ਨੌਜਵਾਨ ਰੰਗਕਰਮੀ ਸੈਮੂਅਲ ਜੌਹਨ ਦਾ ਰੰਗ-ਮੰਚ ਇਕ ਦਮ ਧਿਆਨ ਖਿੱਚਦਾ ਹੈ। ਉਹਨੇ ਦਰਸ਼ਕਾਂ ਦੀ ਉਡੀਕ ਨਹੀਂ ਕੀਤੀ, ਸਗੋਂ ਖੁਦ ਉਨ੍ਹਾਂ ਦੇ ਵਿਹੜੇ ਜਾ ਵੜਿਆ ਹੈ। ਉਹਦੇ ਨਾਟਕਾਂ ਵਿਚ ਧੜਕਦੀ, ਤੜਫਦੀ ਤੇ ਮੜ੍ਹਕਦੀ ਜ਼ਿੰਦਗੀ ਦੀਆਂ ਬਾਤਾਂ ਹਨ। ਉਹਦਾ ਨਾਟਕ ਦੇਖ ਕੇ ਜ਼ਿਹਨ ਵਿਚ ਕੋਈ ਚਿਣਗ ਫੁੱਟਦੀ ਹੈ, ਖੌਰੂ ਪਂੈਦਾ ਹੈ। ਇਹ ਨਾਟਕ ਦਰੜੇ ਜਾ ਰਹੇ ਲੋਕਾਂ ਲਈ ਹੋਕਾ ਹਨ। ਹੁਣੇ ਜਿਹੇ ਉਹ ਕੈਨੇਡਾ ਵਿਚ ਆਪਣੀ ਕਲਾ ਦਾ ਜਲੌਅ ਦਿਖਾ ਕੇ ਆਇਆ ਹੈ।
ਕੈਨੇਡਾ ਵੱਸਦੇ ਨੌਜਵਾਨ ਕਹਾਣੀਕਾਰ ਹਰਪ੍ਰੀਤ ਸੇਖਾ ਨੇ ਉਹਦੇ ਨਾਟਕਾਂ, ਪਾਤਰਾਂ ਅਤੇ ਉਹਦੀ ਜ਼ਿੰਦਗੀ ਦੇ ਕੁਝ ਪੱਖਾਂ ਬਾਰੇ ਗੱਲਾਂ-ਬਾਤਾਂ ਆਪਣੀ ਇਸ ਮੁਲਾਕਾਤ ਵਿਚ ਕੀਤੀਆਂ ਹਨ। ਇਸ ਮੁਲਾਕਾਤ ਵਿਚ ਨਾਟਕ ਕਲਾ ਤੇ ਹਕੀਕਤਾਂ ਦੇ ਨਾਲ ਨਾਲ ਆਮ ਲੋਕਾਂ ਅਤੇ ਉਨ੍ਹਾਂ ਦੇ ਸਰੋਕਾਰਾਂ ਬਾਰੇ ਬੜੀਆਂ ਅਹਿਮ ਗੱਲਾਂ ਛੋਹੀਆਂ ਗਈਆਂ ਹਨ। -ਸੰਪਾਦਕ
ਰੰਗਕਰਮੀ ਸੈਮੂਅਲ ਜੌਹਨ ਨਾਲ ਗੱਲਾਂ-ਬਾਤਾਂ
ਹਰਪ੍ਰੀਤ: ਜੇ ਸੈਮੂਅਲ ਦਲਿਤ ਵਿਹੜੇ ਵਿਚ ਨਾ ਪੈਦਾ ਹੋਇਆ ਹੁੰਦਾ, ਫਿਰ ਵੀ ਉਹਨੇ ਅਜਿਹੇ ਨਾਟਕ ਦਲਿਤ ਵਿਹੜਿਆਂ ਵਿਚ ਜਾ ਜਾ ਕੇ ਖੇਡਣੇ ਸਨ?
ਸੈਮੂਅਲ: ਮੈਨੂੰ ਲਗਦਾ ਹੈ ਕਿ ਸਮਝ ਨਾਲ ਬਹੁਤ ਫਰਕ ਪੈਂਦਾ ਹੈ। ਬਚਪਨ ਵਿਚ ਸਮਝ ਨਹੀਂ ਸੀ। ਦਿਹਾੜੀ ਗਿਆਂ ਤੋਂ ਆਪਣਾ ਭਾਂਡਾ ਨਾਲ ਲੈ ਕੇ ਜਾਂਦੇ ਸੀ। ਰੋਟੀ ਵੀ ਦੂਰੋਂ ਹੱਥ ‘ਤੇ ਸੁੱਟਦੇ ਸੀ। ਉਦੋਂ ਇਹ ਗੱਲਾਂ ਤੰਗ ਨਹੀਂ ਸੀ ਕਰਦੀਆਂ। ਹੁਣ ਜਦੋਂ ਸਮਝ ਪਈ ਤਾਂ ਇਹ ਗੱਲਾਂ ਤੰਗ ਕਰਦੀਆਂ ਹਨ। ਜਿਹੜੇ ਲੋਕ ਐਨੀ ਮਿਹਨਤ ਕਰਦੇ ਆ, ਉਹ ਢਿੱਡ ਭਰ ਕੇ ਖਾ ਵੀ ਨਹੀਂ ਸਕਦੇ! ਸੋ ਮਸਲਾ ਸਮਝ ਨਾਲ ਜੁੜਿਆ ਹੋਇਐ। ਭਗਤ ਸਿੰਘ ਨੂੰ ਕੀ ਲੋੜ ਸੀ ਇਨਕਲਾਬ ਲਈ ਲੜਨ ਦੀ, ਉਹ ਤਾਂ ਚੰਗੇ ਖਾਂਦੇ-ਪੀਂਦੇ ਘਰ ਵਿਚ ਪੈਦਾ ਹੋਇਆ ਸੀ।
? ਉਸ ਸੈਮੂਅਲ ਦਾ ਬਚਪਨ ਕਿਹੋ-ਜਿਹਾ ਸੀ ਜਿਸ ਨੂੰ ਇਨ੍ਹਾਂ ਗੱਲਾਂ ਦੀ ਹਾਲੇ ਸਮਝ ਨਹੀਂ ਸੀ ਪਈ?
-ਜੰਮਿਆ ਪਲਿਆ ਮੈਂ ਪਿੰਡ ਢਿੱਲਵਾਂ ਕਲਾਂ ਹਾਂ। ਪੰਜਵੀਂ ਤੱਕ ਮੈਂ ਨਾਨਕੀਂ ਮੋਰਾਂਵਾਲੀ ਪੜ੍ਹਿਆਂ। ਫਿਰ ਦਸਵੀਂ ਤੱਕ ਪਿੰਡ ਹੀ ਰਿਹਾ। ਨੌਵੀਂ ਵਿਚ ਪੜ੍ਹਦਿਆਂ ਅਸੀਂ ਨਸ਼ਿਆਂ ‘ਤੇ ਨਾਟਕ ਖੇਡਿਆ, ਜਦੋਂ ਹਾਈ ਸਕੂਲਾਂ ਵਿਚ ਦਸਵੀਂ ਜਮਾਤ ਨੂੰ ਵਿਦਾਇਗੀ ਪਾਰਟੀ ਦੇਈਦੀ ਆ। ਨਾਟਕ ਕਰਦਿਆਂ ਮੀਂਹ ਲਹਿ ਪਿਆ। ਮੈਂ ਸਾਰਿਆਂ ਨੂੰ ਹਾਕ ਮਾਰ ਕੇ ਸਕੂਲ ਦੇ ਛਤੜੇ ਜਿਹੇ ‘ਚ ਲੈ ਗਿਆ ਤੇ ਉਥੇ ਈ ਨਾਟਕ ਸ਼ੁਰੂ ਕਰ ਦਿੱਤਾ। ਹੁਣ ਲਗਦਾ ਹੈ ਕਿ ਜਿਹੜੀ ਫੋਰਮ ਹੁਣ ਮੈਂ ਬਣਾ ਰਿਹਾਂ, ਬਚਪਨ ਵਿਚ ਅਚੇਤ ਹੀ ਉਹ ਬਣ ਗਈ ਸੀ। ਦਸਵੀਂ ਤੋਂ ਬਾਅਦ ਮੈਂ ਪੜ੍ਹਨਾ ਨਹੀਂ ਸੀ ਚਾਹੁੰਦਾ, ਨਾਟਕ ਕਰਨੇ ਚਾਹੁੰਦਾ ਸੀ। ਮੇਰਾ ਜੀਅ ਕਰਦਾ ਸੀ ਕਿ ਦਿਨੇ ਖੇਤੀ ਕਰਾਂ, ਰਾਤ ਨੂੰ ਰਿਹਰਸਲਾਂ; ਜਾਂ ਫਿਰ ਆਸੇ-ਪਾਸੇ ਦੇ ਚਾਰ-ਪੰਜ ਪਿੰਡਾਂ ਜਿਵੇਂ ਮੱਲਕੇ, ਸਿਵੀਆਂ, ਬਰਗਾੜੀ ਵਿਚ ਡਰਾਮੇ ਕਰਾਂ। ਫਿਰ ਲੱਗਾ, ਜੇ ਨਾਟਕ ਕਰਨੇ ਆ ਤਾਂ ਪੜ੍ਹਨਾ ਪਊ।
? ਕਿੱਥੇ ਪੜ੍ਹਨ ਲੱਗੇ ਫਿਰ?
