ਡਾæ ਗੁਰਨਾਮ ਕੌਰ ਕੈਨੇਡਾ
ਗੁਰੂ ਨਾਨਕ ਸਾਹਿਬ ਜਪੁਜੀ ਵਿਚ ਹੀ ਦੱਸ ਦਿੰਦੇ ਹਨ ਕਿ ਗੁਰੂ ਦਾ ਉਪਦੇਸ਼ ਸੁਣਨ ਨਾਲ ਮਨੁੱਖ ਦੀ ਸਮਝ ਵਿਚੋਂ ਹੀਰੇ-ਮੋਤੀਆਂ ਵਰਗੇ ਗੁਣ ਪ੍ਰਗਟ ਹੋਣ ਲੱਗ ਪੈਂਦੇ ਹਨ ਅਤੇ ਗੁਰੂ ਦੇ ਸ਼ਬਦ ਦਾ ਜਾਪ ਨਾਲ ਮਨੁੱਖ ਆਪ ਤਰ ਜਾਂਦਾ ਹੈ ਅਤੇ ਹੋਰ ਜੋ ਸਿੱਖਿਆ ਲੈਣ ਆਉਣ, ਉਨ੍ਹਾਂ ਨੂੰ ਵੀ ਤਾਰ ਦਿੰਦਾ ਹੈ। ਗੁਰੂ ਨਾਨਕ ਸਾਹਿਬ ਨੇ ਵੇਲੇ ਦੇ ਪ੍ਰਚਲਿਤ ਧਰਮਾਂ ਦੀਆਂ ਵੱਖ ਵੱਖ ਰਸਮਾਂ ਦੀਆਂ ਉਦਾਹਰਣਾਂ ਰਾਹੀਂ ਦੱਸਿਆ ਹੈ ਕਿ ਸਿੱਖੀ ਦਾ ਚਲਣ ਜਾਂ ਸਿੱਖ ਦਾ ਰਸਤਾ ਕਿਹੋ ਜਿਹਾ ਹੋਣਾ ਚਾਹੀਦਾ ਹੈ।
ਕ੍ਰਿਸ਼ਨ ਦੇ ਭਗਤ ਕਈ ਤਰ੍ਹਾਂ ਦੀ ਰਾਸ ਪਾਉਂਦੇ ਅਤੇ ਨੱਚਦੇ ਹਨ।
ਗੁਰੂ ਨਾਨਕ ਦੇਵ ਦੱਸਦੇ ਹਨ ਕਿ ਅਕਾਲ ਪੁਰਖ ਨੂੰ ਰਾਮ ਜਾਂ ਕ੍ਰਿਸ਼ਨ ਆਦਿ ਦੇ ਅਵਤਾਰ ਕਰਕੇ ਮੰਨਣਾ ਠੀਕ ਨਹੀਂ ਹੈ। ਉਹ ਤਾਂ ਇੱਕ ਹੀ ਹੈ ਜੋ ਜਨਮ ਅਤੇ ਮਰਨ ਵਿਚ ਨਹੀਂ ਆਉਂਦਾ। ਉਸ ਅਕਾਲ ਪੁਰਖ ਦੀ ਭਗਤੀ ਕਰਨ ਦਾ ਅਸਲੀ ਤਰੀਕਾ ਹੈ, ਸਿੱਖ ਸੰਗਤ ਵਿਚ ਜਾਣਾ, ਸਤਿਸੰਗਤ ਵਿਚ ਰਹਿ ਕੇ ਗੁਰੂ ਦੀ ਸਿੱਖਿਆ ਨਾਲ ਆਪਣੇ ਅੰਦਰ ਪ੍ਰੇਮ ਪੈਦਾ ਕਰਨਾ, ਗੁਰੂ ਦੇ ਸਨਮੁਖ ਰਹਿ ਕੇ ਅਕਾਲ ਪੁਰਖ ਦਾ ਅਟੱਲ ਨਾਮ ਸਰਵਣ ਕਰਦੇ ਰਹਿਣਾ ਅਤੇ ਉਸ ਦੇ ਨਾਮ ਦਾ ਵਾਰ ਵਾਰ ਸਿਮਰਨ ਕਰਨਾ। ਇਸ ਜੀਵਨ ਰਸਤੇ ‘ਤੇ ਤੁਰਨਾ ਅਤੇ ਇਹ ਨਾਚ ਨੱਚਣਾ, ਇਹੀ ਅਸਲੀ ਜੀਵਨ ਅਨੰਦ ਨੂੰ ਮਾਨਣਾ ਹੈ। (ਪੰਨਾ ੩੫੦)
ਸਿੱਖ ਧਰਮ ਚਿੰਤਨ ਅਨੁਸਾਰ ਸੰਗਤ ਦਾ ਸਿੱਖ ਦੇ ਅਧਿਆਤਮਕ ਜੀਵਨ ਨੂੰ ਸਵਾਰਨ ਵਿਚ ਬਹੁਤ ਵੱਡਾ ਰੋਲ ਹੈ ਅਤੇ ਮਨੁੱਖ ਦੀ ਅਧਿਆਤਮਕ ਪ੍ਰਾਪਤੀ ਅਕਾਲ ਪੁਰਖ ਦੀ ਮਿਹਰ ਨਾਲ ਸਤਿਸੰਗਤ ਵਿਚ ਜਾ ਕੇ ਹੁੰਦੀ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਅਕਾਲ ਪੁਰਖ ਗੁਰੂ ਦੇ ਜਿਸ ਸਿੱਖ ਨੂੰ ਆਪਣੀ ਮਿਹਰ ਸਦਕਾ ਸੰਗਤ ਵਿਚ ਮਿਲਾਉਂਦਾ ਹੈ, ਉਹ ਸਿੱਖ ਆਪਣੇ ਭਟਕੇ ਹੋਏ ਮਨ ਦੀ ਰਾਖੀ ਕਰਦਾ ਹੈ, ਉਸ ਨੂੰ ਟਿਕਾਣੇ ਸਿਰ ਲਿਆਉਂਦਾ ਹੈ, ਮਾਇਆ ਵਿਚ ਭਟਕਣ ਨਹੀਂ ਦਿੰਦਾ। ਗੁਰੂ ਦੀ ਸ਼ਰਨ ਆਏ ਬਿਨਾ ਮਨੁੱਖ ਨੂੰ ਸਹੀ ਰਸਤੇ ਦੀ ਪਛਾਣ ਨਹੀਂ ਹੁੰਦੀ, ਉਹ ਜ਼ਿੰਦਗੀ ਦੇ ਰਸਤੇ ਤੋਂ ਖੁੰਝ ਜਾਂਦਾ ਹੈ। ਜਦੋਂ ਅਕਾਲ ਪੁਰਖ ਉਸ ‘ਤੇ ਮਿਹਰ ਦੀ ਨਜ਼ਰ ਕਰਦਾ ਹੈ ਤਾਂ ਉਸ ਨੂੰ ਸੰਗਤ ਵਿਚ ਰਲਾ ਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। (ਪੰਨਾ ੪੧੨)
ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਗੁਣਾਂ ਦਾ ਵਰਣਨ ਕਰਦਿਆਂ ਸੱਚ ਨੂੰ ਉਸ ਦਾ ਇੱਕ ਗੁਣ ਦੱਸਿਆ ਹੈ ਜੋ ਉਸ ਦੀ ਸਦੀਵੀ ਹੋਂਦ ਦਾ ਸੂਚਕ ਹੈ ਅਤੇ ḔਸਚਿਆਰḔ ਹੋਣਾ ਮਨੁੱਖ ਲਈ ਇੱਕ ਆਦਰਸ਼, ਜਿਸ ਦੀ ਉਸ ਨੇ ਪ੍ਰਾਪਤੀ ਕਰਨੀ ਹੈ। ḔਸਚਿਆਰḔ ਦਾ ਅਰਥ ਹੈ, ਸੱਚ ਨੂੰ ਆਪਣੇ ਕਰਮਾਚਾਰ ਦਾ ਆਧਾਰ ਬਣਾਉਣਾ। ਇਸੇ ḔਸੱਚḔ ਦਾ ਜ਼ਿਕਰ ਗੁਰੂ ਸਾਹਿਬ ਆਸਾ ਦੀ ਵਾਰ ਵਿਚ ਕਰਦੇ ਹਨ। ਮਨੁੱਖ ਨੂੰ ਆਪਣੇ ਅਸਲੇ ਅਰਥਾਤ ਅਕਾਲ ਪੁਰਖ ਦੀ ਸਮਝ ਉਦੋਂ ਆਉਂਦੀ ਹੈ ਜਦੋਂ ਉਹ ਸੱਚਾ ਅਕਾਲ ਪੁਰਖ ਮਨੁੱਖ ਦੇ ਹਿਰਦੇ ਵਿਚ ਟਿਕ ਜਾਂਦਾ ਹੈ। ਇਸ ਨਾਲ ਮਨੁੱਖ ਦੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਜਿਸ ਨਾਲ ਮਨੁੱਖ ਦਾ ਮਨ ਅਤੇ ਤਨ, ਦੋਵੇਂ ਸੁੰਦਰ ਹੋ ਜਾਂਦੇ ਹਨ। ਸੱਚ ਦਾ ਗਿਆਨ ਮਨੁੱਖ ਨੂੰ ਤਾਂ ਪ੍ਰਾਪਤ ਹੁੰਦਾ ਹੈ ਜੇ ਉਹ ਆਪਣੇ ਮਨ ਨੂੰ ਉਸ ਸੱਚੇ ਨਾਲ ਜੋੜਦਾ ਹੈ। ਫਿਰ ਉਸ ਸੱਚੇ ਦਾ ਨਾਮ ਸੁਣ ਕੇ ਮਨੁੱਖ ਦਾ ਮਨ ਖੇੜੇ ਵਿਚ ਆਉਂਦਾ ਹੈ ਅਤੇ ਉਸ ਨੂੰ ਮਾਇਆਵੀ ਬੰਧਨਾਂ ਤੋਂ ਆਜ਼ਾਦ ਹੋਣ ਦੇ ਅਸਲੀ ਰਸਤੇ ਦੀ ਪਛਾਣ ਆ ਜਾਂਦੀ ਹੈ। ਉਸ ਅਕਾਲ ਪੁਰਖ ਦੀ ਸਮਝ ਮਨੁੱਖ ਨੂੰ ਉਦੋਂ ਆਉਂਦੀ ਹੈ, ਜਦੋਂ ਉਸ ਨੂੰ ਜੀਵਨ ਜੁਗਤਿ ਦੀ ਸਮਝ ਲੱਗ ਜਾਂਦੀ ਹੈ ਅਤੇ ਉਹ ਸਰੀਰ ਰੂਪ ਧਰਤੀ ਨੂੰ ਸੁਆਰ ਕੇ ਇਸ ਵਿਚ ਨਾਮ ਦਾ ਬੀਜ ਬੀਜਦਾ ਹੈ। ਇਹ ਜੁਗਤ ਉਦੋਂ ਪਤਾ ਲੱਗਦੀ ਹੈ ਜਦੋਂ ਉਹ ਗੁਰੂ ਦੀ ਸੱਚੀ ਸਿੱਖਿਆ ਲੈ ਕੇ ਦੂਸਰੇ ਲੋਕਾਂ ‘ਤੇ ਦਇਆ ਕਰਨੀ ਅਤੇ ਲੋੜਵੰਦਾਂ ਨੂੰ ਕੁਝ ਦੇਣਾ ਸਿੱਖ ਲੈਂਦਾ ਹੈ ਤੇ ਚੰਗੇ ਪੁੰਨ ਦੇ ਕੰਮ ਕਰਦਾ ਹੈ। ਸੱਚ ਅਜਿਹੀ ਦਵਾ ਹੈ ਜੋ ਮਨੁੱਖ ਦੇ ਅੰਦਰੋਂ ਪਾਪਾਂ ਨੂੰ ਧੋ ਕੇ ਬਾਹਰ ਕੱਢ ਦਿੰਦੀ ਹੈ। (ਪੰਨਾ ੪੬੮)
ਗੁਰੂ ਨਾਨਕ ਸਾਹਿਬ ਜੈਨੀ ਸਾਧੂਆਂ, ਜੋ ਗੰਦੇ ਰਹਿੰਦੇ ਹਨ, ਇਸ ਡਰੋਂ ਇਸ਼ਨਾਨ ਨਹੀਂ ਕਰਦੇ ਕਿ ਪਾਣੀ ਵਿਚ ਅਣਦਿਸਦੇ ਕਿਸੇ ਜੀਵ ਦੀ ਹੱਤਿਆ ਨਾ ਹੋ ਜਾਵੇ, ਦੀ ਉਦਾਹਰਣ ਰਾਹੀਂ ਇਸ਼ਨਾਨ ਕਰਨ ਦਾ ਮਹੱਤਵ ਦੱਸਦੇ ਹਨ ਅਤੇ ਨਾਲ ਅਧਿਆਤਮਕ ਇਸ਼ਨਾਨ ਦੀ ਵੀ ਗੱਲ ਕਰਦੇ ਹਨ ਜੋ ਸੰਗਤ ਵਿਚ ਨਾਮ ਸਿਮਰਨ ਰਾਹੀਂ ਆਪਣੇ ਮਨ ਨੂੰ ਸ਼ੁਧ ਕਰਨ ਲਈ ਕੀਤਾ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਸਤਿਗੁਰੂ ਸਮੁੰਦਰ ਹੈ ਅਤੇ ਉਸ ਦੀ ਸਿੱਖੀ ਅਰਥਾਤ ਸਿੱਖ ਸੰਗਤਾਂ ਨਦੀਆਂ ਹਨ ਜਿਨ੍ਹਾਂ ਵਿਚ ਨਹਾਤਿਆਂ ਵਡਿਆਈ ਮਿਲਦੀ ਹੈ ਕਿਉਂਕਿ ਮਨ ਵਿਕਾਰਾਂ ਤੋਂ ਨਿਰਮਲ ਹੋ ਜਾਂਦਾ ਹੈ।
ਗੁਰੂ ਅਮਰਦਾਸ ਸਾਹਿਬ ḔਅਨੰਦੁḔ ਬਾਣੀ ਵਿਚ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਸੱਚ ਵਾਲਾ ਅੰਮ੍ਰਿਤਮਈ ਜੀਵਨ ਜਿਉਣ ਦੀ ਗੱਲ ਕਰਦਿਆਂ ਦੱਸਦੇ ਹਨ ਕਿ ਭਗਤੀ ਦੇ ਇਸ ਮਾਰਗ ‘ਤੇ ਚੱਲਣ ਵਾਲਿਆਂ ਦਾ ਜੀਵਨ ਦੂਸਰੇ ਲੋਕਾਂ ਤੋਂ ਨਿਰਾਲਾ ਹੁੰਦਾ ਹੈ ਕਿਉਂਕਿ ਇਹ ਮਾਰਗ ਬਹੁਤ ਔਖਾ ਹੈ। ਇਸ ਮਾਰਗ ‘ਤੇ ਚੱਲਣ ਲਈ ਮੋਹ, ਲੋਭ, ਅਹੰਕਾਰ ਅਤੇ ਤ੍ਰਿਸ਼ਨਾ ਦਾ ਤਿਆਗ ਕਰਨਾ ਪੈਂਦਾ ਹੈ, ਆਪਣੀ ਕਹਿਣੀ ਤੇ ਕਰਨੀ ਵਿਚ ਸੰਜਮ ਦਾ ਧਾਰਨੀ ਹੋਣਾ ਹੁੰਦਾ ਹੈ। ਭਗਤੀ ਦਾ ਇਹ ਰਸਤਾ ਤਲਵਾਰ ਨਾਲੋਂ ਤਿੱਖਾ ਅਤੇ ਵਾਲ ਨਾਲੋਂ ਵੀ ਵਧੇਰੇ ਬਾਰੀਕ ਹੈ। ਗੁਰੂ ਦੀ ਮਿਹਰ ਨਾਲ ਜਿਹੜੇ ਆਪਾ-ਭਾਵ ਦਾ ਤਿਆਗ ਕਰ ਦਿੰਦੇ ਹਨ, ਅਕਾਲ ਪੁਰਖ ਦੀ ਸ਼ਰਧਾ ਵਿਚ ਸਮਾ ਜਾਂਦੇ ਹਨ, ਉਹ ਇਸ ਮਾਰਗ ਦੇ ਪਾਂਧੀ ਬਣਦੇ ਹਨ। ਤੀਸਰੇ ਪਾਤਿਸ਼ਾਹ ਇਸ ਮਾਰਗ ‘ਤੇ ਤੁਰਨ ਲਈ ਗੁਰੂ ਦੀ ਸੱਚੀ ਬਾਣੀ ਨਾਲ ਜੁੜਨ ਦਾ ਉਪਦੇਸ਼ ਕਰਦੇ ਹਨ। ਗੁਰੂ ਦੀ ਬਾਣੀ ਮਨੁੱਖ ਨੂੰ ਅਕਾਲ ਪੁਰਖ ਨਾਲ ਜੋੜਦੀ ਅਤੇ ਅੰਮ੍ਰਿਤਮਈ ਜੀਵਨ ਜਿਉਣ ਦੀ ਜਾਚ ਦੱਸਦੀ ਹੈ। (ਪੰਨਾ ੯੧੮, ੯੨੦)
