਨੇ ਅਦਾਕਾਰੀ ਵੀ ਕੀਤੀ ਤੇ ਗਾਇਆ ਵੀ।
ਮਸਤਾਨੇ ਨੇ ਨਾ ਕੋਈ ਗੀਤ ਲੀਹੋਂ ਲੱਥਾ ਲਿਖਿਆ ਤੇ ਨਾ ਹੀ ਗਾਇਆ। ਉਸ ਦੇ ਬਹੁਗਿਣਤੀ ਗੀਤ ਸ਼ੁਰੂ ‘ਚ ਇਸ਼ਕ-ਮੁਸ਼ਕ ਵਾਲੇ ਜਾਪਦੇ ਨੇ, ਪਰ ਆਖਰੀ ਅੰਤਰੇ ‘ਚ ਉਹ ਗੀਤ ਦਾ ਨਿਚੋੜ ਪੇਸ਼ ਕਰਦਾ ਸੰਦੇਸ਼ ਦੇ ਜਾਂਦੈ। ਕੁੜੀਮਾਰਾਂ ਨੂੰ ਲਾਹਨਤਾਂ ਪਾਉਂਦੀ ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਇਕ ਡੀæਵੀæਡੀæ ਵਿਚ ਉਸ ਨੇ ਧੀਆਂ ਦੇ ਹੱਕ ‘ਚ ਗਾਇਆ, ਜਿਸ ਵਿਚ ਕਲਪਨਾ ਚਾਵਲਾ, ਸੁਨੀਤਾ ਵਿਲੀਅਮ ਤੇ ਹੋਰ ਭਾਰਤੀ ਕੁੜੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ ਸੀ। ਸਮਾਜਿਕ ਮਸਲਿਆਂ ਨੂੰ ਛੋਹਣ ਕਰਕੇ ਉਸ ਦਾ ਇੱਕ-ਦੋ ਥਾਂਈਂ ਸਨਮਾਨ ਕੀਤਾ ਗਿਆ। ਸਨਮਾਨ ਵਾਲੇ ‘ਲੱਕੜ ਦੇ ਘੁੱਗੂ’ ਉਸ ਦੇ ਘਰ ਦੀ ਅੰਗੀਠੀ ‘ਤੇ ਪਏ ਤਾਂ ਸੋਹਣੇ ਲੱਗਦੇ ਨੇ, ਪਰ ਹਾਲ ਉਸ ਦਾ ਪਹਿਲਾਂ ਵਾਲਾ ਹੀ ਰਿਹਾ।
ਮਸਤਾਨੇ ਦਾ ਪੁੱਤ ਦੱਸਦੈ, “ਜਿਸ ਦਿਨ ਡੈਡੀ ਜੀ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਦਾਖਲ ਕਰਾਇਆ ਸੀ ਤਾਂ ਕਈ ਪੱਤਰਕਾਰ ਖ਼ਬਰ ਲੈਣ ਆਏ ਸਨ। ਉਸ ਦਿਨ ਸਾਨੂੰ ਇਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਜਾਪਦਾ ਸੀ ਘੜੀ-ਪਲ ਦੀ ਗੱਲ ਐ। ਅਗਲੇ ਦਿਨ ਖ਼ਬਰਾਂ ਛਪੀਆਂ, ਕਈ ਚੈਨਲਾਂ ‘ਤੇ ਵੀ ਚੱਲੀਆਂ, ਮੱਦਦ ਲਈ ਫ਼ਰਿਆਦ ਵੀ ਕੀਤੀ ਗਈ, ਪਰ ਇੱਕ-ਦੋ ਕਲਾਕਾਰਾਂ ਤੋਂ ਸਿਵਾ ਕੋਈ ਨਾ ਬਹੁੜਿਆ। ਜਿਹੜੇ ਕਲਾਕਾਰਾਂ ਨੇ ਗੀਤ ਗਾਏ, ਉਨ੍ਹਾਂ ਵਿਚੋਂ ਵੀ ਇੱਕ ਨੇ ਹੀ ਮੱਦਦ ਕੀਤੀ, ਬਾਕੀਆਂ ਤੱਕ ਖ਼ਬਰ ਨਹੀਂ ਪਹੁੰਚੀ ਜਾਂ ਉਨ੍ਹਾਂ ਲੋੜ ਨਹੀਂ ਸਮਝੀ, ਇਹ ਰੱਬ ਜਾਣੇ?”