-ਕੋਟਕਪੂਰੇ ਭਗਤ ਸਿੰਘ ਕਾਲਜ ਵਿਚ ਬੀ ਏ ਕਰਨ ਲੱਗ ਪਿਆ। ਕਾਲਜ ਵਿਚ ਢਾਈ-ਤਿੰਨ ਸਾਲ ਮੈਨੂੰ ਮੌਕਾ ਨ੍ਹੀਂ ਮਿਲਿਆ ਨਾਟਕ ਕਰਨ ਦਾ। ਸੀਨੀਅਰ ਮੁੰਡੇ ਕਰਦੇ ਸੀ। ਪਿੱਛੋਂ ਜਿਹੇ ਆ ਕੇ ਮੌਕਾ ਮਿਲ ਗਿਆ। ਕੋਟਕਪੂਰੇ ਸਾਡੀ ਨਾਟਕਕਾਰਾਂ ਦੀ ਟੀਮ ਵੀ ਬਣ ਗਈ। ਬੱਚਿਆਂ ਦੇ ਨੁੱਕੜ ਨਾਟਕ ਅਸੀਂ ਕਰਦੇ ਹੁੰਦੇ ਸੀ। ਇਕ ਵਾਰ ਕੋਟਕਪੂਰੇ ਭੰਗੀਆਂ ਦੇ ਵਿਹੜੇ ਵਿਚੋਂ ਲੰਘਿਆ। ਮੀਂਹ ਪੈ ਕੇ ਹਟਿਆ ਸੀ। ਚਰਗਲ ਵੱਜਿਆ ਹੋਇਆ, ਮੱਖੀਆਂ ਭਿਣਕਣ, ਮੁਸ਼ਕ ਮਾਰੇ। ਚਿੱਤ ਵਿਚ ਆਈ, ਇਹ ਲੋਕ ਸਾਰੇ ਸ਼ਹਿਰ ਦਾ ਗੰਦ ਸਾਫ ਕਰਦੇ ਐ, ਆਪ ਇਹ ਕਿੰਨੇ ਗੰਦੇ ਥਾਂ ‘ਤੇ ਰਹਿ ਰਹੇ ਆ। ਸੋਚਿਆ, ਇਥੇ ਨਾਟਕ ਕਰੀਏ, ਪਰ ਨਾਲ ਦੇ ਸਾਥੀ ਡਰ ਗਏ। ਕਹਿੰਦੇ, ਜੇ ਘਰਦਿਆਂ ਨੇ ਦੇਖ ਲਿਆ ਤਾਂ ਛਿਤਰੌਲ ਫੇਰਨਗੇ, ਬਈ ਭੰਗੀਆਂ ਦੀ ਬਸਤੀ ‘ਚ ਫਿਰਦੇ ਆਂ। ਬੰਦੇ ਉਹ ਸਾਰੇ ਹੀ ਵਧੀਆ ਸੀ। ਨਾਟਕ ਟੀਮਾਂ ਵਿਚ ਇਹ ਨ੍ਹੀਂ ਹੁੰਦਾ ਕਿ ਮੈਂ ਉਚੀ ਜਾਤ ਦਾਂ ਜਾਂ ਅਮੀਰ ਹਾਂ। ਬਹੁਤੇ ਮਤਭੇਦ ਨ੍ਹੀਂ ਹੁੰਦੇ, ਖਾਸ ਕਰ ਕੇ ਜਿਹੜੇ ਇਨਕਲਾਬੀ ਵਿਚਾਰਧਾਰਾ ਨਾਲ ਜੁੜੇ ਹੁੰਦੇ ਆ, ਪਰ ਉਨ੍ਹਾਂ ਸਾਥੀਆਂ ਨੂੰ ਬਾਪੂਆਂ ਦਾ ਡਰ ਸੀ। ਸਾਲ ਕੁ ਮੈਂ ਵਿਹਲਾ ਰਿਹਾ। ਫਿਰ 1991 ਵਿਚ ਪਟਿਆਲੇ ਚਲਾ ਗਿਆ। ਥੀਏਟਰ ਐਂਡ ਟੀæਵੀæ ਵਿਚ ਪੰਜਾਬੀ ਯੂਨੀਵਰਸਿਟੀ ਤੋਂ ਐਮæਏæ ਕੀਤੀ। ਫਿਰ ਉਥੇ ਹੀ ਰੈਪਰੇਟਰੀ ਆਰਟਿਸਟ ਹੋ ਗਿਆ ਸੀ। ਦੋ ਕੁ ਸਾਲ ਉਥੇ ਰਿਹਾ।
? ਪਰਿਵਾਰ ਵੱਲੋਂ ਸਹਿਯੋਗ ਮਿਲਦਾ ਸੀ?
-ਮੇਰੇ ਘਰਦੇ ਪੜ੍ਹੇ-ਲਿਖੇ ਨ੍ਹੀਂ। ਪਿਓ ਮੇਰਾ ਸੜਕ ਮਹਿਕਮੇ ਵਿਚ ਬੇਲਦਾਰ ਸੀ। ਉਨ੍ਹਾਂ ਨੂੰ ਇਉਂ ਸੀ, ਬੱਸ ਆਵਦੇ ਹਿਸਾਬ ਨਾਲ ਪੜ੍ਹ-ਲਿਖ ਕੇ ਕਿਸੇ ਕੰਮ ਧੰਦੇ ਲੱਗ ਜਾਵਾਂ। ਉਨ੍ਹਾਂ ਨੇ ਕਦੇ ਪ੍ਰੈਸ਼ਰ ਨ੍ਹੀਂ ਪਾਇਆ। ਮਾੜਾ-ਮੋਟਾ ਜਿਹਾ ਕਹਿ ਦਿੰਦੇ-ਭਾਈ ਸਾਰਾ ਦਿਨ ਨਾਟਕ ਜਏ ਨਾ ਕਰਦਾ ਰਿਹਾ ਕਰ, ਕਿਸੇ ਨੌਕਰੀ ‘ਤੇ ਲੱਗ। ਆਹ ਹੁਣ ਹਟੇ ਆ ਪਿਛਲੇ ਚਾਰ-ਪੰਜ ਸਾਲ ਤੋਂ।
? ਭੈਣ-ਭਰਾ ਵੀ ਗਏ ਸਕੂਲ-ਕਾਲਜ?
-ਮੇਰੀ ਇਕ ਭੈਣ ਆ, ਪਰਮਜੀਤ। ਉਹ ਕੋਟਕਪੂਰੇ ਵਿਆਹੀ ਆ। ਇਕ ਭਰਾ ਰਿਕਸ਼ਾ ਚਲਾਉਂਦੈ, ਮੰਦਰ ਹੈ ਉਹਦਾ ਨਾਂ। ਇਕ ਹੋਰ ਭਰਾ ਗੁਰਮੀਤ ਸਿੰਘ, ਉਹ ਵੀ ਲੇਬਰ ਦਾ ਕੰਮ ਕਰਦੈ। ਮੇਰੀ ਮਾਂ ਹੁਣ ਤੱਕ ਦਿਹਾੜੀ ਜਾ ਕੇ ਕਣਕਾਂ ਵੱਢਦੀ ਰਹੀ ਐ। ਕੋਟਕਪੂਰੇ ਪੜ੍ਹਦਿਆਂ ਮੈਂ ਆਪ ਲੇਬਰ ਕਰਦਾ ਸੀ। ਦਿਹਾੜੀ ਲੱਭਣ ਲਈ ਲੇਬਰ ਚੌਕ ਵਿਚ ਖੜ੍ਹਦਾ ਸੀ। ਉਥੇ ਮੇਰੇ ਜਮਾਤੀ ਮੈਨੂੰ ਚਾਹ-ਪਾਣੀ ਤੱਕ ਦੇ ਜਾਂਦੇ। ਮੈਂ ਕੋਈ ਲੁਕਾਉਂਦਾ ਨ੍ਹੀਂ ਸੀ, ਬਈ ਮੈਂ ਦਿਹਾੜੀ ਜਾਨਾਂ।
? ਨਾਟਕ ‘ਜੂਠ’ ਖੇਡਦਿਆਂ ਜਦੋਂ ਤੁਸੀਂ ਡਾਇਲਾਗ ਬੋਲਦੇ ਹੋ, ਉਦੋਂ ਤੁਹਾਡੀ ਆਵਾਜ਼ ਵਿਚਲੇ ਦਰਦ ਤੋਂ ਪ੍ਰਭਾਵ ਪੈਂਦਾ ਹੈ ਕਿ ਇਹ ਸੱਲ੍ਹ ਤੁਸੀਂ ਆਪਣੇ ਪਿੰਡੇ ‘ਤੇ ਹੰਢਾਏ ਹੋਣਗੇ।
-ਮਾੜੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਸੀ, ਪਰ ਇਉਂ ਨ੍ਹੀਂ ਸੀ ਕਿ ਜੱਟ ਜਾਂ ਹੋਰ ਉਚੀਆਂ ਜਾਤੀਆਂ ਵਾਲੇ ਡੌਮੀਨੇਟ ਕਰਦੇ ਹੋਣ। ਜੇ ਕੋਈ ਮਾੜੀ ਮੋਟੀ ਹਰਕਤ ਕਰਦਾ ਵੀ ਸੀ, ਤਾਂ ਵਿਹੜੇ ਆਲੇ ਉਹਦੀ ਕੁੱਟ-ਫੈਂਟ ਵੀ ਕਰ ਦਿੰਦੇ। ਕਾਰਨ ਇਹ ਸੀ ਕਿ ਸਾਡੇ ਪਿੰਡ ਵਿਹੜੇ ਆਲਿਆਂ ਕੋਲ ਵੀ ਜ਼ਮੀਨਾਂ ਸਨ। ਇਹ ਨ੍ਹੀਂ ਪਤਾ ਕਿ ਉਨ੍ਹਾਂ ਕੋਲ ਕਿਵੇਂ ਆਈਆਂ। ਮੇਰਾ ਇਕ ਤਾਇਆ ਸੀ ਤੇਜਾ ਸਿੰਘ। ਮੇਰੇ ਦਾਦੇ ਦੇ ਭਰਾ ਦਾ ਮੁੰਡਾ। ਕਾਮਰੇਡ ਸੀ ਉਹ। ਉਹਦੇ ਕੋਲ ਤੀਹ-ਪੈਂਤੀ ਕਿੱਲੇ ਜ਼ਮੀਨ ਸੀ। ਮੇਰੇ ਦਾਦੇ ਕੋਲ ਵੀ ਸੁਣਦੇ ਆਂ ਕਿ ਥੋੜ੍ਹੀ ਬਹੁਤੀ ਜ਼ਮੀਨ ਸੀ, ਪਰ ਖਿਸਕ ਗਈ ਕਿਸੇ ਹਿਸਾਬ।
? ਪਟਿਆਲੇ ਪੜ੍ਹਦਿਆਂ ਕੀ ਸੁਪਨੇ ਸੀ?
-ਕਾਲਜ ਤੱਕ ਮੇਰਾ ਨਿਸ਼ਾਨਾ ਸੀ, ਸਮਾਜਕ ਨਾਟਕ ਕਰਾਂ, ਲੋਕਾਂ ਨੂੰ ਜਾਗ੍ਰਿਤ ਕਰਨ ਵਾਲੇ। ਯੂਨੀਵਰਸਿਟੀ ਪੜ੍ਹਦਿਆਂ ਇਹ ਗੱਲ ਹਾਵੀ ਹੋ ਗਈ ਕਿ ਬੱਸ ਐਕਟਰ ਬਣਾਂ। ਤਕਨੀਕਾਂ ਸਿੱਖੀਆਂ ਐਕਟਿੰਗ ਦੀਆਂ। ਯੂਨੀਵਰਸਿਟੀ ਦੀ ਪੜ੍ਹਾਈ ਨੇ ਮੈਨੂੰ ਸਮਾਜਕ ਕੰਮਾਂ ਨਾਲੋਂ ਤੋੜ ਦਿੱਤਾ। ਉਥੇ ਕੋਈ ਅਜਿਹਾ ਅਧਿਆਪਕ ਵੀ ਨਹੀਂ ਸੀ ਜਿਹੜਾ ਕਲਾ ਰਾਹੀਂ ਸਮਾਜ ਨਾਲ ਜੁੜਨ ਦੀ ਗੱਲ ਕਰਦਾ ਹੋਵੇ। ਮੇਰੇ ਅੰਦਰ ਇਹ ਗੱਲ ਵੀ ਸੀ ਕਿ ਸਿਨਮਾ ਵੀ ਕਰਾਂ, ਪਰ ਮੇਰੀ ਪਰਸਨੈਲਿਟੀ ਬਹੁਤਾ ਥਿਏਟਰ ਕਰਨ ਲਈ ਪ੍ਰੇਰਦੀ ਹੈ।
? ਮੁੜ ਸਮਾਜਕ ਨਾਟਕ ਵੱਲ ਕਿਵੇਂ ਮੁੜੇ?
-ਅਚਾਨਕ ਇਕ ਘਟਨਾ ਵਾਪਰੀ, ਅਯੁੱਧਿਆ ਵਿਚ ਮਸਜਿਦ ਢਾਹੁਣ ਵਾਲੀ। ਮੇਰਾ ਦੋਸਤ ਬਲਰਾਮ ਮੈਨੂੰ ਆਪਣੇ ਨਾਲ ਲੈ ਗਿਆ ਅਯੁੱਧਿਆ ਨੁੱਕੜ ਨਾਟਕ ਕਰਨ। ਉਥੇ ਨਾਟਕ ਕਰਦਿਆਂ ਮੈਨੂੰ ਮੁੜ ਅਹਿਸਾਸ ਹੋਇਆ ਕਿ ਇਹ ਹੈ ਆਰਟਿਸਟ ਦਾ ਧਰਮæææ ਰਹਿਣਯੋਗ ਸਮਾਜ ਦੀ ਉਸਾਰੀ ਲਈ ਕੰਮ ਕਰਨਾ।æææ ਉਸ ਤੋਂ ਬਾਅਦ ਜਦੋਂ ਬੰਬੇ ਗਿਆ, ਇਹ ਅਹਿਸਾਸ ਹੋਰ ਡੂੰਘਾ ਹੋਇਆ। ਉਦੋਂ ਉਥੇ ਦੰਗੇ ਹੋ ਕੇ ਹਟੇ ਸਨ। ਮੈਂ ਬੱਚਿਆਂ ਨਾਲ ਗੱਲਾਂ ਕਰਦਾ। ਇਕ ਦਿਨ ਪੁੱਛਿਆ, ਜਦੋਂ ਦੰਗੇ-ਫਸਾਦ ਹੁੰਦੇ ਆ, ਤੁਸੀਂ ਕੀ ਮਹਿਸੂਸ ਕਰਦੇ ਹੋ? ਉਹ ਕਹਿੰਦੇ, ਅਸੀਂ ਖੇਡ ਨਹੀਂ ਸਕਦੇ। ਕਮਾਲ ਐ ਯਾਰ! ਬੱਚੇ ਖੇਡ ਹੀ ਨਹੀਂ ਸਕਦੇ। ਖੇਡ ਤਾਂ ਜ਼ਿੰਦਗੀ ਹੁੰਦੀ ਐ ਬੱਚਿਆਂ ਦੀ। ਇਸ ਗੱਲ ਨੇ ਮੈਨੂੰ ਬਹੁਤ ਕੁਰੇਦਿਆ। ਇਸ ਬਾਰੇ ਮੈਂ ਨਾਟਕ ਤਿਆਰ ਕੀਤਾ ਤੇ ਨਾਂ ਰੱਖਿਆ ‘ਹਮ ਤੋ ਖੇਲੇਂਗੇ’। ਇਹਦੀ ਵਿਰੋਧੀ ਟੋਨ ਸੀæææਬਈ ਹਮ ਤੋ ਖੇਲੇਂਗੇæææਅਸੀਂ ਕੋਈ ਹਿੰਦੂ ਨ੍ਹੀਂ, ਅਸੀਂ ਕੋਈ ਮੁਸਲਮਾਨ ਨ੍ਹੀਂ। ਇਸ ਨਾਟਕ ਵਿਚ ਪੰਤਾਲੀ ਬੱਚੇ ਸੀ।
? ਮੁੰਬਈ ਜਾਣ ਦਾ ਕੀ ਸਬੱਬ ਬਣਿਆ?
-ਕਿਸੇ ਦੋਸਤ ਨੂੰ ਬੰਬੇ ਲਈ ਗੱਡੀ ਚੜ੍ਹਾਉਣ ਲੁਧਿਆਣੇ ਗਿਆ ਸੀ, ਉਹ ਨਾਲ ਹੀ ਬੰਬੇ ਲੈ ਗਿਆ। ਫਿਲਮਾਂ ਵਿਚ ਕੰਮ ਲੱਭਣ ਲਈ ਮਾੜਾ-ਮੋਟਾ ਭਾਵੇਂ ਕਿਸੇ ਨੂੰ ਮਿਲਿਆ ਹੋਵਾਂ, ਪਰ ਉਸ ਲੈਵਲ ‘ਤੇ ਨ੍ਹੀਂ। ਜਿਵੇਂ ਪਹਿਲਾਂ ਦੱਸਿਆ, ਥਿਏਟਰ ਮੈਨੂੰ ਜ਼ਿਆਦਾ ਖਿੱਚ ਪਾਉਂਦਾ। ਉਥੇ ਪ੍ਰਿਥਵੀ ਥਿਏਟਰ ਵਿਚ ਨਾਟਕ ਦੇਖਣ ਜਾਂਦਾ। ਬੱਚਿਆਂ ਨਾਲ ਨੁੱਕੜ ਨਾਟਕ ਕਰਦਾ ਰਿਹਾ। ਦੋ-ਢਾਈ ਸਾਲ ਰਿਹਾ ਉਥੇ।
? ਰੋਟੀ-ਪਾਣੀ ਦਾ ਕਿਵੇਂ ਚੱਲਦਾ ਸੀ?
-ਜਿਹੜਾ ਦੋਸਤ ਲੈ ਕੇ ਗਿਆ ਸੀ, ਉਹਦੇ ਕੋਲ ਹੀ ਰਹਿੰਦਾ ਸੀ। ਜਦੋਂ ਬੰਬੇ ਨੂੰ ਤੁਰਿਆ, ਅੱਠ ਰੁਪਏ ਸੀ ਕੋਲ। ਬੂਟ ਟੁੱਟੇ ਹੋਏ। ਉਵੇਂ ਹੀ ਰਿਹਾਂ ਉਥੇ। ਘਰੋਂ ਵੀ ਪੈਸੈ ਨਹੀਂ ਮੰਗਵਾਏ। ਇਕ ਫਿਲਮ ਮਿਲ ਗਈ-‘ਢੂੰਡਤੇ ਰਹਿ ਜਾਓਗੇ’। ਛੋਟਾ ਜਿਹਾ ਰੋਲ ਸੀ, ਪਰ ਪੈਸੇ ਚੰਗੇ ਮਿਲ ਗਏ।
? ਜਿਹੜੀਆਂ ਤੁਸੀਂ ਪੰਜਾਬੀ ਫਿਲਮਾਂ ਕੀਤੀਆਂ, ਉਹ ਮੁੰਬਈ ਰਹਿੰਦਿਆਂ ਹੀ ਕੀਤੀਆਂ?
-ਨਹੀਂ, ਉਦੋਂ ਪੰਜਾਬ ਆ ਗਿਆ ਸੀ।
? ਪੰਜਾਬੀ ਫਿਲਮਾਂ ਦਾ ਕੀ ਸਬੱਬ ਬਣਿਆ?
-ਮੇਰੇ ਲਈ ਵਿਸ਼ੇ ਮਹੱਤਵਪੂਰਨ ਹਨ। ਫਿਲਮ ‘ਅੰਨ੍ਹੇ ਘੋੜੇ ਦਾ ਦਾਨ’ ਗੁਰਦਿਆਲ ਸਿੰਘ ਦੇ ਨਾਵਲ ਉਪਰ ਬਣੀ ਹੈ। ਮੈਨੂੰ ਲੱਗਾ, ਜੇ ਕੋਈ ਜਾਤਪਾਤ ਦੇ ਵਿਸ਼ੇ ‘ਤੇ ਇਸ ਤਰ੍ਹਾਂ ਫਿਲਮ ਬਣਾਉਂਦਾ ਹੈ, ਮੈਂ ਉਸ ਵਿਚ ਕੰਮ ਕਰਾਂ। ਪੰਜਾਬ ਤੋਂ ਬਾਹਰ ਦੇ ਬੰਦੇ ਨੇ ਇਹ ਫਿਲਮ ਬਣਾਉਣ ਬਾਰੇ ਸੋਚਿਆ। ਪੰਜਾਬ ਵਾਲੇ ਨੂੰ ਤਾਂ ਇਹ ਨਾਵਲ ਦਿਸਿਆ ਹੀ ਨਹੀਂ। ਮੈਨੂੰ ਲੱਗਾ ਕਿ ਇਹ ਕੰਮ ਵੀ ਮੇਰੇ ਕੰਮ ਨਾਲ ਮਿਲਦਾ-ਜੁਲਦਾ ਹੈ। ਇਵੇਂ ਹੀ ‘ਮਿੱਟੀ’ ਫਿਲਮ ਹੈ, ‘ਆਤੂ ਖੋਜੀ’ ਹੈ।
? ਤੁਹਾਡੀ ਕੰਮ ਕਰਨ ਦੀ ਵਿਧਾ ਬੜੀ ਸਰਲ ਹੈ। ਤੁਸੀਂ ਆਪ ਵੀ ਸਿੱਧੇ ਤੇ ਸਪਸ਼ਟ ਹੋ, ਪਰ ਫਿਲਮ ‘ਅੰਨ੍ਹੇ ਘੋੜੇ ਦਾ ਦਾਨ’ ਬੜੀ ਗੁੰਝਲਦਾਰ ਹੈ, ਇਹ ਫਿਲਮ ਆਮ ਦਰਸ਼ਕ ਵਾਸਤੇ ਤਾਂ ਨਹੀਂæææ।
-ਫਿਲਮ ਦੇ ਡਾਇਰੈਕਟਰ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੈ। ਉਸ ਨੇ ਇਹ ਫਿਲਮ ਇਨਾਮੀ ਮੁਕਾਬਲੇ ਵਾਸਤੇ ਬਣਾਈ ਸੀ। ਮੈਨੂੰ ਬਕਾਇਦਾ ਚੰਗੇ ਪੈਸੇ ਦਿੱਤੇ ਇਸ ਫਿਲਮ ਲਈ। ਮੈਨੂੰ ਪਤਾ ਸੀ ਕਿ ਇਹ ਫਿਲਮ ਆਮ ਦਰਸ਼ਕ ਵਾਸਤੇ ਨਹੀਂ ਹੈ, ਪਰ ਮੇਰੇ ਲਈ ਵਿਸ਼ਾ ਮਹੱਤਵਪੂਰਨ ਸੀ। ਮੇਰੇ ਅੰਦਰਲੇ ਅਦਾਕਾਰ ਲਈ ਵੰਗਾਰ ਸੀ।
? ਇਸ ਫਿਲਮ ਵਿਚ ਕੰਮ ਕਰ ਕੇ ਸੰਤੁਸ਼ਟ ਹੋਏ?
-ਹਾਂ ਬਿਲਕੁਲ। ਵੱਖਰਾ ਤਜਰਬਾ ਸੀ।
? ਮੁੰਬਈ ਤੋਂ ਮੁੜ ਕਿਉਂ ਆਏ?
-ਮੇਰੇ ਇਕ ਮਿੱਤਰ ਨੇ ਚਮਕੌਰ ਸਾਹਿਬ ਬੁਲਾ ਲਿਆ, ਬੱਚਿਆਂ ਦਾ ਨਾਟਕ ਤਿਆਰ ਕਰਨਾ ਸੀ। ਨਾਟਕ ਤਿਆਰ ਕਰਦੇ ਕਰਦੇ ਮਹੀਨਾ ਲੱਗ ਗਿਆ। ਜਦੋਂ ਚਮਕੌਰ ਸਾਹਿਬ ਤੋਂ ਵਾਪਸ ਬੰਬੇ ਮੁੜਨ ਲੱਗਾ ਤਾਂ ਸਾਰੇ ਜਵਾਕ ਇਕੱਠੇ ਹੋ ਕੇ ਰੋਣ ਲੱਗ ਪਏ। ਮੇਰਾ ਮਿੱਤਰ ਕਹਿੰਦਾ, ਤੂੰ ਨਾਟਕ ਹੀ ਕਰਨੇ ਆਂ, ਇਥੇ ਕਰ ਲੈ। ਮੈਂ ਕਿਹਾ ਚੱਲ, ਇਥੇ ਹੀ ਕਰ ਲੈਨੇ ਆਂ। ਆਪਾਂ ਮੁੜ ਕੇ ਬੰਬੇ ਜੁੱਲੀ-ਬਿਸਤਰਾ ਵੀ ਨ੍ਹੀਂ ਚੁੱਕਣ ਗਏ (ਹੱਸਦਾ ਹੈ)।
? ਚਮਕੌਰ ਸਾਹਿਬ ਵਾਲੇ ਨਾਟਕਾਂ ਦੇ ਵਿਸ਼ੇ ਕਿਹੋ ਜਿਹੇ ਸਨ?
-ਚਾਰ ਕੁ ਸਾਲ ਚੇਤਨਾ ਕਲਾ ਮੰਚ ਚਮਕੌਰ ਸਾਹਿਬ ਨਾਲ ਨਾਟਕ ਕਰਦਾ ਰਿਹਾ। ਫਿਰ ਪਟਿਆਲੇ ਆ ਗਿਆ ਤੇ ਆਪਣੀ ਟੀਮ ਬਣਾਈ। ਮੇਰੀ ਪਤਨੀ ਜਸਵਿੰਦਰ ਵੀ ਟੀਮ ਵਿਚ ਸ਼ਾਮਿਲ ਹੋ ਗਈ।
? (ਵਿਚੋਂ ਟੋਕ ਕੇ) ਵਿਆਹ ਕਦੋਂ ਕਰਵਾਇਆ?
– ਪਟਿਆਲੇ ਆ ਕੇ ਹੀ। ਜਸਵਿੰਦਰ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੇਰੀ ਜ਼ਿੰਦਗੀ ਤਾਂ ਨਾਟਕਾਂ ਲਈ ਹੀ ਹੈ। ਘਰ ਦੀ ਹਾਲਤ ਵੀ ਦੱਸੀ ਹੋਈ ਸੀ। ਹੁਣ ਉਹ ਚੰਡੀਗੜ੍ਹ ਟੀਚਰ ਐ।
? ਪਟਿਆਲੇ ਤੁਹਾਡੀ ਟੀਮ ਵਿਚ ਕਿੰਨੇ ਕੁ ਜਣੇ ਹੁੰਦੇ ਸੀ?
-ਦੋ ਮੁੰਡੇ ਹੋਰ ਸੀ। ਜਸਵਿੰਦਰ ਦੀ ਭੈਣ ਵੀ ਪਟਿਆਲੇ ਆ ਗਈ ਸੀ ਥੀਏਟਰ ਦੀ ਐਮæਏæ ਕਰਨ।
? ਪਟਿਆਲਾ ਤੋਂ ਲਹਿਰਾਗਾਗਾ ਜਾਣ ਮਗਰੋ ਪਿੰਡਾਂ ਵਿਚ ਨਾਟਕ ਕਰਨ ਦਾ ਤੌਰ-ਤਰੀਕਾ ਬਦਲਿਆ ਜਾਂ ਪਟਿਆਲੇ ਵਾਂਗ ਨੁੱਕੜ ਨਾਟਕ ਹੀ ਕਰਦੇ ਹੋ?
