ਪ੍ਰਿੰæ ਸਰਵਣ ਸਿੰਘ
ਸਵਾਲ ਹੈ ਕਿ ਦਾਰਾ ਪਹਿਲਵਾਨ ਇੱਕੋ ਸੀ ਜਾਂ ਦੋ? ਜੇ ਦੋ ਸੀ ਤਾਂ ਅਸਲੀ ਕਿਹੜਾ ਸੀ ਤੇ ਨਕਲੀ ਕਿਹੜਾ? ਜਵਾਬ ਹੈ ਕਿ ਦਾਰੇ ਪਹਿਲਵਾਨ ਦੋ ਹੋਏ ਹਨ। ਦੋਵੇਂ ਅਸਲੀ ਸਨ। ਇਕ ਦਾ ਪਹਿਲਾ ਨਾਂ ਹੀ ਦਾਰਾ ਸਿੰਘ ਸੀ ਜਦ ਕਿ ਦੂਜੇ ਦਾ ਪਹਿਲਾ ਨਾਂ ਦੀਦਾਰ ਸਿੰਘ ਸੀ। ਦਾਰਾ ਸਿੰਘ, ਦੀਦਾਰ ਸਿੰਘ ਤੋਂ ਦਸ ਸਾਲ ਵੱਡਾ ਸੀ। ਵੱਡੇ ਦਾਰੇ ਦੀ ਗੁੱਡੀ ਚੜ੍ਹੀ ਤਾਂ ਛੋਟੇ ਨੂੰ ਵੀ ਦਾਰਾ ਕਿਹਾ ਜਾਣ ਲੱਗਾ। ਦੋਵੇਂ ਰੁਸਤਮੇ ਹਿੰਦ ਤੇ ਰੁਸਤਮੇ ਜ਼ਮਾਂ ਬਣੇ। ਦੋਵੇਂ ਮਝੈਲ ਸਨ ਤੇ ਦੋਵੇਂ ਜੱਟ ਸਿੱਖ।
ਵੱਡਾ ਸਿੱਧੂ ਸੀ, ਛੋਟਾ ਰੰਧਾਵਾ। ਛੋਟੇ ਦਾਰੇ ਨੂੰ ਤਾਂ ਜੱਗ ਜਾਣਦੈ ਜਿਸ ਨੇ ਅਨੇਕਾਂ ਫਿਲਮਾਂ ‘ਚ ਕੰਮ ਕੀਤਾ ਤੇ ‘ਮੇਰੀ ਆਤਮ ਕਥਾ’ ਪੁਸਤਕ ਵੀ ਲਿਖੀ। ਵੱਡੇ ਦਾਰੇ ਬਾਰੇ ਡਾæ ਬਲਵੰਤ ਸਿੰਘ ਸੰਧੂ ਨੇ ‘ਗੁੰਮਨਾਮ ਚੈਂਪੀਅਨ’ ਨਾਂ ਦਾ ਨਾਵਲ ਲਿਖਿਆ ਜੋ ਚੇਤਨਾ ਪ੍ਰਕਾਸ਼ਨ ਨੇ ਛਾਪਿਆ। ਜਿਨ੍ਹਾਂ ਨੇ ਦੋਹਾਂ ਦਾਰਿਆਂ ਬਾਰੇ ਵਿਸਥਾਰ ਨਾਲ ਜਾਨਣਾ ਹੋਵੇ ਉਹ ਇਹ ਪੁਸਤਕਾਂ ਪੜ੍ਹ ਸਕਦੇ ਹਨ।
ਦਾਰਾ ਸਿੰਘਾਂ ਦੀ ਵੱਖਰੀ ਪਛਾਣ ਦਾਰਾ ਦੁਲਚੀਪੁਰੀਆ ਤੇ ਦਾਰਾ ਧਰਮੂਚੱਕੀਆ ਕਰ ਕੇ ਹੈ। ਦੋਵੇਂ ਦਾਰੇ ਰੋਟੀ ਰੋਜ਼ੀ ਲਈ ਸਿੰਘਾਪੁਰ ਗਏ ਸਨ ਤੇ ਦੋਹਾਂ ਨੇ ਹੀ ਸਿੰਘਾਪੁਰੋਂ ਫਰੀ ਸਟਾਈਲ ਕੁਸ਼ਤੀ ਸਿੱਖੀ ਸੀ। ਉਥੇ ਉਹ ਭਾੜੇ ਦੀਆਂ ਕੁਸ਼ਤੀਆਂ ਲੜਦੇ ਰਹੇ ਤੇ ਆਪਸ ਵਿਚ ਮਿਲਦੇ ਵੀ ਰਹੇ। ਦੀਦਾਰ ਸਿੰਘ ਦਾ ਚਾਚਾ ਦਾਰਾ ਸਿੰਘ ਦਾ ਬੇਲੀ ਸੀ। ਉਹ ‘ਕੱਠੇ ਖਾ ਪੀ ਲੈਂਦੇ ਸਨ। ਵੱਡੇ ਦਾਰੇ ਨੇ ਆਪਣੇ ਸਕੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਕੁਸ਼ਤੀਆਂ ਵਿਚੇ ਛੱਡ ਕੇ ਆਪਣੇ ਸ਼ਰੀਕ ਭਰਾ ਯਾਨਿ ਕਜ਼ਨ ਨੂੰ ਕਤਲ ਕਰ ਦਿੱਤਾ ਸੀ। ਕਤਲ ਕਰਨ ਵਾਲੇ ਦਿਨ ਦੀਦਾਰ ਸਿੰਘ ਦਾ ਚਾਚਾ ਵੀ ਦਾਰੇ ਦੇ ਨਾਲ ਸੀ। ਉਸ ਕਤਲ ਬਦਲੇ ਦਾਰੇ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਹੋਈ ਜੋ ਪਿੱਛੋਂ ਉਮਰ ਕੈਦ ਵਿਚ ਬਦਲ ਗਈ। ਉਹਦੀਆਂ ਕੁਸ਼ਤੀਆਂ ਵਿਖਾ ਕੇ ਲੋਕ ਭਲਾਈ ਫੰਡ ‘ਕੱਠਾ ਕਰਨ ਲਈ ਉਸ ਨੂੰ ਫਿਰੋਜ਼ਪੁਰ ਜੇਲ੍ਹ ਵਿਚੋਂ ਹੱਥਕੜੀਆਂ ਲਾ ਕੇ ਰਿੰਗ ਵਿਚ ਲਿਜਾਇਆ ਜਾਂਦਾ ਸੀ। ਕੁਸ਼ਤੀ ਲੜਨ ਵੇਲੇ ਹੱਥਕੜੀ ਖੋਲ੍ਹ ਦਿੱਤੀ ਜਾਂਦੀ ਸੀ ਤੇ ਕੁਸ਼ਤੀ ਵਿਖਾਉਣ ਪਿੱਛੋਂ ਮੁੜ ਜੜ ਲਈ ਜਾਂਦੀ ਸੀ। 1957 ਵਿਚ ਉਹਦੀ ਇਕ ਕੁਸ਼ਤੀ ਫਾਜ਼ਿਲਕਾ ਦੇ ਗਊਸ਼ਾਲਾ ਮੈਦਾਨ ਵਿਚ ਮੈਂ ਆਪਣੀ ਅੱਖੀਂ ਵੇਖੀ ਸੀ। ਉਹਦਾ ਕੱਦ ਸੱਤ ਫੁੱਟ ਦੇ ਕਰੀਬ ਸੀ ਜਦਕਿ ਛੋਟੇ ਦਾਰੇ ਦਾ ਸਵਾ ਛੇ ਫੁੱਟ ਤੋਂ ਰਤਾ ਕੁ ਘੱਟ ਸੀ।