ਗੁਰੂ ਰਾਮਦਾਸ ਸਾਹਿਬ Ḕਸੱਚਾ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈḔ ਦੀ ਵਿਆਖਿਆ ਕਰਦੇ ਹਨ ਕਿ ਜੋ ਆਪਣੇ ਆਪ ਨੂੰ ਸਤਿਗੁਰੂ ਦਾ ਸੱਚਾ ਸਿੱਖ ਅਖਵਾਉਂਦਾ ਹੈ, ਉਹ ਸਵੇਰੇ ਅੰਮ੍ਰਿਤ ਵੇਲੇ ਉਠ ਕੇ ਉਸ ਪਰਵਰਦਗਾਰ ਦੇ ਨਾਮ ਦਾ ਸਿਮਰਨ ਕਰਦਾ ਹੈ। ਹਰ ਰੋਜ਼ ਸਵੇਰੇ ਉਠ ਕੇ ਉਦਮ ਕਰਦਾ ਹੈ, ਇਸ਼ਨਾਨ ਕਰਦਾ ਹੈ, ਫਿਰ ਨਾਮ-ਰੂਪੀ ਅੰਮ੍ਰਿਤ ਸਰੋਵਰ ਵਿਚ ਟੁੱਭੀ ਲਾਉਂਦਾ ਹੈ। ਉਹ ਸਤਿਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਦਿਆਂ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ ਜਿਸ ਨਾਲ ਉਸ ਦੇ ਅੰਦਰੋਂ ਹਰ ਤਰ੍ਹਾਂ ਦੇ ਵਿਕਾਰ ਦੂਰ ਹੋ ਜਾਂਦੇ ਹਨ ਅਤੇ ਉਸ ਦਾ ਮਨ ਨਿਰਮਲ ਹੋ ਜਾਂਦਾ ਹੈ। ਬਾਣੀ ਦਾ ਕੀਰਤਨ ਕਰਦਾ ਹੈ ਅਤੇ ਦਿਨ ਸਮੇਂ ਬੈਠਦਿਆਂ-ਉਠਦਿਆਂ ਉਸ ਅਕਾਲ ਪੁਰਖ ਨੂੰ ਯਾਦ ਰੱਖਦਾ ਹੈ। ਸਤਿਗੁਰੂ ਦੇ ਮਨ ਨੂੰ ਅਜਿਹਾ ਸਿੱਖ ਚੰਗਾ ਲੱਗਦਾ ਹੈ। ਗੁਰੂ ਦਾ ਉਪਦੇਸ਼ ਉਸ ਅਕਾਲ ਪੁਰਖ ਦੀ ਮਿਹਰ ਸਦਕਾ ਮਿਲਦਾ ਹੈ ਜਿਸ ‘ਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ। ਗੁਰਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਉਹ ਗੁਰੂ ਦਾ ਉਪਦੇਸ਼ ਅੱਗੋਂ ਹੋਰਾਂ ਨੂੰ ਸੁਣਾਵੇ ਅਤੇ ਅਕਾਲ ਪੁਰਖ ਦਾ ਨਾਮ ਜਪਾਵੇ। ਗੁਰੂ ਰਾਮਦਾਸ ਵੀ ਅਜਿਹੇ ਗੁਰਸਿੱਖ ਦੇ ਚਰਨਾਂ ਦੀ ਧੂੜ ਮੰਗਦੇ ਹਨ ਅਰਥਾਤ ਅਜਿਹਾ ਸਿੱਖ ਬਹੁਤ ਹੀ ਸਤਿਕਾਰਯੋਗ ਹੈ ਜੋ ਆਪ ਨਾਮ ਦਾ ਸਿਮਰਨ ਕਰਦਾ ਹੈ ਅਤੇ ਹੋਰਾਂ ਨੂੰ ਵੀ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਵਾਉਂਦਾ ਹੈ। (ਪੰਨਾ ੩੦੫)