-ਜਿਉਂ ਜਿਉਂ ਮੈਂ ਨਾਟਕ ਕਰਦਾਂ, ਨਿੱਤ ਨਵਾਂ ਸਿੱਖਦਾਂ। ਪਹਿਲਾਂ ਅਸੀਂ ਵੀਹ-ਪੱਚੀ ਜਣੇ ਹੋ ਗਏ ਸੀ ਟੀਮ ਵਿਚ। ਫਿਰ ਸੋਚਿਆ, ਕਿਵੇਂ ਕੋਈ ਨਿੱਤ ਐਡੀ ਟੀਮ ਦੇ ਨਾਟਕ ਕਰਵਾ ਲਊ? ਇਹ ਵੀ ਸਵਾਲ ਸੀ ਕਿ ਸਿੱਧਾ ਕਿਵੇਂ ਦਰਸ਼ਕਾਂ ‘ਚ ਪਹੁੰਚਿਆ ਜਾਵੇ। ਨਾਟਕ ਕਰਵਾਉਣ ਵਾਲੇ ਵਿਚਲੇ ਬੰਦੇ ‘ਤੇ ਨਿਰਭਰ ਨਾ ਹੋਇਆ ਜਾਵੇ। ਹੌਲੀ ਹੌਲੀ ਟੀਮ ਬਦਲ ਲਈ। ਪੰਜ-ਸੱਤ ਬੰਦਿਆਂ ਤੋਂ ਹੁੰਦਾ ਹੋਇਆ ਮੈਂ ਇਕ-ਦੋ ਬੰਦਿਆ ‘ਤੇ ਆ ਗਿਆ। ਫਿਰ ਦਲਿਤ ਵਿਹੜੇ ਚੁਣ ਲਏ। ਬਿਨਾਂ ਕਿਸੇ ਦੇ ਸੱਦੇ ਆਪ ਹੀ ਚਲੇ ਜਾਣਾ। ਸੱਥਾਂ ਤੋਂ ਬਾਅਦ ਫਿਰ ਕਿਸੇ ਦੇ ਘਰੀਂ ਵੜ ਜਾਈਦੈ। ਥੋੜ੍ਹੀ ਜਿਹੀ ਤਾਂ ਥਾਂ ਚਾਹੀਦੀ ਐ। ਮੈਂ ਚਾਹੁੰਨਾ, ਦਰਸ਼ਕ ਤੇ ਸਾਡੇ ਵਿਚ ਵਿੱਥ ਨਾ ਰਹੇ। ਉਹ ਸਾਨੂੰ ਆਪਣੇ ਹੀ ਕੋਈ ਘਰ ਦਾ ਜੀਅ ਸਮਝਣ।
? ਇਹ ਵਿੱਥ, ਸੱਥ ਜਾਂ ਹੋਰ ਸਾਂਝੇ ਥਾਵਾਂ ‘ਤੇ ਡਰਾਮੇ ਕਰ ਕੇ ਨਹੀਂ ਖਤਮ ਹੋ ਸਕਦੀ? ਘਰ ਅੰਦਰ ਵੜ ਕੇ ਹੀ ਕਿਉਂ?
-ਟੈਲੀਵਿਜ਼ਨ ਵੀ ਤਾਂ ਲੋਕਾਂ ਦੇ ਘਰਾਂ ਦੇ ਅੰਦਰ ਹੀ ਪਿਆ ਨਾ? ਸਰਮਾਏਦਾਰ ਆਪਣੀਆਂ ਚੀਜ਼ਾਂ ਦੇ ਇਸ਼ਤਿਹਾਰ ਲੋਕਾਂ ਦੇ ਘਰਾਂ ਅੰਦਰ ਵੜ ਕੇ ਹੀ ਤਾਂ ਦੇ ਰਿਹਾ। ਅਸੀਂ ਲੋਕਾਂ ਨਾਲ ਘਰ ਵਾਲੀ ਸਾਂਝ ਪਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਦੇ ਹਾਂ।
? ਤੇ ਇਹ ਨਾਟਕ ਕਰਵਾਉਣ ਵਾਲੇ ਵਿਚਲੇ ਬੰਦੇ ਨੂੰ ਪਾਸੇ ਕਰਨ ਦਾ ਕੀ ਕਾਰਨ ਸੀ?
-ਸਾਨੂੰ ਇਕ ਗੱਲ ਸਮਝ ਲੈਣੀ ਬਹੁਤ ਜ਼ਰੂਰੀ ਹੈ ਕਿ ਜੇ ਸਾਹਮਣੇ ਦੇਖਣ ਵਾਲਾ ਕੋਈ ਨਹੀਂ, ਤਾਂ ਰੰਗ-ਮੰਚ ਦੀ ਕੋਈ ਹੋਂਦ ਨਹੀਂ। ਦਰਸ਼ਕਾਂ ਨੂੰ ਮਹੱਤਤਾ ਦੇਣੀ ਪਵੇਗੀ। ਉਨ੍ਹਾਂ ਨਾਲ ਰਿਸ਼ਤਾ ਹੋਰ ਪੀਡਾ ਕਰਨਾ ਪਵੇਗਾ। ਇਹ ਰਿਸ਼ਤਾ ਫਿਰ ਵਧੇਗਾ, ਜੇ ਅਸੀਂ ਵਿਚਲੀ ਤਾਮਝਾਮ ਘਟਾਵਾਂਗੇ ਤੇ ਨਾਟਕਾਂ ਵਿਚ ਉਨ੍ਹਾਂ ਦੀ ਹਿੱਸੇਦਾਰੀ ਪਵਾਵਾਂਗੇ। ਨਹੀਂ ਤਾਂ ਉਹ ਤੁਹਾਨੂੰ ਮਹਾਨ ਜਿਹੇ ਮੰਨੀ ਜਾਣਗੇ। ਜਿਵੇਂ ਨਾਟਕ ਖਤਮ ਹੋਏ ਤੋਂ ਉਹ ਪੈਸੇ, ਆਟੇ, ਦਾਣੇ ਨਾਲ ਭਾਈਵਾਲੀ ਪਾਉਂਦੇ ਆ, ਉਸੇ ਤਰ੍ਹਾਂ ਚਲਦੇ ਨਾਟਕ ਵਿਚ ਉਨ੍ਹਾਂ ਤੋਂ ਹੁੰਗਾਰੇ ਭਰਵਾ ਕੇ, ਦਰਸ਼ਕ ਤੇ ਕਲਾਕਾਰ ਵਾਲਾ ਪਾੜਾ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੂਜਾ ਇਹ ਵਿਚਕਾਰਲੇ ਬੰਦੇ ਜਿਵੇਂ ਕੋਈ ਮਜ਼ਦੂਰ ਜੱਥੇਬੰਦੀ, ਨੌਜਵਾਨ ਸਭਾ ਜਾਂ ਹੋਰ ਇਸ ਤਰ੍ਹਾਂ ਦੀਆਂ ਜੱਥੇਬੰਦੀਆਂ ਕਿੰਨੇ ਕੁ ਨਾਟਕ ਕਰਵਾ ਲੈਣਗੇ? ਮਹੀਨੇ ਵਿਚ ਇਕ ਦੋ ਦਿਨ। ਬਾਕੀ ਦੇ ਦਿਨ ਮੈਂ ਕੀ ਕਰਾਂ? ਸੋਚਿਆ ਜਿਵੇਂ ਕੋਈ ਮਜ਼ਦੂਰ ਆਦਮੀ ਹਰ ਰੋਜ਼ ਦਿਹਾੜੀ ਕਰਨ ਜਾਂਦਾ, ਮੈਂ ਕਿਉਂ ਨਾ ਇਸ ਤਰ੍ਹਾਂ ਜਾਵਾਂ। ਮਜ਼ਦੂਰ ਦਿਹਾੜੀ ਲੱਭਣ ਚੌਕ ਵਿਚ ਜਾਂਦੈ, ਮੈਂ ਲੋਕਾਂ ਦੇ ਘਰਾਂ, ਵਿਹੜਿਆਂ ਵਿਚ ਜਾਨਾਂ। ਇਸ ਵਿਚੋਂ ਪ੍ਰਬੰਧਕ ਗਾਇਬ ਹੋ ਗਿਆ।
? ਜਦੋਂ ਤੁਸੀਂ ਲੋਕਾਂ ਦੇ ਘਰਾਂ ਵਿਚ ਜਾ ਕੇ ਇਸ ਤਰ੍ਹਾਂ ਨਾਟਕ ਕਰਦੇ ਹੋ, ਤੇ ਉਨ੍ਹਾਂ ਨੂੰ ਆਪਣੇ ਪਾਤਰ ਬਣਾਉਂਦੇ ਹੋ, ਉਨ੍ਹਾਂ ਵਾਸਤੇ ਇਹ ਸਭ ਕੁਝ ਨਵਾਂ ਹੁੰਦਾ। ਉਹ ਕੁਝ ਸੰਗ ਵਗੈਰਾ ਮਹਿਸੂਸ ਕਰਦੇ ਹੋਣਗੇ। ਤੁਸੀਂ ਕਿਵੇਂ ਉਨ੍ਹਾਂ ਨੂੰ ਸਾਵਾਂ ਮਹਿਸੂਸ ਕਰਵਾਉਨੇ ਆਂ ਫਿਰ?
-ਉਹ ਪਹਿਲਾਂ ਪਹਿਲਾਂ ਓਪਰਾ ਜਿਹਾ ਮਹਿਸੂਸ ਕਰਦੇ ਆ, ਪਰ ਜਦੋਂ ਉਹ ਦੇਖਦੇ ਆ ਕਿ ਇਹ ਤਾਂ ਉਨ੍ਹਾਂ ਦੀ ਗੱਲ ਹੋ ਰਹੀ ਹੈ, ਉਨ੍ਹਾਂ ਦੇ ਹੀ ਮਸਲੇ ਹਨ, ਉਹ ਖੁੱਲ੍ਹ ਜਾਂਦੇ ਆ। ਮੁੜਨ ਲੱਗਿਆਂ ਨੂੰ ਸਾਡੇ ਵਿਛਾਏ ਪੱਲੇ ਵਿਚ ਆਟਾ ਦਾਣਾ ਪਾ ਦਿੰਦੇ ਆ। ਫਿਰ ਆਖ ਦਿੰਦੇæææਬਈ ਆਉਂਦੇ ਮਹੀਨੇ ਫਿਰ ਆ ਜਾਇਓ।
? ਇਹ ਪੱਲਾ ਵਿਛਾਉਣ ਵਾਲਾ ਕੰਮ ਕਿਵੇਂ ਤੁਹਾਡੇ ਦਿਮਾਗ ਵਿਚ ਆਇਆ? ਤੁਹਾਨੂੰ ਔਖਾ ਨ੍ਹੀਂ ਲੱਗਿਆ ਕਿ ਯੂਨੀਵਰਸਿਟੀ ਦਾ ਪੜ੍ਹਿਆ, ਖੇਡਾਂ ਪਾਉਣ ਵਾਲਿਆਂ ਵਾਂਗ ਪੱਲਾ ਵਿਛਾ ਰਿਹੈ?
