‘ਕਮਲੀ’ ਕੋਮਲ ਪਿਆਰ ਦੀ ਕੋਮਲ ਕਹਾਣੀ ਹੈ, ਪਰ ਇਸ ਕਹਾਣੀ ਦਾ ਸੱਚ ਬਹੁਤ ਕਰੜਾ ਤੇ ਕੌੜਾ ਹੈ। ਜਾਪਦਾ ਹੈ, ਧੜਕਦੀ ਜ਼ਿੰਦਗੀ ਹੁਣ ਰੁਕੀ ਕਿ ਹੁਣ! ਕੁਲਦੀਪ ਤੱਖਰ ਨੇ ਕਮਲੀ ਦੀ ਇਹ ਕਥਾ ਬੜੇ ਜ਼ਬਤ ਨਾਲ ਸੁਣਾਈ ਹੈ। ਇਤਨਾ ਸਹਿਜ ਤੇ ਸੱਚਾ ਪਿਆਰ ਤਾਂ ਬਰੇਤਿਆਂ ਵਿਚ ਵੀ ਫੁਹਾਰਾਂ ਲਾਉਣ ਦੀ ਤਾਕਤ ਰੱਖਦਾ ਹੈ।
ਇਹੀ ਤਾਂ ਪਿਆਰ ਦੀ ਕੂਲੀ ਛੋਹ ਦਾ ਕ੍ਰਿਸ਼ਮਾ ਹੁੰਦਾ ਹੈ। -ਸੰਪਾਦਕ
ਕੁਲਦੀਪ ਤੱਖਰ
ਮੈਨੂੰ ਇੰਨਾ ਚਾਅ ਅਮਰੀਕਾ ਆਉਣ ਦਾ ਨਹੀਂ ਸੀ ਜਿੰਨਾ ਉਥੇ ਜਾ ਕੇ ਗੋਰਿਆਂ ਨਾਲ ਅੰਗਰੇਜ਼ੀ ਬੋਲਣ ਦਾ ਸੀ।
ਤੇ ਜਿਹੜੇ ਘਰ ਮੈਂ ਠਹਿਰਿਆ ਸਾਂ, ਮੈਨੂੰ ਪਤਾ ਲੱਗਾ ਕਿ ਉਥੇ ਕੋਈ ਗੋਰੀ ਵੀ ਰਹਿੰਦੀ ਏ। ਮੈਂ ਸਮਝਿਆ, ਇਹ ਤਾਂ ਰੱਬ ਨੇ ਨੇੜਿਓਂ ਹੋ ਕੇ ਸੁਣੀ ਏ। ਨਾਲੇ ਦੇਵੀ ਦਰਸ਼ਨ, ਨਾਲੇ ਵੰਙਾਂ ਦਾ ਵਪਾਰ।
ਤਿੰਨ-ਮੰਜ਼ਿਲਾ ਮਕਾਨ ਸੀ। ਉਸ ਵਿਚ ਕਿੰਨੇ ਕੁ ਕਮਰੇ ਸਨ, ਮੈਥੋਂ ਅਜੇ ਤੱਕ ਨਹੀਂ ਸੀ ਗਿਣੇ ਗਏ। ਰਸੋਈ ਸਭ ਤੋਂ ਥੱਲੇ ਵਾਲੇ ਫਰਸ਼ ‘ਤੇ ਸੀ। ਮੈਨੂੰ ਕਿੰਨਾ ਚਿਰ ਇਹ ਵੀ ਨਾ ਪਤਾ ਲੱਗਾ ਕਿ ਉਹਦੇ ਵਿਚ ਬੰਦੇ ਰਹਿੰਦੇ ਕਿੰਨੇ ਕੁ ਨੇ! ਜਦੋਂ ਕਦੇ ਇਕ ਦੂਜੇ ਨਾਲ ਮੇਲ ਹੁੰਦਾ ਤਾਂ ਉਹ ਰਸੋਈ ਵਿਚ ਹੀ ਹੁੰਦਾ ਤੇ ਉਥੇ ਹੀ ਅਸੀਂ ਇਕ ਦੂਜੇ ਦਾ ਨਾਂ ਸਰਨਾਵਾਂ ਪੁੱਛਦੇ।
ਇਹ ਤਾਂ ਮੈਨੂੰ ਪਤਾ ਲੱਗ ਗਿਆ ਸੀ ਕਿ ਉਥੇ ਗੋਰੀ ਵੀ ਰਹਿੰਦੀ ਏ ਪਰ ਕਿਹੜੇ ਕਮਰੇ ਵਿਚ ਏ, ਇਹ ਮੈਂ ਝਕਦਿਆਂ ਕਿਸੇ ਕੋਲੋਂ ਨਾ ਪੁੱਛਦਾ। ਅਸਲ ਵਿਚ ਜਦੋਂ ਸਾਰੇ ਜਣੇ ਕੰਮ ‘ਤੇ ਚਲੇ ਜਾਂਦੇ, ਤਾਂ ਹੀ ਉਹ ਰਸੋਈ ਵਿਚ ਆਉਂਦੀ। ਮੈਂ ਅਜੇ ਕਿਸੇ ਕੰਮ ‘ਤੇ ਨਹੀਂ ਸਾਂ ਲੱਗਾ, ਇਸ ਕਰ ਕੇ ਬਿੜਕ ਰੱਖਦਾ ਕਿ ਉਹ ਕਦੋਂ ਰਸੋਈ ਵਿਚ ਜਾਂਦੀ ਏ।
‘ਗੁੱਡ ਮਾਰਨਿੰਗ’, ਇਕ ਦਿਨ ਜਦ ਸਵੇਰੇ ਸਵੇਰੇ ਉਹ ਹੇਠਾਂ ਆਉਂਦੀ ਪੌੜੀਆਂ ਵਿਚ ਟੱਕਰੀ ਤਾਂ ‘ਗੁੱਡ ਮਾਰਨਿੰਗ’ ਦਾ ‘ਕੱਲਾ ‘ਕੱਲਾ ਅੱਖਰ ਮੈਂ ਉਹਦੇ ਗਿੱਟਿਆਂ ‘ਤੇ ਮਾਰਿਆ, ਪਰ ਉਸ ਨੇ ਇਸ ਦਾ ਜਵਾਬ ਦੇਣ ਦੀ ਥਾਂ ਆਪਣੇ ਸਿਰ ਵਾਲੇ ਰੁਮਾਲ ਨਾਲ ਮੂੰਹ ਢੱਕ ਲਿਆ ਤੇ ਮੇਰੇ ਵੱਲ ਪਿੱਛਾ ਕਰ ਕੇ ਪੌੜੀਆਂ ਨਾਲ ਇਕ ਪਾਸੇ ਲੱਗ ਕੇ ਖਲੋ ਗਈ।
ਹੈਰਾਨ ਹੋ ਕੇ ਜਦ ਮੈਂ ਕੋਲੋਂ ਦੀ ਲੰਘ ਗਿਆ ਤਾਂ ਉਸ ਨੇ ਰੁਮਾਲ ਮੂੰਹ ਉਤੋਂ ਲਾਹ ਲਿਆ ਤੇ ਫਿਰ ਰਸੋਈ ਵੱਲ ਪੌੜੀਆਂ ਉਤਰਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਸਾਰੀ ਦਿਹਾੜੀ ਉਸ ਦੇ ਅਜੀਬ ਵਰਤਾਓ ਬਾਰੇ ਸੋਚਦਾ ਰਿਹਾ, ਪਰ ਮੇਰਾ ਇੰਨਾ ਹੀਆ ਨਾ ਪਿਆ ਕਿ ਉਸ ਨੂੰ ਇਸ ਦਾ ਕਾਰਨ ਪੁੱਛ ਲਵਾਂ।
ਦੂਜੇ ਦਿਨ ਐਨ ਉਸੇ ਵੇਲੇ ਉਹ ਮੈਨੂੰ ਉਸੇ ਥਾਂ ਪੌੜੀਆਂ ਵਿਚ ਮਿਲ ਗਈ ਤਾਂ ਕੱਲ੍ਹ ਵਾਂਗ ਹੀ ਮੈਂ ਫਿਰ ਉਸ ਨੂੰ ‘ਗੁਡ ਮਾਰਨਿੰਗ’ ਆਖੀ ਤਾਂ ਉਹ ਫਿਰ ਮੂੰਹ ਸਿਰ ਵਲੇਟ ਕੇ ਇਕ ਪਾਸੇ ਲੱਗ ਕੇ ਖਲੋ ਗਈ। ਅੱਜ ਮੇਰੇ ਪਿੱਛੇ ਪਿੱਛੇ ਜੈਲਾ ਵੀ ਆ ਰਿਹਾ ਸੀ, ਪਰ ਮੈਂ ਉਸ ਨੂੰ ਨਹੀਂ ਸੀ ਵੇਖਿਆ।
“ਓ ਸਾਲਿਆ, ਇਹਨੂੰ ਮੌਰਨਿੰਗ ਮੂਰਨਿੰਗ ਨਾ ਬੁਲਾਈਂ ਮੁੜ ਕੇ, ਇਹ ਤਾਂ ਸਾਲੀ ਕਮਲੀ ਆ। ਇਹਨੂੰ ਕਿਤੇ ਕੁਝ ਹੋਰ ਨਾ ਆਖ ਬੈਠੀਂ।” ਮੈਥੋਂ ਛੋਟੇ ਹੁੰਦਿਆਂ ਵੀ ਉਸ ਨੇ ਮੈਨੂੰ ਤਾੜਨਾ ਕੀਤੀ।
ਜਿਉਂ ਜਿਉਂ ਉਸ ਬਾਰੇ ਕੁਝ ਹੋਰ ਜਾਣਨ ਦੀ ਮੇਰੀ ਉਤਸੁਕਤਾ ਵਧਦੀ ਗਈ, ਤਿਉਂ ਤਿਉਂ ਉਹ ਆਪਣੇ ਆਪ ਨੂੰ ਮੇਰੇ ਕੋਲੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੀ ਗਈ। ਉਹ ਉਸ ਮਕਾਨ ਦੇ ਬਿਲਕੁਲ ਖੂੰਜੇ ਵਾਲੇ ਕਮਰੇ ਵਿਚ ਰਹਿੰਦੀ ਸੀ। ਉਸ ਪਾਸੇ ਕਿਸੇ ਦਾ ਆਮ ਆਉਣਾ ਜਾਣਾ ਵੀ ਨਹੀਂ ਸੀ। ਵਾਹ ਲੱਗਦੀ, ਉਹ ਹਰ ਵੇਲੇ ਆਪਣੇ ਕਮਰੇ ਵਿਚ ਹੀ ਰਹਿੰਦੀ। ਜੇ ਕਦੇ ਛੋਟੇ ਮੋਟੇ ਕੰਮ ਲਈ ਰਸੋਈ ਵਿਚ ਆਉਣਾ ਵੀ ਪੈਂਦਾ ਤਾਂ ਹਮੇਸ਼ਾ ਸਿਰ ‘ਤੇ ਰੁਮਾਲ ਲੈ ਕੇ ਆਉਂਦੀ, ਤੇ ਜੇ ਕਦੇ ਕੋਈ ਪੌੜੀਆਂ ਵਿਚ ਚੜ੍ਹਦਾ-ਉਤਰਦਾ ਮਿਲ ਜਾਂਦਾ ਤਾਂ ਉਹ ਆਪਣਾ ਮੂੰਹ-ਸਿਰ ਵਲੇਟ ਕੇ ਇਕ ਪਾਸੇ ਖਲੋ ਜਾਂਦੀ ਤੇ ਜਦੋਂ ਉਹ ਲੰਘ ਜਾਂਦਾ, ਤਦ ਉਥੋਂ ਹਿੱਲਦੀ। ਛੇਤੀ ਛੇਤੀ ਆਪਣਾ ਕੰਮ ਮੁਕਾ ਕੇ ਫਿਰ ਕਮਰੇ ਵਿਚ ਜਾ ਵੜਦੀ। ਉਸ ਦੀ ਦੋ ਕੁ ਸਾਲ ਦੀ ਬੜੀ ਪਿਆਰੀ ਬੱਚੀ ਵੀ ਸੀ। ਬਹੁਤੀ ਨਾਜ਼ੁਕ ਜਿਹੀ। ਪਤਲੇ ਪਤਲੇ ਉਹਦੇ ਨੈਣ-ਨਕਸ਼, ਕਾਲੇ ਵਾਲ ਤੇ ਕਾਲੀਆਂ ਹੀ ਮੋਟੀਆਂ ਮੋਟੀਆਂ ਅੱਖਾਂ। ਆਪਣੀ ਮਾਂ ਵਾਂਗ ਉਹ ਵੀ ਕਦੇ ਕਮਰਿਓਂ ਬਾਹਰ ਨਹੀਂ ਸੀ ਆਈ, ਪਰ ਜਦ ਕਦੇ ਉੁਸ ਬਾਰੇ ਘਰ ਵਿਚ ਕੋਈ ਗੱਲ ਹੁੰਦੀ, ਸਾਰੇ ਉਸ ਨੂੰ ‘ਮੈਗੀ ਮੈਗੀ’ ਕਰ ਕੇ ਸੱਦਦੇ।
ਘਰ ਵਿਚ ਅਸੀਂ ਜਿੰਨੇ ਜਣੇ ਰਹਿੰਦੇ ਸਾਂ, ਸਾਰਿਆਂ ਦੇ ਉਸ ਗੋਰੀ ਬਾਰੇ ਵੱਖੋ-ਵੱਖਰੇ ਕਿਆਫੇ ਸਨ। ਬਹੁਤੇ ਤਾਂ ਉਸ ਨੂੰ ਕਮਲੀ ਸਮਝਦੇ। ਇਕ ਦਿਨ ਜੈਲੇ ਨੇ ਪਤਾ ਨਹੀਂ ਉਸ ਨੂੰ ਕੀ ਕਹਿ ਦਿੱਤਾ, ਉਸ ਨੇ ਭਰੀ-ਭਰਾਤੀ ਤੱਤੇ ਪਾਣੀ ਵਾਲੀ ਕੇਤਲੀ ਜੈਲੇ ਦੇ ਵਗਾਹ ਮਾਰੀ। ਜੈਲਾ ਕਈ ਦਿਨ ਆਪਣੇ ਛਾਲਿਆਂ ‘ਤੇ ਮੱਲ੍ਹਮ ਪੱਟੀ ਕਰਦਾ ਰਿਹਾ ਸੀ।
ਕੋਈ ਕਹਿੰਦਾ, ਉਹ ਸਾਡੇ ਲੋਕਾਂ ਨੂੰ ਨਫ਼ਰਤ ਕਰਦੀ ਏ। ਸਾਡੇ ਕਿਸੇ ਬੰਦੇ ਨਾਲ ਨਾ ਬੋਲ ਕੇ ਰਾਜ਼ੀ ਏ, ਨਾ ਮੂੰਹ ਵਿਖਾ ਕੇ ਖੁਸ਼ ਏ। ਇਸੇ ਕਰ ਕੇ ਘਰੋਂ ਬਾਹਰ ਵੀ ਜਦੋਂ ਉਸ ਨੂੰ ਕੋਈ ਸਾਡਾ ਬੰਦਾ ਟੱਕਰ ਜਾਂਦਾ ਤਾਂ ਉਹਦੇ ਵੱਲ ਪਿੱਛਾ ਕਰ ਕੇ ਉਨਾ ਚਿਰ ਖਲੋਤੀ ਰਹਿੰਦੀ ਏ, ਜਿੰਨਾ ਚਿਰ ਉਹ ਲੰਘ ਨਹੀਂ ਜਾਂਦਾ। ਇਕ ਦਿਨ ਜਦੋਂ ਉਹ ਸਟੋਰ ਵਿਚੋਂ ਸੌਦਾ-ਪੱਤਾ ਲੈ ਕੇ ਘਰ ਪਰਤ ਰਹੀ ਸੀ, ਰਾਹ ਵਿਚ ਉਸ ਨੂੰ ਜੈਲਾ ਮਿਲ ਪਿਆ। ਜੈਲੇ ਨੂੰ ਵੇਖ ਕੇ ਉਹ ਕੰਧ ਵੱਲ ਮੂੰਹ ਕਰ ਕੇ ਖਲੋ ਗਈ। ਸ਼ਰਾਰਤ ਵਜੋਂ ਜੈਲਾ ਵੀ ਉਥੇ ਹੀ ਖਲੋ ਗਿਆ ਤੇ ਉਹ ਘੰਟਾ ਭਰ ਉਥੇ ਖਲੋਤੇ ਰਹੇ।
ਉਸ ਦੀਆਂ ਇਹੋ ਜਿਹੀਆਂ ਹਰਕਤਾਂ ਵੇਖ ਕੇ ਮੈਂ ਸੋਚਦਾ ਕਿ ਸੱਚਮੁੱਚ ਹੀ ਉਹ ਕਮਲੀ ਏ, ਪਰ ਜਦ ਮੈਂ ਉਸ ਨੂੰ ਮੈਗੀ ਨਾਲ ਗੱਲਾਂ ਕਰਦੀ ਸੁਣਦਾ, ਜਾਂ ਜਿਹੜੇ ਤਰੀਕੇ ਨਾਲ ਉਹ ਉਸ ਦੀ ਦੇਖ-ਭਾਲ ਕਰਦੀ, ਉਸ ਤੋਂ ਮੈਨੂੰ ਯਕੀਨ ਨਹੀਂ ਸੀ ਆਉਂਦਾ ਕਿ ਉਹ ਸੱਚਮੁੱਚ ਕਮਲੀ ਏ। ਦੂਜਿਆਂ ਵਾਂਗ ਮੈਂ ਵੀ ਇਹੋ ਸੋਚਣ ਲੱਗ ਪਿਆ ਕਿ ਸ਼ਾਇਦ ਉਹ ਸਾਡੇ ਲੋਕਾਂ ਨੂੰ ਨਫ਼ਰਤ ਕਰਦੀ ਏ, ਪਰ ਉਸ ਵੇਲੇ ਮੇਰੇ ਦਿਮਾਗ ਵਿਚ ਆਉਂਦਾ ਕਿ ਜੇ ਨਫ਼ਰਤ ਕਰਦੀ ਏ ਤਾਂ ਫਿਰ ਇਸ ਘਰ ਵਿਚ ਰਹਿੰਦੀ ਕਿਉਂ ਏ?
ਉਸ ਘਰ ਵਿਚ ਰਹਿੰਦਿਆਂ ਮੈਨੂੰ ਸਾਲ ਭਰ ਹੋ ਚੱਲਿਆ ਸੀ। ਉਹ ਗੋਰੀ ਜਦੋਂ ਵੀ ਮੈਨੂੰ ਹਨੇਰੇ-ਸਵੇਰੇ ਮਿਲਦੀ, ਮੈਂ ਉਸ ਨੂੰ ਸਮੇਂ ਅਨੁਸਾਰ ‘ਸ਼ੁਭ ਇੱਛਾ’ ਆਖ ਦਿੰਦਾ, ਪਰ ਉਸ ਨੇ ਕਦੇ ਵੀ ਜਵਾਬ ਨਾ ਦਿੱਤਾ, ਤੇ ਨਾ ਹੀ ਉਸ ਦੀਆਂ ਇਨ੍ਹਾਂ ਅਜੀਬ ਹਰਕਤਾਂ ਵਿਚ ਕੋਈ ਬਦਲਾਅ ਆਇਆ।
ਇਕ ਦਿਨ ਸਵੇਰੇ ਸਵੇਰੇ ਮੈਂ ਤੇ ਜੈਲਾ ਪੌੜੀਆਂ ਉਤਰ ਰਹੇ ਸਾਂ ਜਦੋਂ ਉਹ ਸਾਨੂੰ ਪੌੜੀਆਂ ਦੇ ਅੱਧ ਵਿਚ ਮਿਲ ਪਈ। ਜੈਲੇ ਤੋਂ ਝਕਦਿਆਂ ਅੱਜ ਮੈਂ ਉਸ ਨੂੰ ਕੋਈ ‘ਸ਼ੁਭ ਇੱਛਾ’ ਨਾ ਆਖੀ, ਤੇ ਉਹਨੇ ਬੜੀ ਡੂੰਘੀ ਨਜ਼ਰ ਭਰ ਕੇ ਮੇਰੇ ਵੱਲ ਵੇਖਿਆ। ਜਿਵੇਂ ਆਖ ਰਹੀ ਹੋਵੇ, “ਤੂੰ ਵੀ ਮੈਨੂੰ ‘ਕੱਲੀ ਨੂੰ ਹੀ ਬੁਲਾ ਕੇ ਖੁਸ਼ ਏਂ?” ਤੇ ਜਿਹੜੀ ਗੱਲੋਂ ਮੈਂ ਡਰਦਾ ਸਾਂ, ਜੈਲੇ ਨੇ ਇਕਦਮ ਮੈਨੂੰ ਆਖ ਦਿੱਤਾ ਕਿ ਤੇਰੇ ਵੱਲ ਤਾਂ ਬੜੀ ਘੂਰ ਘੂਰ ਕੇ ਵੇਖਦੀ ਆ, ਕੋਈ ਗੜਬੜੀ ਤਾਂ ਨਹੀਂ? ਪਰ ਮੈਂ ਅਜੇ ਵੀ ਉਸ ਦੀਆਂ ਮੋਟੀਆਂ ਝੀਲ ਵਰਗੀਆਂ ਅੱਖਾਂ ਬਾਰੇ ਸੋਚ ਰਿਹਾ ਸਾਂ, ਜੋ ਦੱਭ ਦੇ ਸੂਏ ਵਾਂਗ ਮੇਰੇ ਦਿਲ ਨੂੰ ਵਿੰਨ੍ਹ ਗਈਆਂ ਸਨ। ਉਸ ਦਿਨ ਸਾਰੀ ਦਿਹਾੜੀ ਕੰਮ ਵਿਚ ਮੇਰਾ ਜੀਅ ਨਾ ਲੱਗਾ।
“ਤੁਹਾਨੂੰ ਮੈਂ ਇਕ ਗੱਲ ਪੁੱਛਾਂ।” ਨੇਮ ਅਨੁਸਾਰ ਇਕ ਦਿਨ ਸਵੇਰੇ ਸਵੇਰੇ ਜਦ ਉਹ ਮੈਨੂੰ ਰਸੋਈ ਵਿਚ ਮਿਲ ਪਈ ਤਾਂ ਮੈਂ ਡਰਦੇ ਡਰਦੇ ਨੇ ਇੰਨੀ ਕੁ ਦਲੇਰੀ ਕਰ ਲਈ। ਉਸ ਨੇ ਇਕ ਵਾਰ ਫਿਰ ਉਸੇ ਨਜ਼ਰ ਨਾਲ ਨੀਝ ਲਾ ਕੇ ਮੇਰੇ ਵੱਲ ਵੇਖਿਆ ਤੇ ਗੱਲ ਦਾ ਜਵਾਬ ਦਿੱਤੇ ਬਗੈਰ ਝਟਪਟ ਕਮਰੇ ਵਿਚ ਜਾ ਵੜੀ।
“ਮੈਂ ਤੁਹਾਨੂੰ ਇਕ ਗੱਲ ਪੁੱਛਣਾ ਚਾਹੁੰਦਾ ਹਾਂ”, ਦੂਜੇ ਦਿਨ ਜਦ ਮੈਂ ਫਿਰ ਉਹੀ ਸਵਾਲ ਕੀਤਾ ਤਾਂ ਉਹ ਉਥੋਂ ਭੱਜੀ ਨਹੀਂ, ਤੇ ਮੈਨੂੰ ਆਪਣੇ ਕੰਨਾਂ ‘ਤੇ ਯਕੀਨ ਨਹੀਂ ਸੀ ਆਇਆ, ਜਦ ਉਸ ਨੇ ਕਿਹਾ, “ਕੀ ਪੁੱਛਣਾ ਚਾਹੁੰਦੇ ਹੋ?” ਮੈਨੂੰ ਗੱਲ ਹੀ ਵਿਸਰ ਗਈ ਕਿ ਮੈਂ ਕੀ ਪੁੱਛਣਾ ਚਾਹੁੰਦਾ ਸਾਂ, ਮੈਂ ਬੌਂਦਲ ਗਿਆ।
“ਮੈਂ ਮੈਂ, ਤੁਹਾਨੂੰæææ।” ਲਫਜ਼ ਅਜੇ ਮੇਰੇ ਮੂੰਹ ਵਿਚ ਹੀ ਸਨ ਕਿ “ਹੁਣ ਨਹੀਂ, ਫਿਰ ਕਦੇ ਪੁੱਛ ਲਿਓ”, ਆਖ ਕੇ ਉਹ ਰਸੋਈ ਵਿਚੋਂ ਤੁਰ ਗਈ। ਮੈਨੂੰ ਆਪਣੀ ਬੇਸਮਝੀ ਤੇ ਬੇਵਕੂਫੀ ‘ਤੇ ਬੜਾ ਗੁੱਸਾ ਆਇਆ, ਪਰ ਨਾਲ ਹੀ ਦਿਲ ਨੂੰ ਕੁਝ ਢਾਰਸ ਵੀ ਬੱਝੀ, ਚਲੋ ਉਸ ਨੇ ਮੇਰੇ ਨਾਲ ਜ਼ੁਬਾਨ ਤੇ ਸਾਂਝੀ ਕੀਤੀ!
ਦੁੱਧ ਚਿੱਟੀ ਚਾਨਣੀ ਰਾਤ ਸੀ। ਹਵਾ ਬਿਲਕੁਲ ਬੰਦ ਹੋਣ ਕਰ ਕੇ ਵਿਹੜੇ ਵਿਚਲਾ ਤੂਤ ਵਰਗਾ ਰੁੱਖ ਕਿਸੇ ਬੁੱਢੇ ਬੋਹੜ ਵਾਂਗ ਖਲੋਤਾ ਸੀ। ਉਹਦੀ ਸੰਘਣੀ ਛਾਂ ਥੱਲੇ ਬੰਦਾ ਖਲੋਤਾ ਨਹੀਂ ਸੀ ਦਿਸਦਾ। ਮੇਰੇ ਅੰਦਰ ਅਜੀਬ ਜਿਹੀ ਬੇਚੈਨੀ ਸੀ। ਪਰਦਾ ਹਟਾ ਕੇ ਕਦੇ ਮੈਂ ਬਾਹਰ ਵੱਲ ਝਾਕਦਾ ਤਾਂ ਗਲੀ ਦਾ ਸੁੰਨਾਪਨ ਮੇਰੀ ਇਸ ਬੇਚੈਨੀ ਨੂੰ ਹੋਰ ਵੀ ਤਿੱਖਿਆਂ ਕਰਦਾ। ਕਦੇ ਸੋਚਦਾ ਕਿ ਹੁਣੇ ਜਾ ਕੇ ਕਮਲੀ ਦਾ ਬੂਹਾ ਖੜਕਾਵਾਂ ਤੇ ਉਸ ਨੂੰ ਸਾਰੀ ਗੱਲ ਪੁੱਛਾਂ ਜਿਹੜੀ ਮੇਰੇ ਅੰਦਰ ਉਸਲਵੱਟੇ ਲੈ ਰਹੀ ਸੀ, ਪਰ ਕਿਤੇ ਗਲ ਈ ਨਾ ਪੈ ਜਾਵੇ, ਇਸ ਡਰੋਂ ਫਿਰ ਮੰਜੇ ਉਤੇ ਟੇਢਾ ਹੋ ਜਾਂਦਾ। ਇਨ੍ਹਾਂ ਸੋਚਾਂ ਵਿਚ ਹੀ ਪਤਾ ਨਹੀਂ ਕਦੋਂ ਮੈਂ ਉਸ ਦਾ ਬੂਹਾ ਜਾ ਠਕੋਰਿਆ। ਜਿਵੇਂ ਉਹ ਪਹਿਲਾਂ ਹੀ ਮੈਨੂੰ ਉਡੀਕ ਰਹੀ ਹੋਵੇ, ਉਸ ਨੇ ਝੱਟ ਬੂਹਾ ਖੋਲ੍ਹ ਦਿੱਤਾ। ਮੂੰਹ ਉਤੇ ਉਂਗਲ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਉਸ ਨੇ ਪੌੜੀਆਂ ਉਤਰਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਵੀ ਪਿੱਛੇ ਪਿੱਛੇ ਹੋ ਗਿਆ।
ਅਸੀਂ ਚੁੱਪ-ਚੁਪੀਤੇ ਤੂਤ ਦੇ ਰੁੱਖ ਥੱਲੇ ਜਾ ਖਲੋਤੇ। ਚੁੱਪ ਤੋੜਦਿਆਂ ਉਸ ਨੇ ਬੜੀ ਨਿੰਮੀ ਜਿਹੀ ਆਵਾਜ਼ ਵਿਚ ਕਿਹਾ, “ਮੈਨੂੰ ਪਤਾ ਸੀ ਤੁਸੀਂ ਅੱਜ ਜ਼ਰੂਰ ਆਵੋਗੇ। ਮੈਂ ਇਸੇ ਕਰ ਕੇ ਅੰਦਰੋਂ ਕੁੰਡਾ ਨਹੀਂ ਸੀ ਲਾਇਆ, ਤਾਂ ਕਿ ਕੁੰਡ ਖੋਲ੍ਹਣ ਨਾਲ ਮੈਗੀ ਨਾ ਜਾਗ ਜਾਵੇ।”
ਮੈਨੂੰ ਫਿਰ ਦੰਦਲ ਪੈ ਗਈ, “ਮੈਂ ਤੁਹਾਨੂੰ ਪੁੱਛਣਾ ਚਾਹੁੰਨਾਂæææ।”
“ਕਿ ਮੈਂ ਕਿਸੇ ਨਾਲ ਬੋਲਦੀ ਕਿਉਂ ਨਹੀਂ, ਇਹੋ ਈ ਨਾ?” ਉਸ ਨੇ ਮੇਰਾ ਵਾਕ ਆਪ ਹੀ ਪੂਰਾ ਕਰ ਦਿੱਤਾ। ਮੈਂ ‘ਹਾਂ’ ਵਿਚ ਸਿਰ ਹਿਲਾਇਆ ਤਾਂ ਉਸ ਨੇ ਪਹਿਲਾਂ ਲੰਮਾ ਹਉਕਾ ਲਿਆ, ਤੇ ਫਿਰ ਤੂਤ ਦੇ ਬੂਟੇ ਨਾਲ ਢਾਸਣਾ ਲਾ ਕੇ ਖਲੋ ਗਈ। ਮੈਂ ਵੀ ਬਿਲਕੁਲ ਉਹਦੇ ਨਾਲ ਜਾ ਖਲੋਤਾ, ਇੰਨਾ ਨੇੜੇ ਕਿ ਉਹਦੇ ਤੱਤੇ ਤੱਤੇ ਸਾਹ ਮੇਰੇ ਸਾਹਾਂ ਨਾਲ ਰਲ ਰਹੇ ਸਨ। ਤੂਤ ਦੀ ਸੰਘਣੀ ਛਾਂ ਵਿਚ ਵੀ ਮੈਂ ਉਹਦੀਆਂ ਮੋਟੀਆਂ ਮੋਟੀਆਂ ਅੱਖਾਂ ਆਪਣੇ ਵੱਲ ਤੱਕਦੀਆਂ ਵੇਖ ਰਿਹਾ ਸਾਂ।
“ਤੁਸੀਂ ਸਾਡੇ ਲੋਕਾਂ ਨੂੰ ਨਫ਼ਰਤ ਕਰਦੇ ਹੋ?”
“ਨਹੀਂ।”
“ਫਿਰ ਤੁਸੀਂ ਘਰ ਵਿਚ ਕਿਸੇ ਨਾਲ ਬੋਲਦੇ ਕਿਉਂ ਨਹੀਂ, ਤੁਹਾਨੂੰ ਕਦੇ ਕਿਸੇ ਨੇ ਕੋਈ ਦੁੱਖ ਪਹੁੰਚਾਇਆ ਏ?”
“ਮਿਸਟਰ ਸਿੰਘ”, ਉਸ ਨੇ ਬੜੀ ਮੱਧਮ, ਪਰ ਸਾਫ਼ ਆਵਾਜ਼ ਵਿਚ ਆਖਣਾ ਸ਼ੁਰੂ ਕੀਤਾ, “ਮੈਂ ਤੁਹਾਡੇ ਕਹਿਣ ‘ਤੇ ਪਤਾ ਨਹੀਂ ਕਿਉਂ ਬਾਹਰ ਆ ਗਈ, ਪਰ ਤੁਹਾਡਾ ਤਰਲਾ ਕਰਦੀ ਹਾਂ ਕਿ ਤੁਸੀਂ ਮੇਰੇ ਜ਼ਖ਼ਮਾਂ ਨੂੰ ਹੋਰ ਨਾ ਉਧੇੜੋ।”
“ਮੈਂ ਤੁਹਾਡੇ ਦੁੱਖ ਦਾ ਸਾਂਝੀ ਬਣਨਾ ਚਾਹੁੰਨਾਂ, ਤੇ ਇਹ ਸਾਂਝ ਤਦ ਹੀ ਪੈ ਸਕਦੀ ਏ, ਜੇ ਤੁਸੀਂ ਮੈਨੂੰ ਆਪਣੇ ਅੰਦਰ ਝਾਤੀ ਪਾਉਣ ਦਿਓ।” ਨਾਂ ਪਤਾ ਨਾ ਹੋਣ ਕਰ ਕੇ ਮੈਂ ਉਸ ਨੂੰ ‘ਤੁਸੀਂ’ ਕਹਿ ਕੇ ਹੀ ਸੰਬੋਧਨ ਕਰਦਾ।
“ਅੱਗੇ ਵੀ ਕਿਸੇ ਨੇ ਇਸੇ ਤਰ੍ਹਾਂ ਮੇਰੀ ਜ਼ਿੰਦਗੀ ਦਾ ਸਾਂਝੀਵਾਲ ਹੋਣ ਦਾ ਇਕਰਾਰ ਕੀਤਾ ਸੀ, ਤੇ ਇਹ ਉਸੇ ਸਾਂਝੀਵਾਲਤਾ ਦਾ ਹੀ ਸਿੱਟਾ ਏ ਜਿਹੜਾ ਮੈਂ ਅੱਜ ਤੱਕ ਭੋਗ ਰਹੀ ਹਾਂ।” ਤੇ ਇਸ ਪਿੱਛੋਂ ਉਸ ਨੇ ਬੜੇ ਵਿਸਥਾਰ ਨਾਲ ਆਪਣੀ ਤੇ ਬਲਬੀਰ ਦੀ ਕਹਾਣੀ ਸੁਣਾਈ।
ਉਹਦੇ ਵਿਚ ਪਤਾ ਨਹੀਂ ਕਿਹੋ ਜਿਹੀ ਖਿੱਚ ਸੀ। ਹਨੇਰੇ ਸਵੇਰੇ ਜਦ ਕਦੇ ਵੀ ਉਹ ਮੈਨੂੰ ਪੌੜੀਆਂ ਜਾਂ ਰਸੋਈ ਵਿਚ ਮਿਲ ਜਾਂਦਾ, ਮੇਰਾ ਜੀਅ ਕਰਦਾ ਕਿ ਮੈਂ ਭੱਜ ਕੇ ਉਹਦੇ ਨਾਲ ਚੰਬੜ ਜਾਵਾਂ। ਡਰਦੀ ਵੀ ਸਾਂ ਪਰ ਮਨ ਅੱਥਰਾ ਫਿਰ ਵੀ ਕਾਬੂ ਵਿਚ ਨਾ ਰਹਿੰਦਾ। ਉਹ ਪੱਗ ਬੜੀ ਸੋਹਣੀ ਬੰਨ੍ਹਦਾ ਸੀ ਤੇ ਜੀਅ ਕਰਦਾ, ਮੈਂ ਉਹਨੂੰ ਪੱਗ ਬੰਨ੍ਹਦੇ ਨੂੰ ਵੇਖਾਂ। ਖੁੱਲ੍ਹੀ ਦਾੜ੍ਹੀ ਨਾਲ ਉਹ ਕੋਈ ਹਿੰਦੋਸਤਾਨੀ ਰਾਜਾ ਲੱਗਦਾ। ਬਾਹਰ ਵੀ ਜਦ ਕਦੇ ਮੈਂ ਕਿਸੇ ਪੱਗ ਵਾਲੇ ਨੂੰ ਵੇਖਦੀ, ਮੈਨੂੰ ਭੁਲੇਖਾ ਪੈਂਦਾæææਉਹ ਬਲਬੀਰ ਹੀ ਏ, ਤੇ ਭੱਜ ਕੇ ਉਹਦੇ ਨਾਲ ਜਾ ਰਲਦੀ, ਪਰ ਬਹੁਤੀ ਵਾਰੀ ਕੋਈ ਹੋਰ ਹੀ ਹੁੰਦਾ। ਮੈਨੂੰ ਪਿੱਛੋਂ ਪੱਗ ਦੀ ਪਛਾਣ ਨਾ ਕਰਨੀ ਆਉਂਦੀ। ਇਕ ਦਿਨ ਮੈਨੂੰ ਪਤਾ ਨਹੀਂ ਕੀ ਝੱਲ ਕੁਦਿਆæææਅੱਧੀ ਰਾਤੀਂ ਉਸ ਦਾ ਜਾ ਬੂਹਾ ਖੜਕਾਇਆ। ਉਸ ਵੇਲੇ ਮੈਨੂੰ ਆਪਣੇ ਕਮਰੇ ਵਿਚ ਵੇਖ ਕੇ ਪਹਿਲਾਂ ਤਾਂ ਉਹ ਬਹੁਤ ਹੈਰਾਨ ਹੋਇਆ, ਪਰ ਜਦ ਮੈਂ ਬਿਨਾਂ ਕਿਸੇ ਝਿਜਕ ਉਸ ਦੀ ਮੰਜੀ ਉਤੇ ਜਾ ਬੈਠੀ ਤਾਂ ਉਸ ਦੇ ਚਿਹਰੇ ਉਤੇ ਪਹਿਲਾਂ ਵਰਗੀ ਹੈਰਾਨੀ ਨਾ ਰਹੀ। ਉਹਦੇ ਕਮਰੇ ਦੀ ਹਰ ਸ਼ੈਅ ਮੈਨੂੰ ਆਪਣੀ ਆਪਣੀ ਲੱਗੀ। ਮੈਂ ਉਸ ਦੇ ਹੋਰ ਨੇੜੇ ਹੋਈ ਤਾਂ ਉਹ ਮੈਥੋਂ ਪਰ੍ਹਾਂ ਨਹੀਂ ਸਰਕਿਆ, ਤੇ ਫਿਰ ਪਤਾ ਨਹੀਂ ਕਿਹੜੇ ਵੇਲੇ ਮੇਰੀਆਂ ਦੋਵੇਂ ਬਾਂਹਾਂ ਉਹਦੇ ਗਲ ਨੂੰ ਜਾ ਚੰਬੜੀਆਂ। ਮੇਰੀ ਸੋਚ ਦੇ ਉਲਟ ਉਸ ਨੇ ਮੇਰੀਆਂ ਦੋਵੇਂ ਬਾਂਹਾਂ ਸਵੀਕਾਰ ਕਰ ਲਈਆਂ, ਤੇ ਫਿਰ ਮੈਂ ਉਸ ਨੂੰ ਹਰ ਰਾਤ ਮਿਲਣਾ ਸ਼ੁਰੂ ਕਰ ਦਿੱਤਾ। ਪੂਰੇ ਨੌਂ ਮਹੀਨਿਆਂ ਬਾਅਦ ਮੇਰੇ ਘਰ ਮੈਗੀ ਨੇ ਜਨਮ ਲਿਆ। ਮੈਂ ਬੜੀ ਖੁਸ਼ ਸਾਂ ਕਿ ਉਹ ਬਲਬੀਰ ਦੀ ਮੈਗੀ ਸੀ, ਮੈਗੀ ਨੂੰ ਪਾ ਕੇ ਉਹ ਵੀ ਬੜਾ ਖੁਸ਼ ਸੀ।
ਇਸ ਤੋਂ ਅੱਗੇ ਉਸ ਕਮਲੀ ਦੀ ਆਵਾਜ਼ ਘੱਗੀ ਹੋ ਗਈ ਤੇ ਅੱਥਰੂ ਕਿਸੇ ਝਰਨੇ ਵਾਂਗ ਵਹਿ ਤੁਰੇ। ਮੈਂ ਆਪਣੇ ਰੁਮਾਲ ਨਾਲ ਉਸ ਦੀਆਂ ਅੱਖਾਂ ਪੂੰਝੀਆਂ। ਕੰਬਦੀ ਆਵਾਜ਼ ਵਿਚ ਉਸ ਨੇ ਆਪਣੀ ਗੱਲ ਮੁਕਾਈ।
ਆਪਣੀ ਗੱਲ ਜਾਰੀ ਰਖਦਿਆਂ ਉਸ ਕਿਹਾ, ਇਕ ਦਿਨ ਅਚਾਨਕ ਹੀ ਭਾਰਤ ਤੋਂ ਬਲਬੀਰ ਦੀ ਘਰਵਾਲੀ ਆ ਗਈ। ਦੋ ਉਸ ਦੇ ਬੱਚੇ ਸਨ, ਪਰ ਮੈਂ ਬਲਬੀਰ ਨੂੰ ਇਸ ਦਾ ਕੋਈ ਦੋਸ਼ ਨਾ ਦਿੱਤਾ, ਕਿਉਂਕਿ ਉਹਦੇ ਵਿਆਹ ਬਾਰੇ ਮੈਂ ਕਦੇ ਉਸ ਨੂੰ ਪੁੱਛਿਆ ਹੀ ਨਹੀਂ ਸੀ। ਮੈਂ ਤੇ ਸਿਰਫ਼ ਉਸ ਨੂੰ ਪਿਆਰ ਕਰਦੀ ਸਾਂ, ਤੇ ਹੁਣ ਵੀ ਕਰਦੀ ਹਾਂ। ਇਹ ਮੈਗੀ ਮੇਰੇ ਪਿਆਰ ਦੀ ਨਿਸ਼ਾਨੀ ਏ। ਮੈਨੂੰ ਹੁਣ ਵੀ ਕੋਈ ਪਛਤਾਵਾ ਨਹੀਂ।
ਉਸੇ ਹਫ਼ਤੇ ਬਲਬੀਰ ਆਪਣੇ ਬੱਚਿਆਂ ਸਮੇਤ ਕਿਤੇ ਦੂਰ ਚਲਾ ਗਿਆ। ਉਸ ਦੀ ਇਸ ਨਿੱਕੀ ਜਿਹੀ ਨਿਸ਼ਾਨੀ ਨੂੰ ਲੈ ਕੇ ਮੈਂ ਆਪਣੇ ਦਿਨ ਲੰਘਾ ਰਹੀ ਹਾਂ। ਕਈ ਵਾਰੀ ਦਿਲ ਕੀਤਾ ਕਿ ਇਥੋਂ ਕਿਤੇ ਦੂਰ ਚਲੀ ਜਾਵਾਂ, ਪਰ ਜਦੋਂ ਇਰਾਦਾ ਕਰਦੀ ਹਾਂ, ਮੇਰੇ ਵਾਸਤੇ ਇਹ ਘਰ ਛੱਡਣਾ ਔਖਾ ਹੋ ਜਾਂਦਾ ਏ। ਇਸ ਘਰ ਵਿਚ ਮੈਂ ਅਜੇ ਵੀ ਬਲਬੀਰ ਦੀ ਹੋਂਦ ਨੂੰ ਉਸੇ ਤਰ੍ਹਾਂ ਅਨੁਭਵ ਕਰਦੀ ਹਾਂ। ਇਸ ਘਰ ਨਾਲ ਮੇਰੀਆਂ ਇੰਨੀਆਂ ਯਾਦਾਂ ਨੇ ਕਿ ਹੁਣ ਮੇਰੇ ਲਈ ਇਹ ਘਰ ਛੱਡਣਾ ਔਖਾ ਹੋ ਗਿਆ ਏ। ਮੈਂ ਤੁਹਾਡੇ ਲੋਕਾਂ ਨੂੰ ਨਫ਼ਰਤ ਨਹੀਂ ਕਰਦੀ ਪਰ ਮੈਂ ਇਹ ਵੀ ਨਹੀਂ ਚਾਹੁੰਦੀ ਕਿ ਹੁਣ ਕੋਈ ਹੋਰ ਬਲਬੀਰ ਮੇਰੀ ਜ਼ਿੰਦਗੀ ਦਾ ਸਾਂਝੀਵਾਲ ਬਣੇ। ਇਸੇ ਕਰ ਕੇ ਮੈਂ ਕਦੇ ਕਿਸੇ ਨੂੰ ਆਪਣਾ ਮੂੰਹ ਨਹੀਂ ਵਿਖਾਉਂਦੀ, ਤੇ ਨਾ ਹੀ ਕਿਸੇ ਦਾ ਵੇਖਦੀ ਹਾਂ।
ਥੋੜ੍ਹੀ ਜਿਹੀ ਠੰਢ ਹੋਣ ਕਰ ਕੇ ਮੈਂ ਬੂਟੇ ਦੇ ਮੁੱਢ ਨਾਲ ਲੱਗਾ ਹੋਇਆ ਸਾਂ, ਤੇ ਉਹ ਕਮਲੀ ਮੇਰੀਆਂ ਬਾਂਹਾਂ ਵਿਚ ਜਕੜੀ ਹੋਈ ਸੀ।
ਗੱਲ ਸੁਣਦਿਆਂ ਮੈਂ ਕਈ ਵਾਰ ਉਹਦਾ ਮੱਥਾ ਚੁੰਮਿਆ, ਤੇ ਜਦ ਉਹ ਸੁਣਾ ਚੁੱਕੀ ਤਾਂ ਮੈਂ ਉਹਦੇ ਬੁੱਲ੍ਹ ਵੀ ਚੁੰਮਣੇ ਚਾਹੇ, ਪਰ ਮੂੰਹ ਲਾਗੇ ਜਾਣ ‘ਤੇ ਉਸ ਨੇ ਆਪਣਾ ਮੂੰਹ ਪਰ੍ਹੇ ਕਰ ਲਿਆ, “ਨਹੀਂ ਇਹ ਤੁਸੀਂ ਨਾ ਕਰੋ, ਮੈਂ ਇਕ ਵਾਰ ਬਲਬੀਰ ਨੂੰ ਕਿਹਾ ਸੀ ਕਿ ਮੈਂ ਉਸ ਦੇ ਬੁੱਲ੍ਹਾਂ ਤੋਂ ਬਗੈਰ ਕਦੇ ਕਿਸੇ ਹੋਰ ਦੇ ਬੁੱਲ੍ਹ ਨਹੀਂ ਚੁੰਮਾਂਗੀ। ਇਸੇ ਕਰ ਕੇ ਮੈਂ ਕਦੇ ਮੈਗੀ ਨੂੰ ਵੀ ਬੁੱਲ੍ਹਾਂ ਤੋਂ ਨਹੀਂ ਚੁੰਮਿਆ।” ਉਹਦੇ ਅੱਥਰੂਆਂ ਨਾਲ ਹਿੱਕ ਤੋਂ ਮੇਰੀ ਕਮੀਜ਼ ਨੁੱਚੜ ਚੁੱਕੀ ਸੀ। ਬਿਨਾਂ ਕੁਝ ਹੋਰ ਆਖਿਆਂ ਜਾਂ ਪੁੱਛਿਆਂ ਮੈਂ ਆਪਣੀਆਂ ਬਾਂਹਾਂ ਦਾ ਆਸਰਾ ਦੇ ਕੇ ਉਹਨੂੰ ਕਮਰੇ ਤੱਕ ਲੈ ਆਇਆ ਤੇ ਬਿਨਾਂ ਕੁਝ ਆਖਿਆਂ ਆਪਣੇ ਮੰਜੇ ‘ਤੇ ਜਾ ਲੇਟਿਆ।
ਮਨ ਦੀ ਇਸ ਬੇਚੈਨੀ ਵਿਚ ਰਾਤ ਦਾ ਬਾਕੀ ਹਿੱਸਾ ਉਸਲਵੱਟੇ ਲੈਂਦਿਆਂ ਲੰਘ ਗਿਆ। ਤੜਕੇ ਜਾ ਕੇ ਕਿਤੇ ਅਜੇ ਅੱਖ ਲੱਗੀ ਹੀ ਸੀ ਕਿ ਜੈਲੇ ਨੇ ਆਣ ਬੂਹਾ ਖੜਕਾਇਆ, “ਉਏ ਵੱਡਿਆ ਆਸ਼ਕਾ! ਉਹ ਤੇਰੀ ਕੁਝ ਲੱਗਦੀ ਕਮਲੀ ਰਾਤੋ ਰਾਤ ਪਤਾ ਨਹੀਂ ਕਿੱਥੇ ਚਲੀ ਗਈ। ਮੇਰਾ ਪਿਛਲੇ ਹਫ਼ਤੇ ਦਾ ਕਿਰਾਇਆ ਵੀ ਨਹੀਂ ਦੇ ਕੇ ਗਈ।”