ਸਤਿਗੁਰੂ ਅਕਾਲ ਪੁਰਖ ਨਾਲ ਜੁੜਿਆ ਹੋਇਆ ਹੈ ਅਤੇ ਸਿੱਖ ਸਤਿਗੁਰੂ ਨਾਲ ਜੁੜਿਆ ਹੋਇਆ ਹੈ। ਇਸ ਤਰ੍ਹਾਂ ਸਤਿਗੁਰੂ ਰਾਹੀਂ ਸਿੱਖ ਵੀ ਅਕਾਲ ਪੁਰਖ ਨਾਲ ਜੁੜ ਜਾਂਦਾ ਹੈ। ਗੁਰੂ ਰਾਮਦਾਸ ਸਾਹਿਬ ਇਸੇ ਤੱਥ ਨੂੰ ਸਮਝਾਉਂਦੇ ਹਨ ਕਿ ਆਪਣੇ ਸਤਿਗੁਰੂ ਦੀ ਵਡਿਆਈ ਗੁਰੂ ਦੇ ਸਿੱਖਾਂ ਦੇ ਮਨ ਨੂੰ ਚੰਗੀ ਲੱਗਦੀ ਹੈ। ਅਕਾਲ ਪੁਰਖ ਸਤਿਗੁਰੂ ਦੀ ਪੈਜ ਰੱਖਦਾ ਹੈ ਜਿਸ ਨਾਲ ਸਤਿਗੁਰੂ ਦੀ ਵਡਿਆਈ ਦਿਨੋ ਦਿਨ ਵਧਦੀ ਜਾਂਦੀ ਹੈ। ਉਹ ਪਾਰਬ੍ਰਹਮ ਜੋ ਸਭ ਦਾ ਪਰਵਰਦਗਾਰ ਹੈ, ਸਭ ਨੂੰ ਬਚਾਉਣ ਵਾਲਾ ਹੈ, ਉਹ ਸਤਿਗੁਰੂ ਦੇ ਮਨ ਵਿਚ ਵਸਦਾ ਹੈ ਅਤੇ ਸਤਿਗੁਰੂ ਦਾ ਬਲ ਅਤੇ ਆਸਰਾ ਹੈ। ਉਸੇ ਦੀ ਮਿਹਰ ਸਦਕਾ ਜੀਵ ਸਤਿਗੁਰੂ ਦੇ ਅੱਗੇ ਨਿਵਦੇ ਹਨ। ਜਿਹੜੇ ਮਨੁੱਖ ਪ੍ਰੇਮ ਨਾਲ ਸਤਿਗੁਰੂ ਦਾ ਦਰਸ਼ਨ ਕਰਦੇ ਹਨ, ਉਨ੍ਹਾਂ ਦੇ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। ਉਹ ਖਿੜੇ ਮੱਥੇ ਨਾਲ ਅਕਾਲ ਪੁਰਖ ਦੇ ਦਰਬਾਰ ਵਿਚ ਜਾਂਦੇ ਹਨ ਅਤੇ ਸ਼ੋਭਾ ਖੱਟਦੇ ਹਨ। ਗੁਰੂ ਰਾਮਦਾਸ ਸਾਹਿਬ ਕਹਿੰਦੇ ਹਨ ਕਿ ਜਿਹੜੇ ਮੇਰੇ ਵੀਰ ਵਾਹਿਗੁਰੂ ਦੇ ਸਿੱਖ ਹਨ, ਮੈਂ ਉਨ੍ਹਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। (ਪੰਨਾ ੩੧੦)
ਚੰਗਾ ਸਿੱਖ ਉਹੀ ਹੈ ਜੋ ਗੁਰੂ ਦੇ ਦੱਸੇ ਹੋਏ ਰਸਤੇ ‘ਤੇ ਚੱਲ ਕੇ ਗੁਰੂ ਦੀ ਆਗਿਆ ਅਨੁਸਾਰ ਕਰਮ ਕਰਦਾ ਹੈ। ਗੁਰੂ ਰਾਮਦਾਸ ਇਸੇ ਸਬੰਧ ਵਿਚ ਦੱਸਦੇ ਹਨ ਕਿ ਜਿਹੜਾ ਸਿੱਖ ਸਤਿਗੁਰੂ ਦੀ ਆਗਿਆ ਵਿਚ ਚੱਲਦਾ ਹੈ, ਸਤਿਗੁਰੂ ਦੀ ਦੱਸੀ ਹੋਈ ਕਾਰ ਕਰਦਾ ਹੈ, ਮੈਂ ਉਸ ਦੇ ਗੁਲਾਮਾਂ ਦਾ ਵੀ ਗੁਲਾਮ ਹਾਂ, ਅਜਿਹੇ ਸਿੱਖ ਅਕਾਲ ਪੁਰਖ ਦੇ ਪ੍ਰੇਮ ਵਿਚ ਰੰਗੇ ਹੋਏ ਹੁੰਦੇ ਹਨ ਅਤੇ ਇਹ ਰੰਗ ਉਨ੍ਹਾਂ ਦੀ ਰਹਿਣੀ, ਉਨ੍ਹਾਂ ਦੇ ਵਿਅਕਤੀਤਵ ਵਿਚੋਂ ਵੀ ਸਪੱਸ਼ਟ ਦਿਖਾਈ ਦਿੰਦਾ ਹੈ। ਅਜਿਹੇ ਮਨੁੱਖ ਪਿਆਰ ਨਾਲ ਸੱਚ ਨੂੰ ਵਿਹਾਜਦੇ ਹਨ ਭਾਵ ਉਨ੍ਹਾਂ ਦਾ ਹਰ ਕਰਮ ਸੱਚ ਅਨੁਸਾਰ ਹੁੰਦਾ ਹੈ। ਸੱਚ ਦੇ ਸੌਦੇ ਵਿਚ ਕਦੇ ਘਾਟਾ ਨਹੀਂ ਹੁੰਦਾ, ਲਾਭ ਹੀ ਲਾਭ ਹੁੰਦਾ ਹੈ ਅਜਿਹੇ ਮਨੁੱਖਾਂ ਨੂੰ ਉਹ ਵਾਹਿਗੁਰੂ ਪਿਆਰਾ ਲੱਗਣ ਲੱਗ ਪੈਂਦਾ ਹੈ। (ਪੰਨਾ ੩੧੧)