-ਪੱਲਾ ਵਿਛਾਉਣ ਵਾਲੀ ਗੱਲ ਨੇ ਹੀ ਮੈਨੂੰ ਬਚਾ ਲਿਆ ਭਾਈ। ਪੱਲਾ ਵਿਛਾ ਦੇਣ ਨਾਲ ਤੁਹਾਡੀ ਹਉਮੈ ਦੇ ਖਲੇਪੜ ਵੀ ਤਾਂ ਲਹਿੰਦੇ ਆ। ਜਿਵੇਂ ਗੁਰੂ ਸਹਿਬਾਨ ਦਾ, ਬਾਬੇ ਨਾਨਕ ਦਾ ਕਿਰਤ ਕਰਨ ਦਾ ਫ਼ਲਸਫ਼ਾ ਜੀਹਨੇ ਸਮਝ ਲਿਆ, ਉਹ ਨਾ ਤਾਂ ਹੀਣ-ਭਾਵਨਾ ਦਾ ਸ਼ਿਕਾਰ ਹੋਵੇਗਾ, ਨਾ ਹੀ ਕਿਰਤ ਕਰਨ ਤੋਂ ਘਬਰਾਵੇਗਾ। ਮੈਨੂੰ ਨ੍ਹੀਂ ਇੱਦਾਂ ਕੋਈ ਨੀਵਾਂਪਣ ਮਹਿਸੂਸ ਹੁੰਦਾ। ਨਾ ਹੀ ਨਾਟਕ ਕਰਨਾ ਕੋਈ ਮਹਾਨ ਗੱਲ ਲਗਦਾ ਹੈ। ਮਹਾਨ ਕੀ ਹੈ? ਜ਼ਿੰਦਗੀ ਮਹਾਨ ਹੈ। ਜ਼ਿੰਦਗੀ ਜ਼ਿੰਦਾਬਾਦ ਹੈ। ਉਸ ਨਾਲੋਂ ਵੀ ਕਿਰਤ ਕਰਨ ਵਾਲੇ ਮਹਾਨ ਹਨ। ਤੁਹਾਨੂੰ ਇਕ ਗੱਲ ਸੁਣਾਉਨਾ, ਮੇਰੀ ਬੇਟੀ ਦਾ ਪ੍ਰੀ-ਮਚਿਓਰ ਜਨਮ ਹੋਇਆ ਸੀ। ਬਲੂੰਗੜੀ ਜਿਹੀ। ਡਾਕਟਰ ਕਹਿੰਦੇ, ਲੁਧਿਆਣੇ ਲਿਜਾਓ ਜਾਂ ਚੰਡੀਗੜ੍ਹ। ਮੇਰੀ ਜੇਬ ਵਿਚ ਡੱਕਾ ਨ੍ਹੀਂ ਸੀ। ਮੈਂ ਲੁਧਿਆਣੇ ਪਹੁੰਚ ਗਿਆ। ਮੇਰੀ ਇੱਕ ਦੋਸਤ ਇੰਡੀਅਨ ਐਕਸਪ੍ਰੈਸ ਵਿਚ ਕੰਮ ਕਰਦੀ ਸੀ, ਅੰਮ੍ਰਿਤਾ ਚੌਧਰੀ। ਮੇਰੇ ਕੰਮ ਦੀ ਬਹੁਤ ਕਦਰ ਕਰਦੀ ਸੀ। ਜਦੋਂ ਮੈਂ ਡੀæਐਮæਸੀæ ਦੇ ਗੇਟ ਉਤੇ ਉਤਰਿਆ, ਉਹ ਮੂਹਰੇ ਖੜ੍ਹੀ ਸੀ। ਉਹ ਮੈਥੋਂ ਬੇਟੀ ਨੂੰ ਲੈ ਕੇ ਭੱਜ ਲਈ। ਉਹ ਸੀਨ ਮੈਂ ਹਾਲੇ ਤੱਕ ਭੁੱਲ ਨ੍ਹੀਂ ਸਕਿਆ। ਤੇ ਜਦੋਂ ਮੈਂ ਤੰਦਰੁਸਤ ਬੇਟੀ ਨੂੰ ਲੈ ਕੇ ਘਰ ਪਹੁੰਚਿਆ, ਮੇਰੇ ਕੋਲ ਅਠਾਰਾਂ-ਵੀਹ ਹਜ਼ਾਰ ਰੁਪਏ ਸੀ। ਮੈਂ ਕਿਸੇ ਤੋਂ ਪੈਸੇ ਮੰਗੇ ਨ੍ਹੀਂ। ਮੈਂ ਪੱਲਾ ਵਿਛਾ ਦਿੰਨਾਂ। ਪਰੰਪਰਾ ਹੈ ਮੇਰੀ ਇਹ। ਮੇਰਾ ਮੰਨਣਾ ਹੈ ਕਿ ਤੁਸੀਂ ਬੱਸ ਆਪਣਾ ਕੰਮ ਕਰੀ ਜਾਉ, ਜਿਨ੍ਹਾਂ ਵਾਸਤੇ ਤੁਸੀਂ ਕੰਮ ਕਰਦੇ ਹੋ, ਉਹ ਤੁਹਾਨੂੰ ਭੁੱਖਾ ਨ੍ਹੀਂ ਮਰਨ ਦਿੰਦੇ।
? ਇਸ ਵਿਚਾਰਧਾਰਾ ਦਾ ਤੁਹਾਡੇ ਨਾਲ ਕਿੱਥੇ ਕੁ ਮੁੱਢ ਬੱਝਾ?
-ਜਦੋਂ ਮੈਂ ਬੰਬੇ ਸੀ, ਇਕ ਦਿਨ ਨਾਟਕ ਖੇਡਦਿਆਂ ਮੈਂ ਚੱਕਰ ਖਾ ਕੇ ਡਿੱਗ ਪਿਆ। ਕੁਝ ਦਿਨਾਂ ਤੋਂ ਚੱਜ ਨਾਲ ਕੁਝ ਖਾਧਾ-ਪੀਤਾ ਨਹੀਂ ਸੀ। ਜਵਾਕਾਂ ਨੇ ਮੈਨੂੰ ਸਾਂਭ ਲਿਆ। ਉਸ ਦਿਨ ਤੋਂ ਬਾਅਦ ਮੇਰਾ ਕਮਰਾ ਸਾਰਿਆਂ ਦਾ ਸਾਂਝਾ ਬਣ ਗਿਆ। ਕੋਈ ਉਥੇ ਚਾਹ ਰੱਖ ਜਾਂਦਾ, ਕੋਈ ਰੋਟੀ। ਜੀਹਦਾ ਜੀਅ ਕਰਦਾ, ਕਮਰਾ ਸਾਫ ਕਰ ਦਿੰਦਾ; ਜਾਣੀ ਮੇਰਾ ਪਰਿਵਾਰ ਬਣ ਗਿਆ। ਮੈਨੂੰ ਲਗਦੈ ਉਦੋਂ ਜਿਹੇ ਕਿਤੇ ਸ਼ੁਰੂਆਤ ਹੋ ਗਈ। ਹੋ ਸਕਦਾ ਹੈ, ਅਚੇਤ ਵਿਚ ਕਿਤੇ ਪਿੰਡਾਂ ਵਿਚ ਬਾਜ਼ੀ ਪਾਉਣ ਆਉਂਦੇ ਬਾਜ਼ੀਗਰਾਂ ਦੇ ਕੰਮ ਕਰਨ ਦਾ ਤਰੀਕਾ ਵੀ ਰਿਹਾ ਹੋਵੇ। ਬਚਪਨ ਵਿਚ ਦੇਖਦੇ ਸੀ ਨਾ, ਸਾਰਾ ਪਿੰਡ ਬਾਜ਼ੀ ਪਾਉਣ ਆਏ ਬਾਜ਼ੀਗਰਾਂ ਨੂੰ ਦਾਣਾ-ਫੱਕਾ ਪਾਉਂਦਾ ਸੀ।
? ਤੁਸੀਂ ਲਹਿਰਾਗਾਗਾ ਦੇ ਇਲਾਕੇ ਵਿਚ ਆਪਣੇ ਨਾਟਕਾਂ ਤੋਂ ਬਾਅਦ ਕੋਈ ਤਬਦੀਲੀ ਵੀ ਦੇਖਦੇ ਹੋ?
