ਕਾਨਾ ਸਿੰਘ ਨੇ ਐਤਕੀਂ ਸ਼ਿਵ ਕੁਮਾਰ ਬਟਾਲਵੀ ਅਤੇ ਉਹਦੀ ਸ਼ਾਇਰੀ ਬਾਰੇ ਦੋ ਗੱਲਾਂ ਸਾਂਝੀਆਂ ਕੀਤੀਆਂ ਹਨ। ਮੁੰਬਈ ਵਰਗੇ ਸ਼ਹਿਰ ਵਿਚ ਪੰਜਾਬੀ ਲਈ ਤਰਸਦੀ ਲੇਖਕਾ ਨੂੰ ਸ਼ਿਵ ਦੀ ਸ਼ਾਇਰੀ ਮਾਨੋ ਰੱਬ ਬਣ ਕੇ ਬਹੁੜਦੀ ਹੈ ਅਤੇ ਉਹ ਆਪਣੇ ਚੇਤੇ ਦੀਆਂ ਤਹਿਆਂ ਫਰੋਲਣ ਲਗਦੀ ਹੈ।
ਅਸੀਂ ਸ਼ਿਵ ਬਟਾਲਵੀ ਦੇ ਜਨਮ ਦਿਨ (23 ਜੁਲਾਈ) ਮੌਕੇ ‘ਉਲੀ ਲਹਿਣ ਲੱਗੀ’ ਨਾਂ ਦਾ ਇਹ ਲੇਖ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ
ਕਾਨਾ ਸਿੰਘ
ਸ਼ਿਵ ਬਟਾਲਵੀ ਨਾਲ ਮੇਰੀ ਇਕ, ਤੇ ਇਕੋ ਇਕ ਮੁਲਾਕਾਤ ਨਾਨਕ ਸਿੰਘ ਨਾਵਲਕਾਰ ਦੇ ਘਰ ਹੋਈ। ਸ਼ਾਇਦ ਸੰਨ 1960 ਜਾਂ 61 ਹੋਵੇ। ਉਦੋਂ ਮੇਰੀਆਂ ਨਜ਼ਮਾਂ ਤੇ ਕਹਾਣੀਆਂ ਕਾਨਾ ਜੀਤੀ ਦੇ ਨਾਂ ਨਾਲ ਹੋਰ ਮਾਸਕ ਪੱਤਰਾਂ ਤੋਂ ਇਲਾਵਾ ਨਾਨਕ ਸਿੰਘ ਸੰਪਾਦਿਤ ‘ਲੋਕ-ਸਾਹਿਤ’ ਵਿਚ ਵੀ ਛਪਦੀਆਂ ਸਨ।
ਰਚਨਾਵਾਂ ਸਬੰਧੀ ਖਤੋ-ਖਤਾਬਤ ਕੰਵਲਜੀਤ ਸੂਰੀ ਕਰਦਾ ਸੀ, ਨਾਨਕ ਸਿੰਘ ਦਾ ਸਪੂਤ ਤੇ ਮੇਰਾ ਮੂੰਹ-ਬੋਲਾ ਭਾਈ, ਵੀਰ।
ਪਹਿਲੀ ਅੰਮ੍ਰਿਤਸਰ ਫੇਰੀ ਦੌਰਾਨ ਅਚਾਨਕ ਹੀ ਹਰਿਮੰਦਰ ਸਾਹਿਬ ਵਿਚ ਕੰਵਲਜੀਤ ਨਾਲ ਮੇਲ ਹੋਇਆ ਤੇ ਫਿਰ ਉਸ ਨਾਲ ਗਈ ਦਾ ਉਨ੍ਹਾਂ ਦੇ ਅੰਮ੍ਰਿਤਸਰ ਦੇ ਭੀੜੀ ਗਲੀ ਵਾਲੇ ਘਰ ਵਿਚ ਸ਼ਿਵ ਬਟਾਲਵੀ ਨਾਲ ਵੀ। ਉਦੋਂ ਅਸਾਂ ਇਕ ਦੂਜੇ ਦਾ ਨਾਂ ਪਰਚਿਆਂ ਵਿਚ ਹੀ ਵੇਖਿਆ ਪੜ੍ਹਿਆ ਸੀ। ਮੈਂ ਸ਼ਿਵ ਨੂੰ ਆਪਣੀ ਨਵ-ਰਚਿਤ ਪੋਠੋਹਾਰੀ ਨਜ਼ਮ ‘ਹੱਥ ਕੰਘਣੀ’ ਸੁਣਾਈ ਤੇ ਸ਼ਿਵ ਨੇ ‘ਪੀੜਾਂ ਦਾ ਪਰਾਗਾ’। ਸ਼ਿਵ ਨੇ ਮੇਰੀ ਸ਼ਬਦ-ਘਾੜ ‘ਹੱਥ ਕੰਘਣੀ’ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਛੇਤੀ ਹੀ ਸ਼ਿਵ ਦਾ ਕਾਵਿ ਸੰਗ੍ਰਹਿ ‘ਪੀੜਾਂ ਦਾ ਪਰਾਗਾ’ ਆ ਗਿਆ। ਮੈਂ ਦਿੱਲੀ ਯੂਨੀਵਰਸਿਟੀ ਵਿਚ ਐਮæ ਏæ (ਪੰਜਾਬੀ) ਦੀ ਵਿਦਿਆਰਥਣ ਸਾਂ। ਫਖ਼ਰ ਨਾਲ ਆਪਣੇ ਸਹਿਪਾਠੀਆਂ ਨੂੰ ਦੱਸਦੀ ਕਿ ਸ਼ਿਵ ਨੂੰ ਮੈਂ ਮਿਲ ਚੁੱਕੀ ਹਾਂ।
ਹੁਣ ਸ਼ਿਵ ਦਾ ਜਾਦੂ ਅਸਾਂ ਸਾਰਿਆਂ ‘ਤੇ ਸਵਾਰ ਸੀ।
ਸਤੰਬਰ 1962 ਵਿਚ ਮੇਰੀ ਸ਼ਾਦੀ ਹੋ ਗਈ। ਮੈਂ ਮੁੰਬਈ ਵਸ ਗਈ। ਮੇਰੇ ਪਤੀ ਜਿਨ੍ਹਾਂ ਨੂੰ ਮੰਗਣੀ ਤੋਂ ਪਹਿਲਾਂ ਮਿੱਥੀ ਮੁਲਾਕਾਤ ਦੌਰਾਨ ਮੈਂ ਆਪਣਾ ਪੰਜਾਬੀ ਸਾਹਿਤ ਨਾਲ ਲਗਾਓ ਦੱਸ ਚੁੱਕੀ ਸਾਂ, ਤੇ ਆਪਣੀਆਂ ਨਜ਼ਮਾਂ ਸੁਣਾ ਕੇ ਉਨ੍ਹਾਂ ਦੀ ਵਾਹ ਵਾਹ ਵੀ ਖੱਟ ਚੁੱਕੀ ਸਾਂ, ਵਿਆਹ ਮਗਰੋਂ ਤੁਰੰਤ ਹੀ ਉਹ ਪੰਜਾਬੀ ਸਾਹਿਤ ਨੂੰ ਲੱਚਰ ਸਾਹਿਤ ਅਤੇ ਪੰਜਾਬੀ ਬੋਲੀ, ਖ਼ਾਸ ਕਰ ਕੇ ਮੇਰੀ ਪੋਠੋਹਾਰੀ ਜ਼ੁਬਾਨ ਨੂੰ ਪੇਂਡੂ ਆਖ ਆਖ ਕੇ ਨਿੰਦਣ ਲੱਗੇ। ਉਹ ਪੰਜਾਂ ਬਾਣੀਆਂ ਦਾ ਪਾਠ ਵੀ ਉਰਦੂ ਦੇ ਗੁਟਕੇ ਵਿਚੋਂ ਕਰਦੇ ਸਨ। ਹੋਣ ਵਾਲੇ ਬੱਚਿਆਂ ਨਾਲ ਮਾਂ ਬੋਲੀ ਵਿਚ ਗੱਲ ਕਰਨ ਦੀ ਮੈਨੂੰ ਮਨਾਹੀ ਹੋ ਗਈ ਸੀ ਭਾਵੇਂ ਉਹ ਆਪ ਅੰਗਰੇਜ਼ੀ ਬੋਲਣ ਦੀ ਮੁਹਾਰਤ ਨਹੀਂ ਸਨ ਰੱਖਦੇ ਤੇ ਮੁੰਬਈਆ ਹਿੰਦੀ-ਨੁਮਾ ਭਾਸ਼ਾ ਹੀ ਉਨ੍ਹਾਂ ਨੂੰ ਵਧੇਰੇ ਮਾਫ਼ਕ ਸੀ।