ਵਕਤ ਦੀ ਮਾਰ ਝੱਲ ਰਿਹਾ ਮਸਤਾਨਾ ਗਲੀ ਨਾਲ ਲੱਗਦੇ ਜਿਹੜੇ ਕਮਰੇ ਵਿਚ ਪਿਐ, ਉਸ ਦੀਆਂ ਕੰਧਾਂ ‘ਤੇ ਟੰਗੀਆਂ ਤਸਵੀਰਾਂ ਉਹਦੀਆਂ ਪ੍ਰਾਪਤੀਆਂ ਬਿਆਨ ਕਰਦੀਆਂ ਨੇ। ਕਿਤੇ ਉਹ ਗਾ ਰਿਹੈ, ਕਿਤੇ ਅਦਾਕਾਰੀ ਕਰ ਰਿਹੈ, ਕਿਤੇ ਸਨਮਾਨ ਲੈ ਰਿਹੈ। ਕੁਝ ਅਖ਼ਬਾਰਾਂ ਦੀਆਂ ਕਾਤਰਾਂ ਫਰੇਮ ਕਰਾ ਕੇ ਟੰਗੀਆਂ ਹੋਈਆਂ ਨੇ, ਜਿਨ੍ਹਾਂ ‘ਚ ਮਸਤਾਨੇ ਵੱਲੋਂ ਸੱਭਿਆਚਾਰਕ ਮੇਲਿਆਂ ‘ਚ ਮੱਲਾਂ ਮਾਰਨ, ਗੀਤਾਂ ਦੀ ਸ਼ੂਟਿੰਗ ਕਰਨ ਅਤੇ ਹੋਰ ਸਰਗਰਮੀਆਂ ਨਾਲ ਜੁੜੀਆਂ ਖ਼ਬਰਾਂ ਨੇ।
ਮੈਨੂੰ ਅਹਿਸਾਸ ਹੋਇਆ ਕਿ ਬਿਮਾਰ ਮਸਤਾਨਾ ਨਹੀਂ, ਜ਼ਮਾਨਾ ਹੋ ਗਿਐ। ਲਾਚਾਰ ਉਹ ਨਹੀਂ ਹੋਇਆ, ਸਗੋਂ ਸਾਡੀ ਸੋਚ ਹੋ ਗਈ ਏ। ਸਾਲ ‘ਚ ਇੱਕ-ਦੋ ਮੀਟਿੰਗਾਂ ਕਰਕੇ ਖ਼ਬਰਾਂ ਲਵਾਉਣ ਵਾਲੀਆਂ ਸੱਭਿਆਚਾਰਕ ਸੰਸਥਾਵਾਂ ਨੂੰ ਹੁਣ ਮਸਤਾਨਾ ਕਿਉਂ ਨਹੀਂ ਦਿਸ ਰਿਹਾ, ਉਸ ਨੂੰ ਰੱਜ ਕੇ ਗਾਉਣ ਵਾਲਿਆਂ ਨੂੰ ਉਹਦੇ ਹਾਲ ‘ਤੇ ਤਰਸ ਕਿਉਂ ਨਹੀਂ ਆਉਂਦਾ? ਪਹਿਲਾਂ ਵੀ ਬਹੁਤ ਕਲਾਵਾਨ ਗਏ ਨੇ ਤੇ ਇਹ ਵੀ ਚਲਾ ਜਾਵੇਗਾ, ਪਰ ਬਾਅਦ ‘ਚ ‘ਫੱਕਰ ਤਬੀਅਤ ਦਾ ਮਾਲਕ ਸੀ ਮਸਤਾਨਾ’, ‘ਮਸਤਾਨੇ ਨੂੰ ਸ਼ਰਧਾਂਜਲੀਆਂ ਭੇਟ’, ‘ਸਦਾ ਚੇਤੇ ਰਹੇਗੀ ਉਹਦੀ ਦੇਣ’, ਇਹ ਕੁਝ ਲਿਖਣ-ਲਿਖਾਉਣ ਦਾ ਕੋਈ ਅਰਥ ਨਹੀਂ ਰਹੇਗਾ, ਸਗੋਂ ਜੇ ਕੁਝ ਅਸੀਂ ਕੁਝ ਕਰ ਸਕਦੇ ਹਾਂ ਤਾਂ ਉਹਦੀ ਤੰਦਰੁਸਤੀ ਲਈ ਅੱਜ ਹੀ ਕਰ ਲੈਣਾ ਚਾਹੀਦੈ।

Be the first to comment

Leave a Reply

Your email address will not be published.