-ਨਾਲ ਦੀ ਨਾਲ ਰਿਜ਼ਲਟ ਮਿਲਦੇ ਆ ਯਾਰ। ਤਬਦੀਲੀ ਕੀ ਹੁੰਦੀ ਐ? ਮਨੁੱਖ ਦਾ ਦੂਜੇ ਪ੍ਰਤੀ ਵਿਹਾਰ, ਹਮਦਰਦੀ ਭਾਵ ਪੈਦਾ ਕਰਨਾ। ਲੋਕ ਭਾਵੇਂ ਲੱਖ ਇਕ ਦੂਜੇ ਨਾਲ ਗੁੱਸੇ ਹੋਣ, ਉਹ ਇਕੱਠੇ ਬੈਠ ਕੇ ਨਾਟਕ ਦੇਖਦੇ ਐ। ਇਹ ਆਪਣੇ ਆਪ ਵਿਚ ਬਿਊਟੀ ਐ। ਜੇ ਕਿਸੇ ਕੋਲ ਘਰੇ ਸਿਰਫ ਦੋ ਕਿਲੋ ਆਟਾ ਹੈ, ਨਾਟਕ ਦੇਖ ਕੇ ਜੇ ਅਗਲੇ ਨੇ ਉਹਦੇ ਵਿਚੋਂ ਹੀ ਬਾਟੀ ਭਰ ਕੇ ਤੁਹਾਨੂੰ ਪਾ ਦਿੱਤੀ, ਇਹੀ ਤਾਂ ਫਿਰ ਤਬਦੀਲੀ ਹੈ। ਹੋਰ ਆਪਾਂ ਕਿਹੜੀ ਤਬਦੀਲੀ ਕਰਨੀ ਐ। ਮੇਰਾ ਨਿਸ਼ਾਨਾ ਹੈ, ਦੱਬੇ-ਕੁਚਲੇ ਲੋਕਾਂ ਵਿਚ ਚੇਤਨਾ ਆਵੇ। ਗਰੀਬ ਲੋਕ ਇਕ ਕਮਰੇ ਦੇ ਘਰ ਵਿਚ ਸਾਰਾ ਟੱਬਰ ਗੁਜ਼ਾਰਾ ਕਰਦਾ ਹੈ। ਉਥੇ ਹੀ ਪਸ਼ੂ ਐ। ਨਵਾਂ ਵਿਆਹਿਆ ਧੀ-ਪੁੱਤ ਪਿਆ ਹੈ। ਬਾਲ ਬੱਚੇ ਐ। ਨੂੰਹਾਂ-ਧੀਆਂ ਦੇ ਨਹਾਉਣ-ਧੋਣ ਲਈ ਕੋਈ ਥਾਂ ਨਹੀਂ। ਨਰਕ ਐ, ਨਿਰਾ ਨਰਕ। ਮੈਂ ਚਾਹੁੰਨਾਂ, ਲੋਕਾਂ ਵਿਚ ਸਮਝ ਪੈਦਾ ਹੋਵੇ। ਉਹ ਆਪਣੇ ਹੱਕਾਂ ਲਈ ਲੜਨ। ਮੈਨੂੰ ਇਸ ਗੱਲ ਦਾ ਭਰਮ ਤਾਂ ਨਹੀਂ ਕਿ ਮੇਰੇ ਜਿਉਂਦੇ ਜੀਅ ਇਹ ਤਬਦੀਲੀ ਵਾਪਰੇਗੀ, ਪਰ ਮੈਂ ਜ਼ਮੀਨ ਤਿਆਰ ਕਰਨ ਵਿਚ ਹਿੱਸੇਦਾਰੀ ਤਾਂ ਪਾ ਰਿਹਾਂ। ਨਾਲੇ ਜਿਹੜੀ ਇਨਕਲਾਬੀ ਤਬਦੀਲੀ ਐ ਨਾ, ਉਹ ਤਾਂ ਸਿਆਸੀ ਵਿਚਾਰਧਾਰਾ ਨਾਲ ਈ ਆਉਣੀ ਐ। ਅਸੀਂ ਤਾਂ ਸਭਿਆਚਾਰ ਵਾਲੇ ਬੰਦੇ ਹਾਂ, ਜ਼ਮੀਨ ਤਿਆਰ ਕਰ ਰਹੇ ਹਾਂ ਕਿਸੇ ਇਨਕਲਾਬ ਲਈ।
? ਇਹ ਗੱਲਾਂ ਤੁਸੀਂ ਕਦੇ ਪਹਿਲਾਂ ਸੋਚੀਆਂ ਸੀ ਕਿ ਤੁਹਾਡੇ ਇਸ ਤਰ੍ਹਾਂ ਲੋਕਾਂ ਵਿਚ ਵਿਚਰਨ ਨਾਲ ਇਸ ਤਰ੍ਹਾਂ ਦੇ ਪ੍ਰਭਾਵ ਪੈਣਗੇ?
-ਪਹਿਲਾਂ ਤੈਅ ਕੁਝ ਨਹੀਂ ਸੀ। ਬੱਸ ਕੰਮ ਕਰਦਿਆਂ ਹੀ ਰਾਹ ਬਣਦੇ ਗਏ।
? ਰੀਹਰਸਲਾਂ ਵਗੈਰਾ ‘ਤੇ ਕਿੰਨਾ ਕੁ ਸਮਾਂ ਲਾਉਂਦੇ ਹੋ?
-ਦੇਖੋ ਮੇਰੇ ਕੋਲ ਕੋਈ ਸਾਜ਼ੋ-ਸਮਾਨ ਤਾਂ ਹੈ ਨਹੀਂ। ਮੈਂ ਆਪਣਾ ਸਾਰਾ ਕੰਮ ਆਵਾਜ਼ ਤੇ ਬੌਡੀ ਲੈਂਗੂਏਜ ਤੋਂ ਲੈਣਾ ਹੁੰਦਾ। ਇਸ ਲਈ ਮੈਨੂੰ ਅਭਿਆਸ ਬਹੁਤ ਕਰਨਾ ਪੈਂਦਾ। ਸਵੇਰੇ ਪੰਜ ਵਜੇ ਉਠਦਾਂ, ਫਿਰ ਵੀ ਮੈਨੂੰ ਲੱਗਦਾ ਹੈ ਕਿ ਮੈਂ ਮਜ਼ਦੂਰ ਜਿੰਨੀ ਮਿਹਨਤ ਨਹੀਂ ਕਰ ਰਿਹਾ। ਮੇਰਾ ਤਾਂ ਨਾਂ ਵੀ ਹੋ ਜਾਂਦਾ, ਲੋਕ ਇੱਜ਼ਤ ਵੀ ਕਰਦੇ ਆ, ਪਰ ਜਿਹੜਾ ਮਜ਼ਦੂਰ ਐਨੀ ਮਿਹਨਤ ਕਰਦਾ ਹੈ, ਉਹਨੂੰ ਢਿੱਡ ਭਰ ਕੇ ਰੋਟੀ ਵੀ ਨ੍ਹੀਂ ਮਿਲਦੀ। ਧੰਨ ਨੇ ਕਿਰਤੀ ਲੋਕ।
? ਤੁਹਾਡੇ ਕੋਲ ਖੇਡਣ ਲਈ ਕਿੰਨੇ ਕੁ ਨਾਟਕ ਤਿਆਰ ਹਨ?
-ਬਾਗਾਂ ਦਾ ਰਾਖਾ, ਘਸਿਆ ਹੋਇਆ ਆਦਮੀ, ਮੈਂ ਨਰਕ ‘ਚੋਂ ਬੋਲਦਾਂ, ਛਿਪਣ ਤੋਂ ਪਹਿਲਾਂ, ਜੂਠ, ਕਿਰਤੀæææਇਸ ਤਰ੍ਹਾਂ ਦੇ ਹੋਰ ਨਾਟਕ ਵੀ ਹਨ।
? ਤੁਸੀਂ ਘਰੋਂ ਤਿਆਰ ਹੋ ਕੇ ਜਾਂਦੇ ਹੋ ਕਿ ਆਹ ਨਾਟਕ ਅੱਜ ਕਰਨਾ, ਜਾਂ ਮੌਕਾ ਤੇ ਥਾਂ ਦੇਖ ਕੇ ਉਸੇ ਵਕਤ ਹੀ ਫੈਸਲਾ ਕਰਦੇ ਓ?
-ਪਹਿਲਾਂ ਮਿਥਿਆ ਈ ਹੁੰਦੈ ਕਿ ਕਿਹੜਾ ਨਾਟਕ ਕਰਨੈ, ਕਦੇ ਕਦੇ ਮੌਕੇ ਮੁਤਾਬਕ ਬਦਲ ਵੀ ਦਿੰਨੇ ਆਂ।
? ਦਲਿਤ ਵਿਹੜਿਆਂ ਤੋਂ ਬਿਨਾਂ ਤੁਸੀਂ ਹੋਰ ਕਿੱਥੇ ਨਾਟਕ ਕਰਦੇ ਹੋ? ਸਟੇਜ ਵਗੈਰਾ ‘ਤੇ?
-ਜਦੋਂ ਕੋਈ ਨਾਟਕ ਮੇਲਿਆਂ ‘ਤੇ, ਜਾਂ ਕੋਈ ਸੰਸਥਾ ਬੁਲਾ ਲਵੇ, ਉਥੇ ਵੀ ਚਲਿਆ ਜਾਨਾਂ। ਸਰਕਾਰੀ ਸਕੂਲਾਂ ਵਿਚ ਮੈਂ ਬਹੁਤ ਜਾਨਾਂ। ਅਧਿਆਪਕ ਦੋਸਤਾਂ ਨੂੰ ਪਹਿਲਾਂ ਦੱਸ ਦਿੰਨਾਂ ਕਿ ਅੱਜ ਤੁਹਾਡੇ ਇਲਾਕੇ ਦੇ ਸਕੂਲਾਂ ਵਿਚ ਆਉਣਾ ਹੈ। ਸਰਕਾਰੀ ਸਕੂਲਾਂ ਵਿਚ ਤਾਂ ਹੁਣ ਗਰੀਬ ਤੋਂ ਗਰੀਬ ਮਾਪਿਆਂ ਦੇ ਬੱਚੇ ਹੀ ਪੜ੍ਹਦੇ ਆ। ਉਨ੍ਹਾਂ ਵਾਸਤੇ ਨਾਟਕ ਖੇਡਣੇ ਬਹੁਤ ਜ਼ਰੂਰੀ ਐ।
? ਸਕੂਲਾਂ ਵਿਚ ਕਿਸ ਤਰ੍ਹਾਂ ਦੇ ਨਾਟਕ ਕਰਦੇ ਹੋ?