ਸਿੱਖ ਦੀ ਰਹਿਣੀ ਅੰਦਰੋਂ ਅਤੇ ਬਾਹਰੋਂ ਇੱਕੋ ਜਿਹੀ ਹੁੰਦੀ ਹੈ ਭਾਵ ਗੁਰੂ ਦਾ ਸਿੱਖ ਅਖਵਾਉਣ ਵਾਲੇ ਮਨੁੱਖ ਦੀ ਕਰਨੀ ਤੇ ਕਹਿਣੀ ਵਿਚ ਕੋਈ ਅੰਤਰ ਨਹੀਂ ਹੁੰਦਾ। ਜਿਹੜੇ ਮਨੁੱਖਾਂ ਦੇ ਮਨ ਅੰਦਰ ਖੋਟ ਹੁੰਦੀ ਹੈ ਅਤੇ ਬਾਹਰੋਂ ਗੁਰੂ ਅੱਗੇ ਨਤਮਸਤਕ ਹੁੰਦੇ ਹਨ, ਉਨ੍ਹਾਂ ਨੂੰ ਗੁਰੂ ਦੇ ਸੱਚੇ ਸਿੱਖ ਨਹੀਂ ਕਿਹਾ ਜਾ ਸਕਦਾ। ਗੁਰੂ ਨੇ ਸਿੱਖ ਦੀ ਕਥਨੀ ਤੇ ਕਰਨੀ ਦੇ ਫਰਕ ਨੂੰ ਪਰਵਾਨ ਨਹੀਂ ਕੀਤਾ।
ਭਾਵ ਸਿੱਖ ਸਿਰਫ ਦਿੱਖ ਵਿਚ ਹੀ ਸਿੱਖ ਨਹੀਂ ਹੋਣਾ ਚਾਹੀਦਾ, ਉਸ ਦਾ ਹਰ ਕਰਮ ਗੁਰੂ ਦੀ ਸਿੱਖਿਆ ਅਨੁਸਾਰ ਹੋਣਾ ਚਾਹੀਦਾ ਹੈ। ਸੱਚੇ ਸਿੱਖਾਂ ਦੇ ਅੰਦਰ ਸਤਿਗਰੂ ਵਰਤਦਾ ਹੈ ਜਦਕਿ ਮਾਇਆਵੀ ਬੰਦਿਆਂ ਦੇ ਅੰਦਰ ਕੂੜ ਦਾ ਪਸਾਰਾ ਹੁੰਦਾ ਹੈ। ਸਿੱਖਾਂ ਅਤੇ ਮਾਇਆਵੀ ਬੰਦਿਆਂ ਦੀ ਪਛਾਣ ਆਪਸ ਵਿਚ ਰਲਦੀ ਨਹੀਂ ਕਿਉਂਕਿ ਉਨ੍ਹਾਂ ਦੀ ਕਰਨੀ ਤੋਂ ਉਸ ਦਾ ਪਤਾ ਚੱਲ ਜਾਂਦਾ ਹੈ। ਰੱਬ ਤੋਂ ਟੁੱਟੇ ਹੋਏ ਅਜਿਹੇ ਬੰਦਿਆਂ ਦਾ ਸਾਥ ਕਰਨਾ ਵੀ ਚੰਗਾ ਨਹੀਂ ਹੁੰਦਾ। (ਪੰਨ ੩੧੨)
ਚੌਥੀ ਨਾਨਕ ਜੋਤਿ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਅਤੇ ਸਿੱਖ ਦੇ ਇੱਕ-ਸਰੂਪ ਹੋਣ ਦੀ ਗੱਲ ਕੀਤੀ ਹੈ। ਅਕਾਲ ਪੁਰਖ ਸਦੀਵੀ ਕਾਇਮ ਰਹਿਣ ਵਾਲੀ ਹਸਤੀ ਹੈ। ਇਸ ਲਈ ਉਸ ਦਾ ਨਾਮ ਵੀ ਸਦਾ ਕਾਇਮ ਰਹਿਣ ਵਾਲਾ ਹੈ। ਇਸ ਸਦੀਵੀ ਹਸਤੀ ਨਾਲ ਉਸ ਮਨੁੱਖ ਦੀ ਸਾਂਝ ਪੈਂਦੀ ਹੈ ਜਿਹੜਾ ਗੁਰੂ ਦੀ ਸ਼ਰਨ ਵਿਚ ਆ ਜਾਂਦਾ ਹੈ। ਆਪਣਾ ਤਨ ਅਤੇ ਮਨ ਗੁਰੂ ਦੇ ਸਮਰਪਣ ਕਰਕੇ ਪੂਰੀ ਤਰ੍ਹਾਂ ਗੁਰੂ ਦੀ ਸੇਵਾ ਵਿਚ ਲੱਗਾ ਰਹਿੰਦਾ ਹੈ। ਇਸ ਤਰ੍ਹਾਂ ਜਦੋਂ ਤਨ ਅਤੇ ਮਨ ਦੇ ਸਮਰਪਣ ਨਾਲ ਸਿੱਖ ਗੁਰੂ ਦੀ ਸੇਵਾ ਕਰਦਾ ਹੈ ਤਾਂ ਉਸ ਦੇ ਮਨ ਵਿਚ ਗੁਰੂ ਲਈ ਅਥਾਹ ਸ਼ਰਧਾ ਪੈਦਾ ਹੋ ਜਾਂਦੀ ਹੈ। ਇਸ ਸ਼ਰਧਾ ਅਤੇ ਪ੍ਰੇਮ ਸਦਕਾ ਗੁਰੂ ਉਸ ਨੂੰ ਅਕਾਲ ਪੁਰਖ ਨਾਲ ਮਿਲਾ ਦਿੰਦਾ ਹੈ। ਉਹ ਅਕਾਲ ਪੁਰਖ ਜੋ ਸਭ ਦਾ ਦਾਤਾ ਅਤੇ ਮਾਲਕ ਹੈ, ਗੁਰੂ ਰਾਹੀਂ ਹੀ ਮਿਲਦਾ ਹੈ। ਇਸ ਤਰ੍ਹਾਂ ਪ੍ਰੇਮ ਕਰਕੇ ਗੁਰੂ ਅਤੇ ਸਿੱਖ ਇੱਕ ਸਰੂਪ ਹੋ ਜਾਂਦੇ ਹਨ। ਗੁਰੂ ਸਿੱਖ ਨਾਲ ਇੱਕ-ਸਰੂਪ ਹੋ ਜਾਂਦਾ ਹੈ ਅਤੇ ਸਿੱਖ ਗੁਰੂ ਵਿਚ ਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਨੂੰ ਅੱਗੇ ਲੈ ਕੇ ਜਾਂਦਾ ਹੈ। (ਪੰਨਾ ੪੪੪)
ਪੰਜਵੇਂ ਪਾਤਿਸ਼ਾਹ ਸਿੱਖ ਦੀ ਵਿਆਖਿਆ ਕਰਦੇ ਹੋਏ ਦੱਸਦੇ ਹਨ ਕਿ ਸਤਿਗੁਰੂ ਉਹ ਹੈ ਜਿਸ ਨੇ ਉਸ ਅਕਾਲ ਪੁਰਖ ਨੂੰ ਜਾਣ ਲਿਆ ਹੈ, ਜਿਸ ਨੇ ਉਸ ਦਾ ਅਨੁਭਵ ਕਰ ਲਿਆ ਹੈ ਅਤੇ ਅਜਿਹੇ ਸਤਿਗੁਰੂ ਦੀ ਸਿੱਖਿਆ ਦਾ ਜੋ ਪੁਰਸ਼ ਅਨੁਸਰਨ ਕਰਦਾ ਹੈ, ਜੋ ਉਸ ਦੀ ਸਿੱਖਿਆ ‘ਤੇ ਚੱਲਦਾ ਹੈ, ਉਹ ਸਿੱਖ ਉਸ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਦਾ ਹੋਇਆ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਅਜਿਹੇ ਸਤਿਗੁਰੂ ਦੀ ਸਿੱਖਿਆ ‘ਤੇ ਚੱਲਣ ਵਾਲਾ ਮਨੁੱਖ ਸਤਿਗੁਰੂ ਦੀ ਸੰਗਤ ਵਿਚ ਰਹਿ ਕੇ ਤਰ ਜਾਂਦਾ ਹੈ। ਅੱਗੇ ਵਿਸਥਾਰ ਵਿਚ ਇਸ ਦੀ ਵਿਆਖਿਆ ਕਰਦਿਆਂ ਪੰਚਮ ਪਾਤਸ਼ਾਹ ਦੱਸਦੇ ਹਨ ਕਿ ਸਤਿਗੁਰੂ ਸਿੱਖ ਦੀ ਰੱਖਿਆ ਕਰਦਾ ਹੈ ਅਤੇ ਉਸ ਉਤੇ ਮਿਹਰ ਕਰਦਾ ਹੈ। ਸਤਿਗੁਰ ਆਪਣੇ ਸਿੱਖ ਦੀ ਬੁਰੀ ਮੱਤ ਨੂੰ ਦੂਰ ਕਰ ਦਿੰਦਾ ਹੈ ਅਤੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਸਿੱਖ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ। ਸਤਿਗੁਰੂ ਸਿੱਖ ਦੇ ਮਾਇਆਵੀ ਬੰਧਨਾਂ ਨੂੰ ਤੋੜ ਦਿੰਦਾ ਹੈ ਅਤੇ ਇਸ ਲਈ ਉਹ ਵਿਕਾਰਾਂ ਵੱਲੋਂ ਆਪਣੇ ਮਨ ਨੂੰ ਰੋਕ ਲੈਂਦਾ ਹੈ। ਸਤਿਗੁਰੂ ਪਾਸੋਂ ਸਿੱਖ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਜਿਸ ਦਾਤ ਦੇ ਕਾਰਨ ਉਹ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ। ਸਤਿਗੁਰੁ ਆਪਣੇ ਸਿੱਖ ਦਾ ਇਹ ਲੋਕ ਅਤੇ ਦੂਸਰਾ ਲੋਕ, ਦੋਵੇਂ ਸੰਵਾਰ ਦਿੰਦਾ ਹੈ ਅਤੇ ਸਤਿਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ। (ਪੰਨਾ ੨੮੬)