ਬੱਚੇ ਪੈਦਾ ਹੋਏ, ਛੇ ਸਾਲਾਂ ਵਿਚ ਦੋ। ਮੁੰਬਈ ਦੇ ਕਾਨਵੈਂਟ ਸਕੂਲਾਂ ਵਿਚ ਅੰਗਰੇਜ਼ੀ ਦਾ ਸੰਚਾਰ ਲਾਜ਼ਮੀ ਹੋਣ ਕਾਰਨ ਮੈਂ ਵੀ ਉਨ੍ਹਾਂ ਨਾਲ ਅੰਗਰੇਜ਼ੀ ਮਾਧਿਅਮ ਨਾਲ ਗੱਲਬਾਤ ਕਰਦੀ। ਅਸਾਂ ਮਾਪਿਆਂ ਦੀ ਆਪਸੀ ਬਾਤ-ਚੀਤ ਪੰਜਾਬੀ ਵਿਚ ਹੋਣੀ ਕੁਦਰਤੀ ਸੀ। ਵਕਤ ਪਾ ਕੇ ਸਾਡੇ ਬਾਲਕ ਹਿੰਦੀ, ਅੰਗਰੇਜ਼ੀ ਅਰ ਪੰਜਾਬੀ ਦੇ ਨਾਲ ਨਾਲ ਗੁਜਰਾਤੀ, ਮਰਾਠੀ ਅਤੇ ਸਿੰਧੀ ਨੂੰ ਵੀ ਮੂੰਹ ਮਾਰਨ ਲੱਗੇ। ਲਿਖਣਾ ਪੜ੍ਹਨਾ ਤਾਂ ਕੀ, ਮੈਂ ਪੰਜਾਬੀ ਬੋਲਣ ਲਈ ਵੀ ਤਰਸ ਜਾਂਦੀ। ਮੁੰਬਈ ਵਿਚ ਹੀ ਰਹਿੰਦੀਆਂ ਭੈਣਾਂ, ਮਾਸੀਆਂ, ਚਾਚੀਆਂ ਨੂੰ ਮਿਲਦਿਆਂ ਮੂੰਹੋਂ-ਮੂੰਹ ਪੋਠੋਹਾਰੀ ਬੋਲ ਕੇ ਜੀਭ ਦੀ ਉਲੀ ਲਾਹੁੰਦੀ ਨੂੰ ਰੱਜ ਨਾ ਆਉਂਦਾ।
ਫ਼ਿਲਮਾਂ ਦੇ ਸ਼ੌਕੀਨ, ਮੇਰੇ ਡਾਕਟਰ ਪਤੀ ਦਾ ਬਾਹਲਾ ਉਠਣ-ਬੈਠਣ ਫਿਲਮੀ ਲੋਕਾਂ ਨਾਲ ਹੀ ਸੀ। ਬਹੁਤੇ ਮਰੀਜ਼ ਵੀ ਫਿਲਮਾਂ ਦੇ ਸਥਾਪਤ, ਪ੍ਰਵਾਨਤ ਜਾਂ ਜਦੋਜਹਿਦ ਕਰ ਰਹੇ ਡਾਇਰੈਕਟਰ, ਸੰਗੀਤ ਨਿਰਦੇਸ਼ਕ, ਸੰਵਾਦ ਲੇਖਕ, ਗੀਤਕਾਰ, ਕਲਾਕਾਰ ਜਾਂ ਐਕਸਟਰਾ ਹੀ ਹੁੰਦੇ।
ਦਵਾਖ਼ਾਨੇ ਦਾ ਟਾਈਮ ਹੁੰਦਾ ਸੀ ਛੇ ਤੋਂ ਨੌਂ। ਰੋਜ਼ ਜਿਉਂ ਜਿਉਂ ਸ਼ਾਮ ਤੋਂ ਰਾਤ ਹੋਣ ਲੱਗਦੀ, ਆਮ ਗਾਹਕ ਭੁਗਤਦੇ ਜਾਂਦੇ ਤੇ ਫਿਲਮ ਇੰਡਸਟਰੀ ਨਾਲ ਜੁੜੇ ਗਾਹਕ, ਮਿੱਤਰ ਜਾਂ ਚਮਚੇ ਵਧਦੇ ਜਾਂਦੇ। ਫਿਲਮੀ ਸ਼ੋਸ਼ਿਆਂ ਦੇ ਨਾਲ ਨਾਲ ਸ਼ੇਅਰੋ ਸ਼ਾਇਰੀ ਵੀ ਚਲਦੀ ਰਹਿੰਦੀ ਅਤੇ ਚਾਹ ਦੇ ਕੱਪਾਂ ਨਾਲ ਟੀਕੇ ਦਵਾਈਆਂ ਵੀ।
ਰਾਤੀਂ ਨੌਂ-ਦਸ ਵਜੇ ਮੈਨੂੰ ਡਿਸਪੈਂਸਰੀ ਪੁੱਜਣ ਲਈ ਫੋਨ ਆਉਂਦਾ; ਤਫ਼ਰੀਹ ਕਰਨ ਲਈ, ਜੁਹੂ ਤੱਟ ਦੀ ਸੈਰ ਕਰਨ ਲਈ ਜਾਂ ਮਰੀਜ਼ਾਂ ਨੂੰ ਘਰ ਵੇਖਣ ਜਾਣ ਲਈ ਪਤੀ ਦਾ ਸਾਥ ਦੇਣ ਲਈ।
ਵਿਆਹ ਦੀ ਵੀਹਵੀਂ ਵਰ੍ਹੇਗੰਢ ਸੀ। ਫੋਨ ਆਇਆ।
“ਚੰਗੀ ਤਰ੍ਹਾਂ ਤਿਆਰ ਹੋ ਕੇ ਆ ਜਾ। ਅੱਜ ‘ਸੀ ਰੌਕ’ ਹੋਟਲ ਵਿਚ ਡਿਨਰ ਕਰਾਂਗੇ।”
ਚਾਈਂ ਚਾਈਂ ਪੈਰ ਪਾਇਆ ਦਵਾਖ਼ਾਨੇ ਵਿਚ। ਮਿੱਤਰਾਂ ਵਿਚ ਘਿਰੇ ਹੋਏ ਸਨ ਸ੍ਰੀਮਾਨ ਜੀ। ਅੱਖਾਂ ਬੰਦ ਤੇ ‘ਹਾਇ ਹਾਇ’ ‘ਮਾਰ ਸੁਟਿਆ ਈ’ ‘ਸਦਕੇ’ ‘ਵਾਹ ਵਾਹ’ ‘ਜੀਓ’ ਕਰ ਕਰ ਝੂਮਦੇ।
ਚਿਤਰਾ ਤੇ ਜਗਜੀਤ ਦੀ ਆਵਾਜ਼ ਵਿਚ ਕੈਸੇਟ ਲੱਗੀ ਹੋਈ ਸੀ:
ਮਾਏ ਨੀ ਮਾਏ
ਮੈਂ ਇਕ ਸ਼ਿਕਰਾ ਯਾਰ ਬਣਾਇਆæææ।
ਇਹ ਮੇਰਾ ਗੀਤ ਕਿਸੇ ਨਾ ਗਾਣਾæææ।
ਇਕ ਕੁੜੀ ਜਿਦ੍ਹਾ ਨਾਮ ਮੁਹੱਬਤæææ।
ਅਸਾਂ ਤਾਂ ਜੋਬਨ ਰੁੱਤੇ ਮਰਨਾæææ।
ਯਾਰੜਿਆਂ ਰੱਬ ਕਰ ਕੇ ਮੈਨੂੰ
ਪੈਣ ਬ੍ਰਿਹੋਂ ਦੇ ਕੀੜੇ ਵੇ,
ਨੈਣਾਂ ਦੇ ਦੋ ਸੰਦਲੀ ਬੂਹੇ
ਜਾਣ ਸਦਾ ਲਈ ਭੀੜੇ ਵੇæææ।
ਇਕ ਪਾਸੇ ਸ਼ਿਵ ਤੇ ਦੂਜੇ ਪਾਸੇ ਮੇਰੀ ਸ਼ਾਦੀ ਦੀ ਵਰ੍ਹੇਗੰਢ ਦਾ ਜਸ਼ਨ ਬ੍ਰਿਹਾ ਦੇ ਕੀੜਿਆਂ ਨਾਲ ਮਨਾਇਆ ਜਾ ਰਿਹਾ, ਹੱਸਾਂ ਕਿ ਰੋਵਾਂ?
ਪਤੀ ਦੇਵ ਨੇ ਪਹਿਲੀ ਵਾਰ ਹੀ ਸ਼ਿਵ ਦਾ ਨਾਂ ਸੁਣਿਆ ਸੀ ਅਤੇ ਧੁਰ ਅੰਦਰ ਤਕ ਕੀਲੇ ਗਏ ਸਨ ਤੇ ਮੈਂ ਯਾਦਾਂ ਦੇ ਝੁਰਮੁਟ ਵਿਚ ਇੰਜ ਫਸੀ ਹੋਈ ਸਾਂ ਜਿਵੇਂ ਚੱਕਰਵਿਊ ਵਿਚ ਅਭਿਮੰਨਿਊ!