-ਬੱਚਿਆਂ ਦੀਆਂ ਕਹਾਣੀਆਂ ਜਾਂ ਸਿਲੇਬਸ ਵਿਚੋਂ ਕਹਾਣੀਆਂ ਨੂੰ ਨਾਟਕੀ ਰੂਪ ਦੇ ਦਿੰਨੇ ਆਂ।
? ਸਕੂਲਾਂ ਵਾਲੇ ਨਾਟਕ ਕਿੰਨੇ ਕੁ ਸਮੇਂ ਦੇ ਹੁੰਦੇ ਹਨ?
– ਪੰਦਰਾਂ-ਵੀਹ ਮਿੰਟ ਦੇ।
? ਸਕੂਲਾਂ ਵਿਚ ਨਾਟਕ ਕਰਨ ਲਈ ਕੋਈ ਥੋੜ੍ਹਾ-ਬਹੁਤਾ ਸਾਜ਼ੋ-ਸਮਾਨ ਵੀ ਲਿਜਾਂਦੇ ਹੋ?
-ਮੈਂ ਆਪ ਹੀ ਹੁੰਨਾਂ। ਨਾਟਕ ਲਈ ਕੀ ਜ਼ਰੂਰੀ ਹੈ? ਤੁਹਾਡਾ ਦਿਮਾਗ, ਆਵਾਜ਼ ਤੇ ਇਸ਼ਾਰੇ। ਬਾਕੀ ਹੋਰ ਤਾਂ ਸਭ ਪਸਾਰ ਹੈ। ਲਾਈਟਾਂ-ਲੂਈਟਾਂ। ਹੁਣ ਜਦੋਂ ਮੈਂ ਸਕੂਲਾਂ ‘ਚ ਨਾਟਕ ਖੇਡਦਾਂ, ਮੰਨ ਲਓæææਕਾਂ ਤੇ ਚਿੜੀ ਦੀ ਕਹਾਣੀ ਦੱਸਣੀ ਐæææਕੀ ਜ਼ਰੂਰਤ ਐ ਮਹਿੰਗੇ ਕਾਸਟਿਊਮ ਦੀ। ਕਾਂ ਕਾਂ ਦੀ ਆਵਾਜ਼ ਕੱਢ ਲਓ। ਬਾਹਾਂ ਹਿਲਾ ਕੇ ਖੰਬ ਬਣਾ ਲਓ। ਕਾਂ ਬਣ ਗਿਆ (ਹੱਸਦਾ ਹੈ)। ਇਵੇਂ ਚਿੜੀ। ਦਾਣਿਆਂ ਦਾ ਕੁੱਪ ਬਨਾਉਣੈ, ਤਾਂ ਦੋ-ਤਿੰਨ ਜਣੇ ਉਪਰ ਹੱਥ ਚੁੱਕ ਕੇ ਇਕ ਦੂਜੇ ਨਾਲ ਜੋੜ ਲਓ, ਕੁੱਪ ਬਣ ਗਿਆ। ਮੈਂ ਬਹੁਤਾ ਜ਼ੋਰ ਬੱਚਿਆਂ ਨੂੰ ਨਾਲ ਜੋੜਨ ‘ਤੇ ਲਾਉਨਾਂ। ਉਨ੍ਹਾਂ ਤੋਂ ਹੁੰਗਾਰੇ ਭਰਾਉਨਾਂ। ਨਾਟਕ ਖੇਡਣ ਤੋਂ ਪਹਿਲਾਂ ਕਿਸੇ ਕਹਾਣੀ ਨੂੰ ਨਾਟਕੀ ਰੂਪ ਦੇਣ ਦੇ ਢੰਗ ਤਰੀਕੇ ਸਾਂਝੇ ਕਰਦਾਂ।
? ਤੁਹਾਡੇ ਰੰਗ-ਮੰਚ ਦਾ ਮੁੱਖ ਮਕਸਦ?
– ਜਾਤਪਾਤ ਤੋੜ ਕੇ ਸਾਡੇ ਮਜ਼ਦੂਰ ਕਿਸਾਨ ਇਕੱਠੇ ਹੋਣ, ਕਿਰਤ ਕਰਨ ਵਾਲੇ ਲੋਕ ਆਪਣੇ ਹੱਕਾਂ ਦੀ ਲੜਾਈ ਲੜਨ।
? ਭਵਿੱਖ ਦੀਆਂ ਯੋਜਨਾਵਾਂ?
-ਜਿਵੇਂ ਕੋਈ ਗੋਹਾ-ਕੂੜਾ ਕਰਨ ਵਾਲੀ ਔਰਤ ਹੈ, ਉਹ ਆਪਣੀ ਜ਼ਿੰਦਗੀ ਬਾਰੇ ਆਪ ਕਹਾਣੀ ਪੇਸ਼ ਕਰੇ, ਕੋਈ ਹੋਰ ਐਕਟਰ ਨਾ ਹੋਵੇ। ਇਵੇਂ ਹੀ ਮੈਂ ਸੋਚਦਾਂ ਕਿ ਗਰੀਬ ਘਰਾਂ ਦੇ ਬੱਚੇ ਜਿਹੜੇ ਜਾਤ-ਪਾਤ ਦੇ ਲੈਵਲ ‘ਤੇ ਦਰਦ ਹੰਢਾ ਰਹੇ ਨੇ। ਗਰੀਬ ਬੰਦਾ ਦੂਹਰਾ ਕਸ਼ਟ ਹੰਢਾਉਂਦਾ। ਗਰੀਬੀ ਦਾ ਤੇ ਜਾਤ ਦਾ। ਬੱਚਿਆਂ ‘ਤੇ ਕੀ ਅਸਰ ਹੋ ਰਿਹਾ ਹੈ, ਗਰੀਬੀ ਤੇ ਜਾਤ ਸਿਸਟਮ ਦਾ। ਇਸ ਬਾਰੇ ਗਰੀਬ ਬੱਚਿਆਂ ਨੂੰ ਲੈ ਕੇ ਮੈਂ ਕੰਮ ਕਰ ਰਿਹਾਂ। ਦੋ ਤਿੰਨ ਬੱਚੀਆਂ ਹਨ। ਉਨ੍ਹਾਂ ਨੂੰ ਮੈਂ ਆਉਣ ਵਾਲੇ ਸਮੇਂ ਵਿਚ ਮੰਚ ‘ਤੇ ਲਿਆਉਣਾ ਹੈ। ਇਸੇ ਤਰ੍ਹਾਂ ਖੇਤਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਬਾਰੇ ਸੋਚਦਾਂ, ਉਹ ਆਪਣੀ ਕਹਾਣੀ ਆਪ ਪੇਸ਼ ਕਰਨ, ਪਰ ਹੁਣ ਦਿੱਕਤ ਇਹ ਹੈ ਕਿ ਉਹ ਦਿਹਾੜੀ ਜਾਂਦੀਆਂ ਹਨ, ਉਨ੍ਹਾਂ ਦੀ ਦਿਹਾੜੀ ਛੁਡਾ ਕੇ ਉਹ ਖਰਚਾ ਮੈਂ ਨ੍ਹੀਂ ਝੱਲ ਸਕਦਾ। ਇਹ ਮੈਨੂੰ ਮੌਸਮ ਮੁਤਾਬਕ ਦੇਖਣਾ ਪਊ ਕਿ ਉਹ ਕਿਸ ਮੌਸਮ ਵਿਚ ਵਿਹਲੀਆਂ ਹੁੰਦੀਆਂ।
? ਉਹ ਨਾਟਕ ਕਿੱਥੇ ਖੇਡਣਾ ਚਾਹੁੰਦੇ ਹੋ?
-ਪਹਿਲਾਂ ਤਾਂ ਵਿਹੜਿਆਂ ਵਿਚ ਹੀ। ਫਿਰ ਬਾਕੀ ਥਾਵਾਂ ‘ਤੇ।
? ਆਪਣੇ ਹੁਣ ਤੱਕ ਦੇ ਕੰਮ ਨੂੰ ਮਿਲੇ ਹੁੰਗਾਰੇ ਤੋਂ ਸੰਤੁਸ਼ਟ ਹੋ?
-(ਹੱਸ ਕੇ ਕੁਝ ਪਲਾਂ ਦੀ ਚੁੱਪ ਤੋਂ ਬਾਅਦ) ਇਕ ਗੱਲ ਬਾਰੇ ਮੈਨੂੰ ਕੋਈ ਭਰਮ ਨਹੀਂ ਕਿ ਮੇਰੀ ਆਰਥਿਕ ਹਾਲਤ ਉਨ੍ਹਾਂ ਲੋਕਾਂ ਤੋਂ ਵੱਖ ਹੋ ਜਾਊ ਜਿਨ੍ਹਾਂ ਲਈ ਮੈਂ ਨਾਟਕ ਕਰਦਾਂ। ਫਿਰ ਗੜਬੜ ਹੋ ਜਾਊ। ਮੈਨੂੰ ਲਗਦਾ, ਮੈਨੂੰ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਤੋਂ ਵੱਖ ਨ੍ਹੀਂ ਸਮਝਣਾ ਚਾਹੀਦਾ। ਫਿਰ ਹੀ ਮੈਂ ਇਹ ਕਰਦਾ ਰਹਿ ਸਕਦਾਂ, ਨਹੀਂ ਤਾਂ ਨਹੀਂ। ਮੈਂ ਤਾਂ ਆਪਣੇ ਆਪ ਨੂੰ ਸਭ ਤੋਂ ਹੇਠਲੇ ਬੰਦੇ ਨਾਲ ਜੋੜ ਕੇ ਦੇਖਦਾਂ। ਇਹੀ ‘ਜ਼ਿੰਦਗੀ ਜ਼ਿੰਦਾਬਾਦ’ ਹੈ।