ਭਾਈ ਗੁਰਦਾਸ ਨੇ ਗੁਰਸਿੱਖ ਜਾਂ ਸਿੱਖ ਦਾ ਜੋ ਜੀਵਨ ਦੱਸਿਆ ਹੈ, ਉਸ ਨੂੰ ਬਹੁਤ ਹੀ ਸੰਖੇਪ ਵਿਚ ਇਸ ਤਰ੍ਹਾਂ ਦੱਸਿਆ ਜਾ ਸਕਦਾ ਹੈ ਕਿ ਗੁਰਸੰਗਤ ਅਜਿਹੀ ਹੱਟੀ ਹੈ ਜਿਥੋਂ ਸ਼ਬਦ ਅਤੇ ਨਾਮ ਦਾ ਸੌਦਾ ਖਰੀਦਿਆ ਜਾਂਦਾ ਹੈ; ਉਸ ਪੂਰੇ ਪਰਮਾਤਮਾ ਦਾ ਪੈਮਾਨਾ ਵੀ ਪੂਰਾ ਹੈ ਕਿ ਉਸ ਦੀ ਸਿਫਤ-ਸਾਲਾਹ ਕਿਵੇਂ ਕਰਨੀ ਹੈ। ਇਸ ਸੌਦੇ ਵਿਚ ਘਾਟ ਕਦੇ ਨਹੀਂ ਆਉਂਦੀ ਅਤੇ ਇਸ ਵਣਜ ਰਾਹੀਂ ਗੁਰਸਿੱਖ ਪੂਰਨ ਅਕਾਲ ਪੁਰਖ ਵਿਚ ਸਮਾ ਜਾਂਦਾ ਹੈ। ਸਾਧ ਸੰਗਤ ਅਜਿਹਾ ਸਥਾਨ ਹੈ ਜਿੱਥੇ ਜਾ ਕੇ ਸਿੱਖ ਮਾਇਆ ਤੋਂ ਆਪਣੇ ਜੀਵਨ ਨੂੰ ਨਿਰਲੇਪ ਕਰਨਾ ਸਿੱਖਦਾ ਹੈ। ਪੰਜ ਦੂਤਾਂ (ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ) ਨੂੰ ਕਾਬੂ ਕਰਕੇ ਉਹ ਇਲਾਹੀ ਦਾਤ ਪਾ ਲੈਂਦਾ ਹੈ, ਜਿਵੇਂ ਖੂਹ ਦਾ ਪਾਣੀ ਖੇਤਾਂ ਨੂੰ ਹਰੇ-ਭਰੇ ਰੱਖਦਾ ਹੈ, ਉਸੇ ਤਰ੍ਹਾਂ ਸਿੱਖ ਘਰ ਵਿਚ ਧਰਮ ਕਮਾਉਂਦਾ ਹੈ। ਪੂਰੇ ਗੁਰੂ ਦੀ ਸਿੱਖਿਆ ‘ਤੇ ਚੱਲ ਕੇ, ਹਉਮੈ ਨੂੰ ਸਾੜ ਕੇ, ਸ਼ਬਦ ਰਾਹੀਂ ਘਰ ਵਿਚ ਹੀ ਜੋਗ ਕਮਾਉਂਦਾ ਹੈ। (ਵਾਰ ੩/੬,੮)
ਸੰਖੇਪ ਵਿਚ ਨਿਰੀ ਕਹਿਣੀ ਨਾਲ ਨਹੀਂ, ਕਰਨੀ ਵਿਚ ਵੀ ਜੇ ਸਿੱਖ ਆਪਣੇ ਜੀਵਨ ਨੂੰ ਗੁਰੂ ਦੇ ਸ਼ਬਦ ਅਨੁਸਾਰ ਨਹੀਂ ਢਾਲਦਾ ਤਾਂ ਦਿੱਖ ਵਿਚ ਭਾਵੇਂ ਉਹ ਪੂਰਾ ਗੁਰਸਿੱਖ ਨਜ਼ਰ ਆਉਂਦਾ ਹੋਵੇ, ਉਹ ਗੁਰੂ ਦਾ ਸਿੱਖ ਅਖਵਾਉਣ ਦਾ ਹੱਕਦਾਰ ਨਹੀਂ ਹੈ, ਕਿਉਂਕਿ ਗੁਰੂ ਨੇ ਜਿਸ ਕਿਸਮ ਦੇ ਸਮਾਜ ਦੀ ਸਿਰਜਣਾ ਲਈ ਸਿੱਖ ਧਰਮ ਦੀ ਨੀਂਹ ਰੱਖੀ, ਉਸ ਨੂੰ ਅਮਲੀ ਰੂਪ ਦੇਣਾ ਹੈ।
ਬੁੱਧੀਜੀਵੀ ਦਲਜੀਤ ਅਮੀ ਦੇ ਸ਼ਬਦਾਂ ਵਿਚ “ਸਮਾਜਕ ਬਰਾਬਰੀ ਦੀ ਸਿਆਸਤ ਤੁਕਾਂ ਦੇ ਹਵਾਲੇ ਨਾਲ ਨਹੀਂ, ਸਗੋਂ ਸੰਘਰਸ਼ਾਂ ਦੇ ਅਮਲਾਂ ਨਾਲ ਚੱਲਦੀ ਹੈ।”