ਚੌਹਾਨ ਦੀ ਹਵਾਲਗੀ ‘ਚ ਨਾਕਾਮ ਰਹੀ ਸੀ ਥੈਚਰ ਸਰਕਾਰ

ਲੰਡਨ: ਬਰਤਾਨੀਆ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗ੍ਰੇਟ ਥੈਚਰ, ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਲਈ ਉਕਸਾਉਣ ਦੇ ਦੋਸ਼ ਵਿਚ ਵੱਖਵਾਦੀ ਸਿੱਖ ਆਗੂ ਜਗਜੀਤ ਸਿੰਘ ਚੌਹਾਨ ਵਿਰੁੱਧ ਕਾਰਵਾਈ ਕਰਨਾ ਚਾਹੁੰਦੀ ਸੀ। ਭਾਰਤ ਨੇ ਚੌਹਾਨ ਦੀ ਹਵਾਲਗੀ ਮੰਗੀ ਸੀ ਪਰ ਮਾਰਗ੍ਰੇਟ ਥੈਚਰ ਬਰਤਾਨਵੀ ਕਾਨੂੰਨਾਂ ਕਾਰਨ ਉਸ ਨੂੰ ਭਾਰਤ ਭੇਜਣ ਵਿਚ ਨਾਕਾਮ ਰਹੀ।

ਇਹ ਪ੍ਰਗਟਾਵਾ ਜਾਰੀ ਹੋਏ ਸਰਕਾਰੀ ਦਸਤਾਵੇਜ਼ਾਂ ਵਿਚ ਹੋਇਆ ਹੈ ਜਿਹੜੇ 30 ਸਾਲਾਂ ਬਾਅਦ ਖੋਲ੍ਹੇ ਗਏ ਹਨ। ਮੰਨਿਆ ਜਾਂਦਾ ਹੈ ਕਿ ਜਗਜੀਤ ਸਿੰਘ ਚੌਹਾਨ, ਇੰਦਰਾ ਗਾਂਧੀ ਦੀ ਹੱਤਿਆ ਲਈ ਉਕਸਾਉਣ ਵਾਲੇ ਵਿਅਕਤੀਆਂ ਵਿਚੋਂ ਪ੍ਰਮੁੱਖ ਸੀ। ਉਹ 1971 ਵਿਚ ਬਰਤਾਨੀਆ ਆ ਗਿਆ ਸੀ। ਚੌਹਾਨ ਨੇ 31 ਅਕਤੂਬਰ 1984 ਨੂੰ ਇੰਦਰਾ ਦੀ ਹੱਤਿਆ ਤੋਂ ਕੁਝ ਮਹੀਨੇ ਪਹਿਲਾਂ ਹੀ ਬੀæਬੀæਸੀæ ਨੂੰ ਦਿੱਤੀ ਇੰਟਰਵਿਊ ਵਿਚ ਭਵਿੱਖਬਾਣੀ ਕਰ ਦਿੱਤੀ ਸੀ ਕਿ ਦਰਬਾਰ ਸਾਹਿਬ ਉਤੇ ਹਮਲਾ ਕਰਨ ਲਈ ਉਸ ਨੂੰ (ਇੰਦਰਾ) ਤੇ ਉਸ ਦੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਇਹ ਕੰਮ ਉਸ ਦਾ ਅੰਗ ਰੱਖਿਅਕ ਹੀ ਕਰੇਗਾ। ਇਸ ਤੋਂ ਬਾਅਦ ਥੈਚਰ ਸਰਕਾਰ ਨੇ ਬੀæਬੀæਸੀæ ਨੂੰ ਕਹਿ ਦਿੱਤਾ ਸੀ ਕਿ ਉਹ ਟੀæਵੀæ ਉਤੇ ਚੌਹਾਨ ਨੂੰ ਸੋਚ-ਸਮਝ ਕੇ ਸਮਾਂ ਦੇਵੇ।