ਦਾਰੇ ਦੁਲਚੀਪੁਰੀਏ ਨੇ ਆਪਣੇ ਸ਼ਰੀਕ ਭਰਾ ਨੂੰ ਜਿਸ ਛੱਪੜ ਵਿਚ ਕੁਹਾੜੀ ਮਾਰ ਕੇ ਡੁਬੋ ਕੇ ਮਾਰਿਆ ਸੀ, ਉਹ ਮੈਂ ਆਪਣੀ ਅੱਖੀਂ ਵੇਖ ਆਇਆਂ। ਦਾਰੇ ਦੇ ਦੋਵੇਂ ਪੋਤੇ ਮੇਰੇ ਨਾਲ ਸਨ। ਜਿਸ ਬੀਹੀ ਵਿਚ ਉਹਦੇ ਭਰਾ ਨੂੰ ਸ਼ਰੀਕਾਂ ਨੇ ਮਾਰਿਆ ਸੀ, ਉਹ ਵੀ ਵੇਖ ਲਈ ਹੈ। ਦੁਲਚੀਪੁਰਾ ਖਡੂਰ ਸਾਹਿਬ ਲਾਗੇ ਛੋਟਾ ਜਿਹਾ ਪਿੰਡ ਹੈ ਜਿਥੇ ਮੇਰਾ ਭਤੀਜਾ ਬਲਵੰਤ ਵਿਆਹਿਆ ਹੋਇਐ। ਉਸ ਨੇ ਘੋਖ ਪੜਤਾਲ ਪਿੱਛੋਂ ਦਾਰੇ ਦੁਲਚੀਪੁਰੀਏ ਦੀ ਜੀਵਨ ਗਾਥਾ ਨਾਵਲੀ ਰੂਪ ਵਿਚ ਲਿਖੀ। ਹਕੀਕਤ ਨੂੰ ਗਲਪੀ ਰੰਗ ਦਿੱਤਾ। ਉਸ ਨੇ ਲਿਖਿਆ, “ਜਦੋਂ ਦੁਲਚੀਪੁਰ ਜਾਣਾ ਤਾਂ ਪਿੰਡ ਵਿਚ ਫਿਰਦਿਆਂ ਬੜੀ ਖੁਸ਼ੀ ਤੇ ਮਾਣ ਮਹਿਸੂਸ ਹੋਣਾ ਕਿ ਕਿਸੇ ਸਮੇਂ ਇਸੇ ਪਿੰਡ ਵਿਚ, ਇਨ੍ਹਾਂ ਗਲੀਆਂ ਬੀਹੀਆਂ ਵਿਚ, ਭਲਵਾਨੀ ਵਿਚ ਧੁੰਮਾਂ ਪਾਉਣ ਵਾਲੇ ਦਾਰਾ ਸਿੰਘ ਨੇ ਪੈੜਾਂ ਪਾਈਆਂ ਹਨ। ਬਚਪਨ ਵਿਚ ਉਹ ਇਨ੍ਹਾਂ ਹੀ ਗਲੀਆਂ ਵਿਚ ਖੇਡਦਾ ਰਿਹਾ ਸੀ। ਇਸ ਪਿੰਡ ਦੀ ਫਿਜ਼ਾ ਵਿਚ ਸਾਹ ਲਏ ਸਨ ਅਤੇ ਦੋਸਤੀਆਂ ਤੇ ਦੁਸ਼ਮਣੀਆਂ ਪਾਲੀਆਂ ਸਨ। ਕਲਪਨਾ ਵਿਚ ਦਾਰਾ ਸਿੰਘ ਮੈਨੂੰ ਪਿੰਡ ‘ਚ ਫਿਰਦਾ ਦਿਖਾਈ ਦਿੰਦਾæææ।”
“ਦਾਰਾ ਸਿੰਘ ਦਾ ਪੁੱਤਰ ਜੋ ਉਸ ਦੀਆਂ ਪਿਛਲੇ ਪਹਿਰ ਦੀਆਂ ਕਈ ਕੁਸ਼ਤੀਆਂ ਦਾ ਚਸ਼ਮਦੀਦ ਗਵਾਹ ਸੀ, ਦਾਰੇ ਤੋਂ ਬਾਅਦ ਭਰ ਜਵਾਨੀ ਵਿਚ ਹੀ ਵਿਛੋੜਾ ਦੇ ਗਿਆ ਸੀ। ਦਾਰਾ ਸਿੰਘ ਦੀ ਪਤਨੀ ਬਲਬੀਰ ਕੌਰ ਨਾਲ ਵੀ ਇਕ ਦੋ ਮੁਲਾਕਾਤਾਂ ਹੀ ਹੋ ਸਕੀਆਂ। ਇਸੇ ਦੌਰਾਨ ਉਹ ਵੀ ਸੰਸਾਰ ਨੂੰ ਅਲਵਿਦਾ ਕਹਿ ਗਈ। ਦਾਰਾ ਸਿੰਘ ਦੇ ਪੋਤਰਿਆਂ ਦੀ ਇਸ ਖੇਤਰ ਵਿਚ ਕੋਈ ਖਾਸ ਦਿਲਚਸਪੀ ਨਹੀਂ ਸੀ ਰਹੀ। ਪੋਤਰੇ ਰਘਬੀਰ ਨੇ ਬਾਬੇ ਦੀਆਂ ਪੈੜਾਂ ‘ਤੇ ਚੱਲਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਜਲਦੀ ਹੀ ਵਾਪਸ ਮੁੜ ਗਿਆ। ਪਰ ਉਨ੍ਹਾਂ ਨੇ ਦਾਰਾ ਸਿੰਘ ਦੀਆਂ ਯਾਦਗਾਰੀ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਹੋਈਆਂ ਸਨæææ।”
