ਨਵੀਂ ਦਿੱਲੀ: ਫਰਾਂਸ, ਸਤੰਬਰ 2016 ਵਿਚ ਸੇਂਟ ਟਰੋਪੇਜ਼ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਤੋਂ ਪਰਦਾ ਹਟਾ ਕੇ ਪੰਜਾਬ ਨਾਲ ਆਪਣੇ ਸਬੰਧਾਂ ਦਾ ਜਸ਼ਨ ਮਨਾਏਗਾ। ਫਰਾਂਸ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਨਾਲ-ਨਾਲ ਜਨਰਲ ਜੀਨ ਫਰੈਂਕੋਇਸ ਅਲਾਰਡ ਦਾ ਬੁੱਤ ਵੀ ਸਥਾਪਤ ਕਰੇਗਾ। ਜਨਰਲ ਜੀਨ ਫਰਾਂਸ ਦਾ ਸੀ ਤੇ ਉਹ 1822 ਤੋਂ ਲੈਕੇ ਮਹਾਰਾਜੇ ਦੀ ਮੌਤ , ਜੋ 1839 ਵਿਚ ਹੋਈ ਸੀ, ਤੱਕ ਉਨ੍ਹਾਂ ਦਾ ਮਿਲਟਰੀ ਸਲਾਹਕਾਰ ਰਿਹਾ।
ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਪੰਜਾਬ ਤੇ ਫਰਾਂਸ ਵਿਚਕਾਰ ਕਾਇਮ ਹੋਏ ਆਪਸੀ ਸਬੰਧਾਂ ਦੇ ਸਨਮਾਨ ਵਿਚ ਇਥੇ ਫਰਾਂਸ ਦੂਤਾਵਾਸ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਭਾਰਤ ਵਿਚ ਫਰਾਂਸ ਦੇ ਰਾਜਦੂਤ ਸ੍ਰੀ ਫ੍ਰੈਂਕਾਇਸ ਰਿਚੀਅਰ ਨੇ ਕਿਹਾ ਕਿ ਫਰਾਂਸ ਤੇ ਭਾਰਤ ਦੇ ਸਬੰਧਾਂ ਦੀ ਗੱਲ ਹੋਣ ਉਤੇ ਬਹੁਤੇ ਲੋਕਾਂ ਦੇ ਧਿਆਨ ਵਿਚ ਪਾਂਡੀਚੇਰੀ ਤੇ ਹੋਰ ਅਜਿਹੀਆਂ ਥਾਵਾਂ ਦੀ ਯਾਦ ਉੱਕਰਦੀ ਹੈ, ਜਿਥੇ ਫਰਾਂਸੀਸੀਆਂ ਨੇ ਵਪਾਰਕ ਕੇਂਦਰ ਸਥਾਪਤ ਕੀਤੇ ਸਨ ਜਦ ਕਿ ਫਰਾਂਸੀਸੀ ਭਾਈਚਾਰਾ ਉੱਤਰੀ ਭਾਰਤ ਵਿਚ ਵੀ ਮੌਜੂਦ ਸੀ। ਇਸ ਤੱਥ ਦੀ ਤਸਦੀਕ ਜਨਰਲ ਜੀਨ ਫ੍ਰੈਂਕਾਇਸ ਅਲਾਰਡ ਦੇ ਕਾਰਜਕਾਲ ਤੋਂ ਹੁੰਦੀ ਹੈ, ਜੋ ਪੈਦਾ ਤਾਂ ਫਰਾਂਸ ਵਿਚ ਹੋਏ ਸਨ, ਪਰ ਜਿਨ੍ਹਾਂ ਨੇ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸ਼ਾਮਲ ਹੋ ਕੇ ਪੰਜਾਬ ਦੇ ਸਿੱਖ ਰਾਜ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਈ ਸੀ ਤੇ ਖੁਦ ਵੀ ਇਕ ਹਿੰਦੂ ਰਾਜਕੁਮਾਰੀ ਨਾਲ ਵਿਆਹ ਕੀਤਾ ਸੀ। ਸਮਾਗਮ ਨੂੰ ਜਨਰਲ ਅਲਾਰਡ ਦੇ ਮੌਜੂਦਾ ਵੰਸ਼ ਵਿਚੋਂ ਸ੍ਰੀ ਹੇਨਰੀ ਪ੍ਰੇਵੋਸਟ ਅਲਾਰਡ ਨੇ ਵੀ ਸੰਬੋਧਨ ਕੀਤਾ ਅਤੇ ਆਪਣੇ ਪੂਰਵਜਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਮਹਾਰਾਜਾ ਰਣਜੀਤ ਸਿੰਘ, ਜਨਰਲ ਅਲਾਰਡ, ਉਨ੍ਹਾਂ ਦੀ ਪਤਨੀ ਅਤੇ ਹੋਰ ਸਮਕਾਲੀ ਫਰਾਂਸੀਸੀਆਂ ਦੀਆਂ ਅਸਲ ਤਸਵੀਰਾਂ ਦੀਆਂ ਪੇਂਟਿੰਗਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ। ਫਰਾਂਸ ਵਿਚ ਸਿੱਖਾਂ ਦੇ ਮਾਮਲਿਆਂ ਬਾਰੇ ਪ੍ਰਤਿਨਿਧ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਗੋਰਾਇਆ ਨੇ ਦੱਸਿਆ ਕਿ ਅਗਲੇ ਵਰ੍ਹੇ 2016 ਦੇ ਜੂਨ ਮਹੀਨੇ ਵਿਚ ਫਰਾਂਸ ਦੇ ਸੇਂਟ ਟਰਾਪੇਜ਼ ਸ਼ਹਿਰ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਇਕ ਵੱਡਾ ਬੁੱਤ ਸਥਾਪਤ ਕੀਤਾ ਜਾਵੇਗਾ, ਜਿਸ ਦੀ ਪ੍ਰਵਾਨਗੀ ਫਰਾਂਸ ਤੇ ਭਾਰਤ ਸਰਕਾਰ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਵੀ ਲੈ ਲਈ ਗਈ ਹੈ। ਇਸ ਤੋਂ ਇਲਾਵਾ ਯੂਰਪ ਵਿਸ਼ੇਸ਼ ਤੌਰ ਉਤੇ ਫਰਾਂਸ ਵਿਚ ਸਿੱਖ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪਹਿਲੀ ਸਤੰਬਰ ਤੋਂ ਇਕ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਪ੍ਰਦਰਸ਼ਨੀ ਵਿਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1849 ਤੱਕ ਦੇ ਸਿੱਖ ਇਤਿਹਾਸ ਦਾ ਵਰਨਣ ਕੀਤਾ ਜਾਵੇਗਾ ਨਾਲ ਹੀ ਉਸ ਸਮੇਂ ਦੇ ਸਾਹਿਤ, ਤਸਵੀਰਾਂ, ਪੋਸਟ ਕਾਰਡ ਅਤੇ ਚਿੱਤਰਕਾਰੀ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।
_________________
ਪਾਰਲੀਮੈਂਟ ‘ਚ ਗੂੰਜੇਗਾ ਊਧਮ ਸਿੰਘ ਮਿਊਜ਼ੀਅਮ ਦਾ ਮੁੱਦਾ
ਪਟਿਆਲਾ: ਲੋਕ ਸਭਾ ਮੈਂਬਰ ਭਗਵੰਤ ਮਾਨ ਤੇ ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਪਾਰਲੀਮੈਂਟ ਵਿਚ ਚੱਲਣ ਵਾਲੇ ਸੈਸ਼ਨ ਵਿਚ ਸ਼ਹੀਦ ਊਧਮ ਸਿੰਘ ਦੇ ਮਿਊਜ਼ੀਅਮ ਦਾ ਮੁੱਦਾ ਉਠਾਉਣਗੇ। ਜ਼ਿਕਰਯੋਗ ਹੈ ਕਿ ਸ਼ਹੀਦ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਫਾਂਸੀ ਦੇ ਕੇ ਪੁਟਨਵਿਲ ਜੇਲ੍ਹ ਵਿਚ ਤਾਬੂਤ ਵਿਚ ਦਫ਼ਨਾਇਆ ਗਿਆ ਸੀ ਜਿਸ ਦਾ ਪਿੰਜਰ ਤਤਕਾਲੀ ਮੁੱਖ ਮੰਤਰੀ ਪੰਜਾਬ ਗਿਆਨੀ ਜੈਲ ਸਿੰਘ 13 ਜੁਲਾਈ 1974 ਵਿਚ ਭਾਰਤ ਵਿਚ ਲੈ ਕੇ ਆਏ ਸਨ। ਊਧਮ ਸਿੰਘ ਦੀਆਂ ਅਸਥੀਆਂ ਦੇ ਸੱਤ ਕਲਸ਼ ਬਣਾਏ ਗਏ, ਜਿਨ੍ਹਾਂ ਵਿਚੋਂ ਇਕ ਹਰਿਦੁਆਰ, ਇਕ ਰੋਜ਼ਾ ਸ਼ਰੀਫ਼ ਸਰਹਿੰਦ, ਇਕ ਕੀਰਤਪੁਰ, ਇਕ ਜਲਿਆਂ ਵਾਲੇ ਬਾਗ ਵਿਚ, ਪੰਜਵਾਂ ਸੁਨਾਮ ਵਿਚ 27 ਫੁੱਟ ਉਚੀ ਬਣੀ ਸਮਾਰਕ ਲਈ ਵਰਤਿਆ ਗਿਆ। ਦੋ ਕਲਸ਼ ਸੁਨਾਮ ਦੇ ਊਧਮ ਸਿੰਘ ਸਰਕਾਰੀ ਕਾਲਜ ਦੀ ਲਾਇਬ੍ਰੇਰੀ ਵਿਚ ਇਕ ਮੇਜ਼ ਉਤੇ ਰੱਖੇ ਗਏ ਹਨ।