ਉਧਰ ਸ਼ਿਵ ਦੀ ਕੈਸੇਟ ਚਲਦੀ ਰਹੀ, ਇਧਰ ਮੇਰੀ, ਤੇ ਇਸ ਤਰ੍ਹਾਂ ਮਨਾਈ ਅਸਾਂ ਸ਼ਾਦੀ ਦੀ ਵਰ੍ਹੇਗੰਢ।
ਸ਼ਿਵ ਬਟਾਲਵੀ ਦੇ ਦੀਵਾਨੇ ਹੋਏ ਸ੍ਰੀਮਾਨ ਜੀ ਹੁਣ ਪੰਜਾਬੀ ਬੋਲੀ ਨੂੰ ਨਿੰਦਦੇ ਵੀ ਤਾਂ ਕਿਸ ਮੂੰਹ ਨਾਲ!
‘ਜੀਓ ਸ਼ਿਵ ਜੀਓæææਸਦਕੇ ਕੁਰਬਾਨæææਇਹੋ ਜਿਹਾ ਕੁਝ ਤੜਫਦਾ ਲਿਖੇਂ ਤਾਂ ਮੰਨਾਂ ਕਿ ਤੂੰ ਵੀ ਕਵਿੱਤਰੀ ਏਂæææਉਫ਼! ਹਾਇ ਹਾਇæææ।’
ਤੇ ਹੁਣ ਸ੍ਰੀਮਾਨ ਜੀ ਸ਼ਿਵ ਦੀ ਹੋਰ ਕਵਿਤਾ ਸੁਣਨੀ ਚਾਹੁੰਦੇ, ਹੋਰ ਹੋਰ ਹੋਰæææ।
ਦੂਜੇ ਦਿਨ ਹੀ ਮੈਂ ਕਿੰਗ ਸਰਕਲ ਲਈ ਰਵਾਨਾ ਹੋ ਗਈ। ਖ਼ਾਲਸਾ ਕਾਲਜ ਦੀ ਲਾਇਬਰੇਰੀ ਫਰੋਲੀ ਤੇ ਚੁੱਕ ਲਿਆਈ ‘ਪੀੜਾਂ ਦਾ ਪਰਾਗਾ।’ ਪੜ੍ਹ ਕੇ ਸੁਣਾਉਣ ਲੱਗੀ।
ਹੁਣ ਖ਼ਾਲਸਾ ਕਾਲਜ ਦੇ ਚੱਕਰ ਮਤਵਾਤਰ ਹੋਣ ਤੇ ਵਧਣ ਲੱਗੇ। ਕਦੇ ਸ਼ਿਵ, ਕਦੇ ਅੰਮ੍ਰਿਤਾ, ਕਦੇ ਡਾæ ਹਰਿਭਜਨ ਸਿੰਘ ਤੇ ਕਦੇ ਬਾਵਾ ਬਲਵੰਤ। ਹੁਣ ਮੈਨੂੰ ਖੁੱਲ੍ਹੀ ਛੁੱਟੀ ਮਿਲ ਗਈ ਸੀ ਪੰਜਾਬੀ ਪੜ੍ਹਨ ਤੇ ਲਿਖਣ ਦੀ।
ਹੌਲੀ ਹੌਲੀ ਮੇਰੀ ਜ਼ੁਬਾਨ ਦੀ ਉੱਲੀ ਲਹਿਣ ਲੱਗੀ ਅਤੇ ਕਲਮ ਹਰਕਤ ਕਰਨ ਲੱਗੀ।
ਛੇਤੀ ਹੀ ਮੈਥੋਂ ਸਿਰਜ ਹੋ ਗਈਆਂ ਨਜ਼ਮਾਂ ‘ਰੱਖ ਛੱਡੀ’, ‘ਬਣ ਜਾ ਗੁਆਂਢੀ’, ‘ਸਾਥ ਵਡੇਰਾ’ ਤੇ ਫਿਰ ਹੋਰ ਹੋਰ ਹੋਰæææਜਿਵੇਂ ਹੜ੍ਹ ਹੀ ਆ ਗਿਆ ਹੋਵੇ।
ਸ਼ੁਕਰੀਆ ਸ਼ਿਵ!
ਸਦਕੇ ਕੁਰਬਾਨ!!
ਸੁਬਹਾਨ ਅੱਲਾਹ!!!