ਦਾਰਾ ਦੁਲਚੀਪੁਰੀਆ 1988 ਵਿਚ ਮਰ ਗਿਆ ਸੀ। ਪਿੱਛੇ ਉਸ ਦੇ ਦੋ ਪੋਤੇ ਹਨ, ਇਕ ਪੜਪੋਤਾ ਤੇ ਇਕ ਪੜਪੋਤੀ ਹੈ। ਉਹ ਪਿੰਡੋਂ ਬਾਹਰ ਖੇਤ ਵਿਚ ਰਹਿੰਦੇ ਹਨ ਜਿਥੇ ਉਨ੍ਹਾਂ ਨੇ ਦਾਰੇ ਦੀ ਸੱਤ ਫੁੱਟੀ ਸਮਾਧੀ ਬਣਾਈ ਹੋਈ ਹੈ। ਉਹ ਸੱਤ ਫੁੱਟਾ ਪਹਿਲਵਾਨ ਸੀ। ਉਸ ਨੇ ਵਰਲਡ ਚੈਂਪੀਅਨ ਕਿੰਗਕਾਂਗ ਨੂੰ ਹਰਾ ਕੇ ਰੁਸਤਮੇ ਜ਼ਮਾਂ ਦਾ ਖਿਤਾਬ ਜਿੱਤਿਆ ਸੀ ਤੇ ਦੁਨੀਆਂ ਵਿਚ ‘ਦਾਰਾ ਦਾਰਾ’ ਕਰਵਾਈ ਸੀ। ਉਹ ਜੀਂਦੇ ਜੀਅ ਮਿੱਥ ਬਣ ਗਿਆ ਸੀ ਅਤੇ ਉਹਦੇ ਬਾਰੇ ਦੰਦ ਕਥਾਵਾਂ ਚੱਲ ਪਈਆਂ ਸਨ। ਇਕ ਦੰਦ ਕਥਾ ਸੀ ਕਿ ਉਸ ਨੇ ਦੋ ਜਣਿਆਂ ਨੂੰ ਧੌਣੋਂ ਫੜ ਕੇ ਆਪਸ ਵਿਚ ਭਿੜਾ ਕੇ ਛੱਪੜ ਵਿਚ ਡੋਬ ਦਿੱਤਾ ਸੀ। ਦੂਜੀ ਦੰਦ ਕਥਾ ਸੀ ਪਈ ਉਹਨੂੰ ਮਾਰਨਖੰਡਾ ਸਾਨ੍ਹ ਪੈ ਗਿਆ ਪਰ ਦਾਰੇ ਨੇ ਸਿੰਗ ਫੜ ਲਏ। ਫਿਰ ਦੋਵੇਂ ਧੱਕਮਧੱਕੀ ਹੋਣ ਲੱਗੇ। ਕਦੇ ਦਾਰਾ ਸਾਨ੍ਹ ਨੂੰ ਦਸ ਕਦਮ ਪਿਛੇ ਧੱਕ ਲਿਜਾਂਦਾ ਤੇ ਕਦੇ ਸਾਨ੍ਹ ਦਾਰੇ ਦੇ ਪੈਰ ਉਖਾੜ ਦਿੰਦਾ। ਆਖਰ ਸਾਨ੍ਹ ਦੀ ਮੋਕ ਵਗ ਗਈ ਤੇ ਸਿੰਗ ਛੁਟਦਿਆਂ ਸਾਰ ਸਾਨ੍ਹ ਅਜਿਹਾ ਭੱਜਿਆ ਕਿ ਮੁੜ ਉਸ ਪਿੰਡ ਦੀ ਜੂਹ ਵਿਚ ਨਾ ਵੜਿਆ।
ਦਾਰੇ ਦੁਲਚੀਪੁਰੀਏ ਦੇ ਜੀਵਨ ਵਿਚ ਬੜੇ ਉਤਰਾਅ ਚੜ੍ਹਾਅ ਆਏ। ਉਸ ਦੀ ਜ਼ਿੰਦਗੀ ਮਾਲ ਡੰਗਰ ਚਾਰਦਿਆਂ ਘੁਲਣ-ਘੁਲਾਈ ਤੋਂ ਸ਼ੁਰੂ ਹੋ ਕੇ ਖੇਤੀਬਾੜੀ ਕਰਨ, ਪਰਵਾਸੀ ਬਣਨ, ਕੁਸ਼ਤੀਆਂ ਲੜਨ, ਖੂਨ, ਸਜ਼ਾ, ਰੁਮਾਂਸ, ਸਰਪੰਚੀ, ਨਸ਼ੇ ਤੇ ਭਲਵਾਨੀ ਕਲਚਰ ਵਿਚ ਗੁੱਧੀ ਹੋਈ ਸੀ ਜਿਸ ‘ਤੇ ਕਮਾਲ ਦੀ ਫਿਲਮ ਬਣ ਸਕਦੀ ਹੈ। ਨਾਵਲ ‘ਗੁੰਮਨਾਮ ਚੈਂਪੀਅਨ’ ਦਾਰੇ ਦੀ ਫਿਲਮ ਦਾ ਆਧਾਰ ਬਣ ਸਕਦੈ। ਦਾਰੇ ਨੇ ਆਪਣੀ ਪਤਨੀ ਦੇ ਹੁੰਦਿਆਂ ਇਕ ਉਚੀ ਲੰਮੀ ਸੁੰਦਰ ਬਾਹਮਣੀ ਨਾਲ ਇਸ਼ਕ ਵੀ ਕੀਤਾ। ਉਹ ਘਰ ਲਿਆ ਬਿਠਾਈ। ਉਹ ਯੱਕਾ ਜੋੜ ਕੇ ਤਰਨਤਾਰਨ ਸ਼ੌਕ ਦਾ ਗੇੜਾ ਕੱਢਣ ਜਾਂਦੇ। ਕਈਆਂ ਨੇ ਕਿਹਾ ਕਿ ਇਹ ਵਿਰੋਧੀ ਪਹਿਲਵਾਨਾਂ ਦੀ ਚਾਲ ਸੀ, ਪਈ ਉਸ ਨੂੰ ਕੁਸ਼ਤੀਆਂ ਵੱਲੋਂ ਮੋੜ ਕੇ ਅਯਾਸ਼ੀ ‘ਚ ਪਾਇਆ ਜਾਵੇ।
ਦਾਰੇ ਦਾ ਆਖਰੀ ਸਮਾਂ ਬੜਾ ਬੁਰਾ ਬੀਤਿਆ। ਉਹ ਸ਼ੂਗਰ, ਬਲੱਡ ਪ੍ਰੈਸ਼ਰ ਤੇ ਜੋੜਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ, ਪੈਰਾਂ ਦੇ ਅੰਗੂਠੇ ਕੱਟੇ ਗਏ ਤੇ ਚੂਲਾ ਟੁੱਟ ਗਿਆ। ਇਕ ਤਰ੍ਹਾਂ ਅਪਾਹਜ ਬਣ ਗਿਆ। ਉਸ ਦਾ ਜੁੱਸਾ ਸਵਾ ਕੁਇੰਟਲ ਤੋਂ ਘਟ ਕੇ ਸਿਰਫ 70 ਕਿਲੋ ਦਾ ਰਹਿ ਗਿਆ ਤੇ ਉਹ 70ਵੇਂ ਸਾਲ ਦੀ ਉਮਰ ‘ਚ ਗੁਜ਼ਰ ਗਿਆ।
ਨਾਵਲ ‘ਗੁੰਮਨਾਮ ਚੈਂਪੀਅਨ’ ਦੇ ਅੰਤਲੇ ਪੈਰੇ ਵਿਚ ਉਸ ਦੀ ਹਾਲਤ ਇੰਜ ਬਿਆਨੀ ਗਈ ਹੈ, “ਆਪਣੇ ਅੰਤਲੇ ਦਿਨਾਂ ਵਿਚ ਸੱਤਰ ਸਾਲ ਦੇ ਦਾਰਾ ਸਿੰਘ ਦਾ ਵਜ਼ਨ ਸੱਤਰ ਕਿੱਲੋ ਤੋਂ ਵੀ ਘੱਟ ਰਹਿ ਗਿਆ ਸੀ। ਬਿਮਾਰੀ ਨੇ ਉਸ ਦੀ ਸਾਰੀ ਸੱਤਿਆ ਸੂਤ ਲਈ ਸੀ। ਕਦੇ ਲੋਕਾਂ ਤੋਂ ਸੁਣੀ ਗੱਲ ਕਿ ਕੰਜਰੀਆਂ ਤੇ ਭਲਵਾਨਾਂ ਦਾ ਬੁਢਾਪਾ ਮਾੜਾ ਹੀ ਬੀਤਦਾ ਹੈ, ਉਹ ਹੱਡੀਂ ਹੰਢਾ ਰਿਹਾ ਸੀ। ਉਹ ਤੁਰਨੋਂ ਫਿਰਨੋਂ ਰਹਿ ਗਿਆ ਸੀ। æææਉਸ ਨੂੰ ਦੁਬਾਰਾ ਅਧਰੰਗ ਦਾ ਦੌਰਾ ਪੈ ਗਿਆ। ਇਸ ਵਾਰ ਦਾ ਦੌਰਾ ਜਾਨ ਲੇਵਾ ਸਾਬਤ ਹੋਇਆ। æææਤਰਨਤਾਰਨ ਦੇ ਡਾਕਟਰ ਨੇ ਭਲਵਾਨ ਜੀ ਦੇ ਪਰਿਵਾਰ ਨੂੰ ਘਰ ਲਿਜਾ ਕੇ ਸੇਵਾ ਕਰਨ ਦੀ ਸਲਾਹ ਦਿੱਤੀ ਪਰ ਘਰ ਵਾਲੇ ਉਸ ਨੂੰ ਇਸ ਹਾਲਤ ਵਿਚ ਘਰ ਲੈ ਜਾਣ ਲਈ ਸਹਿਮਤ ਨਾ ਹੋਏ।æææਆਖਰ ਪੰਝੀ ਜੁਲਾਈ 1988 ਨੂੰ ਸਵੇਰੇ ਸਾਢੇ ਤਿੰਨ ਵਜੇ ਭਲਵਾਨ ਦਾਰਾ ਸਿੰਘ ਆਪਣੀ ਪਤਨੀ ਬਲਬੀਰ ਕੌਰ, ਪੁੱਤਰ ਹਰਬੰਸ ਸਿੰਘ ਤੇ ਪੋਤਰੇ ਰਣਜੀਤ ਸਿੰਘ ਦੀ ਹਾਜ਼ਰੀ ਵਿਚ ਇਸ ਫਾਨੀ ਜਗਤ ਨੂੰ ਅਲਵਿਦਾ ਕਹਿ ਗਿਆ।”
—
ਦੂਜੇ ਦਾਰੇ ਪਹਿਲਵਾਨ ਨੂੰ ਸਭ ਜਾਣਦੇ ਹਨ, ਜੀਹਨੇ ਕੁਸ਼ਤੀਆਂ ਤੋਂ ਬਿਨਾਂ ਫਿਲਮਾਂ ਵਿਚ ਵੀ ਨਾਮਣਾ ਖੱਟਿਆ। ਉਹ ਰਾਮਾਇਣ ਸੀਰੀਅਲ ਵਿਚ ਹਨੂੰਮਾਨ ਦਾ ਰੋਲ ਕਰ ਕੇ ਹੋਰ ਮਸ਼ਹੂਰ ਹੋਇਆ। ਉਸ ਨੇ ਮੁਹਾਲੀ ਵਿਚ ਦਾਰਾ ਸਟੂਡੀਓ ਬਣਾਇਆ ਤੇ ਰਾਜ ਸਭਾ ਦਾ ਮੈਂਬਰ ਰਿਹਾ। ਸਰਬ ਭਾਰਤੀ ਜੱਟ ਸਭਾ ਦਾ ਪ੍ਰਧਾਨ ਵੀ ਬਣਿਆ। 1978 ਵਿਚ ਜਸਵੰਤ ਸਿੰਘ ਕੰਵਲ ਨਾਲ ਜਲੰਧਰ ਮੈਂ ਉਹਦੇ ਨਾਲ ਖੁੱਲ੍ਹੀਆਂ ਗੱਲਾਂ ਕੀਤੀਆਂ ਸਨ। ਫਿਰ ਉਹਦੇ ਬਾਰੇ ਲੇਖ ਲਿਖਿਆ ‘ਪਹਿਲਵਾਨਾਂ ਦਾ ਪਹਿਲਵਾਨ’ ਜੋ ਨੈਸ਼ਨਲ ਬੁੱਕ ਟਰੱਸਟ ਵੱਲੋਂ ਛਾਪੀ ਪੁਸਤਕ ‘ਪੰਜਾਬ ਦੇ ਚੋਣਵੇਂ ਖਿਡਾਰੀ’ ਵਿਚ ਸ਼ਾਮਲ ਹੈ। ਦਾਰੇ ਨੂੰ ਪਹਿਲਵਾਨ ਤੇ ਫਿਲਮੀ ਐਕਟਰ ਵਜੋਂ ਤਾਂ ਜੱਗ ਜਾਣਦੈ ਪਰ ਕਈਆਂ ਨੂੰ ਇਹ ਨਹੀਂ ਪਤਾ ਕਿ ਉਹ ਲੇਖਕ ਵੀ ਸੀ। ਉਸ ਨੇ ਸਰਲ ਬੋਲੀ ਵਿਚ ਆਪਣੀ ਆਤਮ ਕਥਾ ਲਿਖੀ। ਪੇਸ਼ ਹੈ ਉਸ ਦੀ ਆਤਮ ਕਥਾ ‘ਚੋਂ ਉਹਦੀ ਜਾਣ ਪਛਾਣ ਦੇ ਅੰਸ਼:
“ਮੇਰਾ ਪਿੰਡ ਧਰਮੂਚੱਕ, ਅੰਮ੍ਰਿਤਸਰ ਸ਼ਹਿਰ ਤੋਂ ਬਾਈ ਮੀਲ ਦੂਰ ਹੈ। ਇਹ ਅੰਮ੍ਰਿਤਸਰ ਤੋਂ ਹਰਗੋਬਿੰਦਪੁਰ ਨੂੰ ਜਾਣ ਵਾਲੀ ਸੜਕ ‘ਤੇ ਸਥਿਤ ਹੈ। ਵੱਡੀ ਸੜਕ ਤੋਂ ਉਤਰ ਕੇ ਪਿੰਡ ਜਾਣ ਲਈ ਦੋ ਕਿਲੋਮੀਟਰ ਦਾ ਪੱਕਾ ਟੋਟਾ ਹੈ। ਧਰਮੂਚੱਕ ਪਿੰਡ ਬੱਝੇ ਨੂੰ ਤਕਰੀਬਨ ਪੰਜ ਸੌ ਸਾਲ ਹੋ ਗਏ ਹੋਣਗੇ। ਸਾਡਾ ਵੱਡਾ ਵਡੇਰਾ ਜਿਸ ਦਾ ਨਾਂ ਧਰਮੂ ਸੀ, ਦੋ ਕੁ ਮੀਲ ਦੂਰ ਪਿੰਡ ਕੁਹਾਟਵਿੰਡ ਤੋਂ ਆਇਆ ਤੇ ਆ ਕੇ ਆਪਣਾ ਵੱਖਰਾ ਪਿੰਡ ਬਣਾ ਲਿਆ। ਪੰਜ ਸੌ ਸਾਲ ਪੁਰਾਣੇ ਪਿੰਡ ਦੀ ਸ਼ਹਾਦਤ ਹੈ ਧਰਮੂ ਰੰਧਾਵੇ ਦੀ ਔਲਾਦ, ਜਿਹੜੀ ਸਤਾਰਾਂ ਅਠਾਰਾਂ ਪੀੜ੍ਹੀਆਂ ਤੋਂ ਪਿੰਡ ਧਰਮੂਚੱਕ ਡੇਰੇ ਲਾਈ ਬੈਠੀ ਹੈ। ਧਰਮੂ ਦਾ ਪੁੱਤਰ ਚੜ੍ਹਤ ਤੇ ਚੜ੍ਹਤ ਦਾ ਖੋਖਰ, ਖੋਖਰ ਦਾ ਪਠਾਣ ਤੇ ਪਠਾਣ ਦਾ ਸਾਂਦਰਣ, ਸਾਂਦਰਣ ਦਾ ਢੀਂਗਾ ਤੇ ਢੀਂਗੇ ਦਾ ਨੰਦਾ, ਨੰਦੇ ਦਾ ਗੁਰਦਾਸ। ਗੁਰਦਾਸ ਦਾ ਪਲਾਤ ਤੇ ਪਲਾਤ ਦਾ ਦੇਵਾ, ਦੇਵੇ ਦਾ ਦਸੌਂਦਾ ਸਿੰਘ ਤੇ ਦਸੌਂਦਾ ਸਿੰਘ ਦਾ ਉਤਮ ਸਿੰਘ, ਉਤਮ ਸਿੰਘ ਦਾ ਰੂਪਾ ਸਿੰਘ, ਰੂਪਾ ਸਿੰਘ ਦਾ ਗੁਰਦਿੱਤ ਸਿੰਘ, ਗੁਰਦਿੱਤ ਸਿੰਘ ਦਾ ਬੂੜ ਸਿੰਘ, ਬੂੜ ਸਿੰਘ ਦਾ ਸੂਰਤ ਸਿੰਘ ਤੇ ਸੂਰਤ ਸਿੰਘ ਦਾ ਦਾਰਾ ਸਿੰਘ, ਯਾਨਿ ਬਕੱਲਮ ਖ਼ੁਦæææ।”
ਹੋਰ ਦੇਖੋ, “ਜ਼ਮੀਨ ਦੀ ਥੁੜ੍ਹ ਕਾਰਨ ਸਾਡੇ ਬਾਬੇ ਬੂੜ ਸਿੰਘ ਨੇ ਨਾਨਕੇ ਪਿੰਡ ਹਯਾਤੇਕੋਟ ਜਿਹੜਾ ਧਰਮੂਚੱਕ ਤੋਂ ਢਾਈ ਤਿੰਨ ਮੀਲ ਦੀ ਵਿੱਥ ‘ਤੇ ਹੈ, ਜਾ ਜ਼ਮੀਨ ਗਹਿਣੇ ਲਈ। ਬਾਬੇ ਹੋਰੀਂ ਚਾਰ ਭਰਾ ਸਨ, ਲਾਲ ਸਿੰਘ, ਬੱਗਾ ਸਿੰਘ, ਮੱਲਾ ਸਿੰਘ ਤੇ ਬੂੜ ਸਿੰਘ। ਉਹ ਰੋਜ਼ ਧਰਮੂਚੱਕੋਂ ਹਯਾਤੇਕੋਟ ਵਾਹੀ ਕਰਨ ਜਾਂਦੇ ਤੇ ਪਸ਼ੂਆਂ ਲਈ ਚਾਰਾ ਵਗੈਰਾ ਵੀ ਏਡੀ ਦੂਰੋਂ ਸਿਰਾਂ ‘ਤੇ ਚੁੱਕ ਕੇ ਲਿਆਉਂਦੇ। ਛੇ ਵੀਹਾਂ ਵਿੱਘੇ ਜ਼ਮੀਨ ਜਿਹੜੀ ਛੇ ਵੀਹਾਂ ਰੁਪਏ ਦੇ ਕੇ ਗਹਿਣੇ ਲਈ ਸੀ, ਉਸ ਦੀ ਕਮਾਈ ਨਾਲ ਕਈ ਸਾਲ ਆਪਣਾ ਪਰਿਵਾਰ ਪਾਲਿਆ। ਜਦੋਂ ਕਾਗਜ਼ਾਂ ਦੇ ਰੁਪਏ ਬਣਨੇ ਸ਼ੁਰੂ ਹੋ ਗਏ ਤੇ ਰੁਪਏ ਦਾ ਮੁੱਲ ਘਟ ਗਿਆ ਤਾਂ ਹਯਾਤੇਕੋਟੀਆਂ ਨੇ ਕਿਸੇ ਕੋਲੋਂ ਛੇ ਵੀਹਾਂ ਰੁਪਏ ਫੜ ਕੇ ਸਾਡੇ ਬਜ਼ੁਰਗਾਂ ਦੇ ਹੱਥ ਫੜਾਏ ਤੇ ਜ਼ਮੀਨ ਛੁਡਾ ਲਈ। ਪਿੰਡ ਦੀ ਜ਼ਮੀਨ ਵੰਡੀਂਦੀ-ਵੰਡੀਂਦੀ ਇੰਨੀ ਘਟ ਗਈ ਕਿ ਸਾਡੇ ਬਾਬੇ ਦੇ ਹਿੱਸੇ ਆਈ ਸਿਰਫ ਪੰਜ ਵਿੱਘੇ ਜ਼ਮੀਨ ਤੇ ਪੰਜ ਪੁੱਤਰ ਜਿਹੜੇ ਬਾਬੇ ਨੂੰ ਤਗੜਾ ਹੋਣ ਦੇ ਬਾਵਜੂਦ ਮਾੜਾ ਬਣਾਈ ਜਾਣæææ।
æææਉਸ ਜ਼ਮਾਨੇ ਵਿਚ ਪਰਿਵਾਰ ਘਟਾਓ ਦਾ ਨਾਅਰਾ ਵੀ ਕਿਸੇ ਨਹੀਂ ਸੀ ਲਾਇਆ। ਅੰਗਰੇਜ਼ ਹਕੂਮਤ ਤਾਂ ਜ਼ਿਆਦਾ ਬੱਚੇ ਜੰਮਣ ਵਾਲਿਆਂ ਨੂੰ ਇਨਾਮ ਵਗੈਰਾ ਵੀ ਦਿੰਦੀ ਸੀ। ਬਾਬੇ ਦੇ ਹਿੱਸੇ ਹਯਾਤੇਕੋਟ ਵਾਲੇ ਪੈਸਿਆਂ ਵਿਚੋਂ ਜੋ ਮਿਲੇ, ਉਸ ਦੀ ਪਿੰਡ ਦੀ ਹੱਦ ‘ਤੇ ਹੀ ਚੰਨਣਕਿਆਂ ਵਾਲਿਆਂ ਕੋਲੋਂ ਜ਼ਮੀਨ ਲੈ ਲਈ। ਮੁਸ਼ਕਲ ਨਾਲ ਤਿੰਨ ਵਿੱਘੇ ਜ਼ਮੀਨ ਹੋਵੇਗੀ। ਘਰ ਦੇ ਪੰਜ ਤੇ ਗਹਿਣੇ ਦੇ ਤਿੰਨ ਵਿੱਘੇ, ਬਾਬੇ ਹੋਰੀਂ ਔਖੇ ਸੌਖੇ ਹੋ ਕੇ ਲੱਗੇ ਗੁਜ਼ਾਰਾ ਕਰਨ। ਕਈ ਲੋਕ ਪਿੰਡ ਛਡ ਕੇ ਬਾਹਰ ਕਮਾਈ ਕਰਨ ਲਈ ਹੱਥ ਪੈਰ ਮਾਰਨ ਲੱਗੇæææ। ਜੇ ਕਿਧਰੇ ਕਦੀ ਕਦਾਈਂ ਘੁੱਗੀ ਵਾਂਗੂ ਉਡਦਾ ਹਵਾਈ ਜਹਾਜ਼ ਉਤੋਂ ਦੀ ਲੰਘ ਜਾਂਦਾ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ। ਕੋਈ ਕਹਿੰਦਾ, ਭਈ ਇਹ ਵੇਖਣ ਨੂੰ ਛੋਟਾ ਲੱਗਦਾ ਪਰ ਹੈ ਗੱਡੇ ਜਿੱਡਾ। ਜੇ ਬਹਿਸ ਵਧ ਜਾਵੇ ਤਾਂ ਫੌਜੀ ਚਾਚੇ ਕੋਲੋਂ ਜਾ ਕੇ, ਪੁੱਛ ਕੇ ਤਸੱਲੀ ਹੁੰਦੀ ਕਿ ਵਾਕਿਆ ਹੀ ਇਹ ਚੀਜ਼ ਗੱਡੇ ਜਿੱਡੀ ਹੋਣੀ ਹੈ। ਇਹ ਗੱਲ ਮੈਂ ਬਹੁਤ ਪੁਰਾਣੇ ਸਮੇਂ ਦੀ ਨਹੀਂ, ਆਪਣੇ ਬਚਪਨ ਵੇਲੇ ਦੀ ਦੱਸ ਰਿਹਾਂ। 19 ਨਵੰਬਰ 1928 ਦਾ ਮੇਰਾ ਜਨਮ ਹੈ। ਇਸ ਕਰਕੇ ਇਹ ਗੱਲ 1933 ਜਾਂ 1934 ਦੀ ਹੋਵੇਗੀ।”
ਬਾਪ ਦੇ ਵਿਆਹ ਵੇਲੇ ਜ਼ਮੀਨ ‘ਤੇ ਕਰਜ਼ਾ ਲੈਣ ਦਾ ਉਹਲਾ ਰੱਖ ਕੇ ਕਰਜ਼ਾ ਲਾਹੁਣ ਦਾ ਜ਼ਿਕਰ ਕਰਦਿਆਂ ਬਾਪੂ ਸੂਰਤ ਸਿੰਘ ਦੇ ਸਿੰਘਾਪੁਰ ਜਾਣ ਦੀ ਮਜਬੂਰੀ ਉਹ ਇੰਜ ਬਿਆਨ ਕਰਦਾ ਹੈ,
“ਬਾਪੂ ਦੇ ਨਾਨਕਿਆਂ ਵਿਚੋਂ ਉਨ੍ਹਾਂ ਦਾ ਰਿਸ਼ਤੇਦਾਰ ਸਿੰਘਾਪੁਰ ਰਹਿੰਦਾ ਸੀ। ਉਸ ਨੂੰ ਫਰਮਾਇਸ਼ ਪਾ ਕੇ ਬਾਪੂ ਨੂੰ ਕਮਾਈ ਕਰਨ ਸਿੰਘਾਪੁਰ ਭੇਜਿਆ ਗਿਆ। ਉਥੇ ਜਾ ਕੇ ਬੜੇ ਕੰਮ ਕੀਤੇ। ਤਨਖਾਹ ਵਗੈਰਾ ਤਾਂ ਪਤਾ ਨਹੀਂ, ਉਹ ਤਾਂ ਰਿਸ਼ਤੇਦਾਰ ਹੀ ਜਾਣੇ, ਇਹ ਤਾਂ ਵਿਚਾਰੇ ਕੰਮ ਹੀ ਕਰਦੇ ਰਹੇ। ਆਖਿਰ ਦੁਖੀ ਹੋ ਕੇ ਬਾਬੇ ਨੇ ਇਨ੍ਹਾਂ ਨੂੰ ਵਾਪਿਸ ਬੁਲਾ ਲਿਆ। ਭਈ ਵਾਹੀ ਦਾ ਕੰਮ ਵੀ ਗਿਆ ਤੇ ਨੌਕਰੀ ਦਾ ਵੀ, ਕੁਝ ਨਹੀਂ ਮਿਲਿਆ। ਪਿੰਡ ਆ ਕੇ ਚਿੰਤਾ ਜਿਉਂ ਦੀ ਤਿਉਂ ਰਹੀ। ਅੱਗੋਂ ਜਿਹੜੀ ਗੱਲ ਸਕੇ ਸਬੰਧੀਆਂ ਕੋਲੋਂ ਲੁਕੋ ਕੇ ਕੀਤੀ ਸੀ, ਉਹ ਵੀ ਜ਼ਾਹਰ ਹੋ ਗਈ ਬਈ ਪੈਲੀ ਉਤੇ ਕਰਜ਼ਾ ਲੈ ਰੱਖਿਆ ਹੈ। ਬੜੀ ਨਮੋਸ਼ੀ ਵਾਲੀ ਗੱਲ ਹੋ ਗਈ। ਆਖਿਰ ਮਾਂ ਜੀ ਦੇ ਗਹਿਣੇ ਵੇਚ ਕੇ ਸ਼ਾਹੂਕਾਰ ਦਾ ਕਰਜ਼ਾ ਉਤਾਰਿਆæææ।
æææਖ਼ੈਰ, ਜੋ ਹੋਇਆ ਸੋ ਹੋਇਆ, ਸਾਡੇ ਪਿਤਾ ਜੀ ਦੀ ਚਿੰਤਾ ਤਾਂ ਦੂਰ ਹੋਈ ਤੇ ਉਹ ਫਿਰ ਸਿੰਘਾਪੁਰ ਚਲੇ ਗਏ, ਬਲਕਿ ਆਪਣੇ ਛੋਟੇ ਭਰਾਵਾਂ ਨੂੰ ਵੀ ਨਾਲ ਲੈ ਗਏ। ਬਾਪੂ ਤੇ ਉਸ ਦੇ ਤਿੰਨ ਛੋਟੇ ਭਰਾ ਸਿੰਘਾਪੁਰ ਚਲੇ ਗਏ ਤੇ ਇਕ ਭਰਾ ਫੌਜ ਵਿਚ ਭਰਤੀ ਹੋ ਗਿਆ। ਵਾਹੀ ਕਰਨ ਲਈ ਬਾਬਾ ਇਕੱਲਾ ਹੀ ਬਹੁਤ ਸੀ। ਜਦੋਂ ਧਰਮੂ ਨੇ ਪਿੰਡ ਬੱਧਾ ਸੀ ਤਾਂ ਪਿੰਡ ਦੀ ਜ਼ਮੀਨ ਸੀ ਨੌ ਸੌ ਵਿੱਘੇ, ਤੇ ਜਦੋਂ ਸਾਡੇ ਪੜਦਾਦਿਆਂ ਦੀਆਂ ਔਲਾਦਾਂ ਨੇ ਜੰਮ ਕੇ ਇਸ ਰੰਗੀਲੀ ਦੁਨੀਆਂ ਨੂੰ ਚਾਰ ਚੰਨ ਲਾਏ ਤਾਂ ਜ਼ਮੀਨ ਘਟਦੀ ਘਟਦੀ ਘਰ ਪ੍ਰਤੀ ਪੰਜ ਜਾਂ ਦਸ ਵਿੱਘੇ ਹੀ ਰਹਿ ਗਈ। ਫਿਰ ਵਿਚਾਰੇ ਧਰਮੂਚੱਕੀਏ ਪਿੰਡ ਛੱਡ-ਛੱਡ ਲੱਗੇ ਦੂਰ ਦੁਰਾਡੇ ਵੱਸਣ। ਜਿਸ ਤਰ੍ਹਾਂ ਇਕ ਕਹਾਵਤ ਹੈ, ਜ਼ਰੂਰਤ ਈਜਾਦ ਦੀ ਮਾਂ ਹੈ। ਇਸ ਤਰ੍ਹਾਂ ਸਾਰਿਆਂ ਨੇ ਆਪਣੇ ਸੁਖੀ ਜੀਵਨ ਲਈ ਕੋਈ ਨਾ ਕੋਈ ਸਾਧਨ ਲੱਭ ਹੀ ਲਿਆ ਤੇ ਮਨੀ ਆਰਡਰ ਧਰਮੂਚੱਕ ਆਉਣ ਲੱਗ ਪਏ।”
ਪਹਿਲਵਾਨ ਤੇ ਅਦਾਕਾਰ ਦਾਰਾ ਸਿੰਘ ਸਾਰੀ ਦੁਨੀਆਂ ਵਿਚ ਬੱਲੇ ਬੱਲੇ ਕਰਾ ਕੇ ਉਮਰ ਦੇ 84ਵੇਂ ਵਰ੍ਹੇ 11 ਜੁਲਾਈ 2012 ਨੂੰ ਮੁੰਬਈ ਵਿਚ ਜਾਂਦੀ ਵਾਰ ਦੀ ਫਤਿਹ ਬੁਲਾ ਗਿਆ। ਤਦ ਉਹ ਕਰੋੜਪਤੀ ਸੀ ਤੇ ਕਰੋੜਾਂ ਲੋਕਾਂ ਨੇ ਉਹਦੀ ਮੌਤ ਦਾ ਸੋਗ ਮਨਾਇਆ। ਪਹਿਲਾਂ ਦਾਰਾ ਦੁਲਚੀਪੁਰੀਆ ਤਕੜਾ ਹੁੰਦਾ ਸੀ, ਫਿਰ ਦਾਰਾ ਧਰਮੂਚੱਕੀਆ ਤਕੜਾ ਹੋ ਗਿਆ। ਦੀਦਾਰ ਸਿੰਘ ਉਰਫ ਦਾਰਾ ਧਰਮੂਚੱਕੀਆ ਕੁਝ ਸਮਾਂ ਸਿੰਘਾਪੁਰ ਵਿਚ ਦਾਰੇ ਦੁਲਚੀਪੁਰੀਏ ਦੇ ਨਾਲ ਵੀ ਰਿਹਾ। ਦੁਲਚੀਪੁਰ ਦਾ ਦਾਰਾ 1918 ‘ਚ ਜੰਮਿਆ ਸੀ। ਦੋਹਾਂ ਦਾਰਿਆਂ ਨੇ ਫਰੀ ਸਟਾਈਲ ਕੁਸ਼ਤੀਆਂ ਵਿਚ ਨਾਮਣਾ ਖੱਟਿਆ ਜਦਕਿ ਦੇਸੀ ਕੁਸ਼ਤੀਆਂ ਹੇਠਲੇ ਪੱਧਰ ‘ਤੇ ਹੀ ਲੜੀਆਂ। ਦਾਰਾ ਧਰਮੂਚੱਕੀਆ ਹਰਫਨਮੌਲਾ ਸੀ ਜਿਸ ਨੇ ਪਹਿਲਵਾਨੀ ਦੇ ਨਾਲ ਫਿਲਮਾਂ ਵਿਚ ਵੀ ਮੱਲਾਂ ਮਾਰੀਆਂ। ਦਾਰਾ ਦੁਲਚੀਪੁਰੀਆ ਕੇਵਲ ਇਕ ਦੋ ਫਿਲਮਾਂ ਵਿਚ ਹੀ ਆ ਸਕਿਆ। ਦਾਰੇ ਧਰਮੂਚੱਕੀਏ ਦੀਆਂ ਕੁਸ਼ਤੀਆਂ ਤਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਮੁਰਾਰ ਜੀ ਡਿਸਾਈ, ਚੌਧਰੀ ਚਰਨ ਸਿੰਘ, ਇੰਦਰਾ ਗਾਂਧੀ, ਚੰਦਰ ਸ਼ੇਖਰ, ਰਾਜੀਵ ਗਾਂਧੀ ਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਹੋਰੀਂ ਵੀ ਵੇਖਦੇ ਰਹੇ। ਉਹ ਰੁਸਤਮੇ ਪੰਜਾਬ, ਰੁਸਤਮੇ ਹਿੰਦ, ਕਾਮਨਵੈਲਥ ਚੈਂਪੀਅਨ ਤੇ ਰੁਸਤਮੇ ਜ਼ਮਾਂ ਬਣਦਾ ਰਿਹਾ।
ਉਸ ਨੇ ਪੰਜ ਸੌ ਤੋਂ ਵੱਧ ਕੁਸ਼ਤੀਆਂ ਲੜੀਆਂ ਤੇ ਸੌ ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ। ਕਦੇ ਸੈਮਸਨ, ਕਦੇ ਹਰਕੁਲੀਸ, ਕਦੇ ਜੱਗਾ ਡਾਕੂ, ਕਦੇ ਭੀਮ, ਕਦੇ ਧਿਆਨੂੰ ਭਗਤ, ਕਦੇ ਸੂਰਮਾ ਸਿੰਘ ਤੇ ਕਦੇ ਹਨੂੰਮਾਨ ਬਣਦਾ ਰਿਹਾ। ਦੋਹਾਂ ਦਾਰਿਆਂ ਦੇ ਰੁਸਤਮ ਹੋਣ ਕਰਕੇ ਦਾਰਾ ਨਾਂ ਤਾਕਤ ਦਾ ਠੱਪਾ ਬਣ ਗਿਆ। ਇਸ਼ਤਿਹਾਰ ਦੇਣ ਵਾਲੇ ਘਿਓ ਦੇ ਡੱਬੇ ਵੇਚਣ ਲਈ ਦਾਰੇ ਦਾ ਨਾਂ ਵਰਤਦੇ ਰਹੇ। ਜੇ ਕਿਸੇ ਦਾ ਜ਼ੋਰ ਪਰਖਣਾ ਹੋਵੇ ਤਾਂ ਅਕਸਰ ਕਿਹਾ ਜਾਂਦੈ, “ਤੂੰ ਕਿਹੜਾ ਦਾਰਾ ਭਲਵਾਨ ਐਂ!”
ਵੱਡੇ ਦਾਰੇ ਦੀ ਛੋਟੀ ਉਮਰ ਤੇ ਛੋਟੇ ਦਾਰੇ ਦੀ ਵੱਡੀ ਉਮਰ ਦਾ ਹੋ ਕੇ ਮਰਨ ਦਾ ਰਾਜ਼ ਸੀ ਕਿ ਦਾਰਾ ਦੁਲਚੀਪੁਰੀਆ ਨਸ਼ਿਆਂ ‘ਚ ਗਲਤਾਨ ਹੋ ਗਿਆ ਪਰ ਦਾਰਾ ਧਰਮੂਚੱਕੀਆ ਨਸ਼ਿਆਂ ਤੋਂ ਬਚਿਆ ਰਿਹਾ ਸੀ। ਉਸ ਨੇ ਆਪਣੀ ਆਤਮ ਕਥਾ ਦਾ ਨਿਚੋੜ ਇੰਜ ਪੇਸ਼ ਕੀਤਾ, “ਚੰਗੀ ਸਿਹਤ ਲਈ ਜਿਥੇ ਨਰੋਲ ਤੇ ਲੋੜੀਂਦੀ ਖੁਰਾਕ ਦੀ ਲੋੜ ਹੈ, ਉਥੇ ਪਰਹੇਜ਼ ਤੇ ਚੰਗੇ ਕਿਰਦਾਰ ਦੀ ਵੀ ਬਹੁਤ ਜ਼ਰੂਰਤ ਹੈ। ਕਿਸੇ ਵੀ ਨਸ਼ੀਲੀ ਚੀਜ਼ ਦਾ ਇਸਤੇਮਾਲ ਨਾ ਕਰਨਾ ਸਿਹਤ ਵਾਸਤੇ ਚੰਗੀ ਗੱਲ ਹੈ। ਖ਼ਾਸ ਕਰ ਕੇ ਸ਼ਰਾਬ, ਅਫ਼ੀਮ, ਸਿਗਰਟ, ਭੰਗ ਤੇ ਨਸ਼ੇ ਦੀਆਂ ਗੋਲੀਆਂ ਸਿਹਤ ਵਾਸਤੇ ਅਤੀ ਹਾਨੀਕਾਰਕ ਹਨ। ਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਾਕ ‘ਤੇ ਅਮਲ ਕੀਤਾ ਜਾਵੇ ਤਾਂ ਇੰਜ ਕਹਿਣਾ ਚਾਹੀਦਾ ਹੈ, ਸਿਹਤ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤæææ।
æææਚੰਗੀ ਸਿਹਤ ਰੱਖਣ ਲਈ ਇਕ ਗੱਲ ਹੋਰ ਵੀ ਜ਼ਰੂਰੀ ਹੈ ਤੇ ਉਹ ਹੈ ਬੇਫ਼ਿਕਰੀ। ਬੇਫ਼ਿਕਰ ਰਹਿਣਾ ਹੈ ਤਾਂ ਜਿਥੋਂ ਤਕ ਹੋ ਸਕੇ ਸੱਚ ਬੋਲੋ, ਕਿਸੇ ਦੀ ਨਿੰਦਾ ਨਾ ਕਰੋ, ਕੋਈ ਵੀ ਐਸਾ ਕੰਮ ਨਾ ਕਰੋ ਜਿਸ ਨਾਲ ਤੁਹਾਡੀ ਅੰਤਰ ਆਤਮਾ ਨੂੰ ਡਰ ਮਹਿਸੂਸ ਹੁੰਦਾ ਹੋਵੇ। ਨੇਕੀ ਕਰ ਕੂੰਏਂ ਮੇ ਡਾਲ ਵਾਲੀ ਕਹਾਵਤ ‘ਤੇ ਅਮਲ ਕਰਨ ਵਾਲਾ ਇਨਸਾਨ ਕਦੇ ਦੁਖੀ ਨਹੀਂ ਹੋ ਸਕਦਾ। ਅਸੀਂ ਸਾਰੇ ਦੁਨੀਆਂ ਦਾ ਮੌਜ ਮੇਲਾ ਵੇਖਣ ਆਏ ਹਾਂ, ਸਾਡੇ ਬਜ਼ੁਰਗ ਇਸ ਦੁਨੀਆਂ ਨੂੰ ਸਾਡੇ ਵਾਸਤੇ ਸੁਹਾਵਣੀ ਬਣਾ ਕੇ ਗਏ ਹਨ। ਇਸ ਦਾ ਆਪਾਂ ਸਵਾਦ ਲਈਏ ਤੇ ਆਉਣ ਵਾਲਿਆਂ ਲਈ ਇਸ ਦੁਨੀਆਂ ਨੂੰ ਬਜ਼ੁਰਗਾਂ ਨਾਲੋਂ ਵੀ ਸੋਹਣੀ ਬਣਾ ਕੇ ਛੱਡ ਜਾਈਏ। ਇਹੀ ਜ਼ਿੰਦਗੀ ਹੈ ਤੇ ਏਹੀਓ ਇਸ ਦੀ ਕਹਾਣੀ ਹੈ।”