ਦਸਤਾਵੇਜ਼ਾਂ ਮੁਤਾਬਕ ਥੈਚਰ ਸਰਕਾਰ ਚਾਹੁੰਦੇ ਹੋਏ ਵੀ ਚੌਹਾਨ ਦੀਆਂ ਸਰਗਰਮੀਆਂ ਰੋਕ ਨਾ ਸਕੀ। ਭਾਰਤ ਨੇ ਚੌਹਾਨ ਦੀ ਹਵਾਲਗੀ ਮੰਗਦਿਆਂ ਕਿਹਾ ਸੀ ਕਿ ਉਸ ਦੀਆਂ ਸਰਗਰਮੀਆਂ ਭਾਰਤ-ਵਿਰੋਧੀ ਹਨ ਪਰ ਬਰਤਾਨੀਆ ਨੇ ਕਿਹਾ ਕਿ ਉਹ ਆਪਣੇ ਕਾਨੂੰਨਾਂ ਦੀਆਂ ਬੰਦਿਸ਼ਾਂ ਕਾਰਨ ਉਸ ਨੂੰ ਭਾਰਤ ਨਹੀਂ ਭੇਜ ਸਕਦਾ। ਪੰਜਾਬ ਦੇ ਟਾਂਡਾ ਉੜਮੁੜ ਦੇ ਜੰਮਪਲ ਜਗਜੀਤ ਸਿੰਘ ਚੌਹਾਨ ਦੀ ਇਥੇ ਹੀ 2007 ਵਿਚ ਮੌਤ ਹੋ ਗਈ ਸੀ।
___________________________________
ਐਲਿਜ਼ਾਬੈੱਥ ਦੀਆਂ ਤਸਵੀਰਾਂ ਛਾਪਣ ‘ਤੇ ਵਿਵਾਦ
ਲੰਡਨ: ਬਕਿੰਘਮ ਪੇਲੈਸ, ਇਥੋਂ ਦੇ ਇਕ ਟੈਬਲਾਇਡ ਨਾਲ ਮਹਾਰਾਣੀ ਐਲਿਜ਼ਾਬੈਥ 2 ਦੀਆਂ ਪੁਰਾਣੀਆਂ ਤਸਵੀਰਾਂ ਛਾਪਣ ਤੋਂ ਨਾਰਾਜ਼ ਹੈ। ‘ਦਿ ਸੰਨ’ ਦੇ ਪਹਿਲੇ ਪੰਨੇ ਉਤੇ ਛਪੀਆਂ ਬਚਪਨ ਦੀਆਂ ਤਸਵੀਰਾਂ ਵਿਚ ਮਹਾਰਾਣੀ ਨਾਜ਼ੀ ਸੈਲਿਊਟ ਮਾਰਦੀ ਦਿਖ ਰਹੀ ਹੈ। ‘ਦਿ ਸੰਨ’ ਵੱਲੋਂ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਇਹ ਤਸਵੀਰਾਂ ਕਿਥੋਂ ਆਈਆਂ। ਬਕਿੰਘਮ ਪੇਲੈਸ ਦੇ ਬੁਲਾਰੇ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਤਕਰੀਬਨ ਅੱਠ ਦਹਾਕੇ ਪਹਿਲਾਂ ਬਣੀ ਫਿਲਮ ਹਾਸਲ ਕਰਕੇ, ਉਸ ਦੀ ਇਸ ਤਰੀਕੇ ਨਾਲ ਗਲਤ ਵਰਤੋਂ ਕੀਤੀ ਗਈ ਹੈ। ਉਸ ਵਿਚ ਸੱਤ ਸਾਲ ਦੀ ਐਲਿਜ਼ਾਬੈਥ ਘਰ ਵਿਚ ਕੈਮਰੇ ਕੋਲ ਖੇਡਦੀ ਨਜ਼ਰ ਆ ਰਹੀ ਹੈ। ਉਸ ਮੌਕੇ ਮਹਾਰਾਣੀ, ਉਸ ਦੀ ਭੈਣ ਪ੍ਰਿੰਸਜ਼ ਮਾਰੇਗਰੇੱਟ, ਮਾਂ ਮਹਾਰਾਣੀ ਐਲਿਜ਼ਾਬੈਥ ਤੇ ਵੇਲਜ਼ ਦਾ ਪ੍ਰਿੰਸ, ਹਿਟਲਰ ਦਾ ਮਜ਼ਾਕ ਉਡਾਉਣ ਲਈ ਨਾਜੀ ਸੈਲਿਊਟ ਮਾਰਦੇ ਹਨ। ‘ਦਿ ਸੰਨ’ ਦੇ ਮੈਨੇਜਿੰਗ ਐਡੀਟਰ ਨੇ ਸਟਿਗ ਅਬੈੱਲ ਨੇ ਬਕਿੰਘਮ ਪੈਲੇਸ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਿਆ।