ਕੀ ਹਾਲ ਹੈ?

ਬਲਜੀਤ ਬਾਸੀ
ਇਕ ਦੂਜੇ ਨੂੰ ਅਚਾਨਕ ਮਿਲਦੇ ਸਮੇਂ ਅਸੀਂ ਅਕਸਰ ਇਕੋ ਸਵਾਲ ਪੁਛਦੇ ਹਾਂ, “ਕਿੱਦਾਂ, ਕੀ ਹਾਲ ਹੈ?” ਫੋਨ ਕਰਦਿਆਂ ਵੀ ਹੈਲੋ ਤੋਂ ਪਿਛੋਂ ਹਾਲ ਹੀ ਪੁਛਿਆ ਜਾਂਦਾ ਹੈ। ਅਗਲਾ ਵੀ ਹਾਲ ਠੀਕ ਦੱਸ ਕੇ ਇਹੀ ਸਵਾਲ ਦੁਹਰਾਉਂਦਾ ਹੈ, ਭਾਵੇਂ ਹਾਲ ਠੀਕ ਨਾ ਵੀ ਹੋਵੇ।

ਅਸਲੀ ਹਾਲ ਕੁਝ ਸਮੇਂ ਬਾਅਦ ਹੀ ਦੱਸਿਆ ਜਾਂਦਾ ਹੈ। ਪਰ ਦਿਲਚਸਪ ਗੱਲ ਹੈ ਕਿ ਥੋੜ੍ਹੀ ਥੋੜ੍ਹੀ ਦੇਰ ਬਾਅਦ ਇਹੀ ਸਵਾਲ ਕੁਝ ਇਸ ਤਰ੍ਹਾਂ ਫਿਰ ਦੁਹਰਾਇਆ ਜਾਂਦਾ ਹੈ, “ਹੋਰ ਕੀ ਹਾਲ ਹੈ?” ਜਾਂ “ਹੋਰ ਫਿਰ?” ਕਈ ਵਾਰੀ ਤਾਂ ਪਹਿਲਾਂ “ਹੋਰ ਹਾਲ” ਹੀ ਪੁਛਿਆ ਜਾਂਦਾ ਹੈ। ਪੰਜਾਬੀ ਵਿਅੰਗਕਾਰ ਸਵਰਗੀ ਭੂਸ਼ਨ ਅਜਿਹੀ ਸਥਿਤੀ ਵਿਚ ਫੱਟ ਕਿਹਾ ਕਰਦਾ ਸੀ, “ਹੋਰ ਵੀ ਠੀਕ ਹੈ।”
ਹਾਲ ਦੇ ਪਿਛੇ ਚਾਲ ਲਾ ਕੇ ਹਾਲ ਦੀ ਸ਼ਾਨ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਿਆਣੇ ਆਖਦੇ ਹਨ ਕਿ ਸ੍ਰਿਸ਼ਟਾਚਾਰ ਇਹੋ ਹੈ ਕਿ ‘ਕੀ ਹਾਲ ਹੈ?’ ਪੁਛ ਦਾ ਜਵਾਬ, ‘ਤੁਹਾਡਾ, ਕੀ ਹਾਲ ਹੈ?’ ਹੀ ਦਿੱਤਾ ਜਾਵੇ, ਇਸ ਫਿਕਰੇ ਵਿਚ ‘ਤੁਹਾਡਾ’ ‘ਤੇ ਜ਼ੋਰ ਹੋਣਾ ਚਾਹੀਦਾ ਹੈ। ਖੈਰ, ਇਹ ਉਕਤੀ ਅੰਗਰੇਜ਼ੀ ਦੇ ‘ਥੈਂਕ ਯੂ’ ਦੀ ਤਰ੍ਹਾਂ ਰਸਮੀ ਜਿਹੀ ਹੀ ਹੈ, ਹਾਲਾਂ ਕਿ ਰਸਮੀ ਗੱਲਬਾਤ ਦੀ ਵੀ ਜ਼ਿੰਦਗੀ ਵਿਚ ਬੜੀ ਅਹਿਮੀਅਤ ਹੁੰਦੀ ਹੈ। ਤੁਸੀਂ ਕਿਸੇ ਵਾਕਿਫ ਨੂੰ ਅਚਾਨਕ ਮਿਲਦੇ ਹੋ ਤਾਂ ਠਾਹ-ਸੋਟਾ ਤਾਂ ਨਹੀਂ ਮਾਰ ਸਕਦੇ, Ḕਚੱਲ ਪਿਕਚਰ ਦੇਖਣ ਚੱਲੀਏ।Ḕ
ਹਾਲ ਸ਼ਬਦ ਵਿਚ ਸਥਿਤੀ ਜਾਂ ਦਸ਼ਾ ਦੇ ਭਾਵ ਹਨ ਜਿਵੇਂ ਮਨੁਖ ਦੀ ਸਰੀਰਕ/ਮਾਨਸਿਕ/ਆਤਮਿਕ ਤੰਦਰੁਸਤੀ, “ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨਹੁ ਹਾਲ॥” (ਗੁਰੂ ਅਰਜਨ ਦੇਵ)। ਪ੍ਰੇਮ ਦੀ ਖੁਮਾਰੀ ਦੌਰਾਨ ਬੇਸੁਧੀ ਜਾਂ ਆਵੇਸ਼ ਨੂੰ ਵੀ ਹਾਲ ਆਖਦੇ ਹਨ, ਮਾਨੋ ਇਹ ਹਾਲ ਨਾ ਹੋ ਕੇ ਬੇਹਾਲੀ ਹੈ, “ਖੇਲਤ ਖੇਲਤ ਹਾਲ ਕਰਿ” (ਭਗਤ ਕਬੀਰ)। ਘਟਨਾਵਾਂ ਦਾ ਵੇਰਵਾ ਜਾਂ ਸਮਾਚਾਰ ਵੀ ਹਾਲ ਹੁੰਦਾ ਹੈ, “ਬਨਾਵੈ ਗ੍ਰੰਥ ਹਾਲ ਹੈ” (ਕ੍ਰਿਸ਼ਨਾਵ)। ਕਿਸੇ ਘਟਨਾ ਜਾਂ ਸਥਿਤੀ ਦਾ ਵਰਣਨ ਜਾਂ ਵੇਰਵਾ ਵੀ ਹਾਲ ਹੈ, ਜਿਵੇਂ “ਉਸ ਨੇ ਹੋਈ-ਬੀਤੀ ਦਾ ਪੂਰਾ ਹਾਲ ਕਹਿ ਸੁਣਾਇਆ।” ਹਾਲ ਸ਼ਬਦ ਦੇ ਅੱਗੜ-ਪਿੱਛੜ ਹੋਰ ਅਗੇਤਰ, ਪਿਛੇਤਰ ਜਾਂ ਸ਼ਬਦ ਲਾ ਕੇ ਕਈ ਸ਼ਬਦ ਬਣਾ ਲਏ ਜਾਂਦੇ ਹਨ ਜਿਵੇਂ ਖੁਸ਼ਹਾਲ, ਸੂਰਤੇਹਾਲ, ਫਿਲਹਾਲ (ਅਰਬੀ ਫੀ’ਲਹਾਲ), ਬਹਰਹਾਲ (ਬ-ਹਰ-ਹਾਲ), ਹਰ ਹਾਲ, ਬੇਹਾਲ, ਬੁਰੇਹਾਲ, ਫਟੇਹਾਲ, ਖਸਤਾ ਹਾਲ, ਪਤਲਾ ਹਾਲ ਆਦਿ। ਕਿਸੇ ਮਸਲੇ ਜਾਂ ਤਕਲੀਫ ਨੂੰ ਜਨਤਕ ਬਣਾਉਣ ਲਈ ਹਾਲ-ਪਾਰਿਆ ਕੀਤੀ ਜਾਂਦੀ ਹੈ, ਵਧੇਰੇ ਹੀ ਔਖ ਵੇਲੇ ਹਾਲ ਦੁਹਾਈ ਮਚਾਈ ਜਾਂਦੀ ਹੈ। ਪਰ ‘ਬੁਰਾ ਹਾਲ ਤੇ ਬੌਂਕੇ ਦਿਹਾੜੇ’ ਕਹਾਵਤ ਤਾਂ ਬਾਹਲੀ ਹੀ ਤਕਲੀਫਦੇਹ ਸਥਿਤੀ ਵੱਲ ਇਸ਼ਾਰਾ ਕਰਦੀ ਹੈ। ਅਸਲ ਵਿਚ ਤਾਂ ਕਈ ਪ੍ਰਸੰਗਾਂ ਵਿਚ ਹਾਲ ਸ਼ਬਦ ਦਾ ਅਰਥ ਹੀ ਬੇਹਾਲ ਵੀ ਹੋ ਜਾਂਦਾ ਹੈ ਜਿਵੇਂ, “ਹਾਲ ਵੇ ਰੱਬਾ, ਲੁੱਟੀ ਹੀਰæææ”; “ਹਾਲ ਵੇ ਰੱਬਾ ਵੇ ਭੰਨ ਤੋੜ ਗਈਆਂ ਹੱਡੀਆਂæææ।” ਬਹਾਲ (ਬ+ਹਾਲ) ਕਰਨਾ ਦਾ ਅੱਖਰੀ ਮਤਲਬ ਪਹਿਲੀ ਹਾਲਤ ਵਿਚ ਲਿਆਉਣਾ ਹੁੰਦਾ ਹੈ।
ਹਾਲ ਸ਼ਬਦ ਮੁਢਲੇ ਤੌਰ ‘ਤੇ ਅਰਬੀ ਦਾ ਹੈ ਤੇ ਇਥੋਂ ਇਹ ਫਾਰਸੀ ਵਿਚ ਗਿਆ। ਫਿਰ ਬਰਾਸਤਾ ਫਾਰਸੀ, ਉਰਦੂ ਇਹ ਪੰਜਾਬੀ ਵਿਚ ਵੜ ਗਿਆ। ਅਰਬੀ ਵਿਚ ਵੀ ਇਸ ਦੇ ਲਗਭਗ ਇਹੋ ਅਰਥ ਹਨ। ਇਹ ਸ਼ਬਦ ਸੈਮਿਟਿਕ ਧਾਤੂ ਹੱਲ ਤੋਂ ਬਣਿਆ ਹੈ ਜਿਸ ਵਿਚ ਬਦਲੀ, ਤਬਦੀਲੀ, ਪਰਿਵਰਤਨ ਆਦਿ ਦੇ ਭਾਵ ਹਨ। ਸਪਸ਼ਟ ਹੈ, ਅਸੀਂ ਹਾਲ ਦਾ ਜੋ ਭਾਵ ਲੈਂਦੇ, ਉਹ ਕਾਸੇ ਵਿਚ ਆਈ ਤਬਦੀਲੀ, ਅਦਲਾ-ਬਦਲੀ ਦੀ ਦਸ਼ਾ ਹੀ ਹੈ ਅਰਥਾਤ ਪਹਿਲਾਂ ਨਾਲੋਂ ਕੀ ਬਦਲਾਓ ਆਇਆ ਹੈ। ਜ਼ਰਾ ਧਿਆਨ ਦਿਓ, ਜੇ ਇਹ ਕਿਹਾ ਜਾਵੇ ਕਿ ‘ਬੀਮਾਰ ਦਾ ਹੁਣ ਕੀ ਹਾਲ ਹੈ’ ਤਾਂ ਇਸ ਦਾ ਭਾਵ ਹੈ ਉਸ ਦੀ ਬੀਮਾਰੀ ਵਿਚ ਕੀ ਤਬਦੀਲੀ ਆਈ ਹੈ। ਨੋਟ ਕਰੋ, ਅਵਸਥਾ ਵਿਚ ਵੀ ਪਹਿਲਾਂ ਨਾਲੋਂ ਬਦਲੀ ਸਥਿਤੀ ਦੇ ਭਾਵ ਹਨ। ਇਸ ਤਰ੍ਹਾਂ ਹਾਲ ਵਿਚ ਵਰਤਮਾਨ ਦਾ ਭਾਵ ਨਿਹਿਤ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ‘ਹਾਲ’ ਕਿਸੇ ਪ੍ਰਕਿਰਿਆ ਦੇ ਵਰਤਮਾਨ ਦਾ ਬੋਧਕ ਹੈ। ਇਸ ਸ਼ਬਦ ਦਾ ਵਿਸਤ੍ਰਿਤ ਅਰਥ ਹੈ ਹੀ ਵਰਤਮਾਨ ਕਾਲ, ਹੁਣ, ਅੱਜ। ਪੰਜਾਬੀ ਵਿਚ ਇਹ ਵਧੇਰੇ ਕਰਕੇ ‘ਹਾਲ ਹੀ ਵਿਚ’, ‘ਹਾਲੇ ਤੱਕ’, ‘ਹਾਲੇ ਵੀ’, ‘ਹਾਲੇ ਨਹੀਂ’ ਆਦਿ ਉਕਤੀਆਂ ਵਿਚ ਵਰਤਿਆ ਜਾਂਦਾ ਹੈ। ਇਸ ਰੋਸ਼ਨੀ ਵਿਚ ‘ਹਾਲਾਂ ਕਿ’ (ਮਤਲਬ ਭਾਵੇਂ ਕਿ) ਦਾ ਸ਼ਾਬਦਿਕ ਅਰਥ ਬਣਦਾ ਹੈ, ਇਸ ਸਥਿਤੀ ਦੇ ਹੁੰਦਿਆਂ। ‘ਹਾਲੇ ਦਾ’ ਉਕਤੀ ਵਿਚ ਚੰਗੀ ਹਾਲਤ ਵਾਲਾ, ਵਧੀਆ ਦੇ ਭਾਵ ਹਨ, ਜਿਵੇਂ ‘ਕੋਈ ਹਾਲੇ ਦੀ ਕੁੜੀ ਹੀ ਨਹੀਂ ਮਿਲਦੀ, ਵਿਆਹ ਕਿਵੇਂ ਕਰਾਵਾਂ!
ਹਾਲ ਤੋਂ ਫਾਰਸੀ ਸ਼ਬਦ ਹਾਲਤ ਬਣਿਆ ਜਿਸ ਦਾ ਅਰਥ ਵੀ ਦਸ਼ਾ, ਅਵਸਥਾ ਆਦਿ ਹੁੰਦਾ ਹੈ। ਇਨ੍ਹਾਂ ਹੀ ਅਰਥਾਂ ਵਿਚ ਇਹ ਸ਼ਬਦ ਪੰਜਾਬੀ ਵਿਚ ਆ ਗਿਆ। ਫਾਰਸੀ ਵਿਚ ਹਾਲਤ ਦਾ ਬਹੁਵਚਨ ਹਾਲਾਤ ਹੁੰਦਾ ਹੈ ਪਰ ਪੰਜਾਬੀ ਵਾਲਿਆਂ ਨੇ ਇਸ ਨੂੰ ਇਕ ਵਚਨ ਸਮਝਦਿਆਂ ਇਸ ਦਾ ਦੂਹਰਾ ਬਹੁਵਚਨ ਬਣਾ ਦਿੱਤਾ, ਹਾਲਾਤਾਂ। ਇਥੇ ਸਬੰਧਤ ਹਵਾਲ ਦਾ ਅਰਥ ਵੀ ਦਸ਼ਾ ਆਦਿ ਹੀ ਹੁੰਦਾ ਹੈ ਜਿਵੇਂ, “ਦਫਤਰ ਦਈ ਜਬ ਕਾਢਿ ਹੈ ਹੋਇਗਾ ਕਉਨ ਹਵਾਲੁ॥” (ਭਗਤ ਕਬੀਰ); “ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ॥” (ਗੁਰੂ ਅਰਜਨ ਦੇਵ)
ਹਾਲ ਦਾ ਅਰਬੀ ਵਿਚ ਬਹੁਵਚਨ ਹੈ, ḔਅਹਿਵਾਲḔ ਪਰ ਇਹ ਇਕਵਚਨ ਦੀ ਤਰ੍ਹਾਂ ਹੀ ਵਰਤਿਆ ਜਾਂਦਾ ਹੈ। ਅਰਬੀ ਫਾਰਸੀ ਵਿਚ ਇਸ ਦਾ ਅਰਥ ਵੀ ਹਾਲਾਤ, ਮਸਲੇ, ਮਾਜਰਾ, ਘਟਨਾਵਾਂ ਆਦਿ ਹੁੰਦਾ ਹੈ ਜਿਵੇਂ ‘ਅਪਨਾ ਅਹਿਵਾਲ ਸੁਨਾਨਾ’ ਦਾ ਮਤਲਬ ਆਪਣੀ ਵਿਥਿਆ ਸੁਣਾਉਣੀ। ਪੰਜਾਬੀ ਵਿਚ ਇਹ ਸ਼ਬਦ ਬਹੁਤਾ ਸਮਾਚਾਰ, ਸੁਧ, ਖਬਰ ਆਦਿ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ, “ਗਾਹੇ ਨ ਨੇਕੀ ਕਾਰ ਕਰਦਮ ਮਮ ਈਂ ਚਿਨੀ ਅਹਵਾਲ॥” (ਗੁਰੂ ਨਾਨਕ ਦੇਵ)
ਪੰਜਾਬੀ ਦੇ ਕਿੱਸਿਆਂ ਵਿਚ ਇਸ ਸ਼ਬਦ ਦੀ ਖੂਬ ਵਰਤੋਂ ਹੋਈ ਹੈ, “ਕੀ ਹੋਗੁ ਅਹਿਵਾਲ ਗੁਨਾਹੀ ਦਾ, ਮੈਂ ਅਮਲ ਬੁਰੇ ਨਿਤ ਕਰਦਾ ਹਾਂ। ਫੜ ਬਾਂਹ ਬਚਾਓ ਹਾਸ਼ਮ ਨੂੰ, ਯਾ ਪੀਰ! ਮੇਰੇ, ਮੈਂ ਡਰਦਾ ਹਾਂ।” (ਹਾਸ਼ਿਮ ਸ਼ਾਹ)। ਕਾਦਰ ਯਾਰ ਰਚਿਤ ਪੂਰਨ ਭਗਤ ਦੇ ਕਿੱਸੇ ਵਿਚੋਂ ਲਈ ਗਈ ਹੇਠ ਲਿਖੀ ਟੂਕ ਵਿਚ ਹਾਲ, ਹਵਾਲ ਅਤੇ ਅਹਿਵਾਲ-ਤਿੰਨੋਂ ਸ਼ਬਦ ਮਿਲਦੇ ਹਨ,
ਵਾਉ ਵਾਸਤਾ ਪਾਇ ਕੇ ਕਹੇ ਪੂਰਨ,
ਮੰਨੋ ਰਬ ਦੇ ਨਾਉਂ ਸਵਾਲ ਮੇਰਾ।
ਜਿਹੜੀ ਬਣੀ ਸੀ ਆਖਿ ਸੁਣਾਵਸਾਂ ਮੈਂ,
ਜਿਸ ਕਾਰਨ ਹੋਇਆ ਇਹ ਹਾਲ ਮੇਰਾ।
ਅਹਿਲ ਤਰਸ ਹੋ ਸਾਈਂ ਦੇ ਰੂਪ ਤੁਸੀਂ,
ਬਾਹਰ ਕੱਢ ਕੇ ਪੁਛੋ ਹਵਾਲ ਮੇਰਾ।
ਕਾਦਰਯਾਰ ਤੁਸੀਂ ਕੱਢੋ ਬਾਹਰ ਮੈਨੂੰ,
ਫੇਰ ਪੁਛਣਾ ਹਾਲ ਅਹਿਵਾਲ ਮੇਰਾ।
‘ਹਵਲ’ ਧਾਤੂ ਤੋਂ ਇਕ ਬਹੁਤ ਅਹਿਮ ਸ਼ਬਦ ਬਣਿਆ ਹੈ ḔਹਵਾਲਾḔ ਜਿਸ ਦਾ ਆਮ ਅਰਥ ਸਪੁਰਦਗੀ ਹੈ। ਸਪੁਰਦਗੀ ਵਿਚ ਬਦਲੀ ਦੇ ਭਾਵ ਸਮਝੇ ਜਾ ਸਕਦੇ ਹਨ। ਕਿਸੇ ਦੇ ਅੱਗੇ ਕੋਈ ਚੀਜ਼ ਸਪੁਰਦ ਕਰਨ ਦਾ ਮਤਲਬ ਹੈ, ਉਸ ਚੀਜ਼ ਨੂੰ ਆਪਣੇ ਸਥਾਨ ਤੋਂ ਬਦਲਿਆ ਗਿਆ ਹੈ। ਗੁਰਬਾਣੀ ‘ਚੋਂ ਮਿਸਾਲ ਲੈਂਦੇ ਹਾਂ, “ਹਰਿ ਭਗਤਾ ਹਵਾਲੈ ਹੋਤਾ॥” (ਗੁਰੂ ਅਰਜਨ ਦੇਵ) ਅਰਥਾਤ ਉਹ ਖਜ਼ਾਨਾ ਭਗਤਾਂ ਦੇ ਸਪੁਰਦ ਹੋਇਆ ਹੈ। ਜਦੋਂ ਅਸੀਂ ਕਿਸੇ ਕਥਨ ਦੀ ਪੁਸ਼ਟੀ ਲਈ ਕਿਸੇ ਲਿਖਤ ਦਾ ਹਵਾਲਾ ਦਿੰਦੇ ਹਾਂ ਤਾਂ ਇਸ ਦਾ ਭਾਵ ਹੁੰਦਾ ਹੈ ਕਿ ਉਸ ਕਥਨ ਨੂੰ ਕਿਸੇ ਲਿਖਤ ਦੇ ਸਪੁਰਦ ਕੀਤਾ ਜਾ ਰਿਹਾ ਹੈ।
ਗੈਰ-ਕਾਨੂੰਨੀ ਢੰਗ ਨਾਲ ਦੂਜੇ ਨੂੰ ਧਨ ਭੇਜਣ ਦੇ ਅਰਥਾਂ ਵਿਚ ਵੀ ਹਵਾਲਾ ਸ਼ਬਦ ਦੀ ਵਰਤੋਂ ਹੁੰਦੀ ਹੈ। ਧਨ ਲੈਣ-ਦੇਣ ਦੇ ਧੰਦੇ ਵਿਚ ਦਲਾਲਾਂ ਦਾ ਇਕ ਪੂਰਾ ਜਾਲ ਹੁੰਦਾ ਹੈ। ਇਨ੍ਹਾਂ ਨੂੰ ਹਵਾਲਦਾਰ ਵੀ ਕਹਿੰਦੇ ਹਨ। ਬੋਲਚਾਲ ਵਿਚ ਅਸੀਂ ਇਨ੍ਹਾਂ ਨੂੰ ਬਲੈਕੀਏ ਆਖਦੇ ਹਾਂ। 1991 ਵਿਚ ਭਾਰਤ ਵਿਚ ਕੋਈ ਦੋ ਕਰੋੜ ਡਾਲਰ ਦਾ ਬਹੁਤ ਵੱਡਾ ਹਵਾਲਾ ਸਕੈਂਡਲ ਹੋਇਆ ਸੀ। ਅਡਵਾਨੀ, ਵੀæਸੀæ ਸ਼ੁਕਲਾ, ਸ਼ਿਵ ਸ਼ੰਕਰ, ਸ਼ਰਦ ਯਾਦਵ, ਬਲਰਾਮ ਜਾਖੜ, ਮਦਨ ਲਾਲ ਖੁਰਾਣਾ ਸਮੇਤ ਕਈ ਵੱਡੇ ਸਿਆਸਤਦਾਨਾਂ ‘ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ ਹਵਾਲਾ ਦਲਾਲਾਂ ਰਾਹੀਂ ਬਹੁਤ ਸਾਰਾ ਧਨ ਹਥਿਆਇਆ ਸੀ। ਹਵਾਲੇ ਦਾ ਇਹ ਧੰਦਾ ਬੈਂਕਾਂ ਦੇ ਸਮਾਨੰਤਰ ਅਤੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਵਿਤੀ ਪ੍ਰਣਾਲੀ ਤੋਂ ਲਾਂਭੇ ਹੋ ਕੇ ਚਲਦਾ ਹੈ ਤੇ ਪੂਰੀ ਤਰ੍ਹਾਂ ਵਿਚੋਲਿਆਂ ਦੇ ਵਿਸ਼ਵਾਸ ਅਤੇ ਕਾਰਜ-ਕੁਸ਼ਲਤਾ ‘ਤੇ ਆਧਾਰਤ ਹੈ। ਅਸਲ ਵਿਚ ਇਸ ਤਰ੍ਹਾਂ ਦੇ ਹਵਾਲਾ ਕਾਰੋਬਾਰ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਰਤ ਵਿਚ ਇਹ ਪ੍ਰਣਾਲੀ ਮੁਸਲਮਾਨੀ ਦੌਰ ਵਿਚ ਪ੍ਰਚਲਿਤ ਹੋਈ। ਫਰਾਂਸ ਅਤੇ ਇਟਲੀ ਦੇ ਕਾਨੂੰਨਾਂ ਵਿਚ ਕ੍ਰਮਵਾਰ ਅਵਅਲ ਅਤੇ ਅਵਅਲਲੋ ਪਦ ਆਉਂਦੇ ਹਨ ਜੋ ਕਰਜ਼ੇ ਦੇ ਤਬਾਦਲੇ ਦੇ ਸੰਕੇਤਕ ਹਨ। ਕੁਝ ਭਾਸ਼ਾ-ਵਿਗਿਆਨੀਆਂ ਅਨੁਸਾਰ ਇਹ ਸ਼ਬਦ ਅਰਬੀ ਹਵਾਲਾ ਤੋਂ ਬਣੇ ਹਨ।
ਪੁਰਾਣੇ ਜ਼ਮਾਨੇ ਵਿਚ ਹਕੂਮਤ ਦੀ ਤਰਫੋਂ ਟੈਕਸ ਵਸੂਲਣ ਲਈ ਜੋ ਅਫਸਰ ਨਿਯੁਕਤ ਕੀਤੇ ਜਾਂਦੇ ਸਨ, ਉਨ੍ਹਾਂ ਨੂੰ ਹਵਾਲਦਾਰ ਕਿਹਾ ਜਾਂਦਾ ਸੀ, ਜਾਣੋਂ ਟੈਕਸ ਉਨ੍ਹਾਂ ਦੇ ਹਵਾਲੇ ਕੀਤੇ ਜਾਂਦੇ ਸਨ। ਅੱਜ ਕਲ੍ਹ ਪੁਲਿਸ ਵਿਚ ਵੀ ਹਵਾਲਦਾਰ ਹੁੰਦੇ ਹਨ, ਮੁਜਰਮ ਜਿਨ੍ਹਾਂ ਦੇ ਹਵਾਲੇ ਕੀਤੇ ਜਾਂਦੇ ਹਨ। ਫੌਜ ਦੇ ਹੌਲਦਾਰ ਦੇ ਸਪੁਰਦ ਵੀ ਇਕ ਸੈਨਾ ਟੁਕੜੀ ਹੁੰਦੀ ਹੈ। ਹੌਲਦਾਰ ਸ਼ਬਦ ਹਵਾਲਦਾਰ ਦਾ ਹੀ ਵਿਗੜਿਆ ਰੂਪ ਹੈ। ਹਵਲ ਦੇ ਅੱਗੇ ਅਰਬੀ ਧਾਤੂ ḔਮḔ ਲੱਗ ਕੇ ਮਾਹੌਲ ਸ਼ਬਦ ਬਣ ਗਿਆ ਜਿਸ ਦਾ ਅਰਥ ਹੈ, ਚੁਗਿਰਦਾ, ਪਰਿਵੇਸ਼, ਆਲ-ਦੁਆਲਾ। ਦਰਅਸਲ ਇਥੇ ਆਲੇ-ਦੁਆਲੇ ਦੀ ਦਸ਼ਾ ਦਾ ਹੀ ਭਾਵ ਹੈ।